ਮੈਚ ਦੇਖਣ ਦੇ ਹੀਲੇ ਕਰਦੀ ਫੜੀ ਗਈ ਬਰਤਾਨਵੀ ਸ਼ਹਿਰਨ
ਕਈ ਮਹੀਨੇ ਇਰਾਨ ਦੀ ਜੇਲ੍ਹ ਵਿਚ ਰਹੀ
ਬਖ਼ਸ਼ਿੰਦਰ
Cell Phone: +91-950-175-9494, Email: bababax@gmail.com
ਖ਼ਬਰਾਂ ਤਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਰ ਕੇ ਨਹੀਂ ਕਿ ਖ਼ਬਰਾਂ ਨਾਲ਼ ਅਖ਼ਬਾਰਾਂ ਦੇ ਸਫ਼ੇ ਭਰਨੇ ਹੁੰਦੇ ਹਨ, ਸਗੋਂ ਇਸ ਕਰ ਕੇ ਕਿ ਅਸੀਂ ਇਸ ਧਰਤੀ ਦੇ ਲੋਕ, ਖ਼ਬਰਾਂ ਬਣਦੇ-ਬਣਾਉਂਦੇ ਰਹਿੰਦੇ ਹਾਂ। ਖ਼ਬਰਾਂ ਦਾ ਨਾ ਆਉਣਾ ਵੀ ਇਕ ਵੱਡੀ ਖ਼ਬਰ ਬਣ ਸਕਦਾ ਹੈ, ਸੁਰਖ਼ੀ ਬਣ ਸਕਦਾ ਹੈ, ਪਰ ਕਿਸੇ ਅਖ਼ਬਾਰ ਵਿਚ ਅਜੇ ਤਕ ‘ਅੱਜ ਕੋਈ ਖ਼ਬਰ ਨਹੀਂ ਆਈ’ ਵਰਗੀ ਸੁਰਖ਼ੀ ਨਹੀਂ ਲੱਗੀ, ਨਾ ਹੀ ਖ਼ਬਰਾਂ ਨਾ ਆਉਣ ਦੀ ਵਜ੍ਹਾ ਨਾਲ਼ ਕਦੇ ਕੋਰਾ ਅਖ਼ਬਾਰ ਆਇਆ ਹੈ। ਜੇ ਹੋਵੇ ਹੀ ਕੋਰਾ, ਫੇਰ ਉਹ ਕਾਗ਼ਜ਼ ਤਾਂ ਭਾਵੇਂ ਹੋਵੇ, ਅਖ਼ਬਾਰ ਨਹੀਂ ਹੋ ਸਕਦਾ। ਅਖ਼ਬਾਰਾਂ ਵਿਚ ਅਜੀਬੋ-ਗ਼ਰੀਬ ਖ਼ਬਰਾਂ ਵੀ ਛਪਦੀਆਂ ਰਹਿੰਦੀਆਂ ਹਨ। ਇਸੇ ਹੀ ਸਾਲ 20 ਜੂਨ ਨੂੰ ਇਕ ਬਰਤਾਨਵੀ-ਇਰਾਨੀ ਮੁਟਿਆਰ, ਜਿਸ ਦਾ ਨਾਂ ਗੋਂਚੇ ਗ਼ਾਵਾਮੀ ਹੈ, ਉਸ ਵੇਲ਼ੇ ਹਿਰਾਸਤ ਵਿਚ ਲੈ ਲਈ ਗਈ ਸੀ, ਜਦੋਂ ਉਹ ਇਰਾਨ ਵਿਚ ਕੁੱਝ ਹੋਰ ਕੁੜੀਆਂ ਨਾਲ਼ ਰਲ਼ ਕੇ, ਮਰਦਾਂ ਦਾ ਵਾਲੀਬਾਲ ਮੈਚ ਦੇਖਣ ਦੀ ਤਿਆਰੀ ਕਰ ਰਹੀ ਸੀ। ਭਾਵੇਂ 22 ਨਵੰਬਰ ਨੂੰ ਗੋਂਚੇ ਗ਼ਾਵਾਮੀ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਇਹ ਅਜੀਬੋ-ਗ਼ਰੀਬ ਖ਼ਬਰ ਆਪਣਾ ਅਸਰ ਛੱਡਣੋਂ ਤਾਂ ਨਹੀਂ ਰਹੀ। ਇਹ ਜਾਣਕਾਰੀ ਦਿੰਦਿਆਂ ਉਸ ਦੇ ਟੱਬਰ ਦੇ ਜੀਆਂ ਨੇ ਦੱਸਿਆ ਕਿ ਗੋਂਚੇ ਨੂੰ ਉਸ ਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ਼ ਹੀ ਰਿਹਾਈ ਮਿਲੀ ਹੈ। ਇਸ 25 ਸਾਲਾ ਮੁਟਿਆਰ ਨੂੰ ਤਹਿਰਾਨ ਦੀ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ ਤੇ ਉਸ ਦੇ ਟੱਬਰ ਦੇ ਜੀਆਂ ਨੇ ਇਸ ਗ਼੍ਰਿਫਤਾਰੀ ਦੇ ਖ਼ਿਲਾਫ਼ ਅਪੀਲ ਕੀਤੀ ਹੋਈ ਸੀ।
ਇਸ ਦੌਰਾਨ ਹੀ ਪਤਾ ਲੱਗਿਆ ਹੈ ਕਿ ਇਰਾਨ ਦੇ ਸਰਕਾਰੀ ਵਕੀਲਾਂ ਨੇ ਗੋਂਚੇ ਦੇ ਖ਼ਿਲਾਫ਼ ਇਹ ਦੋਸ਼ ਵੀ ਲਾਏ ਹੋਏ ਹਨ ਕਿ ਉਹ ਸਰਕਾਰ ਦੀ ਵਿਰੋਧੀ ਧਿਰ ਨਾਲ਼ ਰਲ਼ੀ ਹੋਈ ਹੈ। ਕੈਦ ਰੱਖਣ ਦੌਰਾਨ, ਗੋਂਚੇ ਨੇ ਉਸ ਨਾਲ਼ ਕੀਤੇ ਗਏ ਧੱਕੇ ਦੇ ਖ਼ਿਲਾਫ਼ ਭੁੱਖ ਹੜਤਾਲ ਵੀ ਕੀਤੀ। ਸੈਂਕੜੇ ਲੋਕਾਂ ਨੇ ਉਸ ਦੀ ਰਿਹਾਈ ਲਈ ਦਾਇਰ ਕੀਤੀ ਜਾਣ ਵਾਲ਼ੀ ਪਟੀਸ਼ਨ ਉੱਤੇ ਦਸਤਖ਼ਤ ਕੀਤੇ ਸਨ। ਗੋਂਚੇ ਗ਼ਾਵਾਮੀ ਦੇ ਭਰਾ ਇਮਾਨ ਗ਼ਾਵਾਮੀ ਨੇ ‘ਬੀ. ਬੀ. ਸੀ. ਨਿਊਜ਼ਆਵਰ’ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਪੇ, ਜੋ ਇਰਾਨ ਵਿਚ ਰਹਿੰਦੇ ਹਨ, ਇਹ ਮੰਗ ਕਰਦੇ ਹਨ ਕਿ ਗੋਂਚੇ ਦਾ ਮੁਕੰਮਲ ਡਾਕਟਰੀ ਮੁਆਇਨਾ ਕਰਾਇਆ ਜਾਵੇ ਕਿਉਂ ਕਿ ਉਸ ਦੀਆਂ ਅੰਤੜੀਆਂ ਵਿਚ ਨੁਕਸ ਰਹਿੰਦਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਭੈਣ, ਉਸ ਨੂੰ ਸੁਣਾਈ ਹੋਈ ਇਕ ਸਾਲ ਦੀ ਕੈਦ ਦੀ ਸਜ਼ਾ ਵਿਚੋਂ ਪੰਜ ਮਹੀਨੇ ਦੀ ਕੈਦ ਕੱਟ ਚੁੱਕੀ ਹੈ, ਜਿਸ ਕਰ ਕੇ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਗੋਂਚੇ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਉਹ ਆਪਣੀ ਭੈਣ ਦੀ ਰਿਹਾਈ ਦੇ ਹੁਕਮ ਦਾ ਸੁਆਗਤ ਕਰਦਾ ਹੈ।
“ਮੇਰੇ ਮਾਪੇ ਤੇ ਮੇਰੀ ਭੈਣ, ਸਾਰੇ ਹੀ ਖ਼ੁਸ਼ ਹਨ। ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਹਨ। ਸਾਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ ਕਿ ਅਗਲੇ ਪਲ ਕੀ ਹੋ ਜਾਣਾ ਹੈ, ਪਰ ਫਿਰ ਵੀ ਅਸੀਂ ਚੰਗਾ ਹੋਣ ਦੀ ਹੀ ਆਸ ਕਰਦੇ ਹਾਂ। ਰਿਹਾਈ ਤੋਂ ਅਗਲੇ ਦਿਨ ਗੋਂਚੇ ਦਾ 26ਵਾਂ ਜਨਮ ਦਿਨ ਵੀ ਹੈ, ਜੋ ਇਸ ਵਾਰ ਖ਼ਾਸ ਢੰਗ ਨਾਲ਼ ਮਨਾਏ ਜਾਣ ਦੇ ਮਨਸੂਬੇ ਬਣਾਏ ਜਾ ਰਹੇ ਹਨ,” ਇਮਾਨ ਗ਼ਾਵਾਮੀ ਦਾ ਕਹਿਣ ਸੀ।
ਇਰਾਨ ਦੇ ਅਖ਼ਬਾਰ ‘ਸ਼ਾਰਕ’ ਵੱਲੋਂ ਆਪਣੇ ‘ਟਵਿੱਟਰ’ ਦੇ ਖਾਤੇ ਵਿਚ ਕਿਹਾ ਗਿਆ ਹੈ ਕਿ ਗੋਂਚੇ ਨੂੰ 38 ਹਜ਼ਾਰ ਡਾਲਰ (24 ਹਜ਼ਾਰ ਪਾਊਂਡ) ਜ਼ਮਾਨਤ ਦੀ ਰਕਮ ਵਜੋਂ ਅਦਾ ਕੀਤੇ ਜਾਣ ਮਗਰੋਂ ਹੀ ਛੱਡਿਆ ਗਿਆ ਹੈ। ਜਿਹੜਾ ਮੈਚ ਦੇਖਣ ਦੀ ਤਿਆਰੀ ਕਰਦਿਆਂ ਗੋਂਚੇ ਗ਼ਾਵਾਮੀ ਅਤੇ ਉਸ ਦੀਆਂ ਸਾਥਣਾਂ ਫੜੀਆਂ ਹੀ ਨਹੀਂ ਗਈਆਂ ਸਨ, ਸਗੋਂ ਉਨ੍ਹਾਂ ਨੂੰ ਕੁੱਟਿਆ-ਮਾਰਿਆ ਵੀ ਗਿਆ ਸੀ, ਉਹ ਇਰਾਨ ਅਤੇ ਇਟਲੀ ਦੇ ਖਿਡਾਰੀਆਂ ਵਿਚਾਲ਼ੇ ਹੋਣਾ ਸੀ। ਫੜੀਆਂ ਹੋਈਆਂ ਕੁੜੀਆਂ/ ਔਰਤਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਸੀ, ਪਰ ਗੋਂਚੇ ਗ਼ਾਵਾਮੀ ਨੂੰ ਦੁਬਾਰਾ ਫੜ ਲਿਆ ਗਿਆ ਸੀ ਤੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਸੀ।
ਇੱਥੇ ਦੱਸਣਾ ਠੀਕ ਹੀ ਰਹੇਗਾ ਕਿ ਇਰਾਨ ਨੇ 2012 ਤੋਂ ਔਰਤਾਂ ਨੂੰ ਮਰਦਾਂ ਦਾ ਵਾਲੀਬਾਲ ਮੈਚ ਦੇਖੇ ਜਾਣ ਦੀ ਮਨਾਹੀ ਕੀਤੀ ਕੀਤੀ ਹੋਈ ਹੈ ਤੇ ਇਸੇ ਤਰ੍ਹਾਂ ਹੀ ਉਹ ਮਰਦਾਂ ਦੇ ਫੁੱਟਬਾਲ ਮੈਚ ਵੀ ਨਹੀਂ ਦੇਖ ਸਕਦੀਆਂ। ਇਰਾਨੀ ਅਧਿਕਾਰੀ ਇਸ ਸਬੰਧ ਵਿਚ ਇਹ ਦਲੀਲ ਦਿੰਦੇ ਹਨ ਕਿ ਔਰਤਾਂ ਨੂੰ ਮੈਚ ਦੇਖਣ ਆਏ ਹੋਏ ਮਰਦਾਂ ਵੱਲੋਂ ਕੀਤੀ ਜਾ ਸਕਣ ਵਾਲ਼ੀ ਅਸ਼ਲੀਲ ਹੁੱਲੜਬਾਜ਼ੀ ਤੋਂ ਬਚਾਉਣ ਲਈ ਹੀ ਇਹ ਕਾਰਵਾਈ ਕੀਤੀ ਗਈ ਹੈ। ਪਹਿਲੀ ਨਜ਼ਰੇ ਏਦਾਂ ਨਹੀਂ ਲੱਗਦਾ ਕਿ ਇਰਾਨ ਸਰਕਾਰ ਦਾ ਇਹ ਚਾਰਾ, ਕਿਸੇ ਨੂੰ ਗੰਦ-ਮੰਦ ਦੇਖਣ ਤੋਂ ਵਰਜਣ ਲਈ, ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਵਰਗਾ ਹੈ? ਹਟਾਏ ਜਾਣ ਵਾਲ਼ੀ ਸ਼ੈਅ ਤਾਂ ਗੰਦ ਹੈ, ਅੱਖਾਂ ਨਹੀਂ। ਦੂਜੇ ਪਾਸੇ, ਹਟਾਉਣੀ ਤਾਂ ਹੁੱਲੜਬਾਜ਼ੀ ਚਾਹੀਦੀ ਸੀ, ਸਰਕਾਰ ਨੇ ਔਰਤਾਂ ਨੂੰ ਮੈਚ ਦੇਖਣੋਂ ਹਟਾ ਦਿੱਤਾ ਅਤੇ ਹੁੱਲੜਬਾਜ਼ਾਂ ਨੂੰ ਸਰਕਾਰੀ ਸ਼ਹਿ ਦੇ ਦਿੱਤੀ ਤੇ ਹੁੱਲੜਬਾਜ਼ੀ ਨੂੰ ਕਾਨੂੰਨੀ ਮਾਨਤਾ।
ਗੋਂਚੇ ਗ਼ਾਵਾਮੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਵਜ੍ਹਾ ਦੇ ਸਬੰਧ ਵਿਚ ਪਹਿਲਾਂ ਕਾਫੀ ਭੰਬਲਭੂਸਾ ਜਿਹਾ ਪਿਆ ਰਿਹਾ। ਉਸ ਦੇ ਵਕੀਲ ਨੇ ਕਿਹਾ ਹੈ ਕਿ ਉਸ ਨੂੰ ਉਹ ਅਦਾਲਤੀ ਕਾਗ਼ਜ਼ਾਤ ਦਿਖਾਏ ਗਏ ਹਨ, ਜੋ ਇਹ ਦਰਸਾਉਂਦੇ ਹਨ ਕਿ ਬੀਬੀ ਗੋਂਚੇ ਗ਼ਾਵਾਮੀ, ਇਰਾਨ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਕਰਦੀ ਦੇਖੀ ਗਈ ਹੈ। ਓਦਾਂ ਸਰਕਾਰੀ ਵਕੀਲਾਂ ਨੇ ਉਸ ਨੂੰ ਕੋਈ ਸਜ਼ਾ ਦਿੱਤੀ ਹੋਣ ਦੀ ਪੁਸ਼ਟੀ ਨਹੀਂ ਕੀਤੀ। ਇਸ ਗੱਲੋਂ ਹੀ ਗ਼ਾਵਾਮੀ ਖ਼ਾਨਦਾਨ ਨੇ ਨਿਆਂ-ਪਾਲਿਕਾ ਦੇ ਖ਼ਿਲਾਫ਼ ਇਹ ਦੋਸ਼ ਲਾਏ ਸਨ ਕਿ ਉਹ, ਗੋਂਚੇ ਦੇ ਮਾਮਲੇ ਨੂੰ ਲਟਕਾਈ ਰੱਖਣ ਦੇ ਹੀਲੇ ਕਰ ਰਹੀ ਹੈ।
ਫਿਰ 18 ਨਵੰਬਰ ਨੂੰ ਸਰਕਾਰੀ ਵਕੀਲਾਂ ਨੇ ‘ਇਸਨਾ’ ਖ਼ਬਰ ਏਜੰਸੀ ਨੂੰ ਦੱਸਿਆ ਕਿ ਗੋਂਚੇ ਗ਼ਾਵਾਮੀ ਦੇ ਮਾਮਲੇ ’ਚ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਖ਼ਿਲਾਫ਼ ਇਹ ਦੋਸ਼ ਲੱਗੇ ਹਨ ਕਿ ਉਸ ਨੇ ਵਿਦੇਸ਼ ਵਿਚ ਇਰਾਨ ਸਰਕਾਰ ਦੇ ਖ਼ਿਲਾਫ਼ ਕੀਤੇ ਗਏ ਮੁਜ਼ਾਹਰਿਆਂ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਗੋਂਚੇ ਗ਼ਾਵਾਮੀ ਦੇ ਖ਼ਿਲਾਫ਼, ਮੈਚ ਦੇਖਣ ਦੇ ਹੀਲੇ ਕਰਨ ਦਾ ਕੋਈ ਦੋਸ਼ ਨਹੀਂ ਹੈ। ਫਿਰ 21 ਨਵੰਬਰ ਨੂੰ ਗ਼ਾਵਾਮੀ ਪਰਿਵਾਰ ਨੇ ਕਿਹਾ ਕਿ ਉਸ ਦੇ ਜੀਆਂ ਨੇ ਅਦਾਲਤ ਦਾ ਉਹ ਫੈਸਲਾ ਦੇਖ ਲਿਆ ਸੀ, ਜਿਸ ਅਧੀਨ ਗੋਂਚੇ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ਼ ਹੀ, ਉਸ ਨੂੰ ਦੋ ਸਾਲ ਸਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੋਇਆ ਸੀ।
ਬਰਤਾਨੀਆ ਦੇ ਵਿਦੇਸ਼ ਦਫ਼ਤਰ ਨੇ ਪਹਿਲਾਂ ਤਾਂ ਗੋਂਚੇ ਗ਼ਾਵਾਮੀ ਦੇ ਖ਼ਿਲਾਫ਼ ਇਰਾਨ ਵਿਚ ਮੁਕੱਦਮਾ ਚਲਾਏ ਜਾਣ ਦੀ ਵਜ੍ਹਾ ਬਾਰੇ, ਮੁਕੱਦਮਾ ਚਲਾਉਣ ਦੇ ਢੰਗ ਬਾਰੇ ਅਤੇ ਹਿਰਾਸਤ ਵਿਚ ਹੀ ਉਸ ਦੇ ਇਲਾਜ ਬਾਰੇ ਚਿੰਤਾ ਜ਼ਾਹਰ ਕੀਤੀ ਸੀ ਕਿਉਂ ਗੋਂਚੇ ਬਰਤਾਨੀਆ ਅਤੇ ਇਰਾਨ ਦੋਹਾਂ ਦੀ ਸ਼ਹਿਰਨ ਹੈ। ਦੂਜੇ ਪਾਸੇ ਇਰਾਨ ਸਰਕਾਰ ਨੇ ਉਸ ਦੀ ਦੋਹਰੀ ਕੌਮੀਅਤ ਦੀ ਕੋਈ ਪ੍ਰਵਾਹ ਨਹੀਂ ਕੀਤੀ, ਪਰ ਬਰਤਾਨੀਆ ਸਰਕਾਰ ਉਸ ਦੀਆਂ ਦੋਹਾਂ ਸ਼ਹਿਰੀਅਤਾਂ/ ਕੌਮੀਅਤਾਂ ਦੀ ਕਦਰ ਕਰਦੀ ਹੈ। ਇਸ ਦੌਰਾਨ, ਇਹ ਗੱਲ ਵੀ ਗ਼ੌਰ ਕਰਨ ਯੋਗ ਹੈ ਕਿ ਕੌਮਾਂਤਰੀ ਕਾਨੂੰਨ ਉਨ੍ਹਾਂ ਸ਼ਹਿਰੀਆਂ ਨੂੰ ਕੋਈ ਰਸਮੀ ਡਿਪਲੋਮੈਟਿਕ ਹਿਫ਼ਾਜ਼ਤ ਨਹੀਂ ਦੇ ਸਕਦਾ, ਜਿਨ੍ਹਾਂ ਕੋਲ ਦੋ ਮੁਲਕਾਂ ਦੀ ਕੌਮੀਅਤ ਹੋਵੇ ਅਤੇ ਕੌਮੀਅਤ ਸਬੰਧੀ ਰੱਫੜ ਪੈਣ ਵੇਲ਼ੇ ਉਹ ਉਸ ਦੂਜੇ ਮੁਲਕ ਵਿਚ ਹੋਣ, ਜਿਸ ਦੇ ਵੀ ਉਹ ਸ਼ਹਿਰੀ ਹੋਣ।
ਇੱਥੇ ਸਪੱਸ਼ਟ ਢੰਗ ਨਾਲ਼ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ 1989 ਦੀ ਜੰਮੀ ਹੋਈ ਗੋਂਚੇ ਗ਼ਵਾਮੀ ਬਰਤਾਨਵੀ-ਇਰਾਨੀ ਸ਼ਹਿਰਨ ਹੈ ਤੇ ਉਸ ਨੇ ‘ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼’ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਸ ਨੂੰ ਇਰਾਨ ਵਿਚ ਔਰਤਾਂ ਨੂੰ ਵੀ ਖੇਡਾਂ ਦੇਖਣ ਲਈ ਮਰਦਾਂ ਦੇ ਬਰਾਬਰ ਹੱਕ ਦਿੱਤੇ ਜਾਣ ਦੇ ਹੱਕ ਵਿਚ ਸੰਘਰਸ਼ ਵਿਚ ਹਿੱਸਾ ਲੈਣ ਦੀ ਵਜ੍ਹਾ ਨਾਲ਼ ਏਵਿਨ ਜੇਲ੍ਹ ਵਿਚ ਕੈਦ ਰੱਖਿਆ ਹੋਇਆ ਸੀ। ਉਸ ਨੂੰ ਇਸੇ ਹੀ ਸਾਲ 20 ਜੂਨ ਨੂੰ, ਤਹਿਰਾਨ ਦੇ ‘ਅਜ਼ਾਦੀ ਇਨਡੋਰ ਸਟੇਡੀਅਮ’ ਵਿਚ ਮਰਦਾਂ ਦਾ ਇਕ ਵਾਲੀਬਾਲ ਮੈਚ ਦੇਖਣ ਦੀ ਕੋਸ਼ਿਸ਼ ਕਰਨ ਦੌਰਾਨ ਫੜ ਲਿਆ ਗਿਆ ਸੀ। ਭਾਵੇਂ ਉਸ ਨੂੰ ਉਸੇ ਦਿਨ ਛੱਡ ਤਾਂ ਦਿੱਤਾ ਗਿਆ ਸੀ, ਪਰ ਜਦੋਂ ਉਹ ਆਪਣੀਆਂ ਜ਼ਬਤ ਕੀਤੀਆਂ ਹੋਈਆਂ ਚੀਜ਼ਾਂ ਮੰਗਣ ਖ਼ਾਤਰ ਗਈ ਤਾਂ ਉਸ ਨੂੰ ਦੁਬਾਰਾ ਫੜ ਕੇ ਏਵਿਨ ਜੇਲ੍ਹ ਵਿਚ ਡੱਕ ਦਿੱਤਾ ਗਿਆ।
ਉਸ ਦੀ ਗ਼੍ਰਿਫਤਾਰੀ ਦਾ ਰੌਲ਼ਾ ਪੂਰੇ ਜਹਾਨ ਵਿਚ ਪਿਆ। ਓਦਾਂ ਇਰਾਨੀ ਅਧਿਕਾਰੀ ਇਹ ਗੱਲ ਕਹਿਣ ਲਈ ਅੱਡੀਆਂ ਤਕ ਜ਼ੋਰ ਲਾਉਂਦੇ ਰਹੇ ਕਿ ਉਸ ਨੂੰ ਹਿਰਾਸਤ ਵਿਚ ਲੈਣ ਦਾ, ਵਾਲ਼ੀਬਾਲ ਦੇ ਉਸ ਮੈਚ ਨਾਲ਼ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਨੇ ਗੋਂਚੇ ਦੇ ਖ਼ਿਲਾਫ਼ ਇਹ ਦੋਸ਼ ਲਾਏ ਕਿ ਉਹ ਵਿਦੇਸ਼ ਵਿਚ ਇਰਾਨ ਸਰਕਾਰ ਦੇ ਖ਼ਿਲਾਫ਼ ਕੀਤੇ ਜਾਂਦੇ ਮੁਜ਼ਾਹਰਿਆਂ ਵਿਚ ਸ਼ਿਰਕਤ ਕਰਦੀ ਰਹੀ ਹੈ। ਹੁਣ 23 ਨਵੰਬਰ ਨੂੰ ਗੋਂਚੇ ਗ਼ਾਵਾਮੀ ਰਿਹਾਅ ਕਰ ਦਿੱਤੀ ਗਈ ਹੈ, ਪਰ ਉਸ ਨੂੰ ਦੋ ਸਾਲਾਂ ਲਈ ਸਫ਼ਰ ਕਰਨ ਤੋਂ ਰੋਕ ਦਿੱਤਾ ਗਿਆ ਹੈ, ਜਿਸ ਦਾ ਇਹੋ ਅਰਥ ਨਿੱਕਲਦਾ ਹੈ ਕਿ ਉਸ ਨੂੰ ਦੋ ਸਾਲਾਂ ਲਈ ਬਰਤਾਨੀਆ ਜਾਣੋਂ ਵੀ ਰੋਕ ਦਿੱਤਾ ਗਿਆ ਹੈ ਯਾਨੀ ਉਹ ਇਰਾਨ ਵਿਚ ਜੂਹਬੰਦ ਰਹੇਗੀ। ਓਦਾਂ ਉਹ ਇਸ ਸਾਲ ਦੇ ਸ਼ੁਰੂ ਵਿਚ ਲੰਡਨ ਦੇ ਸ਼ੇਫਰਡ’ਜ਼ ਬੁਸ਼ ਇਲਾਕੇ ਵਿਚ ਆਪਣੇ ਵੱਡੇ ਭਰਾ ਇਮਾਨ ਗ਼ਾਵਾਮੀ ਅਤੇ ਮਾਂ ਸੂਸਨ ਨਾਲ਼ ਸੁੱਖੀਂ ਵਸਦੀ ਸੀ।
ਇਸ ਦੌਰਾਨ ਹੀ, ਇਰਾਨ ਸਰਕਾਰ ਵੱਲੋਂ ਖੇਡਾਂ ਦੇਖਣ ਦੇ ਸਬੰਧ ਵਿਚ ਮਰਦਾਂ-ਔਰਤਾਂ ਵਿਚਾਲ਼ੇ ਕੀਤੇ ਜਾਂਦੇ ਵਿਤਕਰੇ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ, 20 ਜੂਨ ਨੂੰ, ਤਹਿਰਾਨ ਦੇ ‘ਅਜ਼ਾਦੀ ਇਨਡੋਰ ਸਟੇਡੀਅਮ’ ਸਾਹਮਣਿਓਂ ਹਿਰਾਸਤ ਵਿਚ ਲਈਆਂ ਗਈਆਂ ਮੁਜ਼ਾਹਰੀਨ ਬੀਬੀਆਂ ਵਿਚੋਂ ਇਕ ਜਣੀ ਸ਼ਿਵਾ ਨਜ਼ਰ ਅਹਾਰੀ ਦਾ ਕਹਿਣ ਹੈ, “ਅਸੀਂ ਸਾਰੀਆਂ ਜਣੀਆਂ ਰਲ਼ ਕੇ ਸਟੇਡੀਅਮ ਅੰਦਰ ਜਾਣਾ ਅਤੇ ਉੱਥੇ ਬੈਠ ਕੇ ਆਪਣੀ ਕੌਮੀ ਟੀਮ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਚੀਕਾਂ ਤੇ ਸੀਟੀਆਂ ਮਾਰਨੀਆਂ ਚਾਹੁੰਦੀਆਂ ਸਾਂ।”
ਦੂਜੇ ਪਾਸੇ ਇਰਾਨ ਦੀ ਨਿਆਂ-ਪਾਲਿਕਾ ਨੇ ਇਸ ਗੱਲੋਂ ਇਨਕਾਰ ਕੀਤਾ ਹੋਇਆ ਹੈ ਕਿ ਗੋਂਚੇ ਗ਼ਾਵਾਮੀ ਨੂੰ ਸਟੇਡੀਅਮ ਅੰਦਰ ਮੈਚ ਦੇਖਣ ਜਾਣ ਦੇ ਹੀਲੇ ਕਰਨ ਦੀ ਵਜ੍ਹਾ ਨਾਲ਼ ਹਿਰਾਸਤ ਵਿਚ ਲਿਆ ਗਿਆ ਸੀ। ਨਿਆਂ-ਪਾਲਿਕਾ ਦਾ ਕਹਿਣ ਹੈ ਕਿ ਉਸ ਨੂੰ ਤਾਂ ਹਕੂਮਤ ਦੇ ਖ਼ਿਲਾਫ਼ ਭੰਡੀ-ਪ੍ਰਚਾਰ ਕਰਨ ਦੇ ਦੋਸ਼ਾਂ ਅਧੀਨ ਫੜਿਆ ਗਿਆ ਸੀ। ਗੋਂਚੇ ਦੀ ਰਿਹਾਈ ਮਗਰੋਂ ‘ਦ ਨਿਊ ਯਾਰਕ ਟਾਈਮਜ਼’ ਵਿਚ ਛਪੀ ਇਕ ਖ਼ਬਰ ਵਿਚ ਦੱਸਿਆ ਹੋਇਆ ਹੈ ਕਿ ਗੋਂਚੇ ਨੂੰ ‘ਤਕਰੀਬਨ 30 ਹਜ਼ਾਰ ਡਾਲਰ’ ਦੀ ਜ਼ਮਾਨਤ ਲੈ ਕੇ ਛੱਡਿਆ ਗਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਰਾਨੀ ਸਰਕਾਰ ਹੁਣ ਉਸ ਨੂੰ ਦੁਬਾਰਾ ਬਰਤਾਨੀਆ ਨਹੀਂ ਜਾਣ ਦੇਵੇਗੀ। ਗੋਂਚੇ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਵਿਚ ਡੱਕਣ ਦੌਰਾਨ ਮਨੁੱਖੀ ਹੱਕਾਂ ਖ਼ਾਤਰ ਕੰਮ ਕਰਨ ਵਾਲ਼ੇ 300 ਇਰਾਨੀ ਕਾਰਕੁਨਾਂ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਇਕ ਚਿੱਠੀ ਲਿਖ ਕੇ ਉਹ ਸਾਰੇ ਹਾਲਾਤ ਬਿਆਨ ਕੀਤੇ ਸਨ, ਜਿਨ੍ਹਾਂ ਵਿਚ ਗੌਂਚੇ ਗ਼ਾਵਾਮੀ ਨੂੰ ਰੱਖਿਆ ਹੋਇਆ ਸੀ।
ਬਰਤਾਨੀਆ ਦੇ ਵਿਦੇਸ਼ ਮੰਤਰੀ ਫਿਲਿਪ ਹੈਮੰਡ ਨੇ ਨਿਊ ਯਾਰਕ ਵਿਚ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਨਾਲ਼ ਮੁਲਾਕਾਤ ਕਰ ਕੇ ਉਨ੍ਹਾਂ ਅੱਗੇ ਗੋਂਚੇ ਗ਼ਾਵਾਮੀ ਦਾ ਮਾਮਲਾ ਉਠਾਇਆ ਸੀ, ਪਰ ਇਰਾਨ ਸਰਕਾਰ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਸੀ ਕਿ ਗੋਂਚੇ ਗ਼ਾਵਾਮੀ ਬਰਤਾਨੀਆ ਦੀ ਸ਼ਹਿਰਨ ਵੀ ਹੈ। ਉਸ ਨੂੰ ਰਿਹਾਅ ਕਰਾਉਣ ਲਈ ‘ਫੇਸਬੁੱਕ’ ਉੱਤੇ ਵੀ ਮੁਹਿੰਮ ਚਲਾਈ ਜਾਂਦੀ ਰਹੀ।
ਸੂਸੰਨਾਹ ਬੁੱਟਰ ਨਾਂ ਦੀ ਇਕ ਬੀਬੀ ਨੇ 12 ਸਤੰਬਰ ਨੂੰ ਆਪਣੇ ‘ਬਲੌਗ’ ਵਿਚ ਏਦਾਂ ਲਿਖਿਆ ਹੋਇਆ ਹੈ, “ਗੋਂਚੇ ਗ਼ਾਵਾਮੀ ਦੀ ਇਕ ਸਹੇਲੀ ਦਾ ਕਹਿਣ ਹੈ ਕਿ ਪੁਲੀਸ ਨੇ ਗੋਂਚੇ ਗ਼ਾਵਾਮੀ ਨੂੰ ਹਿਰਾਸਤ ਵਿਚ ਲੈਣ ਮਗਰੋਂ ਥੱਪੜ ਹੀ ਨਹੀਂ ਮਾਰੇ ਗਏ ਸਨ, ਸਗੋਂ ਉਸ ਨੂੰ ਜ਼ਮੀਨ ਉੱਤੇ ਘੜੀਸਿਆ ਵੀ ਗਿਆ ਸੀ। ਇਸ ਤਰ੍ਹਾਂ ਕਰਨ ਦੀ ਵਜ੍ਹਾ ਨਾਲ਼ ਉਸ ਦੀਆਂ ਕੂਹਣੀਆਂ ਅਤੇ ਪਿੱਠ ਛਿੱਲੀਆਂ ਗਈਆਂ ਸਨ। ਉਸ ਨੂੰ ਉਸੇ ਹੀ ਰਾਤ ਛੱਡ ਤਾਂ ਦਿੱਤਾ ਗਿਆ ਸੀ, ਪਰ ਪੁਲੀਸ ਨੇ ਉਸ ਦਾ ਫੋਨ ਨਹੀਂ ਦਿੱਤਾ ਸੀ। ਜਦੋਂ 10 ਦਿਨ ਮਗਰੋਂ ਵੀ ਉਸ ਦਾ ਫੋਨ ਨਾ ਮੋੜਿਆ ਗਿਆ ਤਾਂ 30 ਜੂਨ ਨੂੰ ਉਹ ਆਪਣਾ ਫੋਨ ਲੈਣ ਗਈ ਤੇ ਉਸ ਨੇ ਆਪਣਾ ਫੋਨ ਵਾਪਸ ਮੰਗਿਆ ਤਾਂ ਉਸ ਨੂੰ ਫਿਰ ਫੜ ਲਿਆ ਗਿਆ। ਉਸ ਦੇ ਘਰ ਦੇ ਜੀਆਂ ਨੂੰ, ਉਸ ਦੇ ਦੁਬਾਰਾ ਫੜੀ ਜਾਣ ਦਾ ਇਲਮ ਉਦੋਂ ਹੀ ਹੋਇਆ ਜਦੋਂ ਪੁਲੀਸ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਦੇ ਕੰਪਿਊਟਰਜ਼ ਅਤੇ ਲੈਪਟਾਪਸ ਹੂੰਝ ਕੇ ਤੁਰਦੀ ਬਣੀ। ਉਸ ਨੂੰ ਕਿੰਨਾ ਹੀ ਚਿਰ ਆਪਣੇ ਘਰਦਿਆਂ ਨੂੰ ਜਾਂ ਕਿਸੇ ਵਕੀਲ ਨੂੰ ਮਿਲਣ ਨਹੀਂ ਦਿੱਤਾ ਗਿਆ। ਕਿੰਨਾ ਹੀ ਚਿਰ ਇਹ ਗੱਲ ਵੀ ਗੁੱਝੀ ਹੀ ਰਹੀ ਕਿ ਉਸ ਦੇ ਖ਼ਿਲਾਫ਼ ਦੋਸ਼ ਕੀ ਲਾਏ ਹੋਏ ਸਨ। ਉਹ ਲੰਡਨ ਵਿਚ ਰਹਿੰਦੀ ਹੁੰਦੀ ਸੀ ਤੇ ਮਸਾਂ ਦੋ ਮਹੀਨਿਆਂ ਲਈ ਇਰਾਨ ਆਈ ਸੀ।”
ਇਸ ਦੌਰਾਨ, ਇਰਾਨ ਦੇ ਪੁਲੀਸ ਮੁਖੀ ਇਸਮਾਈਲ ਅਹਿਮਦੀ ਮਖ਼ਦੂਮ ਵੱਲੋਂ ਖ਼ਬਰ ਏਜੰਸੀ ‘ਫਾਰਸ’ ਨੂੰ ਇਹ ਕਿਹਾ ਜਾਣਾ ਵੀ ਘੱਟ ਅਹਿਮੀਅਤ ਨਹੀਂ ਰੱਖਦਾ ਕਿ “ਮੌਜੂਦਾ ਹਾਲਾਤ ਦੌਰਾਨ ਸਟੇਡੀਅਮਾਂ ਅੰਦਰ ਔਰਤਾਂ ਅਤੇ ਮਰਦਾਂ ਦਾ ਆਪਸ ਵਿਚ ਰਲਣਾ-ਮਿਲਣਾ ਆਵਾਮ ਦੇ ਹੱਕ ਵਿਚ ਨਹੀਂ ਭੁਗਤਦਾ। ਇਹ ਹੁਕਮ, ਜੋ ਮਜ਼ਹਬੀ ਆਲਮਾਂ-ਫ਼ਾਜ਼ਲਾਂ ਅਤੇ ਆਗੂਆਂ ਦੇ ਕਹਿਣ ’ਤੇ ਜਾਰੀ ਕੀਤਾ ਗਿਆ ਹੈ, ਬਰਕਰਾਰ ਹੈ ਅਤੇ ਅਮਲ ਵਿਚ ਲਿਆਉਣਾ ਜਾਰੀ ਰਹੇਗਾ। ਇਸ ਹੁਕਮ ਦੀ ਤਾਮੀਲ ਕਰਦਿਆਂ ਅਸੀਂ, ਜੋ ਕਾਨੂੰਨ ਦੇ ਮੁਹਾਫ਼ਿਜ਼ ਹਾਂ, ਔਰਤਾਂ ਨੂੰ ਸਟੇਡੀਅਮਾਂ ਅੰਦਰ ਨਹੀਂ ਵੜਨ ਦਿਆਂਗੇ।”
ਜਨਾਬ ਮਖ਼ਦੂਮ ਦੇ ਇਸ ਐਲਾਨ ਨਾਲ਼ ਇਹ ਗੱਲ ਪੱਥਰ ਉੱਤੇ ਲਕੀਰ ਵਾਂਗ ਉੱਘੜੀ ਦਿਸਦੀ ਹੈ ਕਿ ਇਰਾਨ ਦੀਆਂ ਖਿਡਾਰਨਾਂ ਵੱਲੋਂ ਕੌਮਾਂਤਰੀ ਖੇਡ ਮੁਕਾਬਲਿਆਂ ਵਿਚੋਂ ਜਿੱਤ ਕੇ ਲਿਆਂਦੇ ਜਾਣ ਵਾਲ਼ੇ ਤਮਗੇ ਤਾਂ ਉਨ੍ਹਾਂ ਦੀ ਛੁਹ ਨੂੰ ਤਰਸਦੇ ਹੀ ਰਹਿ ਜਾਣਗੇ। ਇਰਾਨਣਾਂ ਵੱਲੋਂ ਆਉਣ ਵਾਲ਼ੇ ਸਮੇਂ ਦੌਰਾਨ ਖੇਡਾਂ ਦੇ ਸਬੰਧ ਵਿਚ ਲਿਖਿਆ ਜਾਣ ਵਾਲ਼ਾ ਇਤਿਹਾਸ, ਹੁਣ ਤੋਂ ਹੀ ਤਹਿਰਾਨ ਦੇ ‘ਅਜ਼ਾਦੀ ਇਨਡੋਰ ਸਟੇਡੀਅਮ’ ਦੇ ਮੱਥੇ ਉੱਤੇ ਲਿਖਿਆ ਦਿਸਣ ਲੱਗ ਪਿਆ ਹੈ।#
