‘ਅੱਛੇ ਦਿਨ’
ਕੁੱਜਾ ਕੋਰਾ-ਦਹੀਂ ਕਸਿਆਇਆ
ਬਖ਼ਸ਼ਿੰਦਰ
Email: bababax@gmail.com
ਨਵੇਂ ਵਰ੍ਹੇ ਵਿਚ ਲਿਖੇ ਜਾ ਰਹੇ ਇਸ ਨਵੇਂ ਲੇਖ ਵਿਚ, ਨਵੀਂ ਹੀ ਗੱਲ ਕਰਨ ਦਾ ਮੂਡ ਹੈ ਕਿਉਂ ਕਿ ਇਹ ਕਾਲਮ ਸ਼ੁਰੂ ਹੋਇਆਂ ਵੀ ਇਕ ਸਾਲ ਹੋਣ ਨੂੰ ਆਇਆ ਹੈ। ਨਵੀਂ ਗੱਲ ਕਰਨ ਲਈ ਮੇਰੇ ਭਾਰਤ ਮਹਾਨ ਦੀ ਨਵੀਂ ਸਰਕਾਰ ਨਾਲੋਂ ਵਧੀਆ ਵਿਸ਼ਾ ਕੀ ਹੋ ਸਕਦਾ ਹੈ? ਹੋਰ ਚਹੁੰ ਕੁ ਮਹੀਨਿਆਂ ਵਿਚ ਇਹ ਸਰਕਾਰ ਵੀ ਇਕ ਸਾਲ ਦੀ ਹੋ ਜਾਵੇਗੀ। ਇਸ ਸਰਕਾਰ ਦੇ ਪਿਛਲੇ ਸਾਲ ਦੇ ਸਫ਼ਰ ਦੌਰਾਨ ਜੋ ਕੁੱਝ ਸਾਹਮਣੇ ਆਇਆ ਹੈ, ਉਸ ਤੋਂ ਤਾਂ ਏਦਾਂ ਹੀ ਲੱਗਦਾ ਹੈ ਕਿ ਇਸ ਸਰਕਾਰ ਦਾ ਕੁੱਜਾ ਹੀ ਕੋਰਾ ਹੈ, ਉਸ ਵਿਚ ਪਾਇਆ ਹੋਇਆ ਦਹੀਂ ਬੇਹਾ ਵੀ ਤੇ ਕਸਿਆਇਆ ਹੋਇਆ ਵੀ ਹੈ। ਉਹੀ ਪੁਰਾਣੇ ਨਾਅਰੇ ਰਤਾ ਕੁ ਵੱਖਰੇ ਅੰਦਾਜ਼ ਅਤੇ ਸੁਰ ਵਿਚ ਲਾਏ ਜਾ ਰਹੇ ਹਨ। ਮੋਦੀ ਸਰਕਾਰ ਇਹੋ ਜਿਹੇ ਕਈ ਕੁੱਝ ਵਿਚ ਆਪਣੀਆਂ ਲੱਤਾਂ ਫਸਾਈ ਜਾ ਰਹੀ ਹੈ, ਜਿਸ ਵਿਚ ਦਖ਼ਲ ਦੇਣਾ ਕਿਸੇ ਵੀ ਸਰਕਾਰ ਦਾ ਕੰਮ ਨਹੀਂ ਹੈ।
ਹਾਲ ਹੀ ਵਿਚ ਵਿਦੇਸ਼ੀ ਖ਼ਬਰ ਏਜੰਸੀ ‘ਰਾਇਟਰਜ਼’ ਨੇ ਕੁੱਝ ਸਰਕਾਰੀ ਸੂਤਰਾਂ ਦੇ ਕਥਨਾਂ ਦੇ ਹਵਾਲੇ ਨਾਲ਼ ਇਹ ਖ਼ਬਰ ਨਸ਼ਰ ਕੀਤੀ ਸੀ ਕਿ ਭਾਰਤ ਨੇ ਆਪਣਾ ਸਿਹਤ ਸਬੰਧੀ ਬੱਜਟ, ਜੋ ਪਹਿਲਾਂ ਹੀ ਬਹੁਤ ਘੱਟ ਸੀ, 20% ਹੋਰ ਘਟਾ ਦਿੱਤਾ ਹੈ। ਇਸ ਦਾ ਕਾਫੀ ਰੌਲ਼ਾ ਪਿਆ ਹੈ। ਇੰਨਾ ਹੀ ਨਹੀਂ, ‘ਦ ਨਿਊ ਯਾਰਕ ਟਾਈਮਜ਼’ ਨੇ ਇਸ ਸਬੰਧ ਵਿਚ ਬਹੁਤ ਹੀ ਸਖ਼ਤ ਸ਼ਬਦਾਂ ਵਿਚ ਇਕ ਸੰਪਾਦਕੀ ਨੋਟ ਵੀ ਲਿਖਿਆ ਸੁੱਟਿਆ ਹੈ। ‘ਸੋਸ਼ਲ ਮੀਡੀਆ’ ਰਾਹੀਂ ਸਰਗ਼ਰਮੀਆਂ ਕਰਨ ਵਾਲ਼ੇ, ਇਸ ਸਰਕਾਰ ਦੇ ਹਮਾਇਤੀਆਂ ਅਤੇ ਸਿਹਤ ਦੇ ਮੁਹਾਜ਼ ’ਤੋਂ ਖ਼ਬਰਾਂ ਦੇਣ ਵਾਲ਼ੇ ਕੁੱਝ ਪੱਤਰਕਾਰਾਂ ਨੂੰ ਬਹੁਤ ਦੁੱਖ ਨਾਲ਼ ਇਹ ਲਿਖਣਾ ਪਿਆ ਕਿ ਇਹ ਖ਼ਬਰ ਸੱਚੀ ਨਹੀਂ ਹੈ। ਉਨ੍ਹਾਂ ਨੇ ਆਪਣੇ ਇਨ੍ਹਾਂ ਦਾਅਵਿਆਂ ਦੀ ਹਮਾਇਤ ਵਿਚ ਇਹ ਵੀ ਕਿਹਾ ਕਿਹਾ ਕਿ ਖ਼ਰਚਿਆਂ ਦੇ ਸੋਧੇ ਹੋਏ ਛਿਮਾਹੀ ਅਨੁਮਾਨ ਹੀ ਘਟਾਏ ਗਏ ਹਨ। ਇਹ ਵੀ ਕਿਹਾ ਗਿਆ ਕਿ ਸਿਹਤ ਮੰਤਰਾਲੇ ਤੋਂ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੰਤਰਾਲਿਆਂ ਤੋਂ ਵੀ ਉਨ੍ਹਾਂ ਨੂੰ ਦਿੱਤਾ ਹੋਇਆ ਫੰਡ ਖ਼ਰਚਣੋਂ ਰਿਹਾ ਹੋਇਆ ਸੀ। ਇਹ ਸਾਰੀ ਮਸ਼ਕ ਉਹ ਫੰਡ ਖਪਾਉਣ ਦੇ ਸਬੰਧ ਵਿਚ ਕੀਤੀ ਗਈ ਸੀ ਤੇ ਇਹ ਕਾਰਵਾਈ ਕੋਈ ਪਹਿਲੀ ਵਾਰ ਨਹੀਂ ਕੀਤੀ ਗਈ ਸੀ।
ਜੇ ਇਸ ਕਾਰਵਾਈ ਨੂੰ ਜਾਂ ਇਸ ਦੇ ਕੀਤੇ ਜਾਣ ਨੂੰ ਹੀ ਆਧਾਰ ਬਣਾ ਲਿਆ ਜਾਵੇ ਤਾਂ ਇਹ ਹਕੀਕਤ ਠੋਸ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਲ਼ੇ ਰਾਹ ਹੀ ਪਈ ਹੋਈ ਹੈ। ਯਾਨੀ ਇਸ ਸਰਕਾਰ ਦੇ ਮੰਤਰੀ ਜਾਂ ਮੰਤਰਾਲੇ ਵੀ ਆਪਣੇ ਕੋਲ ਪਏ ਫੰਡ, ਲੋਕਾਂ ਦੇ ਭਲੇ ਲਈ ਖ਼ਰਚਣ ਦੀ ਥਾਂ, ਉਨ੍ਹਾਂ ਉੱਤੇ ਉਸੇ ਹੀ ਤਰ੍ਹਾਂ ਕੁੰਡਲੀਏ ਸੱਪ ਬਣ ਕੇ ਬੈਠਦੇ ਹਨ, ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਦੇ ਮੰਤਰੀ ਜਾਂ ਮੰਤਰਾਲੇ ਬੈਠਦੇ ਹੁੰਦੇ ਸਨ। ਸਿਹਤ ਮੰਤਰਾਲੇ ਨੂੰ ਸਮਝ ਨਹੀਂ ਆਉਂਦਾ ਕਿ ਉਹ ਲੋਕਾਂ ਦੇ ਭਲੇ ਲਈ ਆਪਣਾ ਫੰਡ ਕਿੱਥੇ ਖ਼ਰਚੇ ਤਾਂ ਇਹ ਸਮਝਣ ਲੈਣਾ ਕੋਈ ਔਖਾ ਕੰਮ ਨਹੀਂ ਹੈ ਕਿ ਸਿਹਤ ਮੰਤਰਾਲੇ ਦੀ ਆਪਣੀ ਸਿਹਤ ਖ਼ਰਾਬ ਹੈ।
‘ਸਵੱਛ ਭਾਰਤ ਦਾ ਰੌਲ਼ਾ-ਰੱਪਾ’ ਪਾਉਣ ਦੇ ਬਾਵਜੂਦ ਸਫਾਈ ਮੰਤਰਾਲੇ ਨੇ, ਪਹਿਲੇ ਛੇ ਮਹੀਨਿਆਂ ਲਈ ਦਿੱਤੇ ਹੋਏ ਫੰਡ ਵਿਚੋਂ ਮਸਾਂ 29% ਫੰਡ ਹੀ ਖ਼ਰਚਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣਾਂ ਵਿਚ ਇਤਿਹਾਸਕ ਫ਼ਤਵਾ ਮਿਲਣ ਦੇ ਸਬੰਧ ਵਿਚ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੈ, ਪਰ ਇਹ ਨਵਾਂ ਸਾਲ ਚੜ੍ਹਨ ਮੌਕੇ ਜਾਇਜ਼ਾ ਲਿਆ ਜਾਵੇ ਤਾਂ ਸਾਫ-ਸਪੱਸ਼ਟ ਦਿਸਦਾ ਹੈ ਕਿ ਹਾਲੇ ਬਹੁਤਾ ਕੁੱਝ ਨਹੀਂ ਬਦਲਿਆ ਤੇ ਉਹ ‘ਅੱਛੇ ਦਿਨ’ ਨਹੀਂ ਆਏ, ਜਿਨ੍ਹਾਂ ਬਾਰੇ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਹਮਖ਼ਿਆਲ ਅਤੇ ਭਾਈਵਾਲ ਆਗੂ ਟਾਹਰਾਂ ਮਾਰਦੇ ਨਹੀਂ ਥੱਕਦੇ।
ਨਵੀਂ ਸਰਕਾਰ ਬਣਨ ਮਗਰੋਂ ਬੀਤੇ ਸਮੇਂ ਦੌਰਾਨ ਕੀ-ਕੀ ਹੋਇਆ ਜਾਂ ਹੋਣਾ ਸ਼ੁਰੂ ਹੋਇਆ ਹੈ, ਇਹ ਦੇਖਣਾ ਵੀ ਜ਼ਰੂਰੀ ਹੈ। ਫ਼ਿਲਮਸਾਜ਼ ਕਹਿੰਦੇ ਹਨ ਕਿ ਸਰਕਾਰ ਫ਼ਿਲਮਾਂ ਵਿਚ ਦਖ਼ਲ ਦੇ ਰਹੀ ਹੈ। ਵਿਗਿਆਨੀ ਕਹਿੰਦੇ ਹਨ ਕਿ ਸਰਕਾਰ ਵਿਗਿਆਨ ਵਿਚ ਲੱਤ ਅੜਾਉਂਦੀ ਹੈ। ਇਤਿਹਾਸਕਾਰ ਕਹਿੰਦੇ ਹਨ ਕਿ ਸਰਕਾਰ ਇਤਿਹਾਸ ਵਿਗਾੜ ਰਹੀ ਹੈ। ਸਿੱਖਿਆ ਸ਼ਾਸਤਰੀਆਂ ਦਾ ਕਹਿਣ ਹੈ ਕਿ ਸਰਕਾਰ ਸਿੱਖਿਆ ਵਿਚ ਮੁਦਾਖ਼ਲਤ ਕਰ ਰਹੀ ਹੈ। ਸੁਪਰੀਮ ਕੋਰਟ ਕਹਿ ਰਹੀ ਹੈ ਕਿ ਸਰਕਾਰ ਗੰਗਾ ਦੀ ਸਫਾਈ ਕਰਾਉਣ ਲਈ ਬਣਦਾ ਜ਼ੋਰ ਨਹੀਂ ਲਾ ਰਹੀ। ਭਾਰਤ ਦਾ ਰਿਜ਼ਰਵ ਬੈਂਕ ਕਹਿੰਦਾ ਹੈ ਕਿ ਸਰਕਾਰ ਦੀਆਂ ਤਰਜੀਹਾਂ ਹੀ ਗ਼ਲਤ ਹਨ।
ਵਿਰੋਧੀ ਧਿਰ ਵਿਚ ਬੈਠ ਕ,ੇ ਅੱਜ ਦੀ ਹੁਕਮਰਾਨ ਧਿਰ ‘ਗੁੱਡਜ਼ ਐਂਡ ਸਰਵਿਸਿਜ਼ ਟੈਕਸ’ ਦਾ ਪੁਰਜ਼ੋਰ ਵਿਰੋਧ ਕਰਨ ਮਗਰੋਂ, ਸੱਤਾ ਵਿਚ ਆ ਕੇ ਇਸੇ ਨੂੰ ਹੀ, 1947 ਤੋਂ ਹੁਣ ਤਕ ਦਾ ਬਹੁਤ ਵੱਡਾ ਮਾਲੀ ਸੁਧਾਰ ਕਰਾਰ ਦੇ ਰਹੀ ਹੈ। ਆਰਡਨੈਂਸਿਜ਼ ਦੇ ਮਾਮਲੇ ਵਿਚ ‘ਯੂਨਾਈਟਿਡ ਪ੍ਰੋਗਰੈੱਸਿਵ ਅਲਾਇੰਸ’ (ਯੂ. ਪੀ. ਏ.) ਦੀ ਸਰਕਾਰ ਨੂੰ ਲੰਬੇ ਹੱਥੀਂ ਲੈਂਦੀ ਰਹੀ ਇਹ ਧਿਰ, ਸੱਤਾ ਵਿਚ ਆ ਕੇ ਆਪ ਆਰਡੀਨੈਂਸ ਤੇ ਆਰਡੀਨੈਂਸ ਜਾਰੀ ਕਰੀ ਜਾ ਰਹੀ ਹੈ।
‘ਫੇਸਬੁੱਕ’ ਅਤੇ ਹੋਰ ਸੋਸ਼ਲ ਮੀਡੀਆ ਉੱਤੇ ਚੁਭਵੀਆਂ ਟਿੱਪਣੀਆਂ ਕਰਨ ਵਾਲ਼ਿਆਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਸਬੰਧ ਵਿਚ ਲਾਗੂ ਕੀਤੀ ਜਾਣ ਵਾਲ਼ੀ, ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 66ਏ ਨੂੰ ਸੰਵਿਧਾਨ ਵਿਰੋਧੀ ਦੱਸਦਿਆਂ ਤੇ ਇਸ ਨੂੰ ਬੋਲਣ ਦੇ ਹੱਕ ਦੇ ਖ਼ਿਲਾਫ਼ ਦੱਸ ਕੇ ਇਸ ਦਾ ਵਿਰੋਧ ਕਰਨ ਮਗਰੋਂ ਸੱਤਾ ਵਿਚ ਆਈ ਇਹ ਧਿਰ ਹੁਣ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਅਤੇ ਇਸ ਦੀ ਇਹ ਧਾਰਾ ਬਹੁਤ ਸਹੀ ਹੈ।
ਮੋਦੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਕੀਤੀਆਂ ਤਕਰੀਰਾਂ ਵਿਚ ਅੱਡੀਆਂ ਤਕ ਜ਼ੋਰ ਲਾ-ਲਾ ਕਿਹਾ ਸੀ ਕਿ ਉਹ ਕਾਲ਼ਾ ਧੰਨ ਵਾਪਸ ਲਿਆ ਕੇ ਹੀ ਸਾਹ ਲੈਣਗੇ ਅਤੇ ਉਸ ਕਾਲ਼ੇ ਧੰਨ ਵਿਚੋਂ ਹਰ ਗ਼ਰੀਬ-ਗ਼ੁਰਬੇ ਨੂੰ 15 ਲੱਖ ਰੁਪਏ ਦਿੱਤੇ ਜਾਣਗੇ। ਹੁਣ ਉਸੇ ਹੀ ਮੋਦੀ ਦਾ ਗੁਮਾਸ਼ਤਾ ਤੇ ਨਵਾਂ-ਨਵਾਂ ਮੁਆਫ਼ ਕੀਤਾ ਹੋਇਆ ਅਮਿਤ ਸ਼ਾਹ ਇਹ ਕਹਿ ਰਿਹਾ ਹੈ ਕਿ ਕਈ ਵਾਰੀ ਏਦਾਂ ਵੀ ਕਹਿ ਲਈਦੈ! ਇਸ ਲਈ ਹਰ ਮਨ ਵਿਚ ਕੁੱਝ ਸੁਆਲ ਉੱਸਲਵੱਟੇ ਲੈਂਦੇ ਹਨ ਤੇ ਉਹ ਸੁਆਲ ਇਹ ਹਨ: “ਸੋ ਜਨਾਬ ਪ੍ਰਧਾਨ ਮੰਤਰੀ ਮੋਦੀ ਸਾਹਿਬ, ਤੁਸੀਂ ਜਿਸ ‘ਵਿਕਾਸ’ ਅਤੇ ਜਿਹੜੇ ‘ਅੱਛੇ ਦਿਨਾਂ’ ਦੇ ਵਾਅਦੇ ਕੀਤੇ ਸਨ, ਉਹ ਕਿੱਥੇ ਹਨ? ਕੀ ਇਹ ‘ਵਿਕਾਸ’ ਅਤੇ ‘ਅੱਛੇ ਦਿਨ’ ਗੁਜਰਾਤ ਵਿਚ ਤੁਹਾਡੀ ਮੰਤਰੀ ਰਹੀ ਅਤੇ ਕਤਲੇਆਮ ਕਰਾਉਣ ਲਈ ਮੁਜਰਮ ਠਹਿਰਾਈ ਗਈ, ਪਰ ਜ਼ਮਾਨਤ ਉੱਤੇ ਛੱਡ ਦਿੱਤੀ ਗਈ ਮਾਯਾ ਕੋਡਨਾਨੀ ਲਈ ਹੀ ਸਨ? ਕੀ ਇਹ, ਤੁਹਾਡੇ ਗੁਮਾਸ਼ਤੇ ਰਹੇ, ਉਸ ਅਮਿਤ ਸ਼ਾਹ ਲਈ ਹੀ ਸਨ, ਜਿਸ ਦੇ ਖ਼ਿਲਾਫ਼ ਦਰਜ ਕੀਤਾ ਹੋਇਆ ਕੇਸ, ਸੀ. ਬੀ. ਆਈ. ਨੂੰ ਆਪੇ ਹੀ ਖਾਰਜ ਕਰਨਾ ਪਿਆ ਸੀ? ਕੀ ਇਹ, ਤੁਹਾਡੇ ਦੋਸਤ ਗੌਤਮ ਅਡਾਨੀ ਲਈ ਹੀ ਸਨ, ਜੋ ਉਨ੍ਹਾਂ ਮੁਲਕਾਂ ਤੋਂ ਠੇਕੇ ਹਾਸਲ ਕਰੀ ਜਾ ਰਿਹਾ ਹੈ, ਜਿਨ੍ਹਾਂ ਵਿਚ ਤੁਸੀਂ ਦੌਰੇ ਕਰ ਆਏ ਹੋ? ਕੀ ਇਹ ਨਾਥੂ ਰਾਮ ਗੌਡਸੇ ਵਰਗੇ ਕਾਤਲ ਲਈ ਹੀ ਸਨ? ਕੀ ਤੁਹਾਡੇ ‘ਸੀਮਤ ਸਰਕਾਰ’ ਦੇ ਵਾਅਦੇ ਦਾ ਅਰਥ, ‘ਆਧਾਰ’ ਵਰਗੀਆਂ ਪੁਰਾਣੀਆਂ ਨੀਤੀਆਂ ਜਾਰੀ ਰੱਖਣ ਤਕ ਹੀ ਸੀਮਤ ਸੀ? ਕੀ ਤੁਸੀਂ ਕਦੇ ‘ਆਧਾਰ’ ਦੇ ਅਧਿਕਾਰੀਆਂ ਨੂੰ ਈਮੇਲ ਕਰ ਕੇ ਉਨ੍ਹਾਂ ਤੋਂ ਜੁਆਬ ਹਾਸਲ ਕਰਨ ਦਾ ਹੀਲਾ ਕੀਤਾ ਹੈ? ਕੀ ਤੁਹਾਡੇ ਵੱਲੋਂ ‘ਵਧੀਆ ਸਰਕਾਰ’ ਦੇਣ ਦਾ ਵਾਅਦਾ ਲੋਕਾਂ ਨੂੰ ਕੁੱਝ ਫ਼ਿਲਮਾਂ ਨਾ ਦੇਖਣ, ਉਹ ਕਿਹੜੀ ਕਲਾ ਦੀ ਨੁਮਾਇਸ਼ ਨਾ ਕਰਨ, ਉਹ ਕਿਹੜੀਆਂ ਕਿਤਾਬਾਂ ਨਾ ਪੜ੍ਹਨ, ਉਹ ਕਿਹੜਾ ਧਰਮ ਅਖ਼ਤਿਆਰ ਨਾ ਕਰਨ, ਉਹ ਕਿਹੜੀ ਖੁਰਾਕ ਨਾ ਖਾਣ ਦੀ ਸਲਾਹ ਦੇਣ ਤਕ ਹੀ ਜਾਂ ਪ੍ਰਾਚੀਨ ਭਾਰਤ ਵੱਲੋਂ ਕੀਤੀਆਂ ਦੱਸੀਆਂ ਜਾਂਦੀਆਂ ਕਾਲਪਨਿਕ ਜਾਂ ਹਾਸੋਹੀਣੀਆਂ ਪ੍ਰਾਪਤੀਆਂ ਗਿਣਾਉਣ ਤਕ ਹੀ ਸੀਮਤ ਹੈ?”
ਇਸ ਗੱਲੋਂ ਕੋਈ ਵੀ ਮੁੱਕਰ ਨਹੀਂ ਸਕਦਾ ਕਿ ਸਾਲ 2014 ਦੀ ਸਭ ਤੋਂ ਵੱਡੀ ਤੇ ਅਹਿਮ ਘਟਨਾ ਨਰਿੰਦਰ ਮੋਦੀ ਦਾ ਇਕ ਮਜ਼ਬੂਤ ਆਗੂ ਵਜੋਂ ਉੱਭਰਨਾ ਸੀ। 2012 ਦੇ ਅਪ੍ਰੈਲ ਮਹੀਨੇ ਦੌਰਾਨ ‘ਸੀ. ਐੱਨ. ਐੱਨ.’ ਦੇ ਫ਼ਰੀਦ ਜ਼ਕਰੀਆ ਨੇ ਕਿਹਾ ਸੀ ਕਿ ਦਸੰਬਰ, 2012 ਵਿਚ, ਗੁਜਰਾਤ ਵਿਚ ਹੋਣ ਵਾਲ਼ੀਆਂ ਚੋਣਾਂ ਦੌਰਾਨ ਸ਼੍ਰੀ ਮੋਦੀ ਖੁੱਡੇ-ਲਾਈਨ ਲੱਗ ਜਾਣਗੇ। ਇਕ ਤਰ੍ਹਾਂ ਨਾਲ਼ ਇਹ ਪੇਸ਼ੀਨਗੋਈ ਸੱਚੀ ਵੀ ਸਿੱਧ ਹੋਈ ਤੇ ਇਕ ਤਰ੍ਹਾਂ ਨਾਲ਼ ਝੂਠੀ ਵੀ। ਸੱਚੀ ਇਸ ਤਰ੍ਹਾਂ ਕਿ ਸ਼੍ਰੀ ਮੋਦੀ, ਗੁਜਰਾਤ ਦੇ ਸੂਬਾਈ ਦ੍ਰਿਸ਼ ਵਿਚੋਂ ਨਿੱਕਲ ਗਏ। ਝੂਠੀ ਇਸ ਤਰ੍ਹਾਂ ਕਿ ਇਹ ਲੱਤ ਵੱਜਣ ਨਾਲ਼ ਉਨ੍ਹਾਂ ਦਾ ਕੁੱਬਾ ਲੱਕ ਸਿੱਧਾ ਹੋ ਗਿਆ ਤੇ ਉਹ ਸੂਬਾਈ ਸਿਆਸਤ ਵਿਚੋਂ ਨਿੱਕਲ ਕੇ ਕੇਂਦਰੀ ਸਿਆਸੀ ਪਿੜ ਵਿਚ ਪਹੁੰਚ ਗਏ।
2014 ਦਾ ਨਵਾਂ ਸੂਰਜ ਚੜ੍ਹਨ ਸਾਰ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਸਿਆਸੀ ਕੱਦ, ਭਾਰਤੀ ਜਨਤਾ ਪਾਰਟੀ ਨਾਲ਼ ਸਾਵਾਂ ਹੋ ਗਿਆ ਸੀ ਤੇ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਮਈ, 2014 ਵਿਚ ਹੋਣ ਵਾਲ਼ੀਆਂ ਚੋਣਾਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਸੀ। ਕਈ ਟਿੱਪਣੀਕਾਰ ਤਾਂ ਮੋਦੀ ਨੂੰ ‘ਜਿੱਤਿਆ ਹੋਇਆ ਹੀ’ ਕਰਾਰ ਦੇਣ ਨੂੰ ਉਤਾਵਲੇ ਸਨ। ਇਸ ਦੌਰਾਨ ਹੀ ਇਕ ਹੋਰ ‘ਹਨ੍ਹੇਰੀ ਜਿਹੀ’ ਵੀ ਆਈ ਸੀ, ਜਿਸ ਦਾ ਨਾਂ ਸੀ ਅਰਵਿੰਦ ਕੇਜਰੀਵਾਲ ਉਰਫ਼ ‘ਆਮ ਆਦਮੀ ਪਾਰਟੀ’। ਦਸੰਬਰ, 2013 ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਸੂਬਾਈ ਚੋਣਾਂ ਵਿਚ ਹਾਸਲ ਕੀਤੀ ਗਈ ਫੈਸਲਕੁਨ ਜਿੱਤ ਨਜ਼ਰਅੰਦਾਜ਼ ਕਰਦਿਆਂ ਮੀਡੀਆ ਦਾ ਵੱਡਾ ਹਿੱਸਾ ‘ਆਮ ਆਦਮੀ ਪਾਰਟੀ’ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਕੌਮੀ ਆਗੂ ਬਣਾਉਣ ਵਿਚ ਜੁੱਟ ਗਿਆ ਕਿਉਂ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਵਿਚ ਦਰਮਿਆਨੀ ਜਿਹੀ ਜਿੱਤ ਹਾਸਲ ਕਰ ਲਈ ਸੀ।ਇਕ ਸਮੇਂ ਤਾਂ ਇਹੋ ਜਿਹੇ ਵਿਸ਼ਲੇਸ਼ਣ ਵੀ ਕੀਤੇ ਗਏ, ਜਿਨ੍ਹਾਂ ਵਿਚ ਭਾਜਪਾ ਨੂੰ ਲੰਗੜਾ ਫ਼ਤਵਾ ਮਿਲੇ ਹੋਣ ਦੀ ਸੂਰਤ ਵਿਚ, ਮੋਦੀ ਨੂੰ ਇਕ ਪਾਸੇ ਹੋ ਕੇ ਖੜ੍ਹਨ ਲਈ ਮਜਬੂਰ ਦਰਸਾਇਆ ਜਾ ਰਿਹਾ ਸੀ। ਦੂਜੇ ਪਾਸੇ ਮੋਦੀ ਆਪਣੀ ਮੁਹਿੰਮ ’ਤੇ ਡਟੇ ਰਹੇ ਤੇ ਇਹ ਮੁਹਿੰਮ, ਚੋਣ ਮੁਹਿੰਮਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੁਹਿੰਮ ਸਾਬਤ ਹੋ ਗਈ।
ਮੋਦੀ ਨੇ 550 ਖਚਾਖਚ ਭਰੀਆਂ ਹੋਈਆਂ ਰੈਲੀਆਂ ਵਿਚ ਤਕਰੀਰਾਂ ਕੀਤੀਆਂ ਅਤੇ ਇਸ ਕੰਮ ਲਈ ਤਿੰਨ ਲੱਖ ਕਿਲੋ ਮੀਟਰ ਸਫ਼ਰ ਤੈਅ ਕੀਤਾ। ਵਿਡੀਓ ਕਾਨਫ਼ਰੰਸਿੰਗ ਰਾਹੀਂ ਉਨ੍ਹਾਂ ਵੱਲੋਂ 1300 ਚੋਣ ਜਲਸਿਆਂ ਨੂੰ ਸੰਬੋਧਨ ਕਰਨਾ ਵੱਖਰਾ ਮਾਮਲਾ ਹੈ। ਇਸ ਸਭ ਕੁੱਝ ਦਾ ਨਤੀਜਾ ਇਹ ਨਿੱਕਲਿਆ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀ ਚੋਣ ਵਿਚ ਪੂਰਾ ਬਹੁਮਤ ਹਾਸਲ ਕਰ ਕੇ ਇਕ ਨਵਾਂ ਇਤਿਹਾਸ ਸਿਰਜਿਆ। ਇਸ ਤੋਂ ਪਹਿਲਾਂ ਇਹ ਮਾਣ ਕਾਂਗਰਸ ਨੂੰ ਹੀ ਹਾਸਲ ਸੀ।
ਇਸ ਦੌਰਾਨ, ਵਿਕਾਸ ਦੀ ਦਰ ਭਾਵੇਂ ਉੱਤੇ-ਹੇਠਾਂ ਹੁੰਦੀ ਰਹੀ, ਪਰ ‘ਅੱਛੇ ਦਿਨ’ ਆਉਂਦੇ ਨਾ ਦਿਸੇ। ਓਦਾਂ ਇਸ ਦੌਰਾਨ ਨਵਾਂ ਪ੍ਰਧਾਨ ਮੰਤਰੀ ਆਉਣ ਨਾਲ਼ ਉਸ ਦੇ ਦਫ਼ਤਰ ਵਿਚ ਇਕ ਨਵੀਂ ਰੂਹ ਫੂਕੀ ਗਈ। ਨਵੇਂ ਪ੍ਰਧਾਨ ਮੰਤਰੀ ਨੇ ਅਫ਼ਸਰਸ਼ਾਹੀ ਅੰਦਰ ਨਵਾਂ ਵਿਸ਼ਵਾਸ ਭਰਿਆ, ਮੰਤਰਾਲਿਆਂ ਵਿਚਾਲ਼ੇ ਤਾਲਮੇਲ ਬਹੁਤ ਹੱਦ ਤਕ ਸੁਧਾਰਿਆ ਤੇ ਚੌਗ਼ਿਰਦੇ ਦੀ ਸਫਾਈ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ। ਆਪਣੇ ਵੱਲੋਂ ਪ੍ਰਮਾਣ ਦੇਣ ਦੀ ਪ੍ਰਣਾਲੀ ਲਾਗੂ ਕਰ ਕੇ ਇੰਸਪੈਕਟਰੀ ਰਾਜ ਦਾ ਗ਼ਲਬਾ ਘਟਾ ਦਿੱਤਾ ਗਿਆ ਹੈ। ਇਕ ਖਿੜਕੀ ਰਾਹੀਂ ਹੀ ਸਾਰੀਆਂ ਸਹੂਲਤਾਂ ਦੇਣ ਦਾ ਪ੍ਰਬੰਧ ਕਰ ਕੇ ਨਵੇਂ ਕਾਰੋਬਾਰਾਂ ਲਈ ਲਾਲ ਫੀਤਾਸ਼ਾਹੀ ਦੀਆਂ ਨਾੜਾਂ ਕੱਟ ਦਿੱਤੀਆਂ ਗਈਆਂ ਹਨ।
ਅਜ਼ਾਦੀ ਦੇ ਦਿਹਾੜੇ ਦੇ ਸਬੰਧ ਵਿਚ ਪਿਛਲੇ ਸਾਲ 15 ਅਗੱਸਤ ਨੂੰ ਕੀਤੀ ਤਕਰੀਰ ਵਿਚ ਪ੍ਰਧਾਨ ਮੰਤਰੀ ਨੇ ਧਿਆਨ ਉਤਪਾਦਨ ਦੇ ਖੇਤਰ ਵੱਲ ਖਿੱਚਣ ਖ਼ਾਤਰ ‘ਮੇਕ ਇਨ ਇੰਡੀਆ’ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਦੋ ਮਹੀਨੇ ਤੋਂ ਵੀ ਘੱਟ ਸਮਾਂ ਮਗਰੋਂ ਪ੍ਰਧਾਨ ਮੰਤਰੀ ਨੇ ‘ਸਵੱਛ ਭਾਰਤ’ ਮੁਹਿੰਮ ਚਲਾ ਦਿੱਤੀ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਸਰਮਾਇਆਕਾਰੀ ਦੇ ਵਧੀਆ ਟਿਕਾਣੇ ਵਜੋਂ ਦਰਸਾਉਣ ਲਈ ਵਿਦੇਸ਼ਾਂ ਦੇ ਦੌਰੇ ਹੀ ਨਹੀਂ ਕੀਤੇ, ਸਗੋਂ ਭਾਰਤ ਦੀ ਵਿਦੇਸ਼ ਨੀਤੀ ਨੂੰ ਆਰਥਕ ਕੂਟਨੀਤੀ ਦਾ ਰੂਪ ਵੀ ਦੇ ਦਿੱਤਾ। ਇਹ ਸਾਰਾ ਹੀ ਕੁੱਝ ਬਹੁਤ ਜੋਸ਼ੋ-ਖ਼ਰੋਸ਼ ਨਾਲ਼ ਜਾਰੀ ਕਿ ਜੁਲਾਈ ਵਿਚ ਪੇਸ਼ ਕੀਤਾ ਗਿਆ ਬੱਜਟ ਬਹੁਤ ਹੀ ਨਿਰਾਸ਼ਾਜਨਕ ਸਿੱਧ ਹੋਇਆ ਤੇ ਉਸ ਨੇ ਕੀਤੇ-ਕਰਾਏ ਉੱਤੇ ਪਾਣੀ ਫੇਰ ਦਿੱਤਾ।
ਟੈਕਸ ਸਬੰਧੀ ਕਾਨੂੰਨਾਂ ਨਾਲ਼ ਜੁੜੀਆਂ ਹੋਈਆਂ ਬੇਯਕੀਨੀਆਂ, ਜਿਨ੍ਹਾਂ ਦੀ ਵਜ੍ਹਾ ਨਾਲ਼ ‘ਨੋਕੀਆ’ ਨੇ ਆਪਣਾ ਕਾਰਖ਼ਾਨਾ ਬੰਦ ਕਰ ਦਿੱਤਾ ਤੇ ‘ਫੌਕਸਕੌਨ’ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ, ਬਰਕਰਾਰ ਰਹੀਆਂ। ਇਸ ਸਰਕਾਰ ਦੀ ਵੱਡੀ ਪਰਖ਼ ਤਾਂ ਆਉਣ ਵਾਲ਼ੇ ਬੱਜਟ ਵੇਲ਼ੇ ਹੋਣ ਦੀ ਸੰਭਾਵਨਾ ਹੈ। ਜੇ ਇਹ ਸਰਕਾਰ, ਸੁਧਾਰਾਂ ਵੱਲ ਵਧਣ ਲਈ ‘ਪੱਕੀ ਸੜਕੇ’ ਨਾ ਪਈ ਤਾਂ ਇਸ ਦਾ ‘ਅੱਛੇ ਦਿਨ’ ਆਉਣ ਜਾਂ ਲਿਆਉਣ ਦਾ ਸੁਪਨਾ ਖੱਟੇ ਵਿਚ ਪੈਣ ਦਾ ਅਤੇ ਮਾੜਾ ਇਤਿਹਾਸ ਬਣ ਜਾਣ ਦਾ ਖ਼ਤਰਾ ਹੈ।ਮੋਦੀ ਜੀ ਦਾ ਸ਼ਰਾਬਨੋਸ਼ੀ ਬਾਰੇ ਕੀ ਨਜ਼ਰੀਆ ਹੈ, ਇਸ ਦਾ ਤਾਂ ਇਲਮ ਨਹੀਂ ਹੈ, ਪਰ ਅਸੀਂ ਉਨ੍ਹਾਂ ਦੇ ‘ਅੱਛੇ ਦਿਨ’ ਦੇ ਸੁਪਨੇ ਦੀ ਤੁਲਨਾ ‘ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ’ ਨਾਲ਼ ਹਰਗ਼ਿਜ਼ ਨਹੀਂ ਕਰਨਾ ਚਾਹੁੰਦੇ ਕਿਉਂ ਕਿ ਸਾਨੂੰ ਤਾਂ ਉਹ ਤੇ ਉਨ੍ਹਾਂ ਦੀ ‘ਮੋਦੀਆਂ ਵਾਲ਼ੀ ਪੂਰੀ ਦੀ ਪੂਰੀ ਸਰਕਾਰ’ ਹੀ ਵੈਸ਼ਨੋ ਲੱਗਦੀ ਹੈ। ਸੋ ‘ਅੱਛੇ ਦਿਨ’ ਆਉਣ ਦਾ ਉਨ੍ਹਾਂ ਦਾ ਨਾਅਰਾ ਸਾਨੂੰ ਤਾਂ ਉਸ ‘ਕਸਿਆਏ ਹੋਏ ਦਹੀਂ’ ਵਰਗਾ ਹੀ ਲੱਗਦਾ ਹੈ, ਜੋ ‘ਕੋਰੇ ਕੁੱਜੇ’ ਵਿਚ ਪਾਇਆ ਹੋਇਆ ਹੋਵੇ।#
