ਸਿਰੇ ’ਤੇ ਗੰਢ-59

‘ਆਪ’ ਵਿਚ ਆਪੋ-ਧਾਪ, ਪਾਪ ਹੀ ਨਹੀਂ ਮਹਾਪਾਪ
ਬਖ਼ਸ਼ਿੰਦਰ
Email: bababax@gmail.com, Cell Phone: +1-7783789669

‘ਆਮ ਆਦਮੀ ਪਾਰਟੀ’ ਨੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 67 ਸੀਟਾਂ ਜਿੱਤ ਕੇ ਜਿਹੜੀ ‘ਖ਼ਾਸ ਜਿੱਤ’ ਹਾਸਲ ਕੀਤੀ ਹੈ, ਉਸ ਨੇ ਸਾਰੇ ਭਾਰਤ ਨੂੰ ਇਹ ਅਹਿਸਾਸ ਕਰਾ ਦਿੱਤਾ ਸੀ ਕਿ ਅੱਜ-ਕੱਲ੍ਹ ਗੋਲੀ-ਬਾਰੂਦ ਦੀ ਵਰਤੋਂ ਅਤੇ ਖ਼ੂਨ-ਖਰਾਬਾ ਕੀਤੇ ਬਗ਼ੈਰ ਵੀ ਇਨਕਲਾਬ ਲਿਆਂਦਾ ਜਾ ਸਕਦਾ ਹੈ। ‘ਆਪ’ ਨੇ ਇਹ ਮਿਸਾਲੀ ਜਿੱਤ ਹਾਸਲ ਵੀ ਉਸ ਵੇਲ਼ੇ ਕੀਤੀ ਸੀ, ਜਦੋਂ ਇਸ ਤੋਂ ਅੱਠ ਮਹੀਨੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਨ੍ਹੇਰੀ ਵਾਂਗ ਆ ਕੇ ਭਾਰਤ ਦੇ ਤਖ਼ਤ ਉੱਤੇ ਕਬਜ਼ਾ ਕੀਤਾ ਸੀ ਤੇ ਕਾਂਗਰਸ ਦਾ ਚੁੱਲ੍ਹਾ-ਚੌਂਕਾ ਚੁੱਕ ਕੇ ਪਰ੍ਹਾਂ ਵਗਾਹ ਮਾਰਿਆ ਸੀ। ਭਾਰਤੀ ਜਨਤਾ ਪਾਰਟੀ ਜਿਸ ਢੰਗ ਨਾਲ਼ ਦੇਸ਼ ਦੇ ਤਖ਼ਤ ਉੱਤੇ ਕਾਬਜ਼ ਹੋਈ ਸੀ, ਉਸ ਤੋਂ ਏਦਾਂ ਹੀ ਲੱਗਦਾ ਸੀ ਕਿ ਆਉਣ ਵਾਲ਼ੇ ਦਸਾਂ-ਪੰਦਰ੍ਹਾਂ ਸਾਲਾਂ ਵਿਚ ਉਸ ਨੂੰ ਇਸ ਤਖ਼ਤੋਂ ਲਾਹੁਣ ਦਾ ਸੁਆਲ ਹੀ ਪੈਦਾ ਨਹੀਂ ਹੋਵੇਗਾ। ਇਨ੍ਹਾਂ ਅੱਠ ਮਹੀਨਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜੋ ਕਾਰਗ਼ੁਜ਼ਾਰੀ ਦਿਖਾਈ ਅਤੇ ਦਿੱਲੀ ਵਿਚ ਸਵਾ-ਡੇਢ ਮਹੀਨਾ ਸਰਕਾਰ ਚਲਾਉਣ ਮਗਰੋਂ ਪੈਰ ਛੱਡ ਗਈ ਆਮ ਆਦਮੀ ਪਾਰਟੀ ਨੇ ਜੋ ਹੰਭਲੇ ਮਾਰੇ, ਉਹ ਦਿੱਲੀ ਵਿਧਾਨ ਸਭਾ ਦੀ ਇਸ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਕਫ਼ਨਾਂ ਵਿਚ ਆਖ਼ਰੀ ਕਿੱਲ ਸਾਬਤ ਹੋਏ।
ਇਨ੍ਹਾਂ ਅੱਠ ਮਹੀਨਿਆਂ ਵਿਚ ਦੇਸ਼ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ’ਤੇ ਇਤਬਾਰ ਕਰ ਕੇ ਦੇਖ ਲਿਆ ਤੇ ਦੇਖ ਲਿਆ ਕਿ ਦੇਸ਼ ਦੇ ਤਖ਼ਤ ਉੱਤੇ ਬੈਠਣ ਵਾਲ਼ੇ ਹੀ ਬਦਲੇ ਹਨ, ਪਰ ਹਕੂਮਤ ਦੇ ਤੌਰ-ਤਰੀਕੇ ਨਹੀਂ ਬਦਲੇ ਹਨ। ਇਸ ਲਈ, ਉਨ੍ਹਾਂ ਨੇ ਕੇਂਦਰ ਵਿਚ ‘ਮੋਦੀ ਕੇ ਸਾਥ ਜਾਨੇ’ ਦਾ ਪਛਤਾਵਾ ਕਰਦਿਆਂ, ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਕੇਜਰੀਵਾਲ ਕੇ ਸਾਥ ਜਾਨੇ’ ਦਾ ਮਨ ਬਣਾ ਲਿਆ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਆਪਣੇ ‘ਝਾੜੂ’ ਨਾਲ਼ ਉਹ ਹੂੰਝਾ ਫੇਰਿਆ ਕਿ ਉਸ ਨਾਲ਼ ਸੀਟਾਂ ਹਾਸਲ ਕਰਨ ਦੇ ਸਾਰੇ ਹੀ ਰਿਕਾਰਡ ਵੀ ਹੂੰਝੇ ਗਏ। ‘ਆਪ’ ਦੀ ਜਿੱਤ, ਸਾਰੇ ਮੁਲਕ ਦੇ ਲੋਕਾਂ ਨੂੰ ਆਪ ਦੀ (ਆਪਣੀ) ਜਿੱਤ ਲੱਗੀ। ਕੇਂਦਰ ਵਿਚ ਮੋਦੀ ਸਰਕਾਰ ਬਣਨ ਤੇ ਫਿਰ ਉਸ ਤੋਂ ਅੱਠ ਮਹੀਨੇ ਬਾਅਦ ਹੀ ਆਮ ਆਦਮੀ ਪਾਰਟੀ ਵੱਲੋਂ ‘ਦਿੱਲ਼ੀ ਫ਼ਤਿਹ’ ਕਰ ਲੈਣ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਲੋਕ, ਕਾਂਗਰਸ ਤੋਂ ਅੱਕੇ ਹੋਏ ਹੋਣ ਕਰ ਕੇ, ਕਿਸੇ ਵੀ ‘ਐਰੇ-ਗ਼ੈਰੇ ਜਾਂ ਨੱਥੂ ਖ਼ੈਰੇ’ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਸਨ, ਜਿਸ ਕਰ ਕੇ ਇਸ ਅਹੁਦੇ  ਲਈ ਨਰਿੰਦਰ ਮੋਦੀ ਦਾ ਗੁਣਾ ਪੈ ਗਿਆ। ਓਦਾਂ ਮੋਦੀ ਨੂੰ ਇਹ ਕੁਰਸੀ ਕਿਸੇ ‘ਕੁਰਬਾਨੀ’ ਦੇ ਫਲ ਵਜੋਂ ਨਹੀਂ ਮਿਲੀ ਸੀ। ਜੇ ਉਹ ਇਸ ਕੁਰਸੀ ਦੇ ਇੰਨੇ ਹੀ ਹੱਕਦਾਰ ਹੁੰਦੇ ਤਾਂ ਉਨ੍ਹਾਂ ਦੇ ਅੱਠ ਮਹੀਨਿਆਂ ਦੇ ਰਾਜ ਦੌਰਾਨ ਹੋਈਆਂ, ਦਿਲੀ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਵਿਚ, ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ‘ਤਿੰਨ’ ਦੀ ਥਾਂ ‘ਤੇਰਾਂ’ ਤਾਂ ਲਾਜ਼ਮੀ ਹੁੰਦੇ।
ਕਾਂਗਰਸ ਦੇ ਖ਼ਿਲਾਫ਼ ਲੋਕਾਂ ਦਾ ਰੋਹ, ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਣ ’ਚ ਦੇਰ ਨਾ ਲੱਗੀ ਕਿਉਂ ਕਿ ਮੋਦੀ ਸਰਕਾਰ ਨੇ ਅੱਠ ਮਹੀਨਿਆਂ ਦੌਰਾਨ ਹੀ ਜਿਹੜੀਆਂ ਕਲਾਬਾਜ਼ੀਆਂ ਮਾਰੀਆਂ ਤੇ ਜਿੰਨਾ ਜ਼ੋਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਲਾਇਆ, ਉਸ ਤੋਂ ਇਹ ਗੱਲ ਲੁਕੀ ਨਾ ਰਹੀ ਕਿ ‘ਮੋਦੀ ਐਂਡ ਪਾਰਟੀ’ ਪੱਲੇ ਵੀ ‘ਓਬਾਮੀ ਤਮਾਸ਼ੇ’ ਅਤੇ ‘ਪੁਰਾਣੇ ਕੋਟ-ਪਤਲੂਣਾਂ ਨਿਲਾਮ’ ਕਰਨ ਤੋਂ ਬਗ਼ੈਰ ਕੁੱਝ ਨਹੀਂ ਹੈ। ਆਮ ਆਦਮੀ ਪਾਰਟੀ ਦੇ ਦੋਖੀਆਂ ਦਾ ਕਹਿਣ ਹੈ ਕਿ ਆਮ ਆਦਮੀ ਪਾਰਟੀ ਦੀ ਕੋਈ ਜਥੇਬੰਦ ਵਿਚਾਰਧਾਰਾ ਨਹੀਂ ਹੈ ਤੇ ਕੋਈ ਨਪਿਆ-ਤੁਲਿਆ ਪ੍ਰੋਗਰਾਮ ਨਹੀਂ ਹੈ। ਇਹੋ ਜਿਹੀ ਹਾਲਤ ਵਿਚ ਇਨ੍ਹਾਂ ਆਲੋਚਕਾਂ ਤੋਂ ਇਹ ਸੁਆਲ ਪੁੱਛਣਾ ਬਣਦਾ ਹੈ ਕਿ ‘ਆਪ’ ਦੇ 67 ਵਿਧਾਇਕਾਂ ਨੂੰ ਵੋਟਾਂ ਪਾਉਣ ਵਾਲ਼ੇ, ਦਿੱਲੀ ਦੇ ਵੋਟਰਾਂ ਦੇ ਮਨਾਂ ਵਿਚ ਵੋਟਾਂ ਪਾਉਣ ਵੇਲ਼ੇ ਜਿਹੜੇ ਖ਼ਿਆਲ, ਵਿਚਾਰ ਜਾਂ ਭਾਵਨਾਵਾਂ ਸਨ, ਉਹ ਕੀ ਸਨ? ਕੀ ਉਹ ਵਿਚਾਰ ਬੇਮੁਹਾਰੇ ਸਨ ਜਾਂ ਉਨ੍ਹਾਂ ਦੀ ਕੋਈ ਮਿੱਥੀ ਹੋਈ ਸੇਧ ਸੀ? ਤੁੱਕਾ ਇਕ-ਦੋ ਜਾਂ ਚਾਰ ਸੀਟਾਂ ਉੱਤੇ ਲੱਗ ਸਕਦਾ ਸੀ, 67 ਸੀਟਾਂ ਉੱਤੇ  ਤਾਂ ਤੀਰ ਵਾਂਗ ਸਿੰਨ੍ਹੇ ਹੋਏ ਵਿਚਾਰ ਜਾਂ ਵਿਚਾਰਧਾਰਾ ਹੀ ਲੱਗੀ ਹੈ। ਜ਼ਰੂਰੀ ਨਹੀਂ ਹੈ ਕਿ ਕਿਸੇ ਵਿਚਾਰਧਾਰਾ ਦਾ ਕੋਈ ਮਸੌਦਾ ਜਾਂ ਖਰੜਾ ਹੀ ਹੋਵੇ। ਵਿਚਾਰ ਮਨਾਂ ਵਿਚ ਜਾਗਦੇ-ਪਨਪਦੇ ਹਨ ਤੇ ਮਨਾਂ ਵਿਚ ਹੀ ਵਸੇ ਹੁੰਦੇ ਹਨ। ਵਿਚਾਰਾਂ ਵੱਲੋਂ ਖਰੜੇ ਜਾਂ ਮਸੌਦੇ ਦਾ ਰੂਪ ਅਖ਼ਤਿਆਰ ਕਰਨਾ ਬਹੁਤ ਹੀ ਬਾਅਦ ਵਾਲ਼ਾ ਮੁਕਾਮ ਹੈ। ਖਰੜਾ ਜਾਂ ਮਸੌਦਾ ਬਣਨ ਤੋਂ ਪਹਿਲਾਂ ਕੋਈ ਵਿਚਾਰਧਾਰਾ ਆਪਣੇ ਠੋਸ ਹੋਣ ਦਾ ਸਬੂਤ ਦਿੰਦੀ ਹੈ। ਉਹ ਸਬੂਤ, ਇਹ ਵਿਚਾਰਧਾਰਾ ਦਿੱਲੀ ਵਿਚ ‘ਆਪ’ ਦੇ 67 ਵਿਧਾਇਕ ਚੁਣ ਕੇ ਦੇ ਚੁੱਕੀ ਹੈ।
ਇਨ੍ਹਾਂ ਵਿਚਾਰਾਂ ਜਾਂ ਵਿਚਾਰਧਾਰਾ ਨੇ ਅਜੇ ਖਰੜੇ ਜਾਂ ਮਸੌਦੇ ਦਾ ਰੂਪ ਅਖ਼ਤਿਆਰ ਨਹੀਂ ਕੀਤਾ ਸੀ ਕਿ ਇਨ੍ਹਾਂ ਦੇ ਖਿੰਡਣ ਦੀ ਸ਼ੁਰੂਆਤ ਹੋ ਗਈ। ਇਹ ਵਿਚਾਰ, ਕਿਰਨ ਬੇਦੀ ਅਤੇ ਸ਼ਾਜ਼ੀਆ ਇਲਮੀ ਵਾਂਗ ਹੀ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੇ ਨਾਲ਼-ਨਾਲ਼ ਮਯੰਕ ਗਾਂਧੀ ਦਾ ਰੂਪ ਅਖ਼ਤਿਆਰ ਕਰ ਗਏ। ਗੁੜਗਾਉਂ ਤੋਂ ਪਾਰਲੀਮਾਨੀ ਚੋਣ ਵਿਚ ਆਪਣੀ ਜ਼ਮਾਨਤ ਜ਼ਬਤ ਕਰਾ ਕੇ ਮੁੜੇ ਯੋਗੇਂਦਰ ਯਾਦਵ ਨੇ ਸੋਚਿਆ ਕਿ ਚੋਣ ਲੜ-ਜਿੱਤ ਕੇ ਸੰਸਦ ਮੈਂਬਰ ਬਣਨ ਦੀ ਥਾਂ ਸਿੱਧੇ ਹੀ ‘ਆਪ’ ਦੇ ਕਨਵੀਨਰ ਬਣਿਆ ਜਾਵੇ। ਇਸ ਕੰਮ ਵਿਚ ਉਨ੍ਹਾਂ ਨੇ, ‘ਆਪ’ ਨੂੰ ਛੱਡ ਕੇ ਮੋਦੀ ਦੀ ਗੋਦੀ ਚੜ੍ਹ ਬੈਠੀ ਕਿਰਨ ਬੇਦੀ ਦੇ ਸੁਹਲੇ ਗਾਉਣ ਵਾਲ਼ੇ ਸਾਰੇ ਹੀ ‘ਭੂਸ਼ਨ’ ਵੀ ਪਹਿਨ ਲਏ। ਇਸ ਕੰਮ ਲਈ ਪਹਿਲ ਉਨ੍ਹਾਂ ਨੇ ਇਸ ਗੱਲ ਤੋਂ ਕੀਤੀ ਕਿ ਆਮ ਆਦਮੀ ਪਾਰਟੀ ਨੇ ਫੰਡ ਉਗਰਾਹੁਣ ਦੇ ਮਾਮਲੇ ਵਿਚ ਉਨ੍ਹਾਂ ਨੂੰ ਹਨ੍ਹੇਰੇ ਵਿਚ ਰੱਖਿਆ ਹੈ, ਯਾਨੀ ਆਮ ਆਦਮੀ ਪਾਰਟੀ ‘ਟਰਾਂਸਪੇਰੈਂਟ’ ਨਹੀਂ ਹੈ, ਯਾਨੀ ਉਸ ਦੇ ਆਰ-ਪਾਰ ਨਜ਼ਰ ਨਹੀਂ ਆਉਂਦਾ। ਮੁੱਕਦੀ ਗੱਲ ਇਹ ਕਿ ਆਮ ਆਦਮੀ ਪਾਰਟੀ ਅੰਦਰ ਹਨ੍ਹੇਰਗ਼ਰਦੀ ਮਚੀ ਹੋਈ ਹੈ।
67 ਸੀਟਾਂ ਜਿੱਤ ਕੇ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕੀਤੇ ਨੂੰ ਹਾਲੇ 67 ਦਿਨ ਵੀ ਨਹੀਂ ਹੋਏ ਸਨ ਕਿ ਯਾਦਵ ਅਤੇ ਭੂਸ਼ਨ ਰਲ਼ ਕੇ, ਆਪਣੀ ਪਾਰਟੀ ਦੀ ‘ਪਾਰਲੀਮਾਨੀ ਮਾਮਲਿਆਂ ਸਬੰਧੀ ਕਮੇਟੀ’ (ਪੀ. ਏ. ਸੀ.), ਜਿਸ ਦੇ ਉਹ ਆਪ ਵੀ ਮੈਂਬਰ ਸਨ, ਨੂੰ ਇਸ ਤਰਜ਼ ਦੀਆਂ ਚਿੱਠੀਆਂ ਲਿਖਣ ਲੱਗ ਪਏ ਕਿ ਹੁਣ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਦੇ ਕਨਵੀਨਰ ਦੀ ਕੁਰਸੀ ਛੱਡ ਦੇਣ ਲਈ ਕਹਿ ਦੇਣਾ ਚਾਹੀਦਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਚੋਣ-ਫੰਡ ਦਾ ਹਿਸਾਬ ਦੇਣ ਦਾ ਮੁੱਦਾ ਵੀ ਉਠਾ ਦਿੱਤਾ। ਉਹ ਦੋਵੇਂ ਜਣੇ ਇਹ ਮੁੱਦੇ, ਪੀ. ਏ. ਸੀ. ਦੀ ਕਿਸੇ ਮੀਟਿੰਗ ਵਿਚ ਬਹੁਤ ਸੌੋਖਿਆਂ ਹੀ ਉਠਾ ਸਕਦੇ ਸਨ, ਪਰ ਇਹ ਗੱਲਾਂ ਕੇਜਰੀਵਾਲ ਦੇ ਸਾਹਮਣੇ ਬੈਠ ਕੇ ਕਹਿਣ-ਕਰਨ ਲਈ ਬਹੁਤ ਜ਼ਿਆਦਾ ਹਿੰਮਤ ਦੀ ਲੋੜ ਪੈਣੀ ਸੀ। ਮਨ ਵਿਚ ਚੋਰ ਹੋਵੇ ਤਾਂ ਹਿੰਮਤ ਦੀ ਘਾਟ ਮੱਲੋ-ਮੱਲੀ ਹੋ ਹੀ ਜਾਂਦੀ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫ਼ਾ ਮੰਗਣ ਦੇ ਨਾਲ਼ ਹੀ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ, “ਅਰਵਿੰਦ ਬਹੂਤ ਬੜੇ ਕੱਦ ਵਾਲ਼ੇ ਔਰ ਸਫ਼ਲ ਨੇਤਾ ਕੇ ਰੂਪ ਮੇਂ ਸਾਮਨੇ ਆ ਸਕਤੇ ਹੈ। ਹਮ ਚਾਹੇਂਗੇ ਕਿ ਵੋਹ ਕਨਵੀਨਰ ਕੇ ਤੌਰ ਪਰ ਬਨੇ ਰਹੇਂ।” ਇਸ ਤਰ੍ਹਾਂ ‘ਭੂਸ਼ਨਾਂ’ ਨੂੰ ਆਪਣੇ ਪਰਨੇ ਲੜ ਬੰਨ੍ਹ ਕੇ, ਯੋਗੇਂਦਰ ਯਾਦਵ ਨੇ ਦੋਵੇਂ ਹੱਥ, ਲੱਡੂ ਫੜਨ ਲਈ ਖਾਲੀ ਕਰ ਲਏ।
ਅਰਵਿੰਦ ਕੇਜਰੀਵਾਲ਼ ਬੜੇ ਚਿਰ ਤੋਂ ਇਨ੍ਹਾਂ ਯਾਦਵਾਂ ਅਤੇ ਭੂਸ਼ਨਾਂ ਦੀਆਂ ਇਹ ਕਲਾਬਾਜ਼ੀਆਂ ਨਜ਼ਰਅੰਦਾਜ਼ ਕਰਦੇ ਆ ਰਹੇ ਸਨ ਕਿਉਂ ਕਿ ਉਹ ਸਹੀ ਕਾਰਵਾਈ ਕਰਨ ਲਈ ਸਹੀ ਮੌਕੇ ਦੀ ਉਡੀਕ ਵਿਚ ਸਨ। ਯਾਦਵਾਂ ਅਤੇ ਭੂਸ਼ਨਾਂ ਦੇ ਉਲਟ ਕੇਜਰੀਵਾਲ ਤਾਂ ਜਾਣਦੇ ਹਨ ਕਿ ‘ਮੁੱਦੇ ਸਹੀ’ ਵੀ ਹੋਣ, ਪਰ ਜੇ ਉਨ੍ਹਾਂ ਨੂੰ ਉਠਾਇਆ ‘ਗ਼ਲਤ ਮੌਕੇ’ ਉੱਤੇ ਜਾਵੇ ਤਾਂ ਉਨ੍ਹਾਂ ਦੇ ਅਰਥ ਬਦਲ ਜਾਂਦੇ ਹਨ। ਸ਼ਰਾਬ ਦੇ ਨਸ਼ੇ ਵਿਚ ਉਚਾਰੇ ਗਏ ਸਲੋਕ ਵੀ ਕਦੇ ਸਹੀ ਅਸਰ ਨਹੀਂ ਪਾਉਂਦੇ। ਯਾਦਵ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਚੜ੍ਹਤ ਦੇ ਦੋਖੀਆਂ ਦੀ ਸ਼ਹਿ ਉੱਤੇ ਭੂਸ਼ਨਾਂ ਦੀ ਘਨ੍ਹੇਹੜੀ ਚੜ ਕੇ, ‘ਗ਼ਲਤ ਮੌਕੇ’ ਇਹ ਮੁੱਦੇ ਉਠਾ ਕੇ, ਕੇਜਰੀਵਾਲ਼ ਤੇ ਉਸ ਦੇ ਹਮਾਇਤੀਆਂ ਨੂੰ ਆਪਣੇ ਖ਼ਿਲਾਫ਼ ਕਾਰਵਾਈ ਕਰਨ ਦਾ ‘ਸਹੀ ਮੌਕਾ’ ਦੇ ਦਿੱਤਾ। ਲੋਹਾ ਗਰਮ ਹੋਣ ਵੇਲ਼ੇ ਸੱਟ ਨਾ ਮਾਰਨ ਵਾਲ਼ਾ ਹੋਰ ਜੋ ਮਰਜ਼ੀ ਹੋਵੇ, ਲੁਹਾਰ ਨਹੀਂ ਹੋ ਸਕਦਾ। ਸੋ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਜੰਮਦੀ ਸੂਲ ਦਾ ਮੂੰਹ ਠਾਕ ਦਿੱਤਾ।
ਹੁਣ ਦੇਖੋ ਜਿਹੜਾ ਪ੍ਰਚਾਰ ਤੰਤਰ ਇਕ ਲੰਬੇ ਅਰਸੇ ਤੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਭੜੂਆ ਬਣਿਆ ਰਿਹਾ ਹੈ, ਉਹ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਹਮਾਇਤੀਆਂ ਬਾਰੇ ਕੀ-ਕੀ ਕਹਿ ਰਿਹਾ ਹੈ। ਭਾਵੇਂ ਪੀ. ਏ. ਸੀ. ਵਿਚੋਂ ਕੱਢੇ ਜਾਣ ਮਗਰੋਂ ਯੋਗੇਂਦਰ ਯਾਦਵ ਤੋਂ ਆਮ ਆਦਮੀ ਪਾਰਟੀ ਦੇ ਤਰਜਮਾਨ ਦਾ ਰੁਤਬਾ ਵੀ ਖੋਹ ਲਿਆ ਗਿਆ ਹੈ, ਪਰ ਫਿਰ ਵੀ ਇਲੈਕਟਰਨਿਕੀ ਮੀਡੀਆ ਬੜੀ ਬੇਸ਼ਰਮੀ ਨਾਲ਼, ਉਨ੍ਹਾਂ ਦੇ ਇੰਟਰਵਿਊ ਲੈਣ ਬਹਾਨੇ ਉਨ੍ਹਾਂ ਦੇ ਮੂੰਹੋਂ ਆਪਣੇ ਮਨ ਭਾਉਂਦੀਆਂ ਗੱਲਾਂ ਕਢਾਈ ਜਾ ਰਿਹਾ ਹੈ। ਇਸ ਤਰ੍ਹਾਂ ਚੋਰ ਨਾਲੋਂ ਪੰਡ ਦੇ ‘ਇੰਨੀ’ ਕਾਹਲੀ ਹੋਣ ਦੀ ਮਿਸਾਲਾਂ ਪਹਿਲਾਂ ਕਿਤੇ ਘੱਟ ਹੀ ਨਜ਼ਰ ਆਈਆਂ ਹਨ। ਹੁਣ ਤਾਂ ਕੇਜਰੀਵਾਲ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ, ਆਮ ਆਦਮੀ ਪਾਰਟੀ ਦੀ ‘ਨਜਾਇਜ਼ ਤਰਜਮਾਨ’ ਬਣੀ ਹੋਣ ਦੇ ਮਾਮਲੇ ਵਿਚ ਵੀ ‘ਯਾਦਵ ਐਂਡ ਕੰਪਨੀ’ ‘ਫਾਲਨ’ ਕਰ ਲੈਣੀ ਚਾਹੀਦੀ ਹੈ। ‘ਪੀ. ਏ. ਸੀ.’ ਦੀ ਮੀਟਿੰਗ ਵਿਚੋਂ ਬਾਹਰ ਆਉਂਦਿਆਂ ਹੀ ਜਦੋਂ ਕਾਂਗਰਸ ਅਤੇ ਭਾਜਪਾ ਦੇ ‘ਗੋਲੇ ਚੈਨਲਾਂ’ ਨੇ ਯਾਦਵ ਤੋਂ ਇਹ ਪੁੱਛਿਆ ਕਿ ਪੀ. ਏ. ਸੀ. ਨੇ ਕੀ-ਕੀ ਫੈਸਲੇ ਕੀਤੇ ਹਨ ਤਾਂ ਯਾਦਵ ਵੱਲੋਂ ਇਹ ਕਹਿਣਾ ਕਿ ‘ਹਮੇਂ ਆਪ ਕੋ ਯੇਹ ਸਭ ਬਤਾਨੇ ਕੀ ਆਗਿਆ ਨਹੀਂ ਹੈ’ ਪਾਰਟੀ ਦੀ ਹੁਕਮ ਅਦੂਲੀ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਪੀ. ਏ. ਸੀ. ਦੇ ਫੈਸਲੇ ਦੱਸਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਇਸ ਸਬੰਧ ਵਿਚ ਦੋਗਲੀ ਨੀਤੀ ਦਰਸਾਉਂਦਿਆਂ, ’ਕੱਲੇ-’ਕੱਲੇ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਦਾ ਮੌਕਾ ਨਹੀਂ ਖੁੰਝਾਇਆ। ਇਸ ਦਾ ਅਰਥ ਕੀ ਸਮਝਿਆ ਜਾਣਾ ਚਾਹੀਦਾ ਹੈ। 
ਟੀਵੀ ਚੈਨਲਾਂ ਦੇ ਜਿਹੜੇ ਨੁਮਾਇੰਦੇ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਆਪਣਾ ਨਿੱਜੀ ਦੁਸ਼ਮਣ ਸਮਝ ਕੇ, ਕੋਈ ਸੁਆਲ ਕਰਨ ਦੀ ਥਾਂ, ਉਨ੍ਹਾਂ ਉੱਤੇ ਤੁਹਮਤਾਂ ਦੀ ਵਾਛੜ ਕਰਦੇ ਹੁੰਦੇ ਸਨ, ਹੁਣ ਉਹੀ ਨੁਮਾਇੰਦੇ, ਯੋਗੇਂਦਰ ਯਾਦਵ ਨੂੰ ਸੁਆਲ ਕਰਨੇ ਸ਼ੁਰੂ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਪੀ. ਏ. ਸੀ. ਵਿਚੋਂ ਕੱਢਣ ਦਾ ਹਵਾਲਾ, ਅਰਵਿੰਦ ਕੇਜਰੀਵਾਲ ਨੂੰ ‘ਡਿਕਟੇਟਰ’ ਕਰਾਰ ਦੇਣ ਮਗਰੋਂ ਦਿੰਦੇ ਹਨ। ਜੁਆਬ ਵਿਚ ਟੀਵੀ ਚੈਨਲਾਂ ਦੇ ਨੁਮਾਇੰਦਿਆਂ ਨਾਲ਼ ਯਾਦਵ ਵੀ ਉਨ੍ਹਾਂ ਦੇ ‘ਭੂਆ ਦੇ ਪੁੱਤਰ’ ਵਾਂਗ ਪੇਸ਼ ਆਉਂਦੇ ਦਿਸਦੇ ਹਨ। ਅਰਵਿੰਦ ਕੇਜਰੀਵਾਲ਼ ਨਾਲ਼ ਪੰਗਾ ਲੈਣ ਮਗਰੋਂ ਯਾਦਵ ਨੇ ਜਿੰਨੇ ਵੀ ਇੰਟਰਵਿਊ ਦਿੱਤੇ ਹਨ, ਉਨ੍ਹਾਂ ਵਿਚ ਉਨ੍ਹਾਂ ਦਾ ਜਿਸਮ ਕੁੱਝ ਹੋਰ ਕਹਿੰਦਾ ਦਿਸਿਆ ਹੈ ਤੇ ਉਨ੍ਹਾਂ ਦੇ ਬੋਲਾਂ ਵਿਚੋਂ ਕੁੱਝ ਹੋਰ ਹੀ ਕਿਰਦਾ ਦਿਸਿਆ ਹੈ।
ਇਕ ਪੱਤਰਕਾਰ ਨੇ ਪੀ. ਏ. ਸੀ. ਦੀ ਮੀਟਿੰਗ ਦੀ ਰਿਪੋਰਟ ਵਿਚ ਏਦਾਂ ਲਿਖਿਆ, “ਭਾਵੇਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨੂੰ ਕੱਢਣ ਦਾ ਫੈਸਲਾ 11-9 ਦੇ ਬਹੁਮਤ ਨਾਲ਼ ਹੋ ਗਿਆ, ਪਰ ਇਸ ਸਬੰਧ ਸਿਰੇ ਦਾ ਫੈਸਲਾ ਅਰਵਿੰਦ ਕੇਜਰੀਵਾਲ਼ (ਜੋ ਮੀਟਿੰਗ ਵਿਚ ਮੌਜੂਦ ਵੀ ਨਹੀਂ ਸੀ) ਨੇ ਹੀ ਕੀਤਾ ਕਿਉਂ ਕਿ ਉਨਾਂ ਨੇ ਇਨ੍ਹਾਂ ਦੋਹਾਂ ਸੀਨੀਅਰ ਆਗੂਆਂ ਨੂੰ ਇਸ ਕਮੇਟੀ ਵਿਚੋਂ ਕੱਢੇ ਜਾਣ ਤੋਂ ਬਗ਼ੈਰ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਨੰਨਾ ਹੀ ਫੜ ਲਿਆ ਸੀ।”
ਜਦੋਂ ਯਾਦਵ ਤੇ ਭੂਸ਼ਨ ਨੂੰ ਦਿਸਿਆ ਉਨ੍ਹਾਂ ਦੇ ਇਸ ਕਮੇਟੀ ਵਿਚੋਂ ‘9-2-11’ ਹੋਣ ਵਿਚ ਮਸਾਂ 3 ਕੁ ਵੋਟਾਂ ਦਾ ਫ਼ਰਕ ਹੀ ਹੈ ਤਾਂ ਉਨ੍ਹਾਂ ਨੇ ਕਿਹਾ ਪੀ. ਏ. ਸੀ. ਦੀ ਚੋਣ ਨਵੇਂ ਸਿਰਿਉਂ ਕਰਾ ਲਈ ਜਾਵੇ। ਇਹ ਤਾਂ ਉਹੀ ਗੱਲ ਹੋਈ ਨਾ ਕਿ ਪੰਚਾਇਤ ਅੱਗੇ ਪੇਸ਼ੀ ਭੁਗਤਣ ਗਏ ਮੁਲਜ਼ਮ, ਉਸ ਪੰਚਾਇਤ ਦੀ ਚੋਣ ਨਵੇਂ ਸਿਰਿਓਂ ਕਰਾਉਣ ਲਈ ਕਹਿਣ ਲੱਗ ਪੈਣ। ਅਖੇ ‘ਪੰਚਾਇਤ ਬਦਲ ਦਿਓ, ਇਹ ਪੰਚਾਇਤ ਸਹੀ ਨਹੀਂ ਹੈ।’
ਦੇਖੋ, ਆਪਣੀ ਰਿਪੋਰਟ ਵਿਚ ‘ਯਾਦਵਾਂ ਤੇ ਭੂਸ਼ਨਾਂ ਦਾ ਆਪਣਾ ਪੱਤਰਕਾਰ’ ਅੱਗੇ ਕੀ ਲਿਖਦਾ ਹੈ, “ਭਾਵੇਂ ਕੇਜਰੀਵਾਲ ਇਸ ਮੀਟਿੰਗ ਵਿਚ ਮੌਜੂਦ ਨਹੀਂ ਸੀ, ਪਰ ਇਨ੍ਹਾਂ ਦੋਹਾਂ ਲੀਡਰਾਂ ਨੂੰ ਕੱਢੇ ਜਾਣ ਦਾ ਫੈਸਲਾ ਤਾਂ ਉਸ ਦਿਨ ਸਵੇਰੇ ਹੀ ਦਿੱਲੀ ਤੋਂ ਬਾਹਰ ਹੋਈ ਇਕ ਮੀਟਿੰਗ ਵਿਚ ਲਿਖ ਲਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ‘ਆਪ’ ਦੇ ਲੀਡਰ ਪੰਕਜ ਗੁਪਤਾ ਨੇ ਯਾਦਵ ਅਤੇ ਭੂਸ਼ਨ ਨੂੰ ਫੋਨ ਕਰ ਕੇ ਦੱਸਿਆ ਕਿ ਕੇਜਰੀਵਾਲ ਨੇ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ਼ ਹੀ ਗੁਪਤਾ ਨੇ ਉਨ੍ਹਾਂ ਨੂੰ ਇਹ ਵੀ ਦੱਸ ਦਿੱਤਾ ਕਿ ਕੇਜਰੀਵਾਲ, ਉਨ੍ਹਾਂ (ਯਾਦਵ ਅਤੇ ਭੂਸ਼ਨ) ਨਾਲ਼ ਪਏ ਹੋਏ ਸਾਰੇ ਰੱਫੜ ਨਜਿੱਠਣ ਤੋਂ ਮਗਰੋਂ ਹੀ ਆਪਣੇ ਅਸਤੀਫ਼ੇ ਉੱਤੇ ਵਿਚਾਰ ਕਰਾਉਣ ਲਈ ਅੜੇ ਹੋਏ ਹਨ। ਇਸ ਤੋਂ ਮਗਰੋਂ ‘ਆਪ’ ਦੇ ਤਿੰਨ ਅਹਿਮ ਮੈਂਬਰ, ਯਾਦਵ ਅਤੇ ਭੂਸ਼ਨ ਨੂੰ ਇਹ ਦੱਸਣ ਭੇਜੇ ਗਏ ਕਿ ਪਾਰਟੀ ਦੀ ਕੌਮੀ ਅਗਜ਼ੈਕਟਿਵ ਕਮੇਟੀ ਅਤੇ ਦਿੱਲੀ ਦੀ ਇਕਾਈ ਨੂੰ ਉਨ੍ਹਾਂ ਉੱਤੇ ਕੋਈ ਭਰੋਸਾ ਨਹੀਂ ਰਿਹਾ, ਜਿਸ ਕਰ ਕੇ ਉਹ ਪਾਰਟੀ ਅੰਦਰ ਪਏ ਹੋਏ ਇਸ ਅੜਿੱਕੇ ਨੂੰ ਦੂਰ ਕਰਨ ਖ਼ਾਤਰ ਆਪਣੇ ਅਹੁਦੇ ਛੱਡ ਜਾਣ।
“ਯਾਦਵ ਅਤੇ ਭੂਸ਼ਨ ਨੇ ਪੀ. ਏ. ਸੀ. ਦੀ ਚੋਣ ਨਵੇਂ ਸਿਰਿਓਂ ਕਰਾਉਣ ਦਾ ਸੁਝਾਅ ਦੇ ਦਿੰਦਿਆਂ ਕਿਹਾ ਕਿ ਉਹ ਦੋਵੇਂ ਇਹ ਚੋਣ ਨਹੀਂ ਲੜਨਗੇ। ਦੋਹਾਂ ਧਿਰਾਂ ਦੇ ਵਿਚੋਲੇ ਇਹ ਸੁਝਾਅ ਮੰਨਣ ਨੂੰ ਤਿਆਰ ਹੀ ਸਨ ਕਿ ਭੂਸ਼ਨ ਨੇ ਕੇਜਰੀਵਾਲ ਨੂੰ ਦੋ ਸੁਨੇਹੇ ਭੇਜੇ, ਜਿਨ੍ਹਾਂ ਦਾ ਕੋਈ ਜੁਆਬ ਨਾ ਦਿੱਤਾ ਗਿਆ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਡਰਾਮਾ ਕੀਤਾ ਗਿਆ। ਕੇਜਰੀਵਾਲ ਦੇ ਹਮਾਇਤੀਆਂ ਨੇ ਮਂੈਬਰਾਂ ਵਿਚੋਂ ਆਪਣੇ ਹਮਾਇਤੀਆਂ ਦੀ ਗਿਣਤੀ ਕੀਤੀ ਤੇ ਦੇਖਿਆ ਕਿ ਦਸ ਮੈਂਬਰ ਇਸ ਫੈਸਲੇ ਦੇ ਹੱਕ ਵਿਚ ਹਨ ਕਿ ਯਾਦਵ ਅਤੇ ਭੂਸ਼ਨ ਨੂੰ ਚਲਦੇ ਕਰ ਦਿੱਤਾ ਜਾਵੇ ਜਦੋਂ ਕਿ ਨੌਂ ਮੈਂਬਰ ਇਸ ਦੇ ਖ਼ਿਲਾਫ਼ ਹਨ। ਕੇਜਰੀਵਾਲ ਅਤੇ ਮਯੰਕ ਗਾਂਧੀ ਇਸ ਮੀਟਿੰਗ ਵਿਚ ਮੌਜੂਦ ਨਹੀਂ ਸਨ। ਕਿਹਾ ਜਾਂਦਾ ਹੈ ਕਿ ਕੇਜਰੀਵਾਲ ਧੜੇ ਨੇ ‘ਆਪ’ ਦੀ ਰਾਜਸਥਾਨ ਇਕਾਈ ਨੂੰ ਫੋਨ ਕੀਤਾ ਕਿ ਉਹ ਆਪਣੇ ਉਸ ਖ਼ਾਸ ਮੈਂਬਰ ਨੂੰ ਇਸ ਮੀਟਿੰਗ ਵਿਚ ਨਾ ਆਉਣ ਕਿਉਂ ਕਿ ਉਸ ਵੱਲੋਂ ਯਾਦਵ ਅਤੇ ਭੂਸ਼ਨ ਨੂੰ ਕੱਢੇ ਜਾਣ ਦੇ ਫੈਸਲੇ ਦਾ ਵਿਰੋਧ ਕੀਤੇ ਜਾਣ ਦਾ ਖ਼ਦਸ਼ਾ ਸੀ। ਜਦੋਂ ਅੱਗਿਉਂ ਇਹ ਪਤਾ ਲੱਗਿਆ ਕਿ ਉਹ ਮੈਂਬਰ ਮੀਟਿੰਗ ਵਿਚ ਸ਼ਾਮਲ ਹੋਣ ਲਈ ਰਵਾਨਾ ਹੋ ਚੁੱਕਾ ਹੈ ਤਾਂ ਕੇਜਰੀਵਾਲ ਦੇ ਕਿਸੇ ਹਮਇਤੀ ਨੂੰ ਭੇਜਣ ਲਈ ਕਿਹਾ ਗਿਆ ਤਾਂ ਜਾ ਕੇ ਵੋਟਾਂ ਵਿਚ 11-8 ਦਾ ਫ਼ਰਕ ਰੱਖਣ ਦਾ ਪ੍ਰਬੰਧ ਕੀਤਾ ਗਿਆ।” 
ਇਸ ਸਬੰਧ ਇਕ ਹੋਰ ‘ਮੀਡੀਆ ਮੈਨ’ ਦੀ ਰਿਪੋਰਟ ਦਾ ਸਿਰਲੇਖ ਹੀ ‘ਮੈਂ ਬੌਸ ਹਾਂ: ਕੇਜਰੀਵਾਲ ਦੀ ਦਾਦਾਗਿਰੀ ਦੌਰਾਨ ਪ੍ਰਸ਼ਾਂਤ ਅਤੇ ਯੋਗੇਂਦਰ ਪੀਏਸੀ ਤੋਂ ਬਾਹਰ’ ਹੈ। ਇਸ ਰਿਪੋਰਟ ਦੀ ਸ਼ੁਰੂਆਤ ਵੀ ਦੇਖਣ ਵਾਲ਼ੀ ਹੈ, “ਮੈਂ ਬੌਸ ਹਾਂ। ਪਾਰਟੀ ਅੰਦਰ ਮੇਰਾ ਹੁਕਮ ਹੀ ਚੱਲੂ! ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸਪੱਸ਼ਟ ਕਰ ਦਿੱਤੀ ਹੈ। ਜਿੱਦਾਂ ਕਿ ਆਸ ਹੀ ਸੀ, ‘ਆਪ’ ਦੀ ਕੌਮੀ ਕਾਰਜਕਰਨੀ ਨੇ ਦੋ ਸੀਨੀਅਰ ਲੀਡਰਾਂ ਅਤੇ ਪਾਰਟੀ ਦੀ ਮੁਢਲੀ ਟੀਮ ਦੇ ਮੈਂਬਰਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨੂੰ ਪਾਰਟੀ ਦੀ ਸਿਖ਼ਰਲੀ ਫੈਸਲਾਕੁਨ ਕਮੇਟੀ (ਪੀ. ਏ. ਸੀ.) ਵਿਚੋਂ ਕੱਢ ਦਿੱਤਾ ਹੈ।” ਇਸ ਪੱਤਰਕਾਰ ਮੁਤਾਬਕ ਇਹ ਸਭ ਕੁੱਝ ਪਹਿਲਾਂ ਹੀ ਮਿੱਥਿਆ ਹੋਇਆ ਸੀ।
ਇਕ ਤੀਜੇ ਪੱਤਰਕਾਰ ਦੀ ਰਿਪੋਰਟ ਦਾ ਇਹ ਨਮੂਨਾ ਵੀ ਦੇਖਣਾ ਬਣਦਾ ਹੈ, “ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ, ਜੋ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਢਿੱਡ-ਅੜਿੱਕੇ ਲੈਂਦੇ ਰਹੇ ਹਨ, ਬੁੱਧਵਾਰ ਨੂੰ ਪਾਰਟੀ ਦੀ ‘ਪੋਲੀਟੀਕਲ ਅਫੇਅਰਜ਼ ਕਮੇਟੀ’ (ਪੀਏਸੀ), ਜਿਸ ਵਿਚ ਨਰਾਜ਼ਗੀ ਦੀ ਭਰਮਾਰ ਰਹੀ ਹੈ, ਵਿਚੋਂ ਕੱਢ ਦਿੱਤੇ ਗਏ ਹਨ।” 
ਜਿਨ੍ਹਾਂ ਤੇਹਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਦੇ ਹਵਾਲੇ ਦਿੱਤੇ ਗਏ ਹਨ, ਉਹ ਪੱਤਰਕਾਰੀ ਦੇ ਬੁਨਿਆਦੀ ਨਿਯਮਾਂ ਦੀ ਉਲੰਘਣਾ ਕਰਦਿਆਂ ਆਪਣੀਆਂ ਖ਼ਬਰਾਂ ਦਾ ਅਰੰਭ ਹੀ ਇਕ ਧਿਰ ਦੇ ਬੁਲਾਰਿਆਂ ਵਾਂਗ ਕਰਦੇ ਹਨ, ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਪੱਤਰਕਾਰ ਕਿਸੇ ਧਿਰ ਦਾ ਧੁੱਤਰੂ ਉਦੋਂ ਹੀ ਬਣਦਾ ਹੈ, ਜਦੋਂ ਉਸ ਦਾ ਮੁੱਲ ਪੈ ਚੁੱਕਾ ਹੁੰਦਾ ਹੈ ਤੇ ਜਦੋਂ ਉਹ ਵਿਕ ਚੁੱਕਾ ਹੁੰਦਾ ਹੈ। ਸੋ ਸਾਨੂੰ ਪੱਤਰਕਾਰਾਂ ਦੇ ਭੇਸ ਵਿਚ ਕਿਸੇ ਖ਼ਾਸ ਧਿਰ ਦੇ ਧੁੱਤਰੂਆਂ ਦੀ ਪਛਾਣ ਕਰਨੀ ਵੀ ਸਿੱਖ ਹੀ ਲੈਣੀ ਚਾਹੀਦੀ ਹੈ। 
ਆਮ ਆਦਮੀ ਪਾਰਟੀ ਅੰਦਰ ਇਸ ਆਪੋਧਾਪ ਦੀਆਂ ਜੜ੍ਹਾਂ ਕਿੱਥੇ ਤਕ ਗਈਆਂ ਹੋਈਆਂ ਹਨ, ਇਸ ਦਾ ਖ਼ੁਲਾਸਾ ਅਗਲੇ ਲੇਖ ਵਿਚ ਕਰਨ ਦਾ ਹੀਲਾ ਕਰਾਂਗੇ।#