ਖ਼ਬਰਾਂ ਦੇ ਖੰਭ ਤੇ ਖੰਭਾਂ ਦੀਆਂ ਡਾਰਾਂ
ਬਖ਼ਸ਼ਿੰਦਰ
Email: bababax@gmaial.com, Cell Phone: +91-950-175-9494
ਕਿਸੇ ਨੇ ਜੋਤਿਸ਼ੀ ਨੂੰ ਪੁੱਛਿਆ ਪਈ ਉਸ ਦੇ ਘਰ ਮੁੰਡਾ ਹੋਊ ਕਿ ਕੁੜੀ। ਜੋਤਿਸ਼ੀ ਦਾ ਜੁਆਬ ਸੀ, “ਮੁੰਡਾ ਨਹੀਂ ਕੁੜੀ!” ਜੇ ਅਗਲੇ ਦੇ ਮੁੰਡਾ ਜੰਮ ਪੈਂਦਾ ਤਾਂ ਜੋਤਿਸ਼ੀ ਕਹਿੰਦਾ ਪਈ ਉਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, “ਮੁੰਡਾ, ਨਹੀਂ ਕੁੜੀ!” ਜੇ ਅਗਲੇ ਦੇ ਕੁੜੀ ਜੰਮ ਪੈਂਦੀ ਤਾਂ ਜੋਤਿਸ਼ੀ ਕਹਿੰਦਾ ਪਈ ਉਸ ਨੇ ਨਹੀਂ ਕਿਹਾ ਸੀ, “ਮੁੰਡਾ ਨਹੀਂ, ਕੁੜੀ!” ਜੇ ਰੱਬ-ਸਬੱਬੀਂ ਜਜਮਾਨ ਦੇ ਘਰ ਵਾਲ਼ੀ ਦਾ ਗਰਭ ਡਿੱਗ ਪੈਂਦਾ ਤਾਂ ਵੀ ਜੋਤਿਸ਼ੀ ਕਹਿੰਦਾ ਪਈ ਉਸ ਦਾ ਕਿਹਾ ਚੇਤੇ ਕਰ ਲਓ, ਕਿਉਂ ਕਿ ਉਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, “ਮੁੰਡਾ ਨਹੀਂ ਕੁੜੀ ਯਾਨੀ ਨਾ ਮੁੰਡਾ, ਨਾ ਕੁੜੀ!”
ਇਸ ਵਰਗੀ ਤਾਂ ਨਹੀਂ, ਇਸ ਵਰਗੀਆਂ ਕਈ ਤਰਜਮਾਨੀਆਂ ਕਰਾਉਣ ਵਾਲ਼ੀ ਇਕ ਖ਼ਬਰ, ਹਰਿਆਣਾ ਦੇ ਸ਼ਹਿਰ ਰੋਹਤਕ ਤੋਂ 2 ਦਸੰਬਰ ਨੂੰ ਆਈ। ਬਹੁਤ ਸਾਰੀਆਂ ਅਖ਼ਬਾਰਾਂ ਨੇ ਇਸ ਖ਼ਬਰ ਦੀ ਡੁੰਘਾਈ ਵਿਚ ਜਾਣ ਤੋਂ ਬਗ਼ੈਰ ਅਤੇ ਅਸਲ ਖ਼ਬਰ ਦੇਣ/ ਦੱਸਣ ਪਹਿਲਾਂ ਹੀ, ਇਸ ਖ਼ਬਰ ਉੱਪਰ ਟਿੱਪਣੀਆਂ ਵੀ ਕਰ ਸੁੱਟੀਆਂ। ‘ਹਿੰਦੁਸਤਾਨ ਟਾਈਮਜ਼’ ਨੇ ਇਹ ਖ਼ਬਰ ਸ਼ੁਰੂ ਹੀ ਇਕ ਸੁਆਲ ਨਾਲ਼ ਕੀਤੀ ਹੈ ਜਿਵੇਂ, “ਕੀ ਸਾਡੇ ਵਿਚੋਂ ਬਹੁਤੇ ਜਣੇ ਉਸ ਰੁਝਾਨ ਦੇ ਸ਼ਿਕਾਰ ਨਹੀਂ ਹੋ ਗਏ, ਜਿਸ ਨੂੰ ਸਮਾਜ ਸ਼ਾਸਤਰੀ ‘ਤਮਾਸ਼ਬੀਨੀ’ ਕਹਿੰਦੇ ਹਨ? ਜੇ ਰੋਹਤਕ ਵਿਚ ਕੁੱਝ ਔਰਤਾਂ (ਕੁੜੀਆਂ) ਉੱਤੇ ਹਮਲਾ ਕੀਤੇ ਜਾਣ ਦੀ ਤਾਜ਼ਾ ਘਟਨਾ ਦਾ ਜਾਇਜ਼ਾ ਲਿਆ ਜਾਵੇ ਤਾਂ ਏਦਾਂ ਹੀ ਹੋ ਗਿਆ ਦਿਸੇਗਾ। ਇਕ ਮੁਸਾਫ਼ਰ ਨੇ ਆਪਣੇ ਮੋਬਾਈਲ ਫੋਨ ਰਾਹੀਂ ਉਹ ਦ੍ਰਿਸ਼ ਰਿਕਾਰਡ ਕਰ ਲਿਆ, ਜਿਸ ਵਿਚ ਦੋ ਮੁਟਿਆਰਾਂ, ਉਨ੍ਹਾਂ ਨੂੰ ਤੰਗ ਕਰ ਰਹੇ ਤਿੰਨ ਗੁੰਡਿਆਂ ਨੂੰ ਬੈਲਟਾਂ ਤੇ ਮੁੱਕਿਆਂ ਨਾਲ਼ ‘ਸਬਕ ਸਿਖਾ ਰਹੀਆਂ’ ਸਨ ਜਦੋਂ ਕਿ ਮੁਸਾਫ਼ਰਾਂ ਨਾਲ਼ ਭਰੀ ਹੋਈ ਉਸ ਬੱਸ ਵਿਚੋਂ ਕੋਈ ਵੀ ਉਨ੍ਹਾਂ ਦੀ ਮੱਦਦ ਕਰਨ ਨਹੀਂ ਉੱਠਿਆ। ਹੋਰ ਤਾਂ ਹੋਰ, ਬੱਸ ਦਾ ਡਰਾਈਵਰ ਅਤੇ ਕੰਡੱਕਟਰ ਵੀ ‘ਤਮਾਸ਼ਾ’ ਦੇਖਦੇ ਰਹੇ।
ਭਾਵੇਂ ਇਸ ਮਾਮਲੇ ਦੇ ਮੁਲਜ਼ਮ ਹਿਰਾਸਤ ਵਿਚ ਲੈ ਲਏ ਗਏ ਸਨ, ਪਰ ਲੋਕਾਂ ਦਾ ਇਹ ਲਾਪ੍ਰਵਾਹੀ ਭਰਿਆ ਵਤੀਰਾ ਵੀ ਇਸ ਸਮੱਸਿਆ ਨੂੰ ਹੋਰ ਵੱਡੀ ਬਣਾਉਣ ਵਿਚ ਸਹਾਈ ਹੋਇਆ ਹੈ। ਭਾਵੇਂ ਲੋਕਾਂ ਵੱਲੋਂ ਕਾਨੂੰਨ ਨੂੰ ਆਪਣਾ ਘੋੜਾ ਬਣਾ ਲਏ ਜਾਣ ਦੀ ਆਸ ਨਹੀਂ ਰੱਖੀ ਜਾਣੀ ਚਾਹੀਦੀ, ਪਰ ਬੱਸ ਵਿਚ ਸਵਾਰ ਹੋਰ ਮੁਸਾਫ਼ਰ ਇਸ ਸਬੰਧ ਵਿਚ ਹਾਅ ਦਾ ਨਾਅਰਾ ਤਾਂ ਮਾਰ ਹੀ ਸਕਦੇ ਸਨ। ਡਰਾਈਵਰ ਬੱਸ ਰੋਕ ਸਕਦਾ ਸੀ, ਕੋਈ ਨਾ ਕੋਈ ਮੁਸਾਫ਼ਰ ਪੁਲੀਸ ਨੂੰ ਫੋਨ ਕਰ ਸਕਦਾ ਸੀ। ਪਰ ਇਹੋ ਜਿਹਾ ਕੁੱਝ ਵੀ ਨਾ ਹੋਇਆ।”
ਇਹ ਘਟਨਾ ਵਾਪਰਨ ਤੋਂ ਕਾਫੀ ਸਮਾਂ ਮਗਰੋਂ ਇਸਤਰੀ ਕਮਿਸ਼ਨ, ਹਰਿਆਣਾ ਦੀ ਮੀਤ-ਪ੍ਰਧਾਨ ਨੇ ਬਹੁਤ ਹੀ ਵਾਹਯਾਤ ਬਿਆਨ ਦਾਗ਼ ਸੁੱਟਿਆ ਕਿ ਉਹ ਵਾਰਦਾਤ ਦਾ ਮੌਕਾ ਦੇਖੇਗੀ। ਸੱਪ ਲੰਘ ਜਾਣ ਮਗਰੋਂ ਧਰਤੀ ਉੱਤੇ ਪਈ ਹੋਈ ਲਕੀਰ ਦੀਆਂ ਫੋਟੋ ਖਿੱਚਣ ਨਾਲ਼ ਸੱਪ ਤਾਂ ਨਹੀਂ ਫੜਿਆ ਜਾਂਦਾ। ਇਸ ਸਬੰਧ ਵਿਚ ਕਈ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਲੋਕ ਇਹੋ ਜਿਹੇ ਮਾਮਲਿਆਂ ਵਿਚ ਮਜ਼ਲੂਮਾਂ ਦੀ ਮੱਦਦ ਕਰਨ ਨਹੀਂ ਆਉਂਦੇ ਕਿਉਂ ਕਿ ਉਨ੍ਹਾਂ ਨੂੰ ਡਰ ਹੁੰਦੈ ਕਿ ਬਾਅਦ ਵਿਚ ਜਾਂ ਤਾਂ ਪੁਲੀਸ ਉਨ੍ਹਾਂ ਨੂੰ ਪੁੱਛ-ਪੜਤਾਲ ਵਿਚ ਜਾਂ ਗਵਾਹੀਆਂ ਵਗ਼ੈਰਾ ਲਈ ਕਚਹਿਰੀਆਂ ਵਿਚ ਖੱਜਲ ਕਰਦੀ ਧੂਈ ਫਿਰੂਗੀ ਤੇ ਉਹ ਖ਼ਾਮਖ਼ੁਆਹ ਹੀ ਉਸ ਰੱਫੜ ਵਿਚ ਪੈ ਜਾਣਗੇ, ਜਿਸ ਨਾਲ਼ ਉਨ੍ਹਾਂ ਦਾ ਨਾ ਕੋਈ ਲੈਣਾ ਸੀ, ਨਾ ਦੇਣਾ। ਇਸ ਦੇ ਨਾਲ਼ ਹੀ ਚਾਰੇ ਪਾਸਿਓਂ ਇਹ ਮੰਗ ਵੀ ਉੱਠ ਖੜ੍ਹੀ ਹੋਈ ਕਿ ਇਨ੍ਹਾਂ ‘ਬਹਾਦਰ ਕੁੜੀਆਂ’ ਨੂੰ ਇਨਾਮ-ਇਕਰਾਮ ਦਿੱਤਾ ਜਾਵੇ।
ਇਨ੍ਹਾਂ ਕੁੜੀਆਂ ਵੱਲੋਂ ‘ਗੁੰਡਿਆਂ’ ਦਾ ਮੁਕਾਬਲਾ ਕਰਨ ਵੇਲ਼ੇ ਦੀ ਵਿਡੀਓ ਨਾ ਸਿਰਫ਼ ਟੀਵੀ ਚੈਨਲਾਂ ਉੱਪਰ ਦਿਖਾਈ ਗਈ, ਸਗੋਂ ਇੰਟਰਨੈੱਟ ਉੱਤੇ ਵੀ ਬਹੁਤ ਦੇਖੀ ਗਈ। ਇਹ ਵਿਡੀਓ ਦੇਖਣੀ ਅਜੇ ਜਾਰੀ ਹੀ ਸੀ ਕਿ ਇਨ੍ਹਾਂ ਕੁੜੀਆਂ ਵੱਲੋਂ ਹੀ ਕੁੱਝ ਹੋਰ ਮੁੰਡਿਆਂ ਨੂੰ ਫੈਂਟਾ ਲਾਉਣ ਦੀ ਇਕ ਹੋਰ ਵਿਡੀਓ ਸਾਹਮਣੇ ਆ ਗਈ। ਇਸ ਵਿਡੀਓ ਵਿਚ, ‘ਪੂਜਾ’ ਅਤੇ ‘ਆਰਤੀ’ (ਉਮਰ ਸਿਲਸਿਲੇਵਾਰ 19 ਅਤੇ 22 ਸਾਲ) ਨਾਵਾਂ ਵਾਲ਼ੀਆਂ ਇਹ ਕੁੜੀਆਂ ਰੋਹਤਕ ਦੇ ਇਕ ਪਾਰਕ ਵਿਚ ਇਕ ਮੁੰਡੇ ਨੂੰ ਘਸੁੰਨਾਂ-ਮੁੱਕਿਆਂ ਨਾਲ਼ ਕੁੱਟਦੀਆਂ ਅਤੇ ਗਾਲ਼ਾਂ ਕੱਢਦੀਆਂ ਦਿਸਦੀਆਂ ਹਨ।
ਦੂਜੀ ਵਿਡੀਓ ਸਾਹਮਣੇ ਆਉਣ ਦੀ ਦੇਰ ਸੀ ਕਿ ਕੱਲ੍ਹ ਤਕ ਮਜ਼ਲੂਮ ਜਾਪਦੀਆਂ ‘ਪੂਜਾ ਕੁਹਾਰ’ ਤੇ ‘ਆਰਤੀ ਕੁਹਾਰ’, ਜਿਨ੍ਹਾਂ ਦੀ ਲੋਕ ਪੂਜਾ ਕਰਨ ਅਤੇ ਆਰਤੀ ਉਤਾਰਨ ਤਕ ਚਲੇ ਗਏ ਸਨ, ਇਕ ਦਮ ਕੁੱਝ ਤੋਂ ਕੁੱਝ ਹੋ ਗਈਆਂ ਲੱਗੀਆਂ। ਇਸ ਨਵੀਂ ਵਿਡੀਓ ਨੇ ਸਮਾਜਕ ਹਲਕਿਆਂ ਵਿਚ ਬਹਿਸ ਛੇੜ ਦਿੱਤੀ ਤੇ ਲੋਕਾਂ ਦੀ ਧੜੇ-ਵੰਡ ਹੋ ਗਈ। ਇਸ ਸਬੰਧ ਵਿਚ ਦੋਹਾਂ ਵਿਚੋਂ ਛੋਟੀ ਪੂਜਾ ਨੇ ਦੱਸਿਆ ਕਿ ਇਹ ਵਿਡੀਓ ਦੋ ਮਹੀਨੇ ਪੁਰਾਣੀ ਘਟਨਾ ਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਉਸ ‘ਛੋਹਰੇ’ ਨੂੰ, ਉਸ ਵੱਲੋਂ ਉਨ੍ਹਾਂ ਨੂੰ ਗੰਦਾ ਬੋਲ ਮਾਰਨ ਦੀ ਵਜ੍ਹਾ ਨਾਲ਼ ਕੁੱਟਿਆ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਅਤੇ ਉਸ ਦੀ ਭੈਣ ਆਰਤੀ ਕੁਹਾਰ ਰਲ਼ ਕੇ ਪਿਛਲੇ ਇਕ ਸਾਲ ਦੌਰਾਨ ਕਈ ਮੁੰਡਿਆਂ ਨੂੰ ਕੁੱਟ ਹਟੀਆਂ ਹਨ। “ਇਸ ਲੀਏ ਯੇਹ ਵਿਡੀਓ ਤੋ ਕਿਆ, ਔਰ ਬਹੂਤ ਸੀ ਵਿਡੀਓ ਦੇਖਣੇ ਕੋ ਮਿਲ ਸਕਤੀ ਹੈਂ,” ਪੂਜਾ ਕੁਹਾਰ ਫ਼ਰਮਾਉਂਦੀ ਹੈ।
ਜਦੋਂ ਉਨ੍ਹਾਂ ਦੋਹਾਂ ਭੈਣਾਂ ਨੂੰ ਉਨ੍ਹਾਂ ਦੇ ‘ਮਸ਼ਹੂਰ’ ਹੋ ਜਾਣ ਸਬੰਧੀ ਪੁੱਛਿਆ ਗਿਆ ਤਾਂ ਪੂਜਾ ਨੇ ਕਿਹਾ, “ਹਮ ਇੱਜਤ ਦਾਓ ਪਰ ਲਗਾਨੇ ਕੀ ਕੀਮਤ ਪਰ ਮਸਹੂਰ ਹੋਨਾ ਯਾ ਸਟਾਰ ਬਨਨਾ ਨਹੀਂ ਚਾਹਤੀਂ। ਹਮ ਬਹੂਤ ਸੀਧੀ ਸੀ ਛੋਹਰੀਆਂ ਹੈਂ, ਹਮ ਏਕ ਬਾਤ ਸੇ ਹੀ ਔਰੋਂ ਸੇ ਅਲੱਗ ਹੈਂ ਕਿ ਹਮ ਅਨਿਆਇ ਸਹਿਨ ਕਰਨੇ ਮੇਂ ਵਿਸਵਾਸ ਨਹੀਂ ਰਖਤੀਂ ਔਰ ਸਮਝਤੀਂ ਹੈਂ ਕਿ ਐਸਾ ਕਰਨਾ ਗ਼ਲਤ ਹੈ। ਦੂਸਰੀ ਛੋਹਰੀਆਂ ਯੇਹ ਸਬ ਚੁਪਚਾਪ ਸਹਿਨ ਕਰ ਲੇਤੀਂ ਹੈਂ ਸਾਇਦ! ਹਾਂ, ਏਕ ਬਾਤ ਹੈ ਕਿ ਇਨ ਘਟਨਾਓਂ ਕੇ ਬਾਦ ਲੋਗੋਂ ਕੀ ਔਰ ਸੇ ਜੋ ਸਾਬਾਸੀ ਮਿਲੀ ਹੈ, ਉਸ ਸੇ ਹਮੇਂ ਸਕਤੀ ਮਿਲੀ ਹੈ।”
ਆਰਤੀ ਦਾ ਕਹਿਣ ਹੈ, “ਅਗਰ ਕੋਈ ਛੋਹਰਾ ਕਿਸੀ ਛੋਹਰੀ ਕੋ ਨਿਸਾਨਾ ਬਨਾ ਕਰ ਗੰਦੀ ਬਾਤ ਕਹਿਤਾ ਹੈ ਤੋ ਉਸ ਕੋ ਐਸੇ ਹੀ ਚੁਪਚਾਪ ਸਹਿਨ ਕਰ ਜਾਨਾ ਉਸ ਛੋਹਰੀ ਕੀ ਪਹਿਲੀ ਗ਼ਲਤੀ ਹੋਗੀ।” ਇਸ ਦੌਰਾਨ ਇਸ ਮਾਮਲੇ ਦੇ ਤੇਹਾਂ ਮੁਲਜ਼ਮਾਂ ਕੁਲਦੀਪ, ਦੀਪਕ ਅਤੇ ਮੋਹਿਤ ਨੂੰ ਫੜ ਲਿਆ ਗਿਆ ਤੇ ਫੇਰ ਜ਼ਮਾਨਤ ਉੱਤੇ ਛੱਡ ਵੀ ਦਿੱਤਾ ਗਿਆ।
ਪੂਜਾ ਅਤੇ ਆਰਤੀ ਨੂੰ ਮਜ਼ਲੂਮ ਬਣਾ ਕੇ ਪੇਸ਼ ਕਰਨ ਦੇ ਨਤੀਜੇ ਵਜੋਂ ਉਸ ਡਰਾਈਵਰ ਅਤੇ ਕੰਡੱਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਬੱਸ ਵਿਚ ਇਹ ਵਾਰਦਾਤ ਹੋਈ ਸੀ। ਹਰਿਆਣਾ ਦੇ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਹੁਕਮ ਦਿੱਤਾ ਕਿ ਬੱਸ ਨੰਬਰ ਐੱਚ. ਆਰ.-69-6150 ਦੇ ਡਰਾਈਵਰ ਬਲਵਾਨ ਸਿੰਘ ਅਤੇ ਕੰਡੱਕਟਰ ਲਾਭ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੁਅੱਤਲੀ ਦਾ ਹੁਕਮ, ਹਰਿਆਣਾ ਰੋਡਵੇਜ਼, ਸੋਨੀਪਤ ਦੇ ਜਨਰਲ ਮੈਨੇਜਰ ਦੇ ਦਸਤਖ਼ਤਾਂ ਹੇਠ ਹੇਠ ਜਾਰੀ ਕੀਤਾ ਗਿਆ ਸੀ।
ਕਹਿੰਦੇ ਹਨ ਕਿ ਇਹ ਦੋਵੇਂ ਕੁੜੀਆਂ ਉੱਪਰ ਦੱਸੇ ਹੋਏ ਨੰਬਰ ਵਾਲ਼ੀ ਸਰਕਾਰੀ ਬੱਸ ਵਿਚ ਸਵਾਰ ਹੋ ਕੇ ਆਪਣੇ ਕਾਲਜ ਜਾ ਰਹੀਆਂ ਸਨ ਕਿ ਬੱਸ ਵਿਚ ਮੁਲਜ਼ਮਾਂ ਨੇ ਉਨ੍ਹਾਂ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਕੁੜੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਕੁੜੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੜੀਆਂ ਦੇ ਬਾਪ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮੁੰਡਿਆਂ ਦੇ ਖ਼ਿਲਾਫ਼ ਦਿੱਤੀ ਹੋਈ ਦਰਖ਼ਾਸਤ ਵਾਪਸ ਲੈ ਲੈਣ।
ਲੋਕਾਂ ਵਿਚ ਇਸ ਘਟਨਾ ਦਾ ਅਸਰ ਵੀ ਵੰਨ-ਸੁਵੰਨੇ ਢੰਗ ਨਾਲ਼ ਹੋਇਆ ਹੈ। ਪੁਲੀਸ ਅਫ਼ਸਰ ਰਹੀ ਕਿਰਨ ਬੇਦੀ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲਿਖੇ ਇਕ ਲੇਖ ਵਿਚ ਇਸ ਘਟਨਾ ਦੀ ਵਿਸ਼ੇਸ਼ ਚਰਚਾ ਕੀਤੀ ਹੈ। ਇਸ ਲੇਖ ਵਿਚ ਕਿਰਨ ਬੇਦੀ ਨੇ ਇਹ ਘਟਨਾ, ਸਮਾਜ ਲਈ ਇਕ ਸੀਸ਼ੇ ਦੇ ਤੁੱਲ ਕਰਾਰ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜਦੋਂ ਚੱਲਦੀ ਬੱਸ ਵਿਚ ਤਿੰਨ ਹੱਟੇ-ਕੱਟੇ ਮਰਦ, ਕਾਲਜ ਜਾ ਰਹੀਆਂ ਦੋ ਕੁੜੀਆਂ ਨਾਲ਼ ਛੇੜਖਾਨੀਆਂ ਕਰ ਰਹੇ ਸਨ ਤਾਂ ਭਰੀ ਬੱਸ ਵਿਚੋਂ ਕਿਸੇ ਵੀ ਮੁਸਾਫ਼ਰ ਨੇ ਉਨ੍ਹਾਂ ਕੁੜੀਆਂ ਦੀ ਮੱਦਦ ਨਾ ਕੀਤੀ। ਇਸ ਕਰ ਕੇ ਇਹ ਘਟਨਾ, ਭਾਰਤੀ ਸਮਾਜ ਲਈ ਇਕ ਸ਼ੀਸ਼ਾ ਹੈ। ਕੰਡੱਕਟਰ ਅਤੇ ਡਰਾਈਵਰ ਨੇ ਆਪਣਾ ਫ਼ਰਜ਼ ਪੂਰਾ ਨਹੀਂ ਕੀਤਾ ਜਦੋਂ ਕਿ ਉਨ੍ਹਾਂ ਵੱਲੋਂ ਬੱਸ ਸਿੱਧੀ ਹੀ ਥਾਣੇ ਲਿਜਾ ਕੇ ਰੋਕਣੀ ਬਣਦੀ ਸੀ। ਇਕ ਤਰ੍ਹਾਂ ਨਾਲ਼ ਉਹ ਵੀ ਗੁਨਾਹਗ਼ਾਰਾਂ ਨਾਲ਼ ਰਲ਼ ਗਏ।
ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਕਮੈਂਟਾਂ ਰਾਹੀਂ ਧੂੜਾਂ ਪੁੱਟੀ ਰੱਖੀਆਂ।ਇਹ ਧੂੜਾਂ ਪੁੱਟਣ ਵਾਲ਼ਿਆਂ ਵਿਚ ਆਮ ਲੋਕਾਂ ਦੇ ਨਾਲ਼-ਨਾਲ਼ ਫ਼ਰੀਦਾ ਪਿੰਟੋ, ਅਮੀਸ਼ਾ ਪਟੇਲ, ਰਣਦੀਪ ਹੂਡਾ, ਰਣਵੀਰ ਸ਼ੋਰੀ ਵਰਗੀਆਂ ਫ਼ਿਲਮੀ ਹਸਤੀਆਂ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਕੁੜੀਆਂ ਵੱਲੋਂ ‘ਹਿੰਮਤ ਕਰਨ’ ਦੀ ਸ਼ਲਾਘਾ ਕੀਤੀ। ‘ਟਵਿੱਟਰ’ ਉੱਤੇ ਕੀਤੀ ਆਪਣੀ ਟਿੱਪਣੀ ਵਿਚ ਕਮਾਲ ਆਰ ਖ਼ਾਨ ਨੇ ਇਨ੍ਹਾਂ ਕੁੜੀਆਂ ਨੂੰ ‘ਮਰਦਾਨੀ’ ਲਕਬ ਦਿੱਤਾ। ਅਮੀਸ਼ਾ ਪਟੇਲ ਨੇ ਕੁੜੀਆਂ ਦੀ ਸਿਫ਼ਤ ਕਰਨ ਦੇ ਨਾਲ਼-ਨਾਲ਼ ‘ਚੁੱਪ ਕਰ ਕੇ ਤਮਾਸ਼ਾ ਦੇਖਣ ਵਾਲ਼ਿਆਂ’ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਹਨ।
ਚਾਰੇ ਪਾਸੇ ਇਨ੍ਹਾਂ ਕੁੜੀਆਂ ਦੀ ਜੈ-ਜੈਕਾਰ ਹੋ ਜਾਣ ਮਗਰੋਂ ਹਰਿਆਣਾ ਸਰਕਾਰ ਨੇ ਇਨ੍ਹਾਂ ਕੁੜੀਆਂ ਦਾ ਜਨਤਕ ਰੂਪ ਵਿਚ ਸਨਮਾਨ ਕਰਨ ਦਾ ਐਲਾਨ ਕਰ ਸੁੱਟਿਆ, ਪਰ ਇਨ੍ਹਾਂ ਕੁੜੀਆਂ ਵੱਲੋਂ ਦੋ ਕੁ ਮਹੀਨੇ ਪਹਿਲਾਂ ਇਕ ਪਾਰਕ ਵਿਚ ਇਕ ਮੁੰਡੇ ਨੂੰ ਕੁੱਟਣ ਦੀ ਵਿਡੀਓ ਬਾਹਰ ਆ ਜਾਣ ਅਤੇ ਕੁੜੀਆਂ ਵੱਲੋਂ ਇਹੋ ਜਿਹੀਆਂ ਕਈ ਹੋਰ ਵਿਡੀਓ ਵੀ ਬਣੀਆਂ ਹੋਣ ਦਾ ਇੰਕਸ਼ਾਫ਼ ਕੀਤੇ ਜਾਣ ਮਗਰੋਂ ਹਰਿਆਣਾ ਸਰਕਾਰ ਨੂੰ ਬੱਸ ਦੇ ਕੰਡੱਕਟਰ ਅਤੇ ਡਰਾਈਵਰ ਨੂੰ ਹੀ ਬਹਾਲ ਕਰਨਾ ਨਹੀਂ ਪਿਆ, ਸਗੋਂ ਕੁੜੀਆਂ ਦਾ ਜਨਤਕ ਸਨਮਾਨ ਕਰਨ ਦੇ ਸਬੰਧ ਵਿਚ ਕੀਤਾ ਹੋਇਆ ਐਲਾਨ ਵੀ ਅਣਚਿੱਥਿਆ ਹੀ ਨਿਗਲਣਾ ਪੈ ਗਿਆ ਹੈ।
ਦੋ ਦਸੰਬਰ ਨੂੰ ਜਿਨ੍ਹਾਂ ਕੁੜੀਆਂ ਨੂੰ ‘ਮਰਦਾਨੀਆਂ’ ਬਣਾ ਕੇ ਪੇਸ਼ ਕੀਤਾ ਗਿਆ ਸੀ, ਚਾਰ ਦਸੰਬਰ ਨੂੰ ਉਨ੍ਹਾਂ ਦੇ ਸਬੰਧ ਵਿਚ ਹਰਿਆਣਾ ਸਰਕਾਰ ਇਹ ਐਲਾਨ ਕਰ ਰਹੀ ਸੀ ਕਿ ਜਿੰਨਾ ਚਿਰ ਰੋਹਤਕ ਬੱਸ ਕਾਂਡ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਕੁੜੀਆਂ ਦਾ ਸਨਮਾਨ ਨਹੀਂ ਕੀਤਾ ਜਾਵੇਗਾ ਕਿਉਂ ਕਿ ਇਸੇ ਹੀ ਖ਼ਬਰ ਦੀ ਇਕ ਹੋਰ ਤਰਜਮਾਨੀ ਸਾਹਮਣੇ ਆ ਗਈ ਸੀ। ਇਸ ਨਵੀਂ ਤਰਜਮਾਨੀ ਮੁਤਾਬਕ, ਜਿਸ ਬੱਸ ਵਿਚ ਇਹ ਕਾਂਡ ਵਾਪਰਿਆ ਸੀ, ਉਸ ਵਿਚ ਸਵਾਰ ਕੁੱਝ ਮੁਸਾਫ਼ਰਾਂ ਨੇ ਇਹ ਕਹਿ ਦਿੱਤਾ ਕਿ ਕੁੱਟੇ ਗਏ ਮੁੰਡੇ ਬੇਕਸੂਰ ਹਨ। ਇਸ ਕਰ ਕੇ ਹੀ ਸਰਕਾਰ ਵੱਲੋਂ ਕੁੜੀਆਂ ਦਾ ਸਨਮਾਨ ਕਰਨ ਦਾ ਐਲਾਨ ਠੁੱਸ ਜਿਹਾ ਹੋ ਕੇ ਰਹਿ ਗਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਸਬੰਧ ਵਿਚ ਏਦਾਂ ਕਿਹਾ ਹੈ, “ਸਰਕਾਰ ਇਸ ਮਾਮਲੇ ਦੀ ਜਾਂਚ ਬਹੁਤ ਹੀ ਨਿਰਪੱਖ ਅਤੇ ਪਰਦਰਸ਼ੀ ਢੰਗ ਨਾਲ਼ ਕਰਾ ਰਹੀ ਹੈ ਅਤੇ ਦੋਹਾਂ ਕੁੜੀਆਂ ਨੂੰ ਗਣਰਾਜ ਦਿਹਾੜੇ ਮੌਕੇ ਸਨਮਾਨਣ ਦਾ ਫੈਸਲਾ, ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਰਿਪੋਰਟ ਦੇ ਆਧਾਰ ਉੱਤੇ ਕੀਤਾ ਜਾਵੇਗਾ।” ਇਸ ਦੌਰਾਨ ਹੀ, ਕੁੱਟੇ ਗਏ ਮੁੰਡਿਆਂ ਦੇ ਮਾਪਿਆਂ ਨੇ ਰੋਹਤਕ ਵਿਖੇ ਖੱਟਰ ਨਾਲ਼ ਮੁਲਾਕਾਤ ਕਰ ਕੇ, ਇਸ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ਼ ਕਰਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ਼ ਹੀ ਲੱਕੜ ਨਾਲ਼ ਲੋਹਾ ਵੀ ਤਰ ਗਿਆ ਕਿਉਂ ਕਿ ਸਰਕਾਰ ਨੇ ਮੁਅੱਤਲ ਕੀਤੇ ਹੋਏ ਬੱਸ ਡਰਾਈਵਰ ਅਤੇ ਕੰਡੱਕਟਰ ਦੀ ਮੁਅੱਤਲੀ ਰੱਦ ਕਰ ਕੇ ਉਨ੍ਹਾਂ ਨੂੰ ਡਿਊਟੀਆਂ ’ਤੇ ਸੱਦ ਲਿਆ ਹੈ।
ਜਿਹੜੀ ਦੂਜੀ ਵਿਡੀਓ ਸਾਹਮਣੇ ਆਈ ਹੈ, ਉਸ ਵਿਚ ਵੀ ਇਨ੍ਹਾਂ ਦੋਹਾਂ ਕੁੜੀਆਂ ਨੂੰ ਇਕ ਪਾਰਕ ਵਿਚ ਇਕ ਮੁੰਡੇ ਨੂੰ ਕੁੱਟਦੀਆਂ ਦਿਖਾਇਆ ਗਿਆ ਹੈ। ਇਸ ਵਿਡੀਓ ਨਾਲ਼ ਇਹ ਰੱਫੜ ਹੋਰ ਹੀ ਪਾਸੇ ਨੂੰ ਮੁੜ ਗਿਆ ਹੈ ਕਿਉਂ ਕਿ ਜਿਹੜੇ ਦੋ ਜਣਿਆਂ ਨੇ ਇਸ ਘਟਨਾ ਦੇ ਮੌਕੇ ਦੇ ਗਵਾਹ ਹੋਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਦਾ ਕਹਿਣ ਹੈ ਕਿ ਇਸ ਘਟਨਾ ਦੌਰਾਨ ਕੁੜੀਆਂ ਨੇ ਉਸ ਮੁੰਡੇ ਨੂੰ ਉਦੋਂ ਕੁੱਟਣਾ, ਗਾਲ਼ਾਂ ਕੱਢਣੀਆਂ ਅਤੇ ਉਸ ਦੇ ਕੱਪੜੇ ਪਾੜਨੇ ਸ਼ੁਰੂ ਕੀਤੇ ਸਨ, ਜਦੋਂ ਉਸ ਨੇ ਉਨ੍ਹਾਂ ਕੁੜੀਆਂ ਨੂੰ ਇੰਨਾ ਹੀ ਕਿਹਾ ਸੀ ਕਿ ਉਹ ਕਾਲਜ ਜਾਣ ਦੀ ਥਾਂ, ਪਾਰਕ ਵਿਚ ਬੈਠ ਕੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੀਆਂ ਹਨ।
ਚਾਰ ਦਸੰਬਰ ਨੂੰ ਹੀ ਦੋ ਗਵਾਹਾਂ ਨੇ ਰੋਹਤਕ ਵਾਲ਼ੀ ਬੱਸ ਵਿਚ ਕੁੜੀਆਂ ਵੱਲੋਂ ਕੀਤਾ ਹੋਇਆ ਇਹ ਦਾਅਵਾ ਝੁਠਲਾ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਕੁੱਟ ਖਾਣ ਤੋਂ ਪਹਿਲਾਂ, ਉਨ੍ਹਾਂ ਤੇਹਾਂ ਮੁੰਡਿਆਂ ਨੇ ਉਨ੍ਹਾਂ ਨਾਲ਼ ਝੇੜਖ਼ਾਨੀਆਂ ਕੀਤੀਆਂ ਸਨ। ‘ਹਿੰਦੁਸਤਾਨ ਟਾਈਮਜ਼’ ਦੇ ਪੱਤਰ-ਪ੍ਰੇਰਕ ਸਤ ਸਿੰਘ ਨੇ ਰੋਹਤਕ ਤੋਂ ਭੇਜੀ ਹੋਈ ਖ਼ਬਰ ਵਿਚ ਕਿਹਾ ਹੈ ਕਿ ਦੋ ਨਵੇਂ ਗਵਾਹਾਂ ਨੇ ਮੁਲਜ਼ਮ ਸਮਝੇ ਜਾਂਦੇ ਮੁੰਡਿਆਂ ਵੱਲੋਂ ਕੁੜੀਆਂ ਨੂੰ ਜਿਨਸੀ ਪੱਖੋਂ ਛੇੜੇ ਜਾਣ ਦੇ ਸਬੰਧ ਵਿਚ ਕੀਤੇ ਗਏ ਦਾਅਵੇ ਪੂਰੀ ਤਰ੍ਹਾਂ ਨਕਾਰ ਸੁੱਟੇ ਹਨ। ਉਨ੍ਹਾਂ ਨੇ ਹਲਫ਼ੀਆ ਬਿਆਨ ਦੇ ਕੇ ਕਿਹਾ ਹੈ ਕਿ 28 ਨਵੰਬਰ ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਦੋ ਕੁੜੀਆਂ ਵੱਲੋਂ ਸਭ ਦੇ ਸਾਹਮਣੇ ਕੁੱਟੇ ਗਏ ਮੁੰਡਿਆਂ ਕੁਲਦੀਪ, ਦੀਪਕ ਅਤੇ ਮੋਹਿਤ ਨੇ ਕੁੜੀਆਂ ਨਾਲ਼ ਕੋਈ ਛੇੜਖ਼ਾਨੀ ਨਹੀਂ ਕੀਤੀ ਸੀ। ਇਸੇ ਹੀ ਬੱਸ ਵਿਚ ਸਫ਼ਰ ਕਰਨ ਦਾ ਦਾਅਵਾ ਕਰਦਿਆਂ ਪੰਜ ਹੋਰ ਵਿਅਕਤੀਆਂ, ਜਿਨ੍ਹਾਂ ਵਿਚ ਕੁੱਝ ਔਰਤਾਂ ਵੀ ਸ਼ਾਮਲ ਹਨ, ਨੇ ਵੀ ਪੱਤਰਕਾਰਾਂ ਨੂੰ ਹਲਫ਼ੀਆ ਬਿਆਨ ਦਿੰਦਿਆਂ ਬਹੁਤ ਜ਼ੋਰ ਨਾਲ਼ ਇਹ ਗੱਲ ਕਹੀ ਹੈ ਕਿ ਕੁੱਟੇ ਗਏ ਮੁੰਡਿਆਂ ਨਾਲ਼ ਧੱਕਾ ਕੀਤਾ ਗਿਆ ਹੈ।
ਸੋਨੀਪਤ ਜ਼ਿਲੇ ਦੀ ਰਹਿਣ ਵਾਲ਼ੀ ਬਿਮਲਾ ਨਾਂ ਦੀ ਇਕ ਔਰਤ ਨੇ ਆਪਣੇ ਹਲਫ਼ੀਆ ਬਿਆਨ ਵਿਚ ਕਿਹਾ ਹੈ ਕਿ ਉਹ ਰੋਹਤਕ ਬੱਸ ਅੱਡੇ ਉੱਤੇ ਬੱਸ ਉਡੀਕ ਰਹੀ ਸੀ। ਜਿਉਂ ਹੀ ਬੱਸ ਆ ਕੇ ਕਾਊਂਟਰ ਉੱਤੇ ਲੱਗੀ, ਉਸ ਨੇ (ਬਾਅਦ ਵਿਚ ਕੁੱਟੇ ਗਏ) ਦੋ ਮੁੰਡਿਆਂ ਨੂੰ, ਆਪਣੇ ਤੇ ਆਪਣੇ ਨਾਲ਼ ਦੀ ਇਕ ਹੋਰ ਔਰਤ, ਜੋ ਤੰਦਰੁਸਤ ਨਹੀਂ ਸੀ, ਖ਼ਾਤਰ ਦੋ ਸੀਟਾਂ ਮੱਲਣ ਲਈ ਕਿਹਾ। ਜਦੋਂ ਉਨ੍ਹਾਂ ਮੁੰਡਿਆਂ ਨੇ ਪੂਜਾ ਅਤੇ ਆਰਤੀ ਨੂੰ, ਉਸ ਬਿਮਾਰ ਔਰਤ ਖ਼ਾਤਰ ਸੀਟ ਛੱਡਣ ਲਈ ਕਿਹਾ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਹੀ ਨਹੀਂ ਕਰ ਦਿੱਤਾ, ਸਗੋਂ ਉਹ ਤਾਂ ਅੱਗੋਂ ਲੋਹੀਆਂ-ਲਾਖੀਆਂ ਵੀ ਹੋ ਗਈਆਂ। ਫਿਰ ਉਨ੍ਹਾਂ ਵਿਚਾਲ਼ੇ ਬੋਲ-ਬੁਰਾਲ਼ਾ ਸ਼ੁਰੂ ਹੋ ਗਿਆ ਤੇ ਕੁੜੀਆਂ ਨੇ ਮੁੰਡਿਆਂ ਉੱਤੇ ਬੈਲਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਹੋਰ ਕੁੜੀ ਨੇ ਆਪਣੇ ਮੋਬਾਈਲ ਫੋਨ ਰਾਹੀਂ ਇਸ ਸਭ ਕੁੱਝ ਦੀ ਰਿਕਾਰਡਿੰਗ ਕਰ ਲਈ। ਬਿਮਲਾ ਨੇ ਆਪਣੇ ਹਲਫ਼ੀਆ ਬਿਆਨ ਵਿਚ ਕਿਹਾ ਹੋਇਆ ਹੈ ਕਿ ਮੁੰਡਿਆਂ ਨੂੰ ਆਪਣੇ ਬਚਾਅ ਲਈ ਬੱਸ ਵਿਚੋਂ ਛਾਲਾਂ ਮਾਰਨੀਆਂ ਪਈਆਂ ਸਨ। ਕੁੜੀਆਂ ਦੇ ਪਿੰਡ ਥਾਨਾ ਖ਼ੁਰਦ ਦੀਆਂ ਤਿੰਨ ਔਰਤਾਂ, ਜੋ ਉਸ ਬੱਸ ਵਿਚ ਸਵਾਰ ਸਨ, ਨੇ ਵੀ ਇਸੇ ਤਰ੍ਹਾਂ ਦੇ ਹੀ ਬਿਆਨ ਪੁਲੀਸ ਨੂੰ ਦਿੱਤੇ ਹਨ।
ਇਸ ਦੌਰਾਨ ਹੀ, ਰੋਹਤਕ ਦੇ ਇਕ ਪਾਰਕ ਵਿਚ, ਕੁੱਝ ਅਰਸਾ ਪਹਿਲਾਂ ਇਨ੍ਹਾਂ ਹੀ ਕੁੜੀਆਂ ਵੱਲੋਂ ਇਕ ਮੁੰਡੇ ਨੂੰ ਕੁੱਟਣ ਦੇ ਸਬੰਧ ਵਿਚ ਸਾਹਮਣੇ ਆਈ ਵਿਡੀਓ ਦੇ ਬਾਰੇ ਵੀ ਕੁੱਝ ਲੋਕਾਂ ਨੇ ਗਵਾਹੀਆਂ ਦਿੱਤੀਆਂ ਹਨ। ਰੋਹਤਕ ਦੇ ਪਿੰਡ ਬਕੇਟਾ ਦੇ ਰਹਿਣ ਵਾਲ਼ਿਆਂ ਵੀਰਿੰਦਰ ਧਨਕਰ ਅਤੇ ਯੋਗੇਸ਼ਵਰ ਨੇ ਕਿਹਾ ਕਿ ਉਹ ਇਸ ਘਟਨਾ ਵਾਲ਼ੇ ਦਿਨ ਹੁਡਾ ਸਿਟੀ ਪਾਰਕ ਵਿਚ ਮੌਜੂਦ ਸਨ। ਕੁੜੀਆਂ ਨੇ ਨਾ ਸਿਰਫ਼ ਉਸ ਮੁੰਡੇ ਨੂੰ ਗਾਲ਼ਾਂ ਕੱਢੀਆਂ ਸਨ, ਸਗੋਂ ਉਸ ਦੇ ਕੱਪੜੇ ਵੀ ਪਾੜੇ ਸਨ ਜਦੋਂ ਕਿ ਉਸ ਮੁੰਡੇ ਨੇ ਉਨ੍ਹਾਂ ਨੂੰ ਇੰਨਾ ਹੀ ਕਿਹਾ ਸੀ ਕਿ ਉਹ ਕਾਲਜ ਜਾਣ ਦੀ ਥਾਂ, ਪਾਰਕ ਵਿਚ ਬੈਠ ਕੇ ਆਪਣਾ ਸਮਾਂ ਖਰਾਬ ਕਿਉਂ ਕਰਦੀਆਂ ਹਨ।
ਸਬੰਧਤ ਬੱਸ ਦੇ ਕੰਡੱਕਟਰ ਲਾਭ ਸਿੰਘ ਦਾ ਕਹਿਣ ਹੈ, “ਇਹ ਮੁੰਡੇ-ਕੁੜੀਆਂ ਕਿਸੇ ਗੱਲੋਂ ਬਹਿਸ ਰਹੇ ਸਨ। ਮੈਂ ਕੁੜੀਆਂ ਨੂੰ ਪੁੱਛਿਆ ਕਿ ਮੈਂ ਡਰਾਈਵਰ ਨੂੰ ਬੱਸ ਥਾਣੇ ਲਿਜਾਣ ਲਈ ਕਹਾਂ ਜਾਂ ਨਾ। ਉਨ੍ਹਾਂ ਨੇ ਨਾ ਕਰ ਦਿੱਤੀ। ਮੁੰਡਿਆਂ ਵੱਲੋਂ ਉਨ੍ਹਾਂ ਨਾਲ਼ ‘ਬਦਸਲੂਕੀ’ ਕੀਤੀ ਜਾਣ ਮਗਰੋਂ ਕੁੜੀਆਂ ਨੇ ਮੁੰਡੇ ਕੁੱਟ ਸੁੱਟੇ। ਮੈਂ ਇਹੋ ਬਿਆਨ ਪੁਲੀਸ ਅੱਗੇ ਦਿੱਤਾ ਸੀ, ਪਰ ਮੈਨੂੰ ਫਿਰ ਵੀ ਮੁਅੱਤਲ ਕਰ ਦਿੱਤਾ ਗਿਆ।”
ਰੋਹਤਕ ਦੇ ਸੁਪਰਡੈਂਟ ਪੁਲੀਸ ਸ਼ਸ਼ਾਂਕ ਆਨੰਦ ਨੇ ਕਿਹਾ ਹੈ ਕਿ ਘਟਨਾ ਵਾਪਰਨ ਵੇਲ਼ੇ ਹਾਜ਼ਰ ਕੁੱਝ ਲੋਕਾਂ ਨੇ ਹਲਫ਼ੀਆ ਬਿਆਨ ਦਿੱਤੇ ਹਨ, ਜਿਨ੍ਹਾਂ ਦੀ ਰੌਸ਼ਨੀ ਵਿਚ ਇਸ ਮਾਮਲੇ ਦੀ ਜਾਂਚ ਬਹੁਤ ਬਾਰੀਕੀ ਨਾਲ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਰੋਹਤਕ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਨ ਲਈ 16 ਜਨਵਰੀ ਦਾ ਦਿਨ ਨਿਯਤ ਕੀਤਾ ਹੈ। ਇਸ ਸਭ ਕੁੱਝ ਦੇ ਬਾਵਜੂਦ ਪੂਜਾ ਅਤੇ ਆਰਤੀ ਦੇ ਸਨਮਾਨ ਹੋਣੇ ਜਾਰੀ ਹਨ। ਛਪਦੇ-ਛਪਦੇ: ਆਰਤੀ ਅਤੇ ਪੂਜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ, ਜਿਸ ਕਰ ਉਨ੍ਹਾਂ ਨੂੰ ਪੁਲੀਸ ਵੱਲੋਂ ਸੁਰੱਖਿਆ ਦਿੱਤੀ ਜਾਵੇ। #
