ਇਕ ਹੋਰ ਰੱਬ ਸੀਖਾਂ ਪਿੱਛੇ
ਓਵਰਸੀਅਰ ਤਾਂ ਰੱਬ ਬਣ ਸਕਦੈ,
ਰੱਬ ਓਵਰਸੀਅਰ ਨਹੀਂ ਬਣ ਸਕਦਾ
ਬਖ਼ਸ਼ਿੰਦਰ
Cell phone: +91-950-175-9494, Email: bababax@gmail.com
ਜੇ ਇਹ ਮੰਨਣ ਵਿਚ ਕੋਈ ਹਰਜ ਨਹੀਂ ਕਿ ਹਨੂੰਮਾਨ, ਸ੍ਰੀ ਰਾਮ ਚੰਦਰ ਜੀ ਦਾ ਭਗਤ ਸੀ ਤੇ ਉਹ, ਉਨ੍ਹਾਂ ਦੀ ਭਗਤੀ ਕਰਦਿਆਂ ਖ਼ੁਦ ਭਗਤ ਹਨੂੰਮਾਨ ਤੋਂ ਭਗਵਾਨ ਹਨੂੰਮਾਨ ਬਣ ਗਿਆ ਸੀ ਤਾਂ ਇਹ ਮੰਨਣ ਵਿਚ ਵੀ ਕੋਈ ਹਰਜ ਨਹੀਂ ਸਮਝਣਾ ਚਾਹੀਦਾ ਕਿ ਭਗਵਾਨ ਹਨੂੰਮਾਨ ਦੀ ਭਗਤੀ ਕਰਦਿਆਂ ਵੀ ਕੋਈ ਭਗਵਾਨ ਬਣ ਸਕਦਾ ਹੈ। ਰਾਮ ਚੰਦਰ ਦਾ ਭਗਤ ਹਨੂੰਮਾਨ ਤੇ ਹਨੂੰਮਾਨ ਦਾ ਭਗਤ ਰਾਮਪਾਲ! ਰੱਬੀ ਚੱਕਰ ਪੂਰਾ ਹੋਇਆ ਕਿਉਂ ਕਿ ਇਹ ਰੱਬੀ ਚੱਕਰ ਗ਼ਰੀਬ ਨਾ ਸਹੀ, ਅਜੀਬੋ-ਗ਼ਰੀਬ ਲਾਜ਼ਮੀ ਹੁੰਦੇ ਹਨ।
ਇਸ ਦੌਰਾਨ ਇਕ ਬ੍ਰੇਕਿੰਗ ਨਿਊਜ਼:
ਧਾਰਮਕ ਆਗੂ ਰਾਮਪਾਲ ਹਿਰਾਸਤ ਵਿਚ! ਹਰਿਆਣਾ ਪੁਲੀਸ ਨੇ ਰੱਫੜਾਂ ਦੇ ਸ਼ਿਕਾਰ ਧਾਰਮਕ ਆਗੂ ਰਾਮਪਾਲ ਨੂੰ ਦੋ ਦਿਨ ਬਹੁਤ ਹੀ ਤਣਾਅ ਭਰਿਆ ਸੰਘਰਸ਼ ਕਰਨ ਮਗਰੋਂ ਬੁੱਧਵਾਰ (19 ਨਵੰਬਰ) ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਗ਼੍ਰਿਫਤਾਰੀ ਰਾਤੀਂ 9 ਵੱਜ ਕੇ 20 ਮਿੰਟ ’ਤੇ ਜ਼ਿਲਾ ਹਿਸਾਰ ਵਿਚ ਬਰਵਾਲਾ ਦੇ ਬਾਹਰ ਬਣੇ ਹੋਏ ‘ਸਤਲੋਕ ਆਸ਼ਰਮ’ ਵਿਚੋਂ ਕੀਤੀ ਗਈ। ਹਿਰਾਸਤ ਵਿਚ ਲਏ ਜਾਣ ਤੋਂ ਅਗਲੇ ਦਿਨ, ਉਨ੍ਹਾਂ ਦੇ ਸ਼ਰਧਾਲੂਆਂ ਦੇ ਕਹਿਣ ਅਨੁਸਾਰ, ‘ਮਹਾਰਾਜ ਰਾਮਪਾਲ ਜੀ’ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਰਾਮਪਾਲ ਦਾ ਡਾਕਟਰੀ ਮੁਆਇਨਾ ਕਰਾਇਆ ਗਿਆ। ਇਹ ਮੁਆਇਨਾ, ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਮਪਾਲ ਨੂੰ ਪੂਰੀ ਤਰ੍ਹਾਂ ਤੰਦਰੁਸਤ ਕਰਾਰ ਦਿੱਤਾ।
ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਾਮਪਾਲ ਨੂੰ ਅਗਲੀ ਪੇਸ਼ੀ ਯਾਨੀ 28 ਨਵੰਬਰ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਅਤੇ ਸੰਨ 2006 ਦੇ ਇਕ ਕਤਲ ਕੇਸ ਦੇ ਸਬੰਧ ਵਿਚ ਕੀਤੀ ਹੋਈ, ਰਾਮਪਾਲ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਅਦਾਲਤ ਨੇ ਇਸ ਕੇਸ ਦੇ ਸਬੰਧ ਵਿਚ ਵੀ ਉਸ ਨੂੰ ਉਸੇ ਵੇਲ਼ੇ ਹਿਰਾਸਤ ਵਿਚ ਲੈਣ ਦਾ ਹੁਕਮ ਜਾਰੀ ਕਰ ਦਿੱਤਾ। ਇਹ ਹੁਕਮ ਅਦਾਲਤ ਨੇ ਉਸ ਦਰਖ਼ਾਸਤ ਦੀ ਸੁਣਵਾਈ ਕਰਦਿਆਂ ਜਾਰੀ ਕੀਤਾ, ਜੋ ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਥਾਣਾ ਬਰਵਾਲਾ ਦੇ ਸਟੇਸ਼ਨ ਹਾਊਸ ਅਫ਼ਸਰ (ਐੱਸ. ਐੱਚ. ਓ.) ਵਲੋਂ ਸਾਂਝੇ ਤੌਰ ’ਤੇ ਦਿੱਤੀ ਹੋਈ ਸੀ ਤੇ ਜਿਸ ਵਿਚ ਕਿਹਾ ਹੋਇਆ ਸੀ ਕਿ ਰਾਮਪਾਲ ਨੂੰ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਅਧੀਨ ਹੀ ਹਿਰਾਸਤ ਵਿਚ ਲਿਆ ਹੋਇਆ ਹੈ ਜਦੋਂ ਕਿ ਇਕ ਕਤਲ ਦੇ ਸਬੰਧ ਵਿਚ ਉਸ ਨੂੰ ਜ਼ਮਾਨਤ ਉੱਤੇ ਛੱਡਿਆ ਹੋਇਆ ਹੈ।
10 ਨਵੰਬਰ ਨੂੰ ਜਦੋਂ ਰਾਮਪਾਲ, ਅਦਾਲਤ ਦੀ ਬੇਅਦਬੀ ਸਬੰਧੀ ਇਕ ਕੇਸ ਦੇ ਸਬੰਧ ਵਿਚ ਅਦਾਲਤ ਵਿਚ ਪੇਸ਼ ਨਾ ਹੋਇਆ ਤਾਂ ਅਦਾਲਤ ਨੇ ਆਪਣੇ-ਆਪ ਹੀ ਉਸ ਦੀ ਜ਼ਮਾਨਤ ਰੱਦ ਕਰਨ ਦਾ ਮੁੱਦਾ ਵਿਚਾਰ ਗੋਚਰੇ ਕਰ ਲਿਆ ਸੀ। ਫਿਰ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਇਸ ਸਬੰਧ ਵਿਚ ਆਪਣਾ ਫੈਸਲਾ ਰੋਕ ਲਿਆ ਸੀ।
ਇਸ ਦੌਰਾਨ 20 ਨਵੰਬਰ ਨੂੰ ਡਾਕਟਰੀ ਮੁਆਇਨੇ ਤੋਂ ਮਗਰੋਂ ਪੱਤਰਕਾਰਾਂ ਨਾਲ਼ ਗੱਲਾਂ ਕਰਦਿਆਂ ਰਾਮਪਾਲ ਨੇ ਆਪਣੇ ਖ਼ਿਲਾਫ਼ ਲਾਏ ਹੋਏ ਉਹ ਸਾਰੇ ਦੋਸ਼ ਨਕਾਰ ਸੁੱਟੇ, ਜਿਨ੍ਹਾਂ ਵਿਚ ਕਿਹਾ ਹੋਇਆ ਹੈ ਕਿ ਉਸ ਨੇ ਪੁਲੀਸ ਦੀ ਕਾਰਵਾਈ ਤੋਂ ਬਚਣ ਲਈ ਆਪਣੇ ਹਜ਼ਾਰਾਂ ਪੈਰੋਕਾਰਾਂ ਨੂੰ ਬਰਵਾਲਾ ਵਿਖੇ ਆਪਣੇ ਆਸ਼ਰਮ ਵਿਚ ਬੰਦੀ ਬਣਾ ਕੇ ਰੱਖਣ ਦਾ ਹੁਕਮ ਦਿੱਤਾ ਹੋਇਆ ਸੀ। ਉਸ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ, ਦੋ ਹਫਤੇ ਪੁਲੀਸ ਅਤੇ ਉਸ ਦੇ ਹਮਾਇਤੀਆਂ ਵਿਚਾਲ਼ੇ ਰੇੜਕਾ ਪਿਆ ਰਿਹਾ। ਉਸ ਦੇ ਹਮਾਇਤੀ ਅਤੇ ਪੈਰੋਕਾਰ ਨਹੀਂ ਚਾਹੁੰਦੇ ਸਨ ਕਿ ਪੁਲੀਸ ਉਸ ਨੂੰ ਹੱਥ ਪਾਵੇ। ਦੂਜੇ ਪਾਸੇ, ਅਦਾਲਤ ਦੀ ਮਾਣਹਾਨੀ ਦੇ ਇਕ ਮਾਮਲੇ ਵਿਚ ਅਦਾਲਤ ਨੇ ਰਾਮਪਾਲ ਦੇ ਖ਼ਿਲਾਫ਼ ਗ਼ੈਰਜ਼ਮਾਨਤੀ ਵਾਰੰਟ ਕੱਢੇ ਹੋਏ ਸਨ। ਉਸ ਨੂੰ ਪੇਸ਼ ਕਰਨ ਵੇਲ਼ੇ ਹਾਈ ਕੋਰਟ ਅੱਗੇ ਵੀ ਬਹੁਤ ਸਾਰੀ ਸੁਰੱਖਿਆ ਨਫ਼ਰੀ ਤਾਇਨਾਤ ਕੀਤੀ ਹੋਈ ਸੀ ਕਿਉਂ ਕਿ ਉਸ ਦੇ ‘ਸ਼ਰਧਾਲੂਆਂ’ ਵੱਲੋਂ ਕੋਈ ਵੀ ‘ਮਾੜੀ ਹਰਕਤ’ ਕੀਤੇ ਜਾਣ ਦੇ ਆਸਾਰ ਸਨ।
ਸੰਨ 2006 ਵਿਚ ਹਰਿਆਣਾ ਦੇ ਜ਼ਿਲਾ ਰੋਹਤਕ ਵਿਚ ਕੈਂਥੋਲਾ ਦੇ ਆਸ਼ਰਮ ਵਿਚ ਇਕ ਕਤਲ ਹੋਣ ਸਬੰਧੀ ਇਕ ਕੇਸ ਵਿਚ ਰਾਮਪਾਲ ਦੀ ਜ਼ਮਾਨਤ ਹੋ ਗਈ ਸੀ। ਇਸ ਤੋਂ ਮਗਰੋਂ ਅਦਾਲਤ ਨੇ ਰਾਮਪਾਲ ਨੂੰ ਹੁਕਮ ਦਿੱਤੇ ਸਨ ਕਿ ਉਹ 5 ਨਵੰਬਰ, 10 ਨਵੰਬਰ ਅਤੇ 17 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਵੇ, ਪਰ ਰਾਮਪਾਲ ਨੇ ਆਪਣੀ ‘ਦੈਵੀ ਤਾਕਤ’ ਨਾਲ਼ ਅਦਾਲਤ ਦੇ ਇਹ ਹੁਕਮ ਕੰਨਾਂ ਮੁੱਢ ਮਾਰ ਛੱਡੇ ਸਨ ਤੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ। ਫੇਰ ਅਦਾਲਤ ਨੇ ਗ਼ੈਰਜ਼ਮਾਨਤੀ ਵਾਰੰਟ ਕੱਢ ਕੇ ਉਸ ਨੂੰ 21 ਨਵੰਬਰ ਨੂੰ ਤਲਬ ਕੀਤਾ ਸੀ। ਉਸ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਦੇ ਸਬੰਧ ਵਿਚ ਉਸ ਦਾ ਵਕੀਲ ‘ਉਹ ਠੀਕ ਨਹੀਂ-ਉਹ ਠੀਕ ਨਹੀਂ’ ਦੇ ਨਾਅਰੇ ਮਾਰਦਾ ਰਿਹਾ ਸੀ। ਪਤਾ ਲੱਗਿਆ ਹੈ ਕਿ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਦੇ ਨਾਲ਼-ਨਾਲ਼, ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਰਾਮਪਾਲ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਕੀਤੇ ਹੋਏ ਸੁਰੱਖਿਆ ਪ੍ਰਬੰਧਾਂ ਉੱਤੇ ਆਏ ਖ਼ਰਚੇ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕਰਨ।
ਇਹ ਸਤਰਾਂ ਲਿਖੀਆਂ ਜਾਣ ਤਕ ਖ਼ਬਰਾਂ ਆ ਗਈਆਂ ਸਨ ਕਿ ਪੁਲੀਸ ਦੀ ਖ਼ਾਸ ਜਾਂਚ ਟੀਮ ਨੇ ਰਾਮਪਾਲ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਦ ਤਕ ਪੁਲੀਸ ਦੀ ਟੀਮ ਉਸ ਤੋਂ ਮੁੱਦੇ ਦੀ ਕਹਾਣੀ ਜਾਂ ਕਹਾਣੀ ਦਾ ਮੁੱਦਾ ਕਢਾਉਂਦੀ ਹੈ, ਆਪਾਂ ਰਾਮਪਾਲ ਦਾ ਖੁਰਾ ਨੱਪਦੇ ਹਾਂ। ਸੰਨ 2006 ਤੋਂ ਰਾਮਪਾਲ ਅਤੇ ਉਸ ਦੇ ਹਮਾਇਤੀਆਂ ਤੇ ਆਰੀਆ ਸਮਾਜੀਆਂ ਵਿਚਾਲ਼ੇ ਤਿੱਖਾ ਟਕਰਾਅ ਅਤੇ ਵੈਰ-ਵਿਰੋਧ ਚਲਿਆ ਆਉਂਦਾ ਹੈ। ਦੋਹਾਂ ਧਿਰਾਂ ਵਿਚਾਲੇ ਹੋਈਆਂ ਝੜਪਾਂ ਦੌਰਾਨ 5 ਬੰਦੇ ਵੀ ਮਾਰੇ ਜਾ ਚੁੱਕੇ ਹਨ। ਕਹਿੰਦੇ ਹਨ ਕਿ ਰਾਮਪਾਲ ਦਲਿਤਾਂ ਨੂੰ ਬਾਹਮਣਾਂ ਵਾਲ਼ੇ ਕਰਮ-ਕਾਂਡਾਂ ਤੋਂ ਰੋਕਦਾ ਸੀ ਤੇ ਆਰੀਆ ਸਮਾਜੀਆਂ ਨੂੰ ਇਹ ਗੱਲ ਪਚਦੀ ਨਹੀਂ ਸੀ। ਹਰਿਆਣਾ ਵਿਚ ਕਾਂਗਰਸ ਦੇ ਰਾਜ ਦੌਰਾਨ ‘ਮਹਾਰਾਜ ਰਾਮਪਾਲ- ਮਹਾਰਾਜ ਰਾਮਪਾਲ’ ਹੁੰਦੀ ਰਹੀ ਹੈ, ਪਰ ਹੁਣ ਰਾਜ ਕਰਨ ਦੀ ਵਾਰੀ, ਆਰੀਆ ਸਮਾਜੀਆਂ ਦੇ ਹਮਾਇਤੀਆਂ ਦੀ ਹੈ, ਜਿਸ ਕਰ ਕੇ ਇਹ ਸਰਕਾਰ ਹੀ ਰਾਮਪਾਲ ਨਾਲ਼ ‘ਵਾਰੰਟੋ-ਵਾਰੰਟੀ’ ਖੇਡ ਰਹੀ ਹੈ। ਰਾਮਪਾਲ ਨੇ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਪੱਠੇ ਨਹੀਂ ਪਾਏ ਸਨ, ਜਿਸ ਕਰ ਕੇ ਉਹ ਤਾਂ ਪਹਿਲਾਂ ਹੀ ‘ਭਗਵੇਂ ਬ੍ਰਿਗੇਡ’ ਦੀਆਂ ਅੱਖਾਂ ਵਿਚ ਰੜਕਦਾ ਸੀ। ਫੇਰ ਅਦਾਲਤ ਵਿਚ ਪੇਸ਼ ਨਾ ਹੋਣ ਨੇ ਤਾਂ ਬਲ਼ਦੀ ਉੱਤੇ ਤੇਲ ਪੈਣ ਵਰਗਾ ਅਸਰ ਪਾਇਆ।
ਬੜੀ ਸਪੱਸ਼ਟ ਜਿਹੀ ਗੱਲ ਹੈ ਕਿ ਰੱਬ ਓਵਰਸੀਅਰ ਨਹੀਂ ਬਣ ਸਕਦਾ, ਪਰ ਕੋਈ ਓਵਰਸੀਅਰ ਤਾਂ ਰੱਬ ਬਣ ਹੀ ਚੁੱਕਾ ਹੈ। ਓਵਰਸੀਅਰ ਨੂੰ ਰੱਬ ਬਣ ਕੇ ਆਪਣੀ ਓਵਰਸੀਅਰੀ ਮੁਹਾਰਤ ਭੁਲਾਉਣੀ ਨਹੀਂ ਚਾਹੀਦੀ। ਉਸ ਨੂੰ ਇਹ ਇਲਮ ਹੋਣਾ ਚਾਹੀਦਾ ਹੈ ਕਿ ‘ਓਵਰਸੀਅਰੀ’ ਛੱਡ ਕੇ ਦੁਕਾਨ ਭਾਵੇਂ ‘ਰੱਬਗਿਰੀ’ ਦੀ ਹੀ ਖੋਲ੍ਹਣੀ ਹੋਵੇ, ਥਾਣੇਦਾਰ ਨਾਲ਼ ਸਬੰਧ ‘ਤਿੰਨ-ਇਕ ਦੇ’ ਹੀ ਰੱਖਣੇ ਪੈਣਗੇ। ਰਾਮਪਾਲ ਨੇ ‘ਰੱਬਗਿਰੀ’ ਕੀ ਸੰਭਾਲੀ, ‘ਓਵਰਸੀਅਰੀ’ ਨੂੰ ਲੱਤ ਹੀ ਮਾਰ ਦਿੱਤੀ, ਜਿਸ ਦੀ ਵਜ੍ਹਾ ਨਾਲ਼ ਉਹ ਮਾਰ ਖਾ ਗਿਆ। ਇਹ ਗੱਲ ਬਹੁਤ ਸਾਰੇ ਸਿਆਣਿਆਂ ਦੇ ਮੂੰਹੋਂ ਨਿੱਕਲੀ ਹੋਈ ਹੈ। ਸੋ ਰੱਬ ਬਣ ਕੇ ਵੀ ਓਵਰਸੀਅਰ ਨੂੰ ਆਪਣੇ ਸੰਦਾਂ ਨੂੰ ਜੰਗਾਲ ਨਹੀਂ ਲੱਗਣ ਦੇਣਾ ਚਾਹੀਦਾ।
ਸਮਝਣ ਜੋਗੀ ਗੱਲ ਇਹ ਵੀ ਹੈ ਕਿ ਕੇਸ ਤਾਂ ‘ਸਿਰਸਾ ਵਾਲ਼ੇ ਰੱਬ’ ਦੇ ਖ਼ਿਲਾਫ਼ ਵੀ ਚਲਦੇ ਹਨ ਤੇ ਹਨ ਵੀ ਕਿਤੇ ਵੱਧ ਸੰਗੀਨ, ਪਰ ਉਸ ਦੇ ਡੇਰੇ ਭਾਰਤੀ ਜਨਤਾ ਪਾਰਟੀ ਸਿਰ ਨਿਵਾਉਂਦੀ ਹੈ, ਮੱਥਾ ਟੇਕਦੀ ਹੈ ਕਿਉਂ ਕਿ ‘ਰਾਮ ਰਹੀਮ’ ਨੇ ਆਪਣੀ ‘ਅਸਲ ਕਾਰੀਗਰੀ’ ਦੇ ਦੰਦ ਖੁੰਢੇ ਨਹੀਂ ਹੋਣ ਦਿੱਤੇ। ਉਸ ਨੂੰ ਪਤਾ ਹੈ ਕਿ ਪੰਜਾਬ ਵਿਚ ਬਾਦਲਾਂ ਦਾ ਕਿਲਾ ਤਹਿਸ-ਨਹਿਸ ਕਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਉਸ ਦੀ ਤੇ ਉਸ ਦੇ ਪੈਰੋਕਾਰਾਂ ਦੀ ਲੋੜ ਪੈਣੀ ਹੈ। ਰਾਮਪਾਲ ਹੁਣ ਉਹ ਕਾਰਤੂਸ ਬਣ ਚੁੱਕਾ ਹੈ, ਜੋ ਇਸ ਪੱਖੋਂ ‘ਚੱਲ ਹੀ ਚੁੱਕਾ’ ਹੈ, ਜਿਸ ਕਰ ਕੇ ਹੁਣ ਉਸ ਨੂੰ ਹੱਥ ਪਾਉਣਾ ਤੇ ਸਬਕ ਸਿਖਾਉਣਾ ਸੌਖਾ ਹੀ ਸੀ।
ਓਦਾਂ ਇਹ ਰਾਮਪਾਲ ਸ਼ੈਅ ਕੀ ਹੈ? ਇਹ ਸੁਆਲ ਸਭ ਨੂੰ ਸਤਾਉਂਦਾ ਹੋਵੇਗਾ, ਇਸ ਲਈ ਹੋਰ ਕੁੱਝ ਕਰਨ ਤੋਂ ਪਹਿਲਾਂ, ਇਸ ਦਾ ਯੱਭ ਵੀ ਮੁਕਾ ਹੀ ਦੇਈਏ। 63 ਸਾਲਾਂ ਦਾ ਇਹ ਬੰਦਾ ਇਕ ਕਿਸਾਨ ਪਰਿਵਾਰ ਦਾ ਜੰਮ-ਪਲ ਹੈ। ਉਸ ਦਾ ਜਨਮ 8 ਸਤੰਬਰ, 1951 ਨੂੰ ਹਰਿਆਣਾ ਦੇ ਜ਼ਿਲਾ ਸੋਨੀਪਤ ਦੇ ਪਿੰਡ ਧੰਨਾ ਵਿਚ ਨੰਦ ਲਾਲ ਅਤੇ ਇੰਦਰਾ ਦੇਵੀ ਦੇ ਘਰ ਹੋਇਆ ਸੀ। ਉਸ ਨੇ ਪਰਿਵਾਰ ਦੀ ਅਨਪੜ੍ਹਤਾ ਦੀ ਲੀਹ ਤੋੜ ਕੇ ਇੰਡੱਸਟਰੀਅਲ ਟਰੇਨਿੰਗ ਇੰਸਟੀਚਿਊਟ (ਆਈ. ਟੀ. ਆਈ.) ਨੀਲੋਖੇੜੀ, ਕਰਨਾਲ ਤੋਂ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਸੀ।
ਹਰਿਆਣਾ ਦੇ ਸਿੰਜਾਈ ਵਿਭਾਗ ਵਿਚੋਂ ਇਕ ਜੂਨੀਅਰ ਇੰਜੀਨੀਅਰ (ਓਵਰਸੀਅਰ) ਵਜੋਂ ਅਸਤੀਫ਼ਾ ਦੇ ਕੇ ‘ਰੱਬ ਬਣਨ ਦੇ ਰਾਹ ਪਏ’ ਰਾਮਪਾਲ ਦਾ ਕਾਗ਼ਜ਼ੀ ਨਾਂ ‘ਰਾਮਪਾਲ ਸਿੰਘ ਜਤਿਨ’ ਹੈ। ਉਸ ਵੱਲੋਂ 21 ਮਈ, 1995 ਨੂੰ ਆਪਣੀ ਸੇਵਾ ਤੋਂ ਦਿੱਤਾ ਹੋਇਆ ਅਸਤੀਫ਼ਾ, 2000 ਵਿਚ 16 ਮਈ ਨੂੰ ਪ੍ਰਵਾਨ ਕੀਤਾ ਗਿਆ ਸੀ। ਪੁਲੀਸ ਵੱਲੋਂ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ‘ਸੰਤ ਰਾਮਪਾਲ’ ਨੇ ਮਸ਼ਹੂਰੀ ਅਤੇ ਬਦਨਾਮੀ ਦੋਹਾਂ ਦੀਆਂ ਕਈ ਪੌੜੀਆਂ ਚੜ੍ਹ-ਦੇਖੀਆਂ ਹੋਈਆਂ ਹਨ।
ਆਪਣੇ ਪੈਰੋਕਾਰਾਂ ਵਿਚ ‘ਮਹਾਰਾਜ ਰਾਮਪਾਲ’ ਸਦਾਉਂਦਾ ਇਹ ਬੰਦਾ ਕਿਸੇ ਜ਼ਮਾਨੇ ਵਿਚ ‘ਭਗਵਾਨ ਹਨੂੰਮਾਨ’ ਦਾ ਬਹੁਤ ਸ਼ਰਧਾਲੂ ਭਗਤ ਸੀ ਅਤੇ ਫਿਰ ਉਸ ਨੇ ਆਪਣੀ ਸ਼ਰਧਾ ‘ਭਗਵਾਨ ਕ੍ਰਿਸ਼ਨ’ ਵੱਲ ਮੋੜ ਲਈ। ਉਸ ਨੇ ਇਨ੍ਹਾਂ ਦੋਹਾਂ ਭਗਵਾਨਾਂ ਦੀ ‘ਭਗਤੀ’ ਪੂਰੇ 25 ਸਾਲ ਕੀਤੀ। ਕਹਿੰਦੇ ਨੇ 25 ਸਾਲ ਦੋ ਭਗਵਾਨਾਂ ਨਾਲ਼ ‘ਮੱਥਾ ਮਾਰਨ’ ਦੇ ਬਾਵਜੂਦ ਰਾਮਪਾਲ ਨੂੰ ‘ਮਾਇਆ ਮਿਲੀ ਨਾ ਰਾਮ’। ਫਿਰ ਉਸ ਦੀ ਜ਼ਿੰਦਗ਼ੀ ਵਿਚ ਉਸ ਵੇਲ਼ੇ ਬਹੁਤ ਵੱਡੀ ਤਬਦੀਲੀ ਆਈ, ਜਦੋਂ ਉਹ ਸੰਤ ਕਬੀਰ ਦੇ ਚੇਲੇ ਦੱਸੇ ਜਾਂਦੇ, ਸੁਆਮੀ ਰਾਮਦੇਵਾਨੰਦ ਦੇ ਸੰਪਰਕ ਵਿਚ ਆਇਆ। ਫਿਰ ਰਾਮਪਾਲ ਨੇ ਸੁਆਮੀ ਰਾਮਦੇਵਾਨੰਦ ਤੋਂ ‘ਨਾਮ-ਦਾਨ’ ਲੈ ਲਿਆ। ਕਿਹਾ ਜਾਂਦਾ ਹੈ ਕਿ 1994 ਵਿਚ ਸੁਆਮੀ ਰਾਮਦੇਵਾਨੰਦ ਨੇ ਉਸ ਨੂੰ, ਹੋਰ ਲੋਕਾਂ ਨੂੰ ਨਾਮ-ਦਾਨ ਦੇਣ ਦਾ ਹੱਕ ‘ਬਖ਼ਸ਼’ ਦਿੱਤਾ। ਇਸ ਦੇ ਨਾਲ਼ ਹੀ 1995 ਵਿਚ ਰਾਮਪਾਲ ਨੇ ਹਰਿਆਣਾ ਦੇ ਸਿੰਜਾਈ ਵਿਭਾਗ ਦੀ ਓਵਰਸੀਅਰੀ ਛੱਡ ਦਿੱਤੀ। ‘ਰੱਬ ਦੇ ਬੰਦੇ’ ਤੋਂ ‘ਖ਼ੁਦ ਰੱਬ’ ਬਣਨ ਦਾ ਉਸ ਦਾ ਸਫ਼ਰ, ਰੋਹਤਕ ਤੋਂ 15 ਕਿਲੋ ਮੀਟਰ ਦੇ ਫਾਸਲੇ ਉੱਤੇ ਸਥਿਤ ਪਿੰਡ ਕਰੌਂਥਾ ਵਿਚ ਚਾਰ ਏਕੜ ਜ਼ਮੀਨ ਦੇ ਇਕ ਟੱਕ ਤੋਂ ਸ਼ੁਰੂ ਹੋਇਆ। ਰੱਬ ਦਾ ਇਹ ‘ਕਮਾਲ ਦਾ ਬੰਦਾ’ ਕਤਲ ਦੇ ਇਕ ਕੇਸ ਵਿਚ ਡੇਢ ਸਾਲ ਪਹਿਲਾਂ ਵੀ ਸੀਖਾਂ ਪਿੱਛੇ ਰਹਿ ਚੁੱਕਾ ਹੈ। ਪਹਿਲਾਂ-ਪਹਿਲਾਂ, ਇਸ ਦੀ ‘ਦਾਦਾਗਿਰੀ’ ਦੇ ਕਿੱਸਿਆਂ ਦੀ ਵਜ੍ਹਾ ਨਾਲ਼ ਇਸ ਦੀ ‘ਰੱਬਗਿਰੀ’ ਬਹੁਤੀ ਚਮਕੀ ਨਹੀਂ ਸੀ।
ਉਸ ਦੀ ਵੈੱਬਸਾਈਟ ‘ਜਗਤਗੁਰੂਰਾਮਪਾਲਜੀ.ਔਰਗ’ ਵਿਚ ਦਰਜ ਕੀਤੇ ਗਏ ਉਸ ਦੇ ਜੀਵਨ-ਵੇਰਵੇ ਮੁਤਾਬਕ, ਉਸ ਦੀ ‘ਰੱਬਗਿਰੀ’ ਦਾ ਸਿੱਕਾ ਚੱਲਣ ਤੋਂ ਪਹਿਲਾਂ, ਉਸ ਨੇ ਭਜਨ ਗਾਇਕ ਦੇ ਤੌਰ ’ਤੇ ਹਰਿਆਣਾ ਦਾ ‘ਭਰਮਣ’ ਕੀਤਾ ਸੀ ਤੇ ਫਿਰ 1999 ਵਿਚ ਆਪਣੇ ‘ਸਤਲੋਕ ਆਸ਼ਰਮ’ ਦੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਰਾਮਪਾਲ, ਉਸ ਦੀ ਪਤਨੀ ਅਤੇ ਦੋ ਪੁੱਤਰ, ਰੋਹਤਕ ਦੇ ਸ਼ਾਸਤਰੀ ਨਗਰ ਵਿਚ ਰਹਿੰਦੇ ਹੁੰਦੇ ਸਨ। ਉਸ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਆਪਣੇ ਘਰੀਂ ਵਸਦੀਆਂ-ਰਸਦੀਆਂ ਹਨ। ਉਸ ਦੇ ਪੈਰੋਕਾਰ ਦੱਸਦੇ ਹਨ ਕਿ ਉਹ ‘ਰੱਬਤਾ’ ਬਾਰੇ ਪੁਰਾਣੇ ਸਥਾਪਤ ਵਿਸ਼ਵਾਸਾਂ ਦੀ ਮਿੱਟੀ ਬਹੁਤ ਹੀ ਢੰਗ ਨਾਲ਼ ਪੁੱਟਦਾ ਹੈ। ਉਹ, ਹਿੰਦੂ ਦੇਵੀ-ਦੇਵਤਿਆਂ ਦੇ ਆਦਿ ਅਤੇ ਜੜ੍ਹਾਂ ਵਿਚ ਬੈਠਣ ਦੀ ਹੱਦ ਤਕ ਜਾਂਦਾ ਹੈ ਅਤੇ ਹਿੰਦੂ ਗ੍ਰੰਥਾਂ ਦੀਆਂ ਟੂਕਾਂ ਦੀ ਬਹੁਤ ਹੀ ਮਕਬੂਲ ਹੋ ਚੁੱਕੀ ਤਰਜਮਾਨੀ ਦੀ ਨੁਕਤਾਚੀਨੀ ਕਰਨ ਲਈ ਬਦਨਾਮੀ ਦੀ ਹੱਦ ਤਕ ਮਸ਼ਹੂਰ ਹੈ। ਇਸ ਦੇ ਨਾਲ਼ ਹੀ ਉਹ, ਸੰਤ ਕਬੀਰ ਨੂੰ ‘ਪਰਮ ਆਤਮਾ’ ਯਾਨੀ ‘ਪਰਮਾਤਮਾ’ ਯਾਨੀ ‘ਸਰਬ-ਸ਼ਕਤੀਸ਼ਾਲੀ ਰੱਬ’ ਮੰਨਦਾ ਹੈ।
ਉਸ ਦੇ ਪ੍ਰਵਚਨ ਸੁਣ ਚੁੱਕੇ ਲੋਕ ਦੱਸਦੇ ਹਨ ਕਿ ਉਸ ਦੇ ਵਿਖਿਆਨਾਂ ਵਿਚ ਉਸ ਦੀ ਭਾਸ਼ਾ ਤੇ ਸ਼ਬਦਾਵਲੀ ਬਹੁਤ ਹੀ ਹਮਲਾਵਰ ਅਤੇ ਸਖ਼ਤ ਹੁੰਦੀ ਹੈ ਤੇ ਉਹ ਅਕਸਰ ਇਹ ਦਾਅਵਾ ਕਰਦਾ ਰਹਿੰਦਾ ਹੈ ਕਿ ਗੁਰੂ-ਪੀਰ ਅਤੇ ਸੰਤ ਆਪਣੇ ਪੈਰੋਕਾਰਾਂ ਨੂੰ ‘ਅਸਲੀ ਸੱਚ’ ਤੋਂ ਦੂਰ ਰੱਖਦੇ ਰਹੇ ਹਨ। ਉਸ ਦੀ ਇਸ ਦਲੀਲ ਦੀ ਵਜ੍ਹਾ ਨਾਲ਼, ਹੋਰ ਧਰਮਾਂ ਤੇ ਮੱਤਾਂ ਨੂੰ ਮੰਨਣ ਵਾਲ਼ੇ ਵੀ ਉਸ ਦੇ ਪ੍ਰਵਚਨ ਸੁਣਨ ਚਲੇ ਜਾਂਦੇ ਹਨ। ਉਸ ਦੀ ਵੈੱਬਸਾਈਟ ਮੁਤਾਬਕ ਉਸ ਦਾ ਇਹ ਕਹਿਣ ਹੈ, “ਜੀਣਾ-ਜਾਗਣਾ ਸਾਡੀ ਜਾਤੀ ਹੈ, ਮਨੁੱਖਤਾ ਸਾਡਾ ਧਰਮ ਹੈ, ਹਿੰਦੂ, ਮੁਸਲਮਾਨ, ਸਿੱਖ, ਇਸਾਈ ਕੋਈ ਵੱਖਰੇ ਧਰਮ ਨਹੀਂ ਹਨ।”
ਸਭ ਕੁੱਝ ਠੀਕ-ਠਾਕ ਚੱਲ ਰਿਹਾ ਸੀ ਕਿ ਇਸ ‘ਰੱਬ’ ਦੇ ਮਾੜੇ ਦਿਨ ਆ ਗਏ ਕਿਉਂ ਕਿ ਉਹ 2000 ਤੋਂ 2005 ਤਕ ਆਪਣੇ ਪ੍ਰਵਚਨਾਂ ਰਾਹੀਂ ਬਹੁਤ ਸਾਰੇ ਰੱਫੜਾਂ ਨੂੰ ਜਨਮ ਦੇ ਚੁੱਕਾ ਸੀ। ਸੰਨ 2006 ਵਿਚ ਆਰੀਆ ਸਮਾਜੀਆਂ ਨੇ ਉਸ ਵਲੋਂ ਕੀਤੀ ਜਾਂਦੀ, ਵੈਦਿਕ ਰਵਾਇਤਾਂ ਦੀ ਵਿਆਖਿਆ ਉੱਤੇ ਇਤਰਾਜ਼ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਰਾਮਪਾਲ ਨੇ ਆਪਣੇ ਵਿਖਿਆਨਾਂ ਵਿਚ, ਆਰੀਆ ਸਮਾਜ ਦੇ ਬਾਨੀ ਸੁਆਮੀ ਦਯਾਨੰਦ ਸਰਸਵਤੀ ਵੱਲੋਂ ਲਿਖੇ ਹੋਏ ਗ੍ਰੰਥ ‘ਸਤਿਆਰਥ ਪ੍ਰਕਾਸ਼’ ਦੀ ਨੁਕਤਾਚੀਨੀ ਕਰਦਿਆਂ ਇਸ ਬਾਰੇ ਕਈ ਸੁਆਲ ਉਠਾਏ ਸਨ। ਰਾਮਪਾਲ ਨੇ ਇਸ ਗ੍ਰੰਥ ਨੂੰ ‘ਕਲਪਨਾ ਦਾ ਪੁਲੰਦਾ’ ਕਰਾਰ ਦਿੱਤਾ ਸੀ। ਇਸ ਦੇ ਨਾਲ਼ ਹੀ ਉਸ ਨੇ ਇਹ ਵੀ ਕਿਹਾ ਹੋਇਆ ਹੈ, “ਮੈਂ ਆਰੀਆ ਸਮਾਜ ਨੂੰ ਇੰਨਾ ਬੁਰਾ ਨਹੀਂ ਕਿਹਾ, ਪਰ ਉਸ ਗਿਆਨ ਦੀ ਕੀ ਤੁਕ, ਜੋ ਕਿਸੇ ਸਿਰੇ ਨਾ ਲਾਉਂਦਾ ਹੋਵੇ।”
ਜੁਲਾਈ, 2006 ਵਿਚ ਕਰੌਂਥਾ ਵਾਲ਼ੇ ਆਸ਼ਰਮ ਵਿਚ ‘ਆਰੀਆ ਸਮਾਜੀਆਂ’ ਅਤੇ ‘ਰਾਮਪਾਲੀਆਂ’ ਵਿਚਾਲ਼ੇ ਹੋਏ ਇਕ ਟਕਰਾਅ ਦੌਰਾਨ ਇਕ 20 ਸਾਲਾ ਮੁੰਡੇ ਸੋਨੂ ਦੀ ਜਾਨ, ਗੋਲੀ ਲੱਗਣ ਨਾਲ਼ ਚਲੀ ਗਈ ਸੀ। ਉਸ ਵੇਲ਼ੇ ਰਾਮਪਾਲ ਤੇ ਉਸ 38 ਚੇਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਨ੍ਹਾਂ ਸਿਰ ਕਤਲ ਦਾ ਦੋਸ਼ ਲੱਗਿਆ ਸੀ। ਡੇਢ ਸਾਲ ਸੀਖਾਂ ਪਿੱਛੇ ਰਹਿਣ ਮਗਰੋਂ ਉਹ ਸਾਰੇ ਹੀ ਜ਼ਮਾਨਤਾਂ ਉੱਤੇ ਜੇਲ੍ਹੋਂ ਬਾਹਰ ਆ ਗਏ ਸਨ। ਇਸ ਤੋਂ ਬਾਅਦ ਹੀ ਉਸ ਨੇ ਬਰਵਾਲਾ ਵਿਚ ਡੇਰਾ ਸਥਾਪਤ ਕੀਤਾ ਸੀ। ਅੱਜ ਸਤਲੋਕ ਆਸ਼ਰਮ ਦੀ 71 ਏਕੜ ਜ਼ਮੀਨ ਹੈ। ਰਾਮਪਾਲ ਦਾ ‘ਫੇਸਬੁੱਕ’ ਉੱਤੇ ਵੀ ਖਾਤਾ ਹੈ।
ਇਸ ਲੇਖ ਦਾ ਲੇਖਾ ਮੁਕਾਉਣ ਵੇਲ਼ੇ ਤਕ ਖ਼ਬਰਾਂ ਆ ਗਈਆਂ ਸਨ ਕਿ ਬਰਵਾਲਾ ਵਿਚ ‘ਸਤਲੋਕ ਆਸ਼ਰਮ’ ਵਿਚੋਂ ‘ਰਾਮਪਾਲ ਦੇ ਤਿੰਨ ਕਮਾਂਡੋ’ ਵੀ ਕਾਬੂ ਕੀਤੇ ਗਏ ਹਨ। ਸਾਰੇ ਜਹਾਨ ਦੀ ਰਾਖੀ ਕਰਨ ਵਾਲ਼ੇ ‘ਰੱਬ’ ਨੇ ਆਪਣੀ ਰਾਖੀ ਲਈ ਕਮਾਂਡੋ ਪਾਲ਼ੇ ਹੋਏ ਹਨ! ਹੈਰਾਨ ਕਰਨ ਦੀ ਕਾਫੀ ਗੁੰਜਾਇਸ਼ ਹੈ, ਇਸ ਖ਼ਬਰ ਵਿਚ! ਇਸ ਦੇ ਨਾਲ਼ ਹੀ ਇਸ ਆਸ਼ਰਮ ਵਿਚੋਂ ਲੱਖਾਂ ਰੁਪਏ ਤੇ ਕੁੱਝ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਹੋਈਆਂ ਦੱਸੀਆਂ ਗਈਆਂ ਹਨ। ਪਤਾ ਨਹੀਂ ਅਗਲੇ ਦਿਨੀਂ ਇਸ ‘ਰੱਬ’ ਦੀਆਂ ਜੇਬਾਂ ਵਿਚੋਂ ਹੋਰ ਕਿਹੜੀਆਂ-ਕਿਹੜੀਆਂ ‘ਬਰਕਤਾਂ’ ਨਿੱਕਲਣੀਆਂ ਹਨ! ਉਡੀਕੋ ਤੇ ਦੇਖੋ!! #
