ਸਿਰੇ ’ਤੇ ਗੰਢ-57

ਹੈਲੀਕਾਪਟਰ ਨਾਲੋਂ ਵੀ ਮਹਿੰਗਾ ਏ 
ਸੁਨਾਰੀਓਂ ਆਲ਼ਿਆਂ ਦਾ ਇਹ ਝੋਟਾ 
ਬਖ਼ਸ਼ਿੰਦਰ
Email: bababax@gmail.com, Cell Phone +1-778-378-9669

ਅੱਜ ਦੇ ਜ਼ਮਾਨੇ ਵਿਚ ਭਲਾ ਕੀ ਨਹੀਂ ਹੋ ਸਕਦਾ? ਭਲਕੇ-ਪਰਸੋਂ ਭੁੱਜੇ ਹੋਏ ਦਾਣੇ ਉੱਗਣ ਦੀ ਖ਼ਬਰ ਵੀ ਆ ਸਕਦੀ ਹੈ। ਇਹ ਨਾ ਸਮਝ ਲੈਣਾ ਕਿ ਤੁਹਾਡੇ ਕਾਲਮ ਲੇਖਕ ਦਾ ਕੋਈ ਉੱਪਰਲਾ ਹਿੱਸਾ ਕਿਤੇ ਠੁਕਿਆ-ਠਕੋਰਿਆ ਗਿਆ ਲੱਗਦੈ ਤਾਂ ਹੀ ਉਹ ਉੱਘ ਦੀਆਂ ਪਤਾਲ ਜਿਹੀਆਂ ਮਾਰੀ ਜਾ ਰਿਹਾ ਹੈ। ਨਹੀਂ, ਮੇਰੀ ਪਾਠਕਾਂ ਵਾਲ਼ੀ ਸਰਕਾਰ! ਜਦੋਂ ਅੰਦਰਲੀ ਗੱਲ ਤੁਹਾਡੇ ਖ਼ਾਨੇ ਪਈ ਤਾਂ ਲੋਅ ਹੋ ਜਾਊ ਲੋਅ। ਲਓ, ਪਹਿਲਾਂ ਲੋਅ ਹੀ ਕਰ ਦਿੰਨੇ ਹਾਂ। ਜੇ ਕਿਸੇ ਪਿੰਡ ਦਾ ਕੋਈ ਬੰਦਾ ਵੀਹ ਕੋਹ ਤਕ ਵੀ ਜਾਣਿਆ-ਸਿਆਣਿਆ ਨਾ ਗਿਆ ਹੋਵੇ, ਉਸ ਪਿੰਡ ਦਾ ਕੋਈ ਪਸ਼ੂ ਬੀ. ਬੀ. ਸੀ. ਦੀਆਂ ਖ਼ਬਰਾਂ ਦਾ ਹਿੱਸਾ ਬਣ ਜਾਵੇ ਤੇ ਮਾਨਸੀ ਥਪਲੀਆਲ ਵਰਗੀ ਫੋਟੋਗਰਾਫਰਨੀ ਉਸ ਪਸ਼ੂ ਦੀਆਂ ਫੋਟੋ ਖਿੱਚਣ ਲਈ ਵਿੰਗੀ-ਟੇਢੀ ਜਿਹੀ ਹੋਈ ਫਿਰੇ, ਫਿਰ ਉਹ ਤਸਵੀਰਾਂ ਜੱਗ-ਜਹਾਨ ਭਰ ਵਿਚ ਨਸ਼ਰ ਹੋ ਜਾਣ ਤਾਂ ਭੁੱਜੇ ਦਾਣੇ ਉੱਗਣ ਵਿਚ ਕੋਈ ਕਸਰ ਰਹਿ ਜਾਊ ਭਲ਼ਾ?
ਹਰਿਆਣੇ ਦਾ ਜ਼ਿਲਾ ਕੁਰੂਕਸ਼ੇਤਰ, ਕਿਸੇ ਜ਼ਮਾਨੇ ਵਿਚ ਕੌਰਵਾਂ ਤੇ ਪਾਂਡਵਾਂ ਵਿਚਾਲ਼ੇ ਹੋਈ ਲੜਾਈ, ਜਿਸ ਨੂੰ ‘ਮਹਾਭਾਰਤ’ ਕਿਹਾ ਜਾਂਦਾ ਹੈ, ਦੀ ਵਜ੍ਹਾ ਨਾਲ਼ ਹੀ ਮਸ਼ਹੂਰ ਹੋਇਆ ਸੀ, ਪਰ ਇਨ੍ਹੀਂ ਦਿਨੀਂ ਇਹ ਜ਼ਿਲਾ, ‘ਯੁਵਰਾਜ’ ਨੇ ਮਸ਼ਹੂਰ ਕੀਤਾ ਹੋਇਆ ਹੈ। ‘ਯੁਵਰਾਜ’ ਤੋਂ ਇਹ ਨਾ ਸਮਝ ਲੈਣਾ ਕਿ ਅਸੀਂ ਚੰਡੀਗੜ੍ਹ ਦੇ ਮਸ਼ਹੂਰ ਕ੍ਰਿਕਟ ਖਿਡਾਰੀ ‘ਯੁਵਰਾਜ’ ਦੀ ਗੱਲ ਕਰਦੇ ਹਾਂ। ਇਹ ਯੁਵਰਾਜ ਹੋਰ ਹੈ ਤੇ ਇਹ ਕੋਈ ਬੰਦਾ ਨਹੀਂ, ਸਗੋਂ ਇਕ ਝੋਟਾ ਹੈ, ਜੋ ਕੁਰੂਕਸ਼ੇਤਰ ਜ਼ਿਲੇ ਦੇ ਪਿੰਡ ਸੁਨਾਰੀਓਂ ਦੇ ਕਰਮਵੀਰ ਸਿੰਘ ਦੀ ਮਾਣਮੱਤੀ ਮਲਕੀਅਤ ਹੈ। ਓਦਾਂ, ਇਸ ‘ਯੁਵਰਾਜ’ ਦੀ ‘ਚੰਡੀਗੜ੍ਹੀਏ ਯੁਵਰਾਜ’ ਨਾਲ਼ ਵੀ ਇਕ ਅੰਗਲੀ-ਸੰਗਲੀ ਰਲ਼ਦੀ ਹੈ।
ਕਦੇ ਪਿੰਡਾਂ ਵਿਚ ਕਿਸੇ ਮੱਝ ਦਾ ਸੁਨੱਖਾਪਨ ਦੱਸਦਿਆਂ ਦਾਨੇ-ਸਾਨੇ ਲੋਕ, ਉਸ ਦੇ ‘ਹੁਸਨ ਦੀ ਤਾਰੀਫ਼’ ਕਿਸੇ ਸੁਨੱਖੀ ਔਰਤ ਦੇ ਨੈਣ-ਨਕਸ਼ਾਂ ਦਾ ਵੇਰਵਾ ਦੱਸਣ ਵਾਂਗ ਕਰਾਉਂਦੇ ਹੁੰਦੇ ਸਨ, ਜਿੱਦਾਂ ‘ਪਤਲੀ ਬੂਥੀ’ (ਤਿੱਖੀ ਠੋਡੀ), ‘ਕੁੰਢੇ ਸਿੰਗ’ (ਲੰਬਾ ਕੱਦ) ‘ਭਾਰਾ ਚੱਡਾ’, ‘ਭਾਰਾ ਪਿੱਛਾ’ (ਭਰਵਾਂ ਜੁੱਸਾ) ਅਤੇ ‘ਲੰਬੀ ਪੂਛ’ (ਲੰਬੇ ਵਾਲ਼)। ਹੁਣ ਜੇ ਇਸ ਝੋਟੇ ਦੀ ਦਿੱਖ ਦੀ ਤਾਰੀਫ਼ ਕਰਨੀ ਹੋਵੇ ਤਾਂ ਸਮਝ ਲਓ ਪਈ ਕਿਸੇ ਛੈਲ-ਬਾਂਕੇ ਚੋਬਰ ਦੇ ਪਿੰਡੇ ਦੀ ਮਿਸਾਲ ਦੇਣੀ ਪੈ ਸਕਦੀ ਹੈ। ਅਸੀਂ ਉਸ ਦਾ ਹੁਲੀਆ ਲਿਖ ਕੇ ਅਖ਼ਬਾਰ ਦਾ ਕੀਮਤੀ ਥਾਂ ਖਰਾਬ ਨਹੀਂ ਕਰਨਾ ਕਿਉਂ ਕਿ ਇਸ ਲੇਖ ਨਾਲ਼ ਯੁਵਰਾਜ ਦੀਆਂ ਕੁੱਝ ਤਸਵੀਰਾਂ ਵੀ ਛਾਪੀਆਂ ਜਾ ਰਹੀਆਂ ਹਨ। ਹਾਂ, ਉਸ ਦੇ ਵਜ਼ਨ ਤੇ ਕੱਦ-ਕਾਠ ਦਾ ਜ਼ਿਕਰ ਅਸੀਂ ਕਰ ਦਿੰਨੇ ਹਾਂ। ਉਸ ਦਾ ਭਾਰ ਸਾਢੇ ਚਾਰ ਕੁਇੰਟਲ ਯਾਨੀ ਨੌਂ ਸੌ ਨੱਬੇ ਪਾਊਂਡ ਹੈ ਤੇ ਉਸ ਦੀ ਉਚਾਈ ਪੰਜ ਫੁੱਟ, ਅੱਠ ਇੰਚ ਤੇ ਲੰਬਾਈ ਦਸ ਫੁੱਟ ਹੈ।
ਉਸ ਦਾ ਮਾਲਕ ਕਰਮਵੀਰ ਸਿੰਘ ਦੱਸਦਾ ਹੈ, “ਹਰ ਰੋਜ਼ ਕੋਈ ਨਾ ਕੋਈ ਉਸ ਦੇ ‘ਦਰਸ਼ਨਾਂ’ ਨੂੰ ਆਇਆ ਰਹਿੰਦਾ ਹੈ ਕਿਉਂ ਕਿ ਉਹ ਨਿਰਾ ਝੋਟਾ ਨਹੀਂ ਹੈ, ਸਗੋਂ ਇਕ ‘ਬਰੈਂਡ’ ਬਣ ਚੁੱਕਾ ਏ।” ਕਰਮਵੀਰ ਸਿੰਘ ਦਾ ਪਿੰਡ ਸੁਨਾਰੀਓਂ ਉਸੇ ਜ਼ਮੀਨ ਵਿਚ ਪੈਂਦਾ ਹੈ, ਜਿਸ ਵਿਚ ‘ਮਹਾਭਾਰਤ ਦੀ ਲੜਾਈ’ ਹੋਈ ਸੀ। ਭਾਰਤ ਦੇ ਬਹੁਤ ਸਾਰੇ ਪਿੰਡਾਂ ਵਾਂਗ ਹੀ ਇਸ ਦਾ ਵਸੀਵਾਂ ਵੀ ਸ਼ਹਿਰ ਦੇ ਵਸੀਵੇਂ ਵਿਚ ਘੁਲ਼ ਗਿਆ ਹੈ ਤੇ ਇਸ ਪਿੰਡ ਦੇ ਖੁਸ਼ਹਾਲ ਲੋਕਾਂ ਨੇ ਕੋਠੀਆਂ ਵਰਗੇ ਵੱਡੇ-ਵੱਡੇ ਘਰ ਪਾਏ ਹੋਏ ਹਨ। ਕਰਮਵੀਰ ਸਿੰਘ ਨੇ ਵੀ ਆਪਣੇ ਖੇਤਾਂ ਵਿਚ ਪਾਈ ਹੋਈ ਕੋਠੀ ਨੇੜੇ ਹੀ ਚੌਵੀ-ਪੱਚੀ ਮੱਝਾਂ-ਗਾਵਾਂ ਰੱਖੀਆਂ ਹੋਈਆਂ ਹਨ। ਸ਼ਹਿਰ ਨੇੜੇ ਪੈਣ ਦੀ ਵਜ੍ਹਾ ਨਾਲ਼, ਉਹ ਜਾਇਦਾਦ ਦੀ ਵੇਚ-ਵੱਟ ਦਾ ਕਾਰੋਬਾਰ ਵੀ ਕਰਦਾ ਹੈ। ਉਸ ਕੋਲ ਪੰਜ-ਛੇ ਕਾਰਾਂ ਅਤੇ ਟ੍ਰੈਕਟਰ ਵੀ ਹਨ। ਉਹ ਤੇ ਉਸ ਦੀ ਘਰ ਵਾਲ਼ੀ ਕਾਫੀ ਵੱਡੀ ਕੋਠੀ ਵਿਚ ਰਹਿੰਦੇ ਹਨ, ਜਿਸ ਵਿਚ ਉਸ ਦੇ ਨੌਕਰਾਂ-ਚਾਕਰਾਂ ਦੇ ਕੁਆਰਟਰ ਵੀ ਹਨ। ਉਸ ਦਾ ਇਕ ਮੁੰਡਾ, ਆਸਟਰੇਲੀਆ ਵਿਚ ‘ਐੱਮ. ਬੀ. ਏ.’ ਦੀ ਪੜ੍ਹਾਈ ਕਰਦਾ ਹੈ ਜਦੋਂ ਕਿ ਦੂਜਾ, ਰਾਜਸਥਾਨ ਵਿਚ ‘ਕੰਪਿਊਟਰ ਸਾਇੰਸ’ ਦੀ ਪੜ੍ਹਾਈ ਕਰਦਾ ਹੈ।
ਇਸ ‘ਯੁਵਰਾਜ’ ਦਾ ਨਾਂ ‘ਚੰਡੀਗੜ੍ਹੀਏ ਕ੍ਰਿਕਟ ਖਿਡਾਰੀ ਯੁਵਰਾਜ’ ਦੇ ਨਾਂ ’ਤੇ ਰੱਖਿਆ ਗਿਆ ਸੀ। ਇਹ ਝੋਟਾ ‘ਮੁਰ੍ਹਾ’ ਨਸਲ ਦਾ ਹੈ ਤੇ ਇਹ ਨਸਲ, ਭਾਰਤ ਵਿਚ ਮੱਝਾਂ ਤੇ ਝੋਟਿਆਂ ਦੀਆਂ ਵਧੀਆ ਸਮਝੀਆਂ ਜਾਂਦੀਆਂ 13 ਨਸਲਾਂ ਵਿਚੋਂ, ਸਭ ਤੋਂ ਵਧੀਆ ਨਸਲ ਹੈ। ਇਹ ਝੋਟਾ ਕਾਹਦਾ ਹੈ, ਨੋਟਾਂ ਦੇ ਸੰਦੂਕ ਭਰਨ ਦਾ ਜੁਗਾੜ ਹੈ। ਭਾਰਤ ਦੇ ‘ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਬੱਫੈੱਲੋਜ਼’ ਦੇ ਮੁਖੀ ਇੰਦਰਜੀਤ ਸਿੰਘ ਇਸ ਝੋਟੇ ਦੀਆਂ ਸਿਫ਼ਤਾਂ ਕਰਦਿਆਂ ਇੱਥੋਂ ਤਕ ਕਹਿ ਜਾਂਦੇ ਹਨ, “ਨਸਲ ਪੈਦਾ ਕਰਨ ਦੇ ਮਾਮਲੇ ਵਿਚ ‘ਯੁਵਰਾਜ’ ਦੀ ਕੋਈ ਰੀਸ ਨਹੀਂ। ਇਸ ਮਾਮਲੇ ਵਿਚ ਤਾਂ ਇਹ ‘ਚੈਂਪੀਅਨ’ ਹੀ ਹੈ।”
ਇਸ ਝੋਟੇ ਦਾ ਵੀਰਜ ਸਾਰੇ ਭਾਰਤ ਵਿਚ ਸਭ (ਝੋਟਿਆਂ) ਨਾਲੋਂ ਮਹਿੰਗੇ ਭਾਅ ਵਿਕਦਾ ਹੈ। ਇਸ ਦੇ ਵੀਰਜ ਦੀ  ਇਕ ਨਲਕੀ  ਦੀ ਕੀਮਤ 350 ਰੁਪਏ (5.65 ਡਾਲਰ, 3.5 ਪਾਊਂਡ) ਹੈ। ਇਹ ਕੀਮਤ, ਹੋਰ ਝੋਟਿਆਂ ਦੇ ਵੀਰਜ ਦੀ ਔਸਤਨ ਕੀਮਤ ਤੋਂ ਦਸ ਗੁਣਾ ਤੋਂ ਵੀ ਵੱਧ ਹੈ। ਇਕ ਨਲਕੀ ਇਕ ਮੱਝ ਨੂੰ ਗੱਭਣ ਕਰਨ ਲਈ ਕਾਫੀ ਹੁੰਦੀ ਹੈ। ਇਸ ਝੋਟੇ ਤੋਂ ਇਕ ‘ਛੇੜੂ ਮੱਝ’ ਤੇ ‘ਨਕਲੀ ਜਨਣ ਅੰਗ’ ਦੀ ਸਹਾਇਤਾ ਨਾਲ਼ ਇਕ ਵਾਰ ਲਏ ਜਾਂਦੇ ਵੀਰਜ ਨਾਲ਼ 500 ਤੋਂ 600 ਤਕ ਨਲਕੀਆਂ ਭਰ ਜਾਂਦੀਆਂ ਹਨ। ਹਰ ਨਲਕੀ ਵਿਚ ਦੋ ਕਰੋੜ ਦੇ ਕਰੀਬ ਸ਼ੁਕਰਾਣੂ ਹੁੰਦੇ ਹਨ। ਮੋਟੇ ਹਿਸਾਬ ਨਾਲ਼, ਕਰਮਵੀਰ ਸਿੰਘ ਇਸ ਝੋਟੇ  ਦੇ ਵੀਰਜ ਤੋਂ ਹੀ ਹਰ ਸਾਲ 30 ਲੱਖ ਤੋਂ 50 ਲੱਖ ਰੁਪਏ ਦੇ ਵਿਚਾਲ਼ੇ ਕਮਾਉਂਦਾ ਹੈ। ਉਸ ਨੇ ਇਸ ਝੋਟੇ ਦਾ ਵੀਰਜ ਜਮਾ ਕੇ ਰੱਖਣ ਦਾ ਪ੍ਰਬੰਧ ਵੀ ਆਪਣੇ ਘਰ ਵਿਚ ਹੀ ਕੀਤਾ ਹੋਇਆ ਹੈ। ਸਾਰੇ ਮੁਲਕ ਵਿਚੋਂ ਵੀਰਜ ਦੇ ਵਪਾਰੀ, ਸੁਨਾਰੀਓਂ ਵਿਚ ਕਰਮਵੀਰ ਸਿੰਘ ਦੇ ਬੂਹੇ ਢੁੱਕਦੇ ਹਨ।
ਉੱਤਰ ਪ੍ਰਦੇਸ਼ ਤੋਂ ਵੀਰਜ ਲੈਣ ਆਏ ਹੋਏ ਵਪਾਰੀ ਲਲਿਤ ਚੌਧਰੀ ਦਾ ਕਹਿਣ ਹੈ, “ਅਸੀਂ ਪਹਿਲੀ ਵਾਰੀ ਯੁਵਰਾਜ ਦਾ ਵੀਰਜ ਲੈਣ ਆਏ ਹਾਂ। ਮੈਂ ਪਿਛਲੇ ਸਾਲ ਮੇਰਠ ਦੇ ਪਸ਼ੂ ਮੇਲੇ ਵਿਚ ਇਹ ਝੋਟਾ ਦੇਖਿਆ ਸੀ ਤਾਂ ਲੋਕ ਉਸ ਦੁਆਲੇ ਝੁਰਮਟ ਜਿਹਾ ਪਾਈ ਖੜ੍ਹੇ ਉਸ ਦੀਆਂ ਸਿਫ਼ਤਾਂ ਕਰੀ ਜਾ ਰਹੇ ਸਨ। ਹੁਣ ਮੈਂ ਇਸ ਦਾ ਵੀਰਜ ਸਾਰੇ ਭਾਰਤ ਵਿਚ ਵੇਚਣਾ ਚਾਹੁੰਦਾ ਹਾਂ।” ਕਰਮਵੀਰ ਸਿੰਘ ਦਾ ਕਹਿਣ ਹੈ ਕਿ ਉਸ ਨੇ ਇੰਨਾ ਰਾਜ਼ੀ, ‘ਕਮਾਊ’ ਅਤੇ ਸੁਹਣਾ ਝੋਟਾ ਕਦੇ ਨਹੀਂ ਦੇਖਿਆ। ਇਸ ਚਮਤਕਾਰੀ ਝੋਟੇ ਦੇ ਗਾਹਕਾਂ ਦਾ ਅੰਤ ਨਹੀਂ ਹੈ। ਦੋ ਸਾਲ ਪਹਿਲਾਂ ਹੈਦਰਾਬਾਦ ਦੇ ਇਕ ਵਪਾਰੀ ਨੇ ਇਸ ਝੋਟੇ ਦਾ ਮੁੱਲ਼ 7 ਕਰੋੜ ਰੁਪਏ ਯਾਨੀ 1.14 ਮਿਲੀਅਨ ਡਾਲਰ (757, 000 ਪਾਊਂਡ) ਪਾ ਦਿੱਤਾ ਸੀ, ਪਰ ਇਸ ਦੇ ਮਾਲਕ ਨੂੰ ਇੰਨਾ ਮੁੱਲ ਵੀ ਪੁੱਗਿਆ ਨਹੀਂ ਸੀ। 
 ਕਰਮਵੀਰ ਸਿੰਘ ਦਾ ਹੀ ਕਹਿਣ ਹੈ, “ਕੋਈ ਮੈਨੂੰ ਇਸ ਨਾਲੋਂ ਤਿੱਗਣੀ ਰਕਮ ਦੇਵੇ ਤਾਂ ਮੈਂ ਇਹ ਝੋਟਾ ਵੇਚਣ ਬਾਰੇ ਸੋਚ ਸਕਦਾ ਹਾਂ। ਘੱਟੋ-ਘੱਟ ਮੈਂ ਉਸ ਰਕਮ ਨਾਲ਼ ਇਕ ਹੈਲੀਕਾਪਟਰ ਤਾਂ ਖ਼ਰੀਦਣ ਜੋਗਾ ਹੋ ਸਕਾਂ। ਨਹੀਂ ਯਾਰ, ਮੈਂ ਫਿਰ ਵੀ ਉਸ ਨੂੰ ਆਪਣੇ ਟੱਬਰ ਨਾਲੋਂ ਵੱਖ ਨਹੀਂ ਕਰ ਸਕਾਂਗਾ ਕਿਉਂ ਕਿ ਮੈਂ ਉਸ ਤੋਂ ਬਗ਼ੈਰ ਜੀਂਦਾ ਵੀ ਨਹੀਂ ਰਹਿ ਸਕਾਂਗਾ?” 
ਕੋਠੀ ਦੇ ਅੰਦਰ ਕਰਮਵੀਰ ਸਿੰਘ ਦਾ ਟੱਬਰ ਤੇ ਕੋਠੀ ਦੇ ਪਿਛਵਾੜੇ ਯੁਵਰਾਜ ਦਾ ਟੱਬਰ ਮੌਜਾਂ ਕਰਦਾ ਹੈ।ਯੁਵਰਾਜ ਦੇ ਟੱਬਰ ਵਿਚ ਉਸ ਦੀ 19 ਸਾਲਾਂ ਦੀ ਮਾਂ ‘ਗੰਗਾ’ ਹੈ, ਜੋ 16ਵੀਂ ਵਾਰ ਸੂਣ ਵਾਲ਼ੀ ਹੈ। ਉਹ ਆਪਣੇ ਸੂਏ ਦੇ ਭਰ ਵਿਚ, ਹਰ ਰੋਜ਼ 26 ਲਿਟਰ ਦੁੱਧ ਦਿੰਦਿਆਂ ਦੁੱਧ ਦੀ ਨਦੀ ਹੀ ਬਣ ਜਾਂਦੀ ਹੈ। ‘ਯੁਵਰਾਜ’ ਦਾ, ਇਕ ਤਿੰਨ ਸਾਲਾ ਭਰਾ ‘ਭੀਮ’ ਹੈ ਤੇ 16 ਮਹੀਨਿਆਂ ਦੀ ਭੈਣ ‘ਸਰਸਵਤੀ’ ਵੀ ਹੈ।
ਇਸ ਸਿਲਸਿਲੇ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਕਰਮਵੀਰ ਸਿੰਘ ਨੇ ਰੋਹਤਕ ਜ਼ਿਲੇ ਇਕ ਕਿਸਾਨ ਤੋਂ 37 ਹਜ਼ਾਰ ਰੁਪਏ ਯਾਨੀ 597 ਡਾਲਰ (397 ਪਾਊਂਡ) ਦਾ ਇਕ ਝੋਟਾ ਖਰਦਿਆ। ਉਹ ਝੋਟਾ, ਯੁਵਰਾਜ ਦਾ ਬਾਪ ਸੀ ਤੇ ਕਰਮਵੀਰ ਸਿੰਘ ਨੇ ਉਸ ਦਾ ਨਾਂ ‘ਯੋਗਰਾਜ’ ਰੱਖਿਆ ਹੋਇਆ ਸੀ। ਉਸ ਦੇ ਵੀਰਜ ਨਾਲ਼ ‘ਗੰਗਾ’ ਨੇ ‘ਯੁਵਰਾਜ’ ਨੂੰ ਜਨਮ ਦਿੱਤਾ ਸੀ। ਓਦਾਂ ‘ਯੁਵਰਾਜ’ ਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਿਚ, ਕਰਮਵੀਰ ਸਿੰਘ ਵੱਲੋਂ ਕੀਤੀ ਗਈ ਉਸ ਦੀ ਸੇਵਾ ਦਾ ਵੀ ਘੱਟ ਯੋਗਦਾਨ ਨਹੀਂ ਸੀ। ਉਸ ਨੂੰ ਇਕ ਦਿਨ ਵਿਚ 20 ਲਿਟਰ ਦੁੱਧ, ਵਿਟਾਮਿਨ ਅਤੇ ਤਾਕਤ ਦੀਆਂ ਦਵਾਈਆਂ ਰਲ਼ਾ ਕੇ ਪਿਲਾਇਆ ਜਾਂਦਾ ਹੈ, 10 ਕਿਲੋ ਸੇਬ ਖੁਆਏ ਜਾਂਦੇ ਹਨ ਅਤੇ ਇੰਨਾ ਹੀ ਚਾਰਾ ਤੇ ਵੰਡ ਪਾਇਆ ਜਾਂਦਾ ਹੈ। ਇਸ ਸਭ ਕੁੱਝ ਉੱਤੇ ਹਰ ਰੋਜ਼ ਦੋ ਹਜ਼ਾਰ ਰੁਪਏ ਖ਼ਰਚ ਹੁੰਦੇ ਹਨ। ਸ਼ਾਮ ਨੂੰ ਦੋ ਨੌਕਰ ਉਸ ਨੂੰ ਤੇਜ਼ੀ ਰਫ਼ਤਾਰ ਨਾਲ਼ 5 ਕਿਲੋ ਮੀਟਰ ਘੁਮਾ ਕੇ ਲਿਆਉਂਦੇ ਹਨ। ਕਰਮਵੀਰ ਕੁੱਝ ਵੀ ਕਰੇ, ਰਾਤ ਨੂੰ ਸੌਣ ਤੋਂ ਪਹਿਲਾਂ, ਵਾੜੇ ਅੰਦਰ ਜਾ ਕੇ ਯੁਵਰਾਜ ਨੂੰ ਥਾਪੀ ਦੇਣੀ ਨਹੀਂ ਭੁਲਦਾ।
ਭਰ ਸਿਆਲ ਵਿਚ ਉਸ ਨੂੰ ਤਰਪਾਲ ਦੇ ਛਤੜੇ ਹੇਠਾਂ, ਕੋਸੇ ਰੇਤੇ ਉੱਤੇ ਲਿਟਾਇਆ ਜਾਂਦਾ ਹੈ ਜਦੋਂ ਕਿ ਗਰਮੀਆਂ ਵਿਚ ਉਸ ਦੇ ਵਾੜੇ ਵਿਚ ਕੂਲਰ ਚੱਲਦੇ ਰੱਖੇ ਜਾਂਦੇ ਹਨ। ਉਸ ਨੂੰ ਦੇਖਣ ਵਾਲ਼ੇ ਲੋਕ ਕੈਨੇਡਾ, ਬਰਾਜ਼ੀਲ ਅਤੇ ਵੈਨਜ਼ੂਏਲਾ ਵਰਗੇ ਮੁਲਕਾਂ ਤੋਂ ਵੀ ਆਉਂਦੇ ਹਨ। ਗਰਮੀਆਂ ਵਿਚ ਤਾਂ ਉਹ ਲੋਹੜੇ ਦਾ ਸੁਹਣਾ ਲੱਗਿਆ ਕਰਦਾ ਹੈ।
ਇੱਥੇ ਇਹ ਦੱਸਣਾ ਵੀ ਠੀਕ ਰਹੇਗਾ ਕਿ ਭਾਰਤ, ਜਹਾਨ ਭਰ ਵਿਚ ਦੁੱਧ ਦੇ ਵੱਡੇ ਉਤਪਾਦਕ ਮੁਲਕਾਂ ਵਿਚ ਗਿਣਿਆ ਜਾਂਦਾ ਹੈ। ਇਸ ਵੱਲੋਂ ਪੈਦਾ ਕੀਤੇ ਜਾਂਦੇ ਦੁੱਧ ਦੀ ਅੱਧੀ ਤੋਂ ਵੱਧ ਪੈਦਾਵਾਰ ਮੱਝਾਂ ਤੋਂ ਹੁੰਦੀ ਹੈ। ਭਾਵੇਂ ਦੇਸ਼ ਭਰ ਵਿਚ ਦਸ ਕਰੋੜ, ਅੱਸੀ ਲੱਖ ਮੱਝਾਂ ਹਨ, ਪਰ ਇੱਥੇ 20 ਕਰੋੜ ਦੇ ਕਰੀਬ ਗਊਆਂ ਵੀ ਹਨ। ਜਹਾਨ ਭਰ ਦੀਆਂ ਮੱਝਾਂ ਦਾ 57 ਫੀ ਸਦੀ ਹਿੱਸਾ ਭਾਰਤ ਵਿਚ ਹੀ ਹੈ। ਇਸ ਦੇਸ਼ ਵਿਚ ਮੱਝਾਂ ਦੀਆਂ 13 ਮੰਨੀਆਂ-ਪ੍ਰਮੰਨੀਆਂ ਨਸਲਾਂ ਹਨ। ਮਾਹਰਾਂ ਦਾ ਕਹਿਣ ਹੈ ਕਿ ਇਨ੍ਹਾਂ ਨਸਲਾਂ ਵਿਚੋਂ ਕੁੱਝ ਤਾਂ ਜਹਾਨ ਭਰ ਵਿਚ ਸਭ ਤੋਂ ਵਧੀਆ ਹਨ। ਇਨ੍ਹਾਂ ਸਭ ਨਸਲਾਂ ਵਿਚੋਂ ‘ਮੁਰ੍ਹਾ’ ਨਸਲ ਸਭ ਤੋਂ ਸਿਖ਼ਰ ’ਤੇ ਹੈ। ਇਹ ਨਸਲ ਮੁੱਖ ਤੌਰ ’ਤੇ ਉੱਤਰੀ ਅਤੇ ਕੇਂਦਰੀ ਭਾਰਤ ਵਿਚ ਮਿਲਦੀ ਹੈ। ਹਰਿਆਣੇ ਵਿਚ ਹੀ ਇਸ ਨਸਲ ਦੇ 60 ਲੱਖ ਪਸ਼ੂ ਹਨ। ਇਸ ਨਸਲ ਦੀਆਂ ਮੱਝਾਂ ਔਸਤਨ 7 ਲਿਟਰ ਦੁੱਧ ਰੋਜ਼ ਦਿੰਦੀਆਂ ਹਨ। ਇਸ ਨਸਲ ਦੀਆਂ ਕਈ ਮੱਝਾਂ ਤਾਂ ਇਸ ਨਾਲੋਂ ਤਿੱਗਣਾ ਦੁੱਧ ਵੀ ਦੇ ਦਿੰਦੀਆਂ ਹਨ। ਇਨੀਂ ਦਿਨੀਂ ਹਰਿਆਣੇ ਵਿਚ ‘ਯੁਵਰਾਜ-ਯੁਵਰਾਜ’ ਹੀ ਹੋਈ ਪਈ ਹੈ।#