ਸਿਰੇ ’ਤੇ ਗੰਢ-56

‘ਕੌਮਨ ਮੈਨ’ ਤਾਂ ਹੈ ਪਰ ਉਸ ਦਾ ਸਿਰਜਕ ਨਹੀਂ ਰਿਹਾ-2
‘ਹਮੇਂ ਦੇਖਨਾ ਹੈ, ਹਮ ਦੇਖੇਂਗੇ’
ਬਖ਼ਸ਼ਿੰਦਰ
Email : bababax@gmail.com, Cell Phone No. : +1-778-378-9669

(ਲੜੀ ਜੋੜਨ ਲਈ ਪਿਛਲੇ ਹਫ਼ਤੇ ਦਾ ਅੰਕ ਦੇਖੋ)
“ਮੈਂ ਅਜ਼ਾਦੀ ਤੋਂ ਕੁੱਝ ਸਮਾਂ ਬਾਅਦ ਤਕ ‘ਦ ਫ੍ਰੀ ਪ੍ਰੈੱਸ ਜਰਨਲ’ ਵਿਚ ਰਿਹਾ। ਫਿਰ ਸਦਾਨੰਦ (ਸਵਾਮੀਨਾਥ ਸਦਾਨੰਦ, ਜੋ ‘ਦ ਫ੍ਰੀ ਪ੍ਰੈੱਸ ਜਰਨਲ ਮਾਲਕ ਅਤੇ ਐਡੀਟਰ ਸਨ ਤੇ ਜਿਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿਚ ਅਹਿਮ ਰੋਲ ਨਿਭਾਇਆ ਸੀ) ਨੇ ਇਹ ਕਹਿੰਦਿਆਂ ਮੇਰੇ ਕੰਮ ਵਿਚ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ, ‘ਤੂੰ ਇਹ ਦਾ ਕਾਰਟੂਨ ਨਹੀਂ ਬਣਾ ਸਕਦਾ, ਤੂੰ ਔਹ ਦਾ ਕਾਰਟੂਨ ਨਹੀਂ ਬਣਾ ਸਕਦਾ ਕਿਉਂ ਕਿ ਉਹ ਮੇਰੇ ਦੋਸਤ ਹਨ।’ ਮੈਂ ਇਹ ਸਭ ਕੁੱਝ ਬਰਦਾਸ਼ਤ ਨਾ ਕਰ ਸਕਿਆ ਤੇ ਉੱਥੋਂ ਆ ਗਿਆ। ਉਸ ਦਿਨ ਬੱਸਾਂ ਦੀ ਹੜਤਾਲ ਸੀ, ਜਿਸ ਲਈ ਮੈਂ ਉਥੋਂ ਪੈਦਲ ਹੀ ਵਿਕਟੋਰੀਆ ਟਰਮੀਨਸ ਦੇ ਸਾਹਮਣੇ ‘ਟਾਈਮਜ਼ ਆਫ ਇੰਡੀਆ’ ਦੇ ਦਫ਼ਤਰ ਤਕ ਗਿਆ। ਮੈਂ ਉੱਥੇ, ਜਰਮਨ ਆਰਟ ਡਾਇਰੈਕਟਰ ਵਾਲਟਰ ਲੈਂਗਹੈਮਰ ਨੂੰ ਮਿਲਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਲਕਸ਼ਮਨ ਹਾਂ ਤੇ ਮੈਨੂੰ ਕੰਮ ਚਾਹੀਦੈ। ਸੁਣਦਿਆਂ ਹੀ ਉਹ ਬੋਲੇ, ‘ਅੱਛਾ, ਤਾਂ ਤੁਸੀਂ ‘ਦ ਫ੍ਰੀ ਪ੍ਰੈੱਸ ਜਰਨਲ’ ਵਾਲ਼ੇ ਲਕਸ਼ਨ ਹੋ! ਤੁਹਾਡਾ ਕੰਮ ਤਾਂ ਕਮਾਲ ਦਾ ਹੁੰਦੈ।’ ਉਨ੍ਹਾਂ ਨੇ ਮੈਨੂੰ ਕੁੱਝ ਚਿਰ ਉਡੀਕਣ ਲਈ ਕਿਹਾ। ਉਹ ਜਦੋਂ ਮੁੜੇ ਤਾਂ ਉਨ੍ਹਾਂ ਦੇ ਹੱਥ ਵਿਚ ਨਿਯੁਕਤੀ ਪੱਤਰ ਸੀ। ਸੱਠ ਸਾਲ ਤੋਂ ਵੱਧ ਸਮਾਂ ਹੋ ਗਿਐ, ਉਦੋਂ ਤੋਂ ਮੈਂ ਇਸ ਦਫ਼ਤਰ ਵਿਚ ਹਾਂ। ਹੁਣ ਤਾਂ ‘ਕੌਮਨ ਮੈਨ’ ਬਣਾਏ ਨੂੰ ਵੀ 50 ਸਾਲ ਹੋ ਗਏ ਨੇ।” 
‘ਕੌਮਨ ਮੈਨ’ ਦੇ ‘ਜਨਮ’ ਦਾ ਸਬੱਬ ਤੇ ਢੰਗ ਪੁੱਛੇ ਜਾਣ ’ਤੇ ਲਕਸ਼ਮਨ ਨੇ ਕਿਹਾ, “ਟਾਈਮਜ਼ ਵਿਚ ਕੰਮ ਕਰਦਿਆਂ ਇਕ ਦਿਨ ਖ਼ਿਆਲ ਆਇਆ ਕਿ ਭਾਰਤੀ ਲੋਕ ਕਿੰਨੀਆਂ ਕਿਸਮਾਂ ਦੇ ਹਨ-ਪੱਗਾਂ ਵਾਲ਼ੇ, ਦਾਹੜੀਆਂ ਵਾਲ਼ੇ, ਮੁੱਛਾਂ ਵਾਲ਼ੇ, ਦੱਖਣੀ ਭਾਰਤੀ ਤੇ ਉੱਤਰੀ ਭਾਰਤੀ ਵਗ਼ੈਰਾ-ਵਗ਼ੈਰਾ। ਸਾਰੇ ਭਾਰਤੀਆਂ ਵਿਚ ਕੁੱਝ ਵੀ ਸਾਂਝਾ ਨਹੀਂ ਦਿਸਦਾ। ਇਸ ਤਰ੍ਹਾਂ ਮੈਂ ਇਕ ਮਿਥਹਾਸਕ ਕਿਰਦਾਰ ਸਿਰਜਿਆ, ਜਿਹੜਾ ‘ਚਾਰ ਖ਼ਾਨੇ’ ਦਾ ਕੋਟ ਪਾਉਂਦੈ, ਜਿਸ ਦੀਆਂ ਸੰਘਣੀਆਂ ਝਾੜੀਆਂ ਵਰਗੀਆਂ ਮੁੱਛਾਂ ਹਨ, ਆਂਡੇ ਵਰਗਾ ਨੱਕ ਹੈ, ਜਿਸ ਉੱਤੇ ਐਨਕ ਟਿਕੀ ਹੋਈ ਹੈ। ਉਸ ਦਾ ਸਿਰ ਅੱਗਿਉਂ ਗੰਜਾ ਹੈ, ਪਰ ਪਿਛਲੇ ਪਾਸੇ ਚਿੱਟੇ ਵਾਲ਼ਾਂ ਦੀ ਪੱਟੀ ਜਿਹੀ ਹੈ। ਉਸ ਦੇ ਸੰਘਣੇ ਭਰਵੱਟੇ ਹਨ, ਜੋ ਹਮੇਸ਼ਾ ਹੀ ਤਣੇ ਰਹਿੰਦੇ ਹਨ ਕਿਉਂ ਕਿ ਉਹ ਸਦਾ ਹੀ ਭਵੱਤਰਿਆ ਜਿਹਾ ਰਹਿੰਦਾ ਹੈ। ਉਹ ਸਾਰੇ ਭਾਰਤੀਆਂ ਦੀ ਨੁਮਾਇੰਦਗ਼ੀ ਕਰਦਾ ਹੈ ਤੇ ਜ਼ਿੰਦਗ਼ੀ ਭਰ ਕੁੱਝ ਵੀ ਬੋਲੇ ਬਗ਼ੈਰ ਵਿਚਰਦਾ ਹੈ, ਪਰ ਉਹ ਹਰ ਮਨੁੱਖੀ ਸਥਿਤੀ ਦਾ ਹਰ ਵਿਅੰਗ, ਉਲਟ ਫੇਰ ਅਤੇ ਪੁੱਠਾ ਗੇੜ ਦੇਖਦਾ ਤੇ ਮਾਣਦਾ ਹੈ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸਾਰੇ ਪ੍ਰਧਾਨ ਮੰਤਰੀਆਂ ਨਾਲ਼ ਦਿਲਚਸਪ ਸਬੰਧ ਰੱਖਦਿਆਂ, ਉਨ੍ਹਾਂ ਨੇ ਕਿਸ ਦੇ ਸਮੇਂ ਦੌਰਾਨ ਬਹੁਤਾ ਆਨੰਦ ਮਾਣਿਆ, ਉਨ੍ਹਾਂ ਨੇ ਕਿਹਾ, “ਤੁਸੀਂ ਇਸ ਨੂੰ ਆਨੰਦ ਮਾਨਣਾ ਨਹੀਂ ਕਹਿ ਸਕਦੇ। ਕੋਈ ਕਾਰਟੂਨਿਸਟ ਕਿਸੇ ਮਹਾਨ ਬੰਦੇ ਦੀ ਨਹੀਂ, ਸਗੋਂ ਕਿਸੇ ਹਾਸੋਹੀਣੇ ਬੰਦੇ ਦੀ ਸੰਗਤ ਵਧੇਰੇ ਮਾਣ ਸਕਦਾ ਹੈ। ਇਹੋ ਜਿਹਾ ਬੰਦਾ ਸੀ, ਮੋਰਾਰਜੀ ਦੇਸਾਈ ਤੇ ਉਨ੍ਹਾਂ ਦੀਆਂ ਆਦਤਾਂ ਅਤੇ ਪੁੱਠੇ-ਸਿੱਧੇ ਤੌਰ-ਤਰੀਕੇ। ਪੰਡਤ ਨਹਿਰੂ ਨੂੰ ਇਕ ਵਾਰ ਮੈਂ ਪੰਜ ਮਿੰਟ ਲਈ ਮਿਲਣ ਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ਼ ਘੰਟੇ ਤੋਂ ਵੀ ਵੱਧ ਸਮਾਂ ਬਿਤਾਇਆ। ਇੰਦਰਾ ਗਾਂਧੀ ਨਾਲ਼ ਐਮਰਜੈਂਸੀ ਦੌਰਾਨ ਮੇਰਾ ਪੇਚਾ ਪੈ ਗਿਆ ਸੀ। ਮੈਂ ‘ਇੰਡੀਆ ਹੀ ਇੰਦਰਾ ਹੈ ਤੇ ਇੰਦਰਾ ਹੀ ਇੰਡੀਆ ਹੈ’ ਕਹਿਣ ਵਾਲ਼ੇ ਡੀ. ਕੇ. ਬਰੂਆ ਨੂੰ ਇਕ ਕਾਰਟੂਨ ਵਿਚ ‘ਪਰਾਮਬੂਲੇਟਰ’ (ਬੱਚਾ-ਗੱਡੀ) ਵਿਚ ਬੈਠੇ ਦਿਖਾਇਆ ਤਾਂ ਇੰਦਰਾ ਗਾਂਧੀ ਨੇ ਕਿਹਾ, ‘ਇਹ ਬਹੁਤ ਹੀ ਬੇਇੱਜ਼ਤੀ ਵਾਲ਼ੀ ਗੱਲ ਏ।’ ਮੈਂ ਕਿਹਾ, ‘ਕਾਰਟੂਨ ਬੇਇੱਜ਼ਤੀ ਤੇ ਮਖ਼ੌਲ ਦੀ ਕਲਾ ਹੀ ਏ।’ ਉਨ੍ਹਾਂ ਨੇ ਕਿਹਾ, ‘ਨਹੀਂ, ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ।’
“ਜਦੋਂ ਐਮਰਜੈਂਸੀ ਦੌਰਾਨ ਮੇਰੇ, ਆਜ਼ਾਦਾਨਾ ਢੰਗ ਨਾਲ਼ ਕੰਮ ਕਰਨ ਵਿਚ ਅੜਿੱਕੇ ਪਾਏ ਜਾਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਮਿਲਣ ਗਿਆ। ਮੈਂ ਉਨ੍ਹਾਂ ਨੂੰ ਇਹ ਕਹਿਣ ਗਿਆ ਸਾਂ ਕਿ ਮੈਨੂੰ ਆਪਣੇ ਢੰਗ ਨਾਲ਼ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ, ਪਰ ਉਨ੍ਹਾਂ ਨੇ ਕਿਹਾ, ‘ਨਹੀਂ-ਨਹੀਂ, ਕਾਨੂੰਨ ਸਭ ਉੱਤੇ ਲਾਗੂ ਹੁੰਦੈ।’ ਉਨ੍ਹੀਂ ਦਿਨੀਂ ਮੈਂ ਮਾਰੀਸ਼ਸ ਚਲਿਆ ਗਿਆ। ਐਮਰਜੈਂਸੀ ਦੌਰਾਨ ਮੈਂ ਕੋਈ ਕਾਰਟੂਨ ਨਾ ਬਣਾਇਆ। ਇੰਦਰਾ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਤੇ ਮੈਂ ਫਿਰ ਅਜ਼ਾਦ ਸਾਂ। ਰਾਜੀਵ ਸੁਹਣਾ ਹੋਣ ਦੀ ਵਜ੍ਹਾ ਨਾਲ਼ ਮੈਨੂੰ ਉਸ ਦਾ ਕੈਰੀਕੇਚਰ ਬਣਾਉਣ ਵਿਚ ਬਹੁਤ ਦਿੱਕਤ ਆਈ। ਮੈਂ ਉਸ ਦਾ ਚਿਹਰਾ ਵਧੇਰੇ ਗੋਲ਼ ਜਿਹਾ ਬਣਾ ਦਿੱਤਾ ਤੇ ਨੱਕ ਰਤਾ ਕੁ ਉੱਪਰ ਨੂੰ ਚੁੱਕ ਦਿੱਤਾ। ਓਦਾਂ ਮੈਂ ਉਸ ਦੇ ਕਾਰਟੂਨ ਬਣਾਉਣ ਲਈ ਬਹੁਤੀ ਪ੍ਰੇਰਨਾ, ਉਸ ਦੀਆਂ ਹਰਕਤਾਂ ਤੋਂ ਲੈਂਦਾ ਹੁੰਦਾ ਸੀ। ਜਦੋਂ ਉਹ ਮੇਰੀ ਕਿਤਾਬ ‘ਬਰੱਸ਼ ਵਿਦ ਪਾਲਿਟਿਕਸ’ ਰਿਲੀਜ਼ ਕਰਨ ਆਇਆ ਤਾਂ ਉਸ ਨੇ ਮੈਨੂੰ ਕਿਹਾ, ‘ਆਪ ਨੇ ਮੁਝੇ ਮੋਟੂ ਸਾ ਬਨਾ ਦੀਆ ਹੈ।’ ਮੈਂ ਕਿਹਾ, ‘ਹਮੇਂ ਦੇਖਨਾ ਹੈ, ਹਮ ਦੇਖੇਂਗੇ।’  ਕਿਉਂ ਕਿ ਉਹ ਵੀ ਤਾਂ ਹਰ ਵੇਲ਼ੇ ਇਹੋ ਹੀ ਕਹਿੰਦਾ ਹੁੰਦਾ ਸੀ।”
ਇਕ ਮੁਲਾਕਾਤ ਦੌਰਾਨ ਮਾਰਗ੍ਰੈੱਟ ਥੈਚਰ, ਲਕਸ਼ਮਨ ਨੂੰ ‘ਕਾਰਟੂਨ ਬਣਾਉਣ ਲਈ ਬੰਦੇ ਵਿਚ ਆਹ ਹੋਣਾ ਚਾਹੀਦੈ, ਔਹ ਹੋਣਾ ਚਾਹੀਦੈ’ ਦੱਸਣ ਲੱਗੀ ਤਾਂ ਲਕਸ਼ਮਨ ਨੇ ਉਸ ਨੂੰ ਇਹ ਕਿਹਾ, “ਤੁਹਾਨੂੰ ਪ੍ਰਧਾਨ ਮੰਤਰੀ ਹੋਣ ਦੀ ਥਾਂ ਕਾਰਟੂਨਿਸਟ ਹੋਣਾ ਚਾਹੀਦਾ ਸੀ।”
ਉਨ੍ਹਾਂ ਨੂੰ ਕਿਹੜੇ ਲੀਡਰ ਤੋਂ ਕਾਰਟੂਨਾਂ ਲਈ ਸਭ ਤੋਂ ਵਧੀਆ ਮਸਾਲਾ ਮਿਲਿਆ? ਇਸ ਦੇ ਜੁਆਬ ਵਿਚ ਉਨ੍ਹਾਂ ਨੇ ਕਿਹਾ, “ਸਭ ਤੋਂ ਵਧੀਆ ਕਾਰਟੂਨੀ ਮਸਾਲਾ ਮਿਲਦਾ ਰਿਹਾ, ਐੱਚ. ਡੀ. ਦੇਵਗੌੜਾ ਹੁਰਾਂ ਤੋਂ। ਉਨ੍ਹਾਂ ਦਾ ਹਰ ਥਾਂ ਸੌਂ ਜਾਣਾ ਤਾਂ ਕਾਰਟੂਨਾਂ ਦਾ ਢੇਰ ਹੀ ਸੀ। ਇਕ ਵਾਰ ਉਨ੍ਹਾਂ ਨੇ ਮੈਨੂੰ ਮਿਲਣ ਆਉਣ ਦਾ ਸੱਦਾ ਦਿੱਤਾ। ਉਹ, ਉਸ ਮਿਲਣੀ ਦੌਰਾਨ ਵੀ ਬੈਠੇ-ਬੈਠੇ ਸੌਂ ਗਏ। ਮੁਰਾਰਜੀ ਦੇਸਾਈ ਤੋਂ ਵੀ ਮੈਨੂੰ ਕਾਰਟੂਨ ਬਣਾਉਣ ਦੇ ਫੁਰਨੇ ਫੁਰਦੇ ਰਹਿੰਦੇ ਸਨ। ਮੈਂ ਨਸ਼ਾਬੰਦੀ ਦਾ ਵਿਰੋਧੀ ਹਾਂ ਤੇ ਉਨ੍ਹਾਂ ਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗਦੀ ਹੁੰਦੀ ਸੀ। ਉਨ੍ਹਾਂ ਨੇ ਕਿਸੇ ਰਾਹੀਂ ਮੈਨੂੰ ਇਹ ਕਹਾਇਆ ਕਿ ਉਹ ਮੇਰੇ ਵੱਲੋਂ ਆਪਣਾ ਅਤੇ ਆਪਣੇ ਖ਼ਿਆਲਾਂ ਦਾ ਮਖ਼ੌਲ ਉਡਾਇਆ ਜਾਣਾ ਪਸੰਦ ਨਹੀਂ ਕਰਦੇ। ਉਹ ਮੇਰੇ ਨਾਲ਼ ਅਤੇ ਮੇਰੇ ਵੱਲੋਂ ਬਣਾਏ ਜਾਂਦੇ ਕਾਰਟੂਨਾਂ ਨਾਲ਼ ਵੀ ਨਰਾਜ਼ ਸਨ। ਮੁਰਾਰਜੀ ਦੇਸਾਈ ਇਕੱਲੇ ਲੀਡਰ ਸਨ, ਜਿਨ੍ਹਾਂ ਦੀ ਮੇਰੇ ਨਾਲ਼ ਨਹੀਂ ਬਣੀ, ਬਾਕੀ ਸਾਰੇ ਹੀ ਮੈਨੂੰ ਉੱਡ-ਉੱਡ ਮਿਲਦੇ ਹੁੰਦੇ ਸਨ। ਬਹੁਤ ਸਾਰੇ ਲੀਡਰ ਤਾਂ ਮੈਨੂੰ ਇਹ ਵੀ ਕਹਿੰਦੇ ਰਹਿੰਦੇ ਹੁੰਦੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੇ ਕਾਰਟੂਨਾਂ ਵਿਚ ਕਿਉਂ ਨਹੀਂ ਚਿੱਤਰਦਾ! ਕਿਸੇ ਦਾ ਮੇਰੇ ਕਾਰਟੂਨ ਵਿਚ ਚਿੱਤਰਿਆ ਜਾਣਾ ਕਾਫੀ ਮਾਣ ਵਾਲ਼ੀ ਗੱਲ ਸਮਝਿਆ ਜਾਂਦਾ ਹੁੰਦਾ ਸੀ।”
ਅਕਸਰ ਹੀ ਉਨ੍ਹਾਂ ਦੇ ‘ਕੌਮਨ ਮੈਨ’ ਤੋਂ ਬਾਅਦ ਗੱਲ, ਕਾਂਵਾਂ ਨਾਲ਼ ਉਨ੍ਹਾਂ ਦੇ ਮੋਹ ਵੱਲ ਮੁੜਦੀ ਰਹਿੰਦੀ ਸੀ ਤੇ ਇਸ ਗੱਲਬਾਤ ਦੌਰਾਨ ਵੀ ਏਦਾਂ ਹੀ ਹੋਇਆ ਤਾਂ ਉਨ੍ਹਾਂ ਨੇ ਕਿਹਾ, “ਜੀ ਹਾਂ, ‘ਕੌਮਨ ਮੈਨ’ ਮੇਰਾ ਸ਼ਾਹਕਾਰ ਹੈ। ਪੁਣੇ ਦੇ ਸਿੰਬੌਇਸਿਸ ਇੰਸਟੀਚਿਊਟ ਵਿਚ ‘ਕੌਮਨ ਮੈਨ’ ਦਾ ਦਸ ਫੁੱਟ ਉੱਚਾ ਬੁੱਤ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਵੌਰਲੀ (ਮੁੰਬਈ) ਵਿਚ ਵੀ ‘ਕੌਮਨ ਮੈਨ’ ਦਾ ਇਕ ਬੁੱਤ ਲੱਗਿਆ ਹੋਇਆ ਹੈ। ‘ਡੈਕਨ ਏਅਰਵੇਜ਼’, ‘ਕੌਮਨ ਮੈਨ’ ਨੂੰ ਆਪਣੇ ਪ੍ਰਤੀਕ ਵਜੋਂ ਵਰਤਦੀ ਹੈ ਤੇ ਉਸ ਦੇ ਪ੍ਰਬੰਧਕਾਂ ਨੇ ਇਸ ਸਬੰਧ ਵਿਚ ਮੇਰੇ ਕੋਲੋਂ ਹੱਕ ਖਰੀਦੇ ਹੋਏ ਹਨ। ਰਹੀ ਕਾਂਵਾਂ ਦੀ ਗੱਲ, ਕਾਂ ਮੈਨੂੰ ਬਹੁਤ ਚੰਗੇ ਲੱਗਦੇ ਹਨ। ਮੈਂ ਸੈਂਕੜੇ ਕਾਂਵਾਂ ਦੇ ਚਿੱਤਰ ਬਣਾਏ ਹਨ, ਇਕੱਲਿਆਂ-ਇਕੱਲਿਆਂ ਦੇ ਵੀ ਅਤੇ ਉਨ੍ਹਾਂ ਦੇ ਟੋਲਿਆਂ ਦੇ ਵੀ। ਮੈਨੂੰ ਬਚਪਨ ਤੋਂ ਹੀ ਕਾਂ ਬਹੁਤ ਚੰਗੇ ਲੱਗਦੇ ਹਨ। ਮੈਨੂੰ ਉਨ੍ਹਾਂ ਦਾ ਰੰਗ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਦਾ, ਹਰ ਸ਼ੈਅ ਨਾਲੋਂ ਵੱਖਰੇ ਦਿਸਣਾ ਵੀ ਮੈਨੂੰ ਬਹੁਤ ਪਸੰਦ ਹੈ। ਕਾਂ ਬਹੁਤ ਸਿਆਣਾ ਪਰਿੰਦਾ ਹੈ ਤੇ ਉਸ ਦਾ ਆਪਣਾ ਵੱਖਰਾ ਹੀ ਕਿਰਦਾਰ ਹੁੰਦਾ ਹੈ। ਹਕੀਕਤ ਇਹ ਹੈ ਕਿ ‘ਆਮ ਕਾਂ’ ਬਹੁਤ ਹੀ ‘ਖ਼ਾਸ’ ਹੁੰਦਾ ਹੈ। ਭਗਵਾਨ ਗਣੇਸ਼ ਵੀ ਮੇਰੇ ਲਈ ਪ੍ਰੇਰਨਾ ਦੇ ਸ੍ਰੋਤ ਹਨ।”
ਉਨ੍ਹਾਂ ਨੇ ‘ਗੱਟੂ’ ਨਾਂ ਦਾ ਇਕ ਹੋਰ ਕਿਰਦਾਰ ਵੀ ਸਿਰਜਿਆ ਹੋਇਆ ਹੈ। ਉਸ ਬਾਰੇ ਉਨ੍ਹਾਂ ਨੇ ਏਦਾਂ ਦੱਸਿਆ, “ਇਕ ਵਾਰ ‘ਏਸ਼ੀਅਨ ਪੇਂਟਸ’ ਵਾਲ਼ੇ ਮੇਰੇ ਕੋਲ਼ ਆਏ। ਉਨ੍ਹਾਂ ਨੇ ਮੈਨੂੰ ਇਕ ਕਿਰਦਾਰ ਸਿਰਜਣ ਲਈ ਕਿਹਾ ਤੇ ਮੈਂ ‘ਗੱਟੂ’ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਕਈ ਦਹਾਕੇ ‘ਗੱਟੂ’ ਵੱਡੇ-ਵੱਡੇ ਪੋਸਟਰਾਂ ਉੱਤੇ ਬਣਵਾ ਕੇ ਵਰਤਿਆ। ਮੈਂ ‘ਥਾਮਾ’ ਨਾਂ ਦਾ ਇਕ, ਹਾਥੀ ਦਾ ਬੱਚਾ ਅਤੇ ਇਕ ਛੋਟਾ ਜਿਹਾ ਪਰਿੰਦਾ ‘ਗੁਮਚਿੱਕੀ’ ਵੀ ਚਿੱਤਰੇ ਸਨ। ਉਹ ਦੋਵੇਂ ਆਪਸ ਵਿਚ ਨਿੱਘੇ ਮਿੱਤਰ ਸਨ। ਮੇਰੀ ਘਰ ਵਾਲ਼ੀ ਕਮਲਾ ਨੇ, ਜੰਗਲ ਵਿਚ ਉਨ੍ਹਾਂ ਦੇ ਕਾਰਨਾਮਿਆਂ ਦੀਆਂ ਕਹਾਣੀਆਂ ਲਿਖੀਆਂ ਸਨ।”
ਇੱਥੇ ਇਹ ਦੱਸਣਾ ਵੀ ਠੀਕ ਹੀ ਰਹੇਗਾ ਕਿ ਲਕਸ਼ਮਨ ਨੂੰ ਤਾਰੀਖ਼ਾਂ ਬਹੁਤੀਆਂ ਯਾਦ ਨਹੀਂ ਰਹਿੰਦੀਆਂ ਸਨ ਅਤੇ ਉਨ੍ਹਾਂ ਨੇ ਕਦੇ ਘੜੀ ਨਹੀਂ ਲਗਾਈ ਸੀ। ਉਨ੍ਹਾਂ ਦੀ ਘਰ ਵਾਲ਼ੀ ਕਮਲਾ ਬਹੁਤ ਚੇਤਨ ਸੀ ਤੇ ਉਹ ਰੋਜ਼ਾਨਾ ਡਾਇਰੀ ਲਿਖਦੀ ਹੁੰਦੀ ਸੀ। ਕਮਲਾ ਨੇ ਬੱਚਿਆਂ ਲਈ ਕਈ ਕਹਾਣੀਆਂ ਅਤੇ ਸਫ਼ਰਨਾਮੇਂ ਲਿਖੇ ਸਨ। ਕਮਲਾ ਬਾਰੇ ਲਕਸ਼ਮਨ ਦਾ ਕਹਿਣ ਹੈ, “ਉਸ ਨੂੰ ਸਭ ਕੁੱਝ ਯਾਦ ਰਹਿੰਦਾ ਏ!” 
ਆਪਣੇ ਯਾਦਗ਼ਾਰੀ ਪਲਾਂ ਬਾਰੇ ਉਨ੍ਹਾਂ ਨੇ ਏਦਾਂ ਕਿਹਾ, “ਮੇਰੇ ਲਈ ਕਈ ਪਲ ਯਾਦਗ਼ਾਰੀ ਹਨ। ਜਿੱਦਾਂ ਇਕ ਵਾਰ ਮੈਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਮੈਨੂੰ ‘ਮੈਗਾਸੇ ਇਨਾਮ’ ਦਿੱਤਾ ਜਾ ਰਿਹਾ ਹੈ। ਇਹ ਇਕ ਕੌਮਾਂਤਰੀ ਮਾਨਤਾ ਹੈ ਤੇ ਮੇਰੇ ਚਿੱਤ-ਚੇਤੇ ਵੀ ਇਹ ਗੱਲ ਨਹੀਂ ਸੀ ਕਿ ਇਹੋ ਜਿਹਾ ਇਨਾਮ ਮੈਨੂੰ ਵੀ ਮਿਲੇਗਾ। ਮੈਨੂੰ ਸਮਝ ਵੀ ਨਹੀਂ ਆਉਂਦਾ ਸੀ ਕਿ ਮੈਨੂੰ ਇਹ ਇਨਾਮ ਦੇਣ ਲਈ ਕਿੱਦਾਂ ਚੁਣ ਲਿਆ ਗਿਆ ਸੀ।” (ਕਿਉਂ ਕਿ ਉਦੋਂ ਤਕ ਇਹ ਇਨਾਮ ਬਹੁਤ ਥੋੜ੍ਹੇ ਜਿਹੇ ਭਾਰਤੀਆਂ ਨੂੰ ਹੀ ਮਿਲਿਆ ਸੀ) 
“ਮੈਨੂੰ ਉਹ ਪਲ ਵੀ ਕਦੇ ਨਹੀਂ ਭੁੱਲੇ, ਜਦੋਂ ‘ਜੇ. ਜੇ. ਸਕੂਲ ਆਫ ਆਰਟਸ’ ਨੇ ਮੈਨੂੰ ਦਾਖ਼ਲ ਕਰਨ ਤੋਂ ਜੁਆਬ ਦੇ ਦਿੱਤਾ ਸੀ ਜਦੋਂ ਕਿ ਉਸੇ ਹੀ ਸਕੂਲ ਨੇ ਮੈਨੂੰ ਆਪਣੇ ਇਕ ਸਾਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੱਦਿਆ ਸੀ।”
ਜ਼ਿੰਦਗ਼ੀ ਵਿਚ ਆਈਆਂ ਔਖੀਆਂ ਘੜੀਆਂ ਦੇ ਸਬੰਧ ਵਿਚ ਉਨ੍ਹਾਂ ਨੇ ਇਹ ਕਿਹਾ, “ਮੈਂ ਇਕ ਕਾਰਟੂਨ ਬਣਾਇਆ ਸੀ, ਜਿਸ ਵਿਚ ਇਕ ਮੁੰਡਾ, ਇਕ ਮੋਟਰਸਾਈਕਲ ਨੂੰ ਅੱਗ ਲਾਉਣ ਦਾ ਹੀਲਾ ਕਰ ਰਿਹਾ ਸੀ ਜਦੋਂ ਕਿ ਹੋਰ ਲੋਕ ਬੱਸਾਂ ਅਤੇ ਰੇਲਾਂ ਫੂਕੀ ਜਾ ਰਹੇ ਸਨ। ਉਨ੍ਹਾਂ ਵਿਚੋਂ ਇਕ ਜਣਾ, ਉੱਚੀ ਆਵਾਜ਼ ਵਿਚ ਉਸ ਮੁੰਡੇ ਨੂੰ ਕਹਿੰਦਾ ਹੈ, ‘ਓਏ, ਜੇ ਤੇਰੇ ਕੋਲੋਂ ਇਕ ਮੋਟਰਸਾਈਲ ਵੀ ਫੂਕਿਆ ਨਹੀਂ ਜਾ ਰਿਹਾ ਤਾਂ ਤੂੰ ਕਿਹੋ ਜਿਹਾ ਰਾਮ-ਭਗਤ ਏਂ?’ ਕਿਸੇ ਨੇ ਇਹ ਕਾਰਟੂਨ ਦੇਖ ਕੇ, ਅਦਾਲਤ ਵਿਚ ਦਰਖ਼ਾਸਤ ਦੇ ਕੇ ਮੇਰੇ ਸਿਰ ਇਹ ਦੋਸ਼ ਲਾ ਦਿੱਤਾ ਕਿ ਮੈਂ ਹਿੰਦੂ ਧਰਮ ਦਾ ਅਪਮਾਨ ਕੀਤਾ ਹੈ। ਇਸ ਗੱਲੋਂ ਮੈਨੂੰ ਫੜ ਕੇ ਨਾਸਿਕ ਲਿਜਾਇਆ ਗਿਆ ਸੀ। ਮੈਨੂੰ ਇਹ ਗੱਲ ਵੀ ਕਦੇ ਨਹੀਂ ਭੁੱਲੀ। ਇਸ ਮਾਮਲੇ ਦੀਆਂ ਕਈ ਸੁਣਵਾਈਆਂ ਹੋਈਆਂ। ਵਿਰੋਧੀ ਧਿਰ ਦਾ ਵਕੀਲ ਸਾਰਾ-ਸਾਰਾ ਜ਼ੋਰ ਲਾ-ਲਾ ਅਦਾਲਤ ਨੂੰ ਦੱਸਿਆ ਕਰੇ ਕਿ ਉਹ ਕਾਰਟੂਨ ਕਿੰਨਾ ਅਪਮਾਨਜਨਕ ਸੀ। ਮੇਰਾ ਵਕੀਲ ਮਰਾਠੀ ਵਿਚ ਜਿਰ੍ਹਾ ਕਰਦਾ ਹੁੰਦਾ ਸੀ। ਅਦਾਲਤ ਵਿਚੋਂ ਬਾਹਰ ਆਉਣਾ ਤਾਂ ਲੋਕਾਂ ਨੇ ਮੇਰੇ ਆਟੋਗ੍ਰਾਫ਼ ਲੈਣ ਦਾ ਸਿਲਸਿਲਾ ਸ਼ੁਰੂ ਕਰ ਲੈਣਾ। ਮੇਰੇ ਖ਼ਿਲਾਫ਼ ਗਵਾਹੀ ਦੇਣ ਵਾਲ਼ੀ ਇਕ ਬੀਬੀ ਵੀ ਮੇਰਾ ਆਟੋਗ੍ਰਾਫ਼ ਲੈ ਕੇ ਗਈ ਸੀ। ਕਮਾਲ ਦਾ ਮੰਜ਼ਿਰ ਸੀ ਉਹ ਵੀ।” 
ਆਪਣੇ ਆਖ਼ਰੀ ਦਿਨਾਂ ਤਕ ਲਕਸ਼ਮਨ ਦਾ ਨਿੱਤਨੇਮ ਇਹੋ ਰਿਹਾ ਕਿ ਉਹ ਸਵੇਰੇ ਸਾਢੇ ਅੱਠ ਵਜੇ ਆਪਣਾ ਦਿਨ ਸ਼ੁਰੂ ਕਰਦੇ ਅਤੇ ਦੁਪਹਿਰੋਂ ਬਾਅਦ 3 ਵਜੇ ਤਕ ਆਪਣਾ ਕਾਰਟੂਨ ਬਣਾ ਲੈਂਦੇ ਤੇ ਅਖ਼ਬਾਰ ਦੇ ਦਫ਼ਤਰੋਂ ਕੋਈ ਬੰਦਾ ਆ ਕੇ ਉਹ ਕਾਰਟੂਨ ਲੈ ਜਾਂਦਾ। 
ਲਕਸ਼ਮਨ ਦਾ ‘ਕੌਮਨ ਮੈਨ’ ਹਮੇਸ਼ਾ ਇਕੋ ਹੀ ਉਮਰ ਦਾ, ਇਕੋ ਹੀ ਮੂਡ ਵਾਲ਼ਾ ਰਿਹਾ। 1988 ਵਿਚ ‘ਦ ਟਾਈਮਜ਼ ਆਫ ਇੰਡੀਆ’ ਦੇ 150 ਸਾਲ ਪੂਰੇ ਹੋਣ ’ਤੇ ਭਾਰਤੀ ਡਾਕ ਸੇਵਾ ਨੇ ਇਕ ਟਿਕਟ ਜਾਰੀ ਕੀਤੀ ਤਾਂ ‘ਕੌਮਨ ਮੈਨ’ ਹੀ ਉਸ ਦਾ ਸ਼ਿੰਗਾਰ ਬਣਿਆ। ‘ਯੂ ਸੈੱਡ ਇਟ’ ਦੇ ਸਿਰਲੇਖ ਹੇਠ, ਕਈ ਸਾਲ ਹਰ ਰੋਜ਼ ‘ਦ ਟਾਈਮਜ਼ ਆਫ ਇੰਡੀਆ’ ਦੇ ਮੁੱਖ ਪੰਨੇ ਉੱਤੇ ‘ਪੌਕਿਟ ਕਾਰਟੂਨ’ ਵਜੋਂ ਛਪਦੀਆਂ ਰਹੀਆਂ, ਉਨ੍ਹਾਂ ਦੀਆਂ ਕਾਰਟੂਨੀ ਰਚਨਾਵਾਂ ਹੀ ‘ਕੌਮਨ ਮੈਨ’ ਦੀ ਪੈਦਾਇਸ਼ ਦੀਆਂ ਸਬੱਬ ਬਣੀਆਂ ਸਨ। ਇਸ ਕਾਰਟੂਨ ਲੜੀ ਦਾ ਆਰੰਭ ਲਕਸ਼ਮਨ ਨੇ 1951 ਵਿਚ ਕੀਤਾ ਸੀ। 
ਉਨ੍ਹਾਂ ਦੇ ਦੋ ਵਿਆਹ ਹੋਏ ਅਤੇ ਉਨ੍ਹਾਂ ਦੀਆਂ ਦੋਹਾਂ ਹੀ ਪਤਨੀਆਂ ਦਾ ਨਾਂ ਕਮਲਾ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਅਕਤੂਬਰ, 2012 ਨੂੰ ਲਕਸ਼ਮਨ ਨੇ ਆਪਣਾ 91ਵਾਂ ਜਨਮ ਦਿਨ ਮਨਾਇਆ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਰਾਜਵਰਧਨ ਪਾਟਿਲ ਨੇ ਉਨ੍ਹਾਂ ਨੂੰ ‘ਦ ਬਰੇਨੀ ਕ੍ਰੋਅ’ ਨਾਂ ਦੀ ਇਕ ਦਸਤਾਵੇਜ਼ੀ ਫ਼ਿਲਮ ਦੀ ਡੀਵੀਡੀ ਭੇਂਟ ਕੀਤੀ ਸੀ। ਇਹ ਫ਼ਿਲਮ ਕਾਂਵਾਂ ਦੇ ਸਬੰਧ ਵਿਚ ਬਣਾਈ ਹੋਈ ਸੀ ਤੇ ਕਾਂ, ਲਕਸ਼ਮਨ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਸਨ। ਭਾਵੇਂ ਉਨ੍ਹਾਂ ਨੂੰ ‘ਪਦਮ ਭੂਸ਼ਨ’, ‘ਪਦਮ ਵਿਭੂਸ਼ਨ’ ਅਤੇ ‘ਮੈਗਾਸੇ ਸਨਮਾਨ’ ਸਮੇਤ ਬਹੁਤ ਸਾਰੇ ਇਨਾਮ ਅਤੇ ਖ਼ਿਤਾਬ ਹਾਸਲ ਸਨ, ਪਰ ਸੱਚ ਇਹੋ ਹੈ ਕਿ ਉਹ ਇਨ੍ਹਾਂ ਸਾਰੇ ਇਨਾਮਾਂ-ਇਕਰਾਮਾਂ ਤੋਂ ਕਿਤੇ ਉੱਚੇ ਸਨ। ਉਨ੍ਹਾਂ ਦਾ ਗਣਤੰਤਰ ਦਿਹਾੜੇ ਜਾਣਾ ਵੀ ਸ਼ਾਇਦ ਕੋਈ ਵਿਅੰਗ ਹੀ ਹੈ, ਜੋ ਸਹਿਜ-ਸਹਿਜ ਸਮਝ ਆਵੇਗਾ।#