ਅੰਨ-ਜਲ ਦਾ ਗੇੜ
ਇਕ ਰਾਤ ਚੀਨ ਦੇ ਵੀ ਮਹਿਮਾਨ ਹੋ ਗਏ
ਬਖ਼ਸ਼ਿੰਦਰ
Email: bababax@gmail.com Cell Phone: +1-778-378-9669
ਕੋਈ ਜ਼ਮਾਨਾ ਸੀ ਕਿ ਭਾਰਤ ਵਿਚ ਪਾਸਪੋਰਟ ਬਣਾਉਣ ਖ਼ਾਤਰ ਫਾਰਮ ਭਰਨ ਵੇਲ਼ੇ ਹਦਾਇਤ ਹੁੰਦੀ ਸੀ ਕਿ ਫਾਰਮ ਵਿਚ ਇਸ ਗੱਲ ਦਾ ਜ਼ਿਕਰ ਟਿਕਾ ਕੇ ਕਰਨਾ ਹੈ ਕਿ ਪਾਸਪੋਰਟ ਹਾਸਲ ਕਰਨ ਲਈ ਦਰਖ਼ਾਸਤ ਕਰਨ ਵਾਲ਼ਾ ਬਸ਼ਰ ਨਰਕ ਵਿਚ ਤਾਂ ਜਾ ਸਕੇਗਾ, ਪਰ ਉਹ ਉਸ ਪਾਸਪੋਰਟ ਦੀ ਮਦਦ ਨਾਲ਼ ਦੋ ਕੁ ‘ਖ਼ਾਸ ਮੁਲਕਾਂ’ ਵਿਚ ਦਾਖ਼ਲ ਹੋਣ ਬਾਰੇ ਸੋਚੇਗਾ ਵੀ ਨਹੀਂ। ਤੇ ਇਨ੍ਹਾਂ ਦੋ ‘ਖ਼ਾਸ ਮੁਲਕਾਂ’ ਵਿਚੋਂ ਇਕ ਮੁਲਕ ਚੀਨ ਹੁੰਦਾ ਸੀ। ਬਿਨੈਕਾਰ ਕੋਲੋਂ ਇਹ ਅਹਿਦ ਕਰਾਉਣ ਦੀ ਵਜ੍ਹਾ ਇਹ ਸੀ ਕਿ ਉਸ ਵੇਲ਼ੇ ‘ਆਪਣੇ ਭਾਰਤ ਮਹਾਨ’ ਦੀ ਚੀਨ ਨਾਲ਼ ਬਣਦੀ ਨਹੀਂ ਹੁੰਦੀ ਸੀ। ਹੁਣ ਜਦੋਂ ਸਾਰਾ ਜਹਾਨ ਇਕ ਪਿੰਡ ਬਣਨ ਲਈ ਅਤੇ ਸਾਰੇ ਮੁਲਕ ਇਸ ਦੀਆਂ ਪੱਤੀਆਂ ਬਣਨ ਲਈ ਹੰਭਲੇ ਮਾਰ ਰਹੇ ਹਨ ਤਾਂ ਭਾਰਤ ਅਤੇ ਚੀਨ ਵਿਚਾਲ਼ੇ ਸਬੰਧ ਵੀ ਸੁਧਰ ਗਏ ਹਨ। ਸਾਨੂੰ ’ਮਾਤੜਾਂ ਨੂੰ ਸਿਆਸਤ ਦੇ ਇਸ ਗੂੜ੍ਹ ਗਿਆਨ ਦਾ ਇਲਮ ਕਿੱਥੋਂ ਹੋਣਾ ਸੀ, ਜੇ ਸਾਨੂੰ, ਭਾਵੇਂ ਇਕ ਰਾਤ ਲਈ ਹੀ ਸਹੀ, ਚੀਨ ਦੇ ਮਹਿਮਾਨ ਨਾ ਬਣਨਾ ਪੈਂਦਾ।
ਤੁਹਾਨੂੰ ਇਸ ਤਰ੍ਹਾਂ ਸੋਚਣ ਦਾ ਵੀ ਪੂਰਾ ਹੱਕ ਹੈ ਕਿ ਸ਼ਾਇਦ ਇਹ ਕਾਲਮ ਨਵੀਸ, ਭਾਰਤ ਤੋਂ ਕੈਨੇਡਾ ਆਉਣ-ਜਾਣ ਵੇਲ਼ੇ ਕੁੱਝ ਘੰਟੇ ਚੀਨ ਵਿਚ ਪੜਾਅ ਕਰਨ ਨੂੰ ਹੀ ਚੀਨ ਦੀ ਯਾਤਰਾ ਕਰਾਰ ਦੇਈ ਜਾਂਦੈ। ਮੇਰੀ ਪਾਠਕਾਂ ਵਾਲ਼ੀ ਸਰਕਾਰ! ਇਹੋ ਜਿਹੀ ਕੋਈ ਗੱਲ ਨਹੀਂ ਹੈ। ਫੇਰ ਤੁਸੀਂ ਕਹੋਗੇ ਕਿ ਫੇਰ ਕਿਹੋ ਜਿਹੀ ਗੱਲ ਹੈ ਪਿਆਰੇ ਪੱਤਰਕਾਰ? ਇਸ ਸੁਆਲ ਦਾ ‘ਠਾਹ ਸੋਟੇ ਵਰਗਾ ਜੁਆਬ’ ਨਹੀਂ ਹੈ ਮੇਰੇ ਪਾਠਕ ਸਰਦਾਰ! ਇਸ ਖ਼ਾਤਰ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ਼, ਫ਼ਿਲਮੀ ਲੇਖਕਾਂ ਦੀ ‘ਸਕਰੀਨ ਪਲੇਈ ਜੁਗਤ’ ਦੀ ਵਰਤੋਂ ਕਰਦਿਆਂ ‘ਫਲੈਸ਼ ਬੈਕ’ ਵਿਚ ਜਾਣਾ ਪਵੇਗਾ ਤੇ ਉਹ ਫਲੈਸ਼ ਬੈਕ ਸ਼ੁਰੂ ਹੁੰਦੀ ਹੈ ਕੈਨੇਡਾ ਤੋਂ।
ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਮੈਨੂੰ ਇਕ ਘਰੇਲੂ ਮਜਬੂਰੀ ਕਾਰਨ ਆਪਣੇ ਭਾਰਤ ਮਹਾਨ ਦਾ ਫੇਰਾ ਮਾਰਨਾ ਪਿਆ ਸੀ। ਖੜ੍ਹੇ ਪੈਰ ਟਿਕਟ ਕਟਾਉਣ ਦਾ ਮਤਲਬ ਇਹ ਸੀ ਕਿ ਏਅਰਲਾਈਨਾਂ ਵਾਲ਼ਿਆਂ ਨੇ ਕੁੱਝ ਸੈਂਕੜੇ ਡਾਲਰ ਵਿਚ ਆਉਣ ਵਾਲ਼ੀ ਟਿਕਟ, ਕਰੁਤੀਆਂ ਭਿੰਡੀਆਂ ਵਾਂਗ ਬਹੁਤ ਹੀ ਮਹਿੰਗੀ ਦਿੰਦਿਆਂ, ਉਸ ਦੀ ਕੀਮਤ ਡੇਢ ਹਜ਼ਾਰ ਡਾਲਰ ਤੋਂ ਵੀ ਵੱਧ ਵਸੂਲ ਕਰ ਲਈ ਸੀ। ਅੰਗਰੇਜ਼ਾਂ ਦੇ ਕਹਿਣ ਮੁਤਾਬਕ ‘ਰੇਨੀ ਸੀਜ਼ਨ’ (ਬੁਰੇ ਦਿਨਾਂ) ਲਈ ਬਚਾ ਕੇ ਰੱਖੇ ਹੋਏ ਪੈਸਿਆਂ ਵਿਚੋਂ ਅੱਧ-ਪਚੱਧ ਏਅਰਲਾਈਨ ਵਾਲ਼ਿਆਂ ਨੇ ਟਿਕਟ ਵੱਟੇ ਮੁੱਛ ਲਿਆ। ਟਿਕਟ ਦੇ ਪੈਸੇ ਦੇਣ ਮਗਰੋਂ ਬਚੇ ਪੈਸੇ ਸੰਭਾਲ ਕੇ ਜੇਬ ਵਿਚ ਪਾ ਕੇ, ਅਗਲੇ ਹੀ ਦਿਨ ਦਾਸ ਆਪਣੇ ਮੁਲਕ ਨੂੰ ਰਵਾਨਾ ਹੋ ਗਿਆ। ਇਕ ਰਾਤ ਦਾ ਕਿੱਸਾ, ਇਕ ਲੇਖ ਵਿਚ ਹੀ ਮੁਕਾਉਣ ਦੀ ਗ਼ਰਜ਼ ਨਾਲ਼ ਆਪਾਂ ਸਫ਼ਰ ਦੇ ਨਜ਼ਾਰਿਆਂ ਦੇ ਵੇਰਵੇ ਦੱਸਣ/ ਲਿਖਣ ਦੇ ਗੇੜ ਵਿਚ ਨਾ ਪੈਂਦੇ ਹੋਏ ਦੱਸ ਦੇਈਏ ਕਿ ਭਾਵੇਂ ਮੈਨੂੰ ਸਾਲ ਤੋਂ ਵੱਧ ਸਮਾਂ ਕੈਨੇਡਾ ਵਿਚ ਬਿਤਾਉਣ ਮਗਰੋਂ, ਆਪਣੇ ਮੁਲਕ ਜਾਣ ਦਾ ਕੋਈ ਵੀ ਚਾਅ ਨਹੀਂ ਸੀ, ਪਰ ਅੰਨ-ਜਲ ਦਾ ਗੇੜ ਸਮਝੀਏ ਜਾਂ ਕੁੱਝ ਹੋਰ ਕਿ ਮੈਨੂੰ ਜੁਲਾਈ ਮਹੀਨੇ ਦੌਰਾਨ ਆਪਣੇ ਮੁਲਕ ਦੀ ਗਰਮੀ ਦਾ ਭੱਠ ਵੀ ਸੇਕਣਾ ਪਿਆ ਤੇ ਤਿੰਨ-ਤਿੰਨ ਕੰਬਲ ਜੋੜ ਕੇ ਲੈਣ ਨਾਲ਼ ਵੀ ਠੱਲ੍ਹੀ ਨਾ ਜਾਂਦੀ ਠੰਢ ਵੀ ਸਹਿਣੀ ਪਈ। ਹੋਇਆ ਇਹ ਕਿ ਜੁਲਾਈ ਵਿਚ ਹੀ ਜਾਣਾ ਮੇਰੀ ਘਰੇਲੂ ਮਜਬੂਰੀ ਸੀ ਤੇ ਦਸੰਬਰ/ ਜਨਵਰੀ ਤੋਂ ਪਹਿਲਾਂ ਵਾਪਸ ਨਾ ਆਉਣ ਦੀ ਵਜ੍ਹਾ ਸਾਡੀ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰੀ ਵਿਚ, ਦਸੰਬਰ ਦੇ ਆਖ਼ਰੀ ਹਫ਼ਤੇ ਧਰਿਆ ਹੋਇਆ ਇਕ ਵਿਆਹ ਸੀ। ਇਨ੍ਹਾਂ ਛੇ ਮਹੀਨਿਆਂ ਤੋਂ ਵੱਧ ਸਮੇਂ ਦਾ ਬਹੁਤਾ ਹਿੱਸਾ ਮੈਂ ਉਸ ਵਿਆਹ ਦੀ ਉਡੀਕ ਕਰਦਿਆਂ ਕੱਟਿਆ।
ਇਸ ਹਿਸਾਬ ਨਾਲ਼ ਮੈਂ ਆਪਣੇ ਵਾਪਸੀ ਸਫ਼ਰ ਲਈ 15 ਜਨਵਰੀ ਦਾ ਦਿਨ ਮਿੱਥਿਆ ਹੋਇਆ ਸੀ ਤੇ ਵਾਪਸੀ ਟਿਕਟ ਵੀ ਪਹਿਲਾਂ ਹੀ ਖ਼ਰੀਦੀ ਹੋਈ ਸੀ। ਵਿਆਹ ਤੋਂ ਮਗਰੋਂ, ਜਿੱਦਾਂ ਕਹਿੰਦੇ ਨੇ ਕਿ ਮਿੱਥੇ ਹੋਏ ਦਿਨ ਬਹੁਤ ਤੇਜ਼ੀ ਨਾਲ਼ ਬੀਤਦੇ ਹਨ, ਸੋ ਮੇਰੇ ਵਾਪਸ ਜਾਣ ਦਾ ਦਿਨ ਵੀ ਆ ਗਿਆ। ਕੈਨੇਡਾ ਤੋਂ ਜਾਣ ਮਗਰੋਂ ਵਾਪਸੀ ਦੇ ਟਿਕਟ ਉੱਤੇ ਝਾਤੀ ਹੀ ਨਹੀਂ ਮਾਰੀ ਸੀ ਕਿਉਂ ਕਿ 15 ਜਨਵਰੀ ਦਾ ਦਿਨ ਕਦੇ ਵੀ ਨਹੀਂ ਭੁੱਲਿਆ ਸੀ, ਪਰ ਉਸ ਦਿਨ ਜਹਾਜ਼ ਕਿਹੜੇ ਵੇਲ਼ੇ ਉੱਡਣਾ ਸੀ, ਇਹ ਦੇਖਣ ਲਈ ਟਿਕਟ ਕੱਢ ਕੇ ਉਸ ਉੱਤੇ ਨਜ਼ਰ ਮਾਰੀ। ਉਹ ਸਾਰਾ ਦਿਨ ਘਰੋਂ ਦਿੱਲੀ ਹਵਾਈ ਅੱਡੇ ਪਹੁੰਚਣ ਲਈ ਸਫ਼ਰ ਕਰਦਿਆਂ ਬਿਤਾਉਣ ਮਗਰੋਂ ਰਾਤੀ ਪੌਣੇ ਬਾਰਾਂ ਵਜੇ, ਦਿੱਲੀ ਤੋਂ ਚੀਨ ਦੇ ਸ਼ਹਿਰ ਗੁਆਂਗਜ਼ੂ ਜਾਣ ਵਾਲ਼ਾ ਹਵਾਈ ਜਹਾਜ਼ ਉੱਡਣਾ ਸੀ। ਗੁਆਂਗਜ਼ੂ ਵਿਚ ਸੱਤ ਘੰਟੇ ਪਿੱਠ-ਘਸਾਈ ਕਰਨ ਮਗਰੋਂ ਵੈਨਕੂਵਰ ਜਾਣ ਵਾਲ਼ੇ ਜਹਾਜ਼ ਵਿਚ ਬੈਠਣਾ ਨਸੀਬ ਹੋਣਾ ਸੀ। ਸੋ ਸੱਤ ਘੰਟੇ ਚੀਨ ਵਿਚ ਬਿਤਾਉਣ ਦੀਆਂ ਵਿਉਂਤਾਂ ਵੀ ਬਣਾਈ ਜਾ ਰਿਹਾ ਸਾਂ ਤੇ ਦੋ ਅਟੈਚੀਕੇਸਾਂ ਵਿਚ ਆਪਣੀ ਇਕ ਵੀ ਕਿਤਾਬ ਲਿਆ ਸਕਣ ਦੀ ਥਾਂ, ਬਹੁਤ ਸਾਰੀਆਂ ਬੇਗਾਨੀਆਂ ਚੀਜ਼ਾਂ ਪਾਉਣ ਮਗਰੋਂ ਬਾਕੀ ਬਚਦੀ ਥਾਂ ਆਪਣੇ ਪੁਰਾਣੇ ਕੱਪੜਿਆਂ ਨਾਲ਼ ਭਰਨ ਮਗਰੋਂ ਅਟੈਚੀਕੇਸ ਭਾਰੇ ਹੋ ਜਾਣ ਦੇ ਖ਼ਿਆਲ ਤੋਂ ਭਾਰਮੁਕਤ ਹੋਣ ਲਈ, ਮੁਫ਼ਤ ਵਰਤਣ ਲਈ ਲਾਏ ਹੋਏ ਡਿਜੀਟਲ ਕੰਡਿਆਂ ਉੱਤੇ ਆਪਣੇ ਅਟੈਚੀਕੇਸ ਵੀ ਤੋਲੀ ਜਾ ਰਿਹਾ ਸਾਂ। ਇਹ ਫ਼ਜ਼ੂਲ ਕੰਮ ਸੀ ਕਿਉਂ ਕਿ ਅਟੈਚੀਕੇਸ ਤਾਂ ਮੈਂ ਘਰੋਂ ਵੀ ਤੋਲ ਕੇ ਲਿਆਇਆ ਸਾਂ। ਇੱਥੇ ਅਟੈਚੀਕੇਸ ਤੋਲਣ ਦਾ ਉਦੇਸ਼, ਆਪਣੇ ਘਰ ਦੇ ਕੰਡੇ ਦੇ ਬੇਨੁਕਸ ਹੋਣ ਦਾ ਸਬੂਤ ਹਾਸਲ ਕਰਨਾ ਵੀ ਸੀ ਤੇ ਏਅਰਲਾਈਨ ਵੱਲੋਂ ਸਾਮਾਨ ਦੀ ਤੁਲਾਈ ਸ਼ੁਰੂ ਕਰਨ ਦਾ ਸਮਾਂ ਹੋਣ ਦੀ ਉਡੀਕ ਸੌਖੀ ਬਣਾਉਣਾ ਵੀ ਸੀ।
ਬਾਕੀ ਸਮਾਂ ਬਿਤਾਉਂਦਿਆਂ ਸੋਚ ਰਿਹਾ ਸਾਂ ਕਿ ਚੀਨ ਵਿਚ ਸੱਤ ਘੰਟੇ ਬਿਤਾਉਣ ਵੇਲ਼ੇ ਢਿੱਡ ਭਰਨ ਲਈ ਵਿਦੇਸ਼ੀ ਕਰੰਸੀ ਵਾਲ਼ੇ ਕਿਸੇ ਕਾਊਂਟਰ ਤੋਂ ਸੌ-ਦੋ ਸੌ ਰੁਪਏ ਦੀ ਚੀਨੀ ਕਰੰਸੀ ਹੀ ਲੈ ਲਵਾਂ। ਗੁਆਂਗਜ਼ੂ ਹਵਾਈ ਅੱਡੇ ਦਾ ਅੰਨ-ਜਲ ਆਪਣੇ ਨਸੀਬਾਂ ਵਿਚ ਨਹੀਂ ਸੀ, ਜਿਸ ਕਰ ਕੇ ਚੀਨੀ ਕਰੰਸੀ ਖ਼ਰੀਦਣ ਦਾ ਮਨਸੂਬਾ ਵੀ ਧਰਿਆ-ਧਰਾਇਆ ਰਹਿ ਗਿਆ। ਓਦਾਂ ਉਸ ਵੇਲ਼ੇ ਇਸ ਗੱਲ ਦਾ ਇਲਮ ਨਹੀਂ ਸੀ।
ਇਸ ਦੌਰਾਨ ਨਜ਼ਰ, ਉਡਾਣਾਂ ਦੇ ਵੇਰਵੇ ਦਰਸਾਉਂਦੀਆਂ ਸਕਰੀਨਾਂ ਵੱਲ ਚਲੀ ਗਈ ਤਾਂ ਉੱਥੇ ਲਿਖਿਆ ਹੋਇਆ ਸੀ ਕਿ ਸਾਮਾਨ ਦੀ ਤੋਲਾ-ਤੁਲਾਈ ਕਰਨ ਲਈ ਮੁਕਰਰ ਖਿੜਕੀ ਖੁੱਲ੍ਹ ਚੁੱਕੀ ਹੈ। ਢਾਈ ਅਟੈਚੀਕੇਸਾਂ (ਦੋ ਅਟੈਚੀਕੇਸ+ਇਕ ਬੈਗ) ਵਾਲ਼ੀ ਰੇਹੜੀ ਧੱਕੀ ਅਤੇ ਲੈਪਟਾਪ ਨਾਲ਼ ਇਕ ਕਿਤਾਬੀ ਝੋਲ਼ਾ ਮੋਢਿਆਂ ਨਾਲ਼ ਲਮਕਾਈ, ਉਸ ਖਿੜਕੀ ਅੱਗੇ ਲੱਗੀ ਹੋਈ ਮੁਸਾਫ਼ਰਾਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ। ਕਾਫੀ ਚਿਰ ਖੜ੍ਹਨ ਮਗਰੋਂ ਇਲਮ ਹੋਇਆ ਕਿ ਕਿਸੇ ਵੀ ਮੁਸਾਫ਼ਰ ਦਾ ਸਾਮਾਨ ਨਹੀਂ ਤੁਲ ਰਿਹਾ ਤੇ ਕਿਸੇ ਨੂੰ ਵੀ ਬੋਰਡਿੰਗ ਪਾਸ ਨਹੀਂ ਦਿੱਤਾ ਜਾ ਰਿਹਾ , ਪਰ ਫਿਰ ਵੀ ‘ਸਦਰਨ ਚਾਈਨਾ’ ਏਅਰਲਾਈਨ ਦੀ ਖਿੜਕੀ ਅੱਗੇ ਲੱਗੀ ਹੋਈ ਮੁਸਾਫ਼ਰਾਂ ਦੀ ਲਾਈਨ ਜੂੰ ਦੀ ਤੋਰੇ ਹੀ ਸਰਕ ਰਹੀ ਸੀ। ਮੈਂ ਆਪਣੀ ਵਾਰੀ ਆਉਣ ਤੋਂ ਪਹਿਲਾਂ ਹੀ ਤਾੜ ਲਿਆ ਕਿ ਕੋਈ ਗੜਬੜ ਹੈ। ਹੁਣ ਉਹ ਗੜਬੜ ਕੀ ਹੈ, ਇਹ ਜਾਨਣ ਲਈ ਹੀ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਿਹਾ ਸਾਂ।
ਸਾਡੇ ਨਾਲ਼ ਹੀ ਜਲੰਧਰੋਂ ਬੱਸ ਵਿਚ ਆਇਆ ਇਕ ਸੱਜਣ ਉੱਥੋਂ ਜਾਣ ਤੋਂ ਪਹਿਲਾਂ ਇਹ ਦੱਸ ਕੇ ‘ਸਦਰਨ ਚਾਈਨਾ’ ਦਾ ਭਾਂਡੇ ਸਾਡੇ ਸਾਹਮਣੇ ਭੰਨ ਗਿਆ ਕਿ ਫਲਾਈਟ ਕੈਂਸਲ ਹੋ ਗਈ ਹੈ। ਇਸ ਗੱਲ ਤੋਂ ਹੀ ਇਸ ਤਲਖ਼ ਹਕੀਕਤ ਦਾ ਪਤਾ ਲੱਗਣ ਮਗਰੋਂ ਬਹੁਤ ਹੀ ਤਲਖ਼ ਜਿਹਾ ਹੋ ਕੇ ਮੈਂ, ਕਾਊਂਟਰ ਦੇ ਪਾਰ ਬੈਠੇ ਏਅਰਲਾਈਨ ਦੇ ਕਲਰਕ ਨੂੰ ਏਦਾਂ ਮੁਖ਼ਾਤਿਬ ਹੋਇਆ, “ਸਾਨੂੰ ਇਸ ਗੱਲ ਦਾ ਤਾਂ ਇਲਮ ਹੋ ਚੁੱਕਾ ਹੈ ਕਿ ਜਹਾਜ਼ ਨਹੀਂ ਜਾ ਰਿਹਾ, ਸਾਡੇ ਲਈ ਅਗਲਾ ਹੁਕਮ ਕੀ ਹੈ?” ਸਾਡੇ ਨਾਲੋਂ ਥੋੜ੍ਹੀ ਜਿਹੀ ਘੱਟ ਬਦਕਿਸਮਤੀ ਦਾ ਘੇਰਿਆ ਹੋਇਆ ਉਹ ਕਲਰਕ ਕਹਿਣ ਲੱਗਿਆ, “ਆਪ ਅਪਨੇ ਘਰ ਨਹੀਂ ਜਾਏਂਗੇ ਕਿਆ?”
“ਦਿੱਲੀ ਹਵਾਈ ਅੱਡੇ ਤੋਂ ਜਹਾਜ਼ੇ ਚੜ੍ਹਨ ਵਾਲ਼ਾ ਹਰ ਬੰਦਾ ਦਿੱਲੀ ਦਾ ਹੀ ਨਹੀਂ ਹੁੰਦਾ। ਇੱਥੇ ਫਿਰਦੇ ਅੱਧ ਤੋਂ ਵੱਧ ਬੰਦੇ, ਪੰਜਾਬ ਤੋਂ ਆਏ ਹੋਏ ਨੇ ਤੇ ਅਸੀਂ ਵੀ ਉਨ੍ਹਾਂ ਵਿਚੋਂ ਹਾਂ। ਹੁਣ ਦਿੱਲੀ ਵਿਚ ਕਿਸ ਦੇ ਘਰ ਜਾ ਵੜੀਏ?”
“ਨਹੀਂ ਹਮ ਆਪ ਕੋ ਹੋਟੇਲ ਮੇਂ ਰੂਮ ਦਿਲਵਾਏਂਗੇ। ਆਪ ਰਾਤ ਕੋ ਹੋਟੇਲ ਮੇਂ ਆਰਾਮ ਕਰੇਂ।” ਗੱਲ਼ੀਂ ਹੀ ਛੋਈ ਜਿਹੀ ਲੁਹਾ ਬੈਠਾ ਕਲਰਕ ਕਹਿ ਰਿਹਾ ਸੀ। ਤਦ ਤਕ ਰਾਤ ਦੇ ਦਸ ਕੁ ਵੱਜ ਚੁੱਕੇ ਸੀ। ਰੱਬ-ਰੱਬ ਕਰਦਿਆਂ ਸਾਰਿਆਂ ਮੁਸਾਫ਼ਰਾਂ ਨੂੰ ਇਕ ਬੱਸ ਵਿਚ ਲੱਦ ਲਿਆ ਗਿਆ। ਗਿਆਰਾਂ ਕੁ ਵਜੇ ਗੁੜਗਾਉਂ ਦੇ ਇਕ ਵੱਡੇ ਹੋਟਲ ‘ਹਿਲਟਨ ਇਨ’ ਵਿਚ ਗਏ ਤਾਂ ਪਹਿਲੀ ਨਜ਼ਰੇ, ਉਹ ਹੋਟਲ ਨਹੀਂ, ਸਰਹੱਦ ਉੱਤੇ ਕਿਸੇ ਸਿਕਿਓਰਿਟੀ ਫੋਰਸ ਦਾ ਦਫ਼ਤਰ ਜਿਹਾ ਲੱਗਿਆ ਕਿਉਂ ਕਿ ਹੋਟਲ ਵਿਚ ਵੜਨ ਤੋਂ ਪਹਿਲਾਂ, ਸਾਮਾਨ ਦੀ ਪੜਤਾਲ ਕਰਨ ਲਈ ਬਾਹਰ ਹੀ ਲਗਾਇਆ ਹੋਇਆ ਸਕੈਨਰ ਦਿਸਿਆ। ਹੋਟਲ ਵਿਚ ਦਾਖਲ ਹੋਣ ਤੋਂ ਪਹਿਲਾਂ ਉਹੀ ਹਵਾਈ ਅੱਡੇ ਵਾਲ਼ੀ ਕਵਾਇਦ ਯਾਨੀ ਸਾਮਾਨ ਸਕੈਨ ਕਰਾਓ ਤੇ ਤਲਾਸ਼ੀ ਦੇ ਕੇ ਹੋਟਲ ਵੱਲ ਵਧੋ। ਹੋਟਲ ਦੀ ਰਿਸੈਪਸ਼ਨ ਅੱਗੇ ਲੱਗਿਆ ਹੋਇਆ ਅਟੈਚੀ ਕੇਸਾਂ ਦਾ ਢੇਰ ਦੇਖ ਕੇ ਲੱਗਦਾ ਸੀ ਕਿ ਉਹ ਸਾਮਾਨ ਕਿਸੇ ਟਰੱਕ ਵਿਚੋਂ ਢੇਰੀ ਕੀਤਾ ਹੋਇਆ ਹੈ ਤੇ ਸਾਮਾਨ ਦੇ ਵਾਲੀ-ਵਾਰਸ ਹਾਲੇ ਆਉਣੇ ਹਨ।
ਹੋਟਲ ਦੇ ਟਾਈਆਂ ਵਾਲ਼ੇ ਮੁਲਾਜ਼ਮਾਂ ਨੂੰ ਭੱਜ-ਦੌੜ ਕਰਦਿਆਂ ਦੇਖ ਕੇ ਏਦਾਂ ਲੱਗਦਾ ਸੀ, ਜਿੱਦਾਂ ਰੰਡੀਆਂ ਨੂੰ ਪੀਣਾ ਪਿਆ ਹੋਇਆ ਹੋਵੇ। ਮੈਂ ਜਿਸ ਰਿਸੈਪਸ਼ਨ ਕਲਰਕ ਅੱਗੇ ‘ਪੇਸ਼’ ਹੋਇਆ, ਉਹ ‘ਆਓ-ਭਗਤ’ ਕਰਦਿਆਂ ਬਹੁਤਾ ਹੀ ਅੱਗੇ ਲੰਘ ਗਿਆ ਤੇ ਇਕ ਕਮਰੇ ਦੀ ਚਾਬੀ ਦੀ ਥਾਂ, ਇਕ ਮਾਸਟਰ ਕਾਰਡ ਜਿਹਾ ਫੜਾ ਕੇ ਕਹਿਣ ਲੱਗਿਆ, “ਸਰ! ਆਪ ਅਪਨੇ ਰੂਮ ਮੇਂ ਚੱਲੀਏ, ਆਪ ਕਾ ਲੱਗੇਜ, ਆਪ ਕੇ ਪੀਛੇ ਭਿਜਵਾ ਦੇਤੇ ਹੈਂ...।” ਮੈਂ ਉਸ ਦੀ ਮਾਸੂਮੀਅਤ ਤਾੜਦਿਆਂ ਇੰਨਾ ਹੀ ਕਿਹਾ, “ਕਿਆ ਹਮਾਰਾ ਲੱਗੇਜ ਹਮਾਰੇ ਕਮਰੇ ਤਕ ਖ਼ੁਦ ਹੀ ਪਹੁੰਚ ਜਾਏਗਾ?” ਉਹ ਮੇਰੀ ਗੱਲ ਸਮਝਣ ਤੋਂ ਬਗ਼ੈਰ ਹੀ ਫਿਰ ਬੋਲ ਪਿਆ, “ਨਹੀਂ ਸਰ, ਹਮਾਰੇ ਆਦਮੀ ਲਾਏਂਗੇ!”
“ਆਪ ਕੇ ਆਦਮੀਓਂ ਕੋ ਕੈਸੇ ਪਤਾ ਚਲੇਗਾ ਕਿ ਕੌਨ ਸਾ ਬੈਗ ਜਾਂ ਅਟੈਚੀਕੇਸ ਕੌਨ ਸੇ ਕਮਰੇ ਮੇਂ ਪਹੁੰਚਾਇਆ ਜਾਨਾ ਹੈ?” ਮੇਰਾ ਅਗਲਾ ਸੁਆਲ ਉਸ ਨੂੰ ਸਮਝ ਆ ਗਿਆ ਤੇ ਉਹ ਆਪਣੇ ਬਾਕੀ ਸਾਥੀਆਂ ਦੇ ਸਾਹਮਣੇ ਹੋਰ ਛਿੱਥਾ ਪੈਣ ਤੋਂ ਬਚਦਾ ਹੋਇਆ, ਕਾਊਂਟਰ ਛੱਡ ਕੇ, ਅਟੈਚੀ ਕੇਸਾਂ ਦੇ ਢੇਰ ਵੱਲ ਨੂੰ ਹੋ ਤੁਰਿਆ ਤੇ ਮੈਨੂੰ ਕਹਿਣ ਲੱਗਿਆ, “ਸਰ ਆਪ, ਅਪਨਾ ਲੱਗੇਜ ਬਤਾਏਂ...।” ਮੈਂ ਉਸ ਨੂੰ ਆਪਣੇ ਅਟੈਚੀ ਕੇਸ ਅਤੇ ਬੈਗ ਦੱਸੇ ਤਾਂ ਉਸ ਨੇ ਉਨ੍ਹਾਂ ਦੇ ਗਲਾਂ ਵਿਚ ਜੈਮਾਲ਼ਾ ਪਾਉਣ ਦੀ ਤਰਜ਼ੇ, ਮੇਰੇ ਕਮਰੇ ਦੇ ਨੰਬਰ ਵਾਲ਼ੇ ‘ਟੈਗ’ ਪਾ ਦਿੱਤੇ।
ਖ਼ੈਰ ਜੀ, ਕਿਸੇ ਨਾ ਕਿਸੇ ਤਰ੍ਹਾਂ ਸਾਡਾ ਸਾਮਾਨ ਕਮਰਿਆਂ ਵਿਚ ਪਹੁੰਚ ਗਿਆ। ਹੋਟਲ ਦੇ ਕਮਰੇ ਅੰਦਰ ਚਿੱਟੀਆਂ ਚਾਦਰਾਂ ਅਤੇ ਚਿੱਟੇ ਗ਼ਲਾਫ਼ਾਂ ਵਾਲ਼ੇ ਸਰਾਹਣਿਆਂ ਦੀ ਸਫ਼ੈਦਪੋਸ਼ੀ ਸੀ। ਮੈਂ ਕਿੰਨਾ ਹੀ ਚਿਰ ਖੜ੍ਹਾ ਇਹ ਸਫ਼ੈਦਪੋਸ਼ੀ ਦੇਖ ਕੇ ਹੈਰਾਨ ਵੀ ਹੁੰਦਾ ਰਿਹਾ ਤੇ ਪਰੇਸ਼ਾਨ ਵੀ। ਪਰੇਸ਼ਾਨੀ ਦੀ ਵਜ੍ਹਾ ਇਹ ਸੀ ਕਿ ਮੈਨੂੰ ਇਹ ਖ਼ਦਸ਼ਾ ਸੀ ਕਿ ਜੇ ਰਾਤ ਨੂੰ ਕੋਈ ਵੱਡਾ ਬੰਦਾ ਹੋਟਲ ਵਿਚ ਰਾਤ ਕੱਟਣ ਆ ਗਿਆ ਤਾਂ ਅਗਲਿਆਂ ਨੇ ਸਾਡੇ ਹਮਾਤੜਾਂ ਤੋਂ ਹੀ ਕਮਰਾ ਖਾਲੀ ਕਰਾ ਲੈਣਾ ਹੈ। ਅਸੀਂ ਰਾਤ ਦਾ ਖਾਣਾ ਖਾ ਕੇ ਕੋਈ ਬਾਰਾਂ-ਸਾਢੇ ਬਾਰਾਂ ਵਜੇ ਇਸ ਫ਼ਿਕਰ ਵਿਚ ਸੌਂ ਗਏ ਕਿ ਕਿਤੇ ਸਵੇਰੇ ਉੱਠਣ ਵਿਚ ਦੇਰ ਹੀ ਨਾ ਹੋ ਜਾਵੇ। ਰਾਤ ਲੰਘ ਗਈ। ਅਸੀਂ ਕਿਸੇ ਦੀ ‘ਵੇਕ ਅੱਪ ਕਾਲ’ ਉਡੀਕੇ ਬਗ਼ੈਰ ਹੀ ਜਾਗ ਪਏ ਤੇ ਤਿਆਰ ਹੋ ਕੇ ਛਾਹਵੇਲ਼ਾ ਕਰਨ ਲਈ ਦੱਸੇ ਹੋਏ ਹਾਲ ਵਿਚ ਚਲੇ ਗਏ। ਕਹਾਣੀ ਲਮਕਣੋਂ ਬਚਾਉਣ ਲਈ ਦੱਸ ਦੇਈਏ ਕਿ ਦਿੱਲੀ ਤੋਂ ਸਾਨੂੰ ਗੁਆਂਗਜ਼ੂ ਲਿਜਾਣ ਵਾਲ਼ਾ ਜਿਹੜਾ ਜਹਾਜ਼ ਦਿਨੇ ਦੋ ਵਜੇ ਚੱਲਣਾ ਸੀ, ਉਹ ਸਵਾ ਤਿੰਨ ਵਜੇ ਰਿੜ੍ਹ ਤਾਂ ਪਿਆ, ਪਰ ਉੜਿਆ ਉਸ ਤੋਂ ਵੀ ਕਿਤੇ ਬਾਅਦ। ਜਹਾਜ਼ਾਂ ਦੇ ਆਉਣ-ਜਾਣ ਦੀ ਬੇਯਕੀਨੀ ਕਾਰਨ ਸਾਨੂੰ ਬੋਰਡਿੰਗ ਪਾਸ ਵੀ ਗੁਆਂਗਜ਼ੂ ਤਕ ਹੀ ਦਿੱਤੇ ਗਏ, ਨਹੀਂ ਤਾਂ ਆਮ ਤੌਰ ’ਤੇ ਗੁਆਂਗਜ਼ੂ ਤੋਂ ਵੈਨਕੂਵਰ ਦੇ ਪਾਸ ਵੀ ਦਿੱਲੀ ਹੀ ਦੇ ਦਿੱਤੇ ਜਾਂਦੇ ਸਨ। ਇਸ ਤੋਂ ਸਾਨੂੰ ਇਹ ਸੰਕੇਤ ਮਿਲ ਹੀ ਗਿਆ ਸੀ ਕਿ ਗੁਆਂਗਜ਼ੂ ਤੋਂ ਵੀ ਵੈਨਕੂਵਰ ਵੱਲ ਸਾਡਾ ਨਿਕਾਲ਼ਾ ਇੰਨਾ ਛੇਤੀ ਤੇ ਸੌਖਾ ਨਹੀਂ ਹੋਣਾ।
ਗੁਆਂਗਜ਼ੂ ਪਹੁੰਚਣ ਮਗਰੋਂ ਸਾਨੂੰ ਇਸ ਸ਼ਹਿਰ ਦੇ ਇਕ ਮਸ਼ਹੂਰ ਹੋਟਲ ‘ਹਾਓਯਿਨ ਗਲੋਰੀਆ ਪਲਾਜ਼ਾ’ ਲਿਜਾਇਆ ਗਿਆ। ਸਾਨੂੰ ਚੀਨ ਵਿਚ ਇਕ ਰਾਤ ਰਹਿਣ ਦੀ ਇਜਾਜ਼ਤ ਦੇਣ ਲਈ ਸਾਡੇ ਪਾਸਪੋਰਟਾਂ ਉੱਤੇ ਇਕ ਦਿਨ ਦੇ ਵੀਜ਼ੇ ਦੀਆਂ ਮੁਹਰਾਂ ਲਾਈਆਂ ਗਈਆਂ ਸਨ। ਰਾਤੀਂ ਗਿਆਰਾਂ ਕੁ ਵਜੇ (ਚੀਨ ਵਾਲ਼ੇ) ਸਾਨੂੰ ਹੋਟਲ ਦੇ ਕਮਰਿਆਂ ਦੀਆਂ ਚਾਬੀਆਂ ਵਜੋਂ ਵਰਤੇ ਜਾਂਦੇ ਕਾਰਡ ਮਿਲੇ ਤੇ ਨਾਲ਼ ਹੀ ਮਿਲਿਆ ਪਲਾਸਟਿਕ ਦੇ ਡੱਬਿਆਂ ਵਿਚ ਪੈਕ ਕੀਤਾ ਹੋਇਆ, ਰਾਤ ਦਾ ਖਾਣਾ। ਖਾਣੇ ਬਾਰੇ ਵੇਰਵੇ ਨਾਲ਼ ਦੱਸਣ ਦੀ ਥਾਂ, ਇਹ ਦੱਸਣਾ ਹੀ ਠੀਕ ਰਹੇਗਾ ਕਿ ਦਿੱਲੀ ਦੇ ਹੋਟਲ ਵਿਚ ਕੀਤੇ ਡਿਨਰ ਅਤੇ ਬਰੇਕਫਾਸਟ ਦੇ ਮੁਕਾਬਲੇ ਇਹ ‘ਡੱਬਿਆਂ ਵਿਚ ਕੈਦ ਖਾਣਾ’ ਬੱਸ ‘ਤੁੱਥ-ਮੁੱਥ’ ਜਿਹਾ ਹੀ ਸੀ। ਭਾਰਤੀ ਘੜੀਆਂ ਤੋਂ ਸਮਾਂ ਦੇਖਦਿਆਂ ਬਾਰਾਂ ਕੁ ਵਜੇ ਸੁੱਤੇ ਅਸੀਂ ਕਿਸੇ ਵੱਲੋਂ ਜਗਾਉਣ ਤੋਂ ਪਹਿਲਾਂ ਹੀ ਜਾਗ ਪਏ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਸੀਂ ਇਕ ਮੋਟੇ ਜਿਹੇ ਹਿਸਾਬ ਨਾਲ਼ ਭਾਰਤ ਦੇ ‘ਟੈਮ’ ਵਿਚ ‘ਢਾਈ ਘੰਟੇ’ ਜੋੜ ਕੇ ਚੀਨ ਦਾ ਸਮਾਂ ਬਣਾ ਲੈਂਦੇ ਸਾਂ।
ਹੁਣ ਜੇ ਚੀਨ ਵਾਲ਼ਿਆਂ ਨੇ ਧੱਕੇ ਨਾਲ਼ ਸਾਨੂੰ ਆਪਣੇ ਮਹਿਮਾਨ ਬਣਾ ਲਿਆ ਹੈ ਤਾਂ ਚੀਨ ਦੇ ਸ਼ਹਿਰ ਗੁਆਂਗਜ਼ੂ ਬਾਰੇ ਤੁਹਾਨੂੰ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਦਾ ਧੱਕਾ ਤਾਂ ਅਸੀਂ ਵੀ ਕਰਾਂਗੇ ਹੀ। ਸ਼ਹਿਰ ਗੁਆਂਗਜ਼ੂ, ਜਿਸ ਨੂੰ ‘ਕੈਂਟਨ’ ਜਾਂ ‘ਕਾਂਟਨ’ ਵੀ ਕਿਹਾ ਜਾਂਦਾ ਹੈ ਤੇ ਕਦੇ-ਕਦੇ ‘ਕਵਾਂਗਚੋਅ’ ਵੀ ਕਹਿ ਲਿਆ ਜਾਂਦਾ ਹੈ, ਚੀਨ ਦੇ ਦੱਖਣੀ ਸੂਬੇ ਗੁਆਂਗਡੌਂਗ ਦੀ ਰਾਜਧਾਨੀ ਹੈ। ਇਹ ‘ਪਰਲ’ ਨਦੀ ਦੇ ਕੰਢੇ ਉੱਤੇ ਵਸਿਆ ਹੋਇਆ ਹੈ। ਗੁਆਂਗਜ਼ੂ, ਚੀਨ ਦਾ ਤੀਜਾ ਸਭ ਤੋਂ ਵੱਡਾ ਅਤੇ ਦੱਖਣੀ-ਕੇਂਦਰੀ ਚੀਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਕਿਸੇ ਜ਼ਮਾਨੇ ਵਿਚ ਇਸ ਦਾ ਨਾਂ ‘ਪਾਨਯੂ’ ਵੀ ਹੁੰਦਾ ਸੀ। ਇਹ ਨਾਂ, ਇਸ ਦੇ ਗੁਆਂਢ ਵਿਚ ਪੈਂਦੇ ‘ਪਾਨ’ ਅਤੇ ‘ਯੂ’ ਨਾਂ ਦੇ ਪਹਾੜਾਂ ਤੋਂ ਮੰਗਵਾਂ ਲਿਆ ਹੋਇਆ ਸੀ।
ਇਸ ਸ਼ਹਿਰ ਦੇ ਹੁਆਦੂ ਡਿਸਟ੍ਰਿਕਟ ਵਿਚ ਹੋਟਲ ‘ਹਾਓਯਿਨ ਗਲੋਰੀਆ ਪਲਾਜ਼ਾ’ ਸਥਿਤ ਹੈ, ਜੋ ਐੱਮਟੀਆਰ ਲਾਈਨ 9 ਦੇ ਮਾਓਨਸ਼ਨ ਪਾਰਕ ਸਟੇਸ਼ਨ ਨੇੜੇ ਪੈਂਦਾ ਹੈ। ਇੱਥੋਂ ਮੋਟਰ-ਗੱਡੀ ਵਿਚ ਬੈਠ ਕੇ, 15 ਕੁ ਮਿੰਟਾਂ ਵਿਚ ਗੁਆਂਗਜ਼ੂ ਬਾਈਯੁਨ ਕੌਮਾਂਤਰੀ ਹਵਾਈ ਅੱਡੇ ਪਹੁੰਚਿਆ ਜਾ ਸਕਦਾ ਹੈ। ਇਸ ਹੋਟਲ ਵਿਚ 230 ਵੱਡੇ-ਛੋਟੇ ਕਮਰੇ ਹਨ, ਜਿਨ੍ਹਾਂ ਨੂੰ ਸਜਾਉਂਦਿਆਂ ਹੋਇਆਂ ਪੂਰੀ ‘ਸਫ਼ੈਦਪੋਸ਼ੀ’ ਵਰਤੀ ਗਈ ਹੈ। ਇਸ ਦੀ ਦੂਜੀ ਫਲੋਰ ’ਤੇ ਉਹ ਰੈਸਟੋਰੈਂਟ ਹੈ, ਜੋ ਚੀਨੀ ਖਾਣਿਆਂ ਦੇ ਨਾਲ਼-ਨਾਲ਼ ਪੱਛਮੀ ਤਰਜ਼ ਦੇ ਖਾਣੇ ਵੀ ਆਪਣੇ ਮਹਿਮਾਨਾਂ ਅੱਗੇ ਪਰੋਸਦਾ ਹੈ।
ਇਸ ਤਰ੍ਹਾਂ ਅਸੀਂ ਐਤਕੀਂ ਕੈਨੇਡਾ ਆਉਂਦਿਆਂ, ਮੌਸਮ ਦੇ ਮਾੜਾ ਹੋਣ ਦੇ ਬਹਾਨੇ ਚੀਨ ਵਿਚ ਇਕ ਰਾਤ ਬਿਤਾ ਕੇ ‘ਚੀਨ ਰਿਟਰਨਡ’ ਤਾਂ ਹੋ ਗਏ, ਪਰ ਮੌਸਮ ਦੇ ‘ਮਾੜਾ’ ਹੋਣ (ਧੁੰਦ ਪੈਣ) ਦਾ ਇਹ ਹਾਲ ਸੀ ਕਿ ਗੁਆਂਗਜ਼ੂ ਦੇ ਸਿਖ਼ਰ ਪੁੱਜੇ ਸਾਡੇ ਜਹਾਜ਼ ਦੀਆਂ ਖਿੜਕੀਆਂ ਵਿਚੋਂ ਗੁਆਂਗਜ਼ੂ ਦੀ ਬੱਤੀ-ਬੱਤੀ ਸਾਫ ਨਜ਼ਰ ਆਉਂਦੀ ਸੀ, ਜੋ ਇਹੋ ਬਾਤ ਪਾਉਂਦੀ ਸੀ ਕਿ ‘ਮੌਸਮ ਤੋ ਬਹਾਨਾ ਹੈ, ਸਦਰਨ ਚਾਈਨਾ ਮੇਂ ਕੋਈ ਔਰ ਹੀ ਫਾਨਾ ਹੈ।’#
