ਓਬਾਮਾ ਦੇ ਦੌਰੇ ਦਾ ਗ਼ਰਦੋ-ਗ਼ੁਬਾਰ ਬੈਠ ਜਾਣ ਮਗਰੋਂ
ਬਖ਼ਸ਼ਿੰਦਰ
Email: bababax@gmail.com, Cell Phone:+1-778-378-9669
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਾਹਾਂ ਬਣਾ-ਬਣਾ ਪਿਲਾ ਰਹੇ ਸਨ ਅਤੇ ਬਰਾਕ ਓਬਾਮਾ ਦੀ ਪਟਰਾਣੀ ਮਿਛੇਲ ਓਬਾਮਾ ਪੈਰ-ਪੈਰ ’ਤੇ ਆਪਣੇ ਪਤੀ ਦਾ ਸਾਥ ਦੇ ਰਹੀ ਸੀ ਤਾਂ ਭਾਰਤ ਵਿਚ ਸਰਗ਼ਰਮ ਅਮਰੀਕੀ ਮੀਡੀਆ ਮੋਦੀ ਵੱਲੋਂ ਛੱਡੀ ਹੋਈ ਉਨ੍ਹਾਂ ਦੀ ਭੈਣ, ਨਾ ਸੱਚ ਜਸ਼ੋਦਾ ਬੇਨ (ਪਤਨੀ) ਵੱਲੋਂ ਆਪਣੇ ਪਤੀ ਦੇ ਵਿਛੋੜੇ ਵਿਚ ਪਾਈਆਂ ਜਾ ਰਹੀਆਂ ਔਂਸੀਆਂ ਗਿਣ ਰਿਹਾ ਸੀ।
ਬਰਾਕ ਓਬਾਮਾ ਵੱਲੋਂ ਕੀਤਾ ਗਿਆ ਭਾਰਤ ਦਾ ਦੌਰਾ ਸਿਰੇ ਚੜ੍ਹ ਜਾਣ ਮਗਰੋਂ ਤੇ ਇਸ ਦਾ ਗ਼ਰਦੋ-ਗ਼ੁਬਾਰ ਬੈਠ ਜਾਣ ਮਗਰੋਂ ਕੁੱਝ ਇਸ ਕਿਸਮ ਦੇ ਵਿਚਾਰ, ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਦੀਆਂ ਪੱਤਰਕਾਰਾਵਾਂ ਐਨੀ ਗੋਵੇਨ ਅਤੇ ਰਾਮਾ ਲਕਸ਼ਮੀ ਨੇ ਆਪਣੇ ਅਖ਼ਬਾਰ ਨੂੰ ਲਿਖ ਭੇਜੇ ਹਨ। ਐਨੀ ਗੋਵੇਨ, 25 ਜਨਵਰੀ ਨੂੰ ‘ਵਾਸ਼ਿੰਗਟਨ ਪੋਸਟ’ ਵਿਚ ਛਪੇ ਆਪਣੇ ਇਕ ਲੇਖ ਵਿਚ ਏਦਾਂ ਲਿਖਦੀ ਹੈ:
“ਉਹ ਉਨ੍ਹਾਂ ਨੂੰ ਉਸੇ ਤਰ੍ਹਾਂ ਉਡੀਕ ਰਹੀ ਹੈ, ਜਿਸ ਤਰ੍ਹਾਂ ਉਹ ਸਾਰੀ ਉਮਰ ਤੋਂ ਉਡੀਕਦੀ ਆ ਰਹੀ ਹੈ। ਜਦੋਂ 25 ਜਨਵਰੀ ਦੀ ਰਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਕ ਸ਼ਾਨਦਾਰ ਪ੍ਰੀਤੀ ਭੋਜ ਹਾਲ ਵਿਚ, ਬਰਾਕ ਓਬਾਮਾ ਅਤੇ ਪਲ-ਪਲ ਉਨ੍ਹਾਂ ਦਾ ਸਾਥ ਦੇ ਰਹੀ ਉਨ੍ਹਾਂ ਦੀ ਪਤਨੀ ਮਿਛੇਲ ਦੀ ਸੇਵਾ ਕਰ ਰਹੇ ਸਨ, ਉਨ੍ਹਾਂ (ਮੋਦੀ) ਦੀ ਪਤਨੀ ਉਨ੍ਹਾਂ ਦੇ ਨਾਲ਼ ਨਹੀਂ ਸੀ।
ਮੋਦੀ ਨੇ ਅੱਲ੍ਹੜ ਉਮਰ ਦੌਰਾਨ ਜਸ਼ੋਦਾ ਬੇਨ ਚਿਮਨਲਾਲ ਮੋਦੀ ਨਾਲ਼ ਕਰਾਈ ਹੋਈ ਸ਼ਾਦੀ 64 ਸਾਲ ਭੇਤ ਹੀ ਬਣਾਈ ਰੱਖੀ ਸੀ ਕਿ ਪਿਛਲੇ ਸਾਲ ਉਨ੍ਹਾਂ ਨੇ ਇਹ ਗੱਲ ਮੰਨ ਲਈ ਕਿ ਉਹ ਸ਼ਾਦੀ-ਸ਼ੁਦਾ ਹਨ ਅਤੇ ਉਨ੍ਹਾਂ ਦੀ ਪਤਨੀ ਸਹੀ-ਸਲਾਮਤ ਹੈ। ਜਸ਼ੋਦਾ ਬੇਨ ਇਕ ਰਿਟਾਇਰਡ ਅਧਿਆਪਕਾ ਹੈ ਤੇ ਉਹ ਮੋਦੀ ਦੇ ਸੂਬੇ ਗੁਜਰਾਤ ਦੇ ਇਕ ਛੋਟੇ ਜਿਹੇ ਸ਼ਹਿਰ ਦੇ ਇਕ ਛੋਟੇ ਜਿਹੇ ਘਰ ਵਿਚ ਰਹਿੰਦੀ ਹੈ। ਭਾਵੇਂ ਉਸ ਨੂੰ ਆਪਣੇ ਪਤੀ ਵੱਲੋਂ ਕੋਈ ਖ਼ਬਰਸਾਰ ਆਈ ਨੂੰ ਕਈ ਵਰ੍ਹੇ ਲੰਘ ਗਏ ਹਨ, ਪਰ ਉਹ ਇਹੋ ਕਹਿੰਦੀ ਰਹਿੰਦੀ ਹੈ ਕਿ ਉਸ ਨੂੰ ਹਾਲੇ ਵੀ ਆਸ ਹੈ ਕਿ ਕਿਸੇ ਦਿਨ ਉਸ ਦਾ ਪਤੀ ਉਸ ਨੂੰ ਆਪਣੇ ਨਾਲ਼ ਰਾਜਧਾਨੀ ਲੈ ਜਾਵੇਗਾ।
‘ਜੇ ਉਹ ਮੈਨੂੰ ਬੁਲਾਉਣਗੇ, ਮੈਂ ਚਲੀ ਜਾਵਾਂਗੀ,’ ਜਸ਼ੋਦਾ ਬੇਨ ਨੇ ਇਕ ਗੱਲਬਾਤ ਦੌਰਾਨ ਕਿਹਾ, ‘ਮੈਂ ਟੀਵੀ ਤੋਂ ਉਨ੍ਹਾਂ ਦੇ ਸਾਰੇ ਭਾਸ਼ਨ ਸੁਣਦੀ ਹਾਂ। ਮੈਂ ਜਦੋਂ ਉਨ੍ਹਾਂ ਦੀ ਅਵਾਜ਼ ਸੁਣਦੀ ਹੈ ਤਾਂ ਮੈਨੂੰ ਬੜਾ ਚੰਗਾ-ਚੰਗਾ ਲੱਗਦਾ ਹੈ। ਮੈਂ ਚਾਹੁੰਦੀ ਹਾਂ ਕਿ ਉਹ ਲੋਕਾਂ ਨਾਲ਼ ਕੀਤੇ ਹੋਏ ਆਪਣੇ ਸਾਰੇ ਵਾਅਦੇ ਪੂਰੇ ਕਰਨ। ਮੈਂ ਰੱਬ ਅੱਗੇ ਇਹੋ ਪ੍ਰਾਰਥਨਾ ਕਰਦੀ ਹਾਂ।’
ਇਕ ਰੇਲਵੇ ਸਟੇਸ਼ਨ ਉੱਤੇ ਚਾਹ ਬਣਾ-ਬਣਾ ਵੇਚਣ ਵਾਲ਼ੇ ਬੰਦੇ ਦਾ ਪੁੱਤ ਨਰਿੰਦਰ ਮੋਦੀ, ‘ਗ਼ਾਂਚੀ’ ਕਹਾਉਂਦੀ ਨੀਵੀਂ ਜਾਤ ਵਿਚੋਂ ਹੈ। ਮੋਦੀ ਅਤੇ ਉਨ੍ਹਾਂ ਦੀ ਘਰ ਵਾਲ਼ੀ ਨੇ ਅੱਲ੍ਹੜ ਉਮਰੇ ਇਕ-ਦੂਜੇ ਨਾਲ਼, ਆਪਣੇ ਭਾਈਚਾਰੇ ਦੀਆਂ ਰਵਾਇਤਾਂ ਦੀ ਪਾਲਣਾ ਕਰਨ ਦਾ ਕੌਲ ਕੀਤਾ ਸੀ। ਉਨ੍ਹਾਂ ਦਾ ਵਿਆਹ ਬਹੁਤ ਹੀ ਸਾਦ-ਮੁਰਾਦੀਆਂ ਜਿਹੀਆਂ ਰਸਮਾਂ ਨਾਲ਼ ਕੀਤਾ ਗਿਆ ਸੀ ਤੇ ਉਸ ਵੇਲ਼ੇ ਮੋਦੀ ਦੀ ਉਮਰ 18 ਸਾਲਾਂ ਦੀ ਸੀ ਜਦੋਂ ਕਿ ਜਸ਼ੋਦਾ ਬੇਨ ਅਜੇ 17 ਵਰ੍ਹਿਆਂ ਦੀ ਹੀ ਸੀ।
‘ਨਰਿੰਦਰ ਮੋਦੀ: ਦ ਮੈਨ, ਦ ਟਾਈਮਜ਼’ (ਨਰਿੰਦਰ ਮੋਦੀ: ਮਨੁੱਖ ਅਤੇ ਸਮਾਂ) ਨਾਂ ਦੀ ਕਿਤਾਬ ਦੇ ਲੇਖਕ ਨੀਲੰਜਨ ਮੁਖੋਪਾਧਿਆਇ ਦਾ ਕਹਿਣ ਹੈ, ‘ਉਹ ਬਹੁਤ ਹੀ ਨਿਆਣਾ ਸੀ। ਵਿਆਹ ਦੀਆਂ ਰਸਮਾਂ ਦੀ ਸਹੀ ਕਿਸਮ ਬਾਰੇ ਤਾਂ ਸਾਨੂੰ ਇਲਮ ਨਹੀਂ ਹੈ ਕਿਉਂ ਕਿ ਇਸ ਬਾਰੇ ਪੁੱਛੇ ਜਾਣ ’ਤੇ ਕੋਈ ਵੀ ਕੁੱਝ ਦੱਸਣ ਲਈ ਰਾਜ਼ੀ ਨਹੀਂ ਸੀ। ਇਹੋ ਜਿਹੀ ਕੋਈ ਤਾਂ ਰਸਮ ਹੋਵੇਗੀ ਹੀ, ਜਿਸ ਜ਼ਰੀਏ ਉਨ੍ਹਾਂ ਨੂੰ ਪਤੀ-ਪਤਨੀ ਤਾਂ ਐਲਾਨਿਆ ਗਿਆ ਹੋਵੇਗਾ, ਪਰ ਦੋਹਾਂ ਨੂੰ ਇਕੱਠੇ ਰਹਿਣ ਤੋਂ ਵਰਜ ਦਿੱਤਾ ਗਿਆ ਹੋਵੇਗਾ। ਮੋਦੀ ਪਰਿਵਾਰ ਦਾ ਕਹਿਣ ਹੈ ਕਿ ਉਹ ਕਦੇ ਵੀ ਇਕੱਠੇ ਨਹੀਂ ਰਹੇ।’
ਭਾਰਤ ਵਿਚ ਬਾਲ-ਵਿਆਹ ਨਜਾਇਜ਼ ਹੋਣ ਦੇ ਬਾਵਜੂਦ ਹੁੰਦੇ ਰਹੇ ਹਨ ਤੇ ਅੱਜ ਵੀ ਹੁੰਦੇ ਹਨ। ਬਚਪਨ ਵਿਚ ਹੀ ਵਿਆਹੀਆਂ ਜਾਂਦੀਆਂ ਇਕ ਤਿਹਾਈ ਤੋਂ ਵੱਧ ਔਰਤਾਂ ਭਾਰਤ ਵਿਚ ਹੀ ਹਨ। ‘ਯੂਨਾਈਟਿਡ ਨੇਸ਼ਨ ਚਿਲਡਰਨ’ਜ਼ ਫੰਡ’ ਮੁਤਾਬਕ ਇਹੋ ਜਿਹੀਆਂ ਔਰਤਾਂ ਦੀ ਗਿਣਤੀ ਦੋ ਕਰੋੜ ਚਾਲ਼ੀ ਲੱਖ ਹੈ। ਮੁਖੋਪਾਧਿਆਇ ਦਾ ਹੀ ਕਹਿਣ ਹੈ ਕਿ ਵਿਆਹ ਤੋਂ ਕੁੱਝ ਸਮਾਂ ਹੀ ਮਗਰੋਂ ਨਰਿੰਦਰ ਮੋਦੀ ਆਪਣੇ ਮੌਰੀਂ ਚੁੱਕਣ ਵਾਲ਼ੇ ਝੋਲ਼ੇ ਵਿਚ ਕੁੱਝ ਕੱਪੜੇ ਪਾ ਕੇ ਹਿਮਾਲਾ ਪਹਾੜ ਵੱਲ਼ ਘੁੰਮਣ ਨਿੱਕਲ ਗਏ ਸਨ। ਪੱਕੇ ਹਿੰਦੂ ਹੁੰਦਿਆਂ, ਮੋਦੀ ਧਾਰਮਕ ਜੀਵਨ ਬਸਰ ਕਰ ਰਹੇ ਸਨ ਕਿ ਉਨ੍ਹਾਂ ਨੂੰ ‘ਰਾਸ਼ਟਰੀਯ ਸਵਯਮਸੇਵਕ ਸੰਘ’ (ਆਰ. ਐੱਸ. ਐੱਸ.) ਵਿਚ ਇਕ ਵਾਲੰਟੀਅਰ ਜਾਂ ‘ਪ੍ਰਚਾਰਕ’ ਵਜੋਂ ਕੰਮ ਕਰਨ ਲਈ ਗੁਜਰਾਤ ਮੁੜਨਾ ਪੈ ਗਿਆ। ਨੌਜੁਆਨ ਵਰਕਰਾਂ ਤੇ ਪ੍ਰਚਾਰਕਾਂ ਨੂੰ ਆਮ ਤੌਰ ’ਤੇ ਵਿਆਹ ਕਰਾਉਣ ਜਾਂ ਨੇੜਲੇ ਪਰਿਵਾਰਕ ਰਿਸ਼ਤੇ ਰੱਖਣ ਤੋਂ ਨਿਰਉਤਸ਼ਾਹਤ ਹੀ ਕੀਤਾ ਜਾਂਦਾ ਹੈ। ਮੁਖੋਪਾਧਿਆਇ ਦੇ ਕਹਿਣ ਮੁਤਾਬਕ, ‘ਮੋਦੀ ਆਪਣੇ ਵਿਆਹੇ ਹੋਣ ਦਾ ਲੁਕਾਅ ਰੱਖਦਿਆਂ ‘ਆਰ. ਐੱਸ. ਐੱਸ.’ ਵਿਚ ਸ਼ਾਮਲ ਹੋ ਗਏ। ਜੇ ਉਹ ਇਸ ਤਰ੍ਹਾਂ ਨਾ ਕਰਦੇ ਤਾਂ ਉਹ ਪ੍ਰਚਾਰਕ ਨਹੀਂ ਬਣ ਸਕਦੇ ਸਨ। ਉਨ੍ਹਾਂ ਲਈ ਕੁਆਰਾ ਹੋਣਾ ਜ਼ਰੂਰੀ ਸੀ।’
ਇਸ ਤਰ੍ਹਾਂ ਮੋਦੀ ਕਦੇ ਵੀ ਆਪਣੀ ਪਤਨੀ ਕੋਲ ਨਾ ਜਾ ਸਕੇ ਤੇ ਨਾ ਹੀ ਉਸ ਨੂੰ ਤਲਾਕ ਦੇ ਸਕੇ। ਇਸ ਦੌਰਾਨ ਉਹ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣ ਗਏ। ਉਨ੍ਹਾਂ ਨੇ ਜਨਤਕ ਤੌਰ ’ਤੇ ਕਦੇ ਵੀ ਆਪਣੀ ਘਰ ਵਾਲ਼ੀ ਦਾ ਨਾਂ-ਭੋਗ ਵੀ ਨਹੀਂ ਪਾਇਆ। ਜਿਹੜੇ ਪੱਤਰਕਾਰਾਂ ਨੇ ਉਨ੍ਹਾਂ ਦੇ ਵਿਆਹੇ ਹੋਣ ਦਾ ਖ਼ੁਰਾ ਨੱਪ ਲਿਆ ਹੈ, ਉਨ੍ਹਾਂ ਨੂੰ ਨਿੱਜੀ ਤੌਰ ’ਤੇ ਕਹਿ ਦਿੱਤਾ ਜਾਂਦਾ ਹੈ ਕਿ ਉਹ ਇਸ ਸਬੰਧ ਵਿਚ ਕੋਈ ਸੁਆਲ ਨਾ ਹੀ ਪੁੱਛਣ ਤਾਂ ਚੰਗਾ ਹੈ।
ਜਸ਼ੋਦਾ ਬੇਨ ਮੋਦੀ ਨੂੰ ਆਪਣੇ ਪਤੀ ਦੇ ਦਰਸ਼ਨ ਕਰਨੇ ਇਕੋ ਵਾਰ ਨਸੀਬ ਹੋਏ ਤੇ ਉਹ ਵੀ ਜਦੋਂ ਉਹ ਮੁੱਖ ਮੰਤਰੀ ਸੀ। ਮੋਦੀ ਦੇ ਸਾਲ਼ੇ ਅਸ਼ੋਕ ਮੋਦੀ ਦੇ ਦੱਸਣ ਮੁਤਾਬਕ, ਉਨ੍ਹਾਂ ਦੇ ਜੀਜਾ ਜੀ ਸਥਾਨਕ ਮੰਦਰ ਵਿਚ ਇਕ ਸਮਾਗਮ ਦੇ ਸਬੰਧ ਵਿਚ ਤਸ਼ਰੀਫ਼ ਲਿਆਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਜਸ਼ੋਦਾ ਬੇਨ ਮੋਦੀ ਉੱਤਰੀ ਗੁਜਰਾਤ ਵਿਚ ‘ਉਨਜਾ’ ਨਾਂ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਆਪਣੇ ਭਰਾ ਨਾਲ਼ ਰਹਿੰਦੀ ਹੈ। ਉਸ ਦੇ ਭਰਾ ਨੇ ਦਸਿਆ ਕਿ ਉਹ ਦੇਵੀ ਦੇ ਮੰਦਰ ਵਿਚ ਪ੍ਰਾਰਥਨਾ ਕਰਨ ਆਏ ਸਨ। ਜਸ਼ੋਦਾ ਨੇ ਉਨ੍ਹਾਂ ਵੱਲ ਤੇ ਉਨ੍ਹਾਂ ਨੇ ਜਸ਼ੋਦਾ ਵੱਲ ਇਕ ਵਾਰ ਦੇਖਿਆ ਜ਼ਰੂਰ ਸੀ, ਪਰ ਉਨ੍ਹਾਂ ਨੇ ਆਪਸ ਵਿਚ ਇਕ ਸ਼ਬਦ ਵੀ ਸਾਂਝਾ ਨਹੀਂ ਕੀਤਾ ਸੀ। ਇਹ ‘ਮੁਲਾਕਾਤ’ ਮਸਾਂ 5 ਸਕਿੰਟ ਦੀ ਹੀ ਸੀ।
ਮੋਦੀ ਨੇ ਇਕੋ ਵਾਰ ਹਕੀਕੀ ਤੌਰ ’ਤੇ ਆਪਣੀ ਘਰ ਵਾਲ਼ੀ ਦਾ ਵਜੂਦ ਕਬੂਲਿਆ ਸੀ ਤੇ ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਉਮੀਦਵਾਰੀ ਲਈ ਵੜੋਦਰਾ ਤੋਂ ਕਾਗ਼ਜ਼ ਭਰੇ ਸਨ। ਉਸ ਵੇਲ਼ੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਅੱਲ੍ਹੜ ਵਰੇਸੇ ਹੀ ਕਰ ਦਿੱਤਾ ਗਿਆ ਸੀ। ਪਰਿਵਾਰ ਦੇ ਜੀਆਂ ਨੇ ਇਹ ਵੀ ਕਿਹਾ ਸੀ ਕਿ ਇਹ ਵਿਆਹ ਕਰ ਤਾਂ ਦਿੱਤਾ ਗਿਆ ਸੀ, ਪਰ ਇਹ ਵਿਆਹ ਕਦੇ ਵੀ ਪ੍ਰਵਾਨ ਨਹੀਂ ਚੜ੍ਹਿਆ ਸੀ।
ਪਾਰਲੀਮੈਂਟ ਦੀ ਚੋਣ ਦੌਰਾਨ ਜਸ਼ੋਦਾ ਬੇਨ ਕੁੱਝ ਸਮੇਂ ਲਈ ਲਾਪਤਾ ਹੋ ਗਈ ਸੀ। ਉਸ ਵੇਲ਼ੇ ਕਿਹਾ ਗਿਆ ਸੀ ਕਿ ਉਹ ਆਪਣੇ ਪਤੀ ਦੇ ਮਾਣ ਵਿਚ ‘ਨੰਗੇ ਪੈਰੀਂ ਯਾਤਰਾ ਉੱਤੇ ਨਿੱਕਲ ਗਈ’ ਸੀ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣ ਗਏ ਸਨ ਤਾਂ ਉਨ੍ਹਾਂ ਦੀ ਘਰ ਵਾਲ਼ੀ ਨੂੰ ਸਰਕਾਰੀ ਸੁਰੱਖਿਆ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ। ਉਹ ਆਪ ਤਾਂ ਆਟੋ ਰਿਕਸ਼ਿਆਂ ਜਾਂ ਬੱਸਾਂ ਵਿਚ ਜਾਂਦੀ ਹੁੰਦੀ ਸੀ ਜਦੋਂ ਕਿ ਇਕ ਕਾਰ ਵਿਚ ਸਵਾਰ ਕੁੱਝ ਗਾਰਡ ਉਨ੍ਹਾਂ ਦੇ ਪਿੱਛੇ-ਪਿੱਛੇ ਹੁੰਦੇ ਸਨ। ਜਦੋਂ ਉਹ ਆਪਣੇ ਮਿੱਤਰਾਂ-ਸੱਜਣਾਂ ਜਾਂ ਰਿਸ਼ਤਦਾਰਾਂ ਦੇ ਜਾਇਆ ਕਰਦੀ ਸੀ ਤਾਂ ਉਸ ਦੇ ਮੇਜ਼ਬਾਨਾਂ ਨੂੰ ਉਸ ਦੇ ਗਾਰਡਾਂ ਦੀ ਸੇਵਾ ਵੀ ਕਰਨੀ ਪੈਂਦੀ ਹੁੰਦੀ ਸੀ। ਜਸ਼ੋਦਾ ਬੇਨ ਦੇ ਭਰਾ ਅਸ਼ੋਕ ਮੋਦੀ ਦਾ ਕਹਿਣ ਹੈ, ‘ਅਜਿਹੇ ਮੌਕਿਆਂ ’ਤੇ ਮੇਰੀ ਭੈਣ ਤਾਂ ਬੱਸਾਂ, ਗੱਡੀਆਂ ਅਤੇ ਆਟੋ ਰਿਕਸ਼ਿਆਂ ਵਿਚ ਧੱਕੇ ਖਾਂਦੀ ਜਦੋਂ ਕਿ ਉਸ ਦੇ ਰਾਖੇ, ਏਅਰਕੰਡੀਸ਼ਨਡ ਕਾਰ ਵਿਚ ਜਾਂਦੇ ਹੁੰਦੇ ਸਨ। ਇਹ ਕਿਹੋ ਜਿਹਾ ਇਨਸਾਫ਼ ਸੀ? ਕੀ ਪ੍ਰਧਾਨ ਮੰਤਰੀ ਦੀ ਪਤਨੀ ਕੋਲ ਕਾਰ ਨਹੀਂ ਹੋਣੀ ਚਾਹੀਦੀ?’
ਪਿਛਲੇ ਸਾਲ ਨਵੰਬਰ ਵਿਚ ਜਸ਼ੋਦਾ ਬੇਨ ਮੋਦੀ ਨੇ ਸਰਕਾਰ ਨੂੰ, ਸੂਚਨਾ ਕਾਨੂੰਨ ਤਹਿਤ ਦਰਖ਼ਾਸਤ ਦੇ ਕੇ ਇਹ ਦੱਸਣ ਦੀ ਮੰਗ ਕੀਤੀ ਸੀ ਕਿ ਉਸ ਨੂੰ ਸੁਰੱਖਿਆ ਗਾਰਡ ਦੇਣ ਦੀ ‘ਮਿਹਰਬਾਨੀ’ ਕਿਸ ਨੇ ਕੀਤੀ ਹੈ ਤੇ ਇਨ੍ਹਾਂ ਗਾਰਡਾਂ ਦੀਆਂ ਡਿਊਟੀਜ਼ ਕੀ-ਕੀ ਹਨ। ਇਸ ਦਰਖ਼ਾਸਤ ਵਿਚ ਉਸ ਨੇ ਇਹ ਵੀ ਲਿਖਿਆ ਸੀ ਕਿ ਉਸ ਨੂੰ ਇਨ੍ਹਾਂ ਰਾਖਿਆਂ ਤੋਂ ‘ਡਰ ਲੱਗਦਾ’ ਰਹਿੰਦਾ ਹੈ। ਉਸ ਹਲਫ਼ੀਆ ਦਰਖ਼ਾਸਤ ਵਿਚ ਉਸ ਨੇ ਇਹ ਵੀ ਕਿਹਾ ਹੋਇਆ ਸੀ, ‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਤਨੀ ਹਾਂ, ਪਰ ਸੁਰੱਖਿਆ ਮੁਲਾਜ਼ਮ ਮੈਨੂੰ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਓ-ਭਗਤ ਓਦਾਂ ਹੀ ਕੀਤੀ ਜਾਵੇ, ਜਿੱਦਾਂ ਪ੍ਰਾਹੁਣਿਆਂ ਦੀ ਕੀਤੀ ਜਾਂਦੀ ਹੈ। ਇਹ ਸ਼ਰਤ ਕਿਸ ਕਾਨੂੰਨ ਤਹਿਤ ਹੈ ਜਾਂ ਪ੍ਰੋਟੋਕੋਲ ਵਿਚ ਇਹ ਸਭ ਕੁੱਝ ਕਿੱਥੇ ਦਰਜ ਹੈ?’
ਇਕ ਵਾਰ ਪੁਲੀਸ ਨੇ ਉਸ ਦੀ ਇਸ ਦਰਖ਼ਾਸਤ ਦਾ ਜੁਆਬ ਦਿੱਤਾ ਕਿ ਸੁਰੱਖਿਆ ਦੇਣ ਦਾ ਹੁਕਮ, ਉਸ ਖੁਫੀਆ ਸੇਵਾ ਦੇ ਸਥਾਨਕ ਦਫ਼ਤਰ ਵੱਲੋਂ ਦਿੱਤਾ ਹੋਇਆ ਹੈ, ਜੋ ਸੂਚਨਾ ਕਾਨੂੰਨ ਦੇ ਦਾਇਰੇ ਵਿਚ ਨਹੀਂ ਆਉਂਦੀ।”
ਮੁੱਕਦੀ ਗੱਲ ਇਹ ਹੈ ਕਿ ਜਸ਼ੋਦਾ ਬੇਨ, ਜੋ ਇਕ ਸਾਬਕਾ ਅਧਿਆਪਕਾ ਵਜੋਂ ਉਸ ਨੂੰ ਮਿਲਦੀ ਪੈਨਸ਼ਨ ਨਾਲ਼ ਜੂਨ-ਗੁਜ਼ਾਰਾ ਕਰ ਰਹੀ ਹੈ, ਭਜਨ-ਬੰਦਗ਼ੀ ਵਿਚ ਸਮਾਂ ਬਿਤਾਉਂਦੀ ਹੈ, ਦਿਨੋ-ਦਿਨ ਨਿਰਾਸ਼ਾ ਵਿਚ ਗ਼ਰਕ ਹੋ ਰਹੀ ਹੈ ਤੇ ਉਸ ਦੇ ਪੇਕੇ ਉਸ ਨੂੰ ਇਹ ਕਹਿ-ਕਹਿ ਕੇ ਹੌਸਲਾ ਦਿੰਦੇ ਰਹਿੰਦੇ ਹਨ ਕਿ ਉਹ ‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀ’ ਜਾਰੀ ਰੱਖੇ ਤਾਂ ਕਿ ਉਸ ਦਾ ‘ਚੰਨ ਗਲ਼ੀ ਨਾ ਭੁੱਲ ਜਾਵੇ’ ਯਾਨੀ ‘ਵੋਹ ਸੁਬਹਾ ਕਭੀ ਤੋ ਆਏਗੀ।’
ਇਹ ਤਾਂ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਘਰ ਵਾਲ਼ੀ ਜਸ਼ੋਦਾ ਬੇਨ, ਬਰਾਕ ਓਬਾਮਾ ਵੱਲੋਂ ਭਾਰਤ ਦਾ ਦੌਰਾ ਕਰਨ ਦੌਰਾਨ ਕੀ ਸੋਚਦੀ ਰਹੀ ਹੈ। ਆਓ, ਰਤਾ ਕੁ ਹੋਰ ਬਾਹਰ ਨਿੱਕਲ ਕੇ ਦੇਖੀਏ ਕਿ ਹੋਰ ਦੇਸ਼ ਵਾਸੀ ਇਸ ਦੌਰੇ ਬਾਰੇ ਕੀ ਸੋਚਦੇ/ ਮਹਿਸੂਸਦੇ ਰਹੇ ਹਨ। ਇਸ ਸਬੰਧ ਵਿਚ ਵੀ ਅਸੀਂ ‘ਵਾਸ਼ਿੰਗਟਨ ਪੋਸਟ’ ਦੀ ਹੀ ਉਸ ਰਿਪੋਰਟ ਦਾ ਹਵਾਲਾ ਦੇਣਾ ਚਾਹਾਂਗੇ, ਜੋ ਇਸ ਦੀਆਂ ਪੱਤਰਕਾਰਾਵਾਂ ਰਾਮਾ ਲਕਸ਼ਮੀ ਅਤੇ ਐਨੀ ਗੋਵੇਨ ਨੇ ਆਪਣੇ ਅਖ਼ਬਾਰ ਨੂੰ ਭੇਜੀ ਹੈ।
ਇਸ ਰਿਪੋਰਟ ਮੁਤਾਬਕ, ਜੈਪੁਰ ਦੇ ਟਰੈਫਿਕ ਪੋਲੀਸਮੈਨ ਉਮਰਾਓ ਸਿੰਘ ਦਾ ਇਸ ਸਬੰਧ ਵਿਚ ਇਹ ਕਹਿਣ ਹੈ, “ਇਹ ਦੌਰਾ ਧਨ ਅਤੇ ਤਾਕਤ ਅਜਾਈਂ ਗੁਆਉਣ ਦੇ ਤੁੱਲ ਹੀ ਹੈ। ਦਿੱਲੀ ਵਿਚ ਸੁਰੱਖਿਆ ਦੇ ਨਾਂ ’ਤੇ ਇੰਨਾ ਤਾਮ-ਝਾਮ ਅਤੇ ਉੱਪਰੋਂ ਆਵਾਜਾਈ ਵਿਚ ਅੜਿੱਕੇ। ਮੈਨੂੰ ਇਸ ਦੌਰੇ ਵਿਚੋਂ ਕੁੱਝ ਵੀ ਨਿੱਕਲਦਾ ਨਹੀਂ ਦਿਸਦਾ।”
ਜੈਪੁਰ ਦੀ ਹੀ ਵਿਦਿਆਰਥਣ ਨੀਤਾ ਲਾਲਵਾਨੀ ਨੇ ਇਹ ਕਿਹਾ, “ਓਬਾਮਾ ਦੀ ਇਸ ਫੇਰੀ ਦਾ ਬਹੁਤਾ ਹੀ ਰੌਲ਼ਾ ਹੈ, ਜਿੱਦਾਂ ਇਹ, ਭਾਰਤ ਲਈ ਬਹੁਤ ਹੀ ਅਹਿਮ ਹੋਵੇ। ਇਸ ਵਿਚੋਂ ਕੀ ਨਿੱਕਲੇਗਾ ਕਿਸੇ ਨੂੰ ਕੋਈ ਇਲਮ ਨਹੀਂ।”
ਜੈਪੁਰ ਵਿਚ ਹੀ ਇਲੈਕਟਰੀਸ਼ੀਅਨ ਵਜੋਂ ਸਿਖਲਾਈ ਪ੍ਰਾਪਤ ਕਰ ਰਹੇ 19 ਸਾਲਾ ਸੱਦਾਮ ਹੁਸੈਨ ਦਾ ਇਹ ਕਹਿਣ ਹੈ, “ਓਬਾਮਾ ਨੂੰ ਚਾਹੀਦਾ ਹੈ ਕਿ ਬਹੁਤ ਸਾਰੀਆਂ ਅਮਰੀਕੀ ਫੈਕਟਰੀਆਂ ਆਪਣੇ ਨਾਲ਼ ਲੈ ਆਵੇ। ਭਾਰਤ ਵਿਚ ਮੇਰੇ ਵਰਗੇ ਲੋਕਾਂ ਲਈ ਬਹੁਤ ਸਾਰੇ ਰੁਜ਼ਗ਼ਾਰ ਹੋਣੇ ਚਾਹੀਦੇ ਹਨ।”
ਚੌਵੀ ਸਾਲਾ ਆਟੋ ਰਿਕਸ਼ਾ ਡਰਾਈਵਰ ਸ਼ੱਬੀਰ ਖ਼ਾਨ ਦਾ ਇਸ ਬਾਰੇ ਇਹ ਕਹਿਣ ਹੈ, “ਮੈਂ ਟੀਵੀ ਉੱਤੇ ਦੇਖਿਆ ਕਿ ਓਬਾਮਾ, ਭਾਰਤ ਲਈ ਵਿਕਾਸ ਲੈ ਕੇ ਆਉਣਗੇ। ਹੁਣ ਇਹ ਗੱਲ ਤਾਂ ਸਮਾਂ ਹੀ ਦੱਸੇਗਾ ਕਿ ਇਹ ਵਾਅਦੇ ਨਿਭਾਏ ਜਾਂਦੇ ਹਨ ਜਾਂ ਲਾਰੇ ਹੀ ਰਹਿ ਜਾਂਦੇ ਹਨ। ਅਸੀਂ ਬੜੇ ਹੀ ਚਿਰਾਂ ਤੋਂ ਚੰਗੀਆਂ ਸੜਕਾਂ ਅਤੇ ਬਿਜਲੀ ਉਡੀਕੀ ਜਾ ਰਹੇ ਹਾਂ।”
ਸੱਠ ਸਾਲਾ ਵਪਾਰੀ ਆਰ. ਕੇ. ਪੋਦਾਰ ਨੇ ਕਿਹਾ, “ਓਬਾਮਾ ਵੱਲੋਂ ਭਾਰਤ ਦਾ ਦੌਰਾ ਕਰਨ ਤੋਂ ਇਹ ਇਲਮ ਹੁੰਦਾ ਹੈ ਕਿ ਅਮਰੀਕਾ, ਭਾਰਤ ਨੂੰ ਇਸ ਖਿੱਤੇ ਵਿਚ ਇਕ ਤਾਕਤ ਮੰਨਦਾ ਹੈ। ਅਮਰੀਕਾ ਵਾਲ਼ਿਆਂ ਨੂੰ ਸਾਡੀ ਲੋੜ ਹੈ।”
ਰਾਮ ਅਵਤਾਰ ਟੈਕਸੀ ਡਰਾਈਵਰ ਇਹ ਕਹਿੰਦਾ ਹੈ, “ਮੈਨੂੰ ਕੋਈ ਆਸ ਨਹੀਂ ਹੈ। ਓਬਾਮਾ ਪਹਿਲਾਂ ਵੀ ਆਇਆ ਸੀ ਤੇ ਉਦੋਂ ਵੀ ਇਸ ਨੇ ਬਹੁਤ ਵਾਅਦੇ ਕੀਤੇ ਸਨ। ਭਾਰਤ ਵਿਚ ਕੋਈ ਫ਼ਰਕ ਨਹੀਂ ਪਿਆ।”
ਚੰਡੀਗੜ੍ਹ ਦਾ ਫੈਸ਼ਨ ਫੋਟੋਗ੍ਰਾਫ਼ਰ ਵਿਜਯ ਰੌਏ ਕਹਿੰਦਾ ਹੈ, “ਇਹ ਸਭ ਕੁੱਝ ਅਮਰੀਕਾ ਅਤੇ ਭਾਰਤ ਲਈ ਚੰਗਾ ਹੈ। ਬਾਕੀ ਆਪਾਂ ਤਾਂ ਮਿਛੇਲ ਓਬਾਮਾ ਦੇ ਸਾੜ੍ਹੀ ਲੱਗੀ ਦੇਖਣ ਦੇ ਚਾਹਵਾਨ ਹਾਂ! ਉਸ ਦੀ ਜਿਲਦ ਬਹੁਤ ਸੁੰਦਰ ਹੈ, ਭਾਰਤੀ ਜਿਲਦ ਵਾਂਗ ਸਾਂਵਲੀ ਤੇ ਕੂਲ਼ੀ। ਸਾੜ੍ਹੀ ਵਿਚ ਉਹ ਬਹੁਤੀ ਹੀ ਜਚੇਗੀ।”
ਚੰਡੀਗੜ੍ਹ ਦੇ 45 ਸਾਲਾ ਜਾਇਦਾਦ ਵਪਾਰੀ ਅਮਰਦੀਪ ਸਿੰਘ ਦਾ, ਓਬਾਮਾ ਦੇ ਭਾਰਤ ਦੌਰੇ ਸਬੰਧੀ ਇਹ ਕਹਿਣ ਹੈ, “ਇਹ ਦੌਰਾ ਭਾਰਤੀ ਅਰਥਚਾਰੇ ਲਈ ਬਹੁਤ ਵਧੀਆ ਹੈ। ਹੁਣ ਜਹਾਨ ਭਰ ਦੇ ਮੁਲਕ ਇੱਥੇ ਆ ਰਹੇ ਹਨ। ਜਿੱਥੋਂ ਤਕ ਬੌਧਿਕ ਵਿਕਾਸ ਅਤੇ ਆਰਥਕ ਸਮਰੱਥਾ ਦਾ ਸਬੰਧ ਹੈ, ਭਾਰਤ ਕੋਲ ਬਹੁਤ ਸਾਰੀ ਸਮਰੱਥਾ ਹੈ। ਓਬਾਮਾ ਦੀ ਫੇਰੀ ਨਾ ਸਿਰਫ਼ ਅਰਥਚਾਰੇ ਨੂੰ ਪਸਾਰੇਗੀ, ਸਗੋਂ ਇਸ ਨਾਲ਼ ਭਾਰਤ ਅਤੇ ਅਮਰੀਕਾ ਦੇ ਸਬੰਧ ਵੀ ਸੁਧਰਨਗੇ।”
ਨਵੀਂ ਦਿੱਲੀ ਦੀ 33 ਸਾਲਾ ਵਕੀਲ ਸ਼ਿਖਾ ਵਿੱਜ ਦਾ ਕਹਿਣ ਹੈ, “ਮੇਰਾ ਖ਼ਿਆਲ ਏ ਕਿ ਓਬਾਮਾ ਦੀ ਹਿੰਦ ਫੇਰੀ ਨਾਲ਼ ਦੋਹਾਂ ਮੁਲਕਾਂ ਦੇ ਆਪਸੀ ਸਬੰਧ ਸੁਧਰਨਗੇ। ਓਬਾਮਾ ਨੂੰ ਇੱਥੇ ਸਾਰੇ ਹੀ ਜਾਣਦੇ ਹਨ। ਇੱਥੇ ਜੇ ਤੁਸੀਂ ਕਿਸੇ ਆਟੋ ਰਿਕਸ਼ਾ ਡਰਾਈਵਰ ਨੂੰ ਵੀ ਪੁੱਛ ਲਓ ਕਿ ਓਬਾਮਾ ਕੌਣ ਏ, ਉਹ ਜਾਣਦਾ ਹੋਵੇਗਾ।”
ਨਵੀਂ ਦਿੱਲੀ ਵਿਚ ਬਰਾਕ ਓਬਾਮਾ ਨੂੰ ਸਲਾਮੀ ਦੇਣ ਵਾਲ਼ੇ ਸਾਂਝੇ ਫੌਜੀ ਦਸਤੇ ਨੂੰ ਕਮਾਨ ਦੇਣ ਵਾਲ਼ੀ ਪਹਿਲੀ ਅਫ਼ਸਰਨੀ ਬਣਨ ਵਾਲ਼ੀ ਪੂਜਾ ਠਾਕਰ ਓਬਾਮਾ ਨਾਲ਼ ਪਏ ਇਸ ਵਾਹ ਬਾਰੇ ਕਿੱਦਾਂ ਮਹਿਸੂਸ ਕਰਦੀ ਹੈ ਜਾਂ ਉਸ ਨੇ ਇਸ ਬਾਰੇ ਰੀਡੈੱਫ ਡਾਟ ਕਾਮ ਦੀ ਰਿਪੋਰਟਰ ਅਰਚਨਾ ਮਸੀਹ ਨੂੰ ਕੀ ਦੱਸਿਆ ਹੈ, ਆਓ ਪਤਾ ਕਰੀਏ। ਵਿੰਗ ਕਮਾਂਡਰ ਪੂਜਾ ਠਾਕਰ ਦਾ ਕਹਿਣ ਹੈ, “ਉਹ ਪਲ ਮੇਰੇ ਲਈ ਅਤੇ ਭਾਰਤੀ ਹਵਾਈ ਫੌਜ ਲਈ ਬਹੁਤ ਮਾਣ ਵਾਲ਼ੇ ਸਨ, ਜਦੋਂ ਮੈਂ ਇੰਟਰ ਸਰਵਿਸਿਜ਼ ਗਾਰਡ ਔਫ ਆਨਰ ਨੂੰ ਅਗਵਾਈ ਦਿੱਤੀ।” ਉਸ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਟੈਲੀਵਿਜਨ ਚੈਨਲਾਂ ਨੂੰ ਇੰਟਰਵਿਊਜ਼ ਦੇਣ ਦੌਰਾਨ ਫੋਨ ਰਾਹੀਂ ਇਹ ਜਾਣਕਾਰੀ ਦਿੱਤੀ। ਉਹ ਰਾਜਸਥਾਨ ਦੇ ਇਕ ਫੌਜੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਉਸ ਦਿਨ ਉਸ ਦੇ ਰੁਝੇਵੇਂ ਇੰਨੇ ਜ਼ਿਆਦਾ ਸਨ ਕਿ ਉਹ ਆਪਣੇ ਮਾਪਿਆਂ ਨੂੰ ਵੀ ਇਸ ਸਬੰਧ ਵਿਚ ਫੋਨ ਨਾ ਕਰ ਸਕੀ।
ਉਹ ਦੱਸਦੀ ਹੈ ਕਿ ਉਸ ਨੂੰ ਛੇ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਲਾਮੀ ਦੇਣ ਵਾਲ਼ੇ ਦਸਤੇ ਦੀ ਅਗਵਾਈ ਕਰਨੀ ਹੈ। ਉਹ, ਓਬਾਮਾ ਦੇ ਪਹੁੰਚਣ ਤੋਂ ਦੋ ਘੰਟੇ ਪਹਿਲਾਂ ਹੀ ਰਾਸ਼ਟਰਪਤੀ ਭਵਨ ਪਹੁੰਚੀ ਸੀ। ਇਕ ਸੁਆਲ ਦੇ ਜੁਆਬ ਵਿਚ ਪੂਜਾ ਠਾਕਰ ਨੇ ਕਿਹਾ ਕਿ ਉਹ ਉਸ ਮੌਕੇ ਘਬਰਾਈ ਬਿਲਕੁਲ ਨਹੀਂ ਸੀ ਕਿਉਂ ਕਿ ਪ੍ਰੇਡਾਂ ਤੇ ਇਸ ਤਰ੍ਹਾਂ ਦੀਆਂ ਰਸਮਾਂ ਫੌਜੀ ਜੀਵਨ ਦਾ ਹਿੱਸਾ ਹੀ ਹੁੰਦੀਆਂ ਹਨ।ਤੇਰਾਂ ਸਾਲਾਂ ਦੀ ਸਰਵਿਸ ਕਰਨ ਮਗਰੋਂ ਇਹ ਅਫ਼ਸਰਨੀ ਅੱਜ-ਕੱਲ੍ਹ ਭਾਰਤੀ ਹਵਾਈ ਫੌਜ ਦੇ ਪ੍ਰਚਾਰ ਸੈੱਲ ਵਿਚ ਤਾਇਨਾਤ ਹੈ। ਉਸ ਨੇ ਅੰਤ ਵਿਚ ਕਿਹਾ, “ਮੈਨੂੰ ਆਸ ਹੈ ਕਿ ਹੋਰ ਔਰਤਾਂ ਭਾਰਤੀ ਹਵਾਈ ਫੌਜ ਵਿਚ ਭਰਤੀ ਹੋਣ ਦੀ ਪ੍ਰੇਰਨਾ ਲੈਣਗੀਆਂ।”#
