ਕੌਮਨ ਮੈਨ ਤਾਂ ਹੈ ਪਰ ਉਸ ਦਾ ਸਿਰਜਕ ਨਹੀਂ ਰਿਹਾ
ਬਖ਼ਸ਼ਿੰਦਰ
E-mail: bababax@gmail.com , Cell Phone :+1-778-378-9669
ਕਾਰਟੂਨਿਸਟ ਆਰ. ਕੇ. ਲਕਸ਼ਮਨ, 94 ਸਾਲ ਦੀ ਉਮਰ ਵਿਚ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਇਕ ਸਤਰ ਵਿਚ ਗੱਲ ਨਿਬੇੜਨੀ ਹੋਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਲਕਸ਼ਮਨ ਇਸ ਜਹਾਨ ਦੇ ਸ਼ਾਇਦ ਪਹਿਲੇ ਮਨੁੱਖ ਸਨ, ਜਿਨ੍ਹਾਂ ਨੇ ਇਕ ਹੋਰ ਮਨੁੱਖ ਨੂੰ ਜਨਮ ਦਿੱਤਾ ਸੀ। ਕਿਸੇ ਮਨੁੱਖ ਨੂੰ ਜਨਮ ਤਾਂ ਸ਼ਾਇਦ ਕੋਈ ਹੋਰ ਮਨੁੱਖ ਵੀ ਦੇ ਦੇਵੇ, ਪਰ ਲਕਸ਼ਮਨ ਨੇ ਤਾਂ ਉਸ ਮਨੁੱਖ ਦੀ ਤਕਦੀਰ ਵੀ ਲਿਖ ਦਿੱਤੀ ਸੀ ਤੇ ਉਸ ਨੂੰ ਸਦਾ ਲਈ ‘ਕੌਮਨ ਮੈਨ’ ਯਾਨੀ ‘ਆਮ ਆਦਮੀ’ ਬਣਾ ਛੱਡਿਆ ਸੀ। ਲਕਸ਼ਮਨ ਕੁੱਝ ਅਰਸੇ ਤੋਂ ਬਿਮਾਰ ਸਨ ਅਤੇ ਉਹ 17 ਜਨਵਰੀ ਤੋਂ ਬਹੁਤ ਨਾਜ਼ਕ ਹਾਲਤ ਵਿਚ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿਚ ਦਾਖ਼ਲ ਸਨ। 26 ਜਨਵਰੀ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਪਿਸ਼ਾਬ ਨਲ਼ੀ ਵਿਚ ਇਨਫੈਕਸ਼ਨ ਸੀ ਤੇ ਲੱਗਦਾ ਸੀ ਕਿ ਉਨ੍ਹਾਂ ਦੇ ਗੁਰਦੇ ਉਨ੍ਹਾਂ ਸਾਥ ਦੇਣਾ ਛੱਡ ਰਹੇ ਸਨ।
ਸ਼ਾਇਦ ਕੁੱਝ ਲੋਕਾਂ ਨੂੰ ਪਤਾ ਹੀ ਹੋਵੇ ਕਿ ਲਕਸ਼ਮਨ, ਭਾਰਤੀ ਟੈਲੀਵਿਜਨ ਦੇ ਬਹੁਤ ਹੀ ਮਕਬੂਲ ਰਹੇ ਲੜੀਵਾਰ ‘ਮਾਲਗੁਡੀ ਡੇਜ਼’ ਦੇ ਲੇਖਕ ਆਰ. ਕੇ. ਨਰਾਇਣਨ ਦੇ ਛੋਟੇ ਭਰਾ ਸਨ, ਪਰ ਉਨ੍ਹਾਂ ਦਾ ਆਪਣੇ ਵੱਡੇ ਭਰਾ ਨੂੰ ਮਸ਼ਹੂਰ ਕਰਨ ਵਿਚ ਵੱਡਾ ਯੋਗਦਾਨ ਸੀ। ਉਨ੍ਹਾਂ ਦਾ ਜਨਮ 24 ਅਕਤੂਬਰ, 1921 ਨੂੰ ਮੈਸੂਰ ਵਿਚ ਹੋਇਆ ਸੀ। ਉਹ ਇਕ ਹੈੱਡ ਮਾਸਟਰ ਦੇ ਛੇ ਪੁੱਤਾਂ ਵਿਚੋਂ ਸਭ ਤੋਂ ਛੋਟੇ ਸਨ ਤੇ ਉਨ੍ਹਾਂ ਦੀਆਂ ਦੋ ਭੈਣਾਂ ਵੀ ਸਨ। ਕਈ ਵਰ੍ਹੇ ਪਹਿਲਾਂ ਸੁਚੇਤਾ ਦਲਾਲ ਅਤੇ ਦੇਬਾਸ਼ੀਸ ਬਾਸੂ ਨੇ ਆਰ. ਕੇ. ਲਕਸ਼ਮਨ ਯਾਨੀ ਰਾਸੀਪੁਰਮ ਕ੍ਰਿਸ਼ਨਾਸਵਾਮੀ ਨਾਲ਼ ਇਕ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗ਼ੀ ਦੇ ਕੁੱਝ ਦਿਲਚਸਪ ਪਹਿਲੂ ਬੇਨਕਾਬ ਕੀਤੇ ਸਨ।
ਅਸੀਂ ਵੀ ਲਕਸ਼ਮਨ ਦੀ ਜ਼ਿੰਦਗ਼ੀ ਦੇ ਕੁੱਝ ਖ਼ਾਸ-ਖ਼ਾਸ ਪਹਿਲੂ ਹੀ ਆਪਣੇ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਹੀਲਾ ਕਰਨ ਲੱਗੇ ਹਾਂ। ‘ਟਾਈਮਜ਼ ਆਫ ਇੰਡੀਆ’ ਵਿਚ ਉਨ੍ਹਾਂ ਦੀ ਮੌਜੂਦਗੀ ਬਹੁਤ ਹੀ ਭੇਤਭਰੀ ਜਿਹੀ ਹੁੰਦੀ ਸੀ। ਜਦੋਂ ਉਹ ਕੰਮ ’ਤੇ ਹੁੰਦੇ ਸੀ ਤਾਂ ਉਨ੍ਹਾਂ ਦਾ ਧਿਆਨ ਕੰਮ ਤੋਂ ਲਾਂਭੇ ਕਰਨਾ ਬਹੁਤ ਔਖਾ ਹੁੰਦਾ ਸੀ। ਉਨ੍ਹਾਂ ਨੂੰ ਮਿਲਣ ਵੇਲ਼ੇ ਇਹ ਫੈਸਲਾ ਵੀ ਉਹੀ ਕਰਿਆ ਕਰਦੇ ਸਨ ਕਿ ਕੌਣ ਬੋਲੇਗਾ ਤੇ ਕੌਣ ਸੁਣੇਗਾ। ਉਨ੍ਹ੍ਹ੍ਹਾਂ ਦੀ ਅੱਖ ਇੰਨੀ ਪਾਰਖ਼ੂ ਤੇ ਤੇਜ਼ ਸੀ ਕਿ ਉਹ ਕਿਸੇ ਨੂੰ ਦੇਖ-ਤਾੜ ਕੇ ਅਗਲੇ ਹੀ ਪਲ ਉਸ ਦੀ ਸਾਂਗ ਲਾ ਦਿੰਦੇ ਹੁੰਦੇ ਸਨ ਤੇ ਉਹ ਵੀ ਇੰਨ-ਬਿੰਨ! ਉਹ ਜਹਾਨ ਭਰ ਵਿਚ ਸਿਆਸਤਦਾਨਾਂ ਨੂੰ ਮਿਲਣ ਤੋਂ ਬਾਅਦ ਆਪਣੇ ਦਫ਼ਤਰ ਵਿਚ ਉਨ੍ਹਾਂ ਦੀਆਂ ਸਾਂਗਾਂ ਲਾ-ਲਾ ਆਪਣੇ ਸਾਥੀਆਂ ਨੂੰ ਹਸਾ-ਹਸਾ ਕੇ ਥਕਾ ਸੁੱਟਦੇ।
ਲਕਸ਼ਮਨ ਨੂੰ ਨਾ ਕਦੇ ਅਕਲਮੰਦ ਹੋਣ ਦਾ ਘੁਮੰਡ ਹੋਇਆ ਸੀ, ਨਾ ਹੀ ਕਦੇ ਉਨ੍ਹਾਂ ਨੇ ਕਦੇ ਝੂਠੀ ਸ਼ਰਮ ਦਾ ਪਾਖੰਡ ਰਚਿਆ ਸੀ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਮੁਤਾਬਕ ਵਧੀਆ ਕਾਰਟੂਨਿਸਟ ਕੌਣ ਹੈ ਤਾਂ ਉਨ੍ਹਾਂ ਦਾ ਜੁਆਬ ਸੀ, “ਮੈਂ।” ਇਸ ਦੇ ਨਾਲ਼ ਹੀ ਉਨ੍ਹਾਂ ਨੇ ਇਹ ਵੀ ਕਿਹਾ, “ਹਰ ਕਾਰਟੂਨਿਸਟ ਸੋਚਦਾ ਹੈ ਕਿ ਉਹੀ ਵਧੀਆ ਹੈ।” ਜਿੰਨਾ ਲੋਕ ਉਨ੍ਹਾਂ ਦੇ ‘ਕੌਮਨ ਮੈਨ’ ਬਾਰੇ ਬਹੁਤਾ ਜਾਣਦੇ ਹਨ, ਉੱਨਾ ਹੀ ਉਹ ਇਸ ਬਾਰੇ ਘੱਟ ਜਾਣਦੇ ਹਨ ਕਿ ਉਨ੍ਹਾਂ ਨੂੰ ਕਾਂ ਬਹੁਤ ਹੀ ਚੰਗੇ ਲੱਗਦੇ ਹੁੰਦੇ ਸਨ। ਕਾਂਵਾਂ ਦੇ ਕਾਲ਼ੇ ਰੰਗ ਵੱਲ ਉਨ੍ਹਾਂ ਦੀ ਦੀਵਾਨਗੀ ਦਾ ਇਹ ਹਾਲ ਸੀ ਕਿ ਉਨ੍ਹਾਂ ਦੀਆਂ ਪਤਲੂਣਾਂ ਕਾਲੀਆਂ, ਬੁਸ਼ਰਟਾਂ ਚਿੱਟੀਆਂ ਤੇ ਅੰਬੈਸਡਰ ਕਾਰ ਦਾ ਰੰਗ ਕਾਲ਼ਾ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤਾਂ ਫਿਰ ਉਹ ਮੈਸੂਰ ਦੇ ਜੰਮ-ਪਲ ਹਨ, ਉਨ੍ਹਾਂ ਨੇ ਕਿਹਾ, “ਜੀ ਹਾਂ, ਮੈਂ ਮੈਸੂਰ ਵਿਚ ਜੰਮਿਆ ਸਾਂ। ਸਾਡਾ ਟੱਬਰ ਬਹੁਤ ਵੱਡਾ ਸੀ। ਮੈਂ ਪੰਜ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ। ਮੇਰੇ ਸਾਰੇ ਭੈਣ-ਭਰਾ ਬਹੁਤ ਹੀ ਪ੍ਰਤਿਭਾਸ਼ਾਲੀ ਸਨ। ਮੇਰੇ ਪਿਤਾ ਜੀ ਇਕ ਸਕੂਲ ਦੇ ਹੈੱਡ ਮਾਸਟਰ ਸਨ। ਉਸ ਵੇਲ਼ੇ ਹੈੱਡ ਮਾਸਟਰ ਬਹੁਤ ਵੱਡਾ ਬੰਦਾ ਸਮਝਿਆ ਜਾਂਦਾ ਸੀ। ਮੇਰੇ ਪਿਤਾ ਜੀ ਤਾਂ ਓਦਾਂ ਵੀ ਬਹੁਤ ਸਖ਼ਤ ਅਤੇ ਜ਼ਬਤਪ੍ਰਸਤ ਸਨ। ਮੈਂ ਉਨ੍ਹਾਂ ਤੋਂ ਬਹੁਤ ਡਰਦਾ ਹੁੰਦਾ ਸਾਂ। ਮੈਨੂੰ ਮੇਰੀ ਮਾਂ ਬੜੀ ਚੰਗੀ ਲੱਗਦੀ ਹੁੰਦੀ ਸੀ। ਉਹ ਹਮੇਸ਼ਾ ਮੁਸਕਰਾਉਂਦੀ ਤੇ ਹਸੂੰ-ਹਸੂੰ ਕਰਦੀ ਰਹਿੰਦੀ। ਉਸ ਨੂੰ ਬੜੀਆਂ ਹੀ ਬਾਤਾਂ ਯਾਦ ਸਨ। ਉਹ ਟੈਨਿਸ ਅਤੇ ਸ਼ਤਰੰਜ ਦੀ ਖਿਡਾਰਨ ਸੀ ਤੇ ਕਦੇ ਵੀ ਕਿਸੇ ਤੋਂ ਹਾਰੀ ਨਹੀਂ ਸੀ। ਉਹ ਬਿੱ੍ਰਜ ਅਤੇ ਬੈਡਮਿੰਟਨ ਵੀ ਵਧੀਆ ਖੇਡਦੀ ਹੁੰਦੀ ਸੀ। ਬੱਸ ਉਸ ਨੂੰ ਨਹੀਂ ਆਉਂਦੀ ਸੀ ਤਾਂ ਅੰਗਰੇਜ਼ੀ ਹੀ ਨਹੀਂ ਆਉਂਦੀ ਹੁੰਦੀ ਸੀ।ਉਹ ਸੱਸ ਬਣ ਕੇ ਵੀ ਰਵਾਇਤੀ ਸੱਸ ਨਹੀਂ ਸੀ ਕਿਉਂ ਕਿ ਉਹ ਆਪਣੀਆਂ ਨੂੰਹਾਂ ਨਾਲ਼ ਤਾਸ਼ ਖੇਡਦੀ ਰਹਿੰਦੀ ਸੀ।”
ਖੇਡਾਂ ਵਿਚ ਦਿਲਚਸਪੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ, “ਮੈਂ ਸ਼ਤਰੰਜ ਤੇ ਟੈਨਿਸ ਖੇਡਦਾ ਹੁੰਦਾ ਸਾਂ। ਹਾਂ, ਕ੍ਰਿਕਟ ਤਾਂ ਹਰ ਬੱਚਾ ਖੇਡਦਾ ਹੈ। ਮੈਂ ਵੀ ਖੇਡਦਾ ਸਾਂ। ਸਾਡੀ ਟੀਮ ਦਾ ਨਾਂ ‘ਦ ਰੱਫ ਐਂਡ ਟੱਫ ਐਂਡ ਜੌਲੀ ਟੀਮ’ ਸੀ। (ਇਹ ਟੀਮ ਦਾ ਜ਼ਿਕਰ ਹੀ ਲਕਸ਼ਮਨ ਦੇ ਭਰਾ ਆਰ. ਕੇ. ਨਾਰਾਇਣਨ ਨੇ ਆਪਣੀ ਕਹਾਣੀ ‘ਦ ਰੀਗਲ ਕ੍ਰਿਕਟ ਟੀਮ’ ਵਿਚ ਕੀਤਾ ਸੀ) ਮੈਨੂੰ ਕ੍ਰਿਕਟ ਚੰਗੀ ਨਹੀਂ ਲੱਗਦੀ। ਮੈਂ ਮੁੰਡਪੁਣੇ ਦੀ ਉਮਰ ਵਿਚ ਹੀ ਇਹ ਖੇਡ ਛੱਡ ਦਿੱਤੀ ਸੀ।”
ਉਨ੍ਹਾਂ ਨੂੰ ਕਦੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਕਾਰਟੂਨ ਬਣਾਉਣੇ ਹੀ ਚੰਗੇ ਲੱਗਦੇ ਹਨ, ਦੇ ਜੁਆਬ ਵਿਚ ਉਨ੍ਹਾਂ ਨੇ ਕਿਹਾ, “ਮੈਂ ਤਾਂ ਆਰਟਿਸਟ ਬਣਨਾ ਚਾਹੁੰਦਾ ਸਾਂ। ਮੈਂ ਬਹੁਤ ਛੋਟੀ ਉਮਰੇ ਹੀ ਤਸਵੀਰਾਂ ਬਣਾਉਣ ਲੱਗ ਪਿਆ ਸੀ। ਫੇਰ ਮੈਂ ਸਕੂਲ ਤੇ ਕਾਲਜ ਵਿਚ ਵੀ ਤਸਵੀਰਾਂ ਬਣਾਉਣੀਆਂ ਨਾ ਛੱਡੀਆਂ। ਮੈਂ ‘ਐੱਸ. ਐੱਸ. ਸੀ.’ ਦੇ ਇਮਤਿਹਾਨ ਵਿਚੋਂ ਫੇਲ੍ਹ ਹੋ ਗਿਆ ਤਾਂ ਮੈਂ ‘ਜੇ ਜੇ ਸਕੂਲ ਆਫ ਆਰਟਸ’ ਵਿਚ ਦਾਖ਼ਲਾ ਲੈਣਾ ਚਾਹਿਆ, ਪਰ ਸਕੂਲ ਵਾਲ਼ਿਆਂ ਨੇ ਮੇਰੀ ਦਰਖ਼ਾਸਤ ਉੱਤੇ ‘ਤੇਰੇ ਵਿਚ ਕੋਈ ਪ੍ਰਤਿਭਾ ਨਹੀਂ ਦਿਸਦੀ, ਜਿਸ ਕਰ ਕੇ ਅਸੀਂ ਤੈਨੂੰ ਦਾਖ਼ਲਾ ਨਹੀਂ ਦੇ ਸਕਦੇ,’ ਲਿਖ ਕੇ ਦਰਖ਼ਾਸਤ ਮੋੜ ਦਿੱਤੀ। ਉਨ੍ਹਾਂ ਨੂੰ ਮੇਰੀ ਦਰਖ਼ਾਸਤ ਨਾਲ਼ ਨੱਥੀ ਕੀਤੀਆਂ ਕੁੱਝ ਡਰਾਇੰਗਜ਼ ਵੀ ਨਹੀਂ ਜਚੀਆਂ ਸਨ। ਫੇਰ ਮੈਂ ‘ਮਹਾਰਾਜਾ ਕਾਲਜ ਆਫ ਮੈਸੂਰ’ ਵਿਚ ਫਿਲਾਸਫੀ, ਅਰਥ ਸ਼ਾਸਤਰ ਅਤੇ ਸਿਆਸੀ ਸ਼ਾਸਤਰ ਦੀ ਪੜ੍ਹਾਈ ਕੀਤੀ ਕਿਉਂ ਕਿ ਮੈਨੂੰ ਪਲੈਟੋ, ਅਰਸਤੂ ਅਤੇ ਸੁਕਰਾਤ ਬਹੁਤ ਚੰਗੇ ਲੱਗਦੇ ਹੁੰਦੇ ਸੀ। ਇਸ ਦੌਰਾਨ ਹੀ ਮੈਂ ਆਪਣੀ ਪ੍ਰਤਿਭਾ ਨਿਖ਼ਾਰਦਾ ਰਿਹਾ। ਮੈਂ ਹਰ ਰੋਜ਼ ਬਜ਼ਾਰ ਵਿਚ ਬੈਠ ਕੇ ਆਉਂਦੇ-ਜਾਂਦੇ ਅਤੇ ਸੌਦਾ-ਪੱਤਾ ਖਰੀਦਦੇ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਰਹਿੰਦਾ। ਇਸ ਅਭਿਆਸ ਨੇ ਮੈਨੂੰ ਕਲਾ ਦੇ ਕਈ ਸਕੂਲਾਂ ਨਾਲੋਂ ਵੱਧ ਮੱਦਦ ਦਿੱਤੀ। ਮੈਂ ਤਾਂ ਤਿੰਨ ਸਾਲਾਂ ਦੀ ਉਮਰੇ ਹੀ ਰੰਗ-ਬੁਰਸ਼ ਚੁੱਕ ਲਏ ਸਨ। ਮੈਂ ਆਪਣੇ ਘਰ ਦੀ ਫ਼ਰਸ਼ ਉੱਤੇ, ਕੰਧਾਂ ਉੱਤੇ ਅਤੇ ਹੋਰ ਜਿੱਥੇ ਕਿਤੇ ਵੀ ਥਾਂ ਮਿਲਦੀ, ਤਸਵੀਰਾਂ ਵਾਹੁੰਦਾ ਰਹਿੰਦਾ। ਚੰਗੀ ਕਿਸਮਤ ਨੂੰ ਮੇਰੇ ਮਾਪੇ ਉਨ੍ਹੀਂ ਦਿਨੀਂ ਬਹੁਤ ਸਹਿਣਸ਼ੀਲ ਸਨ। ਮੈਂ, ਜੋ ਵੀ ਦਿਸਦਾ, ਉਸ ਦੀ ਡਰਾਇੰਗ ਕਰ ਦਿੰਦਾ। ਚੀਜ਼ਾਂ ਦੀ ਵੀ ਤੇ ਲੋਕਾਂ ਦੀ ਵੀ।
“ਕੱਲ੍ਹ ਮੈਨੂੰ ਕਿਸੇ ਨੇ ਫੋਨ ਕਰ ਕੇ ਪੁੱਛਿਆ, ‘ਕੋਈ ਕਾਰਟੂਨਿਸਟ ਕਿੱਦਾਂ ਬਣ ਸਕਦਾ ਹੈ?’ ਮੈਂ ਕਿਹਾ, ਇਹ ਦੱਸਣਾ ਬਹੁਤ ਹੀ ਨਾਮੁਮਕਿਨ ਹੈ ਕਿ ਕਾਰਟੂਨਿਸਟ ਕਿੱਦਾਂ ਬਣੀਦੈ। ਤੁਹਾਡੇ ਵਿਚ ਉਸੇ ਤਰ੍ਹਾਂ ਜਮਾਂਦਰੂ ਹੀ ਕਾਰਟੂਨਿਸਟ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿਸੇ ਵਿਚ ਗਾਇਕ ਹੁੰਦਾ ਹੈ। ਤੁਸੀਂ ਕਿਸੇ ਨੂੰ ਗਾਇਕ ਬਣਨ ਦਾ ਢੰਗ ਵੀ ਨਹੀਂ ਦੱਸ ਸਕਦੇ। ਗਾਉਣਾ ਵੀ ਕੁਦਰਤ ਵੱਲੋਂ ਆਪੇ ਹੀ ਆਉਂਦਾ ਹੈ। ਇਸੇ ਤਰ੍ਹਾਂ ਕਾਰਟੂਨ ਬਣਾਉਣ ਦੀ ਕਲਾ ਅਤੇ ਚਿੱਤਰਕਲਾ ਵੀ ਤੁਹਾਡੇ ਅੰਦਰ ਹੀ ਹੁੰਦੀਆਂ ਹਨ। ਜੇ ਤੁਹਾਡੇ ਅੰਦਰ ਕਲਾ ਹੈ ਤਾਂ ਉਸ ਨੂੰ ਸੁਧਾਰਿਆ/ ਤਰਾਸ਼ਿਆ ਜਾ ਸਕਦਾ ਹੈ। ਤੁਹਾਡੇ ਅੰਦਰ ਹਾਸ-ਵਿਅੰਗ ਹੋਣਾ ਚਾਹੀਦਾ ਹੈ, ਤੁਹਾਨੂੰ ਲਕੀਰਾਂ ਵਾਹੁਣੀਆਂ ਆਉਣੀਆਂ ਚਾਹੀਦੀਆਂ ਹਨ ਤੇ ਤੁਹਾਡੇ ਕੋਲ ਠੋਸ ਵਿਦਿਅਕ ਆਧਾਰ ਹੋਣਾ ਚਾਹੀਦਾ ਹੈ। ਜੇ ਇਹ ਤਿੰਨੇ ਹੀ ਚੀਜ਼ਾਂ ਤੁਹਾਡੇ ਕੋਲ ਨਹੀਂ ਹਨ ਤਾਂ ਤੁਸੀਂ ਕਾਰਟੂਨਿਸਟ ਨਹੀਂ ਬਣ ਸਕਦੇ।”
ਲਕਸ਼ਮਨ ਨੇ ਕਹਾਣੀਆਂ ਨਾਲ਼ ਚਿੱਤਰ ਬਣਾਉਣੇ ਕਦੋਂ ਸ਼ੁਰੂ ਕੀਤੇ? ਇਸ ਦੇ ਜੁਆਬ ਵਿਚ ਉਹ ਦੱਸਦੇ ਹਨ, “ਜਦੋਂ ਮੇਰੇ ਭਰਾ ਨੇ ਮੇਰੀਆਂ ਬਣਾਈਆਂ ਹੋਈਆਂ ਤਸਵੀਰਾਂ ਦੇਖੀਆਂ ਤਾਂ ਉਨ੍ਹਾਂ ਨੇ ਮੈਨੂੰ ਆਪਣੀਆਂ ਕਹਾਣੀਆਂ ਦੇ ਚਿੱਤਰ ਬਣਾਉਣ ਲਈ ਕਿਹਾ। ਮੈਂ ਬਹੁਤ ਛੋਟੀ ਉਮਰੇ ਹੀ, ਅਖ਼ਬਾਰ ‘ਦ ਹਿੰਦੂ’ ਵਿਚ ਛਪਣ ਲਈ ਭੇਜੀਆਂ ਜਾਣ ਵਾਲ਼ੀਆਂ, ਆਪਣੇ ਭਰਾ ਦੀਆਂ ਸਾਰੀਆਂ ਕਹਾਣੀਆਂ ਦੇ ਚਿੱਤਰ ਬਣਾਇਆ ਕਰਦਾ ਸਾਂ। ਕਾਰਟੂਨ ਬਣਾਉਣ ਦਾ ਸਿਲਸਿਲਾ ਚੀਜ਼ਾਂ ਵੱਲ ਗ਼ੌਰ ਨਾਲ਼ ਦੇਖਣ ਤੋਂ ਸ਼ੁਰੂ ਹੋਇਆ। ‘ਮਾਈ ਮੈਗਜ਼ੀਨ’ ਅਤੇ ‘ਕੋਰਾਵਨਜੀ’ ਨਾਂ ਦੇ ਹਾਸ-ਵਿਅੰਗੀ ਰਸਾਲਿਆਂ ਵਾਲ਼ਿਆਂ ਨੇ ਮੈਨੂੰ ਕੁੱਝ ਲੋਕਾਂ ਦੇ ‘ਕੈਰੀਕੇਚਰ’ ਬਣਾਉਣ ਲਈ ਕਿਹਾ। ਇਸ ਤਰ੍ਹਾਂ ਮੈਂ ਨਿਆਣੀ ਉਮਰੇ ਹੀ ਕਮਾਊ ਹੋ ਗਿਆ। ਕੁੱਝ ਸਮੇਂ ਮਗਰੋਂ ਹੋਰ ਪਰਚਿਆਂ/ ਅਖ਼ਬਾਰਾਂ ਨੇ ਮੈਥੋਂ ਕਾਰਟੂਨ ਮੰਗਣੇ ਸ਼ੁਰੂ ਕਰ ਦਿੱਤੇ। ਉਦੋਂ ਮੈਂ ਮੈਸੂਰ ਵਿਚ ਹੀ ਸਾਂ।
“ਮੇਰੇ ਪਿਤਾ ਜੀ, ‘ਸਟਰੈਂਡ’, ‘ਪੰਚ’, ‘ਟਿਟ-ਬਿਟਸ’ ਅਤੇ ‘ਬਾਇਸਟੈਂਡਰ’ ਵਰਗੇ ਕਈ ਮੈਗਜ਼ੀਨ ਲਿਆਇਆ ਕਰਦੇ ਸਨ। ਮੈਂ ਉਹ ਰਸਾਲੇ ਪੜ੍ਹਦਾ ਹੀ ਨਹੀਂ ਸਾਂ, ਸਗੋਂ ਉਨ੍ਹਾਂ ਵਿਚ ਛਪੇ ਹੋਏ ਕਾਰਟੂਨਾਂ ਦਾ ਆਨੰਦ ਵੀ ਮਾਣਦਾ ਹੁੰਦਾ ਸਾਂ। ਮੈਨੂੰ ਸਰ ਡੇਵਿਡ ਲੋਅ ਦੇ ਬਣਾਏ ਹੋਏ ਤੇ ‘ਦ ਹਿੰਦੂ’ ਅਤੇ ‘ਦ ਈਵਨਿੰਗ ਸਟੈਂਡਰਡ ਆਫ ਇੰਡੀਆ’ ਵਿਚ ਛਪਦੇ ਉਨ੍ਹਾਂ ਦੇ ਕਾਰਟੂਨ ਬਹੁਤ ਚੰਗੇ ਲੱਗਦੇ ਹੁੰਦੇ ਸਨ। ਉਹ ਬਹੁਤ ਹੀ ਕਮਾਲ ਦੇ ਕਾਰਟੂਨਿਸਟ ਤੇ ਇਬਾਰਤਕਾਰ ਸਨ। ਮੈਂ ਬਹੁਤ ਚਿਰ, ਉਨ੍ਹਾਂ ਦੇ ਦਸਤਖ਼ਤ ਕਰਨ ਦੇ ਅੰਦਾਜ਼ ਦੀ ਵਜ੍ਹਾ ਨਾਲ਼, ਉਨ੍ਹਾਂ ਦਾ ਮਗਰਲਾ ਨਾਂ ‘ਲੋਅ’ ਦੀ ਥਾਂ ‘ਕਾਓ’ ਹੀ ਪੜ੍ਹਦਾ ਰਿਹਾ।ਫਿਰ ਬਹੁਤ ਸਮਾਂ ਬਾਅਦ ਮੈਂ, ‘ਟਾਈਮਜ਼ ਆਫ ਇੰਡੀਆ’ ਵਿਚ ਆਪਣੇ ਦਫ਼ਤਰ ਅੰਦਰ ਬੈਠਾ ਸੀ ਕਿ ਉਹ (ਸਰ ਡੇਵਿਡ ਲੋਅ) ਅਚਾਨਕ ਹੀ ਮੇਰੇ ਦਫ਼ਤਰ ਅੰਦਰ ਆ ਵੜੇ। ਉਨ੍ਹਾਂ ਨੂੰ ਦੇਖ ਕੇ ਮੇਰੇ ਤਾਂ ਤੋਤੇ ਉੜ ਗਏ। ਫੇਰ ਮੈਂ ਉਨ੍ਹਾਂ ਨੂੰ ਮੁੰਬਈ ਘੁਮਾਉਣ ਦੀ ਜ਼ਿੰਮੇਵਾਰੀ ਲੈ ਲਈ।
“ਉਨ੍ਹਾਂ ਨੇ ਮੈਨੂੰ ਕਿਹਾ, ‘ਤੂੰ ਲੰਡਨ ਕਿਉਂ ਨਹੀਂ ਆ ਜਾਂਦਾ?’ ਮੈਂ ਦਫ਼ਤਰ ਵਿਚ ਗੱਲ ਕੀਤੀ ਕਿ ਮੈਂ ਲੰਡਨ ਜਾਣਾ ਚਾਹੁੰਦਾ ਹਾਂ ਤੇ ਉਨ੍ਹਾਂ ਨੇ ਮੈਨੂੰ ਇਸ ਦੀ ਇਜਾਜ਼ਤ ਦੇ ਦਿੱਤੀ। ਮੈਂ ਉੱਥੋਂ ਵੀ ਕਾਰਟੂਨ ਬਣਾ ਕੇ ਭੇਜਦਾ ਰਿਹਾ ਤੇ ਉਨ੍ਹਾਂ ਕਾਰਟੂਨਾਂ ਨਾਲ਼ ‘ਅਵਰ ਕਾਰਟੂਨਿਸਟ ਅਬਰੌਡ’ ਯਾਨੀ ‘ਵਿਦੇਸ਼ ਗਏ ਸਾਡੇ ਕਾਰਟੂਨਿਸਟ ਵੱਲੋਂ’ ਛਪਿਆ ਕਰਦਾ ਸੀ। ਮੈਂ ਲੰਡਨ ਵਿਚ ਪਿਕਾਡਿਲੀ ਤੇ ‘ਟਾਈਮਜ਼ ਆਫ ਇੰਡੀਆ’ ਦੇ ਲੋਕਲ ਦਫ਼ਤਰ ਨੇੜੇ ਹੀ ਇਕ ਫਲੈਟ ਲੈ ਕੇ ਉਸ ਵਿਚ ਰਹਿਣ ਲੱਗ ਪਿਆ। ਮੈਂ ਹਰ ਰੋਜ਼ ਸਵੇਰੇ ਪੈਦਲ ਹੀ ਦਫ਼ਤਰ ਚਲੇ ਜਾਣਾ, ਉੱਥੇ ਬਹਿ ਕੇ ਕਾਰਟੂਨ ਬਣਾ-ਭੇਜ ਕੇ ਵਾਪਸ ਆ ਜਾਂਦਾ ਸਾਂ। ਮੈਂ ਸਾਰਾ ਹੀ ਲੰਡਨ ਦੇਖਿਆ। ‘ਕਨਜ਼ਰਵੇਟਿਵ ਪਾਰਟੀ’ ਅਤੇ ‘ਲੇਬਰ ਪਾਰਟੀ’ ਦੀਆਂ ਕਈ ਕਾਨਫ਼ਰੰਸਾਂ ਦੇਖੀਆਂ। ਉੱਥੇ ਕਲੇਮੈਂਟ ਐਟਲੀ ਅਤੇ ਚਰਚਿਲ ਨਾਲ਼ ਮੁਲਾਕਾਤਾਂ ਕੀਤੀਆਂ। ਮੈਂ ਜੇ. ਬੀ. ਪ੍ਰੈਸਲੇ, ਟੀ. ਐੱਸ. ਇਲੀਅਟ ਅਤੇ ਬਰਟਰੈਂਡ ਰੱਸਲ ਨੂੰ ਵੀ ਮਿਲਿਆ। ਮੇਰਾ ਖ਼ਿਆਲ ਨਹੀਂ ਕਿ ਉਦੋਂ ਕਿਸੇ ਨੇ ਇਨ੍ਹਾਂ ਸ਼ਖ਼ਸੀਅਤਾਂ ਨਾਲ਼ ਦੁਆ-ਸਲਾਮ ਕੀਤੀ ਹੋਵੇ।
“ਮੈਂ ਸਰ ਡੇਵਿਡ ਲੋਅ ਨੂੰ ਉਨ੍ਹਾਂ ਦੇ ਘਰ ਮਿਲਣ ਜਾਂਦਾ ਹੁੰਦਾ ਸਾਂ। ਇਹ 1947 ਕੁ ਦੀਆਂ ਗੱਲਾਂ ਹੋਣਗੀਆਂ, ਪਰ ਮੈਨੂੰ ਹਾਲੇ ਵੀ ਕੱਲ੍ਹ ਵਾਂਗ ਚੇਤੇ ਹਨ। ਮੈਂ ਛੇ ਮਹੀਨੇ ਲੰਡਨ ਵਿਚ ਬਿਤਾ ਕੇ ਇਟਲੀ, ਫਰਾਂਸ, ਜਰਮਨੀ ਅਤੇ ਸਪੇਨ ਰਾਹੀਂ ਵਾਪਸ ਆਇਆ ਸਾਂ। ਲੰਡਨ ਦੇ ਇਕ ਉੱਘੇ ਅਖ਼ਬਾਰ ਨੇ ਮੈਨੂੰ ਆਪਣੇ ਲਈ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਮੈਂ ਬਹੁਤ ਸੋਚ-ਵਿਚਾਰ ਕੇ ਉਨ੍ਹਾਂ ਨੂੰ ਜੁਆਬ ਦੇ ਦਿੱਤਾ ਸੀ। ਕਾਰਟੂਨਾਂ ਦੇ ਮਸਾਲੇ ਨਾਲ਼ ਭਾਰਤ ਭਰਿਆ ਪਿਆ ਹੈ। ਇੱਥੋਂ ਦੀ ਸਿਆਸਤ ਕਾਰਟੂਨਾਂ ਦੇ ਕਿਰਦਾਰਾਂ ਅਤੇ ਫੁਰਨਿਆਂ ਲਈ ਬਹੁਤ ਉਪਜਾਊ ਹੈ। ਉਥੇ ਤੁਰੇ-ਫਿਰਦੇ, ਸਲੇਟੀ ਰੰਗੇ ਸੂਟਾਂ ਵਾਲ਼ੇ ਗੋਰੇ ਸਿਆਸਤਦਾਨਾਂ ਵਿਚ ਮਾਸਾ ਵੀ ਕਾਰਟੂਨੀ ਮਾਦਾ ਨਹੀਂ ਦਿਸਿਆ ਸੀ।
“ਉਸ ਤੋਂ ਬਾਅਦ, ਕਿਸਮਤ ਦਾ ਗੇੜ ਹੀ ਸਮਝੋ ਕਿ ਮੈਨੂੰ ਅਮਰੀਕਾ ਵੱਲੋਂ ਸੱਦਾ ਆ ਗਿਆ। ਮੈਂ ਸਾਰਾ ਅਮਰੀਕਾ ਦੇਖਿਆ, ਲੋਕਾਂ ਨੂੰ ਮਿਲਿਆ, ਪਰ ਉਹ ਬਹੁਤ ਹੀ ਖੁਸ਼ਕ ਜਿਹੇ ਸਨ। ਫੇਰ ਪਤਾ ਨਹੀਂ ਕਿਉਂ, ਮੈਨੂੰ ਰੂਸ ਵਾਲ਼ਿਆਂ ਨੇ ਸੱਦ ਲਿਆ। ਉਸ ਤੋਂ ਬਾਅਦ ਚੀਨ ਤੋਂ ਸੱਦਾ ਆ ਗਿਆ। ਮੈਂ ਉਨ੍ਹਾਂ ਪਹਿਲੇ ਲੋਕਾਂ ਵਿਚੋਂ ਸਾਂ, ਜਿਨ੍ਹਾਂ ਨੂੰ ਚੀਨ ਤੋਂ ਬੁਲਾਵਾ ਆਇਆ ਸੀ। ਉੱਥੇ ਬਹੁਤ ਕਿਸਮਾਂ ਦੇ ਲੋਕ ਹਨ ਤੇ ਉਹ ਚੰਗੇ ਵੀ ਹਨ। ਮੈਂ ਚੀਨ ਦੀ ਬੁਲੰਦ ਕੰਧ ਉੱਤੇ ਕਈ ਕਿਲੋ ਮੀਟਰ ਪੈਦਲ ਸਫ਼ਰ ਕੀਤਾ। ਮੈਂ ਸਾਰਾ ਜਹਾਨ ਦੇਖਿਆ, ਪਰ ਮੈਨੂੰ ਭਾਰਤ, ਆਪਣੀ ਕਲਾ ਅਤੇ ਆਪਣੇ ਸਭਿਆਚਾਰ ਨਾਲ਼ ਹੀ ਮੋਹ ਹੈ। ਮੇਰਾ ਭਾਰਤ ਦੇ ਲੋਕਾਂ ਨਾਲ਼ ਪੰਗਾ ਹੋਵੇਗਾ, ਪਰ ਮੈਨੂੰ ਇਹ ਦੇਸ਼ ਬਹੁਤ ਪਸੰਦ ਹੈ।”
ਮੁੰਬਈ ਦੇ ਸਫ਼ਰ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ, “ਮੈਂ ਗਰੈਜੂਏਸ਼ਨ ਕਰਨ ਮਗਰੋਂ ਕੰਮ-ਕਾਰ ਦੀ ਭਾਲ ਵਿਚ ਦਿੱਲੀ ਗਿਆ। ਮੈਂ ‘ਹਿੰਦੁਸਤਾਨ ਟਾਈਮਜ਼’ ਨੂੰ ਦਰਖ਼ਾਸਤ ਭੇਜੀ। ਉਨ੍ਹਾਂ ਨੇ ਮੈਨੂੰ ਕਿਹਾ, ‘ਹਾਲੇ ਤੇਰੀ ਉਮਰ ਛੋਟੀ ਹੈ ਤੇ ਤੈਨੂੰ ਕੰਮ ਦਾ ਤਜਰਬਾ ਵੀ ਨਹੀਂ ਹੈ।’ ਉਦੋਂ ਮੇਰੀ ਉਮਰ ਵੀਹਾਂ ਸਾਲਾਂ ਤੋਂ ਘੱਟ ਹੀ ਹੋਵੇਗੀ। ਫਿਰ ਇਕ ਦਿਨ ਮੈਂ ਟਰੇਨ ਵਿਚ ਬੈਠ ਕੇ ਮੁੰਬਈ ਥਾਣੀਂ ਲੰਘ ਰਿਹਾ ਸਾਂ ਕਿ ਮੈਂ ਉੱਥੇ ਹੀ ਉੱਤਰ ਗਿਆ। ਉੱਥੇ ਕਮਰਾ ਲੈ ਕੇ ਰਹਿਣ ਲੱਗ ਪਿਆ ਤੇ ਇਕ ਦਿਨ ਮੈਂ ਦਲਾਲ ਸਟਰੀਟ ’ਤੇ ਜਾ ਰਿਹਾ ਸਾਂ ਕਿ ਉੱਥੇ ਮੈਨੂੰ ‘ਦ ਫ੍ਰੀ ਪ੍ਰੈੱਸ ਜਰਨਲ’ ਦਾ ਵੱਡਾ ਸਾਰਾ ਬੋਰਡ ਦਿਸਿਆ। ਮੇਰੇ ਨਾਲ਼ ਜਾਂਦਾ ਮੇਰਾ ਦੋਸਤ ਕਹਿਣ ਲੱਗਿਆ, ‘ਔਹ ਦੇਖ, ਐਡੀਟਰ ਅੰਦਰ ਨੂੰ ਜਾ ਰਿਹਾ ਏ।’ ਮੈਂ ਇਕ ਦਮ ਉਨ੍ਹਾਂ ਕੋਲ ਗਿਆ ਤੇ ਮੈਂ ਉਨ੍ਹਾਂ ਤੋਂ ਕੰਮ ਮੰਗ ਲਿਆ। ਉਨ੍ਹਾਂ ਨੇ ਮੈਨੂੰ ਰੱਖ ਵੀ ਲਿਆ। ਮੈਨੂੰ ਬਾਲ ਠਾਕਰੇ (ਜੋ ਉਦੋਂ ਕਾਰਟੂਨਿਸਟ ਹੁੰਦੇ ਸਨ) ਦੇ ਨਾਲ਼ ਬਹਾਇਆ ਗਿਆ। ਉਨ੍ਹਾਂ ਅੰਦਰ ਬਹੁਤ ਜ਼ਿਆਦਾ ਪ੍ਰਤਿਭਾ ਸੀ, ਪਰ ਉਹ ਬਾਅਦ ਵਿਚ ਸਿਆਸਤਦਾਨ ਬਣ ਗਏ ਤੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲੱਗ ਪਏ। ਜਦੋਂ ਤੁਸੀਂ ਕਿਸੇ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਲੱਗਦੇ ਹੋ ਤਾਂ ਤੁਹਾਡੇ ਅੰਦਰਲੀ ਪ੍ਰਤਿਭਾ ਬਰਬਾਦ ਹੋ ਜਾਂਦੀ ਹੈ।# ਬਾਕੀ ਅਗਲੇ ਹਫ਼ਤੇ
