ਪੜ੍ਹ ਪੜ੍ਹ ਗੱਡੀ ਲਦਿਅਹਿ
ਲਿਖ-ਲਿਖ ਕੇ ਵੀ ਗੱਡੇ ਲੱਦਣ ਦੀ ਲੋੜ ਨਹੀਂ
ਬਖ਼ਸ਼ਿੰਦਰ
Email: bababax@gmail.com, Cell Phone: +91-950-175-9494
ਕਹਿੰਦੇ ਹਨ ਕਿ ਇਕ ਪੰਜਾਬੀ ਲੇਖਕ ਨੂੰ ਇਕ ਦਿਨ ਖ਼ਿਆਲ ਆ ਗਿਆ ਪਈ “ਮਨਾ! ਸੱਠ ਦੇ ਨੇੜੇ-ਤੇੜੇ ਕਿਤਾਬਾਂ ਲਿਖ ਚੁੱਕਾ ਏਂ, ਉਮਰ ਵੀ ਹੁਣ ਕੋਈ ਛੋਟੀ ਨਹੀਂ ਰਹੀ, ਪਰ ਉਹ ਗੱਲ ਜਿਹੀ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ।” ਮਰਦਾ ਕੀ ਨਾ ਕਰਦਾ! ਉਹ ਇਕ ‘ਸਿਆਣੇ’ ਦੇ ਚਰਨੀਂ ਪੈ ਗਿਆ ਤੇ ਉਸ ਨੇ ਉਸ ਸਿਆਣੇ ਨੂੰ ਆਪਣਾ ਮਸਲਾ ਦੱਸ ਕੇ ਆਪਣੀ ‘ਗੱਲ ਜਿਹੀ ਬਣਾਉਣ’ ਦਾ ਤਰਲਾ ਕੀਤਾ। ਉਹ ਸਿਆਣਾ ਵੀ ਵੀ ‘ਓਨਾ ਕੁ ਹੀ ਸਿਆਣਾ’ ਸੀ, ਜਿਸ ਕਰ ਕੇ ਉਸ ਨੇ ਉਸ ਲੇਖਕ ਨੂੰ ਕਿਹਾ, “ਪਰਿੰਦਾ ਸਾਹਬ! (‘ਅਣਜਾਣ ਪਰਿੰਦਾ’ ਉਸ ਦਾ ਕਲਮੀ ਨਾਂ ਸੀ) ਤੁਹਾਡਾ ਸੁਆਲ ਕੁਸ ਬਾਹਲ਼ਾ ਈ ਕਿਤਾਬੀ ਜਿਹੈ ਤੇ ਆਪਾਂ ਨੂੰ ਇਹ ਕਿਤਾਬੀ ਇਲਮ ਨਹੀਂ ਆਉਂਦਾ। ਆਪਾਂ ਤਾਂ ਜੇ ਤੁਹਾਡੀ ਮੱਝ ਕਟੜੂ ਨਾ ਝਲਦੀ ਹੋਵੇ ਜਾਂ ਦੁੱਧ ਨਾ ਲਾਹੁੰਦੀ ਹੋਵੇ, ਉਹ ਨੂੰ ਪਸਮਾਉਣ ਜੋਗਾ ਇਲਮ ਹੀ ਜਾਣਦੇ ਹਾਂ। ਸੋ ਤੁਸੀਂ ਏਦਾਂ ਕਰੋ ਪਈ ‘ਟਿੱਲੇ ਆਲ਼ੇ ਸਾਈਂ’ ਕੋਲ ਜਾਓ।”
ਗੱਲ ਲਮਕਾਉਣ ਤੋਂ ਬਚਾਈਏ ਤੇ ‘ਅਣਜਾਣ ਪਰਿੰਦੇ’ ਨੂੰ ‘ਸਾਈਂ ਦੇ ਟਿੱਲੇ’ ਚੜ੍ਹਾਈਏ। ਪਰਿੰਦਾ ਸਾਹਬ ਨੇ ਸਾਈਂ ਅੱਗੇ ਵੀ ਉਹੀ ਅਰਜ਼ ਗੁਜ਼ਾਰੀ। ਜੇਠ-ਹਾੜ ਦਾ ਮਹੀਨਾ ਸੀ ਤੇ ਸਾਈਂ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਅੱਗੇ ਹੋਰ ਚੜ੍ਹਾਈ ਚੜ੍ਹ ਜਾਵੇ ਕਿਉਂ ਕਿ ਇਹ ‘ਗੱਲ ਜਿਹੀ ਬਣਾਉਣਾ’, ਕੋਈ ਨੀਵਾਂ ਜਾਂ ਛੋਟਾ ਕੰਮ ਨਹੀਂ ਸੀ। ਇਹੋ ਜਿਹੇ ਕੰਮ ਉੱਚੀਆਂ ਥਾਵਾਂ ਚੜ੍ਹ ਕੇ ਯਾਨੀ ਰੱਬ ਦੇ ਹੋਰ ਨੇੜੇ ਹੋ ਕੇ ਹੀ ਸਿਰੇ ਚੜ੍ਹਦੇ ਹਨ। ਲੇਖਕ ਨੇ ਸਾਈਂ ਦੀ ਗੱਲ ਸੁਣ ਕੇ ਅਗਲਾ ਸੁਆਲ ਕੀਤਾ, “ਸਾਈਂ ਜੀ ਉੱਚੇ ਟਿੱਲੇ ਚੜ੍ਹ ਕੇ ਮੇਰੇ ਲਈ ਅਗਲਾ ਹੁਕਮ ਕੀ ਐ?”
“ਤੁਸੀਂ ਤਾਂ ਖ਼ੁਦ ਲਿਖ-ਲਿਖ ਲੋਕਾਂ ਨੂੰ ਰਾਹੇ ਪਾਉਣ ਵਾਲ਼ੇ ਹੋ ਹਜ਼ੂਰ! ਓਥੇ ਜਾ ਕੇ ਸਵੇਰ ਤੋਂ ਸ਼ਾਮ ਤਕ ਸੂਰਜ ਵੱਲ ਮੂੰਹ ਕਰ ਕੇ ਉਸ ਨੂੰ ਦੇਖਦੇ ਰਹਿਣਾ ਹੈ। ਇਸ ਅਵੱਸਥਾ ਵਿਚ ਤੁਹਾਨੂੰ ਇਕ ਗ਼ਾਇਬੀ ਅਵਾਜ਼ ਆਵੇਗੀ, ਇਕ ਇਲਹਾਮ ਹੋਵੇਗਾ। ਉਸ ਇਲਹਾਮ ਉੱਤੇ ਅਮਲ ਕਰੋਗੇ ਤਾਂ ਤੁਹਾਡੀ ‘ਗੱਲ ਬਣ’ ਜਾਵੇਗੀ,” ਸਾਈਂ ਨੇ ਕਿਹਾ ਤਾਂ ਲੇਖਕ ਅਗਲੇ ਉੱਚੇ ਟਿੱਲੇ ਵੱਲ ਰਵਾਨਾ ਹੋ ਗਿਆ। ਉਹ ਇਕ ਦਿਨ-ਦੋ ਦਿਨ-ਤਿੰਨ ਦਿਨ ਧੁੱਪੇ ਸੂਰਜ ਵੱਲ ਮੂੰਹ ਕਰ ਕੇ ਖੜ੍ਹਦਾ ਰਿਹਾ, ਪਰ ਉਸ ਨੂੰ ਕੋਈ ਇਲਹਾਮ ਨਾ ਹੋਇਆ। ਉਹ ਉੱਚੇ ਟਿੱਲੇ ਤੋਂ ਉੱਤਰ ਕੇ ਹੇਠਾਂ ਸਾਈਂ ਦੇ ਟਿੱਲੇ ਉੱਤੇ ਆ ਗਿਆ ਤੇ ਉਸ ਨੇ ਸਾਈਂ ਨੂੰ ਬੇਨਤੀ ਕੀਤੀ ਕਿ ਉਹ ਕਈ ਦਿਨ ਉਨ੍ਹਾਂ ਦਾ ਹੁਕਮ ਵਜਾ ਆਇਆ ਹੈ, ਪਰ ਉਸ ਨੂੰ ਕੋਈ ਅੜਾ-ਇਲਹਾਮ ਨਹੀਂ ਹੋਇਆ।
ਸਾਈਂ ਨੇ ਹੈਰਾਨ ਹੋਏ ਬਗ਼ੈਰ ਹੀ ਉਸ ਨੂੰ ਕਿਹਾ, “ਰੱਬ ਦੇ ਘਰ ਦੇਰ-ਸਵੇਰ ਤਾਂ ਹੋ ਸਕਦੀ ਹੈ, ’ਨ੍ਹੇਰ ਨਹੀਂ ਹੁੰਦਾ। ਇਸ ਲਈ ਤੁਸੀਂ ਅੱਜ ਜਾਓ ਤੇ ਜਿਸ ਤਰ੍ਹਾਂ ਮੈਂ ਕਿਹਾ ਹੈ, ਸੂਰਜ ਵੱਲ ਮੂੰਹ ਕਰ ਕੇ ਧੁੱਪੇ ਖੜ੍ਹੇ ਰਹਿਣਾ ਹੈ। ਜਿੱਥੇ ਇੰਨੇ ਦਿਨ ਲਾ ਆਏ ਹੋ, ਅੱਜ ਦਾ ਦਿਨ ਹੋਰ ਸਹੀ। ਕਰੋ ਹਿੰਮਤ, ਇਲਹਾਮ ਜ਼ਰੂਰ ਹੋਵੇਗਾ।”
ਲਓ ਜੀ, ਆਪਣੇ ‘ਮਾਹਟਰ ਅਣਜਾਣ ਪਰਿੰਦਾ ਜੀ’ ਅਗਲੇ ਦਿਨ ਫੇਰ ਨ੍ਹਾ-ਧੋ ਕੇ ਸਵੇਰੇ ਟਿੱਕੀ ਚੜ੍ਹਨ ਸਾਰ ਉੱਚੇ ਟਿੱਲੇ ਉੱਤੇ ਜਾ ਖੜ੍ਹੇ ਹੋਏ, ਚੜ੍ਹਦਿਆਂ ਹੀ ਲਟ-ਲਟ ਬਲਣ ਲੱਗ ਪਏ ਸੂਰਜ ਦੇਵ ਨਾਲ਼ ਮੱਥਾ ਲਾ ਕੇ। ਦੁਪਹਿਰ ਹੋਣ ਤੋਂ ਪਹਿਲਾਂ ਹੀ ਲੇਖਕ ਦਾ ਮਨ ਕਰੇ ਕਿ ਉਹ ਇਸ ਕੰਮ ਦਾ ਖਹਿੜਾ ਛੱਡ ਦੇਵੇ। ਇਸ ਜੱਕੋ-ਤੱਕੀ ਵਿਚ ਹੀ ਉਸ ਨੇ ਦੁਪਹਿਰ ਤਕ ਸੂਰਜ ਅਤੇ ਗਰਮੀ ਅੱਗੇ ਹਥਿਆਰ ਸੁੱਟ ਦਿੱਤੇ। ਉਹ ਉੱਚੇ ਟਿੱਲੇ ਤੋਂ ਉੱਤਰ ਕੇ ਸਾਈਂ ਦੀ ਕੁਟੀਆ ਦੇ ਨੇੜਿਓਂ ਦੱਬੇ ਪੈਰੀਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਸਾਈਂ ਦੀ ਨਜ਼ਰੇ ਪੈ ਗਿਆ। “ਕਿਉਂ ਬਈ ਭਗਤਾ ਕੋਈ ਇਲਹਾਮ ਹੋਇਆ?” ਸਾਈਂ ਜੀ ਨੇ ਅਵਾਜ਼ ਮਾਰ ਕੇ ਪੁੱਛਿਆ ਤਾਂ ਲੇਖਕ ਨੂੰ ਉਨ੍ਹਾਂ ਵੱਲ ਮੁੜਨਾ ਹੀ ਪਿਆ।
“ਸਾਈਂ ਜੀ ਇਲਹਾਮ-ਉਲਹੂਮ ਤਾਂ ਕੋਈ ਨਹੀਂ ਹੋਇਆ, ਅਜੇ ਘੰਟਾ ਕੁ ਹੋਇਆ ਸੀ ਸੂਰਜ ਦੇਖਦਿਆਂ ਖੜ੍ਹੇ ਨੂੰ ਕਿ ਮਨ ਵਿਚ ਖ਼ਿਆਲ ਆਇਆ ਕਿ ਮਨਾ! ਇਹ ਕਿਹੜੇ ਕੰਮਾਂ ਵਿਚ ਪੈ ਗਿਆ? ਚੰਗੀ ਭਲੀ ਸਕੂਲ ਮਾਸਟਰੀ ਦੀ ਸਰਕਾਰੀ ਨੌਕਰੀ ਐ ਤੇਰੇ ਕੋਲ, ਬੱਚੇ ਪੜ੍ਹਾ ਤਨਖ਼ਾਹ ਲੈ ਅਤੇ ਆਪਣੇ ਬੱਚੇ ਪਾਲ਼। ਇਹ ਕਿਤਾਬਾਂ ਲਿਖਣ-ਲਿਖਾਉਣ ਤੇ ਫੇਰ ਪੱਲਿਓਂ ਪੈਸੇ ਖ਼ਰਚ ਕੇ ਛਪਾਉਣ ਖੁਣੋਂ ਕੀ ਖੜ੍ਹਾ ਐ ਤੇਰਾ। ਛੱਡ ਪਰ੍ਹਾਂ ਇਹ ਕੁੱਤਾ ਕੰਮ! ਪਹਿਲਾਂ ਪੈਸੇ ਖ਼ਰਚ ਕੇ ਕਿਤਾਬਾਂ ਛਪਾਉਨੈ, ਫੇਰ ਉਨ੍ਹਾਂ ਨੂੰ ਘਰੋ-ਘਰੀ ਵੰਡਦਾ ਫਿਰਦੈਂ। ਬੱਸ ਸਾਈਂ ਜੀ, ਇਹੋ ਸੋਚਦਾ ਮੈਂ ਉੱਚੇ ਟਿੱਲਿਓਂ ਉੱਤਰ ਆਇਆ ਹਾਂ।”
“ਮਾਹਟਰ ਜੀ, ਤੁਸੀਂ ਕਹਿੰਦੇ ਇਲਹਾਮ ਨਹੀਂ ਹੋਇਆ, ਇਹ ਇਲਹਾਮ ਹੀ ਐ!” ਸਾਈਂ ਦਾ ਜੁਆਬ ਸੁਣ ਕੇ ਕਿੰਨਾ ਹੀ ਚਿਰ ਮਾਸਟਰ ਅਣਜਾਣ ਸਿੰਘ ਪਰਿੰਦਾ, ਸਾਈਂ ਦੇ ਮੂੰਹ ਵੱਲ ਦੇਖਣੋਂ ਨਹੀਂ ਹਟਿਆ ਸੀ। ਇਹ ਪ੍ਰਸੰਗ ਪਾਠਕਾਂ ਦੀ ਨਜ਼ਰ ਕਰਨ ਦਾ ਉਦੇਸ਼ ਇਸ ਲੇਖ ਦੀ ਪ੍ਰਸੰਗਕਿਤਾ ਵੱਲ ਝਾਤੀ ਪੁਆਉਣਾ ਹੀ ਹੈ। ਅੱਜ ਦੇ ਇਸ ਲੇਖ ਵਿਚ ਅਸੀਂ ਹੀਲਾ ਕਰਾਂਗੇ ਕਿ ਬਹੁਤ ਸਾਰੇ ਲੇਖਕਾਂ ਨੂੰ ਪਿਆ ਹੋਇਆ ਉਹ ਭੁਲੇਖਾ ਕੱਢ ਦੇਈਏ, ਜਿਹੜਾ ‘ਮਾਹਟਰ ਅਣਜਾਣ ਪਰਿੰਦੇ’ ਨੂੰ ਵੀ ਪਿਆ ਹੋਇਆ ਸੀ ਯਾਨੀ ਲੇਖਕ ਜਾਂ ਵੱਡਾ ਲੇਖਕ ਬਣਨ ਲਈ, ਲਿਖ-ਲਿਖ ਕੇ ਕਿਤਾਬਾਂ ਦੇ ਗੱਡੇ ਲੱਦਣ ਦੀ ਲੋੜ ਨਹੀਂ ਹੈ, ਸਗੋਂ ਇਕ ਜਾਂ ਦੋ ਵਧੀਆ ਕਿਤਾਬਾਂ ਲਿਖ ਕੇ ਵੀ ਵਧੀਆ ਤੇ ਵੱਡਾ ਲੇਖਕ ਬਣਿਆ ਜਾ ਸਕਦਾ ਹੈ।
ਇਸ ਲੇਖ ਵਿਚ ਉਨ੍ਹਾਂ ਦਸ ਲੇਖਕਾਂ ਦਾ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਨੇ ਆਪਣੀ ਉਮਰ ਦੌਰਾਨ ਮਸਾਂ ਇਕ-ਇਕ ਕਿਤਾਬ ਲਿਖੀ ਤੇ ਉਸੇ ਹੀ ਕਿਤਾਬ ਨਾਲ਼ ਆਪਣੀ ‘ਗੱਲ ਜਿਹੀ ਬਣਾ’ ਗਏ। ਸ਼ਾਇਦ ਇਹ ਲੇਖਕ ਆਪਣੀ ਇਕਲੌਤੀ ਕਿਤਾਬ ਲਿਖਣ ਤੋਂ ਮਗਰੋਂ ਹੋਰ ਕਿਤਾਬਾਂ ਵੀ ਲਿਖਦੇ, ਪਰ ਉਨ੍ਹਾਂ ਦੀ ਜ਼ਿੰਦਗ਼ੀ ਵਿਚ ਹਾਲਾਤ ਹੀ ਇਹੋ ਜਿਹੇ ਬਣੇ ਕਿ ਉਹ ਦੂਜੀ ਕਿਤਾਬ ਨਹੀਂ ਲਿਖ ਸਕੇ।
ਇਹੋ ਜਿਹੇ ਇਕ ਲੇਖਕ ਯਾਨੀ ਲੇਖਕਾ ਦਾ ਨਾਂ ਹੈ ‘ਹਾਰਪਰ ਲੀ’, ਜਿਸ ਨੇ ‘ਟੂ ਕਿੱਲ ਏ ਮੌਕਿੰਗਬਰਡ’ (ਨਕਲਚੂ ਪਰਿੰਦੇ ਨੂੰ ਮਾਰਨਾ) ਨਾਂ ਦੀ ਕਿਤਾਬ ਲਿਖੀ ਸੀ। ਹੁਣ ਅਮਰੀਕਾ ਦਾ ਇਕ ‘ਕਲਾਸਿਕ ਨਾਵਲ’ ਕਹਾਉਂਦੀ ਇਹ ਕਿਤਾਬ ਲਿਖਣ ਵਾਲ਼ੀ ਹਾਰਪਰ ਲੀ, ਕਿਸੇ ਨਾਲ਼ ਘੁਲਣ-ਮਿਲਣ ਤੋਂ ਦੂਰ ਰਹਿਣ ਲਈ ਬੁਰੀ ਤਰ੍ਹਾਂ ਬਦਨਾਮ ਸੀ। ਉਹ ਇਸ ਗੱਲੋਂ ਬਹੁਤ ਤਰਾਹੁੰਦੀ ਹੁੰਦੀ ਕਿ ਉਸ ਦੀ ਇਸ ਕਿਤਾਬ ਦੀ ਆਲੋਚਨਾ ਬਹੁਤ ਜ਼ਿਆਦਾ ਹੋਵੇਗੀ। ਇਸ ਤੋਂ ਉਲਟ ਹੋਇਆ ਇਹ ਸੀ ਕਿ ਲੀ ਦਾ ਇਹ ਨਾਵਲ ਨਾ ਸਿਰਫ਼ ਧੜਾਧੜ ਵਿਕ ਗਿਆ, ਸਗੋਂ ਸਮੀਖਿਅਕਾਂ ਨੇ ਉਸ ਦੀ ਬਹੁਤ ਜ਼ਿਆਦਾ ਸ਼ਲਾਘਾ ਵੀ ਕੀਤੀ। ਉਸ ਨੂੰ ਇਸ ਰਚਨਾ ਲਈ 1961 ਵਿਚ ‘ਪੁਲਿਟਜ਼ਰ ਪ੍ਰਾਈਜ਼’ ਵੀ ਮਿਲਿਆ ਸੀ। ਕਹਿੰਦੇ ਹਨ ਕਿ ਹਾਰਪਰ ਲੀ ਨੇ ਆਪਣੀ ਦੂਜੀ ਕਿਤਾਬ ‘ਦ ਲੌਂਗ ਗੁੱਡਬਾਈ’ (ਲੰਬੀ ਅਲਵਿਦਾ) ਲਿਖਣ ਦੀਆਂ ਤਿਆਰੀਆਂ ਕਰਦਿਆਂ ਕਈ ਸਾਲ ਲਗਾਏ, ਪਰ ਉਸ ਨੇ ਉਹ ਕਿਤਾਬ ਸਿਰੇ ਲਾਉਣ ਦੇ ਖ਼ਿਆਲ ਨੂੰ ਹੀ ‘ਲੰਬੀ ਅਲਵਿਦਾ’ ਕਹਿ ਦਿੱਤੀ ਤੇ ਦੂਜੀ ਕਿਤਾਬ ਨਾ ਲਿਖੀ। ਇਸ ਤੋਂ ਮਗਰੋਂ ਉਸ ਨੇ ਕੁੱਝ ਲੇਖ ਤਾਂ ਲਿਖੇ, ਪਰ ਕਿਤਾਬ ਕੋਈ ਨਹੀਂ ਲਿਖੀ।
‘ਇਨਵਿੱਜ਼ੀਵਲ ਮੈਨ’ (ਅਦਿਖ ਆਦਮੀ) ਸਿਰਲੇਖ ਅਧੀਨ ਇਕੋ-ਇਕ ਨਾਵਲ ਲਿਖ ਕੇ, 1953 ਵਿਚ ‘ਨੈਸ਼ਨਲ ਬੁੱਕ ਐਵਾਰਡ’ ਹਾਸਲ ਕਰਨ ਵਾਲ਼ੇ ਲੇਖਕ ‘ਰਾਲਫ ਏਲੀਸਨ’ ਨੇ ਆਪਣੀ ਸਾਰੀ ਉਮਰ ਦੌਰਾਨ ਹੋਰ ਕੋਈ ਕਿਤਾਬ ਨਹੀਂ ਲਿਖੀ। ਇਹ ਨਹੀਂ ਕਿ ਉਸ ਨੂੰ ਹੋਰ ਕੁੱਝ ਲਿਖਣਾ ਸੁੱਝਿਆ ਹੀ ਨਹੀਂ, ਉਸ ਨੇ ਅਪਣੇ ਪਹਿਲੇ ਨਾਵਲ ਦੀ ਕਾਮਯਾਬੀ ਦੇ ਮੇਚੇ ਦੀ ਕੋਈ ਹੋਰ ਕਿਤਾਬ ਲਿਖਣ ਲਈ ਬਹੁਤ ਹੀਲੇ ਕੀਤੇ, ਪਰ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਲਿਖਣ-ਸਮਰੱਥਾ ਪਹਿਲੀ ਰਚਨਾ ਤੋਂ ਮਗਰੋਂ ਜਾਮ ਜਿਹੀ ਹੀ ਹੋ ਕੇ ਰਹਿ ਗਈ ਹੈ। ਓਦਾਂ, ਜਦੋਂ ਉਸ ਨੇ ਆਪਣੀ ਦੂਜੀ ਕਿਤਾਬ ਲਿਖਣ ਦਾ ਖ਼ਿਆਲ ਛੱਡਿਆ, ਉਹ 2000 ਤੋਂ ਵੱਧ ਸਫ਼ੇ ‘ਕਾਲ਼ੇ’ ਕਰ ਚੁੱਕਾ ਸੀ। ਰਾਲਫ ਏਲੀਸਨ ਦੀ ਮੌਤ ਹੋ ਜਾਣ ਮਗਰੋਂ, ਉਸ ਦਾ ਇਹ ਦੂਜਾ ਨਾਵਲ, ਸੰਪਾਦਨ ਅਤੇ ਸੰਖੇਪ ਕਰ ਕੇ ‘ਜੂਨੇਟੀਨਥ’ ਸਿਰਲੇਖ ਅਧੀਨ ਛਾਪਿਆ ਗਿਆ ਸੀ।
‘ਡਾ. ਜ਼ਿਵਾਗੋ’ ਸਿਰਲੇਖ ਅਧੀਨ ਇਕੋ-ਇਕ ਨਾਵਲ ਲਿਖ ਕੇ ਅਮਰ ਹੋ ਜਾਣ ਵਾਲ਼ੇ ਬੋਰਿਸ ਪਾਸਤਰਨਾਕ ਨੂੰ ਇਕ ਤਰ੍ਹਾਂ ਨਾਲ਼ ‘ਇਕੋ-ਇਕ ਕਿਤਾਬ ਦੇ ਕਰਿਸ਼ਮਾਸਾਜ਼ਾਂ’ ਦੀ ਸੂਚੀ ਵਿਚ ਸ਼ਾਮਲ ਕਰਨਾ ਉਨ੍ਹਾਂ ਨਾਲ਼ ਧੱਕਾ ਕਰਨਾ ਹੀ ਹੋਵੇਗਾ ਕਿਉਂ ਕਿ ਉਹ ਵੀਹਵੀਂ ਸਦੀ ਦੇ ਮਹਾਨ ਸ਼ਾਇਰਾਂ ਵਿਚ ਵੀ ਗਿਣੇ ਜਾਂਦੇ ਹਨ। ਇਸ ਦੇ ਬਾਵਜੂਦ, ਨਾਵਲਕਾਰ ਵਜੋਂ ‘ਡਾ. ਜ਼ਿਵਾਗੋ’ ਉਨ੍ਹਾਂ ਦੀ ਪਹਿਲੀ ਤੇ ਆਖ਼ਰੀ ਰਚਨਾ ਸੀ। ਇਹ ਇਕਲੌਤਾ ਨਾਵਲ ਉਨ੍ਹਾਂ ਦਾ ਸ਼ਾਹਕਾਰ ਮੰਨਿਆ ਜਾਂਦਾ ਹੈ। ਇਸ ਨਾਵਲ ਦੇ ਪ੍ਰਕਾਸ਼ਨ ਨਾਲ਼ ਵੀ ਇਕ ਚਮਤਕਾਰੀ ਘਟਨਾ ਜੁੜੀ ਹੋਈ ਹੈ। ‘ਡਾ. ਜ਼ਿਵਾਗੋ’ ਨੂੰ ਕਿਤਾਬੀ ਰੂਪ ਦੇਣ ਲਈ ਇਸ ਦਾ ਖਰੜਾ, ਰੂਸ ਤੋਂ ‘ਸਮੱਗਲ’ ਕਰਨਾ ਪਿਆ ਸੀ ਤੇ ਇਸ ਦਾ ਪਹਿਲਾ ਐਡੀਸ਼ਨ, ਰੂਸ ਤੋਂ ਬਾਹਰ ਹੀ ਛਪਿਆ ਸੀ। ਜਦੋਂ 1958 ਵਿਚ ਬੋਰਿਸ ਪਾਸਤਰਨਾਕ ਨੂੰ ਇਸ ਨਾਵਲ ਲਈ ਨੋਬਲ ਇਨਾਮ ਦੇਣ ਦਾ ਐਲਾਨ ਹੋ ਗਿਆ ਤਾਂ ਸੋਵੀਅਤ ਅਧਿਕਾਰੀਆਂ ਨੇ ਉਨ੍ਹਾਂ ਉੱਤੇ ਦਬਾਅ ਪਾਇਆ ਕਿ ਉਹ, ਇਹ ਇਨਾਮ ਲੈਣ ਤੋਂ ਇਨਕਾਰ ਕਰ ਦੇਣ ਜਾਂ ਫਿਰ ਕੈਦ ਜਾਂ ਜਲਾਵਤਨ ਹੋਣ ਲਈ ਤਿਆਰ ਹੋ ਜਾਣ। ਇਸ ਤੋਂ ਦੋ ਸਾਲ ਮਗਰੋਂ ਫੇਫੜਿਆਂ ਦੇ ਕੈਂਸਰ ਨਾਲ਼ ਪਾਸਤਰਨਾਕ ਦੀ ਮੌਤ ਹੋ ਗਈ।
‘ਗੌਨ ਵਿਦ ਦਾ ਵਿੰਡ’ (ਹਵਾ ਦੇ ਨਾਲ਼ ਹੀ ਫੁਰਰ) ਸਿਰਲੇਖ ਹੇਠ ਇਕ ਨਾਵਲ ਲਿਖਣ ਵਾਲ਼ੀ ਮਾਰਗ੍ਰੇਟ ਮਿਛਲ ਨੇ ਕਦੇ ਵੀ ਨਹੀਂ ਚਾਹਿਆ ਸੀ ਕਿ ਲਿਖਣ ਦੇ ਮਾਮਲੇ ਵਿਚ ਉਹ ਝੰਡੇ ਗੱਡਦੀ ਫਿਰੇ। ਉਸ ਨੇ ਇਹ ਨਾਵਲ ਵੀ ਬਹੁਤ ਹੀ ਗੁੱਝੇ ਢੰਗ ਨਾਲ਼ ਲਿਖਿਆ ਸੀ। ਉਸ ਨੇ ਇਹ ਨਾਵਲ ਛਪਣ ਖ਼ਾਤਰ ਪ੍ਰਕਾਸ਼ਕਾਂ ਨੂੰ ਵੀ ਉਦੋਂ ਹੀ ਭੇਜਿਆ, ਜਦੋਂ ਕਿਸੇ ਨੇ ਉਸ ਦੇ ਇਕ ਚੰਗੀ ਨਾਵਲਕਾਰਾ ਹੋਣ ਦਾ ਯਕੀਨ ਨਾ ਕਰਦਿਆਂ, ਉਸ ਦਾ ਮਖ਼ੌਲ਼ ਉਡਾਇਆ ਸੀ। ਦੂਜੇ ਪਾਸੇ ਉਹ ਇਕ ਚੰਗੀ ਲੇਖਕਾ ਹੀ ਨਹੀਂ ਸੀ, ਸਗੋਂ ਬਹੁਤ ਹੀ ਚੰਗੀ ਲੇਖਕਾ ਵੀ ਸੀ। ਇਸ ਨਾਵਲ ਨੇ ਉਸ ਨੂੰ ‘ਪੁਲਿਟਜ਼ਰ ਪ੍ਰਾਈਜ਼’ ਹੀ ਨਹੀਂ ਦੁਆਇਆ ਸੀ, ਸਗੋਂ ਇਸ ਨਾਵਲ ਦੇ ਕਥਾਨਕ ਦੇ ਆਧਾਰ ’ਤੇ ਇਕ ਬਹੁਤ ਹੀ ਯਾਦਗ਼ਾਰੀ ਫ਼ਿਲਮ ਵੀ ਬਣਾਈ ਗਈ ਸੀ। ਮਸਾਂ 49 ਸਾਲ ਦੀ ਉਮਰ ਵਿਚ ਮਿਛਲ ਇਕ ਸਿਨੇਮਾ ਘਰ ਵੱਲ ਜਾਂਦਿਆਂ, ਇਕ ਕਾਰ ਦੀ ਟੱਕਰ ਵੱਜਣ ਨਾਲ ਦਮ ਤੋੜ ਗਈ ਸੀ। ਇਸ ਵਜ੍ਹਾ ਨਾਲ਼ ਉਸ ਨੂੰ ਕੋਈ ਹੋਰ ਰਚਨਾ ਕਰਨ ਦਾ ਮੌਕਾ ਹੀ ਨਾ ਮਿਲਿਆ।
ਇਸ ਕਾਲਮ ਵਿਚ ਕਿਸੇ ਹੋਰ ਵਜ੍ਹਾ ਨਾਲ਼ ਪਹਿਲਾਂ ਵੀ ਆਪਣਾ ਜ਼ਿਕਰ ਕਰਾ ਚੁੱਕੀ ਲੇਖਕਾ ਏਮਿਲੀ ਬਰਾਉਂਤੇ, ਜਿਸ ਨੇ ‘ਵੁਦਰਿੰਗ ਹਾਈਟਸ’ ਨਾਂ ਦੀ ਕਿਤਾਬ ਲਿਖੀ ਸੀ, ਲੇਖਕਾਵਾਂ ਨਾਲ਼ ਸਬੰਧ ਰੱਖਦੇ ਇਕ ਪਰਿਵਾਰ ਦੀ ਜੀਅ ਸੀ। ਆਪਣੀ ਸਾਰੀ ਉਮਰ ਏਮਿਲੀ ਨੇ ਇਕ ਕਾਵਿ-ਸੰਗ੍ਰਹਿ ਦੇ ਸਬੰਧ ਵਿਚ ਕੰਮ ਕੀਤਾ। ਪਹਿਲਾਂ-ਪਹਿਲਾਂ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਇਕ ਅਜਿਹੇ ਨਾਮ ਹੇਠ ਛਪੀਆਂ, ਜਿਸ ਤੋਂ ਉਸ ਦੇ ਮਰਦ ਵੀ ਤੇ ਔਰਤ ਵੀ ਹੋਣ ਦਾ ਅਹਿਸਾਸ ਹੁੰਦਾ ਸੀ। ਜਦੋਂ ਉਸ ਦੇ ਨਵੇਂ ਅੰਦਾਜ਼ਿ-ਬਿਆਂ ਦੀ ਵਜ੍ਹਾ ਨਾਲ਼ ‘ਵੁਦਰਿੰਗ ਹਾਈਟਸ’ ਦੀ ਪ੍ਰਸ਼ੰਸਾ ਹੋਈ ਅਤੇ ਇਹ ਇਕ ਸ਼ਾਹਕਾਰ ਮੰਨਿਆ ਜਾਣ ਲੱਗਿਆ ਤਾਂ ਏਮਿਲੀ ਬਰਾਉਂਤੇ ਦੀ ਭੈਣ ਨੇ ਇਸ ਨਾਵਲ ਦਾ ਸੰਪਾਦਨ ਕਰਾ ਕੇ 1850 ਵਿਚ ਇਸ ਨੂੰ ਦੁਬਾਰਾ ਉਸ ਦੇ ਅਸਲੀ ਨਾਂ ਨਾਲ਼ ਛਪਾਇਆ। ਹੋ ਸਕਦਾ ਸੀ ਕਿ ਏਮਿਲੀ ਇਸ ਤੋਂ ਵੀ ਵਧੀਆ ਤੇ ਕਈ ਹੋਰ ਕਿਤਾਬਾਂ ਲਿਖਦੀ, ਪਰ ਉਸ ਦੀ ਮਾੜੀ ਸਿਹਤ ਨੇ ਤੇ ਉਸ ਨੂੰ ਰਾਸ ਨਾ ਆਉਣ ਵਾਲ਼ੇ ਮੌਸਮ ਨੇ ਉਸ ਨੂੰ ਲੰਬਾ ਸਮਾਂ ਜੀਣ ਨਾ ਦਿੱਤਾ। ਉਹ ਮਸਾਂ 30 ਸਾਲ ਦੀ ਉਮਰ ਵਿਚ ਤਪਦਿਕ ਦੀ ਸ਼ਿਕਾਰ ਹੋ ਕੇ, ਇਸ ਜਹਾਨੋਂ ਸਦਾ ਲਈ ਤੁਰ ਗਈ।
ਨਾਵਲ ‘ਬਲੈਕ ਬਿਊਟੀ’ (ਸਿਆਹ ਹੁਸਨ) ਦੀ ਲੇਖਕਾ ਅੰਨਾ ਸੀਵੈੱਲ ਨੇ ਆਪਣਾ ਜੀਵਨ ਇਕ ਨਾਵਲਕਾਰਾ ਬਣਨ ਦੇ ਇਰਾਦੇ ਨਾਲ਼ ਸ਼ੁਰੂ ਨਹੀਂ ਕੀਤਾ ਸੀ। ਅਸਲ ਵਿਚ ਉਸ ਨੇ ਤਾਂ ‘ਬਲੈਕ ਬਿਊਟੀ’ ਵੀ 51 ਸਾਲ ਦੀ ਉਮਰ ਵਿਚ ਲਿਖਣਾ ਸ਼ੁਰੂ ਕੀਤਾ ਸੀ। ਇਹ ਨਾਵਲ ਲਿਖਣ ਪਿੱਛੇ ਵੀ ਉਸ ਦਾ ਇਹੋ ਉਦੇਸ਼ ਸੀ ਕਿ ਉਹ ਇਕ ਅਜਿਹੀ ਕਿਤਾਬ ਲਿਖੇ, ਜਿਸ ਤੋਂ ਲੋਕ, ਘੋੜਿਆਂ (ਅਤੇ ਮਨੁੱਖਾਂ) ਨਾਲ਼ ਮਨੁੱਖੀ ਸਲੂਕ ਕਰਨ ਖ਼ਾਤਰ ਉਤਸ਼ਾਹ ਲੈਣ। ਉਸ ਨੂੰ ਇਹ ਨਾਵਲ ਪੂਰਾ ਕਰਨ ਵਿਚ ਛੇ ਸਾਲ ਲੱਗ ਗਏ। ਇਹ ਨਾਵਲ ਛਪ ਕੇ ਆਇਆ ਤਾਂ ਹੱਥੋ-ਹੱਥ ਵਿਕ ਗਿਆ ਤੇ ਅੰਨਾ ਸੀਵੈੱਲ ਦਾ ਨਾਮ ਕਾਮਯਾਬੀ ਦੀਆਂ ਬੁਲੰਦੀਆਂ ਛੁਹ ਗਿਆ। ਬਦਕਿਸਮਤੀ ਨਾਲ਼ ਉਹ ਆਪਣੀ ਕਿਤਾਬ ਰਿਲੀਜ਼ ਹੋਣ ਤੋਂ ਪੰਜ ਮਹੀਨੇ ਮਗਰੋਂ ਯਰਕਾਨ ਹੋਣ ਦੀ ਵਜ੍ਹਾ ਨਾਲ਼ ਮੌਤ ਦੀ ਸ਼ਿਕਾਰ ਹੋ ਗਈ ਸੀ।
‘ਦ ਪਿਕਚਰ ਆਫ ਡੋਰੀਅਨ ਗਰੇਅ’ (ਡੋਰੀਅਨ ਗਰੇਅ ਦੀ ਤਸਵੀਰ) ਸਿਰਲੇਖ ਵਾਲ਼ੇ ਨਾਵਲ ਦਾ ਕਰਤਾ ਔਸਕਰ ਵਾਈਲਡ ਇਕ ਜਾਣਿਆ-ਪਛਾਣਿਆ ਸ਼ਾਇਰ ਅਤੇ ਡਰਾਮਾਨਵੀਸ ਸੀ, ਪਰ ਉਸ ਨੇ ਇਹੋ ਇਕ ਨਾਵਲ ਵੀ ਲਿਖਿਆ ਸੀ। ਭਾਵੇਂ ਉਸ ਦਾ ਇਹ ਨਾਵਲ ਕਈ ਰੱਫੜਾਂ ਦਾ ਸ਼ਿਕਾਰ ਰਿਹਾ, ਪਰ ਸਾਹਿੱਤ ਦੇ ਇਤਿਹਾਸ ਵਿਚ ਔਸਕਰ ਵਾਈਲਡ ਦੀ ਥਾਂ ਇਸ ਨਾਵਲ ਨੇ ਹੀ ਬਣਾਈ ਹੋਈ ਹੈ। ਓਦਾਂ, ਉਸ ਨੂੰ ਜੀਂਦੇ-ਜੀਅ ਮਸ਼ਹੂਰੀ, ਉਸ ਦੇ ਡਰਾਮਿਆਂ ਦੀ ਵਜ੍ਹਾ ਨਾਲ਼ ਹੀ ਮਿਲੀ ਸੀ। ਉਸ ਦਾ ਇਹ ਨਾਵਲ, ਉਸ ਵੇਲ਼ੇ ਦੇ ਵਿਕਟੋਰੀਅਨ ਸਮਾਜ ਨੂੰ ਹਜ਼ਮ ਕਰਨਾ ਕਾਫੀ ਔਖਾ ਲੱਗ ਰਿਹਾ ਸੀ ਕਿਉਂ ਕਿ ਸਮੀਖਿਅਕ ਇਸ ਨਾਵਲ ਨੂੰ ਸਮਲਿੰਗਕਤਾ ਅਤੇ ਆਤਮਸੰਤੁਸ਼ਟੀ ਭਰੀਆਂ ਛੁਹਾਂ ਦਿੱਤੀਆਂ ਹੋਣ ਦੀ ਵਜ੍ਹਾ ਨਾਲ਼, ਇਸ ਨੂੰ ‘ਤੀਵੀਂਆਨਾ’ ਤੇ ‘ਗੰਦੀ’ ਰਚਨਾ ਕਹਿਣ ਦੇ ਨਾਲ਼-ਨਾਲ਼ ਹੋਰ ਵੀ ਕਾਫੀ ਮੰਦਾ-ਚੰਗਾ ਕਹਿ ਦਿਆ ਕਰਦੇ ਸਨ। ਇਸ ਆਲੋਚਨਾ ਨੂੰ ਨਜ਼ਰ ਵਿਚ ਰੱਖਦਿਆਂ ਵਾਈਲਡ ਨੇ ਇਹ ਨਾਵਲ ਸੋਧਿਆ ਤਾਂ ਸੀ, ਪਰ ਉਸ ਨੇ ਬਾਕੀ ਉਮਰ ਦੌਰਾਨ ਹੋਰ ਨਾਵਲ ਲਿਖਣ ਦੀ ਥਾਂ, ਸ਼ਾਇਰੀ ਤੇ ਡਰਾਮਿਆਂ ਵੱਲ ਹੀ ਧਿਆਨ ਦਿੱਤਾ।
‘ਏ ਕਨਫੈਡਰੇਸੀ ਆਫ ਡਿਊਨਸਿਜ਼’ (ਇਕ ਟੋਲਾ ਨਾਲਾਇਕਾਂ ਦਾ) ਸਿਰਲੇਖ ਹੇਠ ਨਾਵਲ ਲਿਖਣ ਵਾਲ਼ਾ ਜੌਹਨ ਕੈਨੇਡੀ ਟੂਲੇ ਇਕ ਬਹੁਤ ਪੜ੍ਹਿਆ-ਲਿਖਿਆ ਤੇ ਸਿਆਣਾ ਬੰਦਾ ਸੀ, ਜੋ ਨਿਊ ਓਰਲੀਨਜ਼ ਦੇ ਡੋਮੀਨੀਕਨ ਕਾਲਜ ਵਿਚ ਪੜ੍ਹਾਉਂਦਾ ਹੁੰਦਾ ਸੀ। ਉਸ ਨੇ ਕਾਲਜ ਵਿਚ ਪੜ੍ਹਾਉਣ ਦੇ ਜ਼ਮਾਨੇ ਵਿਚ ਹੀ ਇਹ ਹਾਸ-ਭਰਪੂਰ ਨਾਵਲ ਲਿਖਿਆ ਸੀ।ਇਹ ਨਾਵਲ ਛਪਾਉਣ ਵਿਚ ਉਹ ਨਾਕਾਮ ਰਿਹਾ ਤੇ ਉਸ ਨੇ ਇਹ ਗੱਲ ਆਪਣੇ ਦਿਲ ਨੂੰ ਲਾ ਲਈ। ਇਸ ਤੋਂ ਇਲਾਵਾ ਸਮੀਖਿਅਕਾਂ ਨੂੰ ਵੀ ਉਸ ਦੇ ਨਾਵਲ ਵਿਚ ਕੋਈ ਖ਼ਾਸੀਅਤ ਨਾ ਦਿਸੀ ਤਾਂ ਇਸ ਦੁੱਖ ਨੇ ਉਸ ਦੇ ਤਨ-ਮਨ ਉੱਤੇ ਆਲ੍ਹਣਾ ਹੀ ਪਾ ਲਿਆ। ਇਸ ਦੁੱਖ ਦੇ ਮਾਰੇ ਟੂਲੇ ਨੇ ਕਾਲਜ ਦੀ ਨੌਕਰੀ ਛੱਡ ਦਿੱਤੀ ਅਤੇ ਉਹ ਢਹਿੰਦੀਆਂ ਕਲਾਂ ਦਾ ਸ਼ਿਕਾਰ ਰਹਿਣ ਲੱਗਿਆ। ਆਖ਼ਰ 1969 ਵਿਚ ਉਸ ਨੇ ਖ਼ੁਦਕੁਸ਼ੀ ਕਰ ਲਈ। ਉਸ ਦੇ ਮਰਨ ਤੋਂ 11 ਸਾਲ ਬਾਅਦ ਉਸ ਦਾ ਉਹ ਨਾਵਲ ‘ਏ ਕਨਫੈਡਰੇਸੀ ਆਫ ਡਿਊਨਸਿਜ਼’ ਕਿਤਾਬ ਦੇ ਰੂਪ ਵਿਚ ਪਾਠਕਾਂ ਦੇ ਹੱਥ ਆਇਆ। ਇਸ ਨਾਵਲ ਦੀ ਬਦੌਲਤ ਜੌਹਨ ਕੈਨੇਡੀ ਟੂਲੇ ਨੂੰ ਮਰਨ ਮਗਰੋਂ ਨਾ ਸਿਰਫ਼ ਬਣਦੀ ਮਾਨਤਾ ਮਿਲੀ, ਸਗੋਂ ‘ਪੁਲਿਟਜ਼ਰ ਪ੍ਰਾਈਜ਼’ ਵੀ ਮਿਲਿਆ।
‘ਦ ਬੈੱਲ ਜਾਰ’ (ਟੱਲ ਜਿਹਾ ਭਾਂਡਾ) ਨਾਂ ਦੀ ਕਿਤਾਬ ਲਿਖਣ ਵਾਲ਼ੀ ਸਿਲਵੀਆ ਪਲਾਥ ਦੀ ਇਹ ਕਿਤਾਬ 1963 ਵਿਚ ਲੇਖਕ ਵਜੋਂ ਕਿਸੇ ਜਾਅਲੀ ਨਾਮ ਹੇਠ ਛਪੀ ਸੀ। ਸਿਲਵੀਆ ਪਲਾਥ, ਜੋ ਬਹੁਤ ਪਾਏਦਾਰ ਸ਼ਾਇਰਾ ਸੀ, ਇਕ ਬਹੁਤ ਹੀ ਨਾਮੁਰਾਦ ਮਾਨਸਕ ਬਿਮਾਰੀ ‘ਬਾਈਪੋਲਰ ਡਿਪਰੈਸ਼ਨ’ ਦੀ ਮਰੀਜ਼ਾ ਸੀ। ਉਸ ਦੇ ਪਤੀ ਦੀ ਬੇਵਫ਼ਾਈ ਅਤੇ ਇਕ ਵਾਰ ਉਸ ਦਾ ਗਰਭ ਖਰਾਬ ਹੋ ਜਾਣ ਦੀ ਵਜ੍ਹਾ ਨਾਲ਼ ਉਸ ਦੀ ਹਾਲਤ ਬਹੁਤੀ ਹੀ ਖਰਾਬ ਰਹਿਣ ਲੱਗ ਪਈ। ਉਸ ਦੇ ਇਸ ਚਰਚਿਤ ਨਾਵਲ ਵਿਚ ਵੀ ਮੁੱਖ ਪਾਤਰ ਦਾ ਇਹੋ ਹਾਲ ਹੁੰਦਾ ਹੈ ਤੇ ਉਹ ਪਾਤਰ ਆਤਮਘਾਤ ਕਰ ਲੈਂਦੀ ਹੈ। ਸਿਲਵੀਆ ਨੇ ਆਪਣਾ ਇਹ ਇਕਲੌਤਾ ਨਾਵਲ ਛਪਣ ਤੋਂ ਕੁੱਝ ਹੀ ਮਹੀਨੇ ਮਗਰੋਂ ਆਪਣੀ ਮੁੱਖ ਪਾਤਰ ਨੂੰ ਆਪਣੀ ਜ਼ਿੰਦਗ਼ੀ ਵਿਚ ਸਾਕਾਰ ਕਰ ਦਿੱਤਾ ਸੀ ਤੇ ਆਤਮਘਾਤ ਕਰ ਲਿਆ ਸੀ। ਉਸ ਦੇ ਮਰਨ ਮਗਰੋਂ, ਉਸ ਦੀ ਕਵਿਤਾ ਲਈ ਉਸ ਨੂੰ ‘ਪੁਲਿਟਜ਼ਰ ਪ੍ਰਾਈਜ਼’ ਨਾਲ਼ ਸਨਮਾਨਿਆ ਗਿਆ ਸੀ। ਮਰਨ ਉਪਰੰਤ ਇਹ ਇਨਾਮ ਹਾਸਲ ਕਰਨ ਵਾਲ਼ੀ ਉਹ ਪਹਿਲੀ ਲੇਖਕਾ ਸੀ।
ਪਾਠਕ ਹੈਰਾਨ ਹੋ ਰਹੇ ਹੋਣਗੇ ਕਿ ਇਹ ਕਾਲਮਨਵੀਸ ‘ਇਕ ਕਿਤਾਬੀ ਕਰਿਸ਼ਮਾਸਾਜ਼ ਲੇਖਕਾਂ’ ਵਿਚ ਵਿਦੇਸ਼ੀ ਲੇਖਕਾਂ ਦਾ ਜ਼ਿਕਰ ਹੀ ਕਰੀ ਜਾਂਦਾ ਹੈ, ਕੀ ਸਾਡੇ ਆਪਣੇ ਮੁਲਕ ਵਿਚ ਇਹੋ ਜਿਹਾ ਕੋਈ ਲੇਖਕ ਨਹੀਂ ਹੋਇਆ? ਮੇਰੀ ਪਾਠਕਾਂ ਵਾਲ਼ੀ ਸਰਕਾਰ ਨਿਰਾਸ਼ ਨਾ ਹੋਵੇ ਕਿਉਂ ਕਿ ਆਪਣੇ ਭਾਰਤ ਮਹਾਨ ਵਿਚ ਵੀ ਇਕ ਇਹੋ ਜਿਹੀ ‘ਕਰਿਸ਼ਮਾਸਾਜ਼ ਲੇਖਕਾ’ ਹੈ, ਜਿਸ ਦਾ ਨਾਂ ਹੈ ਅਰੁੰਧਤੀ ਰਾਏ! ਉਹ ‘ਦ ਗੌਡ ਆਫ ਸਮਾਲ ਥਿੰਗਜ਼’ (ਛੋਟੀਆਂ ਸ਼ੈਆਂ ਦਾ ਰੱਬ) ਨਾਂ ਦਾ ਇਕ ਨਾਵਲ ਲਿਖ ਕੇ, ਉਸ ਦੀ ਬਦੌਲਤ ‘ਬੁੱਕਰਜ਼ ਪ੍ਰਾਈਜ਼’ ਜਿੱਤ ਚੁੱਕੀ ਹੈ। 24 ਨਵੰਬਰ, 1961 ਦੀ ਜੰਮੀ ਹੋਈ ਅਰੁੰਧਤੀ ਰਾਏ ਦਾ ਪੂਰਾ ਨਾਮ ‘ਸੁਜ਼ਾਨਾ ਅਰੁੰਧਤੀ ਰਾਏ’ ਹੈ। ਇਹ ਨਾਵਲ ਲਿਖਣ ਮਗਰੋਂ ਉਸ ਨੇ ਹੁਣ ਤਕ ਕੁੱਝ ਲੇਖ ਲਿਖੇ ਹਨ ਜਾਂ ਪਟਕਥਾਵਾਂ ਲਿਖੀਆਂ ਹਨ, ਪਰ ਕੋਈ ਹੋਰ ਨਾਵਲ ਜਾਂ ਕਿਤਾਬ ਨਹੀਂ ਲਿਖੀ। ਉਸ ਨੇ ਆਪਣਾ ਪਹਿਲਾ (ਅਜੇ ਤਕ ਆਖ਼ਰੀ ਵੀ) ਨਾਵਲ ‘ਦ ਗੌਡ ਆਫ ਸਮਾਲ ਥਿੰਗਜ਼’ 1992 ਵਿਚ ਲਿਖਣਾ ਸ਼ੁਰੂ ਕਰ ਕੇ 1996 ਵਿਚ ਪੂਰਾ ਕੀਤਾ ਸੀ। ਪਹਿਲਾ ਨਾਵਲ ਲਿਖਣ ਤੋਂ 18 ਸਾਲ ਬਾਅਦ ਵੀ ਉਸ ਨੇ ਦੂਜਾ ਨਾਵਲ ਨਹੀਂ ਲਿਖਿਆ। ਓਦਾਂ, ਪਤਾ ਲੱਗਿਆ ਹੈ ਕਿ ਉਹ ਇਕ ਹੋਰ ਨਾਵਲ ਲਿਖਣ ਦੀਆਂ ਵਿਉਂਤਾਂ ਬਣਾਉਂਦੀ ਹੈ, ਪਰ ਪੱਕਾ ਪਤਾ ਨਹੀਂ ਕਿਉਂ ਕਿ ਉਹ ਆਪਣਾ ਮਨ ਤੇ ਇਰਾਦਾ ਛੇਤੀ ਹੀ ਬਦਲਣ ਲਈ ਵੀ ਮਸ਼ਹੂਰ ਹੈ।
ਕਿਹਾ ਜਾਂਦਾ ਹੈ, “ਪੜਿ ਪੜਿ ਗਡੀ ਲਦੀਅਹਿ।ਪੜਿ ਪੜਿ ਭਰੀਅਹਿ ਸਾਥ॥” ਅਸੀਂ ਇਸ ਵਿਚ ਕੋਈ ਵਾਧਾ-ਘਾਟਾ ਨਹੀਂ ਕਰਦੇ, ਪਰ ਇਹ ਜ਼ਰੂਰ ਕਹਿੰਦੇ ਹਾਂ ਕਿ ਜੇ ‘ਅਣਜਾਣ ਪਰਿੰਦੇ’ ਵਾਂਗ ਲਿਖ-ਲਿਖ ਕੇ ਵੀ ਗੱਡੇ ਲੱਦ ਦਿਓਗੇ ਤਾਂ ਗੱਲ ਉਨੀ ਕੁ ਹੀ ਬਣਨੀ ਹੈ, ਜਿੰਨੀ ਉਸ ਦੀ ਬਣੀ ਸੀ। ਸੋ ਲਿਖੋ, ਥੋੜ੍ਹਾ ਲਿਖੋ, ਖ਼ਰਾ ਲਿਖੋ, ਪਰ ਇਸ ਲੇਖ ਵਾਂਗ ਬਹੁਤਾ ਲੰਬਾ ਨਾ ਲਿਖੋ!#
