ਸਿਰਲੇਖ ਨਹੀਂ ਕੱਢਿਆ, ਪੱਤਰਕਾਰੀ ਨੂੰ ਗਾਲ਼ ਕੱਢੀ ਹੈ!
ਬਖ਼ਸ਼ਿੰਦਰ
Email: bababax@gmail.com Cell Phone: +1-778-378-9669
ਅੰਗਰੇਜ਼ੀ ਅਖ਼ਬਾਰ ‘ਟਾਈਮਜ਼ ਆਫ ਇੰਡੀਆ’ ਵਿਚ ਪਿਛਲੇ ਦਿਨੀਂ ਛਪੇ ਇਕ ਲੇਖ ਦੀ ਅੱਜ-ਕੱਲ੍ਹ ਬੜੀ ਚਰਚਾ ਹੈ। ਇਹ ਚਰਚਾ ਇਸ ਕਰ ਕੇ ਨਹੀਂ ਹੈ ਕਿ ਉਸ ਲੇਖ ਰਾਹੀਂ, ਉਸ ਦੇ ਲੇਖਕ/ ਲੇਖਕਾ ਨੇ ਪੱਤਰਕਾਰੀ ਵਿਚ ਕੋਈ ਨਵੀਆਂ ਲੀਹਾਂ ਪਾਈਆਂ ਹਨ ਜਾਂ ਨਵੇਂ ਮਾਪਦੰਡ ਕਾਇਮ ਕਰ ਕੇ ਕੋਈ ਰਿਕਾਰਡ ਕਾਇਮ ਕੀਤਾ ਹੈ। ਸਗੋਂ ਇਸ ਲੇਖ ਦੀ ਲੇਖਕਾ ਉੱਤੇ ਪੱਤਰਕਾਰੀ ਨੂੰ ਨਸਲਵਾਦ ਦੇ ਡੂੰਘੇ ਨਿਘਾਰ ਦੇ ਰਾਹ ਪਾਉਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਦਾ ਸਿਰਲੇਖ ਪੰਜਾਬੀ ਵਿਚ ਅਨੁਵਾਦੀਏ ਤਾਂ ਏਦਾਂ ਦਾ ਹੋਵੇਗਾ, ‘ਤਾਪਸੀ ਪੰਨੂ: ਮੈਂ ਇਕ ਦੱਖਣੀ ਭਾਰਤੀ ਮੁੰਡੇ ਨਾਲ਼ ਤਾਂ “ਡੇਟ” ਉੱਤੇ ਗਈ ਹਾਂ, ਪਰ ਮੈਂ ਕਿਸੇ ਸਿੱਖ ਨਾਲ਼ ਕਦੇ ਵੀ “ਡੇਟ” ਉੱਤੇ ਨਹੀਂ ਜਾ ਸਕਦੀ।’
ਅੱਵਲ ਤਾਂ ਤਾਪਸੀ ਪੰਨੂ, ਜੋ ਆਪ ਇਕ ਜੱਟ ਸਿੱਖ ਪਰਿਵਾਰ ਦੀ ਧੀ ਹੈ, ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ, ਪਰ ਜੇ ਉਸ ਨੇ ਸੱਚ-ਮੁੱਚ ਏਦਾਂ ਹੀ ਕਿਹਾ ਹੈ ਤਾਂ ਉਸ ਦਾ ਇਹ ਬਿਆਨ ਦਰਜ ਕਰਨ ਵਾਲ਼ੀ ਪੱਤਰਕਾਰਾ ਨੂੰ ਆਪਣੇ ਵਿਵੇਕ ਤੋਂ ਕੰਮ ਲੈਣਾ ਬਣਦਾ ਸੀ ਤੇ ਉਸ ਨੂੰ ਚਾਹੀਦਾ ਸੀ ਕਿ ਉਹ ਇਸ ਬਿਆਨ ਰਾਹੀਂ ਫੇਰੇ ਜਾ ਰਹੇ, ਨਫ਼ਰਤ ਭਰੇ ਹੂੰਝੇ ਦਾ ਅਸਰ ਘਟਾਉਂਦੀ। ਜੇ ਉਹ ਵੀ ਇਸ ਪੱਖੋਂ ਖੁੰਝ ਗਈ ਸੀ ਤਾਂ ਅਖ਼ਬਾਰ ਦੇ ਸੰਪਾਦਕੀ ਅਮਲੇ ਨੂੰ ਚਾਹੀਦਾ ਸੀ ਕਿ ਉਹ, ਇਹ ਬਿਆਨ ਭੜਕਾਊ ਅੰਦਾਜ਼ ਵਿਚ ਨਾ ਛਪਣ ਦਿੰਦਾ। ਅੰਤ ਵਿਚ ਇਸ ਕੋਤਾਹੀ ਲਈ ਉਸ ਅਖ਼ਬਾਰ ਦੇ ਸੰਪਾਦਕ ਨੂੰ ਹੀ ਜਿੰਮੇਵਾਰ ਠਹਿਰਾਉਣਾ ਬਣਦਾ ਹੈ, ਜਿਸ ਸਿੱਖਾਂ ਅਤੇ ਸਿੱਖੀ ਵਿਰੋਧੀ ਇਹ ਬਿਆਨ ਛਪਿਆ ਹੈ।
ਇਹ ਲੇਖ ਪੜ੍ਹ ਕੇ ਕੋਈ ਵੀ ਹੈਰਾਨ ਹੋਣੋਂ ਨਹੀਂ ਰਹਿ ਸਕੇਗਾ ਕਿ ਇਸ ਲੇਖ ਦਾ ਇਹ ਸਿਰਲੇਖ ਕਿਉਂ ਲਗਾਇਆ ਗਿਆ ਜਦੋਂ ਕਿ ਇਸ ਵਿਚ ਸਿੱਖ ਨੌਜੁਆਨਾਂ ਬਾਰੇ ਕੁੱਝ ਹੀ ਫਿਕਰੇ ਹਨ। ਇਸ ਦਾ ਸਪੱਸ਼ਟ ਅਰਥ ਇਹੋ ਹੈ ਕਿ ਪੱਤਰਕਾਰਾਂ ਵਿਚ ਇਹੋ ਜਿਹੇ ਲੋਕ ਸ਼ਾਮਲ ਹਨ, ਜੋ ਸਿੱਖਾਂ ਦੇ ਦੋਖੀ ਹਨ। ਇਸ ਲੇਖ/ ਇੰਟਰਵਿਊ ਦਾ ਵੱਖ-ਵੱਖ ਧਿਰਾਂ ਤੇ ਲੋਕਾਂ ਵੱਲੋਂ ਨਾ ਸਿਰਫ਼ ਨੋਟਿਸ ਲਿਆ ਗਿਆ ਹੈ, ਸਗੋਂ ਇਸ ਦੀ ਭਰਪੂਰ ਆਲੋਚਨਾ ਵੀ ਕੀਤੀ ਜਾ ਰਹੀ ਹੈ।
ਹਰਜਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਇਸ ਲੇਖ ਦੇ ਸਬੰਧ ਵਿਚ ਇਸ ਤਰ੍ਹਾਂ ਕਿਹਾ ਹੈ, “ਮੂਰਖ਼ ਐਡੀਟਰ ਮੂਰਖ਼ਤਾ ਭਰੇ ਲੇਖ ਹੀ ਲਿਖਣਗੇ। ਇਸ ਲੇਖ ਦੀ ਲੇਖਕਾ ਪ੍ਰਿਯਾ ਗੁਪਤਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲੱਗਦਾ ਹੈ ਕਿ ਉਹ ਨਸਲਪ੍ਰਸਤ ਹੈ।”
ਸਤਯਮ ਸਾਰਥ ਨਾਂ ਦੇ ਇਕ ਵਿਅਕਤੀ ਨੇ ਏਦਾਂ ਕਿਹਾ, “ਮੇਰੀ ਭੈਣ ਇਕ ਪੰਜਾਬੀ ਮੁੰਡੇ ਨੂੰ ਵਿਆਹੀ ਹੋਈ ਹੈ। ਉਨ੍ਹਾਂ ਦੇ ਬੱਚੇ ਹਨ ਤੇ ਉਹ ਰਾਜ਼ੀ-ਖ਼ੁਸ਼ੀ ਵਸਦੇ-ਰਸਦੇ ਹਨ। ਅਸੀਂ ਕੇਰਲਾ ਤੋਂ ਹਾਂ। ਮੇਰਾ ਖ਼ਿਆਲ ਹੈ ਕਿ ਤਾਪਸੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ।
ਸਤੁਤੀ ਨਾਂ ਦੀ ਇਕ ਬੀਬੀ ਨੇ ਕਿਹਾ, “ਬਹੁਤ ਹੀ ਵਾਹਯਾਤ ਲੇਖ ਹੈ। ਮੈਂ ਕਦੇ ਵੀ ਕਿਸੇ ਸਰਦਾਰ ਨਾਲ਼ ‘ਡੇਟ’ ਉੱਤੇ ਨਹੀਂ ਗਈ, ਪਰ ਮੈਂ ਮਹਿਸੂਸ ਕਰਦੀ ਹਾਂ ਕਿ ਉਹ ਬਹੁਤੇ ਹੀ ਰੋਮੈਂਟਿਕ ਹੁੰਦੇ ਨੇ ਕਿਉਂ ਕਿ ਮੈਂ ਉਨ੍ਹਾਂ ਨੂੰ ਦੇਖਿਆ ਹੈ ਕਿ ਉਹ ਕਿੱਦਾਂ ਆਪਣੀਆਂ ਬੀਵੀਆਂ ਜਾਂ ਗਰਲ ਫਰੈਂਡਜ਼ ਨਾਲ਼ ਲਾਡੀਆਂ ਕਰਦੇ ਤੇ ਉਨ੍ਹਾਂ ਨੂੰ ਅੱਜੀਂ-ਪੱਜੀਂ ਪਲੋਸਦੇ-ਟੋਂਹਦੇ ਰਹਿੰਦੇ ਨੇ। ਕਿਰਪਾ ਕਰ ਕੇ ਆਪਣੇ ਲੇਖਾਂ ਦੇ ਇਹੋ ਜਿਹੇ ਸਿਰਲੇਖ ਕੱਢਣੇ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਪਾਠਕ ਤੁਹਾਨੂੰ ਛੱਡ ਜਾਣਗੇ।”
ਇਕ ਹੋਰ ਵਿਅਕਤੀ ਦਾ ਕਹਿਣ ਹੈ, “ਉਹ ਸਰਦਾਰਾਂ ਨਾਲ਼ ਵਿਆਹ ਕਰਾਉਣ ਦੀ ਹੱਕਦਾਰ ਹੀ ਨਹੀਂ ਹੈ। ਉਹ ਸਿੱਖਾਂ ਨੂੰ ਭੰਡਣ ਵਾਲ਼ੇ ਉਨ੍ਹਾਂ ਲੋਕਾਂ ਵਿਚੋਂ ਹੀ ਹੈ, ਜਿਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਹੀ ਨਹੀਂ ਪੜ੍ਹਿਆ। ਉਸ ਨੂੰ ਇਹ ਇਤਿਹਾਸ ਪੜ੍ਹਨ ਦੀ ਲੋੜ ਹੈ। ਉਹ ਜਾਣਦੀ ਹੀ ਕੁੱਝ ਨਹੀਂ। ਕੋਈ ਸਰਦਾਰ, ਸਰਦਾਰ ਹੀ ਇਸ ਲਈ ਹੁੰਦਾ ਹੈ ਕਿਉਂ ਕਿ ਉਹ ਪਾਕ-ਸਾਫ਼ ਹੁੰਦਾ ਹੈ, ਪੂਰੀ ਤਰ੍ਹਾਂ ਇਮਾਨਦਾਰ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਬਹਾਦਰ ਹੁੰਦਾ ਹੈ। ਕੋਈ ਸਰਦਾਰ ਇਕ ਮੁਕੰਮਲ ਸ਼ਖ਼ਸ ਹੁੰਦਾ ਹੈ ਕਿਉਂ ਕਿ ਉਹ ਉਸੇ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਦਾ ਉਸ ਨੂੰ ਬਣਾਇਆ ਹੋਇਆ ਹੁੰਦਾ ਹੈ। ਮੈਨੂੰ ਮਾਣ ਹੈ ਕਿ ਸਿੱਖ, ਹਿੰਦੂਆਂ ਨੂੰ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਬਚਾਉਂਦੇ ਰਹੇ ਨੇ।”
ਇਹ ਤਾਂ ਸੀ ਇਸ ਲੇਖ ਬਾਰੇ ਲੋਕਾਂ ਦੇ ਖ਼ਿਆਲ! ਸਾਨੂੰ ਆਪ ਵੀ ਦੇਖਣਾ ਬਣਦਾ ਹੈ ਕਿ ਉਹ ਲੇਖ ਅਸਲ ਵਿਚ ਕਿਹੋ ਜਿਹਾ ਸੀ। ਲਓ ਦੇਖ ਲਓ:
‘ਤਾਪਸੀ ਪੰਨੂ: ਮੈਂ ਇਕ ਦੱਖਣੀ ਭਾਰਤੀ ਮੁੰਡੇ ਨਾਲ਼ ਤਾਂ “ਡੇਟ” ਉੱਤੇ ਗਈ ਹਾਂ, ਪਰ ਮੈਂ ਕਿਸੇ ਸਿੱਖ ਨਾਲ਼ ਕਦੇ ਵੀ “ਡੇਟ” ਉੱਤੇ ਨਹੀਂ ਜਾ ਸਕਦੀ’ ਸਿਰਲੇਖ ਨਾਲ਼ ਸ਼ੁਰੂ ਹੁੰਦੇ ਇਸ ਲੇਖ ਦੀ ਲੇਖਕਾ ਦਾ ਨਾਂ ‘ਪ੍ਰਿਯਾ ਗੁਪਤਾ’ ਹੈ। ਇਹ ਲੇਖ 22 ਜਨਵਰੀ ਨੂੰ ‘ਟਾਈਮਜ਼ ਆਫ ਇੰਡੀਆ’ ਵਿਚ ਛਪਿਆ ਸੀ। ਇਸ ਲੇਖ ਨਾਲ਼ ਤਾਪਸੀ ਪੰਨੂ ਦੀ ਤਸਵੀਰ ਨਾਲ਼ ਇਹ ਸਤਰਾਂ ਛਪੀਆਂ ਹੋਈਆਂ ਹਨ, “26 ਸਾਲਾਂ ਦੀ ਤਾਪਸੀ ਪੰਨੂ ਨੇ ਸ਼ਾਇਦ ਦੱਖਣੀ ਫ਼ਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ, ਦੱਖਣੀ ਭਾਰਤ ਦਾ ਗੇੜਾ ਨਹੀਂ ਮਾਰਿਆ ਸੀ, ਪਰ ਹੁਣ ਉਹ ਫਰਾਟੇਦਾਰ ਤੇਲਗੂ ਬੋਲਦੀ ਹੈ ਤੇ ਉਹ ਬਹੁਤ ਸਾਰੀਆਂ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿਚ ਨਾਇਕਾ ਦੇ ਕਿਰਦਾਰ ਨਿਭਾ ਚੁੱਕੀ ਹੈ।”
ਤਾਪਸੀ ਬਹੁਤ ਹੀ ਸਪੱਸ਼ਟ ਹੀ ਨਹੀਂ ਹੈ, ਸਗੋਂ ਉਹ ਬਹੁਤ ਹੀ ਬੇਸਬਰ ਹੋਣ ਦੇ ਨਾਲ਼-ਨਾਲ਼, ਛੇਤੀ ਹੀ ਭੜਕ ਉੱਠਣ ਵਾਲ਼ੀ ਵੀ ਹੈ। ਉਸ ਬਾਰੇ ਇਹ ਇਲਮ ਨਹੀਂ ਹੈ ਕਿ ਉਹ ਕਿਹੜੇ ਵੇਲ਼ੇ ਕੀ ਕਰ ਬੈਠੇ। ਉਹ ਆਪਣਾ ਦਬਦਬਾ ਕਾਇਮ ਰੱਖਦੀ ਹੈ, ਪਰ ਆਪਣੀ ਛੋਟੀ ਭੈਣ ‘ਸ਼ਗੁਨ’ ਨੂੰ ਹੀ ਆਪਣੇ ਉੱਤੇ ਦਬਦਬਾ ਰੱਖਣ ਦੀ ਇਜਾਜ਼ਤ ਦਿੰਦੀ ਹੈ। ਜੇ ਕੋਈ ਹੋਰ ਉਸ ਦੀ ਬੇਇੱਜ਼ਤੀ ਕਰ ਦੇਵੇ ਤਾਂ ਉਹ ਉਸ ਤੋਂ ਬਦਲਾ ਲੈਣ ਤਕ ਜਾਂਦੀ ਹੈ। ਆਪਣੀ ਫ਼ਿਲਮ ‘ਬੇਬੀ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਹ, ‘ਪੁਣੇ ਟਾਈਮਜ਼’ ਨਾਲ਼ ਗੱਲਬਾਤ ਕਰਦਿਆਂ, ਮਣੀ ਰਤਨਮ ਨਾਲ਼ ਕੰਮ ਕਰਨ ਦੇ ਆਪਣੇ ਸੁਪਨੇ ਦੀ ਗੱਲ ਕਰਦੀ ਹੈ, ਇਹ ਵੀ ਦੱਸਦੀ ਹੈ ਕਿ ਕਿਸ ਤਰ੍ਹਾਂ ਉਹ ਕਿਸੇ ਸਰਦਾਰ ਨਾਲ਼ ਵਿਆਹ ਦੇ ਬੰਨ੍ਹਣਾਂ ਤੋਂ ਬਚੀ ਰਹੇਗੀ ਤੇ ਕਿਸ ਤਰ੍ਹਾਂ ਕਿਸੇ ਦਿਨ ਭਾਰਤ ਤੋਂ ਬਾਹਰ ਆਪਣੀ ਜ਼ਿੰਦਗ਼ੀ ਬਿਤਾਉਣੀ ਸ਼ੁਰੂ ਕਰੇਗੀ।
ਉਸ ਨਾਲ਼ ਹੋਈ ਗੱਲਬਾਤ ਦੇ ਕੁੱਝ ਅੰਸ਼:
“ਤੁਸੀਂ ਫ਼ਿਲਮਾਂ ਵਿਚ ਕਿੱਦਾਂ ਆਏ?”
“ਮੈਂ ਜੱਟ ਸਿੱਖਣੀ ਹਾਂ, ਜੋ ਦਿੱਲੀ ਦੀ ਜੰਮਪਲ ਹਾਂ। ਮੇਰੇ ਬਹੁਤ ਹੀ ਕੁੰਡਲਦਾਰ ਅਤੇ ਲੰਬੇ ਵਾਲ਼ ਹੁੰਦੇ ਸਨ। ਅੰਦਰੋਂ ਮੈਂ ਸਦਾ ਹੀ ਇਹੋ ਚਾਹੁੰਦੀ ਹੁੰਦੀ ਸਾਂ ਕਿ ਮੇਰੇ ਵਾਲ਼ ਛੋਟੇ ਹੋਣ। ਐਤਵਾਰ ਦਾ ਸਾਰਾ ਦਿਨ ਮੈਨੂੰ ਕੇਸੀਂ ਨ੍ਹਾਉਂਦੀ ਨੂੰ, ਇਨ੍ਹਾਂ ਨੂੰ ਤੇਲ ਲਾਉਂਦੀ ਨੂੰ ਅਤੇ ਏਦਾਂ ਦੇ ਹੀ ਕੰਮ ਕਰਦੀ ਨੂੰ ਲੰਘ ਜਾਂਦਾ ਸੀ। ਇਕ ਦਿਨ ਮੈਂ ਆਪਣੇ ਮਾਪਿਆਂ ਨੂੰ ਦੱਸੇ ਬਗ਼ੈਰ ਹੀ ਆਪਣੇ ਵਾਲ਼ ਛੋਟੇ ਕਰਾ ਦਿੱਤੇ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਵਾਲ਼ਾਂ ਵਿਚ ਚਿਊਇੰਗ ਗੰਮ ਫਸ ਗਿਆ ਸੀ, ਜਿਸ ਕਰ ਕੇ ਮੈਨੂੰ ਵਾਲ਼ ਕਟਾਉਣੇ ਪੈ ਗਏ। ਮੇਰੇ ਪਿਤਾ ਜੀ ਸਾਬਤ ਸਿੱਖ ਹਨ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਐਕਟਰ ਬਣਾਂਗੀ ਕਿਉਂ ਕਿ ਮੈਂ ਹਮੇਸ਼ਾ ਹੀ ਪੜਾਕੂ ਰਹੀ ਹਾਂ ਮੇਰੀ ਦਿਲਚਸਪੀ ਹਮੇਸ਼ਾ ‘ਮੈਥੇਮੈਟਿਕਸ’ ਵਿਚ ਰਹੀ ਹੈ। ਮੈਂ ਆਈ. ਪੀ. ਯੂਨੀਵਰਸਿਟੀ ਤੋਂ ਸਾਫਟਵੇਅਰ ਇੰਜੀਨੀਅਰਿੰਗ ਪਾਸ ਕੀਤੀ ਹੋਈ ਹੈ, ਪਰ ਕਾਲਜ ਵਿਚ ਮੇਰੇ ਦੂਜੇ ਸਾਲ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਨੂੰ ਕੰਪਿਊਟਰ ਅੱਗੇ ਬੈਠਣਾ ਪਸੰਦ ਨਹੀਂ ਹੈ ਤੇ ਮੈਂ ਤਾਂ ਐੱਮ. ਬੀ. ਏ. ਕਰਨਾ ਚਾਹੁੰਦੀ ਹਾਂ। ਮੈਂ ‘ਕੈਟ’ ਦਾ ਇਮਤਿਹਾਨ ਦਿੱਤਾ, ਪਰ ਮੈਂ ਪਹਿਲੀ ਕੋਸ਼ਿਸ਼ ਵਿਚ ਆਪਣੀ ਪਸੰਦ ਦੇ ਕਾਲਜ ਵਿਚ ਦਾਖ਼ਲਾ ਨਾ ਲੈ ਸਕੀ। ਫਿਰ ਮੈਂ ਇਕ ਸਾਲ ਘਰੇ ਹੀ ਬਿਤਾਉਣ ਦਾ ਫੈਸਲਾ ਕਰ ਲਿਆ ਤੇ ਅਗਲੇ ‘ਕੈਟ’ ਦੀ ਤਿਆਰੀ ਕਰਨ ਲੱਗ ਪਈ। ਸਕੂਲ ਵਿਚ ਮੈਂ ‘ਪਬਲਿਕ ਸਪੀਕਰ’ ਹੁੰਦੀ ਸਾਂ ਤੇ ਮੇਲਿਆਂ ਅਤੇ ਮੁਕਾਬਲਿਆਂ ਵਿਚ ਸ਼ਾਮਲ ਹੁੰਦੀ ਰਹਿੰਦੀ ਸਾਂ। ਫਿਰ ਮੈਂ ਅੱਠ ਸਾਲ, ਬਿਰਜੂ ਮਹਾਰਾਜ ਤੋਂ ਕਥਕ ਨਾਚ ਸਿੱਖਿਆ। ਮੈਂ ਹਮੇਸ਼ਾ ਹੀ ਇਕੋ ਸਮੇਂ ਕਈ-ਕਈ ਕੰਮ ਕਰਨ ਵਾਲ਼ੀ ਸਾਂ। ਮੈਂ ਕਾਲਜ ਵਿਚ ਹੀ ਮਾਡਲਿੰਗ ਸ਼ੁਰੂ ਕਰ ਲਈ ਤੇ ਥੋੜ੍ਹਾ-ਬਹੁਤ ਜੇਬ ਖ਼ਰਚ ਕਮਾਉਣ ਲੱਗ ਪਈ। ਉਸ ਦੌਰਾਨ ਮੈਨੂੰ ਦੱਖਣੀ ਭਾਰਤ ਤੋਂ ਫ਼ਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ। ਮੈਂ ਇਸ ਮੌਕੇ ਦੀ ਅਜ਼ਮਾਇਸ਼ ਕਰਨ ਦਾ ਇਰਾਦਾ ਕਰ ਲਿਆ ਤੇ ਮੈਨੂੰ ‘ਧਨੁਸ਼’ ਨਾਲ਼ ਤਾਮਿਲ ਫ਼ਿਲਮ ‘ਆਦੂਕਲਮ’ ਵਿਚ ਕੰਮ ਕਰਨ ਲਈ ਚੁਣ ਲਿਆ ਗਿਆ। ਇਸ ਫ਼ਿਲਮ ਨੇ ਬਹੁਤ ਸਾਰੇ ਕੌਮੀ ਇਨਾਮ ਜਿੱਤੇ। ਫਿਰ ਮੈਂ ਆਪਣੇ ‘ਡੈਡ’ ਨੂੰ ਦੱਸ ਦਿੱਤਾ ਕਿ ਮੈਂ ਇਕ ਸਾਲ ਹੀ ਫ਼ਿਲਮਾਂ ਵਿਚ ਹੱਥ-ਪੈਰ ਮਾਰਾਂਗੀ। ਜੇ ਇੱਧਰ ਗੱਲ ਨਾ ਬਣੀ, ਮੈਂ ਵਾਪਸ ਆ ਕੇ ਅਪਣੀ ਐੱਮ. ਬੀ. ਏ. ਪੂਰੀ ਕਰਾਂਗੀ। ਹੋਇਆ ਇਹ ਕਿ ਮੇਰੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੈਨੂੰ ਤਿੰਨ ਹੋਰ ਫ਼ਿਲਮਾਂ ਲਈ ਸਾਈਨ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਮੈਨੂੰ ਪਿੱਛੇ ਮੁੜ ਕੇ ਦੇਖਣ ਦਾ ਵਿਹਲ ਹੀ ਨਾ ਲੱਗਿਆ। ਜੇ ਤੁਸੀਂ ਦੱਖਣ ਵਿਚ ਕਾਮਯਾਬ ਹੋ ਜਾਂਦੇ ਹੋ ਤਾਂ ਉਹ ਤੁਹਾਨੂੰ ਹਾਸਲ ਕਰਨ ਲਈ ਕੁੱਝ ਵੀ ਕਰਨ ਤਕ ਜਾਂਦੇ ਹਨ। ਫਿਰ ਪੁਰੀ ਜਗਨ ਨਾਧ ਨੇ ਡੇਵਿਡ ਧਵਨ ਨੂੰ ਮੇਰੇ ਬਾਰੇ ਦੱਸਿਆ ਕਿਉਂ ਕਿ ਉਹ ਆਪਣੀ ਫ਼ਿਲਮ ‘ਚਸ਼ਮਿ ਬੱਦਦੂਰ’ ਲਈ ਪ੍ਰੀਤੀ ਜ਼ਿੰਟਾ ਵਰਗੀ ਕੁੜੀ ਲੱਭ ਰਹੇ ਸਨ। ਮੈਨੂੰ ਅੱਠਵੀਂ ਜਮਾਤ ਤੋਂ ਹੀ ਲੋਕ ਇਹ ਕਹਿੰਦੇ ਆ ਰਹੇ ਹਨ ਕਿ ਮੈਂ ਪ੍ਰੀਤੀ ਜ਼ਿੰਟਾ ਵਰਗੀ ਲੱਗਦੀ ਹਾਂ। ਡੇਵਿਡ ਸਰ ਮੈਨੂੰ ਮਿਲੇ ਤੇ ਉਸ ਪਹਿਲੀ ਹੀ ਮੁਲਾਕਾਤ ਵਿਚ ਉਨ੍ਹਾਂ ਨੇ ਕੋਈ ਵੀ ਆਡੀਸ਼ਨ ਲਏ ਬਗ਼ੈਰ ਹੀ ਮੈਨੂੰ ਕਹਿ ਦਿੱਤਾ ਕਿ ਉਨ੍ਹਾਂ ਨੇ ਮੈਨੂੰ ਚੁਣ ਲਿਆ ਹੈ।”
“ਤੁਹਾਨੂੰ ‘ਬੇਬੀ’ ਵਿਚ ਕੰਮ ਕਰਨ ਦਾ ਮੌਕਾ ਕਿੱਦਾਂ ਮਿਲਿਆ?”
“ਮੈਂ ਆਪਣੀ ਕਿਸੇ ਵੀ ਫ਼ਿਲਮ ਲਈ ਕੋਈ ਆਡੀਸ਼ਨ ਨਹੀਂ ਦਿੱਤਾ ਤੇ ਮੈਂ ਜਦੋਂ ਵੀ ਕੋਈ ਆਡੀਸ਼ਨ ਦਿੱਤਾ ਏ, ਮੈਂ ਕਦੇ ਵੀ ਚੁਣੀ ਨਹੀਂ ਗਈ। ‘ਬੇਬੀ’ ਮੇਰੀ ਜ਼ਿੰਦਗ਼ੀ ਵਿਚ ਪਹਿਲੀ ਫ਼ਿਲਮ ਹੈ, ਜਿਸ ਦਾ ਮੈਂ ਸੱਚੀਂ ਹੀ ਪਿੱਛਾ ਕੀਤਾ ਹੈ। ਮੈਂ ਇਸ ਫ਼ਿਲਮ ਵਿਚ ਆਪਣੇ ਕਿਰਦਾਰ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਮੈਨੂੰ ਪਤਾ ਲੱਗਿਆ ਕਿ ਉਹ ਇਸ ਕਿਰਦਾਰ ਲਈ ਅਦਾਕਾਰਾ ਛਾਂਟ ਰਹੇ ਹਨ। ਨੀਰਜ ਸਰ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਮੈਂ ਇਹ ਕਿਰਦਾਰ ਨਿਭਾਉਣਾ ਤਾਂਘਦੀ ਹਾਂ ਕਿਉਂ ਕਿ ਉਹ ਸਮਝਦੇ ਸਨ ਕਿ ਮੈਂ ਇਹੋ ਜਿਹੇ ਕਿਰਦਾਰ ਨਿਭਾਉਣ ਵਿਚ ਸੰਗਦੀ ਜਿਹੀ ਹਾਂ। ਮੈਂ ਉਨ੍ਹਾਂ ਦੇ ਕਾਸਟਿੰਗ ਡਾਇਰੈਕਟਰ ਨੂੰ ਮਿਲੀ ਤੇ ਉਨ੍ਹਾਂ ਨੂੰ ਆਪਣੀ ਇੱਛਾ ਦੱਸੀ। ਫਿਰ ਮੈਂ ਨੀਰਜ ਸਰ ਨੂੰ ਕੁੱਝ ਡਾਇਲਾਗ ਬੋਲ ਕੇ ਸੁਣਾਏ। ਉਨ੍ਹਾਂ ਨਾਲ਼ ਦੋ ਘੰਟਿਆਂ ਦੀ ਮੀਟਿੰਗ ਦੌਰਾਨ ਹੀ ਮੈਂ ‘ਬੇਬੀ’ ਦੀ ਕਾਸਟ ਵਿਚ ਸ਼ਾਮਲ ਕਰ ਲਈ ਗਈ ਸਾਂ।”
“ਤੇਲਗੂ ਸਿਨੇਮਾ ਵਿਚ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ?”
“ਤੇਲਗੂ ਸਿਨੇਮਾ ਤੁਹਾਡਾ ਭੱਠਾ ਬਹਾ ਸਕਦਾ ਹੈ। ਉਹ ਤੁਹਾਨੂੰ ਮਲਕਾ ਸਮਝਣ ਲੱਗ ਜਾਂਦੇ ਹਨ। ਜਿਉਂ ਹੀ ਤੁਸੀਂ ਆਪਣੀ ਵੈਨ ਵਿਚੋਂ ਉੱਤਰਦੇ ਹੋ, ਉਹ ਸਾਰੇ ਖੜ੍ਹੇ ਹੋ ਜਾਣਗੇ ਤੇ ਉਹ ਤੁਹਾਡੇ ਲੰਘ ਜਾਣ ਮਗਰੋਂ ਹੀ ਬੈਠਣਗੇ। ਮੈਨੂੰ ਇਹ ਆਦਰ-ਮਾਣ ਚੰਗਾ ਲੱਗਦਾ ਹੈ ਤੇ ਮੈਂ ਇਸ ਲਈ ਤਾਂਘਦੀ ਵੀ ਰਹਿੰਦੀ ਹਾਂ।”
“ਕਿਸੇ ਨਾਲ਼ ਤੁਹਾਡੇ ਸਬੰਧ ਵੀ ਬਣੇ ਹਨ?”
“ਬੜੀ ਵਾਰੀ! ਮੈਂ ਉਦੋਂ ਅੱਠਵੀਂ ਵਿਚ ਪੜ੍ਹਦੀ ਹੁੰਦੀ ਸੀ। ਪਹਿਲੀ ਵਾਰ ਕਿਸੇ ਨਾਲ਼ ਮੇਰਾ ਮਨ ਜੁੜਿਆ ਸੀ। ਜਦੋਂ ਉਹ ਮੁੰਡਾ ਮੇਰੇ ਨਾਲੋਂ ਜੁਦਾ ਹੋਇਆ, ਮੇਰੇ ਮਨ ਨੂੰ ਬਹੁਤ ਠੇਸ ਲੱਗੀ ਸੀ। ਮੈਂ ਉਸ ਵੇਲ਼ੇ ਇਹ ਤਹੱਈਆ ਕਰ ਲਿਆ ਕਿ ਅੱਗੋਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨ ਦੇਣਾ। ਮੇਰੇ ਮਨ ਵਿਚ ਉਸ ਮੁੰਡੇ ਤੋਂ ਬਦਲਾ ਲੈਣ ਦਾ ਖ਼ਿਆਲ ਆ ਗਿਆ ਤਾਂ ਮੈਂ ਆਪਣੇ ਹੀ ਢੰਗ ਨਾਲ਼ ਉਸ ਤੋਂ ਬਦਲਾ ਲਏ ਬਗ਼ੈਰ ਨਹੀਂ ਰਹਿ ਸਕੀ ਸੀ। ਉਹ ਮੁੰਡਾ ਹਾਲੇ ਤਕ ਮੈਨੂੰ ਫੋਨ ਕਰਦਾ ਹੈ ਕਿ ਮੇਰੇ ਵੱਲੋਂ ਉਸ ਤੋਂ ਬਦਲਾ ਲੈਣ ਦਾ ਉਸ ਉੱਪਰ ਕੀ-ਕੀ ਅਸਰ ਹੋਇਆ ਹੈ।
“ਦੱਖਣੀ ਭਾਰਤ ਵਿਚ ਆਪਣੇ ਹੀ ਬੱਲ-ਬੁੱਤੇ ਜ਼ਿੰਦਗ਼ੀ ਸ਼ੁਰੂ ਕਰਨਾ ਕਿੰਨਾ ਕੁ ਔਖਾ ਰਿਹਾ?”
“ਮੇਰੇ ਡੈਡ ਇਕ ਰੀਅਲ ਅਸਟੇਟ ਕੰਪਨੀ ਵਿਚ ਕੰਮ ਕਰਦੇ ਹਨ ਤੇ ਉਨ੍ਹਾਂ ਦਾ ਕੰਮ ਸਾਧਾਰਣ ਕਿਸਮ ਦਾ ਹੀ ਹੈ। ਮੇਰੀ ਮੰਮੀ ਇਕ ਘਰੇਲੂ ਔਰਤ ਹੈ। ਮੇਰੇ ਡੈਡ ਨੇ ਦਿੱਲੀ ਵਿਚ ਮੈਨੂੰ ਕਦੇ ਆਪਣੀਆਂ ਸਹੇਲੀਆਂ ਦੇ ਘਰ ਵੀ ਰਾਤ ਰਹਿਣ ਦੀ ਖੁੱਲ੍ਹ ਨਹੀਂ ਦਿੱਤੀ ਸੀ। ਇਸ ਲਈ ਉਨ੍ਹਾਂ ਵੱਲੋਂ ਆਪਣੀ ਧੀ ਨੂੰ ਦੱਖਣੀ ਭਾਰਤ ਵਿਚ ਇਕੱਲੀ ਰਹਿਣ ਲਈ ਭੇਜਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਮੈਂ ਪਹਿਲੇ ਸਾਲ ਹੈਦਰਾਬਾਦ ਵਿਚ ਇਕੱਲੀ ਰਹੀ। ਉਦੋਂ ਮੈਂ ਮਸਾਂ 22 ਵਰ੍ਹਿਆਂ ਦੀ ਸਾਂ। ਜਦੋਂ ਤੁਹਾਨੂੰ ਆਪਣੇ ਘਰ ਵਿਚ ਬਹੁਤ ਲਾਡ-ਪਿਆਰ ਅਤੇ ਧਿਆਨ ਦਿੱਤਾ ਜਾਂਦਾ ਰਿਹਾ ਹੋਵੇ ਤਾਂ ਤੁਸੀਂ ਅਚਾਨਕ ਨਵੀਂ ਥਾਂ ਜਾ ਕੇ, ਉਸ ਸਭ ਕੁੱਝ ਲਈ ਤਰਸਣ ਲੱਗਦੇ ਹੋ। ਇਸ ਤਰ੍ਹਾਂ ਪਿਆਰ-ਮੁਹੱਬਤ ਦੇ ਤਰਸੇਵੇਂ ਵਿਚ ਤੁਸੀਂ ਆਪਣੇ ਪ੍ਰਤੀ ਪਿਆਰ ਦੀ ਭਾਵਨਾ ਜ਼ਾਹਰ ਕਰਦੇ ਕਿਸੇ ਵੀ ਵਿਅਕਤੀ ਵੱਲ਼ ਸੌਖੇ ਹੀ ਖਿੱਚੇ ਜਾਂਦੇ ਹੋ। ਮੇਰੇ ਨਾਲ਼ ਵੀ ਏਦਾਂ ਹੀ ਹੋਇਆ। ਮੈਂ ਕਿਸੇ ਨਾਲ਼ ਇਹੋ ਜਿਹੇ ਸਬੰਧ ਬਣਾ ਬੈਠੀ, ਜੋ ਮੈਨੂੰ ਫਲੇ ਨਾ। ਜਦੋਂ ਤੁਸੀਂ ਇਕ ਦਮ ਓਪਰੀ ਥਾਂ, ਓਪਰੇ ਮਾਹੌਲ ਵਿਚ, ਓਪਰੀ ਜਿਹੀ ਭਾਸ਼ਾ ਬੋਲਦੇ, ਓਪਰੇ ਜਿਹੇ ਲੋਕਾਂ ਵਿਚ ਪਹੁੰਚ ਜਾਂਦੇ ਹੋ ਤਾਂ ਇਹੋ ਜਿਹੇ ਮਾਹੌਲ ਵਿਚ ਜੇ ਕੋਈ ਤੁਹਾਡਾ ਥੋੜ੍ਹਾ ਜਿਹਾ ਵੀ ਖ਼ਿਆਲ ਰੱਖਣਾ ਸ਼ੁਰੂ ਕਰ ਦੇਵੇ ਤਾਂ ਏਦਾਂ ਹੋਣਾ ਸੁਭਾਵਕ ਹੀ ਹੈ। ਮੇਰੇ ਇਨ੍ਹਾਂ ਸਬੰਧਾਂ ਵਿਚੋਂ ਸਭ ਤੋਂ ਚੰਗੀ ਗੱਲ ਇਹੋ ਨਿੱਕਲਦੀ ਹੈ ਕਿ ਮੈਨੂੰ ਕਿਸੇ ਨਾਲੋਂ ਸਬੰਧ ਟੁੱਟਣ ਦੀ ਕੋਈ ਮਾਰ ਜਾਂ ਭਾਨ ਨਹੀਂ ਪੈਂਦੀ। ਜਿਹੜਾ ਗਿਆ, ਉਹ ਗਿਆ।”
“ਵਿਆਹ ਕਰਾਉਣ ਬਾਰੇ ਕੀ ਖ਼ਿਆਲ ਹੈ?”
“ਵਿਆਹ ਮੈਂ ਕਰਾਉਣਾ ਹੈ, ਪਰ ਉਦੋਂ ਜਦੋਂ ਮੇਰਾ ਮਨ ਕਰੇਗਾ। ਮੈਂ ਵਿਆਹ ਇਸ ਕਰ ਕੇ ਨਹੀਂ ਕਰਾਉਣਾ ਕਿ ਇਹ ਕਰਾਉਣਾ ਹੀ ਪੈਣਾ ਹੈ। ਜਦੋਂ ਮੈਂ ਐਕਟਿੰਗ ਤੋਂ ਵਿਹਲੀ ਹੋ ਗਈ, ਵਿਆਹ ਕਰਾ ਲਵਾਂਗੀ। ਫੇਰ ਮੈਂ ਇਸ ਮੁਲਕ ਵਿਚ ਵੀ ਨਹੀਂ ਰਹਾਂਗੀ ਤੇ ਨਵੀਂ ਥਾਂ, ਫਿਰ ਨਵੇਂ ਸਿਰਿਉਂ ਜ਼ਿੰਦਗ਼ੀ ਸ਼ੁਰੂ ਕਰਾਂਗੀ। ਮੈਂ ਐਕਟਿੰਗ ਤੋਂ ਬਗ਼ੈਰ ਵੀ ਕੁੱਝ ਕਰਨਾ ਚਾਹਾਂਗੀ। ਹਾਂ, ਇਕ ਗੱਲ ਪੱਕੀ ਹੈ ਕਿ ਮੈਂ ਕਿਸੇ ‘ਸਰਦਾਰ’ ਨਾਲ਼ ਵਿਆਹ ਨਹੀਂ ਕਰਾਵਾਂਗੀ। ਮੈਂ ਤਾਂ ਕਿਸੇ ਸਰਦਾਰ ਨਾਲ਼ ‘ਡੇਟ’ ਉੱਤੇ ਵੀ ਨਹੀਂ ਗਈ। ਹਾਂ, ਸਾਊਥ ਇੰਡੀਅਨ ਨਾਲ਼ ‘ਡੇਟ’ ਉੱਤੇ ਜਾ ਚੁੱਕੀ ਹਾਂ। ਮੈਂ ਕਿਸੇ ‘ਸਟਾਰ’ ਨਾਲ਼ ਵੀ ‘ਡੇਟ’ ਉੱਤੇ ਨਹੀਂ ਗਈ ਅਤੇ ਕਦੇ ਜਾਂਵਾਂਗੀ ਵੀ ਨਹੀਂ। ਫ਼ਿਲਮ ਇੰਡਸਟਰੀ ਵਿਚ ਮੇਰੇ ਪਹਿਲੇ ਪ੍ਰੋਡਿਊਸਰ ਲਕਸ਼ਮੀ ਮੰਚੂ ਤੋਂ ਬਗ਼ੈਰ ਮੇਰਾ ਕੋਈ ਦੋਸਤ ਨਹੀਂ ਹੈ।
“ਤੁਸੀਂ ਜਜ਼ਬਾਤੀ ਤੌਰ ’ਤੇ ਕਿਸ ਨਾਲ਼ ਜੁੜੇ ਹੋਏ ਹੋ?”
“ਆਪਣੀ ਭੈਣ ‘ਸ਼ਗੁਨ’ ਨਾਲ਼। ਮੈਂ ਉਸ ਨੂੰ ਦਿੱਲੀ ਤੋਂ ਆਪਣੇ ਨਾਲ਼ ਹੈਦਰਾਬਾਦ ਤੇ ਫਿਰ ਮੁੰਬਈ ਰਹਿਣ ਲਈ ਲੈ ਆਈ ਸਾਂ। ਮੈਂ ਉਸ ਤੋਂ ਬਗ਼ੈਰ ਰਹਿ ਹੀ ਨਹੀਂ ਸਕਦੀ।”
ਤਾਪਸੀ ਪੰਨੂ ਤੋਂ ਪ੍ਰਿਯਾ ਗੁਪਤਾ ਨੇ ਹੋਰ ਵੀ ਬੜਾ ਕੁੱਝ ਪੁੱਛਿਆ ਤੇ ਲਿਖਿਆ, ਪਰ ਉਸ ਸਭ ਕੁੱਝ ਵਿਚੋਂ ਉਸ ਨੂੰ ਆਪਣੇ ਲੇਖ ਲਈ ਸਿਰਲੇਖ ਨਹੀਂ ਮਿਲਿਆ, ਜਿਸ ਕਰ ਕੇ ਅਸੀਂ ਵੀ ਉਹ ਸਭ ਕੁੱਝ ਛੱਡ ਦਿੱਤਾ ਹੈ। ਇਹ ਲੇਖ ਪੜ੍ਹ ਕੇ ਇਕ ਅਦਾਕਾਰਾ ਦੀ ਜ਼ਿੰਦਗ਼ੀ ਦੇ ਸਬੰਧ ਵਿਚ ਸੈਂਕੜੇ ਸਿਰਲੇਖ, ਇਸ ਲੇਖ ਵਿਚੋਂ ਕੱਢੇ ਜਾ ਸਕਦੇ ਹਨ ਬਸ਼ਰਤਿ ਕਿ ਸਾਡੀ ਨੀਅਤ ਵਿਚ ਕੋਈ ਖੋਟ ਨਾ ਹੋਵੇ ਤੇ ਅਸੀਂ ਪੱਤਰਕਾਰੀ ਨੂੰ ਕਿਸੇ ਖ਼ਾਸ ਫਿਰਕੇ ਦੇ ਖ਼ਿਲਾਫ਼ ‘ਨਜਾਇਜ਼ ਹਥਿਆਰ’ ਵਜੋਂ ਵਰਤਣ ਦੇ ਕੁਲਹਿਣੇ ਜਿਹੇ ਰੁਝਾਨ ਦੇ ਸ਼ਿਕਾਰ ਨਾ ਹੋਈਏ। ਜਿਸ ਨੇ ਵੀ ਇਸ ਲੇਖ ਦਾ ਸਿਰਲੇਖ ਕੱਢਿਆ ਉਸ ਨੇ ਸਿਰਲੇਖ ਨਹੀਂ, ਪੱਤਰਕਾਰੀ ਨੂੰ ਗਾਲ਼ ਕੱਢੀ ਹੈ।#
