ਨਹਿਰੂ ਦੀ ਭਾਣਜੀ ਨੇ ਕਿਹਾ
ਨਹਿਰੂ-ਗਾਂਧੀ ਪਰਿਵਾਰ ਦਾ ਕੋਈ ਅਰਥ ਹੀ ਨਹੀਂ ਨਿੱਕਲਦਾ
ਬਖ਼ਸ਼ਿੰਦਰ
Email: bababax@gmail.com
ਮੰਨ ਲੈਂਦੇ ਹਾਂ ਕਿ ਨਾਇਨਤਾਰਾ ਸਹਿਗਲ ਦਾ ਇਹ ਕਥਨ ਸਹੀ ਅਤੇ ਸੱਚ ਹੈ, ਪਰ ਬਹੁਤ ਸਾਰੇ ਲੋਕ ਇਹ ਪੁੱਛ ਸਕਦੇ ਹਨ ਕਿ ‘ਨਹਿਰੂ-ਗਾਂਧੀ ਪਰਿਵਾਰ’ ਬਾਰੇ ਇੰਨੀ ਵੱਡੀ ਗੱਲ਼ ਕਹਿਣ ਵਾਲ਼ੀ ਇਹ ‘ਨਾਇਨਤਾਰਾ ਸਹਿਗਲ’ ਕੌਣ ਹੈ ਤੇ ਉਸ ਨੂੰ ਇਹ ਗੱਲ ਕਹਿਣ ਦਾ ਕੀ ਹੱਕ ਹੈ। ਤੁਸੀਂ ਪੁੱਛੋ, ਅਸੀਂ ਨਾ ਦੱਸੀਏ, ਭਲਾ ਇਹ ਕਿੱਦਾਂ ਹੋ ਸਕਦੈ? ਨਾਇਨਤਾਰਾ ਸਹਿਗਲ ਇਕ ਲੇਖਕਾ ਹੈ ਤੇ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਿਤ ਦੀ ਧੀ ਹੈ। ਯਾਨੀ ਨਾਇਨਤਾਰਾ ਸਹਿਗਲ, ਪੰਡਿਤ ਨਹਿਰੂ ਦੀ ਉਹ ਭਾਣਜੀ ਹੈ, ਜਿਸ ਨੂੰ ਰਾਹੁਲ ਗਾਂਧੀ ਦੀ ਮਾਂ ਅਤੇ ਰਾਜੀਵ ਗਾਂਧੀ ਦੀ ਵਿਧਵਾ ਸੋਨੀਆ ਗਾਂਧੀ ‘ਤਾਰਾ ਮਾਸੀ-ਤਾਰਾ ਮਾਸੀ’ ਕਹਿੰਦੀ ਨਹੀਂ ਥੱਕਦੀ।
ਹਿਮਾਲਾ ਪਹਾੜ ਦੇ ਪੈਰਾਂ ਦੇ ਦੀਦਾਰ ਕਰਾਉਂਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਘਰ ਵਿਚ ਨਾਇਨਤਾਰਾ ਸਹਿਗਲ ਨਾਲ ਗੱਲਬਾਤ ਕਰਨ ਦੌਰਾਨ ਉਸ ਵੱਲੋਂ ਕੁੱਝ ਇਹੋ ਜਿਹੀਆਂ ਗੱਲਾਂ ਕੀਤੀਆਂ ਦੱਸੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਇਸ ਲੇਖ ਦਾ ਆਧਾਰ ਉਹ ਗੱਲਬਾਤ ਹੈ, ਜੋ ਅਸੀਂ ਨਹੀਂ ਕੀਤੀ। ਇਹ ਲੇਖ, ਉਸ ਗੱਲਬਾਤ ਤੋਂ ਬੇਪਰਦ ਹੋਈਆਂ ਹਕੀਕਤਾਂ ਦੇ ਆਧਾਰ ’ਤੇ ਹੀ ਲਿਖਿਆ ਗਿਆ ਹੈ। ਇਸ ਲਈ ਅਹਿਮੀਅਤ ਸੁਆਲ ਪੁੱਛਣ ਵਾਲ਼ੇ ਦੀ ਜਾਂ ਪੁੱਛੇ ਹੋਏ ਸੁਆਲਾਂ ਦੀ ਨਹੀਂ ਹੈ, ਸਗੋਂ ਨਹਿਰੂ ਦੀ ਇਸ ਭਾਣਜੀ ਵੱਲੋਂ ਦਿੱਤੇ ਹੋਏ ਜੁਆਬਾਂ ਦੀ ਹੀ ਹੈ।
ਇਕ ਸੁਆਲ ਦੇ ਜੁਆਬ ਵਿਚ ਨਾਇਨਤਾਰਾ ਸਹਿਗਲ ਨੇ ਕਿਹਾ ਕਿ ‘ਨਹਿਰੂ-ਗਾਂਧੀ ਪਰਿਵਾਰ’ ਕੋਈ ਲਕਬ ਨਹੀਂ ਹੈ ਤੇ ਜੇ ਹੈ ਤਾਂ ਇਸ ਦਾ ਕੋਈ ਅਰਥ ਨਹੀਂ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਨਹਿਰੂ ਖ਼ਾਨਦਾਨੀ ਰਾਜ ਦਾ ਮੁਦਈ ਨਹੀਂ ਸੀ। ਉਸ ਨੇ ਤਾਂ ਕਿਸੇ ਨੂੰ ਆਪਣਾ ਵਾਰਿਸ ਵੀ ਨਹੀਂ ਬਣਾਇਆ ਸੀ। ਇਕ ਹੋਰ ਵੱਡੀ ਗੱਲ ਨਾਇਨਤਾਰਾ ਸਹਿਗਲ ਨੇ ਇਹ ਵੀ ਕਹੀ ਹੈ ਕਿ ਹੁਣ ਰਾਹੁਲ ਗਾਂਧੀ ਨੂੰ ਕਾਂਗਰਸ ਆਗੂ ਬਣਾ-ਬਣਾ ਅੱਗੇ ਧੱਕਣਾ ਬਹੁਤ ਵੱਡੀ ਗ਼ਲਤੀ ਹੈ ਕਿਉਂ ਕਿ ਇਕ ਆਗੂ ਦੇ ਤੌਰ ’ਤੇ ਰਾਹੁਲ ਬਹੁਤ ਹਾਨੀਕਾਰਕ ਹੈ। “ਦੇਸ਼ ਵਿਚ ਕਿਸੇ ਇਕ ਪਾਰਟੀ ਦਾ ਰਾਜ ਨਹੀਂ ਹੋਣਾ ਚਾਹੀਦਾ,” ਇਹ ਗੱਲ ਵੀ ਨਾਇਨਤਾਰਾ ਸਹਿਗਲ ਨੇ ਹੀ ਕਹੀ ਹੈ।
ਦੇਹਰਾਦੂਨ ਵਿਖੇ ਜਿਸ ਘਰ ਵਿਚ ਇਹ ਗੱਲਾਂ ਹੋਈਆਂ, ਉਹ ਨਾਇਨਤਾਰਾ ਸਹਿਗਲ ਦੀ ਮਾਂ ਵਿਜੇ ਲਕਸ਼ਮੀ ਪੰਡਿਤ ਨੇ ਬਣਵਾਇਆ ਸੀ ਤੇ ਉਹ ਵੀਹ ਸਾਲ ਇਸ ਮਕਾਨ ਵਿਚ ਰਹੀ ਵੀ ਸੀ। “ਫਿਰ ਉਹ, ਇਹ ਘਰ ਮੈਨੂੰ ਦੇ ਗਏ,” ਇਸ ਵੇਲ਼ੇ 87 ਸਾਲਾਂ ਦੀ ਹੋ ਚੁੱਕੀ ਬੀਬੀ ਸਹਿਗਲ ਹੀ ਦੱਸਦੀ ਹੈ। ਉਸ ਨੂੰ ਵੀ ਇਸ ਘਰ ਵਿਚ ਰਹਿੰਦਿਆਂ ਤੀਹ ਸਾਲ ਹੋਣ ਵਾਲ਼ੇ ਹਨ। ਕਈ ਨਾਵਲ ਅਤੇ ਇਤਿਹਾਸ ਤੇ ਸਿਆਸਤ ਨਾਲ਼ ਸਬੰਧਤ ਕਈ ਕਿਤਾਬਾਂ ਲਿਖ ਚੁੱਕੀ ਇਹ ਬੀਬੀ ਸਵੇਰੇ-ਸਵੇਰੇ ਲਿਖਣਾ ਪਸੰਦ ਕਰਦੀ ਹੈ।
‘ਰੀਡਿਫ ਡਾਟ ਕਾਮ’ ਵੱਲੋਂ ਅਰਚਨਾ ਮਸੀਹ ਰਾਹੀਂ ਕਰਾਈ ਗਈ ਇਹ ਗੱਲਬਾਤ ਕਰਨ ਦੇ ਦਿਨ ਨਾਇਨਤਾਰਾ ਸਹਿਗਲ ਆਪਣੇ ਘਰ ਦੇ ਬਗੀਚੇ ਵਿਚ ਦੋ ਅਖ਼ਬਾਰੀ ਫੋਟੋਗ੍ਰਾਫ਼ਰਾਂ ਨੂੰ ‘ਪੋਜ਼’ ਦੇ ਰਹੀ ਸੀ। ਇਸ ਮੁਲਾਕਾਤ ਦੌਰਾਨ ਉਸ ਨੇ ਕੋਈ ਸੁਆਲ ਨਾ ਪੁੱਛੇ ਜਾਣ ਦੇ ਬਾਵਜੂਦ ਕਿਹਾ, “ਇਸ ਘਰ ਨਾਲ਼ ਮੇਰੀਆਂ ਬਹੁਤ ਸਾਰੀਆਂ ਪਰਿਵਾਰਕ ਯਾਦਾਂ ਜੁੜੀਆਂ ਹੋਈਆਂ ਹਨ।” ਬੀਬੀ ਸਹਿਗਲ ਹਫ਼ਤੇ ਵਿਚ ਦੋ ਵਾਰੀ ਆਯੰਗਰ ਜੋਗਾ ਕਲਾਸਾਂ ਵਿਚ ਸ਼ਿਰਕਤ ਕਰਦੀ ਹੈ। ਉਸ ਵੱਲੋਂ ਲਿਖੀ ਹੋਈ, ਰਿਤੂ ਮੋਹਨ ਦੀ ਜੀਵਨੀ ਵਿਚ ਲਿਖਿਆ ਹੋਇਆ ਹੈ ਕਿ ਜੋਗ ਦੀਆਂ ਇਹ ਕਲਾਸਾਂ, ਲੇਖਕਾ ਨੂੰ ਕੈਂਸਰ ਤੋਂ ਛੁਟਕਾਰਾ ਦੁਆਉਣ ਵਿਚ ਬਹੁਤ ਹੀ ਸਹਾਈ ਹੋ ਚੁੱਕੀਆਂ ਹਨ।
ਇੱਥੇ ਦੱਸ ਹੀ ਦੇਣਾ ਬਣਦਾ ਹੈ ਕਿ ਨਾਇਨਤਾਰਾ ਸਹਿਗਲ ਨੇ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਾਗੂ ਕਰਨ ਦੀ ਆਲੋਚਨਾ ਕੀਤੀ ਸੀ, ਜਿਸ ਕਰ ਕੇ ਉਸ ਨੂੰ ਇੰਦਰਾ ਗਾਂਧੀ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਇਹ ਗੱਲਬਾਤ ਕਰਦਿਆਂ ਉਹ ਵਿਚ-ਵਿਚ, ਆਪਣੇ ਮੂੰਹ ਵਿਚ ਸੁਆਲੀਨ ਦੀਆਂ ਗੋਲੀਆਂ ਪਾ ਕੇ ਉਨ੍ਹਾਂ ਨੂੰ ਚੁਗੋਲੀ ਵੀ ਜਾ ਰਹੀ ਸੀ ਕਿਉਂ ਕਿ ਉਸ ਦਾ ਗਲ਼ਾ ਤੇ ਸੰਘ ਦੁਖ ਰਹੇ ਸਨ।
ਅਰਚਨਾ ਮਸੀਹ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਨਾਲ਼ ਸਬੰਧਤ ਸੁਆਲਾਂ ਵਿਚੋਂ ਪਹਿਲਾ ਸੁਆਲ ਇਹ ਦਾਗ਼ਿਆ, “ਕੀ ਸੋਨੀਆ ਗਾਂਧੀ ਨਾਲ਼ ਤੁਹਾਡਾ ਕੋਈ ਨੇੜ ਹੈ?”
“ਮੈਂ ਉਸ ਨੂੰ ਨਿਯਮਤ ਰੂਪ ਵਿਚ ਨਹੀਂ ਮਿਲਦੀ ਕਿਉਂ ਕਿ ਉਸ ਤਕ ਪਹੁੰਚਣਾ ਬਹੁਤ ਔਖਾ ਹੈ। ਕਈ ਸਾਲ ਪਹਿਲਾਂ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ (ਕਿਰਪਾ ਕਰ ਕੇ) ‘ਮਾਧਵਨ’ (ਉਸ ਦੇ ਖ਼ਾਸੋ-ਖ਼ਾਸ ਸਹਾਇਕ) ਨੂੰ ਫੋਨ ਕਰ ਲਿਆ ਕਰਾਂ ਤੇ ਉਹ ਮੇਰਾ ਫੋਨ ਉਸ ਨਾਲ਼ ਮਿਲਾ ਦਿਆ ਕਰੇਗਾ। ਇਸ ਤੋਂ ਇਲਾਵਾ ਉਹ ਕਈ ਵਾਰ ਉੱਥੇ ਹੁੰਦੀ ਹੀ ਨਹੀਂ ਹੈ ਜਾਂ ਲੋਕਾਂ ਨੂੰ ਮਿਲ ਰਹੀ ਹੁੰਦੀ ਹੈ। ਮੈਂ ਹਮੇਸ਼ਾ ਉਸ ਤਕ ਪਹੁੰਚਣ ਵਿਚ ਕਾਮਯਾਬ ਨਹੀਂ ਹੁੰਦੀ, ਪਰ ਮੈਂ ਜਦੋਂ ਵੀ ਉਸ ਤਕ ਪਹੁੰਚ ਸਕੀ ਹਾਂ, ਉਹ ਬਹੁਤ ਹੀ ਹੁੱਬ-ਹੁੱਬ ਮਿਲਦੀ ਰਹੀ ਹੈ।”
ਅਗਲਾ ਸੁਆਲ ਕਰਨ ਦੇਣ ਦਾ ਮੌਕਾ ਨਾ ਦਿੰਦੀ ਹੋਈ ਉਹ ਫੇਰ ਬੋਲ ਪੈਂਦੀ ਹੈ, “ਇਸ ਵਾਰ ਦੀ ਭਿਆਨਕ ਹਾਰ (2014 ਦੀ ਆਮ ਚੋਣ ਵਿਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਹਾਰ ਗਈ ਸੀ) ਮਗਰੋਂ ਮੈਂ ਉਸ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਕਾਫੀ ਲੰਬਾ ਅਰਸਾ ਮੈਂ ਕਾਮਯਾਬ ਨਾ ਹੋ ਸਕੀ ਤੇ ਮੈਂ ਮਾਧਵਨ ਨੂੰ ਕਿਹਾ ਕਿ ਉਹ ਕਿਤੇ ਵੀ ਹੋਵੇ, ਮੈਂ ਉਸ ਨਾਲ਼ ਗੱਲ ਕਰਨੀ ਚਾਹੁੰਦੀ ਹਾਂ। ਮੌਕਾ ਮਿਲਣ ’ਤੇ ਮੈਂ ਉਸ ਨਾਲ ਲੰਬੀ ਗੱਲਬਾਤ ਕੀਤੀ ਵੀ। ਮੈਂ ਉਸ ਨੂੰ ਸਾਫ-ਸਾਫ ਕਹਿ ਦਿੱਤਾ ਸੀ ਕਿ ਦੇਖ ਬਈ, ਰਾਹੁਲ ਦਾ ਮੋਦੀ ਨਾਲ਼ ਕੋਈ ਮੁਕਾਬਲਾ ਨਹੀਂ। ਮੇਰੀ ਇਹ ਗੱਲ ਸੁਣ ਕੇ ਉਹ ਬੁਝ ਜਿਹੀ ਗਈ ਸੀ। ਮੈਂ ਉਸ ਨੂੰ ਕਿਹਾ ਕਿ ਉਹ ਕਿਸੇ ਇਹੋ ਜਿਹੇ ਬੰਦੇ ਨੂੰ ਉਸ ਦੇ ਮੁਕਾਬਲੇ ਵਿਚ ਖੜ੍ਹਾ ਕਰੇ, ਜਿਹੜਾ ਕਾਂਗਰਸ ਦੀਆਂ ਪ੍ਰਾਪਤੀਆਂ ਦੇ ਸਬੰਧ ਵਿਚ ਉੱਚਾ ਵੀ ਤੇ ਸਾਫ-ਸਾਫ ਵੀ ਬੋਲ ਸਕੇ। ਮੈਂ ਇਹ ਵੀ ਕਿਹਾ ਕਿ ਉਸ ਨੂੰ ਆਪਣੀਆਂ ਗ਼ਲਤੀਆਂ ਮੰਨਣੀਆਂ ਚਾਹੀਦੀਆਂ ਹਨ, ਪਰ ਉਹ ਕਿਸੇ ਗ਼ਲਤੀ ਲਈ ਮੁਆਫ਼ੀ ਨਾ ਮੰਗੇ। ਮੈਂ ਜੋ-ਜੋ ਵੀ ਕਿਹਾ, ਉਸ ਨੇ ਸੁਣਿਆ ਤੇ ਉਹ ਉਸ ਨਾਲ਼ ਸਹਿਮਤ ਵੀ ਹੋ ਗਈ। ਉਹ ਮੈਨੂੰ ‘ਤਾਰਾ ਮਾਸੀ’ ਕਹਿ ਕੇ ਬੁਲਾਉਂਦੀ ਹੈ, ਪਰ ਉਸ ਤੋਂ ਮਗਰੋਂ ਕੀ ਹੋਇਆ, ਉਸ ਦੀ ਗੱਲ ਆਪਾਂ ਬਾਅਦ ਵਿਚ ਕਰਦੇ ਹਾਂ।”
“ਕੀ ਤੁਸੀਂ ਕਦੇ ਰਾਹੁਲ ਅਤੇ ਪ੍ਰਿਯੰਕਾ ਨੂੰ ਮਿਲੇ ਹੋ?” ਨਾਇਨਤਾਰਾ ਸਹਿਗਲ ਨੂੰ ਪੁੱਛਿਆ ਗਿਆ ਅਗਲਾ ਸੁਆਲ ਇਹ ਸੀ, ਜਿਸ ਦਾ ਜੁਆਬ ਉਸ ਨੇ ਇਸ ਤਰ੍ਹਾਂ ਦਿੱਤਾ,“ਮੈਂ ਉਨ੍ਹਾਂ ਨੂੰ ਇਕ-ਦੋ ਵਾਰ ਹੀ ਮਿਲੀ ਹਾਂ। ਅਸਲ ਵਿਚ ਹੋਇਆ ਇਹ ਸੀ ਕਿ ਇੰਦਰਾ ਗਾਂਧੀ ਨੇ ਮੇਰੀ ਮਾਂ ਨੂੰ ਆਪਣੇ ਪਰਿਵਾਰ ਤੋਂ ਇੰਨੀ ਦੂਰ ਕਰ ਦਿੱਤਾ ਸੀ ਕਿ ਉਹ, ਉਨ੍ਹਾਂ ਨੂੰ ਵੱਡੇ ਹੁੰਦੇ ਵੀ ਨਾ ਦੇਖ ਸਕੀ। ਹਾਂ, ਸੋਨੀਆ ਨੂੰ ਮੈਂ ਜਾਣਦੀ ਸਾਂ ਤੇ ਉਹ ਕਦੇ-ਕਦੇ ਮਿਲਦੀ-ਮਿਲਾਉਂਦੀ ਵੀ ਰਹਿੰਦੀ ਸੀ। ਰਾਜੀਵ ਨਾਲ਼ ਮੇਰਾ ਬਹੁਤ ਮੋਹ ਸੀ। ਮੈਂ ਪ੍ਰਿਯੰਕਾ ਅਤੇ ਰਾਹੁਲ ਨੂੰ ਨਹੀਂ ਜਾਣਦੀ ਤੇ ਮੇਰਾ ਉਨ੍ਹਾਂ ਨਾਲ਼ ਕੋਈ ਵਾਹ-ਵਾਸਤਾ ਨਹੀਂ ਹੈ।”
“ਰਾਜੀਵ ਗਾਂਧੀ ਨਾਲ਼ ਜੁੜੀਆਂ ਹੋਈਆਂ ਕੁੱਝ ਯਾਦਾਂ ਵੀ ਹੋਣਗੀਆਂ ਤੁਹਾਡੀਆਂ?” ਅਰਚਨਾ ਮਸੀਹ ਦਾ ਅਗਲਾ ਸੁਆਲ ਸੀ।
“ਰਾਜੀਵ ਗਾਂਧੀ ਨਾਲ਼ ਜੁੜੀਆਂ ਹੋਈਆਂ ਮੇਰੀਆਂ ਯਾਦਾਂ ਬਹੁਤ ਹੀ ਮੋਹ-ਭਿੱਜੀਆਂ ਹਨ। ਉਹ ਆਪਣੇ ਨਿੱਜੀ ਪਹਿਲੂ ਵਿਚ ਬਹੁਤ ਹੀ ਖ਼ਾਸ ਆਦਮੀ ਸੀ। ਬਹੁਤ ਨਿੱਘਾ, ਮੋਹਖੋਰਾ, ਪਰਿਵਾਰਕ ਤਬੀਅਤ ਵਾਲ਼ਾ, ਮੇਰੀ ਮਾਂ ਨੂੰ ਸ਼ਰਧਾ ਦੀ ਹੱਦ ਤਕ ਪਿਆਰ ਕਰਨ ਵਾਲ਼ਾ ਬੰਦਾ ਸੀ। ਉਹ ਹਮੇਸ਼ਾ ਮੇਰੀ ਮਾਂ ਨੂੰ ‘ਨਾਨੀ’ ਕਹਿ ਕੇ ਬੁਲਾਉਂਦਾ ਹੁੰਦਾ ਸੀ। ਆਪਣੀ ਮਾਂ ਦੇ ਮਰਨ ਮਗਰੋਂ ਉਸ ਨੇ ਆਪਣੀ ਮਾਂ ਵੱਲੋਂ ਪਾਇਆ ਹੋਇਆ ਪਾੜ ਭਰਨ ਦੀ ਥਾਂ ਬਰਕਰਾਰ ਰੱਖਿਆ। ਉਹ ਦੌਰ ਮੇਰੀ ਮਾਂ ਲਈ ਬਹੁਤ ਹੀ ਜ਼ਿਆਦਾ ਅਲਹਿਦਗ਼ੀ ਭਰਿਆ ਸੀ ਕਿਉਂ ਕਿ ਮੇਰੀ ਮਾਂ ਨੇ ਬੜੇ ਹੀ ਜ਼ੋਰਦਾਰ ਢੰਗ ਨਾਲ਼, ਐਮਰਜੈਂਸੀ ਦਾ ਵਿਰੋਧ ਕੀਤਾ ਸੀ। ਇਸ ਵਜ੍ਹਾ ਨਾਲ਼ ਹੀ ਉਸ ਨੂੰ ਨਿਜ਼ਾਮ ਦੇ ਨੇੜੇ ਨਾ ਲੱਗਣ ਦਿੱਤਾ ਗਿਆ। ਉਸ ਨੇ ਮੇਰੀ ਮਾਂ ਨੂੰ ਪਰਿਵਾਰ ਵਿਚ ਬਣਦੀ ਥਾਂ ਦੇਣ ਦਾ ਹੀਲਾ ਵੀ ਕੀਤਾ। ਉਹ, ਪ੍ਰਧਾਨ ਮੰਤਰੀ ਹੁੰਦਿਆਂ ਦੋ-ਤਿੰਨ ਵਾਰ ਉਸ ਨੂੰ ਦੇਖਣ ਲਈ ਦੇਹਰਾਦੂਨ ਵੀ ਆਇਆ। ਆਪਣੇ 90ਵੇਂ ਜਨਮ ਦਿਨ ’ਤੇ ਜਦੋਂ ਉਨ੍ਹਾਂ (ਵਿਜੇ ਲਕਸ਼ਮੀ ਪੰਡਿਤ) ਨੇ ਸਾਰਾ ਪਰਿਵਾਰ ਇੱਥੇ ਬੁਲਾਇਆ ਤਾਂ ਉਹ (ਰਾਜੀਵ) ਤੇ ਸੋਨੀਆ ਆਏ ਸਨ। ਬਹੁਤ ਅਜੀਬ ਗੱਲ ਸੀ ਕਿ ਸਾਰਾ ਟੱਬਰ ਉਸ ਦੇ ਸੱਦਣ ’ਤੇ ਹੀ ਆਇਆ ਸੀ। ਉਨ੍ਹਾਂ ਲਈ ਟੱਬਰ, ਟੱਬਰ ਹੀ ਸੀ। ਉਹ ਉਸ ਪੀੜ੍ਹੀ ਵਿਚੋਂ ਸਨ, ਜੋ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੀ ਸੀ ਕਿ ਅਗਲਾ ਕਿਹੜੇ ਪਾਸੇ ਹੈ ਜਾਂ ਕਿਸ ਦਾ ਪੱਖ ਲੈਂਦਾ ਹੈ। ਉਨ੍ਹਾਂ ਲਈ ਤਾਂ ਉਹ, ਉਨ੍ਹਾਂ ਦੇ ਟੱਬਰ ਦਾ ਜੀਅ ਹੀ ਹੁੰਦਾ।”
ਕੁੱਝ ਦੇਰ ਲਈ ਉਹ ਚੁੱਪ ਕਰ ਗਈ। ਫ਼ਿਰ ਆਪੇ ਹੀ ਬੋਲਣ ਲੱਗ ਪਈ, “ਉਸ ਵੇਲ਼ੇ ਅਰੁਣ ਨਹਿਰੂ ਤੇ ਮੇਨਕਾ ਗਾਂਧੀ ਦੇ ਹੱਥ ਸਰਕਾਰੀ ਤਾਕਤ ਸੀ, ਪਰ ਰਾਜੀਵ ਗਾਂਧੀ ਸੱਤਾ ਤੋਂ ਬਾਹਰ ਸੀ। ਪਰ ਉਹ ਸਾਰੇ ਹੀ ਆਏ ਸਨ ਤੇ ਬੜੀ ਰੌਣਕ ਜਿਹੀ ਹੋ ਗਈ ਸੀ ਉਦੋਂ। ਰਾਜੀਵ ਹਰ ਪੱਖ ਤੋਂ ਉਸ ਨੂੰ ਪੁਤ ਵਾਂਗ ਪਿਆਰਾ ਯਾਨੀ ਦੋਹਤੇ ਤੋਂ ਕਿਤੇ ਵੱਧ ਸੀ। ਜਦੋਂ ਇਕ ਵਾਰ ਉਹ ਬਹੁਤ ਬਿਮਾਰ ਹੋ ਗਈ ਤਾਂ ਉਹ, ਉਸ ਨੂੰ ਦਿੱਲੀ ਲੈ ਕੇ ਗਿਆ, ਜਿੱਥੇ ਉਸ ਨੇ ‘ਏਮਜ਼’ ਵਿਚ ਉਸ ਦਾ ਇਲਾਜ ਕਰਾਇਆ। ਉਹ ਦੂਜੇ-ਚੌਥੇ ਦਿਨ, ਆਪ ਕਾਰ ਚਲਾ ਕੇ, ਉਸ ਨੂੰ ਦੇਖਣ ਆਉਂਦਾ। ਉਸ ਦੇ ਜੀਨਜ਼ ਪਾਈ ਹੁੰਦੀ ਸੀ। ਉਹ ਅਕਸਰ ਜੀਨਜ਼ ਪਾਇਆ ਕਰਦਾ ਸੀ। ਉਹ ਬਹੁਤ ਹੀ ਸਹਿਜ ਤੇ ਪਿਆਰਾ ਜਿਹਾ ਲੱਗਦਾ ਹੁੰਦਾ ਸੀ। ਉਹ ਮੈਨੂੰ ਅਕਸਰ ਯਾਦ ਆਉਂਦਾ ਰਹਿੰਦਾ ਹੈ (ਉਸ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ) ਏਦਾਂ ਕਿਸੇ ਦਾ ਮਾਰੇ ਜਾਣਾ ਕੋਈ ਚੰਗੀ ਗੱਲ ਏ ਭਲਾ...?”
“ਕੀ ਤੁਸੀਂ ਸੋਚਦੇ ਹੋ ਕਿ ਕਾਂਗਰਸ ਦਾ ਭਵਿੱਖ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰ ਹੀ ਚੰਗਾ ਰਹੇਗਾ?” ਉਸ ਲਈ ਅਗਲਾ ਸੁਆਲ ਸੀ, ਜਿਸ ਨੂੰ ਸੁਣਦਿਆਂ ਹੀ ਉਹ ਬੋਲ ਪਈ, “ਨਹਿਰੂ-ਗਾਂਧੀ ਪਰਿਵਾਰ ਦਾ ਕੋਈ ਅਰਥ ਹੀ ਨਹੀਂ ਨਿੱਕਲਦਾ। ਪਿਛਲੇ ਕਈ ਸਾਲਾਂ ਤੋਂ ਸੱਤਾ ਦੇ ਨਾਂ ’ਤੇ ਜੋ ਕੁੱਝ ਹਾਸਲ ਹੋਇਆ ਹੈ, ਉਹ ਫ਼ਿਰੋਜ਼ ਗਾਂਧੀ ਦੇ ਪਰਿਵਾਰ ਨੂੰ ਹੀ ਹੋਇਆ ਹੈ। ਉਸ ਦਾ ਨਹਿਰੂ ਪਰਿਵਾਰ ਨਾਲ਼ ਕੋਈ ਲੈਣ-ਦੇਣ ਨਹੀਂ ਹੈ। ਨਹਿਰੂ, ਖ਼ਾਨਦਾਨੀ ਰਾਜ ਦੇ ਹਮਾਇਤੀ ਨਹੀਂ ਸਨ। ਉਨ੍ਹਾਂ ਦੀ ਪਾਰਟੀ ਨੇ ਹੀ ਉਨ੍ਹਾਂ ਦਾ ਵਾਰਸ ਚੁਣਿਆ ਸੀ।ਜੇ ਲਾਲ ਬਹਾਦਰ ਸ਼ਾਸ਼ਤਰੀ ਜੀਂਦੇ ਹੁੰਦੇ ਤਾਂ ਸਾਡਾ ਇਤਿਹਾਸ ਹੀ ਹੋਰ ਹੋਣਾ ਸੀ। ਮੈਨੂੰ ਅਫ਼ਸੋਸ ਹੈ, ਗ਼ਮ ਹੈ ਕਿ ਫ਼ਿਰੋਜ਼ ਗਾਂਧੀ ਨੂੰ ਵਿਸਾਰ ਦਿੱਤਾ ਗਿਆ ਹੈ। ਜਦੋਂ ‘ਗਾਂਧੀ ਪਰਿਵਾਰ’ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦੇ ਅਰਥ ਫ਼ਿਰੋਜ਼ ਗਾਂਧੀ ਨਾਲ਼ ਹੀ ਜੁੜਦੇ ਹਨ। ਫ਼ਿਰੋਜ਼ ਗਾਂਧੀ ਬਹੁਤ ਅਹਿਮ ਮੈਂਬਰ ਪਾਰਲੀਮੈਂਟ ਸੀ। ਉਹ ਖ਼ਰੀਆਂ-ਖ਼ਰੀਆਂ ਕਹਿਣ ਵਾਲ਼ਾ ਸੀ ਤੇ ਪਾਰਲੀਮੈਂਟ ਨੂੰ ਉਸ ਦੀ ਬਹੁਤ ਦੇਣ ਰਹੀ ਹੈ। ਉਹ ਕਾਂਗਰਸ ਦੇ ਅੰਦਰ, ਕਾਂਗਰਸ ਦਾ ਆਲੋਚਕ ਸੀ, ਜੋ ਇਹ ਸਾਬਤ ਕਰਦਾ ਸੀ ਕਿ ਪਾਰਟੀ ਅੰਦਰ ਜਮਹੂਰੀਅਤ ਦੀ ਕਿੰਨੀ ਕਦਰ ਹੈ, ਉਹ ਵੀ ਉਦੋਂ ਜਦੋਂ ਕਾਂਗਰਸ, ਨਹਿਰੂ ਵਰਗੇ ਮਜ਼ਬੂਤ ਲੀਡਰ ਦੀ ਕਮਾਨ ਸੀ।
“ਮੈਂ ਉਨ੍ਹਾਂ ਦਿਨਾਂ ਤੋਂ ਹੀ ਖ਼ਾਨਦਾਨੀ ਰਾਜ ਦਾ ਵਿਰੋਧ ਕਰਦੀ ਆ ਰਹੀ ਹਾਂ, ਜਦੋਂ ਇੰਦਰਾ ਗਾਂਧੀ ਨੇ ਸੰਜੇ ਨੂੰ ਅੱਗੇ ਕੀਤਾ ਹੋਇਆ ਸੀ। ਇਹ ਬਹੁਤ ਹੀ ਗ਼ਲਤ, ਖ਼ਤਰਨਾਕ ਹਰਕਤ ਸੀ ਕਿਉਂ ਕਿ ਸੰਜੇ ਗਾਂਧੀ, ਭਾਰਤੀ ਸਿਆਸਤ ਵਿਚ ਬਹੁਤ ਹੀ ਖ਼ਤਰਨਾਕ ਬੰਦਾ ਸੀ। ਇਸ ਦੇ ਨਾਲ਼ ਹੀ ਸਾਰੇ ਭਾਰਤ ਵਿਚ ਖ਼ਾਨਦਾਨੀ ਰਾਜ ਦਾ ਪਸਾਰ ਸ਼ੁਰੂ ਹੋਇਆ ਸੀ ਤੇ ਹੁਣ ਤੁਸੀਂ ਦੇਖ ਲਓ, ਖ਼ਾਨਦਾਨੀ ਰਾਜ ਹਰ ਸੂਬੇ ਵਿਚ ਦਿਸਦਾ ਹੈ। ਸੋਨੀਆ ਗਾਂਧੀ ਇਸ ਭਰੋਸੇ ਅਧੀਨ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ ਸੀ ਕਿ ਕਾਂਗਰਸ ਨੂੰ ਉਸ ਦੀ ਲੋੜ ਹੈ ਤੇ ਉਸ ਦੀ ਆਤਮਾ ਨੇ ਉਸ ਨੂੰ ਟੁੰਬਿਆ ਕਿ ਉਸ ਨੂੰ ਇਹ ਲੋੜ ਲਾਜ਼ਮੀ ਪੂਰੀ ਕਰ ਦੇਣੀ ਚਾਹੀਦੀ ਹੈ। ਸਾਨੂੰ ਇਹ ਗੱਲ ਮੰਨਣੀ ਹੀ ਪੈਣੀ ਹੈ ਕਿ ਉਹ ਦੋ ਵਾਰ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਵਿਚ ਕਾਮਯਾਬ ਰਹੀ ਹੈ। ਬੱਸ, ਉਸ ਦੀ ਵੱਡੀ ਗ਼ਲਤੀ ਉਸ ਰਾਹੁਲ ਗਾਂਧੀ ਨੂੰ ਅੱਗੇ ਲਿਆਉਣਾ ਹੈ, ਜੋ ਇਕ ਲੀਡਰ ਦੇ ਤੌਰ ’ਤੇ ਜਮਾ ਹੀ ਘਾਟੇ ਦਾ ਸੌਦਾ ਹੈ। ਉਹ ਤਾਂ ਆਪ ਕਹਿੰਦਾ ਹੈ ਕਿ ਉਹ ਲੀਡਰ ਬਣਨਾ ਨਹੀਂ ਚਾਹੁੰਦਾ।”
ਕਾਂਗਰਸ ਨੂੰ ਦਰਪੇਸ਼, ਇਸ ਸੰਕਟ ਦੇ ਸਬੰਧ ਵਿਚ ਉਸ ਨੇ ਇਹ ਨਿਬੇੜਾ ਸੁਝਾਇਆ, “ਮੈਨੂੰ ਇਲਮ ਨਹੀਂ ਹੈ ਕਿ ਉਹ ਇਸ ਵੰਗਾਰ ਨਾਲ਼ ਕਿੱਦਾਂ ਸਿੱਝਣਗੇ, ਪਰ ਜਿੰਨਾ ਚਿਰ ਉਹ ਪਾਰਟੀ ਦੇ ਅੰਦਰੋਂ ਆਪਣਾ ਲੀਡਰ ਜਮਹੂਰੀ ਢੰਗ ਨਾਲ਼ ਚੁਣਨ ਦਾ ਅਮਲ ਨਹੀਂ ਅਪਣਾਉਂਦੇ ਅਤੇ ਕਿਸੇ ਬਹੁਤ ਹੀ ਬੁਲੰਦ ਤੇ ਸਪੱਸ਼ਟ ਅਵਾਜ਼ ਸ਼ਖ਼ਸੀਅਤ ਨੂੰ, ਕਿਸੇ ਅਜਿਹੇ ਸ਼ਖ਼ਸ ਨੂੰ, ਜੋ ਪਾਰਟੀ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਸਕੇ ਅਤੇ ਬੀਤੇ ਸਮੇਂ ਦੌਰਾਨ ਹੋਈਆਂ ਗ਼ਲਤੀਆਂ ਕਬੂਲ ਕਰ ਸਕੇ, ਨਹੀਂ ਚੁਣਦੇ, ਉਹ ਬੁਰੀ ਤਰ੍ਹਾਂ ਫਸੇ ਹੀ ਰਹਿਣਗੇ। ਆਖ਼ਰ ਨੂੰ ਵਿਰੋਧੀ ਧਿਰ ਵਿਚ ਰਹਿਣਾ ਵੀ ਕੋਈ ਸ਼ਰਮਸਾਰੀ ਨਹੀਂ ਹੈ, ਪਰ ਇਸ ਢੰਗ ਨਾਲ਼ ਹਾਰਨਾ ਕਿ ਉਸ ਹਾਰ ਦਾ ਘਾਟਾ ਪੂਰਾ ਕਰਨ ਲਈ ਇਨਕਲਾਬੀ ਕਦਮ ਚੁੱਕਣੇ ਪੈ ਜਾਣ, ਵੱਡੀ ਸ਼ਰਮਸਾਰੀ ਹੁੰਦੀ ਹੈ।”
“ਇਸ ਦਾ ਮਤਲਬ ਇਹੋ ਹੋਇਆ ਨਾ ਕਿ ਪਾਰਟੀ ਨੂੰ ਰਾਹੁਲ ਅਤੇ ਪ੍ਰਿਯੰਕਾ ਨੂੰ ਛੱਡ ਕੇ ਸੋਚਣਾ ਪਵੇਗਾ?” ਬੀਬੀ ਸਹਿਗਲ ਦੇ ਜੁਆਬ ਵਿਚੋਂ ਇਹ ਸੁਆਲ ਜੰਮ ਪਿਆ, ਜਿਸ ਦਾ ਜੁਆਬ ਉਸ ਨੇ ਏਦਾਂ ਦਿੱਤਾ, “ਮੇਰਾ ਨਹੀਂ ਖ਼ਿਆਲ ਕਿ ਕੋਈ ਇਕ ਪਰਿਵਾਰ ਕਿਸੇ ਇਕ ਮੁਲਕ ਉੱਤੇ ਰਾਜ ਕਰੇ। ਜੇ ਪ੍ਰਿਯੰਕਾ ਗਾਂਧੀ ਸਿਆਸਤ ਵਿਚ ਆਉਣਾ ਚਾਹੁੰਦੀ ਹੈ ਤਾਂ ਉਹ ਓਦਾਂ ਹੀ ਪਾਰਟੀ ਦੀ ਲੀਡਰ ਮੰਨੀ ਜਾਣ ਦੀ ਥਾਂ, ਆਪਣੀ ਨਿੱਜੀ ਸਮਰੱਥਾ ਵਿਚ ਕਿਉਂ ਨਾ ਆਵੇ। ਉਸ ਨੂੰ ਹੀ ਲੀਡਰ ਬਣਾ ਦੇਣਾ ਫ਼ਜ਼ੂਲ ਗੱਲ ਹੋਵੇਗੀ। ਜੇ ਉਹ ਸਿਆਸਤ ਵਿਚ ਆ ਕੇ ਵਧੀਆ ਕੰਮ ਕਰਦੀ ਹੈ ਤਾਂ ਉਸ ਲਈ ਚੰਗਾ ਹੈ, ਪਰ ਉਸ ਨੂੰ ਪਾਰਟੀ ਅੰਦਰ ਓਦਾਂ ਹੀ ਆਉਣ ਦੇਣਾ ਬਣਦਾ ਹੈ, ਜਿੱਦਾਂ ਹੋਰ ਕੋਈ ਵੀ ਆਉਂਦਾ ਹੈ। ਕਿਸੇ ਹੋਰ ਵਾਂਗ ਹੀ ਆਪਣੀ ਥਾਂ ਬਣਾਉਣੀ ਚਾਹੀਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਉਹੀ ਮਜ਼ਬੂਤ ਆਗੂ ਚੁਣ ਕੇ ਅੱਗੇ ਲਿਆਂਦਾ ਜਾਵੇ, ਜਿਹੜਾ ਤਜਰਬੇਕਾਰ ਹੋਵੇ ਅਤੇ ਜਿਹੜਾ ਕਾਂਗਰਸ ਦੀਆਂ ਨੀਤੀਆਂ ਨੂੰ ਅੱਗੇ ਵਧਾਵੇ।
“ਮੈਂ ਦੇਖਿਆ ਹੈ ਕਿ ਸ਼੍ਰੀ ਮੋਦੀ, ਕਾਂਗਰਸ ਦੀਆਂ ਨੀਤੀਆਂ ਤੋਂ ਪਰ੍ਹਾਂ ਨਹੀਂ ਹੁੰਦੇ। ਲੱਗਦਾ ਹੈ ਕਿ ਉਹ ਕਾਂਗਰਸ ਵਾਲ਼ੀਆਂ ਨੀਤੀਆਂ ਨੂੰ ਹੀ ਦੁਹਰਾ ਰਹੇ ਹਨ ਕਿਉਂ ਕਿ ਚੋਣਾਂ ਦੌਰਾਨ ਇੰਨੀਆਂ ਜ਼ਬਰਦਸਤ ਤਕਰੀਰਾਂ ਕਰਨ ਦੇ ਬਾਵਜੂਦ ਉਹ ਕਾਲ਼ੇ ਧਨ ਅਤੇ ਹੋਰ ਮੁੱਦਿਆਂ ਸਬੰਧੀ ਕੋਈ ਫ਼ਰਕ ਨਹੀਂ ਪਾਉਣ ਜੋਗੇ ਨਹੀਂ ਦਿਸੇ।”
“ਪਿਛਲੇ ਸਾਲ (2014) ਦੀਆਂ ਚੋਣਾਂ ਦੌਰਾਨ ਰਾਹੁਲ ਗਾਂਧੀ ਦਾ ਮੋਦੀ ਨਾਲ਼ ਕੋਈ ਜੋੜ-ਮੇਲ ਨਹੀਂ ਬਣਦਾ ਸੀ। ਤੁਹਾਡਾ ਕੀ ਖਿਆਲ ਹੈ ਕਿ ਉਹ ਕਿੱਥੇ ਮਾਰ ਖਾ ਗਿਆ?” ਨਾਇਨਤਾਰਾ ਸਹਿਗਲ ਦੇ ਪੱਲੇ ਪਾਇਆ ਗਿਆ ਅਗਲਾ ਸੁਆਲ ਇਹ ਸੀ।
“ਆਪਾਂ ਸਾਰਿਆਂ ਨੇ ਦੇਖਿਆ ਹੈ ਕਿ ਰਾਹੁਲ ਨੇ ਖ਼ੁਦ ਕਿਹਾ ਸੀ ਕਿ ਉਸ ਨੂੰ ਲੀਡਰਸ਼ਿੱਪ ਨਹੀਂ ਚਾਹੀਦੀ। ਉਹ ਲੀਡਰ ਬਣਨ ਤੋਂ ਇੰਨਾ ਹੀ ਝਿਜਕਦਾ ਹੈ ਤਾਂ ਉਸ ਨੂੰ ਕਹਿ ਦੇਣਾ ਬਣਦਾ ਹੈ, ‘ਮੈਂ ਇਸ ਦੌੜ ਵਿਚ ਸ਼ਾਮਲ ਨਹੀਂ ਹਾਂ ਜਾਂ ਇਹ ਕਿ ਮੈਨੂੰ ਇਸ ਦਾ ਹਿੱਸਾ ਬਣ ਲੈਣ ਦਿੱਤਾ ਜਾਵੇ ਅਤੇ ਪਾਰਟੀ ਅੰਦਰ ਜਮਹੂਰੀਅਤ ਕਾਇਮ ਕਰ ਲੈਣ ਦਿਓ।’ ਉਹ ਯੂਥ ਕਾਂਗਰਸ ਵਿਚ ਏਦਾਂ ਦਾ ਕੰਮ ਕਰ ਵੀ ਰਿਹਾ ਹੈ। ਉਸ ਨੂੰ ਪਾਰਟੀ ਅੰਦਰ ਕੰਮ ਕਰ ਲੈਣ ਦਿੱਤਾ ਜਾਵੇ। ਕਾਂਗਰਸ ਨੂੰ ਖ਼ੁਦ ਉਸ ਬਾਰੇ ਉਸ ਬਾਰੇ ਕੋਈ ਫੈਸਲਾ ਕਰਨਾ ਚਾਹੀਦਾ ਹੈ, ਰਾਹੁਲ ਨੂੰ ਇਕ ਪਾਸੇ ਕਰ ਕੇ, ਪਾਰਟੀ ਨੂੰ ਚਾਹੀਦਾ ਹੈ ਕਿ ਉਹ, ਅਗਵਾਈ ਦੇਣ ਜੋਗਾ ਕੋਈ ਲੀਡਰ ਅੱਗੇ ਲਿਆਵੇ।”
“ਕੀ 2014 ਦੀ ਚੋਣ ਇਕ ਮੀਲ ਪੱਥਰ ਨਹੀਂ ਸੀ? ਇਸ ਨਾਲ਼ ਭਾਰਤੀ ਸਿਆਸਤ ਵਿਚ ਇਕ ਯੁਗ ਦਾ ਖ਼ਾਤਮਾ ਤੇ ਦੂਜੇ ਦਾ ਆਰੰਭ ਨਹੀਂ ਹੋਇਆ ਸੀ?” ਨਾਇਨਤਾਰਾ ਸਹਿਗਲ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਮੋਦੀ ਨੂੰ ਲੋਕਾਂ ਵੱਲੋਂ ਮਿਲੇ ਫ਼ਤਵੇ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਚੋਣ ਇਕ ਮੀਲ ਪੱਥਰ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਚੋਣ ਸੀ, ਜਿਸ ਵਿਚ ਨੌਜੁਆਨਾਂ ਦੀ ਵੱਡੀ ਗਿਣਤੀ ਸ਼ਾਮਲ ਸੀ। ਇਹ ਚੋਣਾਂ ਬਹੁਤ ਚਲਾਕੀ ਨਾਲ਼ ਲੜੀਆਂ ਗਈਆਂ ਸਨ ਕਿਉਂ ਕਿ ਮੋਦੀ ਨੇ ਚੋਣ ਤਕਰੀਰਾਂ ਵਿਚ ਵਿਚ-ਵਿਚਾਲ਼ੇ ਦਾ ਰਾਹ ਫੜੀ ਰੱਖਿਆ। ਹੁਣ ਸੱਤਾ ਵਿਚ ਆ ਕੇ ਉਹ, ਆਰ. ਐੱਸ. ਐੱਸ. ਦਾ ਮੰਚ ਵਰਤਣਗੇ।”
“ਜੇ ਮੋਦੀ ਅਗਲੇ ਦਸ ਸਾਲ ਗੱਦੀ ਨਹੀਂ ਛੱਡਦੇ ਤਾਂ ਭਾਰਤ ਦਾ ਕੀ ਹਾਲ ਹੋਵੇਗਾ, ” ਦੇ ਜੁਆਬ ਵਿਚ ਉਸ ਨੇ ਕਿਹਾ, “ਭਾਰਤ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ। ਮੋਦੀ ‘ਆਧੁਨਿਕ ਭਾਰਤ’ ਦੇ ਫੁਰਨੇ ਨੂੰ ਦਬਾਅ ਦੇਣਗੇ।”#
