ਹਰਾਮਜ਼ਾਦੇ ਕਿ ਡਰਾਮਜ਼ਾਦੇ
ਬਖ਼ਸ਼ਿੰਦਰ
Cell Phone: +91-950-175-9494, Email:baabax@gmail.com
ਪਿਛਲੇ ਦਿਨੀਂ ਆਪਣੀ ‘ਮੋਦੀਆਂ ਆਲ਼ੀ ਸਰਕਾਰ’ ਨੇ ਮੁਲਕ ਦੀ ਪਾਰਲੀਮੈਂਟ ਵਿਚ ਕਿੰਨੇ ਹੀ ਦਿਨ ਜਿਹੜਾ ਝੰਜੂਆੜਾ ਪੁਆਈ ਰੱਖਿਆ, ਉਸ ਦੀ ਮਿਸਾਲ ਦੂਰ-ਦੂਰ ਤਕ ਨਹੀਂ ਲੱਭਣੀ। ਕਹਿੰਦੇ ਨੇ ਪਈ ਪਾਰਲੀਮੈਂਟ ਵਿਚ ਬੋਲਣ ਲਈ ਕੁੱਝ ਅਸੂਲਾਂ ਦੀ ਪਾਲਣਾ ਕਰਨੀ ਪੈਂਦੀ ਹੈ ਯਾਨੀ ‘ਗ਼ੈਰਪਾਰਲੀਮਾਨੀ ਭਾਸ਼ਾ’ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਪੈਂਦਾ ਹੈ। ਹੁਣ ਜਿਹੜਾ ’ਮਾਤੜ ਬੰਦਾ ਆਪਣੀ ਉਮਰ ਦਾ ਵੱਡਾ ਹਿੱਸਾ ਪਾਰਲੀਮੈਂਟ ਤੋਂ ਬਾਹਰ ਰਹਿ ਕੇ ‘ਗ਼ੈਰਪਾਰਲੀਮਾਨੀ ਬੋਲੀ’ ਬੋਲਦਾ ਰਿਹਾ ਹੋਵੇ, ਉਸ ਨੂੰ ਪਾਰਲੀਮੈਂਟ ਵਿਚ ਵਾੜਨ ਤੋਂ ਪਹਿਲਾਂ ਸੌ ਵਾਰੀ ਨਾ ਸਹੀ, ਸੱਤਰ-ਬਹੱਤਰ ਵਾਰੀ ਤਾਂ ਸੋਚਣਾ ਬਣਦਾ ਹੀ ਹੈ। ਪਹਿਲਾਂ ਸੋਚਣ ਵਾਲ਼ੀ ਗੱਲ ਤਾਂ ਹੁਣ ਅਗਲੀ ਵਾਰ ਦੇਖੀ ਜਾਊ, ਪਰ ਜਿਸ ਮਾਮਲੇ ਨੇ ਪਿਛਲੇ ਕਈ ਦਿਨ ਪਾਰਲੀਮੈਂਟ ਵਿਚ ਡੱਕਾ ਭੰਨ ਕੇ ਦੋਹਰਾ ਨਹੀਂ ਕਰਨ ਦਿੱਤਾ, ਉਸ ਬਾਰੇ ਤਾਂ ਹੁਣੇ ਸੋਚਣਾ ਪਵੇਗਾ।
ਚਲੋ, ਇਸ ਮਾਮਲੇ ਦੀ ਜੜ੍ਹ ਲੱਭਣ ਤੁਰੀਏ। ਉੱਤਰ ਪ੍ਰਦੇਸ਼ ਦੇ ਫਤਿਹਪੁਰ ਪਾਰਲੀਮਾਨੀ ਹਲਕੇ ਤੋਂ ਪਹਿਲੀ ਵਾਰੀ ਸੰਸਦ ਮੈਂਬਰ ਚੁਣੀ ਗਈ ਨਿਰੰਜਨ ਜਯੋਤੀ ਨਾਂ ਦੀ ਸਾਧਣੀ ਨੂੰ ਹਾਲ ਹੀ ਵਿਚ ਮੰਤਰੀ ਮੰਡਲ ਵਿਚ ਵਾਧਾ ਕਰਨ ਵੇਲ਼ੇ ਮੰਤਰੀ ਬਣਾ ਦਿੱਤਾ ਗਿਆ। ਕਿਹਾ ਤਾਂ ਇਹ ਜਾਂਦਾ ਹੈ ਕਿ ਉਹ ਨਿਸ਼ਾਦ ਭਾਈਚਾਰੇ ਨਾਲ਼ ਸਬੰਧਤ ਹੋਣ ਦੀ ਵਜ੍ਹਾ ਨਾਲ਼ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਪ੍ਰਤੀਨਿਧ ਵਜੋਂ ਮੰਤਰੀ ਮੰਡਲ ਵਿਚ ਵਾੜ ਲਈ ਗਈ ਹੈ, ਪਰ ਹਕੀਕਤ ਇਹ ਹੈ ਕਿ ਹੋਰ ਦੋ ਸਾਲਾਂ ਬਾਅਦ 2017 ਵਿਚ ਉੱਤਰ ਪ੍ਰਦੇਸ਼ ਵਿਚ ਅਸੈਂਬਲੀ ਚੋਣਾਂ ਹੋਣੀਆਂ ਹਨ, ਜਿਨ੍ਹਾਂ ਦੀ ਵਜ੍ਹਾ ਨਾਲ਼ ਇਸ ਸਾਧਣੀ ਨੂੰ ਮੰਤਰੀ ਬਣਾਉਣਾ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੀ ਮਜਬੂਰੀ ਹੋ ਗਿਆ ਸੀ। ਪਾਰਲੀਮਾਨੀ ਚੋਣ ਲਈ ਆਪਣੇ ਕਾਗ਼ਜ਼ ਦਾਖ਼ਲ ਕਰਦਿਆਂ ਨਿਰੰਜਨ ਜਯੋਤੀ ਨੇ ਆਪਣਾ ਪੇਸ਼ਾ ‘ਕਥਾ ਵਾਚਕ’ ਦੱਸਿਆ ਸੀ। ਉਸ ਵੇਲ਼ੇ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਕੋਲ ਇਕ ਵੱਡੀ ਗੱਡੀ ਯਾਨੀ ‘ਐੱਸ. ਯੂ. ਵੀ.’ ਅਤੇ ਸਾਢੇ ਗਿਆਰਾਂ ਲੱਖ ਰੁਪਏ ਹਨ ਜਦੋਂ ਕਿ ਉਸ ਨੇ ‘ਸਾਧਣੀ’ ਹੋਣ ਦੇ ਬਾਵਜੂਦ ਆਪਣੇ-ਆਪ ਨੂੰ 41.23 ਲੱਖ ਰੁਪਏ ਦੀ ਜਾਇਦਾਦ ਦੀ ਮਾਲਕਣ ਵੀ ਦੱਸਿਆ ਸੀ।
ਸੰਤਾਲੀ ਸਾਲਾਂ ਦੀ ਇਹ ਔਰਤ, 2012 ਵਿਚ ਹਮੀਰਪੁਰ ਤੋਂ ਐੱਮ. ਐੱਲ. ਏ. ਚੁਣੀ ਗਈ ਸੀ ਜਦੋਂ ਕਿ 2002 ਅਤੇ 2007 ਵਿਚ ਉਹ ਅਸੈਂਬਲੀ ਚੋਣਾਂ ਹਾਰ ਗਈ ਸੀ। ਕਿਹਾ ਜਾਂਦਾ ਹੈ ਕਿ ਨਿਰੰਜਨ ਜਯੋਤੀ ਦੇ ਪਾਰਲੀਮਾਨੀ ਚੋਣ ਜਿੱਤ ਜਾਣ ਦੀ ਵਜ੍ਹਾ ਤਾਂ ਮੋਦੀ ਦੀ ਲਹਿਰ ਹੀ ਸੀ। ਉਸ ਨੂੰ ਪਹਿਲੀ ਵਾਰੀ ਹੀ ਪਾਰਲੀਮੈਂਟ ਵਿਚ ਵੜਨ ਸਾਰ ਮੰਤਰੀ ਬਣਾ ਦੇਣ ਦੀ ਮੁੱਖ ਵਜ੍ਹਾ, ਉੱਤਰ ਪ੍ਰਦੇਸ਼ ਵਿਚ, ਹੋਰ ਪੱਛੜੀਆਂ ਸ਼੍ਰੇਣੀਆਂ ਵਿਚ ਸ਼ੁਮਾਰ ਨਿਸ਼ਾਦ ਜਾਤੀ ਦੀਆਂ 5% ਵੋਟਾਂ ਹਨ, ਜੋ ਇਸ ਬੀਬੀ ਨੂੰ ਮੰਤਰੀ ਬਣਾਉਣ ਮਗਰੋਂ ਭਾਜਪਾ ਨੇ ਆਪਣੀ ਪੇਟੀ ਵਿਚ ਪੁਆਉਣੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਇਕ ਲੀਡਰ ਦਾ ਕਹਿਣ ਹੈ, “ਭਾਰਤੀ ਜਨਤਾ ਪਾਰਟੀ ਨਿਰੰਜਨ ਜਯੋਤੀ ਨੂੰ ਮੰਤਰੀਪੁਣੇ ਦੀ ਚਾਟੇ ਲਾ ਕੇ ਨਿਸ਼ਾਦ ਵੋਟਰ ਚੋਣੇ ਚਾਹੁੰਦੀ ਹੈ।”
ਇਸ ਬੀਬੀ ਦੇ ਅੱਗੇ-ਪਿੱਛੇ ਦੀ ਹੋਰ ਪੁਣ-ਛਾਣ ਕਰਨ ਤੋਂ ਪਹਿਲਾਂ, ਇਹ ਦੱਸਣਾ ਜ਼ਰੂਰੀ ਜਿਹਾ ਹੋ ਗਿਆ ਹੈ ਕਿ ਇਹ ਲੇਖ ਇਸ ਸਾਧਣੀ ਦੇ ਲੇਖੇ ਕਿਉਂ ਲਾਇਆ ਜਾ ਰਿਹਾ ਹੈ। ਦਿੱਲੀ ਵਿਚ ਫਿਰ ਅਸੈਂਬਲੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਆਪਣੀ ਇਹ ਸਾਧਣੀ ਮੰਤਰੀ ਜਾਂ ਮੰਤਰੀ ਸਾਧਣੀ ਵੀ, ਮੰਤਰੀ ਬਣਾਏ ਜਾਣ ਦਾ ਅਹਿਸਾਨ ਹੌਲ਼ਾ ਕਰਨ ਲਈ ਦਿੱਲੀ ਦੇ ਇਕ ਅਸੈਂਬਲੀ ਹਲਕੇ ਵਿਚ ਇਕ ਚੋਣ ਜਲਸੇ ਵਿਚ ਕਥਾ ਵਾਚਨ ਕਰਨ, ਨਾ ਸੱਚ, ਭਾਸ਼ਨ ਕਰਨ ਚਲੀ ਗਈ। ਉਸ ਨੇ ਆਪਣੇ ਕਥਾ ਵਾਚਨ ਨੁਮਾ ਭਾਸ਼ਨ ਦੌਰਾਨ ਸਾਰੇ ਦੇਸ਼ ਨੂੰ ਭਗਵਾਨ ਰਾਮ ਦੀ ਔਲਾਦ ਕਿਹਾ। ਫਿਰ ਉਸ ਨੇ ਬਹੁਤ ਹੀ ਸ਼ਾਇਰਾਨਾ ਤੇਵਰ ਅਪਣਾਉਂਦਿਆਂ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਜੁਆਈ ਰਾਬਰਟ ਵਾਡਰਾ ਨੂੰ ਨਿਸ਼ਾਨਾ ਬਣਾਉਂਦਿਆਂ, ਜਨਤਾ ਨੂੰ ਅਪੀਲ ਕੀਤੀ ਕਿ ਉਹ ‘ਰਾਮਜ਼ਾਦਿਆਂ ਅਤੇ ‘ਹਰਾਮਜ਼ਾਦਿਆਂ’ ਵਿਚੋਂ ਕਿਸੇ ਨੂੰ ਵੋਟਾਂ ਪਾ ਕੇ ਚੁਣ ਲਵੇ।
‘ਕਥਾ ਵਾਚਨ’ ਤੋਂ ‘ਚੋਣ ਭਾਸ਼ਨ’ ਤਕ ਦਾ ਸਫ਼ਰ ਤੈਅ ਕਰਦਿਆਂ ਇਹ ਸਾਧਣੀ ਮੋਦੀ ਸਾਹਿਬ ਦੇ ਧੋਣੇ ਧੋ ਗਈ ਮਹਿਸੂਸ ਕਰਦੀ ਸੀ, ਪਰ ਉਸ ਨੂੰ ਉਸ ਵੇਲ਼ੇ ਇਹ ਇਲਮ ਨਹੀਂ ਸੀ ਕਿ ਆਉਣ ਵਾਲ਼ੇ ਦਿਨੀਂ, ਉਸ ਵੱਲੋਂ ਦੱਸਿਆ ਗਿਆ ‘ਰਾਮਜ਼ਾਦਿਆਂ’ ਅਤੇ ‘ਹਰਾਮਜ਼ਾਦਿਆਂ’ ਦਾ ਫ਼ਰਕ, ਭਾਰਤੀ ਜਨਤਾ ਪਾਰਟੀ ਦੇ ਸਾਰੇ ਛੋਟੇ-ਵੱਡੇ ਲੀਡਰਾਂ ਨੂੰ ‘ਡਰਾਮਜ਼ਾਦੇ’ ਬਣਨ ਲਈ ਮਜਬੂਰ ਕਰ ਦੇਵੇਗਾ ਅਤੇ ਉਸ ਵੱਲੋਂ ਉਸ ਜਲਸੇ ਵਿਚ ਆਪਣੀ ਜੀਭ ਨਾਲ਼ ਦਿੱਤੀਆਂ ਹੋਈਆਂ ਗੰਢਾਂ, ‘ਮੋਦੀ ਐਂਡ ਕੰਪਨੀ’ ਨੂੰ ਪਾਰਲੀਮੈਂਟ ਵਿਚ ਦੰਦਾਂ ਨਾਲ਼ ਵੀ ਨਹੀਂ, ਦਾਹੜਾਂ ਨਾਲ਼ ਖੋਲ੍ਹਣੀਆਂ ਪੈਣਗੀਆਂ। ਹੁਣ ਲੱਗਦੈ ਤੁਹਾਨੂੰ ‘ਡਰਾਮਜ਼ਾਦੇ’ ਦਾ ਅਰਥ ਵੀ ਦੱਸਣਾ ਹੀ ਪਊ! ਜਦੋਂ ‘ਰਾਮਜ਼ਾਦੇ’ ਕਹਾਉਂਦੇ ਸਿਆਸੀ ਲੀਡਰ ‘ਹਰਾਮਜ਼ਾਦੇ’ ਵੀ ਬਣ ਜਾਣ ਤੇ ‘ਰਾਮਜ਼ਾਦੇ’ ਬਣਨ ਦਾ ਡਰਾਮਾ ਵੀ ਕਰੀ ਜਾਣ ਤਾਂ ਉਨ੍ਹਾਂ ਨੂੰ ‘ਡਰਾਮਜ਼ਾਦੇ’ ਕਿਹਾ ਜਾਣਾ ਬਣਦੈ।
ਚੜ੍ਹੇ ਦਸੰਬਰ ਯਾਨੀ ਪਹਿਲੀ ਤਾਰੀਖ਼ ਨੂੰ ਨਿਰੰਜਨ ਜਯੋਤੀ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਚੰਗਾ ਅਸਰ ਹੋਇਆ ਕਿ ਨਹੀਂ, ਪਰ ਬੁਰਾ ਅਸਰ ਜ਼ਰੂਰ ਹੋ ਗਿਆ ਤੇ ਅਗਲੇ ਹੀ ਦਿਨ ਮੋਦੀ ਸਰਕਾਰ ਪਾਰਲੀਮੈਂਟ ਵਿਚ ਘੇਰ ਲਈ ਗਈ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਸਬੰਧਤ ਮੰਤਰੀ ਇਸ ਬਿਆਨ ਲਈ ਮੁਆਫ਼ੀ ਹੀ ਨਾ ਮੰਗੇ, ਸਗੋਂ ਇਸ ‘ਬਦਤਮੀਜ਼ੀ’ ਦੀ ਵਜ੍ਹਾ ਨਾਲ਼ ਮੰਤਰੀ ਦੀ ਕੁਰਸੀ ਵੀ ਛੱਡੇ। ਇਹ ਮੰਗ ਨਾ ਮੰਨੀ ਜਾਣ ’ਤੇ ਕਾਂਗਰਸੀ ਮੈਂਬਰਾਂ ਨੇ ਸਦਨ ਦੇ ਵਿਚਾਲ਼ੇ ਇਕੱਠੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੀਆਂ ਅੱਖਾਂ ਪੂੰਝਣ ਦਾ ਹੀਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਲੋ-ਪੋਪੋ ਜਿਹੀ ਕਰਦਿਆਂ ਕਿਹਾ ਕਿ ਉਹ ਨਿਰੰਜਨ ਜਯੋਤੀ ਵੱਲੋਂ ਕੀਤੀਆਂ ਹੋਈਆਂ ਟਿੱਪਣੀਆਂ ਨੂੰ ਮਾਨਤਾ ਨਹੀਂ ਦਿੰਦੇ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਕਿਸੇ ਸੰਸਦ ਮੈਂਬਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਉਹ ਸੰਸਦ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਤਰ੍ਹਾਂ ਸਰਕਾਰ ਅਤੇ ਪਾਰਟੀ ਨੂੰ ਬਦਨਾਮ ਨਾ ਕਰਨ।
ਕਾਂਗਰਸ ਦੀ ਹਮਾਇਤ ਵਿਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਖੱਬੀਆਂ ਪਾਰਟੀਆਂ ਵੀ ਡਟੀਆਂ ਰਹੀਆਂ। ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਵੱਲੋਂ ਝਾੜਾਂ ਖਾ ਕੇ ਹੀ ਨਿਰੰਜਨ ਜਯੋਤੀ ਨੇ ਇਸ ਬਿਆਨ ਦੇ ਸਬੰਧ ਵਿਚ ਮੁਆਫ਼ੀ ਮੰਗ ਲਈ। ਉਸ ਨੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿਚ ਮੁਆਫ਼ੀ ਹੀ ਨਹੀਂ ਮੰਗੀ, ਸਗੋਂ ਇਹ ਵੀ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ। ਇੱਥੇ ਬਹੁਤੀ ਦੱਸਣ ਵਾਲ਼ੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਵੀ ਇਸ ਮੰਤਰੀ ਦੇ ਇਸ ਬਿਆਨ ਤੋਂ ਦੁਖੀ ਸਨ। ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਤਾਂ ਰਾਜ ਸਭਾ ਵਿਚ ਇਹ ਗੱਲ ਕਹਿ ਦਿੱਤੀ ਕਿ ਇਹੋ ਜਿਹੇ ਬਿਆਨ ਨਾ ਸਿਰਫ਼ ਨਿੰਦਣਯੋਗ ਹਨ, ਸਗੋਂ ਰੱਦ ਵੀ ਕੀਤੇ ਜਾਣੇ ਚਾਹੀਦੇ ਹਨ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਵੀ ਲੋਕ ਸਭਾ ਵਿਚ ਕਿਹਾ ਕਿ ਇਹ ਮਾਮਲਾ ਬਹੁਤ ਸੰਜੀਦਗ਼ੀ ਭਰਿਆ ਹੈ। ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਬਿਆਨ ਦੇਣ ਵਾਲ਼ੀ ਮੰਤਰੀ ਬੀਬੀ, ਮੁਆਫ਼ੀ ਮੰਗਣ ਲਈ ਵੀ ਤਿਆਰ ਹੈ।
ਇਸ ਸਬੰਧ ਵਿਚ ਅਕਾਲੀ ਦੱਲ ਅਤੇ ਉਸ ਦੇ ਲੀਡਰਾਂ ਦਾ ਵਤੀਰਾ ‘ਹੋਰ ਹੀ ਤਰ੍ਹਾਂ’ ਦਾ ਰਿਹਾ। ਕਹਿੰਦੇ ਹਨ ਕਿ ਜਿਸ ਸਟੇਜ ਉੱਤੇ ਨਿਰੰਜਨ ਜਯੋਤੀ ਨੇ ਇਹ ਬਿਆਨ ਦਿੱਤਾ, ਉਸ ਉੱਪਰ ਕਈ ਅਕਾਲੀ ਆਗੂ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਬਿਆਨ ਬਾਰੇ ਕੋਈ ਇਤਰਾਜ਼ ਨਹੀਂ ਉਠਾਇਆ ਸੀ।
ਅਗਲੀ ਗੱਲ ਫੇਰ ਕਰਦੇ ਹਾਂ, ਪਹਿਲਾਂ ਨਿਰੰਜਨ ਜਯੋਤੀ ਦੇ ਪਿਛੋਕੜ ਦਾ ਕੋਤਾ-ਕਿੱਸਾ ਪੂਰਾ ਕਰ ਲਈਏ। ਨਿਰੰਜਨ ਜਯੋਤੀ ਨੇ ਵਿਆਹ ਤਾਂ ਕਰਾਇਆ ਸੀ, ਪਰ ਉਹ ‘ਵਿਆਹ ਨਾਲ਼ੋਂ ਧਰਮਸ਼ਾਲਾ ਵਿਚ ਬਹੁਤੀ ਖੁਸ਼ ਰਹਿਣ’ ਦੀ ਵਜ੍ਹਾ ਨਾਲ਼ ਸੁਆਮੀ ਪਰਮਾਨੰਦ ਦੀ ਧਰਮਸ਼ਾਲਾ, ਨਾ ਸੱਚ, ਆਸ਼ਰਮ ਵਿਚ ਰਾਜ਼ੀ ਰਹਿਣ ਲੱਗੀ। ਫਿਰ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲੱਗ ਪਈ ਅਤੇ ਅਸ਼ੋਕ ਸਿੰਘਲ ਦੀ ਨੇੜ-ਸਹਿਯੋਗਣ ਬਣ ਗਈ। 1992 ਵਿਚ ਰਾਮ ਮੰਦਰ ਅੰਦੋਲਨ ਛਿੜਨ ਮਗਰੋਂ ਆਪਣੇ ਤਿੱਖੇ ਧਾਰਮਕ ਵਿਖਿਆਨਾਂ ਦੀ ਵਜ੍ਹਾ ਨਾਲ ਨਿਰੰਜਨ ਜਯੋਤੀ ਲਟ-ਲਟ ਬਲਣ ਲੱਗੀ। ਭਾਰਤੀ ਜਨਤਾ ਪਾਰਟੀ ਦੇ ਅੰਦਰਲੀਆਂ ਜਾਨਣ ਵਾਲ਼ਿਆਂ ਦਾ ਕਹਿਣ ਹੈ ਕਿ ਨਿਰੰਜਨ ਜਯੋਤੀ ਆਪਣੇ ਭਾਸ਼ਨਾਂ ਰਾਹੀਂ ਬੜਾ ਹੀ ਧੂੰਆਂ ਕੱਢਦੀ ਹੁੰਦੀ ਸੀ ਤੇ ਅਕਸਰ ਹੀ ਰੱਫੜ ਪਾਉਣ ਵਾਲ਼ੀਆਂ ਗੱਲਾਂ ਕਰਨ ਦੀ ਵਜ੍ਹਾ ਨਾਲ਼, ਖ਼ਬਰਾਂ ਵਿਚ ਚਰਚਾ ਕਰਾਉਂਦੀ ਰਹਿੰਦੀ ਸੀ। ਉਹ ਫਤਿਹਪੁਰ ਤੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਨ ਤੋਂ ਇਕ ਮਹੀਨੇ ਦੇ ਅੰਦਰ ਹੀ ਉਸ ਵੇਲ਼ੇ ਖ਼ਬਰਾਂ ਵਿਚ ਆ ਗਈ ਜਦੋਂ ਉਸ ਨੇ ਆਪਣੀ ਹੀ ਪਾਰਟੀ ਦੇ ਇਕ ਵਰਕਰ ਨਾਲ਼ ਝਗੜਾ ਸਹੇੜ ਲਿਆ। ਇਹ ਝਗੜਾ ਥਾਣੇ ਤਕ ਗਿਆ।
ਇਸ ਰੱਫੜ ਨਾਲ਼ ਭਾਰਤੀ ਜਨਤਾ ਪਾਰਟੀ ਦੀ ਸਥਾਨਕ ਇਕਾਈ ਵਿਚ ਹੀ ਬੇਚੈਨੀ ਨਹੀਂ ਫੈਲੀ, ਸਗੋਂ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਨੂੰ ਵੀ ਆਪਣੇ ਖੇਤਰੀ ਪ੍ਰਧਾਨ ਭਾਲ ਚੰਦਰ ਮਿਸਰਾ ਨੂੰ, ਇਸ ਮਾਮਲੇ ਦੀ ਜਾਂਚ ਦਾ ਕੰਮ ਸੌਂਪਣਾ ਪਿਆ। ਮਿਸਰਾ ਜੀ ਨੇ ਇਸ ਜਾਂਚ ਦੀ ਰਿਪੋਰਟ ਹਾਲੇ ਸੌਂਪਣੀ ਹੀ ਸੀ ਕਿ ਇਸ ਬੀਬੀ ਨੂੰ ਮੋਦੀ ਨੇ ਆਪਣੇ ਮੰਤਰੀਆਂ ਵਿਚ ਸ਼ਾਮਲ ਕਰ ਲਿਆ।
ਜਿਸ ਹਮੀਰਪੁਰ ਅਸੈਂਬਲੀ ਹਲਕੇ ਦੀ ਨੁਮਾਇੰਦਗ਼ੀ ਨਿਰੰਜਨ ਜਯੋਤੀ ਐੱਮ. ਐੱਲ. ਏ. ਵਜੋਂ ਕਰਦੀ ਰਹੀ ਹੈ, ਉਸ ਦੇ ਲੋਕਾਂ ਦਾ ਖ਼ਿਆਲ ਹੈ ਕਿ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਦਿਆਂ ਹੀ ਡੱਬਾਬੰਦ ਖੁਰਾਕ ਮਹਿਕਮੇ ਦੀ ਮੰਤਰੀ ਬਣ ਜਾਣ ਵਾਲ਼ੀ ਇਸ ਬੀਬੀ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਹਮੀਰਪੁਰ ਦੇ ਰਹਿਣ ਵਾਲ਼ੇ ਇੰਦੀਵਰ ਸਿੰਘ ਦਾ ਕਹਿਣ ਹੈ, “ਸਾਧਵੀ ਮਤਰਿਆ ਗਈਂ ਹੈਂ।” (ਸਾਧਣੀ ਭੂਤਰ ਗਈ ਹੈ)।
ਕਹਿੰਦੇ ਹਨ ਕਿ ‘ਆਦਰਸ਼ ਗ੍ਰਾਮ ਯੋਜਨਾ’ ਅਧੀਨ ਅਪਣਾਏ ਜਾਣ ਖ਼ਾਤਰ ਇਕ ਪਿੰਡ ਚੁਣਨ ਦੇ ਮਾਮਲੇ ਵਿਚ ਵੀ ਇਸ ਬੀਬੀ ਨੇ ਬਹੁਤ ਰੱਫ਼ੜ ਪਾਇਆ ਸੀ। ਜਿਹੜਾ ਪਿੰਡ ਇਹ ਬੀਬੀ ਅਪਣਾਉਣਾ ਚਾਹੁੰਦੀ ਸੀ, ਉਹ ਪ੍ਰਸ਼ਾਸਨ ਦੀ ਨਜ਼ਰ ਵਿਚ ਪਹਿਲਾਂ ਹੀ ਕਾਫੀ ਅਗਾਂਹ-ਵਧੂ ਅਤੇ ਵਿਕਸਤ ਸੀ ਤੇ ਪ੍ਰਸ਼ਾਸਨ ਨੇ ਉਸ ਅੱਗੇ ਬੇਨਤੀ ਕੀਤੀ ਸੀ ਕਿ ਉਹ ਕੋਈ ਹੋਰ ਪਿੰਡ ਚੁਣ ਲਵੇ। ਇਸ ਬੀਬੀ ਨੇ ਅਧਿਕਾਰੀਆਂ ਦੀ ਕੋਈ ਗੱਲ ਨਾ ਸੁਣੀ ਤੇ ਉੱਥੇ ਹੀ ਅੱਡੀਆਂ ਗੱਡ ਕੇ ਖੜ੍ਹ ਗਈ। ਇਸ ਤੋਂ ਬਾਅਦ ਉਸ ਦੇ ਇਸ ਫੈਸਲੇ ਵਿਰੁੱਧ ਮੁਜ਼ਾਹਰੇ ਹੋਏ, ਜਿਨ੍ਹਾਂ ਦੌਰਾਨ ਇਕ ਆਦਮੀ ਦੀ ਜਾਨ ਵੀ ਗਈ। ਇਕ ਹੋਰ ਸੱਜਣ ਦੱਸਦੇ ਹਨ, “ਇਹ ਬੀਬੀ, ਯੂ. ਪੀ. ਦੇ ਮੰਤਰੀ ਆਜ਼ਮ ਖ਼ਾਨ ਨੂੰ ਬੁਰਾ-ਭਲਾ ਕਹਿਣ ਦੇ ਨਾਲ਼-ਨਾਲ਼ ਗਾਲ਼ਾਂ ਵੀ ਕੱਢਦੀ ਰਹੀ ਹੈ। ਹੁਣ ਦਿੱਲੀ ਵਿਚ ਉਸ ਨੇ ਜੋ ਕੀਤਾ ਹੈ, ਉਹ ਹਮੀਰਪੁਰ ਵਿਚ ਸ਼ੁਰੂ ਕੀਤੇ ਹੋਏ ਸਿਲਸਿਲੇ ਦੀ ਕੜੀ ਹੀ ਹੈ।”
ਯਮਨਾ ਨਦੀ ਦੇ ਕੰਢੇ ਨੇੜੇ ਇਕ ਪਿੰਡ ਵਿਚ, ਗ਼ਰੀਬ ਮਛੇਰਿਆਂ ਦੇ ਘਰ ਵਿਚ ਜੰਮੀ-ਪਲ਼ੀ ਇਹ ਬੀਬੀ, ਆਪਣੇ ਬਾਪ ਦੇ ਟੱਬਰ ਦਾ ਢਿੱਡ ਭਰਨ ਲਈ ਕੰਮ ਵਿਚ ਉਸ ਨਾਲ਼ ਹੱਥ ਪੁਆਉਂਦੀ ਹੁੰਦੀ ਸੀ। ਉਸ ਦਾ ਬਾਪ ਬਹੁਤ ਥੋੜ੍ਹੀ ਜਿਹੀ ਭੋਂਅ ਵਿਚ ਖੇਤੀ ਕਰਦਾ ਹੁੰਦਾ ਸੀ ਜਾਂ ਵਿਹਲ਼ੇ ਸਮੇਂ ਯਮਨਾ ਦੇ ਘਾਟ ਉੱਤੇ ਮਿਹਨਤ-ਮਜੂਰੀ ਕਰਿਆ ਕਰਦਾ ਸੀ। ਨਿਰੰਜਨ ਜਯੋਤੀ ਨਦੀ ਵਿਚੋਂ ਮੱਛੀਆਂ ਫੜਦੀ ਹੁੰਦੀ ਸੀ। ਆਪਣੇ ਨਾਮਜ਼ਦਗ਼ੀ ਪੱਤਰਾਂ ਵਿਚ ਆਪਣੇ-ਆਪ ਨੂੰ ‘ਇੰਟਰ ਪਾਸ’ ਦੱਸ ਚੁੱਕੀ ਇਹ ਬੀਬੀ, ਉਸਾਰੀ ਦੇ ਅਤੇ ਖੇਤੀ ਦੇ ਕੰਮਾਂ ਵਿਚ ਮਿਹਨਤ-ਮਜੂਰੀ ਕਰਦੀ ਰਹੀ ਹੈ। ਗ਼ੁਰਬਤ ਅਤੇ ਭੁੱਖ ਦੀ ਵਜ੍ਹਾ ਨਾਲ਼ ਉਹ ਸਤਿਸੰਗਾਂ ਅਤੇ ਹੋਰ ਧਾਰਮਕ ਇਕੱਠਾਂ ਵਿਚ ਜਾਣ ਲੱਗ ਪਈ ਕਿਉਂ ਕਿ ਉਥੋਂ ਲੰਗਰ ਨਾਲ਼ ਢਿੱਡ ਭਰਨ ਦਾ ਜੁਗਾੜ ਹੋ ਜਾਂਦਾ ਸੀ ਅਤੇ ਲੱਕ-ਤੋੜ ਮਿਹਨਤ ਕਰਨ ਮਗਰੋਂ ਜਜ਼ਬਾਤੀ ਠਾਹਰ ਵੀ ਮਿਲ ਜਾਂਦੀ ਸੀ।
ਨਿਰੰਜਨ ਜਯੋਤੀ ਨੂੰ, ਉਸ ਦੇ ਮੁਢਲੇ ਜ਼ਮਾਨੇ ਤੋਂ ਜਾਣਦਾ ਤੇ ਫ਼ਤਿਹਪੁਰ ਦਾ ਹੀ ਰਹਿਣ ਵਾਲ਼ਾ ਪ੍ਰਦੀਪ ਸਿੰਘ ਦੀਪੂ ਏਦਾਂ ਦੱਸਦਾ ਹੈ, “ਉਹ ਭਗਵਦ ਗੀਤਾ ਦਾ ਪਾਠ ਬਹੁਤ ਵਧੀਆ ਸੁਣਾਉਂਦੀ ਹੁੰਦੀ ਸੀ। ਇਕ ਵਾਰ ਇਕ ਸਤਿਸੰਗ ਵਿਚ ਗੁਰੂ ਅਛੂਤਾਨੰਦ ਨੇ ਉਸ ਦੇ ਪ੍ਰਵਚਨ ਸੁਣੇ ਤਾਂ ਉਹ ਇੰਨੇ ਕੁ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ਼ ਰਲ਼ਾ ਲਿਆ।” ਆਪਣੇ ਗੁਰੂ ਜੀ ਦੇ ਹੁਕਮ ਨਾਲ਼ ਹੀ ਜਯੋਤੀ ਨੇ ਮੋਹ-ਮਾਇਆ ਛੱਡ ਕੇ ਸਾਧਵੀਆਂ ਵਾਲ਼ਾ ਜੀਵਨ ਅਪਣਾਅ ਲਿਆ।
ਉਹ ਕਥਾ ਵਾਚਨ ਕਰੀ ਜਾ ਰਹੀ ਸੀ, ਲੋਕਾਂ ਨੂੰ ਕਥਾਵਾਂ ਰਾਹੀਂ ਧਾਰਮਕ ਪ੍ਰੇਰਨਾ ਦੇਈ ਜਾ ਰਹੀ ਸੀ ਕਿ ਇਕ ਦਿਨ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ‘ਰਾਮ ਮੰਦਿਰ ਮਾਰਗਦਰਸ਼ਕ ਮੰਡਲ’ ਦੇ ਮੀਤ ਪ੍ਰਮੁਖ ਸੁਆਮੀ ਪਰਮਾਨੰਦ ਨੇ ਉਸ ਦੀ ‘ਜ਼ੁਬਾਨ ਦੀ ਤੇਜ਼ੀ’ ਅਤੇ ਉਸ ਦੇ ‘ਗੱਲਾਂ ਦੀ ਧਨੀ’ ਹੋਣ ਦੇ ਗੁਣ ਸਿਆਣ ਲਏ। ਇਸ ਤਰ੍ਹਾਂ ਨਿਰੰਜਨ ਜਯੋਤੀ ਨੇ ਆਪਣੀ ਪਲੇਠੀ ਸਿਆਸੀ ਛਾਲ਼ ਉਦੋਂ ਮਾਰੀ, ਜਦੋਂ ਰਾਮ ਜਨਮ ਭੂਮੀ ਅੰਦੋਲਨ ਆਪਣੇ ਸਿਖ਼ਰ ਉੱਤੇ ਸੀ।
ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਸਥਾਨਕ ਘੁਲਾਟੀਆਂ ਦਾ ਕਹਿਣ ਹੈ ਕਿ ਉਸ ਸਿਆਸੀ ਉਸਤਾਦ ਦੇ ਪ੍ਰਤਾਪ ਨਾਲ਼ ਹੀ ਉਸ ਨੂੰ 2002 ਵਿਚ ਹਮੀਰਪੁਰ ਤੋਂ ਅਸੈਂਬਲੀ ਦੀ ਟਿਕਟ ਮਿਲੀ ਸੀ। ਉਹ, 2002 ਵਿਚ ਅਤੇ ਫਿਰ 2007 ਵਿਚ ਅਸੈਂਬਲੀ ਚੋਣਾਂ ਹਾਰ ਗਈ, ਪਰ ਪੰਜ ਸਾਲਾਂ ਬਾਅਦ ਹੀ ਬੁੰਦੇਲਖੰਡ ਦਾ ਚੋਣ-ਮਾਹੌਲ ਉਸ ਦੇ ਹੱਕ ਵਿਚ ਭੁਗਤਣੋਂ ਨਾ ਰਹਿ ਸਕਿਆ ਤੇ ਉਹ, ਬੁੰਦੇਲਖੰਡ ਵਿਚ ਭਾਰਤੀ ਜਨਤਾ ਪਾਰਟੀ ਤਿੰਨ ਵਿਧਾਇਕਾਂ ਵਿਚ ਗਿਣੀ ਜਾ ਚੁੱਕੀ ਸੀ। ਦੋ ਵਾਰ ਹਾਰਨ ਮਗਰੋਂ ਉਹ ਜਿੱਤੀ ਫਿਰ ਹਮੀਰਪੁਰ ਤੋਂ ਹੀ ਸੀ। ਉਸ ਤੋਂ ਇਕ ਸਾਲ ਦੇ ਅੰਦਰ ਹੀ ਉਹ ਫ਼ਤਿਹਪੁਰ ਪਾਰਲੀਮਾਨੀ ਹਲਕੇ ਤੋਂ ਬਹੁਤ ਜ਼ਿਆਦਾ ਵੋਟਾਂ ਹਾਸਲ ਕਰ ਕੇ ਪਾਰਲੀਮੈਂਟ ਅੰਦਰ ਪਹੁੰਚ ਗਈ ਸੀ।
ਇਸ ਬੀਬੀ ਤੋਂ ਮੰਤਰੀ ਦੀ ਕੁਰਸੀ ਖੋਹ ਕੇ ਉਸ ਨੂੰ ਬਾਹਰ ਜਾਣ ਦਾ ਰਾਹ ਨਾ ਦਿਖਾਉਣ ਦੀਆਂ ਵੀ ਕਈ ਵਜ੍ਹਾਵਾਂ ਹਨ। ਉਨ੍ਹਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਇਸ ਵੇਲ਼ੇ ਹੁਕਮਰਾਨ ਪਾਰਟੀ ਦੇ ਲੀਡਰ ਹੋਰ ਕੀ-ਕੀ ਰੰਗ ਲਾ ਰਹੇ ਹਨ, ਜਿਸ ਨਾਲ਼ ਇਹ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਕਿਉਂ “ਗ਼ਾਲਿਬ ਏਕ ਢੂੰਡੋ ਹਜ਼ਾਰ ਮਿਲਤਾ ਹੈ!” ਯਾਨੀ...ਤੁਸੀਂ ਸਮਝ ਹੀ ਜਾਓ ਹੁਣ। 4 ਦਸੰਬਰ ਨੂੰ ‘ਹਿੰਦੁਸਤਾਨ ਟਾਈਮਜ਼’ ਨੇ ਇਕ ਖ਼ਬਰ ਨਸ਼ਰ ਕੀਤੀ ਸੀ, ਜਿਸ ਦੀ ਸ਼ੁਰੂਆਤ ਕੁੱਝ ਏਦਾਂ ਹੁੰਦੀ ਹੈ:
“ਨਵੀਂ ਦਿੱਲੀ, 04 ਦਸੰਬਰ- ਭਾਰਤ ਸਦੀਆਂ ਪਹਿਲਾਂ ਪ੍ਰਮਾਣੂ ਪ੍ਰੀਖਣ ਕਰ ਚੁੱਕਾ ਹੈ, ਗਊ ਦਾ ਪਿਸ਼ਾਬ ਸ਼ੂਗਰ ਦਾ ਇਲਾਜ ਕਰ ਸਕਦਾ ਹੈ ਅਤੇ ਭਾਰਤ ਜਨਣ ਕਿਰਿਆ ਅਤੇ ਪਲਾਸਟਿਕ ਸਰਜਰੀ ਦੇ ਮਾਮਲਿਆਂ ਵਿਚ ਪੁਰਾਣੇ ਜ਼ਮਾਨੇ ਤੋਂ ਮਾਹਰ ਹੈ। ਪ੍ਰਾਚੀਨ ਭਾਰਤ ਦੀਆਂ ਇਹ ਤੇ ਇਹੋ ਜਿਹੀਆਂ ਹੋਰ ਬੇਥਵੀਆਂ ਤੇ ਬੇਸਿਰ-ਪੈਰੀਆਂ ਪ੍ਰਾਪਤੀਆਂ ਹਿੰਦੂ ਸਭਿਆਚਾਰ ਦੇ ਸ਼ਰਧਾਲੂ ਗਿਣਾਉਂਦੇ ਰਹਿੰਦੇ ਹਨ।
ਸਾਰੇ ਜਹਾਨ ਨੂੰ ਇਲਮ ਹੈ ਕਿ ਭਾਰਤ ਨੇ 1974 ਅਤੇ 1998 ਵਿਚ ਦੋ ਪ੍ਰਮਾਣੂ ਪ੍ਰੀਖਣ ਕੀਤੇ ਸਨ, ਹਰਿਦੁਆਰ ਤੋਂ ਭਾਰਤੀ ਜਨਤਾ ਪਾਟੀ ਦੇ ਮੈਂਬਰ ਪਾਰਲੀਮੈਂਟ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ਾਂਕ ਇਸ ਗੱਲ ਨਾਲ਼ ਸਹਿਮਤ ਨਹੀਂ ਹਨ। ਇਹ ਨਿਸ਼ਾਂਕ ਸਾਹਿਬ ਪਾਰਲੀਮੈਂਟ ਵਿਚ ਏਦਾਂ ਫ਼ਰਮਾ ਚੁੱਕੇ ਹਨ, “ਅੱਜ ਅਸੀਂ ਪ੍ਰਮਾਣੂ ਪ੍ਰੀਖਣਾਂ ਦੀ ਗੱਲ ਕਰਦੇ ਹਾਂ। ਲੱਖਾਂ ਸਾਲ ਪਹਿਲਾਂ ਸੰਤ ਕਨਾਡ ਨੇ ਪ੍ਰਮਾਣੂ ਪ੍ਰੀਖਣ ਕੀਤਾ ਸੀ। ਸਾਡਾ ਗਿਆਨ ਅਤੇ ਵਿਗਿਆਨ ਕਿਸੇ ਪੱਖੋਂ ਵੀ ਊਣੇ-ਪੌਣੇ ਨਹੀਂ ਹਨ।” ਉਨ੍ਹਾਂ ਨੇ ਤਾਂ ਇਹ ਵੀ ਕਿਹਾ ਹੋਇਆ ਹੈ ਕਿ ਜੋਤਿਸ਼ ਸ਼ਾਸਤਰ, ਜਹਾਨ ਦਾ ਸਭ ਤੋਂ ਉੱਚਾ ਸ਼ਾਸਤਰ ਹੈ ਤੇ ਇਸੇ ਤੋਂ ਹੀ ਜਹਾਨ ਭਰ ਦੇ ਹੋਰ ਵਿਗਿਆਨ ਉਪਜੇ ਹਨ।
ਭਾਰਤੀ ਜਨਤਾ ਪਾਰਟੀ ਦੇ ਅਧਿਆਤਮਕ ਅਤੇ ਵਿਚਾਰਧਾਰਕ ਮਾਰਗਦਰਸ਼ਕ ‘ਰਾਸ਼ਟਰੀਯ ਸਵਯਮਸੇਵਕ ਸੰਘ’ ਯਾਨੀ ਆਰ. ਐੱਸ. ਐੱਸ. ਲਈ ‘ਗੋ-ਮੂਤਰ’ ਯਾਨੀ ਗਊ ਦੇ ਪਿਸ਼ਾਬ ਨੂੰ ਪ੍ਰਚਾਰਨਾ ਬਹੁਤ ਅਹਿਮ ਗੱਲ ਹੈ। ਮੱਧ ਪ੍ਰਦੇਸ਼ ਵਿਚ ਗਊ ਦੇ ਪਿਸ਼ਾਬ ਤੋਂ ਦਵਾਈਆਂ ਬਣਾਉਣ ਵਾਲ਼ੇ ਇਹ ਆਸ ਲਾਈ ਬੈਠੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਇਸ ‘ਕਾਰੋਬਾਰ’ ਨੂੰ ਉਤਸ਼ਾਹ ਦੇਵੇਗੀ। ‘ਸੰਘ’ ਵਾਲ਼ੇ ਤਾਂ ਗਊ ਦੇ ਪਿਸ਼ਾਬ ਤੋਂ ਬਣਾਏ ਜਾਣ ਵਾਲ਼ੇ ‘ਠੰਢਿਆਂ’ ਦਾ ਪ੍ਰਚਾਰ ਕਰਨ ਲਈ ਵੀ ਅੱਡੀਆਂ ਨੂੰ ਥੁੱਕ ਲਾਈ ਬੈਠੇ ਹਨ। ‘ਸੰਘ’ ਦੇ ਗਊ ਰੱਖਿਆ ਵਿਭਾਗ ਦੇ ਮੁਖੀ ਓਮ ਪ੍ਰਕਾਸ਼ ਤਾਂ 2009 ਤੋਂ ਕਹਿ ਰਹੇ ਹਨ ਕਿ ਗਊ ਦੇ ਪਿਸ਼ਾਬ ਨਾਲ਼ ਸ਼ੂਗਰ ਵਰਗੀਆਂ 70-80 ‘ਲਾਇਲਾਜ ਬਿਮਾਰੀਆਂ’ ਦਾ ‘ਇਲਾਜ’ ਕੀਤਾ ਜਾ ਸਕਦਾ ਹੈ।
ਰਾਜਸਥਾਨ ਵਿਚ ਭੀਲਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਇਕ ਲੀਡਰ ਦੇ ਜੋਤਿਸ਼ੀ ਨੇ ਕਿਹਾ ਹੈ ਕਿ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮਰਿਤੀ ਇਰਾਨੀ ਅਗਲੇ ਪੰਜ ਸਾਲਾਂ ਦੌਰਾਨ ਕਿਸੇ ਦਿਨ, ਦੇਸ਼ ਦੀ ਰਾਸ਼ਟਰਪਤੀ ਯਾਨੀ ‘ਰਾਸ਼ਟਰਪਤਨੀ’ ਬਣੇਗੀ। ਸਿੱਖਿਆ ਮਹਿਕਮੇ ਦੀ ਇੰਚਾਰਜ ਹੋ ਕੇ ਜੋਤਿਸ਼ ਵਿਚ ਵਿਸ਼ਵਾਸ ਰੱਖਣ ਦੇ ਸਬੰਧ ਵਿਚ ਪੱਤਰਕਾਰਾਂ ਵੱਲੋਂ ਸਮਰਿਤੀ ਇਰਾਨੀ ਤੋਂ ਸੁਆਲ ਪੁੱਛੇ ਜਾਣ ’ਤੇ ਉਸ ਵੱਲੋਂ ਦਿੱਤਾ ਗਿਆ ਜੁਆਬ ਇਸ ਤਰ੍ਹਾਂ ਸੀ: ‘ਮੈਂ ਆਪਣੀ ਨਿੱਜੀ ਜ਼ਿੰਦਗ਼ੀ ਵਿਚ ਜੋ ਕੁੱਝ ਕਰਦੀ ਹਾਂ, ਜੇ ਉਸ ਨਾਲ਼ ਮੇਰੇ ਜਨਤਕ ਕੰਮ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਤਾਂ ਇਸ ਬਾਰੇ ਕੋਈ ਸੁਆਲ ਕਰਨਾ ਮੀਡੀਆ ਦਾ ਕੰਮ ਨਹੀਂ ਹੈ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ, ‘ਮਹਾਭਾਰਤ’ ਦੇ ਪਾਤਰ ‘ਕਰਣ’ (ਜਿਸ ਦਾ ਜਨਮ ਕੰਨ ਵਿਚੋਂ ਹੋਇਆ ਦੱਸਿਆ ਜਾਂਦਾ ਹੈ) ਦਾ ਜਨਮ ਜਨਣ ਵਿਗਿਆਨ ਦਾ ਚਮਤਕਾਰ ਸੀ ਅਤੇ ਗਣੇਸ਼ ਦੇ ਮੂੰਹ ਉੱਪਰ ਹਾਥੀ ਦਾ ਸੁੰਡ ਉਸ ਵੇਲ਼ੇ ਦੇ ਪਲਾਸਟਿਕ ਸਰਜਰੀ ਵਿਗਿਆਨ ਦਾ ਕਮਾਲ ਸੀ।”
ਜੇ ਨਿਰੰਜਨ ਜਯੋਤੀ ਹੇਠੋਂ ਕੁਰਸੀ ਖਿੱਚ ਲਈ ਜਾਂਦੀ ਤਾਂ ਉਸ ਵਰਗੇ ਬਾਕੀ ਦੇ ਵੀ ਪਾਰਲੀਮੈਂਟ ਵਿਚੋਂ ਨਿੱਕਲ ਜਾਣੇ ਸਨ ਤੇ ਸਾਡੀ ਮੋਦੀਆਨਾ ਸਰਕਾਰ ਹਿੱਲ ਜਾਣੀ ਸੀ।ਜਿਸ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਵਿਚ ਉਸ ਦੇ ਆਪਣੇ ਸਮੇਤ ‘ਨੌਂ’ ਨਹੀਂ ‘ਬਹੁ-ਰਤਨ’ ਹੋਣਗੇ, ਉਸ ਵਿਚ ਨਿਰੰਜਨ ਜਯੋਤੀਆਂ ਆਪਣੇ ਬੋਲੇ-ਚੱਲੇ ਲਈ ਕੁਰਸੀਆਂ ਛੱਡਣ ਦੀ ਥਾਂ, ਹੋਰ ਵੀ ਦੂਣ-ਸਵਾਈਆਂ ਹੋ ਕੇ ਜਗਦੀਆਂ ਰਹਿਣਗੀਆਂ ਤੇ ਸਾਨੂੰ ਭਾਰਤ ਦੇ ਵੋਟਰਾਂ ਨੂੰ ਆਪਣੇ ਕੀਤੇ ਉੱਤੇ ‘ਹਰਾਮਜ਼ਾਦੇ’ ਕਹਿ ਕੇ ਦੁਰਲਾਹਨਤਾਂ ਪਾਉਂਦੀਆਂ ਰਹਿਣਗੀਆਂ।#
