‘ਆਪ’ ਵਿਚ ਆਪੋ-ਧਾਪ-2
ਆਖ਼ਰ ਨੂੰ ਹੈ ਤਾਂ ਇਹ ਸਿਆ(ਹ)ਸਤ ਹੀ!
ਬਖ਼ਸ਼ਿੰਦਰ
Email: bababax@gmail.com, Cell Phone +1-778-378-9669
(ਪਿਛਲੇ ਹਫ਼ਤੇ ਦੇ ਲੇਖ ਤੋਂ ਅੱਗੇ)
ਇਨ੍ਹਾਂ ਕਾਲਮਾਂ ਵਿਚ ਪਹਿਲਾਂ ਵੀ ਇਹ ਗੱਲ ਦੁਹਰਾਈ ਜਾ ਚੁੱਕੀ ਹੈ ਕਿ ਮੈਂ ‘ਸਿਆਸਤ’ ਨੂੰ ‘ਸਿਆ(ਹ)ਸਤ’ ਹੀ ਸਮਝਦਾ ਹਾਂ। ਇਸ ਵਿਚ ਨਾ ਦੋਸਤੀ ਸਥਾਈ ਹੁੰਦੀ ਹੈ, ਨਾ ਦੁਸ਼ਮਣੀ। ਸਕੇ ਭਰਾਵਾਂ ਵਾਂਗ ਇਕੱਠੇ ਵਿਚਰਦੇ ਲੋਕ, ਭਲਕ ਨੂੰ ਧੌਣ-ਵੱਢ ਦੁਸ਼ਮਣ ਵੀ ਬਣੇ ਦਿਸ ਸਕਦੇ ਹਨ। ਇਸ ਖੇਤਰ ਵਿਚ ਦਿਨੇ ਇਕ-ਦੂਜੇ ਨੂੰ ਗਾਲ਼ਾਂ ਕੱਢਣ ਵਾਲ਼ੇ, ਰਾਤ ਨੂੰ ਆਪਸ ਵਿਚ ਜਾਮ ਟਕਰਾਉਂਦੇ ਵੀ ਦਿਸ ਸਕਦੇ ਹਨ। ਇਹ, ਇਸ ਜਹਾਨ ਦਾ ਸਭ ਤੋਂ ਵੱਡਾ ਸੱਚ ਨਹੀਂ, ਸਭ ਤੋਂ ਵੱਡਾ ਤੇ ਪ੍ਰਤੱਖ ਫ਼ਰੇਬ ਹੀ ਹੈ। ਸਿਆਸਤ ਬਾਰੇ ਇਹ ਵਿਚਾਰ ਮੇਰੇ ਹਨ, ਇਨ੍ਹਾਂ ਨਾਲ਼ ਸਹਿਮਤ/ ਅਸਹਿਮਤ ਹੋਣਾ ਤੁਹਾਡੀ ਮਰਜ਼ੀ ਹੈ।
ਸਿਆਸਤ ਵਿਚ ਬਹੁਤਾ ਕੁੱਝ ਰਾਤੋ-ਰਾਤ ਨਹੀਂ ਹੁੰਦਾ। ਜੋ ਕੁੱਝ ਵੀ ਹੁੰਦਾ/ ਵਾਪਰਦਾ ਹੈ, ਉਸ ਲਈ ਜ਼ਮੀਨ ਤਿਆਰ ਕਰਨ ਵਿਚ ਸਮਾਂ ਲੱਗਦਾ ਹੈ। ਸੋ ਆਮ ਆਦਮੀ ਪਾਰਟੀ ਅੰਦਰ, ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਮਗਰੋਂ ਜੋ ਕੁੱਝ ਵੀ ਹੋ ਰਿਹਾ ਦਿਸਦਾ ਹੈ, ਉਹ ਚੋਣ ਨਤੀਜੇ ਐਲ਼ਾਨੇ ਜਾਣ ਸਾਰ ਹੋਣਾ ਸ਼ੁਰੂ ਨਹੀਂ ਹੋਇਆ ਸੀ। ਨਤੀਜਿਆਂ ਨੇ ਤਾਂ ਇਸ ਸਭ ਕੁੱਝ ਨੂੰ ਹਵਾ ਦੇ ਕੇ ਭੜਕਾਇਆ ਹੀ ਹੈ। ਚੋਣਾਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਪੰਜ ਸਾਲ ਲਈ ਮੁੱਖ ਮੰਤਰੀ ਦੀ ਕੁਰਸੀ ਮੱਲ ਲਈ ਤਾਂ ਉਨ੍ਹਾਂ ਦੇ ਦੋਖੀ ਇਹ ਸੋਚਣ ਲੱਗ ਪਏ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਰਨ ਲਈ ਅੱਡੀਆਂ ਤਕ ਜ਼ੋਰ ਤਾਂ ਉਹ ਲਾਉਂਦੇ ਰਹਿ ਗਏ ਤੇ ਮੁੱਖ ਮੰਤਰੀ ਦੀ ਕੁਰਸੀ ਮੱਲ ਕੇ ‘ਇਹ’ ਬਹਿ ਗਿਆ ਹੈ। ਸੁਨਿਆਰ ਦੀ ‘ਠੱਕ-ਠੱਕ’ ਨਾਲੋਂ ‘ਲੁਹਾਰ ਦੀ ਇਕ ਸੱਟ’ ਮਾਰਨ ਦਾ ਹੀਲਾ ਕਰਦਿਆਂ ਇਨ੍ਹਾਂ ਦੋਖੀਆਂ ਨੇ ਸੋਚਿਆ ਕਿ ਹੋਰ ਕੁੱਝ ਨਾ ਸਹੀ ਤਾਂ ਕੇਜਰੀਵਾਲ ਨੂੰ ਪਾਰਟੀ ਦੇ ਕਨਵੀਨਰ ਦਾ ਅਹੁਦਾ ਛੱਡਣ ਲਈ ਤਾਂ ਮਜਬੂਰ ਕੀਤਾ ਹੀ ਜਾ ਸਕਦਾ ਹੈ।
ਹੁਣ ਇਹ ਗੱਲਾਂ ਵੀ ਗੁੱਝੀਆਂ ਨਹੀਂ ਰਹਿ ਗਈਆਂ ਕਿ ਸ਼ਾਂਤੀ ਭੂਸ਼ਨ, ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਅੱਡੀਆਂ ਤਕ ਜ਼ੋਰ ਲਾਉਂਦੇ ਰਹੇ ਹਨ। ਇਹ ਇੰਕਸ਼ਾਫ਼, ਆਮ ਆਦਮੀ ਪਾਰਟੀ ਦੇ ਆਗੂਆਂ ਮਨੀਸ਼ ਸਿਸੋਦੀਆ, ਗੋਪਾਲ ਰਾਏ, ਪੰਕਜ ਗੁਪਤਾ ਅਤੇ ਸੰਜੇ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਕੀਤਾ ਹੈ। ਆਪਣੇ ਬਿਆਨ ਵਿਚ ਇਨ੍ਹਾਂ ਆਗੂਆਂ ਨੇ ਏਦਾਂ ਕਿਹਾ ਹੋਇਆ ਹੈ, “ਜਦੋਂ ਪਾਰਟੀ ਦੇ ਸਾਰੇ ਕਾਰਕੁਨ, ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰ ਰਹੇ ਸਨ, ਪ੍ਰਸ਼ਾਂਤ ਭੂਸ਼ਨ, ਯੋਗੇਂਦਰ ਯਾਦਵ ਅਤੇ ਸ਼ਾਂਤੀ ਭੂਸ਼ਨ ਦੀ ਤਿੱਕੜੀ ਪਾਰਟੀ ਨੂੰ ਹਰਾਉਣ ਲਈ ਪੂਰਾ ਟਿੱਲ ਲਾ ਰਹੀ ਸੀ।” ਇਸ ਸਬੰਧੀ ਮਿਸਾਲਾਂ ਦਿੰਦਿਆਂ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਂਤ ਭੂਸ਼ਨ ਨੇ ਦਿੱਲੀ ਚੋਣਾਂ ਦੌਰਾਨ ਕਈ ਸੂਬਿਆਂ ਵਿਚ ਪਾਰਟੀ ਦੇ ਲੀਡਰਾਂ ਨੂੰ ਫੋਨ ਕਰ ਕੇ ਕਿਹਾ ਕਿ ਉਹ ਦਿੱਲੀ ਵਿਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਨਾ ਆਉਣ। ਆਪਣੇ ਬਿਆਨ ਵਿਚ ਇਨ੍ਹਾਂ ਲੀਡਰਾਂ ਨੇ ਕਿਹਾ ਕਿ ਭੂਸ਼ਨ ਦੂਜੇ ਸੂਬਿਆਂ ਦੇ ਲੀਡਰਾਂ ਨੂੰ ਇਹ ਕਹਿੰਦਾ ਰਿਹਾ ਹੈ, “ਮੈਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਨਹੀਂ ਕਰ ਰਿਹਾ, ਜਿਸ ਕਰ ਕੇ ਤੁਹਾਨੂੰ ਵੀ ਪ੍ਰਚਾਰ ਕਰਨ ਨਹੀਂ ਜਾਣਾ ਚਾਹੀਦਾ...ਐਤਕੀਂ ਅਰਵਿੰਦ ਨੂੰ ਸਬਕ ਸਿਖਾਉਣ ਦੀ ਲੋੜ ਏ।” ਸਿਸੋਦੀਆ, ਰਾਏ, ਗੁਪਤਾ ਅਤੇ ਸਿੰਘ ਵੱਲੋਂ ਜਾਰੀ ਕੀਤੇ ਇਸ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਸ਼ਾਂਤ ਭੂਸ਼ਨ ਚੋਣਾਂ ਦੌਰਾਨ ਲੋਕਾਂ ਨੂੰ, ਪਾਰਟੀ ਨੂੰ ਦਾਨ ਦੇਣ ਤੋਂ ਵੀ ਰੋਕਦੇ ਰਹੇ ਸਨ। ਭੂਸ਼ਨ ਨੇ ਆਸ਼ੀਸ਼ ਖੇਤਨ ਨੂੰ ਕਿਹਾ ਸੀ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ 20-22 ਸੀਟਾਂ ਹੀ ਜਿੱਤ ਸਕੇ ਤਾਂ ਕਿ ਪਾਰਟੀ ਦੀ ਲੀਡਰਸ਼ਿੱਪ ਬਦਲਣ ਵਿਚ ਸੌਖ ਰਹੇ।
ਪਾਰਟੀ ਦੇ ਇਨ੍ਹਾਂ ਲੀਡਰਾਂ ਦੇ ਕਹਿਣ ਮੁਤਾਬਕ, ਯੋਗੇਂਦਰ ਯਾਦਵ ਤਾਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਕਈ ਵੱਡੇ ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪਾਉਂਦੇ ਰਹੇ ਹਨ। ਕੁੱਝ ਪੱਤਰਕਾਰਾਂ ਦੀ ਹਾਜ਼ਰੀ ਵਿਚ ਤਾਂ ਉਹ ਪਾਰਟੀ ਦੀ ਬਦਖੋਹੀ ਵੀ ਕਰਦੇ ਰਹੇ ਹਨ। ਯਾਦਵ ਨੇ ਪਿਛਲੀਆਂ ਪਾਰਲੀਮਾਨੀ ਚੋਣਾਂ ਦੌਰਾਨ ਲੁਧਿਆਣੇ ਵਿਚ ਐੱਚ. ਐੱਸ. ਫੂਲਕਾ ਨੂੰ ਮਹੀਨੇ ਤੋਂ ਵੱਧ ਸਮਾਂ ਘਰੋਂ ਬਾਹਰ ਨਿੱਕਲਣ ਤੋਂ ਰੋਕੀ ਰੱਖ ਕੇ ਜਿਹੜੀ ਕੜ੍ਹੀ ਘੋਲੀ ਸੀ, ਉਸ ਬਾਰੇ ਸ਼੍ਰੀ ਫੂਲਕਾ ਬਹੁਤ ਚੰਗੀ ਤਰ੍ਹਾਂ ਰੌਸ਼ਨੀ ਪਾ ਚੁੱਕੇ ਹਨ।
ਜੇ ‘ਯਾਦਵਨਾਮਾ’ ਸ਼ੁਰੂ ਹੋ ਹੀ ਗਿਆ ਹੈ ਤਾਂ ਇਸ ਵਿਚ ਕੁੱਝ ਯੋਗਦਾਨ ਅਸੀਂ ਵੀ ਪਾ ਹੀ ਦਿੰਦੇ ਹਾਂ। ਪਾਰਲੀਮਾਨੀ ਚੋਣਾਂ ਦੌਰਾਨ ਯੋਗੇਂਦਰ ਯਾਦਵ ਨੇ ‘ਫੇਸਬੁੱਕ’ ਰਾਹੀਂ ਮੇਰੇ ਨਾਲ਼ ਸੰਪਰਕ ਕੀਤਾ ਤੇ ਪੰਜਾਬ ਵਿਚ ਮੇਰੇ ਪਿਛੋਕੜ ਬਾਰੇ ਪੁੱਛਿਆ। ਮੈਂ ਕਿਹਾ ਕਿ ਮੈਂ ਜਲੰਧਰ ਤੋਂ ਹਾਂ। ਉਹ ਮੇਰੇ ਬਾਰੇ ਕਾਫੀ ਪੜਤਾਲ ਕਰ ਚੁੱਕੇ ਲੱਗਦੇ ਸਨ ਕਿਉਂ ਕਿ ਉਨ੍ਹਾਂ ਨੇ ਮੇਰੇ ਧੰਦੇ (ਪੱਤਰਕਾਰੀ) ਦਾ ਹਵਾਲਾ ਦਿੰਦਿਆਂ, ਪੈਂਦੀ ਸੱਟੇ ਹੀ ਮੈਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ। ਮੈਂ ਕਿਹਾ ਕਿ ਮੈਂ ਚਾਹਵਾਂ ਵੀ ਤਾਂ ਇਹ ਚੋਣ ਨਹੀਂ ਲੜ ਸਕਾਂਗਾ ਕਿਉਂ ਕਿ ਪਾਰਲੀਮਾਨੀ ਹਲਕਾ ਜਲੰਧਰ ਰਿਜ਼ਰਵ ਹਲਕਾ ਹੈ ਤੇ ਮੈਂ ਰਿਜ਼ਰਵ ਸ਼੍ਰੇਣੀਆਂ ਵਿਚੋਂ ਨਹੀਂ ਹਾਂ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਉਸ ਵੇਲ਼ੇ ਕੈਨੇਡਾ ਵਿਚ ਹਾਂ ਤਾਂ ਉਨ੍ਹਾਂ ਨੇ ਫੌਰਨ ਗੱਲ ਬਦਲ ਕੇ ਕਿਹਾ “ਬਠਿੰਡਾ ਮੇਂ ਬਾਦਲ ਕੋ ਹਰਾਨੇ ਕੇ ਲੀਏ ਬਹੂਤ ਸਾਰੇ ਫੰਡ ਕੀ ਜ਼ਰੂਰਤ ਪੜੇਗੀ। ਆਪ ਕੈਨੇਡਾ ਸੇ ਫੰਡ ਭਿਜਵਾਏਂ।”
ਉਨ੍ਹੀਂ ਦਿਨੀਂ ਪਾਰਟੀ ਨੇ ਇਕ ਵੈੱਬਸਾਈਟ ਬਣਾ ਕੇ ਫੰਡ ਸਿੱਧਾ ਹੀ ਜਮ੍ਹਾ ਕਰਾਉਣ ਦਾ ਢੰਗ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਯੋਗੇਂਦਰ ਯਾਦਵ “ਸਿੰਘ ਸਾਹਬ ਕਿਆ ਬਨਾ?, “ਕੁੱਛ ਹੂਆ ਕਿਆ?” ਦੀ ਤਰਜ਼ ਦੇ ਸੁਨੇਹੇ ਭੇਜਦੇ ਰਹੇ। ਮੈਂ ਕਿਹਾ ਕਿ ਮੈਂ ਇੱਥੇ ਕੋਈ ਕਮਾਈ ਨਹੀਂ ਕਰਦਾ ਤੇ ਗੱਡੀਆਂ ਅਤੇ ਬੱਸਾਂ ਰਾਹੀਂ ਹੀ ਆਉਂਦਾ-ਜਾਂਦਾ ਹਾਂ, ਜਿਸ ਕਰ ਕੇ ਮੈਂ ਲੋਕਾਂ ਨੂੰ ਮਿਲਣ-ਗਿਲਣ ਨਹੀਂ ਜਾ ਸਕਦਾ। ਓਦਾਂ ਵੀ ਪਾਰਟੀ ਵੱਲੋਂ ਨੈੱਟ ਰਾਹੀਂ ਆਨਲਈਨ ਭੁਗਤਾਨ ਦਾ ਪ੍ਰਬੰਧ ਕਰ ਦੇਣ ਮਗਰੋਂ ਫੰਡ ਦੀ ਦਸਤੀ ਉਗਰਾਹੀ ਨਹੀਂ ਹੋ ਸਕੇਗੀ। ਫੇਰ ਇਕ ਦਿਨ ਯਾਦਵ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਦਾ ‘ਫੇਸਬੁੱਕ’ ਦਾ ਖਾਤਾ ਚਲਾਇਆ ਕਰਾਂ। ਮੈਂ ਉਸ ਲਈ ‘ਪਾਸਵਰਡ’ ਦੇਣ ਲਈ ਕਿਹਾ। ਉਨ੍ਹਾਂ ਨੇ ਪਾਸਵਰਡ ਦੱਸ ਦਿੱਤਾ ਤੇ ਦਿੱਲੀ ਵਿਧਾਨ ਸਭਾ ਦੀਆਂ ਉਨ੍ਹਾਂ ਚੋਣਾਂ ਦੌਰਾਨ ਮੈਂ ਕਦੇ-ਕਦਾਈਂ ਉਨ੍ਹਾਂ ਦੇ ‘ਫੇਸਬੁੱਕ’ ਦੇ ਪੰਨੇ ਉੱਤੇ ਕੋਈ ਟਿੱਪਣੀ ਕਰਦਾ ਰਿਹਾ।
ਪਿਛਲੇ ਸਾਲ ਜੁਲਾਈ ਵਿਚ ਮੈਂ ਪੰਜਾਬ ਚਲਿਆ ਗਿਆ। ਉੱਥੇ ਇਕ ਵਾਰ ਮੈਂ ਫੋਨ ਰਾਹੀਂ ਯਾਦਵ ਨਾਲ਼ ਸੰਪਰਕ ਕਰਨ ਦਾ ਹੀਲਾ ਕੀਤਾ। ਲੰਬੀ ਘੰਟੀ ਜਾਣ ਦੇ ਬਾਵਜੂਦ ਉਨ੍ਹਾਂ ਨੇ ਫੋਨ ਨਾ ਚੁੱਕਿਆ। ਇਸ ਦੌਰਾਨ ਹੀ ਉਹ ‘ਫੇਸਬੁੱਕ’ ਉੱਤੇ ਮੇਰੇ ‘ਚੈਟਬਾਕਸ’ ਵਿਚ ਦਿਸੇ। ਮੈਂ ਕਿਹਾ ਕਿ ਉਹ ਫੋਨ ਕਿਉਂ ਨਹੀਂ ਚੁੱਕਦੇ? “ਯੇਹ ਆਪ ਕਾ ਫੋਨ ਥਾ?” ਉਨ੍ਹਾਂ ਨੇ ਚੈਟਬਾਕਸ ਵਿਚ ਲਿਖਿਆ। ਦੋ ਕੁ ਰਸਮੀ ਜਿਹੀਆਂ ਗੱਲਾਂ ਕਰ ਕੇ, ਉਨ੍ਹਾਂ ਚੈਟਬਾਕਸ ਬੰਦ ਕਰ ਕੇ ਫੋਨ ਕੀਤਾ ਤੇ ਮੈਨੂੰ ਕਿਸੇ ਬੰਦੇ ਦਾ ਨਾਂ ਲੈ ਕੇ ਪੁੱਛਿਆ ਕਿ ਮੈਂ ਉਸ ਨੂੰ ਜਾਣਦਾ ਹਾਂ। ਮੈਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਉਸ ਦਾ ਫੋਨ ਨੰਬਰ ਲਿਖਾ ਕੇ ਕਿਹਾ ਕਿ ਮੈਂ ਉਸ ਨਾਲ਼ ਗੱਲ ਕਰਾਂ। ਫੇਰ ਉਨ੍ਹਾਂ ਨੇ ਪੁੱਛਿਆ ਕਿ ਜਲੰਧਰ ਵਿਚ ਉਸ ਵੇਲ਼ੇ ਮੈਂ ਇਕੱਲਾ ਹੀ ਰਹਿੰਦਾ ਹਾਂ। ਮੈਂ ਕਿਹਾ ਹਾਂ ਇਕੱਲਾ ਹੀ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਆਦਮੀ ਕੁੱਝ ਦਿਨ ਤੁਹਾਡੇ ਘਰ ਰਹੇਗਾ ਤੇ ਉਸ ਦੇ ਨਾਲ਼ ਉਸ ਦੀ ‘ਗਰਲ ਫਰੈਂਡ’ ਵੀ ਹੋਵੇਗੀ ਤੇ ਕੁੱਝ ਦਿਨ ਜਲੰਧਰ ਦੇ ਆਲ਼ੇ-ਦੁਆਲ਼ੇ ਸੈਰ ਕਰਨਗੇ। ਜਦੋਂ ਉਨ੍ਹਾਂ ਨੇ ਫੋਨ ਕੱਟ ਦਿੱਤਾ ਤਾਂ ਮੈਂ ਉਨ੍ਹਾਂ ਵੱਲੋਂ ਲਿਖਾਇਆ ਹੋਇਆ ਫੋਨ ਨੰਬਰ ਡਾਇਲ ਕੀਤਾ ਤੇ ਮੈਂ ਫੋਨ ਸੁਣਨ ਵਾਲ਼ੇ ਦਾ ਨਾਂ ਪੁੱਛ ਕੇ ਕਿਹਾ ਕਿ ਮੈਨੂੰ ਯਾਦਵ ਨੇ ਉਨ੍ਹਾਂ ਨਾਲ਼ ਗੱਲ ਕਰਨ ਲਈ ਕਿਹਾ ਹੈ।
ਉਸ ਆਦਮੀ ਨੇ ਜਿਹੋ ਜਿਹੀਆਂ ਗੱਲਾਂ ਕੀਤੀਆਂ, ਉਨ੍ਹਾਂ ਤੋਂ ਮੈਨੂੰ ਉਹ ਆਦਮੀ ਮਸ਼ਕੂਕ ਜਿਹਾ ਹੀ ਲੱਗਿਆ। ਉਸ ਆਦਮੀ ਨੇ ਆਪਣੇ ਨਾਲ਼ ਆਉਣ ਵਾਲ਼ੀ ਔਰਤ ਦਾ ਜ਼ਿਕਰ ‘ਮਿਸਿਜ਼’ ਕਹਿ ਕੇ ਕੀਤਾ। ਮੈਂ ਇਹ ਵੀ ਕਿਹਾ ਕਿ ਮੈਂ ਉਨ੍ਹਾਂ ਨੂੰ ਘਰ ਵਿਚ ਠਹਿਰਾਉਣ ਦੀ ਥਾਂ ਹੋਟਲ ਵਿਚ ਕਮਰਾ ਬੁੱਕ ਕਰਾ ਦਿਆਂਗਾ। ਇਸ ਤੋਂ ਬਾਅਦ ਮੈਂ ਯਾਦਵ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਨੂੰ ਤੁਹਾਡਾ ਦੋਸਤ ‘ਠੀਕ ਜਿਹਾ’ ਨਹੀਂ ਲੱਗਿਆ ਤਾਂ ਯਾਦਵ ਸਾਹਬ ਦਾ ਜੁਆਬ ਸੀ, “ਹਮੇਂ ਤੋ ਬਹੂਤ ਪਸੰਦ ਹੈ!” ਮੈਂ ਕਿੰਨਾ ਹੀ ਚਿਰ ਯਾਦਵ ਦੀ ਚੈਟਿੰਗ ਸੇਵ ਕਰ ਕੇ ਵੀ ਰੱਖ ਛੱਡੀ ਤੇ ਕੁੱਝ ਦੋਸਤਾਂ ਨਾਲ਼ ਸਾਂਝੀ ਵੀ ਕੀਤੀ ਸੀ। ਮੈਨੂੰ ਇਸ ਸਭ ਕੁੱਝ ਤੋਂ ਇਹੋ ਮਹਿਸੂਸ ਹੋਇਆ ਸੀ ਕਿ ਯਾਦਵ ਉਨ੍ਹੀਂ ਦਿਨੀਂ ਵੀ ਆਪੋਧਾਪ ਦਾ ਸ਼ਿਕਾਰ ਸੀ ਤੇ ਉਹ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਪੰਜਾਬ ਉੱਤੇ ਕਾਬਜ਼ ਹੋਣ ਦੀ ਤਾਕ ਵਿਚ ਸੀ। ਉਸ ਤੋਂ ਬਾਅਦ ਪਤਾ ਨਹੀਂ ਕਦੋਂ ਯਾਦਵ ਨੇ ‘ਫੇਸਬੁੱਕ’ ਦੇ ਖਾਤੇ ਦਾ ‘ਪਾਸਵਰਡ’ ਬਦਲ ਲਿਆ ਸੀ।
ਪੰਜਾਬ ਤੋਂ ਫਿਰ ਦਿੱਲੀ ਵੱਲ ਮੁੜਦੇ ਹਾਂ। ਦਿੱਲੀ ਵਿਚ 2015 ਦੌਰਾਨ ਵਿਧਾਨ ਸਭਾ ਚੋਣਾਂ ਹੋਣ ਵੇਲ਼ੇ ਪ੍ਰਸ਼ਾਂਤ ਭੂਸ਼ਨ ਦੀ ਭੈਣ ਸ਼ਾਲਿਨੀ ਗੁਪਤਾ ਵੱਲੋਂ ਜਹਾਨ ਭਰ ਵਿਚ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੂੰ ਭੇਜੀਆਂ ਹੋਈਆਂ ਦੋ ਈਮੇਲਾਂ ਵੀ ਪਿਛਲੇ ਦਿਨੀਂ ਬੇਨਕਾਬ ਹੋਈਆਂ ਹਨ। ਇਨ੍ਹਾਂ ਈਮੇਲਾਂ ਨੇ ਵੀ ਪਾਰਟੀ ਵਿਚ ਫੁੱਟ ਪਾਉਣ ਵਿਚ, ਬਲ਼ਦੀ ਉੱਤੇ ਤੇਲ ਪਾਉਣ ਵਰਗਾ ਕੰਮ ਕੀਤਾ ਸੀ। ਆਮ ਆਦਮੀ ਪਾਰਟੀ ਦੇ ਪਰਵਾਸੀ ਹਮਾਇਤੀਆਂ ਨਾਲ਼ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਨਿਭਾਉਂਦੀ ਸ਼ਾਲਿਨੀ ਗੁਪਤਾ ਨੇ ਆਪਣੀਆਂ ਈਮੇਲਾਂ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਜੇ ਇਨ੍ਹਾਂ ਚੋਣਾਂ ਵਿਚ ਮਸ਼ਕੂਕ ਕਿਰਦਾਰਾਂ ਵਾਲ਼ੇ ਲੋਕਾਂ ਨੂੰ ਟਿਕਟਾਂ ਦੇ ਕੇ ਉਮੀਦਵਾਰ ਬਣਾਇਆ ਗਿਆ ਤਾਂ ਇਹ ਚੋਣਾਂ ਲੜਨਾ ‘ਸਿਆਸੀ ਖ਼ੁਦਕੁਸ਼ੀ’ ਕਰਨਾ ਹੀ ਹੋਵੇਗਾ। ਉਸ ਨੇ ਇਹ ਵੀ ਕਿਹਾ ਹੋਇਆ ਹੈ ਕਿ ਕੁੱਝ ਲੋਕਾਂ ਨੂੰ ਦਿੱਤੀਆਂ ਹੋਈਆਂ ਟਿਕਟਾਂ ਰੱਦ ਕੀਤੀਆਂ ਜਾ ਸਕਦੀਆਂ ਚਾਹੀਦੀਆਂ ਹਨ ਕਿਉਂ ਕਿ ਪਾਰਟੀ ਲੋਕਪਾਲ ਉਨ੍ਹਾਂ ਉਮੀਦਵਾਰਾਂ ਦੇ ਖ਼ਿਲਾਫ਼ ਲੱਗੇ ਹੋਏ ਦੋਸ਼ਾਂ ਦੀ ਪੜਤਾਲ ਕਰ ਰਹੇ ਹਨ। ਇਹ ਸਭ ਕੁੱਝ, ਪ੍ਰਸ਼ਾਂਤ ਭੂਸ਼ਨ ਵਰਗੇ ਆਗੂਆਂ ਵੱਲੋਂ ਇਸ ਸਬੰਧ ਵਿਚ ਜ਼ੋਰ ਲਾਉਣ ਕਾਰਨ ਹੀ ਹੋ ਰਿਹਾ ਹੈ ਕਿਉਂ ਕਿ ਉਹ ਨਹੀਂ ਚਾਹੁੰਦੇ ਕਿ ਪਾਰਟੀ ਦੀ, ਸਾਫ-ਸੁਥਰੀ ਸਿਆਸਤ ਸਬੰਧੀ ਵਿਚਾਰਧਾਰਾ ਅੱਧਵਾਟੇ ਹੀ ਦਮ ਤੋੜ ਜਾਵੇ। ਇਹ ਈਮੇਲਾਂ ਇਸੇ ਹੀ ਸਾਲ 5 ਅਤੇ 6 ਜਨਵਰੀ ਨੂੰ ਭੇਜੀਆਂ ਗਈਆਂ ਤੇ ਇਨ੍ਹਾਂ ਰਾਹੀਂ ਵਾਲੰਟੀਅਰਾਂ ਨੂੰ ਕਿਹਾ ਗਿਆ ਸੀ ਕਿ ਉਹ ਕਿਸੇ ਹਲਕੇ ਵਿਚ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧ ਵਿਚ ਚੌਕਸ ਰਹਿਣ।
ਅਰਵਿੰਦ ਕੇਜਰੀਵਾਲ ਦੇ ‘ਪੱਕੇ ਹਮਾਇਤੀਆਂ’ ਨੇ ਕਿਹਾ ਹੈ ਕਿ ਇਨ੍ਹਾਂ ਮੇਲਾਂ ਰਾਹੀਂ ਪਾਰਟੀ ਨੂੰ ਵਿਦੇਸ਼ਾਂ ਵਿਚ ਵਸਦੇ ਹਮਾਇਤੀਆਂ ਅੱਗੇ ਛੁਟਿਆਇਆ ਹੀ ਨਹੀਂ ਗਿਆ, ਸਗੋਂ ਪਾਰਟੀ ਵਿਰੋਧੀ ਹਰਕਤਾਂ ਕਰਨ ਲਈ ਹੱਲਾ-ਸ਼ੇਰੀ ਵੀ ਦਿੱਤੀ ਗਈ ਹੈ। ਇਸ ਦੇ ਨਾਲ਼ ਹੀ ਜੁੜ ਗਈ ਉਹ ਚਿੱਠੀ, ਜਿਸ ਰਾਹੀਂ ਸ਼ਾਂਤੀ ਭੂਸ਼ਨ ਨੇ ਮੰਗ ਕੀਤੀ ਸੀ ਕਿ ਕੇਜਰੀਵਾਲ, ਪਾਰਟੀ ਦੇ ਕਨਵੀਨਰ ਦੀ ਕੁਰਸੀ ਯੋਗੇਂਦਰ ਯਾਦਵ ਲਈ ਖਾਲੀ ਕਰਨ। ਸ਼ਾਂਤੀ ਭੂਸ਼ਨ ਦੇ ਸਾਹਿਬਜ਼ਾਦੇ ਪ੍ਰਸ਼ਾਂਤ ਭੂਸ਼ਨ ਦੀ ਉਸ ਧਮਕੀ ਨੇ ਮਾਹੌਲ ਹੋਰ ਤੱਤਾ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਇਹ ਕਿਹਾ ਹੋਇਆ ਸੀ ਕਿ ਉਹ ਉਮੀਦਵਾਰ ਛਾਂਟਣ ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਕੀਤੇ ਹੋਏ ਇਤਰਾਜ਼ ਜੱਗ-ਜ਼ਾਹਰ ਕਰ ਦੇਣਗੇ। ਇਹ ਸਾਰੀਆਂ ਹੀ ਗੱਲਾਂ ਉਸ ਵੇਲ਼ੇ ਉਠਾਉਣ ਨਾਲ਼ ਪਾਰਟੀ ਦੇ ਹਿੱਤਾਂ ਨੂੰ ਸੱਟ ਵੱਜੀ, ਜਦੋਂ ਪਾਰਟੀ ਨੇ ਇਨ੍ਹਾਂ ਨਾਜ਼ਕ ਚੋਣਾਂ ਦਾ ਸਾਹਮਣਾ ਕਰਨਾ ਸੀ। ਇਸ ਸਭ ਕੁੱਝ ਦੇ ਨਤੀਜੇ ਵਜੋਂ ਹੀ 4 ਮਾਰਚ ਨੂੰ ਯਾਦਵ ਅਤੇ ‘ਛੋਟਾ’ ਭੂਸ਼ਨ, ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਸਬੰਧੀ ਕਮੇਟੀ ਵਿਚੋਂ ਕੱਢ ਦਿੱਤੇ ਗਏ।
ਭੂਸ਼ਨ ਨੇ ਇਨ੍ਹਾਂ ਈਮੇਲਾਂ ਵਿਚ ਕਹੀਆਂ ਹੋਈਆਂ ਗੱਲਾਂ ਦੀ ਹਮਾਇਤ ਕੀਤੀ ਸੀ ਤੇ ਇਹ ਕਿਹਾ ਸੀ, “ਮੈਂ ਉਮੀਦਵਾਰ ਛਾਂਟਣ ਦੇ ਢੰਗ ਬਾਰੇ ਇਤਰਾਜ਼ ਕਰਦਿਆਂ, ਨਵੰਬਰ ਅਤੇ ਦਸੰਬਰ ਦੇ ਵਿਚਾਲ਼ੇ ਪਾਰਟੀ ਨੂੰ ਤਿੰਨ ਚਿੱਠੀਆਂ ਲਿਖੀਆਂ ਸਨ। ਉਮੀਦਵਾਰ ਛਾਂਟਣ ਦੇ ਮਾਮਲੇ ਵਿਚ ਹਨ੍ਹੇਰ ਹੀ ਪਾਇਆ ਜਾ ਰਿਹਾ ਸੀ। ਪਾਰਟੀ ਦੀਆਂ ਨੀਤੀਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਜਦੋਂ ਮੈਨੂੰ ਕੋਈ ਜੁਆਬ ਨਾ ਆਇਆ ਤਾਂ ਮੈਂ ਅਸਤੀਫ਼ਾ ਦੇਣ ਅਤੇ ਆਪਣੇ ਇਤਰਾਜ਼ ਜੱਗ-ਜ਼ਾਹਰ ਕਰਨ ਦੀ ਧਮਕੀ ਦੇ ਦਿੱਤੀ।”
ਇਸ ਦੌਰਾਨ ਹੀ, ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਣ ਵਾਲ਼ਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਨਾਲ਼ ‘ਆਮ ਆਦਮੀ ਵਾਲੰਟੀਅਰ ਐਕਸ਼ਨ ਮੰਚ’ (ਅਵਾਮ) ਦੀ ਸਥਾਪਨਾ ਕਰ ਲਈ। ਇਸ ‘ਜਥੇਬੰਦੀ’ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਪੂਰਾ ਹੱਥ ਹੈ। ‘ਅਵਾਮ’ ਨੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਬਦਨਾਮ ਕੀਤਾ। ਸ਼ਾਂਤੀ ਭੂਸ਼ਨ ਨੇ ‘ਅਵਾਮ’ ਅਤੇ ਕਿਰਨ ਬੇਦੀ ਦੇ ਹੱਕ ਵਿਚ ਖੁੱਲ੍ਹ ਕੇ ਬਿਆਨ ਵੀ ਦਿੱਤੇ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿੱਤਾ, “ਮੈਨੂੰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਿਰਨ ਬੇਦੀ ਉੱਤੇ ਅਰਵਿੰਦ ਕੇਜਰੀਵਾਲ ਨਾਲੋਂ ਵੱਧ ਭਰੋਸਾ ਹੈ।”
ਕੇਜਰੀਵਾਲ ਉੱਤੇ ਤਾਨਾਸ਼ਾਹ ਬਣ ਜਾਣ ਦੇ ਦੋਸ਼ ਲੱਗਦਿਆਂ ਦੋਵੇਂ ਧਿਰਾਂ “ਸੱਚ ਸਾਹਮਣੇ ਆਉਣ ਅਤੇ ਜਿੱਤ ਸੱਚ ਦੀ ਹੀ ਹੋਣ” ਦੇ ਦਾਅਵੇ ਕਰ ਰਹੀਆਂ ਹਨ। ਲੱਗਦਾ ਹੈ ਕਿ ਇਕ ਵਾਰ ਫਿਰ “ਸੱਚ ਆਪੋ-ਆਪਣਾ” ਬਣ ਗਿਆ ਹੈ। ਇਹ ਸੱਚ ਹੈ ਕਿ ਝੂਠ, ਇਸ ਬਾਰੇ ਕੁੱਝ ਕਹਿਣਾ ਹਾਲੇ ਔਖਾ ਹੈ, ਪਰ ਕੁੱਝ ਸੂਤਰ ਇਹ ਵੀ ਕਹਿ ਰਹੇ ਹਨ ਕਿ ਅੰਨਾ ਹਜ਼ਾਰੇ ਇਕ ਵਾਰ ਫਿਰ ਕਿਸੇ ਦਾ ਹੱਥ-ਠੋਕਾ ਬਣ ਗਏ ਹਨ ਤੇ ਉਨ੍ਹਾਂ ਨੇ ਯਾਦਵ ਅਤੇ ਭੂਸ਼ਨ ਆਪਣੇ ਨਾਲ਼ ਰਲ਼ਾ ਲਏ ਹਨ ਤੇ ਉਹ ਛੇਤੀ ਹੀ ਇਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਵਾਲ਼ੇ ਹਨ।
ਜਦੋਂ ਆਮ ਆਦਮੀ ਪਾਰਟੀ ਦੇ ਇਹ ਦੋਖੀ, ਪੀ. ਏ. ਸੀ. ਵਿਚੋਂ ਕੱਢੇ ਜਾਣ ’ਤੇ ਵੀ ਟਿਕ ਕੇ ਨਾ ਬੈਠੇ ਤਾਂ ਪਾਰਟੀ ਅੰਦਰੋਂ ਇਹ ਅਵਾਜ਼ ਉੱਠਣੀ ਸੁਭਾਵਕ ਹੀ ਸੀ ਕਿ ਇਨ੍ਹਾਂ ਦੋਖੀਆਂ ਨੂੰ ਪਾਰਟੀ ਵਿਚੋਂ ਕੱਢ ਹੀ ਦਿੱਤਾ ਜਾਵੇ। ਦਿੱਲੀ ਵਿਚ ਇਹ ਆਵਾਜ਼ ਬੁਲੰਦ ਕੀਤੀ ਸੰਜੇ ਸਿੰਘ ਨੇ ਜਦੋਂ ਕਿ ਪੰਜਾਬ ਵਿਚ ਇਸ ਤਰ੍ਹਾਂ ਦਾ ਬਿਆਨ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਤਾ। ਇਨ੍ਹਾਂ ਦੋਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ, ਪਾਰਟੀ ਨਾਲ਼ੋਂ ਵੱਡਾ ਨਹੀਂ ਹੋ ਸਕਦਾ। ਇਸ ਦੌਰਾਨ ਹੀ ਮਯੰਕ ਗਾਂਧੀ ਵੀ ਯਾਦਵ ਅਤੇ ਭੂਸ਼ਨ ਨਾਲ਼ ਆ ਰਲੇ। ਹੁਣ 28 ਮਾਰਚ ਨੂੰ ਆਪਣੀ ਕੌਮੀ ਕੌਂਸਲ ਦੀ ਮੀਟਿੰਗ ਵਿਚ ਆਮ ਆਦਮੀ ਪਾਰਟੀ, ਇਨ੍ਹਾਂ ਬਾਗ਼ੀਆਂ ਦੇ ਸਬੰਧ ਵਿਚ ਕੋਈ ਵੱਡਾ ਫੈਸਲਾ ਲੈ ਸਕਦੀ ਹੈ, ਪਰ ਤਦ ਤਕ ਵੀ ਬਹੁਤ ਕੁੱਝ ਹੋ ਸਕਦਾ ਹੈ ਕਿਉਂ ਕਿ ਆਖ਼ਰ ਨੂੰ ਹੈ ਤਾਂ ਇਹ ਸਿਆ(ਹ)ਸਤ ਹੀ! #
.jpg)
.jpg)