ਸਿਰੇ ’ਤੇ ਗੰਢ-43

ਗੁਫ਼ਤਗੂ

ਟੀਵੀ ਸੀਰੀਅਲ ਬਾਣੀ ਦੀ ਦੇਸ਼ੋ: ਏਕਤਾ ਬੀਪੀ ਸਿੰਘ
ਬਖ਼ਸ਼ਿੰਦਰ
Cell Phone: +91-950-175-9494  Email: bababax@gmail.com

ਸੰਨ 1966 ਦੇ ਮਾਰਚ ਮਹੀਨੇ ਦੀ 15 ਤਾਰੀਖ਼ ਨੂੰ ਖੰਨਾ ਦੇ ਮਾਸਟਰ ਮੁਖਤਿਆਰ ਸਿੰਘ ‘ਅਰਸ਼ੀ’ ਨੂੰ ਲੁਧਿਆਣੇ ਵਿਚ ਉਨ੍ਹਾਂ ਦੇ ਸਹੁਰੇ ਘਰੋਂ ਸੁਨੇਹਾ ਆਇਆ ਕਿ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਹੈ। ਉਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਦੋ ਧੀਆਂ ਸਨ। ਭਾਵੇਂ ਉਨ੍ਹਾਂ ਨੂੰ ਉਸ ਵਾਰ ਆਪਣੇ ਘਰ ਪੁੱਤ ਜੰਮਣ ਦੀ ਆਸ ਵੀ ਸੀ ਤੇ ਇੱਛਾ ਵੀ, ਪਰ ਫਿਰ ਵੀ ਤੀਜੀ ਧੀ ਜੰਮਣ ਦਾ ਉਨ੍ਹਾਂ ਨੂੰ ਭੋਰਾ ਵੀ ਰੰਜ ਨਾ ਹੋਇਆ। ਤੀਜੀ ਵਾਰ ਵੀ ਧੀ ਜੰਮ ਪੈਣ ਨਾਲ਼ ਉਹ ਢਹਿੰਦੀਆਂ ਕਲਾਂ ਵਿਚ ਨਾ ਗਏ ਕਿਉਂ ਕਿ ਉਨ੍ਹਾਂ ਨੂੰ ਗੁੱਝਾ ਜਿਹਾ ਅਹਿਸਾਸ ਸੀ ਕਿ ਇਸ ਜੀਅ ਦੇ ਆਉਣ ਨਾਲ਼ ਉਨ੍ਹਾਂ ਜੀਵਨ ਵਿਚ ਕੋਈ ਸੁਖਾਵੀਂ ਤਬਦੀਲੀ ਲਾਜ਼ਮੀ ਹੋਣੀ ਹੈ। ਜੇ. ਬੀ. ਟੀ. ਅਧਿਆਪਕ ਮੁਖਤਿਆਰ ਸਿੰਘ ਅਰਸ਼ੀ, ਜੋ ਉੱਪਰੋਥਲੀ ਤਿੰਨ ਧੀਆਂ ਦਾ ਬਾਪ ਬਣ ਗਿਆ, ਕੋਈ ਰਜਵਾੜਾ ਜਾਂ ਸਰਦਾ-ਪੁੱਜਦਾ ਬੰਦਾ ਨਹੀਂ ਸੀ, ਪਰ ਫਿਰ ਉਸ ਨੇ ਹੌਸਲਾ ਨਾ ਛੱਡਿਆ। ਇਸ ਤੀਜੀ ਧੀ ਦਾ ਨਾਂ ਅਰਵਿੰਦਰਜੀਤ ਕੌਰ ਰੱਖਿਆ ਗਿਆ। ਅਰਵਿੰਦਰਜੀਤ ਨੇ ਇਸ ਜਹਾਨ ਵਿਚ ਆ ਕੇ, ਆਪਣੇ ਬਾਪ ਦੇ ਘਰ ਨੂੰ ਮਹਿਲ ਦਾ ਰੂਪ ਤਾਂ ਨਹੀਂ ਦਿੱਤਾ, ਪਰ ਉਸ ਤੋਂ ਬਾਅਦ, ਉਸ ਘਰ ਵਿਚ ਦੋ ਪੁੱਤਰਾਂ ਨੇ ਜਨਮ ਲਿਆ। ਇਸ ਦੀ ਵਜ੍ਹਾ ਨਾਲ਼ ਉਸ ਨੂੰ ‘ਸੁਲੱਖਣੀ ਧੀ’ ਸਮਝਿਆ ਜਾਣ ਲੱਗਿਆ।
ਇਹ ਸੁਲੱਖਣੀ ਧੀ, ਪੜ੍ਹਾਈ-ਲਿਖਾਈ ਵਿਚ ਆਪਣੇ ਬਾਪ ’ਤੇ ਗਈ। ਉਸ ਨੇ ਪੜ੍ਹਾਈ ਦੇ ਨਾਲ਼-ਨਾਲ਼ ਖੋ-ਖੋ, ਕਬੱਡੀ, ਬਾਸਕਟ ਬਾਲ ਅਤੇ ਅਥਲੈਟਿਕਸ ਵਿਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ, ਉਹ ਖੰਨਾ ਦੇ ਏ. ਐੱਸ. ਕਾਲਜ ਫਾਰ ਵਿਮਨ ਵਿਚ ਦਾਖਲ ਹੋ ਗਈ। ਉਸ ਨੇ ਐੱਮ. ਏ., ਐੱਮ.-ਫਿਲ., ਪੀ-ਐੱਚ. ਡੀ. ਤਕ ਪੜ੍ਹਾਈ ਕਰਨ ਮਗਰੋਂ ਆਪਣੇ ਬਾਪ ਵਾਂਗ ਹੀ ਅਧਿਆਪਨ ਦਾ ਧੰਦਾ ਅਪਣਾ ਲਿਆ। ਉਹ ਕਈ ਸਾਲ, ਕਈ ਕਾਲਜਾਂ ਵਿਚ ਪੜ੍ਹਾਉਂਦੀ ਰਹੀ। ਉਸ ਨੇ ਚੰਡੀਗੜ੍ਹ ਦੇ ਐੱਸ. ਡੀ. ਕਾਲਜ ਵਿਚ ਵੀ ਅਧਿਆਪਨ ਕੀਤਾ। ਤਦ ਤਕ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਹ ਆਪਣੇ ਨਾਲ਼ ਕਾਲਜ ਵਿਚ ਪੜ੍ਹਾਉਣ ਆਉਂਦੇ ਹੋਰ ਅਧਿਆਪਕਾਂ ਵਰਗੀ ਨਹੀਂ ਹੈ, ਉਸ ਅੰਦਰ ਉਨ੍ਹਾਂ ਨਾਲ਼ੋਂ ਕੁੱਝ ਵੱਖਰਾ ਵੀ ਹੈ। ਇਹ ਵੱਖਰਾ ਗੁਣ 1984 ਵਿਚ, ਉਸ ਸਮੇਂ ਬੇਨਕਾਬ ਹੋਇਆ ਜਦੋਂ ਉਹ ਡਾ. ਆਤਮਜੀਤ ਸਿੰਘ, ਬੀ. ਪੀ. ਸਿੰਘ, ਨੀਲਮ ਮਾਨ ਸਿੰਘ, ਕੇਵਲ ਧਾਲੀਵਾਲ, ਪ੍ਰਵੇਸ਼ ਸੇਠੀ ਅਤੇ ਗੁਰਕੀਰਤਨ ਚੌਹਾਨ ਵਰਗੇ ਰੰਗਕਰਮੀਆਂ ਦੀ ਸੰਗਤ ਵਿਚ ਆਈ। ਫਿਰ ਉਹ ਅਰਵਿੰਦਰਜੀਤ ਤੋਂ ਏਕਤਾ, ਏਕਤਾ ਤੋਂ ਏਕਤਾ ਬੀਪੀ ਸਿੰਘ ਬਣ ਗਈ।
ਪਿਛਲੇ ਦਿਨੀਂ ਜਲੰਧਰ ਵਿਚ, ਏਕਤਾ ਨਾਲ਼ ਲੰਬੀ ਗੁਫ਼ਤਗੂ ਹੋਣ ਦੌਰਾਨ ਉਸ ਦੇ ਇਸ ਸਫ਼ਰ ਦੇ ਬਹੁਤ ਸਾਰੇ ਦਿਲਚਸਪ ਵੇਰਵੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਕੁੱਝ, ਇਸ ਕਾਲਮ ਰਾਹੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ:
ਰੰਗ-ਮੰਚ ਵਿਚ ਦਾਖ਼ਲ ਹੋਣ ਅਤੇ ਮੰਚ ਉੱਤੇ ਚੜ੍ਹਨ ਤਕ ਦਾ ਪਲੇਠਾ ਅਨੁਭਵ ਸਾਂਝਾ ਕਰੋ।
-ਗੁਰਕੀਰਤਨ ਚੌਹਾਨ ਉਨ੍ਹੀਂ ਦਿਨੀਂ ‘ਸਾਵੀ ਧਰਤੀ’ ਨਾਂ ਦਾ ਇਕ ਪਲੇ ਤਿਆਰ ਕਰ ਰਹੇ ਸਨ। ਕਿਸੇ ਕਾਰਨ ਉਨਾਂ ਦੀ ਇਕ ਆਰਟਿਸਟ, ਜੋ ਲੰਬੇ ਸਮੇਂ ਤੋਂ ਰਿਹਰਸਲਜ਼ ਕਰ ਰਹੀ ਸੀ, ਅਚਾਨਕ ਆਉਣੋਂ ਜੁਆਬ ਦੇ ਗਈ। ਸ਼ੋਅ ਕਰਨ ਵਿਚ 7-8 ਦਿਨ ਹੀ ਰਹਿੰਦੇ ਸਨ। ਗੁਰਕੀਰਤਨ ਹੁਰਾਂ ਨੇ ਉਹ ਰੋਲ ਮੈਨੂੰ ਕਰਨ ਲਈ ਕਿਹਾ। ਪਤਾ ਨਹੀਂ ਕਿਸ ਤਰ੍ਹਾਂ, ਮੈਂ ਉਹ ਰੋਲ ਕਰਨਾ ਮੰਨ ਗਈ ਤੇ ਉਨ੍ਹਾਂ 7-8 ਦਿਨਾਂ ਵਿਚ ਹੀ ਮੈਂ ਰੋਲ ਨਿਭਾਉਣ ਲਈ ਤਿਆਰ ਸਾਂ। ਉਹ ਰੋਲ ਇਕ ‘ਭਈਏਆਣੀ’ ਦਾ ਸੀ। ਉਹ ਸ਼ੋਅ ਦੇਖ ਕੇ ਬਹੁਤ ਸਾਰੇ ਦਰਸ਼ਕਾਂ ਨੇ ਇਹ ਸਮਝਿਆ ਸੀ ਕਿ ਮੈਂ ਸੱਚੀਂ ਹੀ ਭਈਏਆਣੀ ਹਾਂ।
ਅਦਾਕਾਰੀ ਕਰਨ ਲਈ ਕੋਈ ਰਸਮੀ ਸਿਖਲਾਈ ਵੀ ਲਈ?
-ਜੀ ਨਹੀਂ। ਬੱਸ ਜੋ ਸਿੱਖਿਆ, ਅਮਲੀ ਰੂਪ ਵਿਚ ਹੀ ਸਿੱਖਿਆ ਹੈ। ਸਿਆਣੇ ਕਹਿੰਦੇ ਹਨ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਿਸ ਕਰ ਕੇ, ਸਿੱਖਣ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ।
ਕਿਹੜੇ-ਕਿਹੜੇ ਨਾਟਕਾਂ ਵਿਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹੋ?
-‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ’, ਸੰਤੋਖ ਸਿੰਘ ਧੀਰ ਦੀ ਕਹਾਣੀ ਦਾ ਨਾਟਯ ਰੂਪਾਂਤਰ ‘ਡੈਣ’, ਇਕ ਅਬਸਰਡ ਨਾਟਕ ਸੀ ‘ਝੱਲਾ ਵੱਲੀ’, ‘ਮਹਾ ਪੰਡਤ ਚਾਰੂਵਾਕ’ ਅਤੇ ‘ਯਰਮਾ’। ਹੋਰ ਵੀ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ, ਜਿਨ੍ਹਾਂ ਦੇ ਨਾਮ ਹੁਣ ਯਾਦ ਨਹੀਂ ਆ ਰਹੇ।
ਰੰਗਮੰਚ ਉੱਤੇ ਕੰਮ-ਕੰਮ ਕਰਦੇ-ਕਰਦੇ, ਟੈਲੀਵਿਯਨ ਅਤੇ ਸਿਨੇਮਾ ਦੇ ਪਰਦਿਆਂ ਵੱਲ ਨੂੰ ਕਿਵੇਂ ਚਲੇ ਗਏ?
-ਮੈਂ ਪਹਿਲਾਂ ਫ਼ਿਲਮਾਂ ਵੱਲ ਗਈ ਤੇ ਫਿਰ ਮੈਂ ਟੈਲੀਵਿਯਨ ਵੱਲ ਗਈ। ਮੇਰੀ ਸਭ ਤੋਂ ਪਹਿਲੀ ਫ਼ਿਲਮ, ਜਿਸ ਵਿਚ ਮੈਂ ਕੰਮ ਕੀਤਾ ‘ਪੁੱਤ ਸਰਦਾਰਾਂ ਦੇ’ ਸੀ। ਉਸ ਫ਼ਿਲਮ ਵਿਚ ਮੈਂ ਹੀਰੋ ਸ਼ਵਿੰਦਰ ਮਾਹਲ ਦੀ ਸੱਸ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਮੈਨੂੰ ਨਿਰਦੇਸ਼ਕ ਇਕਬਾਲ ਚੰਨਾ ਨੇ ਪੰਜਾਬੀ ਫ਼ਿਲਮ ‘ਤੇਰੀਆਂ ਮੁਹੱਬਤਾਂ’ ਵਿਚ ਹੀਰੋ ਅਵਿਨਾਸ਼ ਵਧਾਵਨ ਦੀ ਮਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਇਸ ਫ਼ਿਲਮ ਦੀ ਹੀਰੋਇਨ ਉਪਾਸਨਾ ਸਿੰਘ ਸੀ। ਫਿਰ ਇਕ ਡੋਗਰੀ ਫ਼ਿਲਮ ‘ਪ੍ਰਾਇਸਚਿਤ’ ਵਿਚ ਕੰਮ ਕਰਨ ਲਈ ਸੱਦਾ ਆਇਆ। ਇਸ ਤਰ੍ਹਾਂ ਫ਼ਿਲਮਾਂ ਵਿਚ ਦਾਖ਼ਲਾ ਮਿਲ ਗਿਆ।
ਤੇ ਟੈਲੀਵਿਯਨ ਵੱਲ ਆਉਣ ਕਿਵੇਂ ਹੋਇਆ?
-ਸੁਖਮਿੰਦਰ ਧੰਜਲ ਨੇ ਇਕ ਪੰਜਾਬੀ ਟੀਵੀ ਸੀਰੀਅਲ ‘ਸਰਹੱਦ’ ਬਣਾਇਆ ਸੀ। ਉਸ ਵਿਚ ਕੰਮ ਕੀਤਾ। ਇਸ ਤਰ੍ਹਾਂ ਛੋਟੇ ਪਰਦੇ ਵੱਲ ਆਗ਼ਾਜ਼ ਹੋਇਆ। ਅਸਲ ਵਿਚ ਫ਼ਿਲਮਾਂ ਵਿਚ ਕੰਮ ਕਦੇ-ਕਦਾਈਂ ਹੀ ਮਿਲਦਾ ਹੋਣ ਕਰ ਕੇ, ਮੇਰਾ ਰੁਝਾਨ ਟੈਲੀ ਸੀਰੀਅਲਾਂ ਵੱਲ ਜ਼ਿਆਦਾ ਹੋ ਗਿਆ ਸੀ।
ਅਰਵਿੰਦਰਜੀਤ ਕੌਰ ਤੋਂ ਏਕਤਾ ਤੇ ਫਿਰ ਏਕਤਾ ਤੋਂ ਏਕਤਾ ਬੀਪੀ ਸਿੰਘ ਬਣਨ ਦੀ ਕਹਾਣੀ ਕੀ ਹੈ ਆਖ਼ਰ? ਸੁਣਾਉਣੀ ਚਾਹੋਗੇ?
-ਸੰਨ 2000 ਵਿਚ ਮੁੰਬਈ ਪਹੁੰਚ ਗਈ। 4 ਅਕਤੂਬਰ ਦਾ ਦਿਨ ਸੀ ਸ਼ਾਇਦ। ਮੁੰਬਈ ਪਹੁੰਚ ਗਈ, ਪਰ ਕੰਮ-ਕਾਰ ਕੋਈ ਨਹੀਂ ਸੀ। ਕੰਮ ਦੀ ਤਲਾਸ਼ ਸ਼ੁਰੂ ਕਰਨ ਤੋਂ ਪਹਿਲਾਂ, ਦੋਸਤਾਂ ਨੇ ‘ਪੋਰਟਫੋਲੀਓ’ (ਫੋਟੋ ਸੈਸ਼ਨ) ਕਰਾਉਣ ਦੀ ਸਲਾਹ ਦਿੱਤੀ। ਮੇਰਾ ਪੋਰਟਫੋਲੀਓ ਕੀਤਾ, ਬਹੁਤ ਸਾਰੇ ਫ਼ਿਲਮ ਸਟਾਰਾਂ ਦੇ ਪੋਰਟਫੋਲੀਓ ਕਰਨ ਵਾਲ਼ੇ ਫੋਟੋ ਆਰਟਿਸਟ ਨਾਥ ਗੁਪਤਾ ਨੇ। ਉਹ ਜਦੋਂ ਮੇਰਾ ਨਾਮ ਤੇ ਪਤਾ ਆਪਣੀ ਡਾਇਰੀ ਵਿਚ ਲਿਖਣ ਲਗੇ ਤਾਂ ਮੇਰੇ ਮੂੰਹੋਂ  ‘ਇਕਵਿੰਦਰਜੀਤ ਕੌਰ’ ਸੁਣ ਕੇ ਠਠੰਬਰ ਜਿਹੇ ਗਏ ਤੇ ਲਿਖਣਾ ਛੱਡ ਕੇ ਕਹਿਣ ਲੱਗੇ, “ਯੇਹ ਨਾਮ ਮੇਰੀ ਇਨ ਤਸਵੀਰੋਂ ਕੇ ਸਾਥ ‘ਮੈਚ’ ਨਹੀਂ ਕਰੇਗਾ। ਮੇਰੇ ਹਿਸਾਬ ਸੇ, ਇਨ ਤਸਵੀਰੋਂ ਵਾਲੀ ਕਾ ਨਾਮ ਤੋ ‘ਏਕਤਾ’ ਹੋਨਾ ਚਾਹੀਏ!” ਏਕ ਨੇ ਕਹੀ, ਦੂਸਰੇ ਨੇ ਮਾਨੀ, ਦੋਨੋਂ ਬ੍ਰਹਮ ਗਯਾਨੀ! ਉਸ ਦਿਨ ਤੋਂ ਇਕਵਿੰਦਰਜੀਤ ਕੌਰ, ‘ਏਕਤਾ’ ਹੋ ਗਈ। ਸਗੋਂ ਵਿਆਹ ਹੋ ਚੁੱਕਾ ਹੋਣ ਕਰ ਕੇ, ‘ਏਕਤਾ ਬੀਪੀ ਸਿੰਘ’ ਹੋ ਗਈ। ਇਸ ਤਰ੍ਹਾਂ, ਮੁੰਬਈ ਸ਼ਹਿਰ ਨੇ ਮੈਨੂੰ ਨਵਾਂ ਨਾਂ, ਨਵੀਂ ਪਛਾਣ ਅਤੇ ਨਵੀਂ ਜ਼ਿੰਦਗ਼ੀ ਦੇ ਦਿੱਤੀ।
ਨਵੇਂ ਸ਼ਹਿਰ ਵਿਚ ਨਵੀਂ ਪਛਾਣ ਮਿਲਣ ਮਗਰੋਂ ਕੰਮ ਮਿਲਣ ਦਾ ਸਿਲਸਿਲਾ ਕਦੋਂ ਤੇ ਕਿਵੇਂ ਸ਼ੁਰੂ ਹੋਇਆ?
-ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਮੁਸ਼ਤਾਕ ਪਾਸ਼ਾ ਮੈਨੂੰ ਜਾਣਦੇ ਸਨ ਤੇ ਮੇਰੀ ਮਾੜੀ-ਮੋਟੀ ਪ੍ਰਤਿਭਾ ਦੇ ਵੀ ਵਾਕਫ਼ ਸਨ। ਉਨ੍ਹੀਂ ਦਿਨੀਂ ਨਿਰਦੇਸ਼ਕ ਚਿਤਰਾਰਥ ਸਿੰਘ ‘ਬਲਦੇ ਦਰਿਆ’ ਸਿਰਲੇਖ ਹੇਠ ਇਕ ਟੀਵੀ ਸੀਰੀਅਲ ਬਣਾ ਰਹੇ ਸਨ। ਉਸ ਵਿਚ ਮੈਨੂੰ ਇਕ ਪੁਲੀਸ ਵਾਲ਼ੇ ਦੀ ਬੀਵੀ ਦਾ ਕਿਰਦਾਰ ਦਿੱਤਾ ਗਿਆ। ਫ਼ਿਰ ਆਕਾਸ਼ ਜੀ ਨੇ ‘ਨਿੱਕੀ ਨੂੰਹ’ ਵਿਚ ਨਾਇਕਾ ਦੀ ਸਹੇਲੀ ਵਜੋਂ ਕਾਸਟ ਕੀਤਾ। ਫਿਰ ਹਿੰਦੀ ਸੀਰੀਅਲ ‘ਜੂਨੀਅਰ ਜੀ’ ਵਿਚ ਟੀਚਰ ਦਾ ਕਿਰਦਾਰ ਨਿਭਾਇਆ।
ਇਸ ਦੌਰ ਦੀ ਕੋਈ ਬਹੁਤ ਹੀ ਅੱਲੋਕਾਰੀ ਘਟਨਾ, ਜੋ ਤੁਹਾਨੂੰ ਕਦੇ ਵੀ ਭੁੱਲਦੀ ਨਾ ਹੋਵੇ?
-ਸਾਡੇ ਨਾਲ਼ ‘ਮਿਸਿਜ਼ ਬੱਗਣ’ ਨਾਂ ਦੀ ਇਕ ਸੀਨੀਅਰ ਆਰਟਿਸਟ ਹੁੰਦੀ ਸੀ। ਇਕ ਵਾਰ ਮੈਨੂੰ ਉਸ ਦੀ ਕੁੜਮਣੀ ਦੇ ਕਿਰਦਾਰ ਲਈ ਕਾਸਟ ਕੀਤਾ ਗਿਆ। ਫਿਰ ਇਕ ਵਾਰ ਉਸੇ ਹੀ ‘ਮਿਸਿਜ਼ ਬੱਗਣ’ ਦੀ ਨੂੰਹ ਦੇ ਕਿਰਦਾਰ ਲਈ ਕਾਸਟ ਕੀਤਾ ਗਿਆ ਤਾਂ ਮੈਂ ਆਪਣੇ ਮਨ ਵਿਚ ਕਿਹਾ ਸੀ, “ਲੈ ਬਈ ਮਨਾ ਤੇਰੀ ਉਮਰ ਨੂੰ ਵੀ ਪਿਆ ਮੋੜਾ!” ਬਹੁਤ ਮਾਮੂਲੀ ਜਿਹਾ ਹੋ ਕੇ ਵੀ, ਮੈਨੂੰ ਇਸ ਤਰ੍ਹਾਂ ਹੋਣਾ ਬਹੁਤ ਯਾਦ ਰਹਿੰਦਾ ਹੈ।
ਉਮਰ ਦੀ ਵਾਪਸੀ ਦੇ ਨਾਲ਼-ਨਾਲ਼ ਮਸ਼ਹੂਰੀ ਹੋਣੀ ਕਦੋਂ ਸ਼ੁਰੂ ਹੋਈ?
-ਮੈਂ ‘ਮਰਿਯਾਦਾ-ਏਕ ਦਹਿਲੀਜ਼’ ਨਾਂ ਦੇ ਇਕ ਸੀਰੀਅਲ ਵਿਚ ‘ਵਿਦਿਆ ਕੀ ਮਾਂ’ ਨਾਂ ਦੀ ਇਕ ਹਰਿਆਣਵੀ ਔਰਤ ਦਾ ਕਿਰਦਾਰ ਨਿਭਾਇਆ ਸੀ। ਉਸ ਕਿਰਦਾਰ ਵਿਚ ਮੈਨੂੰ ਦੇਖਣ ਵਾਲ਼ੇ ਇਹ ਸਮਝਣ ਲੱਗ ਪਏ ਸਨ ਕਿ ਮੈਂ ਸੱਚੀਂ ਹੀ ਹਰਿਆਣਵੀ ਔਰਤ ਹਾਂ। ਬਹੁਤ ਸਾਰੇ ਲੋਕ ਇਹ ਪੁੱਛਦੇ ਵੀ ਸੁਣੇ ਗਏ ਸਨ ਕਿ ਕੀ ਵਿਦਿਆ ਤੇ ਉਸ ਦੀ ਮਾਂ ਆਪਸ ਵਿਚ ਸੱਚੀਂ ਮਾਵਾਂ-ਧੀਆਂ ਹਨ। ਉਸ ਕਿਰਦਾਰ ਦੇ ਬਦੌਲਤ ਮੈਨੂੰ ਸਵਾ ਸਾਲ ਲਗਾਤਾਰ ਕੰਮ ਮਿਲਿਆ। ਫਿਰ ਤਾਂ ਇਹ ਹਾਲ ਵੀ ਹੋਇਆ ਕਿ ਮੇਰਾ ਕੰਮ ਦੇਖ ਕੇ ਮੇਰਾ ਰੋਲ ਵਧਾਉਣ ਦੀਆਂ ਫ਼ਰਮਾਇਸ਼ਾਂ ਕੀਤੀਆਂ ਗਈਆਂ। 
ਏਕਤਾ ਜਦੋਂ ਮੇਰੇ ਨਾਲ਼ ਇਹ ਗੁਫ਼ਤਗੂ ਕਰ ਰਹੀ ਤਾਂ ਮੈਂ ਨੋਟ ਕੀਤਾ ਕਿ ਉਸ ਨੇ ਆਪਣੇ ਹੱਥਾਂ ਅਤੇ ਗਲ਼ੇ ਵਿਚ ਇਕ ਨਹੀਂ, ਦੋ ਨਹੀਂ, ਪੂਰੇ 8 ਰਤਨ ਪਾਏ ਹੋਏ ਸਨ। ਉਨ੍ਹਾਂ ਰਤਨਾਂ ਨੂੰ ਦੇਖ ਕੇ ਹੀ ਮੈਂ ਇਹ ਸੁਆਲ ਕੀਤਾ ਸੀ।
ਕੰਮ ਮਿਲਣ ਵਿਚ ਪ੍ਰਤਿਭਾ ਨੂੰ ਹੀ ਜ਼ਾਮਨ ਸਮਝਦੇ ਹੋ ਜਾਂ ਮੁਕੱਦਰ ਅਤੇ ਰੱਬ ਦੀ ਦਯਾ ਨਾਂ ਦੀ ਕੋਈ ਸ਼ੈਅ ਵੀ ਹੈ, ਤੁਹਾਡੀ ਨਜ਼ਰ ਵਿਚ?
-ਬਹੁਤ ਵੱਡੇ-ਵੱਡੇ ਪ੍ਰਤਿਭਾਵਾਨ ਲੋਕ ਬੈਠੇ ਹਨ। ਜੇ ਮੁਕੱਦਰ ਦੀ ਮਿਹਰਬਾਨੀ ਜਾਂ ਰੱਬ ਦੀ ਦਯਾ ਨਾ ਹੋਵੇ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਬੈਠੇ ਹੀ ਰਹਿ ਜਾਂਦੇ ਹਨ। ਅਕਸਰ ਹੀ ਲੋਕ ਕਹਿੰਦੇ ਹਨ ਕਿ ‘ਚਾਂਸ’ ਮਿਲਣ ਦੀ ਗੱਲ ਹੈ। ਇਹ ਬਿਲਕੁਲ ਸਹੀ ਹੈ। ਚਾਂਸ ਉਸੇ ਨੂੰ ਮਿਲਦਾ ਹੈ, ਜਿਸ ਦੇ ਮਕੱਦਰ ਵਿਚ ਚਾਂਸ ਹੁੰਦਾ ਹੈ ਜਾਂ ਜਿਸ ਉੱਤੇ ਰੱਬ ਦੀ ਦਯਾ ਹੁੰਦੀ ਹੈ। ਕਈ ਲੋਕ ਇਹ ਵੀ ਕਹਿੰਦੇ ਹਨ ਕਿ ਨਿਰਾ ਹੀ ਮੁਕੱਦਰ ਜਾਂ ਰੱਬ ਦੇ ਆਸਰੇ ਨਹੀਂ ਬੈਠਿਆ ਜਾ ਸਕਦਾ, ਹੱਥ-ਪੈਰ ਮਾਰਨੇ ਹੀ ਪੈਂਦੇ ਹਨ, ਹੀਲਾ ਕਰਨਾ ਹੀ ਪੈਂਦਾ ਹੈ। ਇਸ ਵਿਚ ਵੀ ਕੋਈ ਝੂਠ ਨਹੀਂ, ਪਰ ਹੱਥ-ਪੈਰ ਵੀ ਉਦੋਂ ਹੀ ਵੱਜਦੇ ਹਨ, ਹੀਲੇ ਵੀ ਉਦੋਂ ਹੀ ਹੁੰਦੇ ਹਨ, ਜਦੋਂ ਰੱਬ ਦੀ ਦਯਾ ਹੁੰਦੀ ਹੈ, ਮੁਕੱਦਰ ਮਿਹਰਬਾਨ ਹੁੰਦਾ ਹੈ। ਸੋ ਮੇਰੇ ਹਿਸਾਬ ਨਾਲ਼ ਤਾਂ ‘ਮੁਕੱਦਰ ਨੰਬਰ ਇਕ’ ਹੈ, ਬਾਕੀ ਸਭ ਕੁੱਝ ਬਾਅਦ!
ਇਨ੍ਹਾਂ ਰਤਨਾਂ ਨੇ ਵੀ ਕੋਈ ਮਦਦ ਕੀਤੀ ਹੈ?
-ਜੀ, ਇਹ ਰਤਨ ਮੇਰੇ ਜਿਸਮ ਨੂੰ ਕਸ਼ਟ ਤੋਂ ਬਚਾਉਣ ਲਈ ਹਨ। ਮੈਨੂੰ ਇਨ੍ਹਾਂ ਦਾ ਕਾਫੀ ਆਸਰਾ ਹੈ।
ਟੈਲੀ ਸੀਰੀਅਲਜ਼ ਨੇ ਤੁਹਾਡਾ ਧਿਆਨ ਫ਼ਿਲਮਾਂ ਵੱਲੋਂ ਹਟਾ ਤਾਂ ਨਹੀਂ ਦਿੱਤਾ?
   -ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਮੁੰਬਈ ਵਰਗੇ ਸ਼ਹਿਰ ਵਿਚ ਮੇਰੇ ਪੈਰ ਟਿਕਣ ਵਿਚ ਟੀਵੀ ਸੀਰੀਅਲਜ਼ ਬਹੁਤ ਸਹਾਈ ਹੋਏ ਹਨ, ਪਰ ਫ਼ਿਲਮ ਨਗਰੀ ਵਿਚ ਰਹਿ ਕੇ ਵੀ ਫ਼ਿਲਮਾਂ ਤੋਂ ਦੂਰ ਰਹਿਣਾ ਕੋਈ ਵਧੀਆ ਗੱਲ ਨਹੀਂ ਸੀ। ਸੋ ਦੋਵੇਂ ਕੰਮ ਬਰੋ-ਬਰਾਬਰ ਚੱਲ ਰਹੇ ਹਨ, ਪਰ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਗ਼ੈਰ। ਹੁਣ ਟੀਵੀ ਸੀਰੀਅਲ ‘ਬਾਣੀ’ ਡੇਢ ਸਾਲ ਚੱਲਿਆ ਹੈ। ਇਸ ਨੇ ਆਪਣੇ ਇਕ ਕਿਰਦਾਰ ‘ਦੇਸ਼ੋ’ ਦੀਆਂ ਗੱਲਾਂ ਘਰ-ਘਰ ਵਿਚ ਛੇੜ ਦਿੱਤੀਆਂ ਹਨ। ਹੁਣ ਮੈਨੂੰ ਵੀ ਲੋਕ ਪਛਾਨਣ ਲੱਗ ਪਏ ਹਨ। ਇਸ ਦੇ ਨਾਲ਼ ਹੀ ਕੁੱਝ ਹਿੰਦੀ ਫ਼ਿਲਮਾਂ ਵੀ ਕੀਤੀਆਂ ਹਨ, ਜਿਨ੍ਹਾਂ ਵਿਚ ‘ਏ ਹਸੀਨਾ ਥੀ’, ‘ਸ਼ੀਨ’, ‘ਕਿੱਡਜ਼ ਨੰਬਰ ਵੰਨ’ ਅਤੇ ‘ਸਾਤ ਉਚੱਕੇ’ ਸ਼ਾਮਲ ਹਨ।
ਅਗਲੀਆਂ ਯੋਜਨਾਵਾਂ ਕੀ ਹਨ?
-ਹੁਣ ਤਕ ਕੋਈ ਯੋਜਨਾ ਨਹੀਂ ਬਣਾਈ ਤਾਂ ਅਗਲੀਆਂ ਯੋਜਨਾਵਾਂ ਕੀ ਹੋਣਗੀਆਂ! ਇਸ ਵੇਲ਼ੇ ਆਪਣੇ ਕੰਮ ਦਾ ‘ਰਿਸਪੌਂਸ’ ਦੇਖ ਕੇ ਇੰਨਾ ਹੀ ਕਹਿ ਸਕਦੀ ਹਾਂ ਕਿ ਜੇ ਇਕ ਸੀਰੀਅਲ ਵਿਚ ਮਿਸਿਜ਼ ਬੱਗਣ ਦੀ ਕੁੜਮਣੀ ਬਣਨ ਤੋਂ ਕੁੱਝ ਸਾਲ ਮਗਰੋਂ ਉਨ੍ਹਾਂ ਦੀ ਨੂੰਹ ਬਣ ਕੇ ਆ ਸਕਦੀ ਹਾਂ ਤਾਂ ਸ਼ਾਇਦ ਉਹ ਦਿਨ ਦੂਰ ਨਹੀਂ, ਜਦੋਂ ਮੇਰੀ ਉਮਰ ਹੋਰ ਮੋੜਾ ਖਾ ਜਾਵੇ ਤੇ ਮੈਨੂੰ ਹੋਰ ਵੀ ਛੋਟੀ ਉਮਰ ਦੇ ਕਿਰਦਾਰਾਂ ਲਈ ਕਾਸਟ ਕਰ ਲਿਆ ਜਾਵੇ।
ਇਹ ਕਹਿੰਦਿਆਂ ਏਕਤਾ ਨੇ ਉਹ ਠਹਾਕਾ ਮਾਰਿਆ, ਜੋ ਉਹੀ ਮਾਰ ਸਕਦੀ ਹੈ। ਇਸ ਅਦਾਕਾਰਾ ਦੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਉਸ ਵੱਲੋਂ ਕੀਤੀ ਜਾਂਦੀ ਕਲਾਤਮਕ ਮੁਸ਼ੱਕਤ ਅਤੇ ਉਸ ਦੀ ਘਾਲਣਾ ਨੂੰ ਦੇਖ ਕੇ ਦੁਆ ਕਰਨੀ ਬਣਦੀ ਹੈ ਕਿ ਉਹ ਕਲਾਤਮਕ ਕਾਮਯਾਬੀ ਦੀਆਂ ਬੁਲੰਦੀਆਂ ਉੱਤੇ ਖੜ੍ਹੀ ਨਜ਼ਰ ਆਵੇ। ਉਸ ਨਾਲ਼ ਸੰਪਰਕ ਇਸ ਸਿਰਨਾਵੇਂ ‘ਤੇ ਕੀਤਾ ਜਾ ਸਕਦਾ ਹੈ: ਏ-504, ਸਾਈਂ ਸ਼ਰਧਾ ਸੀ ਐੱਚ ਐੱਸ ਐੱਲ, ਮਾਲਵਾਨੀ, ਮਹਾਡਾ, ਮਲਾਡ (ਵੈਸਟ), ਮੁੰਬਈ -400095. 
ਸੈੱਲ ਫੋਨ:09167673669. #