ਬੀਤੇ ਵਰ੍ਹੇ ਦੌਰਾਨ
ਖ਼ਬਰਾਂ ਦੇ ਨਾਲ਼ ਖ਼ਬਰਾਂ ਹੋ ਗਏ
ਬਖ਼ਸ਼ਿੰਦਰ
Email: bababax@gmail.com, Cell Phone: +91-950-175-9494
ਜਦੋਂ ਤੁਸੀਂ ਇਹ ਲੇਖ ਪੜ੍ਹ ਰਹੇ ਹੋਵੋਗੇ ਤਾਂ ਸਾਲ 2014 ਨਿੱਕਲ ਗਿਆ ਹੋਵੇਗਾ, ਪਰ ਇੰਨਾ ਦੂਰ ਵੀ ਨਹੀਂ ਨਿੱਕਲ ਗਿਆ ਹੋਣਾ ਕਿ ਇਸ ਕਾਲਮ ਵਿਚ ਉਸ ਦੀ ਕੋਈ ਗੱਲ ਹੀ ਨਾ ਕੀਤੀ ਜਾ ਸਕੇ। ਇਸ ਸਾਲ ਦੌਰਾਨ ਹੀ ਮੇਰੇ ਭਾਰਤ ਮਹਾਨ ਨੂੰ ਨਵੀਂ ਸਰਕਾਰ ਜੁੜੀ ਹੈ ਤੇ ਇਕ ਨਵਾਂ ਸੂਬਾ ਵੀ। ਇਸ ਸਾਲ ਦੌਰਾਨ ਹੀ ਮੇਰੇ ਭਾਰਤ ਮਹਾਨ ਨੇ ਕਈ ਮੱਲਾਂ ਮਾਰਨ ਦੇ ਦਮਗਜੇ ਵੀ ਮਾਰੇ ਹਨ ਤੇ ਮੇਰਾ ਮੁਲਕ ਕਈ ਰੱਫੜਾਂ ਵਿਚ ਵੀ ਪਿਆ ਰਿਹਾ ਹੈ। ਅਸੀਂ ਇਸ ਲੇਖ ਵਿਚ ਉਨ੍ਹਾਂ ਕੁੱਝ ਹਸਤੀਆਂ ਦਾ ਜ਼ਿਕਰ ਕਰ ਰਹੇ ਹਾਂ, ਜੋ ਸਾਲ 2014 ਦੌਰਾਨ ਖ਼ਬਰਾਂ ਬਣਾਉਣ ਦੇ ਮਸਾਲੇ ਦੀ ਖਾਣ ਬਣੇ ਰਹੇ ਯਾਨੀ ਆਓ ਤੁਹਾਡੀ ਮੁਲਾਕਾਤ ਉਨ੍ਹਾਂ ਲੋਕਾਂ ਨਾਲ਼ ਕਰਾਈਏ, ਪਿਛਲੇ ਸਾਲ ਖ਼ਬਰਾਂ ਵਿਚ ਰਹੇ।
ਇਸ ਸਿਲਸਿਲੇ ਵਿਚ ਸਭ ਤੋਂ ਪਹਿਲੀ ਸ਼ਖ਼ਸੀਅਤ ਨਰਿੰਦਰ ਮੋਦੀ ਤੋਂ ਬਗ਼ੈਰ ਹੋਰ ਭਲਾ ਕਿਹੜੀ ਹੋ ਸਕਦੀ ਹੈ! ਜੇ ਇਹ ਸਾਲ ਕਿਸੇ ਦੇ ਨਾਂ ਲਾਉਣਾ ਹੋਵੇ ਤਾਂ ਉਹ ਢੁੱਕਵੀਂ ਸ਼ਖ਼ਸੀਅਤ, ਗੁਜਰਾਤ ਦੇ ਇਸ ਸਭ ਤੋਂ ਮਜ਼ਬੂਤ ਬੰਦੇ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਹੋ ਸਕਦੀ। ਵਜ੍ਹਾ ਚੰਗੀ ਹੋਵੇ ਜਾਂ ਮੰਦੀ ਹੋਵੇ, ਹਰ ਘਰ ਵਿਚ ‘ਮੋਦੀ-ਮੋਦੀ’ ਹੋਈ ਪਈ ਹੈ। ਕਿਸੇ ਜ਼ਮਾਨੇ ਵਿਚ ਰੇਡੀਓ ਅਤੇ ਟੀਵੀ ਉੱਤੇ ਇਕ ਪੰਪ ਦੀ ਇਸ਼ਤਿਹਾਰਬਾਜ਼ੀ ਕੁੱਝ ਏਦਾਂ ਹੋਇਆ ਕਰਦੀ ਸੀ:
ਪਾਣੀ ਇੰਝ ਕੱਢਦਾ ਮਾਰ-ਮਾਰ ਕੇ ਛੱਲਾਂ,
ਫਲਾਣੇ ਪੰਪ ਦੀਆਂ ਘਰ-ਘਰ ਦੇ ਵਿਚ ਗੱਲਾਂ।
ਹੁਣ ਸਮਝ ਲਓ ‘ਫਲਾਣੇ’ ਦੀ ਥਾਂ ‘ਮੋਦੀ’ ਨੇ ਲੈ ਲਈ ਹੈ। ਬੱਸ ਫ਼ਰਕ ਇੰਨਾ ਕੁ ਹੀ ਹੈ ਕਿ ਇਸ ਵੇਲ਼ੇ ‘ਪਾਣੀ ਕੱਢਣ’ ਦੀ ਥਾਂ ‘ਫੋਕੀ ਹਵਾ ਕੱਢਣ’ ਦਾ ਰੁਝਾਨ ਹੈ। ਭਾਵੇਂ ਟੀਵੀ ਦਾ ਹਰ ਛੋਟਾ-ਵੱਡਾ ਚੈਨਲ ਪਿਛਲੇ ਦਿਨੀਂ “ਮੋਦੀ ਜੀ ਕੇ ਸਾਥ ਜਾਏਂਗੇ” ਦੀ ਰਟ ਲਾਉਂਦਾ ਰਿਹਾ, ਪਰ ਨਾ ਮੋਦੀ ਜੀ ਗਏ, ਨਾ ਕੋਈ ਉਨ੍ਹਾਂ ਨਾਲ਼ ਗਿਆ ਤੇ ਉਹ ਖ਼ੁਦ ਪਿਛਲਾ ਸਾਰਾ ਸਾਲ “ਅੱਛੇ ਦਿਨ ਆਏਂਗੇ-ਅੱਛੇ ਦਿਨ ਆਏਂਗੇ” ਦੀਆਂ ਟਾਹਰਾਂ ਮਾਰਦੇ ਰਹੇ। ਕੁੱਝ ਵੀ ਹੈ, 2014 ਵਿਚ ਹੋਈਆਂ ਪਾਰਲੀਮਾਨੀ ਚੋਣਾਂ ਵਿਚ, ‘ਇਹ ਚਾਹ ਵੇਚਣ ਵਾਲ਼ਾ’ ਸਭ ਨੂੰ ਲਪੇਟ ਕੇ ਸੁੱਟ ਗਿਆ ਤੇ ਮੁਲਕ ਭਰ ਦੇ ਵੋਟਰਾਂ ਦੀਆਂ ਵੋਟਾਂ ‘ਲੁੱਟ’ ਗਿਆ। ਲੰਘੇ ਸਾਲ ਦੇ ਮਈ ਮਹੀਨੇ ਮੇਰੇ ਭਾਰਤ ਮਹਾਨ ਦੇ ਵੋਟਰ ਭਗਵਾਨ ਨੇ ਨਰਿੰਦਰ ਮੋਦੀ ਨੂੰ ਤਾਜ ਬਖ਼ਸ਼ ਦਿੱਤਾ। ਕਿਸੇ ਜ਼ਮਾਨੇ ਵਿਚ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਜੀਵਨ-ਦਾਨ ਮੰਗਣ ਵਾਲ਼ਾ ਮੋਦੀ, ਇਸ ਸਾਲ ਦੌਰਾਨ ਭਾਰਤੀ ਜਨਤਾ ਪਾਰਟੀ ਵਿਚ ਨਵੀਂ ਰੂਹ ਫੂਕਣ ਦਾ ਜ਼ਾਮਨ ਬਣ ਗਿਆ।
ਜਿਹੜਾ ਅਮਰੀਕਾ ਕਿੰਨੇ ਹੀ ਚਿਰ ਤੋਂ ਮੋਦੀ ਨੂੰ ਆਪਣਾ ਵੀਜ਼ਾ ਦੇਣ ਲਈ ਟਿੱਡੀਆਂ ਬੁਛਕੇਰਦਾ ਰਿਹਾ, ਉਹੀ ਉਸ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ’ਤੇ ਉਸ ਨੂੰ ਵਧਾਈ ਦੇਣ ਵਾਲ਼ਿਆਂ ਦੀ ਕਤਾਰ ਵਿਚ ਸਭ ਤੋਂ ਅੱਗੇ ਸੀ। ਜਹਾਨ ਨੇ ਉਸ ਨੂੰ ਸਿਰ ਉੱਤੇ ਹੀ ਨਹੀਂ ਚੁੱਕਿਆ, ਉਸ ਨੂੰ ਗਲ਼ ਵੀ ਲਾਇਆ। ਉਸ ਨੇ ‘ਮੇਡ ਇਨ ਇੰਡੀਆ’ ਦੀ ਥਾਂ ‘ਮੇਕ ਇਨ ਇੰਡੀਆ’ ਦਾ ਮੰਤਰ ਅਪਣਾਇਆ। ਚੋਣਾਂ ਦੌਰਾਨ ਕੀਤੀਆਂ ਤਕਰੀਰਾਂ ਵਿਚ ਉਸ ਵੱਲੋਂ ਗ਼ਲਤ ਬੋਲੀ ਗਈ ਅੰਗਰੇਜ਼ੀ ਅਤੇ ਕੀਤੀਆਂ ਗਈਆਂ ਗ਼ਲਤ ਬਿਆਨੀਆਂ, ਲੋਕਾਂ ਨੇ ਬੇਰਾਂ ਵੱਟੇ ਵੀ ਨਾ ਸਿਆਣੀਆਂ ਤੇ ਸਾਰਾ ਮੁਲਕ ‘ਮੋਦੀ ਕੇ ਸਾਥ ਜਾਣ’ ਲਈ ਉਤਾਵਲਾ ਦਿਸਣ ਲੱਗਿਆ। ਇਸ ਸਾਲ ਦੌਰਾਨ ਮੋਦੀ ਨੇ ਤਕਰੀਰਾਂ ਦਾ ਗੱਤਕਾ ਖੇਡਦਿਆਂ ਚੋਣਾਂ ਵਿਚ ਹਾਸਲ ਕੀਤੀ ਜਿੱਤ ਦਾ ‘ਹੈਂਗਓਵਰ’ ਹੀ ਮਾਣਿਆ ਹੈ, ਜਦੋਂ ਕਿ 2015 ਉਸ ਲਈ ਬਹੁਤ ਸਾਰੀਆਂ ਵੰਗਾਰਾਂ ਲੈ ਕੇ ਹਾਜ਼ਰ ਹੋ ਚੁੱਕਾ ਹੈ ਤੇ ਉਸ ਦਾ ‘ਜੇਤੂ ਹੈਂਗਓਵਰ’ ਵੀ ਲਹਿੰਦਾ ਹੀ ਦਿਸੇਗਾ ਸ਼ਾਇਦ!
ਮੋਦੀ ਤੋਂ ਮਗਰੋਂ ਬੀਤੇ ਸਾਲ ਦਾ ਨਾਇਕ ਹੈ, ਭਾਰਤ ਦਾ ਵੋਟਰ ਭਗਵਾਨ! ਭਾਰਤ ਦੇ ਵੋਟਰ ਹਰ ਰੋਜ਼ ਸਵੇਰੇ-ਸਵੇਰੇ ਅਖ਼ਬਾਰਾਂ ਵਿਚ ਮਨਮੋਹਨ ਸਿੰਘ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਨਵੇਂ-ਨਵੇਂ ਸਕੈਂਡਲਾਂ ਦੀਆਂ ਖ਼ਬਰਾਂ ਪੜ੍ਹ ਕੇ ਅੱਕ ਚੁੱਕੇ ਸਨ ਤੇ ਉਹ ਇਹ ਚਾਹੁਣ ਲੱਗ ਪਏ ਸਨ ਕਿ ਹੁਣ ਮੌਕਾ ਮਿਲੇ ਸਹੀ, ਉਹ ਸੱਟ ਮਾਰਨੋਂ ਨਹੀਂ ਖੁੰਝਣਗੇ। ਉਹ ਮੌਕਾ ਆਇਆ 7 ਅਪ੍ਰੈਲ ਨੂੰ, ਜਦੋਂ 16ਵੀਂ ਲੋਕ ਸਭਾ ਲਈ ਵੋਟਾਂ ਪਾਉਣ ਦਾ ਪਹਿਲਾ ਗੇੜ ਸ਼ੁਰੂ ਹੋਇਆ। ਅਗਲੇ ਕੁੱਝ ਹੀ ਹਫ਼ਤਿਆਂ ਵਿਚ, ਵੋਟਰ ਭਗਵਾਨ ਵੱਲੋਂ ਫੜੀ ਹੋਈ ਰਫ਼ਤਾਰ ਵਿਚ ਕੋਈ ਕਮੀ ਆਉਂਦੀ ਨਹੀਂ ਦਿਸਦੀ ਸੀ। ਵੋਟਾਂ ਪੈਣ ਦੇ ਨੌਂ ਗੇੜਾਂ ਵਿਚ ਔਸਤਨ 66.38% ਵੋਟਾਂ ਪਈਆਂ। ਇਹ ਅੰਕੜਾ ਭਾਰਤ ਦੇ ਆਮ ਚੋਣਾਂ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਅਤੇ ਅਹਿਮ ਹੈ। ਲੋਕਾਂ ਦੇ ਇਸ ਫ਼ਤਵੇ ਨੂੰ ਕਈ ਲੋਕ ਮੋਦੀ ਦੇ ਹੱਕ ਵਿਚ ਭੁਗਤਾਉਂਦੇ ਰਹੇ ਤੇ ਕਈ ਇਸ ਨੂੰ ਕਾਂਗਰਸ ਪਾਰਟੀ ਦੇ ਖ਼ਿਲਾਫ਼ ਕਰਾਰ ਦਿੰਦੇ ਰਹੇ। ਹਕੀਕਤ ਵਿਚ ਇਹ ਫ਼ਤਵਾ ਜਮਹੂਰੀਅਤ ਜਾਂ ਲੋਕ ਰਾਜ ਦੇ ਹੱਕ ਵਿਚ ਸੀ। ਇਸ ਫ਼ਤਵੇ ਰਾਹੀਂ ਭਾਰਤ ਦੇ ਵੋਟਰ ਭਗਵਾਨ ਨੇ ਹੁਕਮਰਾਨਾਂ ਦੇ ਕੰਨਾਂ ਉੱਤੇ ਪ੍ਰਨਾਲੀ ਰੱਖ ਕੇ, ਉਸ ਰਾਹੀਂ ਇਹ ਗੱਲ ਪਾ ਦਿੱਤੀ ਸੀ ਕਿ ਹੁਕਮਰਾਨੋ! ਭਾਰਤ ਦਾ ਵੋਟਰ ਜਾਗ ਪਿਆ ਹੈ ਤੇ ਹੁਣ ਉਹ ਨਾ ਕਿਸੇ ਨੂੰ ਵਿਸਾਰੇਗਾ, ਨਾ ਹੀ ਬਖ਼ਸ਼ੇਗਾ।
ਬੀਤੇ ਸਾਲ ਖ਼ਬਰਾਂ ਨਾਲ਼ ਖ਼ਬਰਾਂ ਹੋਣ ਵਾਲ਼ਾ ਜਿਹੜਾ ਬੰਦਾ ਖ਼ੁਦ ਖ਼ਬਰ ਹੋ ਗਿਆ, ਉਸ ਦਾ ਨਾਂ ਰਾਜਦੀਪ ਸਰਦੇਸਾਈ ਤੋਂ ਬਗ਼ੈਰ ਹੋਰ ਕੁੱਝ ਨਹੀਂ ਹੋ ਸਕਦਾ। ਸ਼ਿਕਾਰੀ ਦਾ ਖ਼ੁਦ ਸ਼ਿਕਾਰ ਹੋ ਜਾਣਾ, ਜਾਣੇ-ਪਛਾਣੇ ਪੱਤਰਕਾਰ ਰਾਜਦੀਪ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ। ਬੀਤੇ ਸਾਲ, ਪਹਿਲੀ ਵਾਰੀ ਰਾਜਦੀਪ ਸਰਦੇਸਾਈ, ਜੁਲਾਈ ਮਹੀਨੇ ਉਸ ਵੇਲ਼ੇ ਖ਼ਬਰਾਂ ਦਾ ਮਸਾਲਾ ਬਣਿਆ ਜਦੋਂ ਉਹ, ਮੁਕੇਸ਼ ਅੰਬਾਨੀ ਦੀ ਕੰਪਨੀ ‘ਰਿਲਾਇੰਸ ਇੰਡੱਸਰੀਜ਼ ਲਿਮਿਟਿਡ’ ਵੱਲੋਂ ‘ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟਸ ਲਿਮਿਟਿਡ’ ਉੱਤੇ ਕਬਜ਼ਾ ਕਰ ਲੈਣ ਮਗਰੋਂ ਨਵੀਂ ਦਿੱਲੀ ਵਿਚ ‘ਸੀ ਐੱਨ ਐੱਨ-ਆਈ ਬੀ ਐੱਨ’ ਦੇ ਹੈੱਡਕੁਆਰਟਰਜ਼ ਤੋਂ ਬਾਹਰ ਨਿੱਕਲਿਆ। ਫਿਰ ਉਹ ਪਲ ਆਇਆ, ਜਿਸ ਦੀ ਕਿਸੇ ਨੂੰ ਆਸ ਨਹੀਂ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਆਗਤ ਵਿਚ, ਅਮਰੀਕਾ ਦੇ ਨਿਊ ਯਾਰਕ ਸ਼ਹਿਰ ਦੇ ਮੈਡੀਸਨ ਸੁਕੇਅਰ ਗਾਰਡਨ ਵਿਚ ਬਹੁਤ ਵੱਡੀ ਦਾਅਵਤ ਸੀ ਕਿ ਕੁੱਝ ਲੋਕਾਂ, ਜਿਨ੍ਹਾਂ ਵਿਚੋਂ ਕਈਆਂ ਨੇ ਭਗਵੇਂ ਚੋਲ਼ੇ ਵੀ ਪਾਏ ਹੋਏ ਸਨ, ਨੇ ਰਾਜਦੀਪ ਸਰਦੇਸਾਈ ਨੂੰ ਫੜ ਕੇ ਕੁੱਟ ਸੁੱਟਿਆ ਕਿਉਂ ਕਿ ਉਸ ਨੇ 2002 ਦੌਰਾਨ, ਗੁਜਰਾਤ ਵਿਚ ਗੋਧਰਾ ਵਿਖੇ ਦੰਗੇ ਹੋਣ ਮਗਰੋਂ ਨਰਿੰਦਰ ਮੋਦੀ ਅਤੇ ਗੁਜਰਾਤ ਪ੍ਰਸ਼ਾਸਨ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਸਨ। ਇਸ ਵਾਰਦਾਤ ਤੋਂ ਮਗਰੋਂ ਵੀ ਰਾਜਦੀਪ ਸਰਦੇਸਾਈ ਨੇ ‘ਟਵਿੱਟਰ’ ਉੱਤੇ ਇਸ ਤਰ੍ਹਾਂ ਲਿਖਿਆ ਸੀ: “ਹੱਥੋਪਾਈ ਹੋ ਕੇ ਹੀ ਆਪਣੀ ਮਰਦਾਨਗੀ ਸਾਬਤ ਕਰਨ ਵਿਚ ਵਿਸ਼ਵਾਸ ਰੱਖਣ ਵਾਲ਼ੇ ਕੁੱਝ ਬੇਵਕੂਫ਼ਾਂ ਤੋਂ ਬਗ਼ੈਰ ਬੜਾ ਹੀ ਸ਼ਾਨਦਾਰ ਇਕੱਠ ਸੀ!”
ਰਾਜਦੀਪ ਸਰਦੇਸਾਈ ਨਾਲ਼ ਇਹ ਸਭ ਕੁੱਝ ਹੋ ਕੇ ਵੀ ਇਸ ਸਾਲ ਦੌਰਾਨ ਕੁੱਝ ਚੰਗਾ ਵੀ ਹੋਇਆ ਤੇ ਉਹ ਸੀ ਉਸ ਦੀ ਕਿਤਾਬ ‘2014: ਇਲੈਕਸ਼ਨ ਦੈਟ ਚੇਂਜਿਡ ਇੰਡੀਆ’ (2014: ਚੋਣ ਜਿਸ ਨੇ ਭਾਰਤ ਨੂੰ ਬਦਲ ਦਿੱਤਾ) ਦਾ ਲੋਕ-ਅਰਪਣ ਕੀਤਾ ਜਾਣਾ। ਇਸ ਕਿਤਾਬ ਵਿਚ ਉਸ ਨੇ ਬਹੁਤ ਵੇਰਵੇ ਨਾਲ਼ ਇਸ ਗੱਲ਼ ਉੱਤੇ ਰੌਸ਼ਨੀ ਪਾਈ ਹੋਈ ਹੈ ਕਿ ਲੋਕ ਸਭਾ ਦੀ ਚੋਣ ਨੇ ਕਿਸ ਤਰ੍ਹਾਂ ਸਿਆਸੀ ਖੇਡ ਦਾ ਹਰ ਨੇਮ ਤੋੜਿਆ।
‘ਇੰਡੀਅਨ ਸਪੇਸ ਰਿਸਰਚ ਔਰਗੇਨਾਈਜ਼ੇਸ਼ਨ’ (ਇਸਰੋ) ਦੇ ਚੇਅਰਮੈਨ ਡਾਕਟਰ ਕੋਪਿੱਲਲ ਰਾਧਾਕ੍ਰਿਸ਼ਨਨ ਲਈ ਸਾਲ 2014 ਬਹੁਤ ਹੀ ਬੁਲੰਦੀ ਨਾਲ਼ ਚੜ੍ਹਿਆ ਸੀ ਤੇ ਉਸੇ ਹੀ ਚੜ੍ਹਤ ਵਿਚ ਹੀ ਬੀਤਿਆ ਵੀ। ਬੀਤੇ ਸਾਲ, ਜਨਵਰੀ ਵਿਚ ਡਾ. ਰਾਧਾਕ੍ਰਿਸ਼ਨਨ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ, ਖ਼ਾਸ ਤੌਰ ’ਤੇ ਪੁਲਾੜੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ, ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਿਵਲੀਅਨ ਇਨਾਮ ‘ਪਦਮ ਵਿਭੂਸ਼ਨ’ ਨਾਲ਼ ਨਵਾਜ਼ਿਆ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿਚ ਹੀ ‘ਇਸਰੋ’ ਨੇ ‘ਜੀ ਐੱਸ ਐੱਲ ਵੀ-ਡੀ5’ ਪੁਲਾੜ ਵਿਚ ਠੇਲ੍ਹ ਕੇ ਇਹ ਦਿਖਾ ਦਿੱਤਾ ਸੀ ਕਿ ਉਹ ‘ਕਰਾਇਓਜੈਨਿਕ’ ਤਕਨਾਲੋਜੀ ਦੀ ਵਰਤੋਂ ਮੁਹਾਰਤ ਨਾਲ਼ ਕਰ ਸਕਦੀ ਹੈ।
ਪਰ ‘ਇਸਰੋ’ ਦੇ ਮੁਖੀ ਲਈ ਸਭ ਤੋਂ ਵੱਧ ਮਾਣ ਕਰਨ ਵਾਲ਼ੇ ਪਲ ਸ਼ਾਇਦ 29 ਸਤੰਬਰ ਨੂੰ ਆਏ ਸਨ, ਜਦੋਂ ਭਾਰਤ ਦਾ ਸਾਢੇ ਚਾਰ ਸੌ ਕਰੋੜ ਰੁਪਏ ਦੀ ਲਾਗਤ ਵਾਲ਼ਾ ‘ਮਾਰਜ਼ ਔਰਬਿਟਰ ਮਿਸ਼ਨ’ ਕਾਮਯਾਬੀ ਨਾਲ਼ ਮੰਗਲ ਦੇ ਪੁਲਾੜੀ ਰਾਹ ਪੈ ਗਿਆ ਸੀ। ਇਸ ਵਿਗਿਆਨਕ ਹੀਲੇ ਨਾਲ਼ ਭਾਰਤ, ਇਸ ਤਰ੍ਹਾਂ ਦੇ ਮਿਸ਼ਨ ਵਿਚ ਪਹਿਲੇ ਹੰਭਲੇ ਹੀ ਕਾਮਯਾਬ ਹੋਣ ਵਾਲ਼ਾ ਪਹਿਲਾ ਮੁਲਕ ਬਣ ਗਿਆ ਸੀ। ਡਾ. ਰਾਧਾਕ੍ਰਿਸ਼ਨਨ ਦੇ ਕਹਿਣ ਮੁਤਾਬਕ, ਉਨ੍ਹਾਂ ਲਈ ਅਗਲੀ ਵੱਡੀ ਚੁਣੌਤੀ ‘ਜਿਓ-ਸਿਨਕਰੋਨਸ ਸੈਟੇਲਾਈਟ ਲਾਂਚ ਵਹੀਕਲ-ਮਾਰਕ ਥਰੀ’ (‘ਜੀ ਐੱਸ ਐੱਲ ਵੀ ਮਾਰਕ ਥਰੀ’ ਸੀ। ਇਹ, ਇਸ ਏਜੰਸੀ ਦਾ ਹੁਣ ਤਕ ਦਾ ਸਭ ਤੋਂ ਭਾਰਾ ਰਾਕਿਟ ਸੀ, ਜਿਸ ਵਿਚ ‘ਐਕਟਿਵ ਸਾਲਿਡ ਬੂਸਟਰਜ਼’, ‘ਲੀਕੁਇਡ ਕੋਰ ਸਟੇਜ’ ਅਤੇ ਇਕ ‘ਪੈਸਿਵ ਕਰਾਇਓ-ਸਟੇਜ’ ਜਿਹਾ ਭਾਰਾ ਸਾਜ਼ੋ-ਸਾਮਾਨ ਲਿਜਾਇਆ ਜਾਣਾ ਸੀ। ਇਹ ਰਾਕਿਟ ਵੀ 18 ਦਸੰਬਰ ਨੂੰ ਕਾਮਯਾਬੀ ਨਾਲ਼ ਦਾਗ਼ਿਆ ਜਾ ਚੁੱਕਾ ਹੈ। ਇਹ ਲੇਖ ਪੜ੍ਹੇ ਜਾਣ ਵੇਲ਼ੇ ਡਾ. ਰਾਧਾਕ੍ਰਿਸ਼ਨਨ 38 ਸਾਲਾਂ ਦੀ ਸ਼ਾਨਦਾਰ ਸੇਵਾ ਕਰਨ ਮਗਰੋਂ ਸੇਵਾਮੁਕਤ ਹੋ ਚੁੱਕੇ ਹੋਣਗੇ।
ਕੈਲਾਸ਼ ਸਤਿਆਰਥੀ ਦਾ ਬਹੁਤ ਹੀ ਗੁੱਝੀ ਜਿਹੀ ਥਾਂ ਤੋਂ ਸ਼ੁਰੂ ਕੀਤਾ ਹੋਇਆ ਤੇ ਮੁਲਕ ਭਰ ਦੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਤਕ ਪਹੁੰਚ ਗਿਆ ਸਫ਼ਰ ਬਹੁਤ ਹੀ ਸ਼ਾਨਦਾਰ ਹੋ ਗਿਆ ਹੈ। ਇਹ ਇਲੈਕਟਰੀਕਲ ਇੰਜੀਨੀਅਰ, ਜਿਸ ਨੇ ਬੱਚਿਆਂ ਨੂੰ ਦੂਰ-ਦੁਰਾਡੇ ਲਿਜਾ ਕੇ ਉਨ੍ਹਾਂ ਤੋਂ ਜਬਰੀ ਕੰਮ ਲੈਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ, 1980 ਤੋਂ ਇਕ ਪਰਉਪਕਾਰੀ ਸੰਗਠਨ ‘ਬਚਪਨ ਬਚਾਓ ਅੰਦੋਲਨ’ ਵਿਢਿਆ ਹੋਇਆ ਹੈ, ਬੀਤੇ ਸਾਲ (2014) ਦੌਰਾਨ ਪਾਕਿਸਤਾਨੀ ਕੁੜੀ ਮਲਾਲਾ ਯੂਸਫ਼ਜ਼ਈ ਨਾਲ਼ ‘ਸ਼ਾਂਤੀ ਲਈ ਨੋਬਲ ਇਨਾਮ’ ਜੇਤੂ ਵਜੋਂ ਹਾਜ਼ਰ ਸੀ।
ਸਤਿਆਰਥੀ ਹੁਰੀਂ ਅਕਸਰ ਹੀ ਬੱਚਿਆਂ ਦੀ ‘ਢੋਆ-ਢੁਆਈ’ ਅਤੇ ਉਨ੍ਹਾਂ ਤੋਂ ਜਬਰੀ ਕੰਮ ਲਏ ਜਾਣ ਖ਼ਿਲਾਫ਼ ਲੋਕਾਂ ਨੂੰ ਜਗਾਉਣ ਲਈ ਅਮਨ-ਅਮਾਨ ਨਾਲ਼ ਕੀਤੇ ਜਾਂਦੇ ਜਲਸਿਆਂ-ਮੁਜ਼ਾਹਰਿਆਂ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ ਤੇ ਉਨ੍ਹਾਂ ਨੇ 1998 ਵਿਚ 103 ਮੁਲਕਾਂ ਵਿਚੋਂ ਲੰਘਣ ਵਾਲ਼ੇ ‘ਗਲੋਬਲ ਮਾਰਚ ਅਗੇਂਸਟ ਚਾਈਲਡ ਲੇਬਰ’ (ਬਾਲ ਮਜ਼ਦੂਰੀ ਦੇ ਖ਼ਿਲਾਫ਼ ਜਹਾਨ ਪੱਧਰ ਦੇ ਮਾਰਚ) ਦੀ ਅਗਵਾਈ ਕੀਤੀ ਸੀ। ਹੁਣ ਤਕ ‘ਬਚਪਨ ਬਚਾਓ ਅੰਦੋਲਨ’ (ਬੀ. ਬੀ. ਏ.) ਮਜ਼ਦੂਰੀ ਕਰਨ ਲਈ ਮਜਬੂਰ ਕੀਤੇ ਹੋਏ 77,328 ਬੱਚਿਆਂ ਨੂੰ ਅਜ਼ਾਦ ਕਰਾ ਚੁੱਕਾ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਅਤੇ ਵਸੇਬੇ ਦਾ ਪ੍ਰਬੰਧ ਕਰ ਚੁੱਕਾ ਹੈ। ਇਹ ਇਨਾਮ ਅਤੇ ਵਡਿਆਈ ਮਿਲਣ ਨਾਲ਼ ਸਤਿਆਰਥੀ ਹੁਰਾਂ ਦੇ ਜੀਵਨ ਵਿਚ ਕੋਈ ਤਬਦੀਲੀ ਨਹੀਂ ਹੋਈ। ਉਹ ਪਹਿਲਾਂ ਵਾਂਗ ਹੀ, ਬੱਚਿਆਂ ਨੂੰ ਗ਼ੁਲਾਮੀ ਦੇ ਜਾਲ਼ ਵਿਚੋਂ ਕੱਢਣ ਲਈ ਵਿੱਢੀ ਹੋਈ ਲੜਾਈ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਤਾਮਿਲ ਨਾਡੂ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਿਆਂ ਜੈਲਲਿਤਾ ਨੂੰ ਤਿੰਨ ਸਾਲ ਹੀ ਹੋਏ ਸਨ ਕਿ ਬੀਤੇ ਸਾਲ ਸਤੰਬਰ ਵਿਚ ਦੇਸ਼ ਦੇ ਕਾਨੂੰਨ ਨੇ ਉਸ ਨੂੰ ਇਹੋ ਜਿਹਾ ਝਟਕਾ ਦਿੱਤਾ ਕਿ ਉਹ ਕਚਹਿਰੀ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਆਈ ਤਾਂ ਸੀ, ਪਰ ਕਚਹਿਰੀ ‘ਚੋਂ ਨਿੱਕਲੀ ਮੁਜਰਮਾ ਅਤੇ ਕੈਦਣ ਬਣ ਕੇ ਹੀ ਸੀ। ਅਦਾਲਤ ਨੇ ਉਸ ਨੂੰ ਭ੍ਰਿਸ਼ਟਾਚਾਰ ਦੇ ਇਕ ਅਠਾਰਾਂ ਸਾਲ ਪੁਰਾਣੇ ਕੇਸ ਦੇ ਸਬੰਧ ਵਿਚ ਚਾਰ ਸਾਲ ਲਈ ਸੀਖਾਂ ਪਿੱਛੇ ਡੱਕ ਦਿੱਤਾ ਸੀ। ਕਰਨਾਟਕ ਹਾਈ ਕੋਰਟ ਵੱਲੋਂ ਸੁਣਾਏ ਗਏ ਉਸ ਫੈਸਲੇ ਵਿਚ ਜੈਲਲਿਤਾ ਦੇ ਹੇਠੋਂ ਮੁੱਖ ਮੰਤਰੀ ਦੀ ਕੁਰਸੀ ਹੀ ਨਹੀਂ ਕੱਢ ਲਈ ਗਈ ਸੀ, ਸਗੋਂ ਉਸ ਨੂੰ ਤੁਰੰਤ ਹੀ ਵਿਧਾਇਕ ਵਜੋਂ ਵੀ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ‘ਆਲ ਇੰਡੀਆ ਅੰਨਾ ਦਰਾਵਿੜ ਮੁਨੇਤਰ ਕੜਗਮ’ ਯਾਨੀ ‘ਏ. ਆਈ. ਏ. ਡੀ. ਐੱਮ. ਕੇ.’ ਦੇ ਹਮਾਇਤੀਆਂ ਦੇ ਸਿਰਾਂ ਵਿਚ ਉਸ ਵੇਲ਼ੇ ਤਾਂ ਬਿਜਲੀ ਹੀ ਪੈ ਗਈ, ਜਦੋਂ ਹਾਈ ਕੋਰਟ ਨੇ ਆਪਣੇ ਹੁਕਮ ਉੱਤੇ ਅਮਲ ਰੋਕਣ ਤੋਂ ਵੀ ਇਨਕਾਰ ਕਰ ਦਿੱਤਾ।
ਜੈਲਲਿਤਾ ਨੂੰ ਕੈਦ ਕਰਨ ਦੇ ਫੈਸਲੇ ਦੇ ਖ਼ਿਲਾਫ਼ ਬਹੁਤ ਹੀ ਜਲਸੇ-ਮੁਜ਼ਾਹਰੇ ਕੀਤੇ ਗਏ। ਆਖ਼ਰ ਅਕਤੂਬਰ ਮਹੀਨੇ ਜੈਲਲਿਤਾ ਦੀ ਜ਼ਮਾਨਤ ਹੋ ਗਈ, ਪਰ ਉਸ ਦੀ ਸਜ਼ਾ ਮਨਸੂਖ਼ ਨਾ ਹੋਈ। ਜੈਲਲਿਤਾ ਤੋਂ ਬਾਅਦ ਉਸ ਦਾ ਇਕ ‘ਭਗਤ’ ਓ ਪਨੀਰਸੇਲਵਮ, ਤਾਮਿਲ ਨਾਡੂ ਦਾ ਮੁੱਖ ਮੰਤਰੀ ਹੈ।
ਸਮਰਿਤੀ ਇਰਾਨੀ, ਜਿਸ ਦਾ ਪੂਰਾ ਨਾਮ ਸਮਰਿਤੀ ਜ਼ੁਬੀਨ ਇਰਾਨੀ ਹੈ, ਫ਼ਿਲਮਾਂ ਅਤੇ ਟੈਲੀਵਿਯਨ ਦੀ ਦੁਨੀਆ ਵਿਚੋਂ ਸਿਆਸਤ ਦੇ ਸੰਸਾਰ ਵਿਚ ਤਾਂ ਦਾਖਲ ਹੋ ਗਈ ਹੈ, ਪਰ ਰੌਸ਼ਨੀਆਂ ਹਾਲੇ ਵੀ ਉਸ ਦੇ ਚਿਹਰੇ ਦਾ ਪਿੱਛਾ ਕਰਨੋਂ ਨਹੀਂ ਹਟੀਆਂ। ਉਹ ਟੈਲੀਵਿਯਨ ਦੀ ਇਕ ਬਹੁਤ ਹੀ ਮਕਬੂਲ ਅਦਾਕਾਰਾ ਤੋਂ 38 ਸਾਲ ਦੀ ਉਮਰ ਵਿਚ, ਨਰਿੰਦਰ ਮੋਦੀ ਦੀ ਸਰਕਾਰ ਵਿਚ ਸਭ ਤੋਂ ਛੋਟੀ ਉਮਰ ਦੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਬਣ ਚੁੱਕੀ ਹੈ। ਇਹੋ ਜਿਹਾ ਚਮਤਕਾਰ 2014 ਵਿਚ ਕਰਨ ਵਾਲ਼ੀ ਇਹ ਚਮਤਕਾਰੀ ਬੀਬੀ, ਵਾਦ-ਵਿਵਾਦਾਂ ਵਿਚ ਪਈ ਰਹਿੰਦੀ ਹੈ ਤੇ ਰਹਿੰਦੀ ਵੀ ਹਮੇਸ਼ਾ ਪੁੱਠੇ ਪਾਸੇ ਹੀ ਹੈ। ਆਪਣੇ ਗੁਣਾਂ ਅਤੇ ਯੋਗਤਾ ਨੂੰ ਆਪਣੇ ਅਹੁਦੇ ਦੇ ਬਰਾਬਰ ਦੱਸਣ ਦੀ ਥਾਂ ਉਹ, ਇਕ ਵਾਰ ਇਹ ਕਹਿ ਬੈਠੀ ਕਿ ਉਸ ਨੇ ‘ਯੇਲ ਯੂਨੀਵਰਸਿਟੀ’ ਤੋਂ ਡਿਗਰੀ ਹਾਸਲ ਕੀਤੀ ਹੋਈ ਹੈ।
ਮੀਡੀਆ ਦੀ ਹਾਜ਼ਰੀ ਵਿਚ ਉਸ ਨੇ ਏਦਾਂ ਕਿਹਾ ਸੀ, “ਭਾਵੇਂ ਲੋਕ ਮੈਨੂੰ ਅਨਪੜ੍ਹ ਕਹਿੰਦੇ ਰਹਿੰਦੇ ਹਨ, ਪਰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰੇ ਕੋਲ ‘ਯੇਲ ਯੂਨੀਵਰਸਿਟੀ’ ਵੱਲੋਂ ਦਿੱਤੀ ਹੋਈ ਡਿਗਰੀ ਹੈ, ਜੋ ਮੈਂ ਤੁਹਾਨੂੰ ਦਿਖਾ ਸਕਦੀ ਹਾਂ। ਇਸ ਤੋਂ ਤੁਹਾਨੂੰ ਇਲਮ ਹੋ ਜਾਵੇਗਾ ਕਿ ‘ਯੇਲ’ ਵਾਲ਼ਿਆਂ ਨੇ ਮੇਰੇ ਲਡਿਰਸ਼ਿੱਪ ਸਬੰਧੀ ਗੁਣਾਂ ਦੀ ਕਿੰਨੀ ਤਾਰੀਫ਼ ਕੀਤੀ ਹੋਈ ਹੈ।”
ਜਦੋਂ ਉਸ ਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਤਾਂ ਇਹ ਅਸਲੀਅਤ ਸਾਹਮਣੇ ਆਈ ਸੀ ਕਿ ਉਹ ‘ਡਿਗਰੀ’ ਅਸਲ ਵਿਚ ਇਕ ਪ੍ਰਮਾਣ ਪੱਤਰ ਹੀ ਸੀ, ਜੋ ਉਸ ਨੂੰ ‘ਯੇਲ ਯੂਨੀਵਰਸਿਟੀ’ ਵੱਲੋਂ ਉਸ ਛੇ ਰੋਜ਼ਾ ਸਮਾਗਮ ਵਿਚ ਸ਼ਾਮਲ ਹੋਣ ਲਈ ਦਿੱਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਕਈ ਸ਼ਖ਼ਸੀਅਤਾਂ ਦਾ ਮਾਣ-ਸਨਮਾਨ ਕੀਤਾ ਗਿਆ ਸੀ।
ਇਕ ਵਾਰ ਫਿਰ ਉਹ, ਉਦੋਂ ਮੁਸੀਬਤ ਵਿਚ ਫਸ ਗਈ, ਜਦੋਂ ਉਸ ਨੇ ਕੇਂਦਰੀ ਵਿਦਿਆਲੇ ਨੂੰ ਜਰਮਨ ਭਾਸ਼ਾ ਪੜ੍ਹਾਉਣੀ ਬੰਦ ਕਰ ਕੇ ਸੰਸਕ੍ਰਿਤ ਤੀਜੀ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਉਣ ਦਾ ‘ਹੁਕਮ’ ਦੇ ਦਿੱਤਾ ਸੀ ਅਤੇ ਸਿਖਿਆ ਨੂੰ ਆਧੁਨਿਕ ਬਣਾਉਣ ਦੇ ਉਸ ਦੇ ਫੁਰਨੇ ਬਾਰੇ ਨੁਕਤਾਚੀਨੀ ਹੋਈ ਸੀ। ਉਸ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਮੂਰਖ਼ਤਾਵਾਂ ਦਾ, ਦਸੰਬਰ ਮਹੀਨੇ ਵਿਚ ਉਸ ਵੇਲ਼ੇ ਤਾਂ ਸਿਰਾ ਹੀ ਲੱਗ ਗਿਆ ਜਦੋਂ ਸਮਰਿਤੀ ਇਰਾਨੀ ਨੂੰ ਉਹ ਗਸ਼ਤੀ ਚਿੱਠੀ ਵਾਪਸ ਲੈਣ ਲਈ ਕਿਹਾ ਗਿਆ, ਜੋ ਸਰਕਾਰ ਦੀ ਨਵੋਦਯਾ ਵਿਦਿਆਲਾ ਸਮਿਤੀ ਵੱਲੋਂ ਭੇਜੀ ਗਈ ਦੱਸੀ ਗਈ ਸੀ। ਉਸ ਚਿੱਠੀ ਵਿਚ ਨਵੋਦਯਾ ਸਕੂਲਾਂ ਨੂੰ ‘ਹੁਕਮ’ ਦਿੱਤਾ ਹੋਇਆ ਸੀ ਕਿ ਉਹ 25 ਦਸੰਬਰ ਨੂੰ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ‘ਗੁੱਡ ਗਵਰਨੈਂਸ ਡੇ’ ਮਨਾਉਣ ਸਬੰਧੀ ਸਮਾਗਮ ਕਰਾਇਆ ਕਰਨ।
ਲੰਘੇ ਸਾਲ ਦੌਰਾਨ 2 ਜੂਨ ਨੂੰ ਚਾਲੀ ਸਾਲ ਪੁਰਾਣਾ ਇਕ ਸੁਪਨਾ ਸਾਕਾਰ ਹੋ ਗਿਆ। ਅੱਧੀ ਰਾਤ ਨੂੰ ਘੜਿਆਲ ਖੜਕਾ ਕੇ ਦੇਸ਼ ਦੇ 29 ਵੇਂ ਸੂਬੇ ਤੈਲੰਗਾਨਾ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ। ਹੈਦਰਾਬਾਦ ਸਣੇ ਸਾਰੇ ਤੈਲੰਗਾਨਾ ਸੂਬੇ ਵਿਚ ਜਸ਼ਨ ਮਨਾਏ ਗਏ। ਹੈਦਰਾਬਾਦ ਦੀਆਂ ਗਲ਼ੀਆਂ ਵਿਚ ਲੋਕ, ‘ਜਯਾ ਜਯਾ ਹੇ ਤੈਲੰਗਾਨਾ’ ਗਾ ਰਹੇ ਸਨ। ਤੈਲੰਗਾਨਾ ਦੇ ਜਸ਼ਨਾਂ ਨੂੰ ਉਸ ਵੇਲ਼ੇ ਕਈ-ਕਈ ਜ਼ਰਬਾਂ ਆ ਗਈਆਂ ਜਦੋਂ ‘ਤੈਲੰਗਾਨਾ ਰਾਸ਼ਟਰ ਸਮਿਤੀ’ ਨਵੀਂ ਤੈਲੰਗਾਨਾ ਅਸੈਂਬਲੀ ਦੀਆਂ 119 ਵਿਚੋਂ 62 ਸੀਟਾਂ ਜਿੱਤ ਗਈ ਅਤੇ ‘ਤੈਲੰਗਾਨਾ ਰਾਸ਼ਟਰ ਸਮਿਤੀ’ ਦੇ ਮੁਖੀ ਕੇ, ਚੰਦਰਸ਼ੇਖਰ ਰਾਓ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ।
ਕਿਹਾ ਜਾਂਦਾ ਹੈ ਕਿ ਤੇਲੰਗਾਨਾ ਦੀ ਸਥਾਪਨਾ ਵਿਚ ਦੇਰੀ ਹੋਣ ਦੀ ਵਜ੍ਹਾ ਨਾਲ਼ 700 ਵਿਅਕਤੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਇਸ ਵੇਲ਼ੇ ਤੇਲੰਗਾਨਾ ਸੂਬਾ ਤਾਂ ਬਣ ਗਿਆ ਹੈ, ਪਰ ਉਸ ਨੂੰ ਆਪਣੀ ਰਾਜਧਾਨੀ ਹੈਦਰਬਾਦ, ਜੋ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ, ਵਿਚ ਹੀ ਬਣਾਉਣੀ ਪੈ ਗਈ ਹੈ।
ਬੀਤੇ ਵਰ੍ਹੇ ‘ਆਪ ਕੀ ਅਦਾਲਤ’ ਵਾਲ਼ੇ ਰਜਤ ਸ਼ਰਮਾ ਨੇ ਇਹੋ ਜਿਹੀ ਹਰਕਤ ਕੀਤੀ, ਜੋ ਕਿਸੇ ਵੱਲੋਂ ਕੀਤੀ ਜਾਣੀ ਮੁਮਕਿਨ ਨਹੀਂ ਹੈ। ਮੌਕਾ ਸੀ, ‘ਆਪ ਕੀ ਅਦਾਲਤ’ ਦੇ 21 ਵਰ੍ਹੇ ਪੂਰੇ ਕਰ ਜਾਣ ਦੇ ਜਸ਼ਨਾਂ ਦਾ। ‘ਇੰਡੀਆ ਟੀਵੀ’ ਦੇ ਚੇਅਰਮੈਨ ਅਤੇ ਐਡੀਟਰ-ਇਨ-ਚੀਫ਼ ਰਜਤ ਸ਼ਰਮਾ ਨੇ ਬਹੁਤ ਹੀ ਨਾਮੁਮਕਿਨ ਨੂੰ ਬਹੁਤ ਹੀ ਮੁਮਕਿਨ ਬਣਾਉਂਦਿਆਂ ਫ਼ਿਲਮ ਨਗਰੀ ਮੁੰਬਈ ਤੇ ‘ਤਿੰਨ ਖ਼ਾਨ’-ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਇਸ ‘ਆਪ ਕੀ ਅਦਾਲਤ’ ਵਿਚ ‘ਤਲਬ’ ਕਰ ਲਏ। ਇਕ ਹੋਰ ਤਰ੍ਹਾਂ ਇਹ ਸ਼ੋਅ ਟੈਲੀਵਿਯਨ ਦਾ ਬਹੁਤ ਵੱਡਾ ਸ਼ੋਅ ਬਣ ਗਿਆ ਕਿਉਂ ਕਿ ਇਸ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।
ਆਮ ਤੌਰ ’ਤੇ ਰਜਤ ਸ਼ਰਮਾ, ‘ਆਪ ਕੀ ਅਦਾਲਤ’ ਵਿਚ ਕਿਸੇ ਵੀ ਖੇਤਰ ਦੀ ਕਿਸੇ ਹਸਤੀ ਨੂੰ ਕਟਹਿਰੇ ਵਿਚ ਘੇਰ ਲਿਆ ਕਰਦੇ
ਹਨ, ਪਰ ਇਸ ‘ਅਦਾਲਤ’ ਵਿਚ ਤੇਹਾਂ ਖ਼ਾਨਾਂ ਨੇ ਹੇਮਾ ਮਾਲਿਨੀ, ਬਾਬਾ ਰਾਮਦੇਵ, ਅਮਰ ਸਿੰਘ, ਅਨਿਲ ਕਪੂਰ, ਅਰੁਣ ਜੇਤਲੀ ਅਤੇ ਨਰਿੰਦਰ ਮੋਦੀ ਨਾਲ਼ ਰਲ਼ ਕੇ ਰਜਤ ਸ਼ਰਮਾ ਨੂੰ ਘੇਰ ਲਿਆ ਅਤੇ ਉਸ ੳੁੱਤੇ ਬਹੁਤ ਸਾਰੇ ਤਿੱਖੇ ਸੁਆਲਾਂ ਦੀ ਵਾਛੜ ਕੀਤੀ। ਇਸ ਤਰ੍ਹਾਂ ਇਹ ਸ਼ੋਅ ਬੀਤੇ ਵਰ੍ਹੇ ਦੀ ਇਕ ਬਹੁਤ ਹੀ ਵਿਲੱਖਣ ਤੇ ਯਾਦਗ਼ਾਰੀ ਘਟਨਾ ਬਣ ਗਿਆ।#
.jpg)
.jpg)