ਹਜ਼ੂਰ! ਨੁਕਸਾਨ ਤਾਂ ਸੁਨੱਖੇ ਹੋਣ ਦੇ ਵੀ ਬੜੇ ਨੇ
ਬਖ਼ਸ਼ਿੰਦਰ
Email: bababax@gmail.com, Cell Phone: +1-778-378-9669
ਸੁਨੱਖੇ ਹੋਣ ਦੇ, ਯਾਨੀ ਤੁਹਾਡੇ ਨੈਣ-ਨਕਸ਼ ਸੁਹਣੇ ਹੋਣ ਦੇ ਤੁਹਾਨੂੰ ਕਈ ਫ਼ਾਇਦੇ ਹੋ ਸਕਦੇ ਹਨ, ਪਰ ਕੁੱਝ ਮਨੋਵਿਗਿਆਨੀ, ਇਸ ਸਬੰਧ ਵਿਚ ਕੁੱਝ ਹੋਰ ਹੀ ਕਹੀ ਜਾਂਦੇ ਹਨ। ਉਨ੍ਹਾਂ ਦਾ ਕਹਿਣ ਹੈ ਕਿ ਸੁਨੱਖੇ ਲੋਕਾਂ ਦੇ ਰਾਹਾਂ ਵਿਚ ਬਹੁਤ ਸਾਰੇ ਅਣਦਿਸਦੇ ਟੋਏ ਹੁੰਦੇ ਹਨ। ਸਾਡੀ ਜ਼ਿੰਦਗ਼ੀ ਦਾ ਤੀਜਾ-ਚੌਥਾ ਹਿੱਸਾ ਨਾ ਸਹੀ, ਇਕ ਵੱਡਾ ਹਿੱਸਾ ਸੁਹਣੇ-ਸੁਨੱਖੇ ਦਿਸਣ ਦੇ ਹੀਲੇ ਕਰਦਿਆਂ ਹੀ ਨਿੱਕਲ ਜਾਂਦਾ ਹੈ। ਇਹ ਸਮਾਂ ਅਸੀਂ ਕਿਸੇ ਹੋਰ ਪਾਸੇ ਵੀ ਲਾ ਸਕਦੇ ਹਾਂ, ਇਹ ਕਦੇ ਸੋਚਦੇ ਵੀ ਨਹੀਂ ਹਾਂ ਅਸੀਂ। ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੇ ਮਰੀਜ਼ ਬਹੁਤ ਹੀ ਦਿਲਕਸ਼ ਜਾਂ ਸੁਨੱਖਾ ਹੋਵੇ ਤਾਂ ਡਾਕਟਰ ਉਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਸਾਡੀ ਕਮਾਈ ਦਾ ਵੱਡਾ ਹਿੱਸਾ ਸੁਹਣੇ ਜਾਂ ਗੋਰੇ ਬਣਾਉਣ ਵਾਲ਼ੀਆਂ ਕਰੀਮਾਂ ਬਣਾਉਣ ਵਾਲ਼ਿਆਂ ਦੀਆਂ ਜੇਬਾਂ ਵਿਚ ਚਲਿਆ ਜਾਂਦਾ ਹੈ, ਪਰ ਸਾਡੇ ਚਿਹਰੇ ਉੱਤੇ ਪਈਆਂ ਹੋਈਆਂ ਛਾਹੀਆਂ ਹੋਰ ਗੂੜ੍ਹੀਆਂ ਹੁੰਦੀਆਂ ਚਲੀਆਂ ਜਾਂਦੀਆਂ ਹਨ।
ਸੁਹਣੇ-ਸੁਨੱਖੇ ਯਾਨੀ ਹੁਸੀਨ ਲੋਕਾਂ ਦੇ ਸਬੰਧ ਵਿਚ ਇਹ ਗੱਲਾਂ ਅਸੀਂ ਆਪਣੇ ਪੱਲਿਉਂ ਹੀ ਕਹੀ ਜਾਂਦੇ ਹੋਈਏ, ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈ। ਹੁਸਨ ਦੀਆਂ ਮਿਹਰਬਾਨੀਆਂ ਅਤੇ ਸਰਾਪਾਂ ਦਾ ਸਬੰਧ ਮਨੋਵਿਗਿਆਨ ਨਾਲ਼ ਵੀ ਜੁੜਿਆ ਹੋਇਆ ਹੈ। ਕੀ ਸੁਨੱਖੇ ਲੋਕ ਜਾਂ ਗੋਲਾਈਦਾਰ ਪਿੰਡਿਆਂ ਵਾਲ਼ੇ ਲੋਕ ਹਮੇਸ਼ਾ ਵਡਿਆਈਆਂ ਦੇ ਝੂਲੇ ਝੂਟਦੇ ਰਹਿੰਦੇ ਹਨ ਜਾਂ ਸਾਦਾ ਜਿਹੇ ਜਾਂ ਫਿਰ ਸਾਧਾਰਨ ਦਿੱਖ ਵਾਲ਼ੇ ਲੋਕ ਵੀ ਕੁੱਝ ਬਰਕਤਾਂ ਹਾਸਲ ਕਰ ਸਕਦੇ ਹਨ? ਬਹੁਤ ਹੀ ਅਹਿਮ ਸੁਆਲ ਹੈ। ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਦੀਆਂ ਸਮਾਜਕ ਮਨੋਵਿਗਿਆਨਣਾਂ ਲੀਸਾ ਸਲੈਟਰੀ ਵਾਕਰ ਅਤੇ ਟੋਨੀਆ ਫਲੇਵਰਟ ਨੇ ਇਸ ਸਬੰਧ ਵਿਚ ਕਈ ਦਹਾਕਿਆਂ ਤੋਂ ਕੀਤੀਆਂ ਹੋਈਆਂ ਖੋਜਾਂ ਹੰਘਾਲ ਕੇ ਕੁੱਝ ਨਤੀਜੇ ਕੱਢੇ ਹਨ, ਜੋ ਸੁਨੱਖੇ ਅਤੇ ਹੁਸੀਨ ਲੋਕਾਂ ਨੂੰ ਹਜ਼ਮ ਹੋਣੇ ਔਖੇ ਹੋ ਸਕਦੇ ਹਨ।
ਹੁਸੀਨ ਲੋਕਾਂ ਨੂੰ ਆਪਣੇ ਬਾਰੇ ਇਕ ਬਹੁਤ ਵੱਡਾ ਭੁਲੇਖਾ ਪੈ ਸਕਦਾ ਹੈ ਕਿ ਉਨ੍ਹਾਂ ਦੇ ਚਿਹਰੇ ਦੁਆਲੇ ਇਕ ਆਭਾ ਮੰਡਲ ਰਹਿੰਦਾ ਹੈ। ਸਾਧਾਰਨ ਲੋਕ ਇਹ ਵੀ ਸੋਚਦੇ ਹੋਣਗੇ ਕਿ ਜੇ ਉਹ ਲੋਕ ਉਨ੍ਹਾਂ ਨਾਲ਼ੋਂ ਸੁਹਣੇ ਹਨ ਤਾਂ ਰੱਬ ਦੇ ਬਹੁਤਾ ਨੇੜੇ ਹੋਣਗੇ ਤੇ ਰੱਬ ਨੇ ਹੋਰ ਕਈ ਬਰਕਤਾਂ ਵੀ ਉਨ੍ਹਾਂ ਨੂੰ ਖੁੱਲ਼ੇ ਹੱਥੀਂ ਦਿੱਤੀਆਂ ਹੋਣਗੀਆਂ। ਕਿਸੇ ਸੁਨੱਖੇ ਪ੍ਰਾਣੀ ਨਾਲ਼ ਵਾਹ ਪੈਣ ’ਤੇ ਪਹਿਲਾ ਖ਼ਿਆਲ ਇਹੋ ਹੀ ਆਉਂਦਾ ਹੈ, “ ਇਸ ਉੱਤੇ ਰੱਬ ਦੀ ਪੂਰੀ ਦਯਾ ਹੈ।” ਕਈ ਵਾਰੀ ਤਾਂ ਉਸ ਸੁਨੱਖੇ ਸੱਜਣ/ ਸੱਜਣੀ ਨਾਲ਼ ਪਲੇਠੀ ਮਿਲਣੀ ਮਗਰੋਂ ਕਿੰਨਾ ਹੀ ਚਿਰ ਏਦਾਂ ਲੱਗਦਾ ਰਹਿੰਦਾ ਕਿ ਰੱਬ ਦੇ ਦੀਦਾਰ ਹੋ ਗਏ ਹਨ। ਮਨੋਵਿਗਿਆਨੀਆਂ ਦਾ ਖ਼ਿਆਲ ਹੈ ਕਿ ਲੋਕ ਇਹ ਸਮਝਦੇ ਹਨ ਕਿ ‘ਸੁੰਦਰਮ’ ਹੀ ਸੱਚ ਹੈ ਜਦੋਂ ਕਿ ਹਕੀਕਤ ਵਿਚ ਜੋ ਸੱਚ ਹੈ, ਉਹੀ ਸੁੰਦਰ ਹੈ।
ਸਿੱਖਿਆ ਦੀ ਮਿਸਾਲ ਹੀ ਲੈ ਲਈਏ ਤਾਂ ਇਨ੍ਹਾਂ ਖੋਜਾਰਥਣਾਂ ਸਾਹਮਣੇ ਇਹ ਹਕੀਕਤਾਂ ਆਈਆਂ ਹਨ ਕਿ ਜਿਹੜੇ ਵਿਦਿਆਰਥੀ ਜਾਂ ਵਿਦਿਆਰਥਣਾਂ ਦੇਖਣ-ਚਾਖਣ ਵਿਚ ਰਤਾ ਕੁ ਚੰਗੇ ਲੱਗਦੇ ਹਨ, ਅਧਿਆਪਕ ਉਨ੍ਹਾਂ ਨੂੰ ਹੀ ਵਧੇਰੇ ਸਮਰੱਥ ਅਤੇ ਹੁਸ਼ਿਆਰ ਸਮਝ ਲਿਆ ਕਰਦੇ ਹਨ ਤੇ ਇਹੋ ਨਿਸ਼ਾਨਦੇਹੀ ਉਨ੍ਹਾਂ ਵੱਲੋਂ ਲਾਏ ਹੋਏ ਨੰਬਰਾਂ ਤੋਂ ਹੋਇਆ ਕਰਦੀ ਹੈ। ਹੋਰ ਤਾਂ ਹੋਰ, ਇਹੋ ਹਵਾਬਾਜ਼ੀ ਵਰ੍ਹਿਆਂ ਬੱਧੀ ਸਮੇਂ ਤਕ ਫੈਲਦੀ ਰਹੀ ਹੈ। ਟੋਨੀਆ ਫਲੇਵਰਟ ਦਾ ਕਹਿਣ ਹੈ, “ਇਹ ਅਸਰ ਲੰਬੀ ਮਾਰ ਕਰਦਾ ਰਹਿੰਦਾ ਹੈ। ਇਸ ਰੁਝਾਨ ਤੋਂ ਤੁਹਾਨੂੰ ਗ਼ਲਤ ਕਿਸਮ ਦਾ ਹੌਸਲਾ ਮਿਲਦਾ ਰਹਿੰਦਾ ਹੈ ਤੇ ਤੁਹਾਨੂੰ ਹੋਣ ਵਾਲ਼ੀਆਂ ਗ਼ਲਤਫ਼ਹਿਮੀਆਂ ਹੀ ਤੁਹਾਨੂੰ ਖ਼ੁਸ਼ਫ਼ਹਿਮੀਆਂ ਲੱਗਣ ਲੱਗ ਪੈਂਦੀਆਂ ਹਨ।”
ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਹੁਸਨ ਦੀ ਭੱਦੀ ਵਰਤੋਂ ਦੀ ਰੀਤ। ਜਦੋਂ ਤੁਸੀਂ ਸਕੂਲਾਂ ਤੇ ਕਾਲਜਾਂ ਵਿਚੋਂ ਨਿੱਕਲ ਕੇ ਨੌਕਰੀਆਂ ਜਾਂ ਕੰਮਾਂ-ਕਾਰਾਂ ਵਿਚ ਪੈਂਦੇ ਹੋ ਤਾਂ ਤੁਹਾਡੀ ਕੰਮ ਕਰਨ ਦੀ ਸਮਰੱਥਾ ਦੀ ਥਾਂ, ਤੁਹਾਡੇ ਰੰਗ-ਰੂਪ ਅਤੇ ਸ਼ਕਲ-ਸੂਰਤ ਦੀ ਕਦਰ ਪਾ ਦਿੱਤੀ ਜਾਂਦੀ ਹੈ। ਭਾਵੇਂ ਹੋਰ ਗੁਣ ਵੀ ਦੇਖੇ-ਪਰਖ਼ੇ ਜਾਂਦੇ ਹਨ, ਪਰ ‘ਖ਼ੁਸ਼ਖ਼ਤੀ’ (ਖ਼ੂਬਸੂਰਤੀ) ਦੇ ਵਾਧੂ ਨੰਬਰ ਦਿੱਤੇ ਹੀ ਜਾਂਦੇ ਹਨ। ਦਿਲਕਸ਼ ਜਾਂ ਸੁਨੱਖੇ ਲੋਕਾਂ ਕੋਲ ‘ਗਾਹਕ’ ਵੱਧ ਆਉਂਦੇ ਹਨ ਅਤੇ ਉਨ੍ਹਾਂ ਦੀ ਕਮਾਈ ਵਧਣ ਦੀ ਗੁੰਜਾਇਸ਼ ਕਾਫੀ ਜ਼ਿਆਦਾ ਰਹਿੰਦੀ ਹੈ। ਇਹੋ ਜਿਹੇ ਲੋਕ, ਖ਼ੁਸ਼ਕ ਤੇ ਕੁਹਜੇ ਲੋਕਾਂ ਨਾਲੋਂ ਅੱਗੇ ਨਿੱਕਲ ਸਕਦੇ ਹਨ। ਜ਼ਿੰਦਗ਼ੀ ਦੇ ਬਹੁਤ ਸਾਰੇ ਖੇਤਰਾਂ ਵਿਚ ਹੁਸਨ ਬਾਜ਼ੀ ਮਾਰਦਾ ਦਿਸਦਾ ਹੈ।
ਕੁੱਝ ਖੇਤਰ ਇਹੋ ਜਿਹੇ ਵੀ ਹਨ, ਜਿਨ੍ਹਾਂ ਵਿਚ ਹੁਸਨ ਜਾਂ ਸੁਨੱਖਾਪਨ ਉਲਟਾ ਅਸਰ ਕਰ ਦਿੰਦਾ ਹੈ। ਸੁਨੱਖੇ ਮਰਦਾਂ ਨੂੰ ਵਧੀਆ ਲੀਡਰ ਸਮਝਿਆ ਜਾ ਸਕਦਾ ਹੈ, ਪਰ ਦਿਲਕਸ਼ ਔਰਤਾਂ ਬਹੁਤੀ ਵਾਰੀ ਆਪਣੇ ਹੁਸਨ ਹੱਥੋਂ ਹੀ ਮਾਰ ਖਾ ਜਾਂਦੀਆਂ ਹਨ। ਉਨ੍ਹਾਂ ਦੀਆਂ ਲੰਬੀਆਂ ਗੁੱਤਾਂ ਅਤੇ ਭਰਵੇਂ ਗੁਦਾਜ਼ ਜਿਸਮਾਂ ਦੀਆਂ ਭਰਪੂਰ ਤਾਰੀਫ਼ਾਂ ਕੀਤੀਆਂ ਜਾਂਦੀਆਂ ਹਨ, ਪਰ ਨਾਲ਼ ਹੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਮੱਤ ਗਿੱਚੀ ਵਿਚ ਅਤੇ ਗੁੱਤ ਵਿਚ ਹੁੰਦੀ ਹੈ, ਜੋ ਉਨ੍ਹਾਂ ਦੀ ਗੁੱਤ ਖੋਲ੍ਹ ਕੇ ਕੋਈ ਵਰਤ ਸਕਦਾ ਹੈ। ਸੁਨੱਖੀਆਂ ਔਰਤਾਂ ਨੂੰ, ਯੋਗ ਹੋਣ ’ਤੇ ਵੀ ਅਹਿਮ ਕੰਮ ਨਹੀਂ ਸੌਂਪੇ ਜਾਂਦੇ। ਇਸ ਸਬੰਧੀ ਨਿਤਾਰਾ ਕਰਨ ਖ਼ਾਤਰ ਬੀਬੀ ਫਲੇਵਰਟ ਅਤੇ ਬੀਬੀ ਵਾਕਰ ਨੇ ਹਾਲੀਵੁੱਡ ਦੀ ਫ਼ਿਲਮ ‘ਲੀਗਲੀ ਬਲੌਂਡ’ ਦੇਖਣ ਦਾ ਸੁਝਾਅ ਦਿੱਤਾ ਹੈ ਕਿਉਂ ਕਿ ਉਸ ਵਿਚ ਅਦਾਕਾਰਾ ਰੀਸ ਵਿਦਰਸਪੂਨ ਵੱਲੋਂ ਨਿਭਾਏ ਕਿਰਦਾਰ ਨਾਲ਼ ਇਸੇ ਤਰ੍ਹਾਂ ਹੁੰਦਾ ਦਿਖਾਇਆ ਹੈ।
ਇਸ ਅਧਿਐਨ ਨੇ ਇਕ ਹੋਰ ਅਹਿਮ ਗੱਲ ਵੀ ਸਾਹਮਣੇ ਲਿਆਂਦੀ ਹੈ ਕਿ ਚਾਹੇ ਤੁਸੀਂ ਮਰਦ ਹੋ, ਚਾਹੇ ਔਰਤ ਤੁਹਾਡੇ ਨਾਲ਼ ਈਰਖਾ ਹੋਣੀ ਹੀ ਹੋਣੀ ਹੈ। ਜੇ ਤੁਸੀਂ ਮਰਦ ਹੋ ਤੇ ਤੁਹਾਡੇ ਨਾਲ਼ ਇੰਟਰਵਿਊ ਕਰਨ ਵਾਲ਼ਾ ਵੀ ਮਰਦ ਹੈ ਅਤੇ ਜੇ ਤੁਸੀਂ ਔਰਤ ਹੋ ਤੇ ਤੁਹਾਡੇ ਨਾਲ਼ ਇੰਟਰਵਿਊ ਕਰਨ ਵਾਲ਼ੀ ਵੀ ਔਰਤ ਹੈ ਤਾਂ ਦੋਹਾਂ ਵੀ ਹਾਲਤਾਂ ਵਿਚ ਹੀ ਤੁਹਾਨੂੰ ਨਿਯੁਕਤੀ ਪੱਤਰ ਮਿਲਣ ਦੀ ਗੁੰਜਾਇਸ਼ ਬਹੁਤ ਹੀ ਘੱਟ ਰਹੇਗੀ ਕਿਉਂ ਕਿ ਇੰਟਰਵਿਊ ਕਰਨ ਵਾਲ਼ੇ ਤੁਹਾਡੇ ਹੁਸਨ ਅਤੇ ਲਿਆਕਤ ਤੋਂ ਖ਼ਾਰ ਖਾ ਜਾਣਗੇ। ਜੇ ਤੁਸੀਂ ਸੁਹਣੇ-ਸੁਨੱਖੇ ਮਰਦ ਹੋ ਜਾਂ ਜੇ ਤੁਸੀਂ ਹੁਸੀਨ ਤੇ ਬਾਂਕੀ ਮੁਟਿਆਰ ਹੋ ਤਾਂ ਬਿਮਾਰ ਹੋਣ ਦੀ ਸੂਰਤ ਵਿਚ ਤੁਹਾਡੀ ਡਾਕਟਰੀ ਸੇਵਾ-ਸੰਭਾਲ ਵਿਚ ਕੋਤਾਹੀ ਹੋਣ ਦੇ ਪੂਰੇ ਆਸਾਰ ਹੋਣਗੇ। ਸੁੰਦਰਤਾ ਜਾਂ ਸੁਹੱਪਣ ਦਾ ਸਿਹਤ ਨਾਲ਼ ਸਿੱਧਾ ਸਬੰਧ ਨਾ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਆਪਸ ਵਿਚ ਜੋੜ ਹੀ ਲਿਆ ਜਾਂਦਾ ਹੈ। ਉਨ੍ਹਾਂ ਬਿਮਾਰੀਆਂ ਦਾ ਇਲਾਜ ਬਹੁਤੀ ਸੰਜੀਦਗ਼ੀ ਨਾਲ਼ ਨਹੀਂ ਕੀਤਾ ਜਾਂਦਾ, ਜਿਨ੍ਹਾਂ ਦਾ ਸਬੰਧ ਸੁੰਦਰਤਾ ਨਾਲ਼ ਜਾਂ ਸੁਨੱਖੇ ਲੋਕਾਂ ਨਾਲ਼ ਹੁੰਦਾ ਹੈ। ਜਿੱਥੋਂ ਤਕ ਦਰਦ ਜਾਂ ਤਕਲੀਫ਼ ਦੇ ਇਲਾਜ ਦਾ ਸੁਆਲ ਹੈ, ਡਾਕਟਰ ਉਨ੍ਹਾਂ ਲੋਕਾਂ ਵੱਲ ਘੱਟ ਧਿਆਨ ਦਿੰਦੇ ਹਨ, ਜਿਨ੍ਹਾਂ ਦੇ ਜਿਸਮਾਂ ਵਿਚ ਹੁਸੀਨ ਖਿੱਚ ਵਧੇਰੇ ਹੁੰਦੀ ਹੈ।
ਹੁਸੀਨ ਲੋਕਾਂ ਦੇ ਦੁਆਲ਼ੇ ਇਕ ਅਦਿਸ ਗੁਬਾਰਾ ਜਿਹਾ ਹੁੰਦਾ ਹੈ, ਜੋ ਉਨ੍ਹਾਂ ਨੂੰ ਆਮ ਲੋਕਾਂ ਨਾਲੋਂ ਵੱਖਰੇ ਰੱਖਦਾ ਹੈ, ਫਾਸਲੇ ਉੱਤੇ ਰੱਖਦਾ ਹੈ। ਮਿਸਾਲ ਦੇ ਤੌਰ ’ਤੇ 1975 ਵਿਚ ਕੀਤੇ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਰਾਹ ਵਿਚ ਤੁਰਦਿਆਂ ਲੋਕ, ਕਿਸੇ ਸੁਨੱਖੀ ਔਰਤ ਤੋਂ ਪਰ੍ਹਾਂ ਰਹਿ ਕੇ ਤੁਰਦੇ ਸਨ। ਭਾਵੇਂ ਇਸ ਰੁਝਾਨ ਨੂੰ ਮਾਣ-ਤਾਣ ਕਰਨ ਦਾ ਢੰਗ ਸਮਝਿਆ ਜਾਂਦਾ ਰਿਹਾ ਹੋਵੇ, ਪਰ ਫਿਰ ਵੀ ਇਸ ਨਾਲ਼ ਸੁਨੱਖੇਪਨ ਤੋਂ ਦੂਰੀ ਤਾਂ ਬਣਾ ਕੇ ਰੱਖੀ ਹੀ ਜਾਂਦੀ ਹੈ। ਬੀਬੀ ਫਲੇਵਰਟ ਇਸ ਸਬੰਧ ਵਿਚ ਏਦਾਂ ਕਹਿੰਦੀ ਹੈ, “ਦਿਲਕਸ਼ੀ ਵਿਚੋਂ ਵਧੇਰੇ ਤਾਕਤ ਦਾ ਝਲਕਾਰਾ ਪੈ ਸਕਦਾ ਹੈ, ਪਰ ਉਹ ਝਲਕਾਰਾ ਹੋਰ ਲੋਕਾਂ ਨੂੰ ਇਹ ਮਹਿਸੂਸ ਕਰਾ ਸਕਦਾ ਹੈ ਕਿ ਉਹ, ਉਸ ਵਿਅਕਤੀ ਦੇ ਨੇੜੇ ਨਹੀਂ ਜਾ ਸਕਦੇ।”
ਦਿਲਚਸਪ ਗੱਲ ਇਹ ਵੀ ਹੈ ਕਿ ਮਰਦਾਂ-ਔਰਤਾਂ ਵਿਚਾਲੇ ਸਾਂਝ ਪੁਆਉਣ ਲਈ ਇੰਟਰਨੈੱਟ ਦੀ ਵਰਤੋਂ ਕਰਨ ਲਈ ਬਣਾਈ ਹੋਈ ਵੈਬਸਾਈਟ ‘ਓਕੇ ਕਿਊਪਡ’ ਨੇ ਹਾਲ ਹੀ ਵਿਚ ਦੱਸਿਆ ਹੈ ਕਿ ਜਿਹੜੇ ਲੋਕ, ਸਾਈਟ ਉੱਤੇ ਉਹ ਤਸਵੀਰਾਂ ਪਾਉਂਦੇ ਹਨ, ਜਿਨ੍ਹਾਂ ਵਿਚ ਉਹ ਹੁਸਨ ਦੇ ਮੁਜੱਸਮੇਂ ਲੱਗਿਆ ਕਰਦੇ ਹਨ, ਉਨ੍ਹਾਂ ਨੂੰ ਉੱਨਾ ਹੁੰਗਾਰਾ ਨਹੀਂ ਮਿਲਦਾ, ਜਿੰਨਾ ਹਮਾਤੜ ਲੋਕ ਸਿੱਧ-ਪੱਧਰੀਆਂ ਤਸਵੀਰਾਂ ਪਾ ਕੇ ਲੈ ਜਾਂਦੇ ਹਨ। ਇਸ ਦਾ ਵੱਡਾ ਕਾਰਨ ਸ਼ਾਇਦ ਇਹੋ ਹੈ ਕਿ ਸਾਦਾ ਦਿੱਖ ਵਾਲ਼ੇ/ ਵਾਲ਼ੀਆਂ ਬਹੁਤੀਆਂ ਸ਼ਰਤਾਂ ਨਹੀਂ ਰੱਖਦੇ/ ਰੱਖਦੀਆਂ।
ਸੋ ਹੁਣ ਤਕ ਇਹੋ ਗੱਲ ਕਹਿਣ ਦਾ ਹੀਲਾ ਹੀ ਕੀਤਾ ਗਿਆ ਹੈ ਕਿ ਸੁਨੱਖੇ ਹੋਣ ਦਾ ਮਤਲਬ ਇਹ ਹਰਗ਼ਿਜ਼ ਨਹੀਂ ਹੈ ਕਿ ਸੁਨੱਖੇ ਹੋ ਕੇ ਤੁਹਾਡੇ ਹੱਥ ਖ਼ੁਸ਼ੀਆਂ-ਖੇੜਿਆਂ ਦੀ ਚਾਬੀ ਆ ਗਈ ਹੈ। ਹਾਂ, ਹੁਸਨ ਧਿਆਨ ਜ਼ਰੂਰ ਖਿੱਚਦਾ ਹੈ। ਇਸ ਸਬੰਧ ਵਿਚ ਫਲੇਵਰਟ ਅਤੇ ਵਾਕਰ ਦੋਵੇਂ ਹੀ ਇਸ ਗੱਲ ਉੱਤੇ ਜ਼ੋਰ ਦਿੰਦੀਆਂ ਹਨ ਕਿ ਹੁਸਨ ਬਾਰੇ ਸਾਡੇ ਖ਼ਿਆਲਾਂ ਵਾਂਗ ਹੀ ਹੁਸਨ ਦਾ ਅਸਰ ਵੀ ਆਰਜ਼ੀ ਜਿਹਾ ਅਤੇ ਥੋੜ੍ਹ-ਚਿਰਾ ਜਿਹਾ ਹੀ ਹੁੰਦਾ ਹੈ। ਬੀਬੀ ਵਾਕਰ ਇਸ ਬਾਰੇ ਏਦਾਂ ਕਹਿੰਦੀ ਹੈ, “ਸਾਡੇ ਮਨਾਂ ਵਿਚ ਸੁੰਦਰਤਾ ਬਾਰੇ ਸਭਿਆਚਾਰਕ ਆਦਰਸ਼ ਬਣੇ ਹੁੰਦੇ ਹਨ ਕਿ ਜੇ ਕੋਈ ਸੁਨੱਖਾ ਹੈ ਤਾਂ ਉਸ ਨੂੰ ਸੁਨੱਖਾ ਕਿਹਾ ਜਾਂ ਮੰਨਿਆ ਜਾਵੇ ਅਤੇ ਉਨ੍ਹਾਂ ਆਦਰਸ਼ਾਂ ਦੀ ਵਜ੍ਹਾ ਨਾਲ਼ ਹੀ ਅਸੀਂ ਉਸ ਸੁਨੱਖੇਪਨ ਨੂੰ ਸਮਰੱਥਾ ਨਾਲ਼ ਜੋੜਨ ਲੱਗ ਪੈਂਦੇ ਹਾਂ।” ਇਕ ਤਰ੍ਹਾਂ ਨਾਲ਼, ਸੁਨੱਖੇਪਨ ਨਾਲ਼ ਜੁੜੀ ਹੋਈ ਫੌਰੀ ਪ੍ਰਸ਼ੰਸਾ, ਕਾਹਲ਼ੀ-ਕਾਹਲ਼ੀ ਇਸ ਪਾਸੇ ਵੱਲ ਪ੍ਰੇਰਦੀ ਹੈ। ਬੀਬੀ ਫਲੇਵਰਟ ਦੇ ਕਹਿਣ ਅਨੁਸਾਰ, “ਕਾਹਲ਼ ਵਿਚ ਹਾਸਲ ਕੀਤੀਆਂ ਹੋਈਆਂ ਇਹੋ ਜਿਹੀਆਂ ਹੋਰ ਫੌਰੀ ਪ੍ਰੇਰਨਾਵਾਂ ਵਾਂਗ ਹੀ ਇਹ ਵੀ ਬਹੁਤੀ ਭਰੋਸੇਯੋਗ ਨਹੀਂ ਹੁੰਦੀ।” ਜੇ ਕਿਸੇ ਇੰਟਰਵਿਊ ਤੋਂ ਪਹਿਲਾਂ ਮਨੁੱਖੀ ਵਸੀਲਿਆਂ ਨਾਲ਼ ਸਬੰਧਤ ਵਿਭਾਗ ਕਿਸੇ ਉਮੀਦਵਾਰ ਦੀਆਂ ਪ੍ਰਾਪਤੀਆਂ ਬਾਰੇ ਹੋਰ ਵੇਰਵੇ ਦੇਣ ਤਾਂ ਇਸ ਤਰ੍ਹਾਂ ਦੀ ਫੌਰੀ ਪ੍ਰਸ਼ੰਸਾ ਦਾ ਅਸਰ ਘਟਾਉਣਾ ਕਾਫੀ ਸੌਖਾ ਹੋ ਸਕਦਾ ਹੈ।
ਬੀਬੀ ਫਲੇਵਰਟ ਸਿਰੇ ਦਾ ਇਕ ਨੁਕਤਾ ਦੱਸਦਿਆਂ ਕਹਿੰਦੀ ਹੈ ਕਿ ਜੇ ਇਸ ਨਾਲ਼ ਵਾਧੂ ਚਿੰਤਾ ਅਤੇ ਦਬਾਅ ਪੈਂਦਾ ਹੋਵੇ ਤਾਂ ਤੁਹਾਡੇ ਵੱਲੋਂ ਆਪਣੀ ਦਿੱਖ ਸੁਧਾਰਨ ਵੱਲ ਬਹੁਤਾ ਹੀ ਧਿਆਨ ਦੇਣਾ ਵੀ ਘਾਤਕ ਹੋ ਸਕਦਾ ਹੈ, ਖ਼ਾਸ ਤੌਰ ’ਤੇ ਉਨ੍ਹਾਂ ਲਈ ਵੀ, ਜਿਨ੍ਹਾਂ ਉੱਤੇ ਸੁਨੱਖੇਪਨ ਦੇ ਪੱਖ ਤੋਂ ਰੱਬ ਦੀ ਦਇਆ ਹੁੰਦੀ ਹੈ। ਇਹ ਬੀਬੀ ਅੱਗੇ ਕਹਿੰਦੀ ਹੈ, “ਜੇ ਤੁਹਾਨੂੰ ਦਿਲਕਸ਼ ਬਣਨ ਦਾ ਖ਼ਬਤ ਜਿਹਾ ਹੀ ਹੋ ਜਾਵੇ ਤਾਂ ਇਸ ਨਾਲ਼ ਤੁਹਾਡੇ ਰਵੱਈਏ ਵਿਚ ਅਦਲਾ-ਬਦਲੀ ਜਿਹੀ ਹੋਈ ਦਿਸੇਗੀ।” ਭਾਵੇਂ ਇਹ ਗੱਲ ਬਹੁਤ ਘਸੀ ਜਿਹੀ ਲੱਗੇ, ਪਰ ਇਸ ਵਿਚ ਕੋਈ ਝੂਠ ਨਹੀਂ ਕਿ ਹੁਸਨ ਭਾਵੇਂ ਕਿੰਨਾ ਵੀ ਜ਼ਿਆਦਾ ਹੋਵੇ, ਉਹ ਸ਼ਖ਼ਸੀਅਤ ਦੇ ਔਗੁਣ ਨਹੀਂ ਢਕ ਸਕਦਾ। ਲੇਖਕਾ ਡੋਰੋਥੀ ਪਾਰਕਰ ਦਾ ਉਹ ਕਥਨ ਇਸ ਸਬੰਧ ਵਿਚ ਕਮਾਲ ਹੈ, ਜਿਸ ਰਾਹੀਂ ਉਹ ਕਹਿੰਦੀ ਹੈ, “ਸੁਨੱਖੇਪਨ ਦਾ ਸਬੰਧ ਚਮੜੀ ਤਕ ਹੀ ਹੁੰਦਾ ਹੈ, ਪਰ ਕੁਹਜ ਤਾਂ ਹੱਡੀਆਂ ਤਕ ਗਿਆ ਹੁੰਦਾ ਹੈ।”
ਜੇ ਇਸ ਸਬੰਧ ਵਿਚ ਇਕ ਦੇਸੀ ਜਿਹਾ ਦ੍ਰਿਸ਼ਟਾਂਤ ਨਾ ਦਿੱਤਾ ਗਿਆ ਤਾਂ ਹੁਸਨ ਦੇ ਕੁਹਜ ਬਾਰੇ ਲਿਖਿਆ ਇਹ ਲੇਖ ਅਧੂਰਾ ਹੀ ਰਹਿ ਜਾਵੇਗਾ। ਇਸ ਲਈ ਇਸ ਨੂੰ ਪੂਰਾ ਕਰਨ ਦਾ ਹੀਲਾ ਕਰਦੇ ਹਾਂ। ਕੁਰਾਨ ਸ਼ਰੀਫ਼ ਵਿਚ ਦਰਜ ਇਕ ਦਾਸਤਾਨ ਤੋਂ ਪ੍ਰੇਰਤ ਇਕ ਆਸ਼ਕਾਨਾ ਕਹਾਣੀ ਹੈ ‘ਯੂਸਫ਼-ਜ਼ੁਲੈਖਾਂ’ ਦੀ। ਅਸਲ ਵਿਚ ਇਹ ਕਹਾਣੀ ਹੈ ‘ਹੁਸਨ ਅਤੇ ਇਸ਼ਕ’ ਦੀ। ਇਸ ਦਾਸਤਾਨ ਦੇ ਕਈ ਰੂਪ ਰਹੇ ਹਨ ਤੇ ਕਈ ਰਹੀਆਂ ਹਨ ਇਸ ਦੀਆਂ ਤਰਜਮਾਨੀਆਂ। ਪੰਜਾਬ ਵਿਚ ਇਹ ਕਹਾਣੀ, ਇਕ ਕਿੱਸੇ ਦੇ ਰੂਪ ਵਿਚ ਮਕਬੂਲ ਹੈ। ਭਾਵੇਂ ਇਸ ਦੇ ਲੇਖਕਾਂ ਵਿਚ ਮਹਿਮੂਦ ਗਨੀ ਕਸ਼ਮੀਰੀ, ਸ਼ਾਹ ਮੁਹੰਮਦ ਸਗੀਰ ਅਤੇ ਫ਼ਰਦੌਸੀ ਵੀ ਸ਼ਾਮਲ ਹਨ, ਪਰ ਕਲਮਾਂ ਅਤੇ ਲੇਖਕ ਬਦਲ ਜਾਣ ’ਤੇ ਵੀ ‘ਲੱਲੇ-ਭੱਬੇ’ ਦੇ ਫ਼ਰਕ ਨਾਲ਼ ਇਹ ਕਹਾਣੀ ਦੁਹਰਾਈ ਹੀ ਜਾਂਦੀ ਰਹੀ ਹੈ। ਮੋਟੇ ਤੌਰ ’ਤੇ ਯੂਸਫ਼ ਅਤੇ ਜ਼ੁਲੈਖਾਂ ਦੀ ਇਹ ਮੁਹੱਬਤ ਭਰੀ ਦਾਸਤਾਨ ਸਾਨੂੰ ਇਹੋ ਦੱਸਦੀ ਹੈ ਕਿ ਮੁਹੱਬਤ ਦੇ ਜਹਾਨ ਵਿਚ ਹੁਸਨ ਯਾਨੀ ਸੁਨੱਖਾਪਨ ਕੀ ਕਿਰਦਾਰ ਨਿਭਾਉਂਦਾ ਹੈ। ਕਹਿੰਦੇ ਨੇ ਯੂਸਫ਼ ਲੋਹੜੇ ਦਾ ਸੁਨੱਖਾ ਸੀ। ਉਸ ਦੇ ਸੁਨੱਖੇਪਨ ਨੇ ਪਹਿਲੀ ਬਲੀ ਲਈ, ਉਸ ਤੇ ਭਰਾਵਾਂ ਵੱਲੋਂ ਮਿਲਣ ਵਾਲ਼ੇ ਪਿਆਰ ਦੀ। ਉਸ ਦੇ ਭਰਾਵਾਂ ਨੇ ਉਸ ਦੇ ਸੁਨੱਖੇਪਨ ਤੋਂ ਸੜ-ਖਿਝ ਕੇ ਉਸ ਨੂੰ ਖੂਹ ਵਿਚ ਸੁੱਟ ਦਿੱਤਾ ਸੀ। ਖੂਹ ਨੇੜਿਓਂ ਲੰਘਦੇ ਕੁੱਝ ਵਪਾਰੀਆਂ ਨੇ ਉਸ ਨੂੰ ਬਾਹਰ ਕੱਢ ਲਿਆ ਤੇ ਮਿਸਰ ਦੇ ਸ਼ਾਹ ਕੋਲ ਗੁਲਾਮ ਵਜੋਂ ਵੇਚ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਯੂਸਫ਼ ਦਾ ਮੁੱਲ਼, ਸੂਤ ਦੀ ਇਕ ਅੱਟੀ ਹੀ ਪਿਆ ਸੀ। ਸ਼ਾਹ ਨੇ ਉਸ ਦੇ ਸੁਨੱਖੇਪਨ ਦੀ ਕਦਰ ਪਾਉਂਦਿਆਂ ਉਸ ਨੂੰ ਆਪਣੀ ਟਹਿਲ-ਸੇਵਾ ਲਈ ਰੱਖ ਲਿਆ। ਮਿਸਰ ਦੇ ਸ਼ਾਹ ਦੀ ਮਲਕਾ ਜ਼ੁਲੈਖਾਂ (ਜ਼ੁਲੈਖਾ) ਯੂਸਫ਼ ਨੂੰ ਦੇਖਦਿਆਂ ਹੀ ਉਸ ਉੱਤੇ ਮਰ-ਮਿਟੀ। ਉਹ ਉਸ ਸੁਨੱਖੇ ਗਭਰੂ ਨੂੰ ਰਾਜਾ ਬਣਾਉਣ ਦੇ ਖ਼ਾਬ ਲੈਣ ਲੱਗੀ। ਉਨ੍ਹਾਂ ਦੇ ਇਸ਼ਕ ਦੀ ਦਾਸਤਾਨ ਮਹਿਲਾਂ ਦੀ ਸਰਦਲ ਟੱਪ ਕੇ ਸਾਰੇ ਮਿਸਰ ਵਿਚ ਪਹੁੰਚ ਗਈ। ਉਸ ਦੇ ਇਸ਼ਕ ਵਿਚ ਜ਼ੁਲੈਖਾਂ ਦੀਵਾਨੀ ਜਿਹੀ ਹੋਈ ਰਹਿੰਦੀ ਸੀ ਕਿਉਂ ਕਿ ‘ਜਦੋਂ ਇਸ਼ਕ ਜਾਗਦਾ ਹੈ ਤਾਂ ਅਕਲ ਸੌਂ ਜਾਂਦੀ ਹੈ।’
ਇਕ ਦਿਨ ਜ਼ੁਲੈਖਾਂ ਨੇ ਆਪਣੇ ਕਮਰੇ ਵਿਚ ਯੂਸਫ਼ ਨਾਲ਼ ਸਮਾਂ ਬਿਤਾਉਂਦਿਆਂ, ਆਪਣੇ ਕਮਰੇ ਵਿਚ ਪਈ ਇਕ ਮੂਰਤੀ ਦਾ ਚਿਹਰਾ ਢਕਣ ਦਾ ਹੀਲਾ ਕੀਤਾ। ਯੂਸਫ਼ ਵੱਲੋਂ ਇਸ ਦੀ ਵਜ੍ਹਾ ਪੁੱਛਣ ’ਤੇ ਜ਼ੁਲੈਖਾਂ ਨੇ ਕਿਹਾ ਕਿ ਉਸ ਨੇ ‘ਖ਼ੁਦਾ’ ਦੀ ਮੂਰਤੀ ਦੀਆਂ ਅੱਖਾਂ ਵਿਚ ਕਹਿਰ ਦੇਖ ਕੇ ਮੂਰਤੀ ਦਾ ਚਿਹਰਾ ਢਕਣ ਦਾ ਹੀਲਾ ਕੀਤਾ ਸੀ। ਇਸ ਗੱਲ ਨੇ ਯੂਸਫ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਸ ਨੇ ਜ਼ੁਲੈਖਾਂ ਨੂੰ ਕਿਹਾ, “ਤੂੰ ਇਹ ਕੀ ਕਰ ਦਿੱਤਾ ਏ ਜ਼ੁਲੈਖਾਂ! ਤੇਰੇ ਇਸ ‘ਖ਼ੁਦਾ’ ਦੀਆਂ ਅੱਖਾਂ ਤਾਂ ਇਸ ਕੱਪੜੇ ਨਾਲ਼ ਬੰਦ ਹੋ ਗਈਆਂ, ਪਰ ਮੇਰੇ ਖ਼ੁਦਾ ਦੀਆਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਉਹ ਤਾਂ ਮੈਨੂੰ ਹਰ ਥਾਂ ਦੇਖਦਾ ਹੈ।” ਇਸ ਘਟਨਾ ਨਾਲ਼ ਯੂਸਫ਼ ਦੀਆਂ ਅੱਖਾਂ ਖੁੱਲ੍ਹ ਗਈਆਂ। ਜ਼ੁਲੈਖਾਂ, ਯੂਸਫ਼ ਦੇ ਇਸ਼ਕ ਦੇ ਰੰਗ ਵਿਚ ਇੰਨੀ ਰੰਗੀ ਗਈ ਸੀ ਕਿ ਉਸ ਨੂੰ ਚਾਰੇ ਪਾਸੇ ਯੂਸਫ਼ ਅਤੇ ਉਸ ਦਾ ਜੁੱਸਾ ਹੀ ਨਜ਼ਰ ਆਉਂਦਾ ਸੀ। ਅੱਖਾਂ ਖੁੱਲ੍ਹ ਜਾਣ ਮਗਰੋਂ ਯੂਸਫ਼ ਨੇ ਜ਼ੁਲੈਖਾਂ ਦੀ ਹਵਸ ਸ਼ਾਂਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜ਼ੁਲੈਖਾਂ ਦੇ ਤਨ ਦੀ ਅੱਗ, ਉਸ ਦੇ ਮਨ ਤਕ ਪਹੁੰਚ ਗਈ ਤਾਂ ਉਹ ਕ੍ਰੋਧ ਵਿਚ ਲਟ-ਲਟ ਬਲਣ ਲੱਗੀ। ਅੰਤ ਉਸ ਨੇ ਯੂਸਫ਼ ਨੂੰ ਉਸ ਦੀ ਗੁਲਾਮਾਂ ਵਾਲ਼ੀ ਔਕਾਤ ਦਾ ਅਹਿਸਾਸ ਕਰਾ ਦਿੱਤਾ। ਇਹ ਸੁਣ ਕੇ ਉਹ ਜਦੋਂ ਜ਼ੁਲੈਖਾਂ ਦੇ ਕਮਰੇ ਵਿਚੋਂ ਨਿੱਕਲਣ ਲੱਗਿਆ ਤਾਂ ਜ਼ੁਲੈਖਾਂ ਨੇ ਉਸ ਦੇ ਕੁਰਤੇ ਦੇ ਗਲਮੇਂ ਨੂੰ ਹੱਥ ਪਾ ਕੇ ਕੁਰਤਾ ਲੀਰੋ-ਲੀਰ ਕਰ ਸੁੱਟਿਆ। ਇਸ ਦੌਰਾਨ ਹੀ ਮਿਸਰ ਦਾ ਸ਼ਾਹ ਆ ਗਿਆ ਤੇ ਉਹ, ਇਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਕਿ ਸ਼ਾਹ ਕੁੱਝ ਪੁੱਛਦਾ, ਜ਼ੁਲੈਖਾਂ ਨੇ ਯੂਸਫ਼ ਦੇ ਖ਼ਿਲਾਫ਼ ਤੁਹਮਤਾਂ ਦਾ ਪਟਾਰਾ ਖੋਲ੍ਹ ਦਿੱਤਾ। ਉਸ ਨੇ ਇਹ ਵੀ ਕਹਿ ਦਿੱਤਾ ਕਿ ਯੂਸਫ਼ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ ਹੈ। ਇਹ ਸੁਣ ਕੇ ਸ਼ਾਹ ਨੂੰ ਗੁੱਸਾ ਆ ਗਿਆ ਤੇ ਉਸ ਨੇ ਯੂਸਫ਼ ਨੂੰ ਸਾਰੀ ਉਮਰ ਜੇਲ੍ਹ ਅੰਦਰ ਡੱਕੀ ਰੱਖਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ, ਕਹਿੰਦੇ ਹਨ ਕਿ ਸਹੀ ਬੰਦਿਆਂ ਨੂੰ ਗ਼ਲਤ ਬੰਦਿਆਂ ਦੇ ਮੁਕਾਬਲੇ ਵੱਧ ਮਸਲੇ ਪੇਸ਼ ਆਉਂਦੇ ਹਨ। ਪੂਰਨ ਭਗਤ ਵੀ ਆਪਣੇ ਹੁਸਨ ਯਾਨੀ ਸੁਨੱਖੇਪਨ ਦਾ ਸ਼ਿਕਾਰ ਹੋਇਆ ਸੀ-ਪਹਿਲਾਂ ਲੂਣਾ ਹੱਥੋਂ ਤੇ ਫਿਰ ਰਾਣੀ ਸੁੰਦਰਾਂ ਦੇ ਹੱਥੋਂ।
ਇਸ ਨੂੰ ਇਸ ਤਰ੍ਹਾਂ ਵੀ ਕਿਹਾ/ ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਹੁਸਨ ਜਾਂ ਸੁਨੱਖਾਪਨ ਮਿਲਦਾ ਹੈ, ਉਨ੍ਹਾਂ ਨੂੰ ਕਈ-ਕਈ ਮਸਲਿਆਂ ਦਾ ਸਾਹਮਣਾ ਕਰ ਕੇ ਉਸ ਦਾ ਇਵਜ਼ਾਨਾ ਵੀ ਤਾਰਨਾ ਪੈਂਦਾ ਹੈ। ਹੁਣ ਸੁਹਣੇ ਜਾਨਣ ਜਾਂ ਉਨ੍ਹਾਂ ਦਾ ਸੁਨੱਖਾਪਨ ਜਾਣੇ, ਹਮਾਤੜ ਕੀ ਜਾਣੇ ਭਲ! #
.jpg)
.jpg)