ਅਸੀਂ ਤਨੋਂ-ਮਨੋਂ ਪੂਰੀ ਤਰ੍ਹਾਂ ਨੰਗੇ ਤਾਂ ਨਹੀਂ ਕਰ ਦਿੱਤੇ ਗਏ?
ਬਖ਼ਸ਼ਿੰਦਰ
Email: bababax@gmail.com, Cell Phone: +1-778-378-9669
ਇਕ ਅੰਗਰੇਜ਼ੀ ਅਖ਼ਬਾਰ ਦੀ ਇਕ ਪੱਤਰ-ਪ੍ਰੇਰਕ ਏਦਾਂ ਲਿਖਦੀ ਹੈ, “ਸਾਲ 2005 ਦੀ ਗੱਲ ਹੈ। ਮੈਂ ਉਦੋਂ ਸਿਖਾਂਦਰੂ ਪੱਤਰਕਾਰ ਸਾਂ। ਮੈਂ, ਦਿੱਲੀ ਵਿਚ ਕਿਸੇ ਸਿਆਸਤਦਾਨ ਦਾ ਇੰਟਰਵਿਊ ਕਰ ਕੇ ਮੁੜ ਰਹੀ ਸਾਂ। ਰਾਤ ਦੇ 9 ਵੱਜਣ ਵਾਲ਼ੇ ਸਨ। ਮੈਂ ਆਟੋ ਰਿਕਸ਼ਾ ਭਾਲ਼ ਰਹੀ ਸਾਂ, ਪਰ ਆਟੋ ਕੋਈ ਦਿਸਦਾ ਨਹੀਂ ਸੀ। ਮੈਂ ਅਤੇ ਮੇਰੇ ਫੋਟੋਗ੍ਰਾਫ਼ਰ ਨੇ ਨੇੜਿਓ ਲੰਘ ਰਹੀ ਇਕ ‘ਚਾਰਟਰਡ ਬੱਸ’ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਉਂ ਹੀ ਮੈਂ ਬੱਸ ਵਿਚ ਪੈਰ ਧਰਿਆ, ਮੈਂ ਦੇਖਿਆ ਕਿ ਬੱਸ ਵਿਚ ਮਸਾਂ ਚਾਰ ਬੰਦੇ ਸਵਾਰ ਸਨ। ਇਸ ਤੋਂ ਪਹਿਲਾਂ ਕਿ ਫੋਟੋਗ੍ਰਾਫ਼ਰ ਵੀ ਚੜ੍ਹ ਜਾਂਦਾ, ਡਰਾਈਵਰ ਨੇ ਅਚਾਨਕ ਹੀ ਬੱਸ ਭਜਾ ਲਈ। ਮੈਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਮੈਂ ਛਾਲ ਮਾਰ ਕੇ ਬੱਸ ਵਿਚੋਂ ਉੱਤਰ ਗਈ। ਉਨ੍ਹਾਂ ਨੇ ਬੱਸ ਨਾ ਰੋਕੀ।ਮੇਰੇ ਉੱਤਰ ਜਾਣ ’ਤੇ ਬੱਸ ਵਿਚ ਸਵਾਰ ਲੋਕਾਂ ਵੱਲੋਂ ਮਾਰਿਆ ਹੋਇਆ ਠਹਾਕਾ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦਾ ਹੈ। ਸ਼ਾਇਦ ਭਾਰਤ ਦੀ ਹਰ ਔਰਤ ਕਿਸੇ ਨਾ ਕਿਸੇ ਵੇਲ਼ੇ ਇਹੋ ਜਿਹਾ ਜਾਂ ਇਸ ਤੋਂ ਵੀ ਮਾੜਾ ਖ਼ੌਫ਼ ਖਾ ਚੁੱਕੀ ਹੋਵੇਗੀ। ਉਸ ਘਟਨਾ ਤੋਂ ਸੱਤ ਸਾਲ ਬਾਅਦ ਅਜੇ ਵੀ ਮੈਂ ਉਨ੍ਹਾਂ ਪਲਾਂ ਦੀ ਦਹਿਸ਼ਤ ਮਹਿਸੂਸ ਕਰਦੀ ਹਾਂ, ਜਦੋਂ ਮੈਂ ਦਿੱਲੀ ਦੀ ਉਸ ਬਹਾਦਰ ਕੁੜੀ ਦੀ ਖ਼ਬਰ ਪੜ੍ਹਦੀ ਹਾਂ, ਜੋ ਉਸ ਨੂੰ ਛਿੱਲ-ਛਿੱਲ ਕੇ ਖਾ ਜਾਣਾ ਚਾਹੁੰਦੇ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਮਰਨਾਊ ਹੋ ਗਈ ਸੀ ਤੇ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਦਮ ਤੋੜ ਗਈ ਸੀ। ਉਹ ਮਰ ਤਾਂ ਗਈ, ਪਰ ਇਕ ਬਲ਼ਦੀ ਮਸ਼ਾਲ ਛੱਡ ਗਈ। ਇਹੋ ਕਾਰਨ ਹੈ ਕਿ ‘ਇੰਡੀਆ’ਜ਼ ਡੌਟਰ’ ਨਾਂ ਦੀ ਦਸਤਾਵੇਜ਼ੀ ਫ਼ਿਲਮ ਦੇਖਣ ਅਤੇ ਦਿਖਾਉਣ ਦੀ ਲੋੜ ਹੈ ਤਾਂ ਕਿ ਉਸ ਦੀ ਮੌਤ ਦਾ ਜ਼ਿਕਰ ਵੀ ਮਘਦਾ ਰਹਿ ਸਕੇ।”
ਬਰਤਾਨੀਆ ਦੀ ਫ਼ਿਲਮਸਾਜ਼ ਲੇਜ਼ਲੀ ਉਡਵਿਨ ਵੱਲੋਂ ਬਣਾਈ ਗਈ ਇਸ ਫ਼ਿਲਮ ਵਿਚ, 2012 ਦੇ ਦਸੰਬਰ ਮਹੀਨੇ ਦੌਰਾਨ ਫਿਜ਼ੀਓਥਰੈਪੀ ਦੀ ਇਕ 23 ਸਾਲਾ ਸਿਖਿਆਰਥਣ ਦੀ ਪੱਤ ਲੁੱਟ ਕੇ ਉਸ ਨੂੰ ਮਰਨਾਊ ਕਰ ਸੁੱਟਣ ਦੀ ਉਹ ਹੌਲਨਾਕ ਦਾਸਤਾਨ ਬਿਆਨ ਕੀਤੀ ਗਈ ਹੈ, ਜਿਸ ਨੇ ਸਾਰਾ ਮੁਲਕ ਹੀ ਨਹੀਂ, ਸਾਰਾ ਜਹਾਨ ਹਲੂਣ ਸੁੱਟਿਆ ਸੀ। ਇਹ ਫ਼ਿਲਮ ਭਾਰਤੀ ਟੈਲੀਵਿਜਨ ਤੋਂ ਨਸ਼ਰ ਕੀਤੀ ਜਾਣੀ ਸੀ ਕਿ ਅਦਾਲਤ ਦੇ ਹੁਕਮ ਰਾਹੀਂ ਇਸ ਦਾ ਪ੍ਰਸਾਰਣ ਨਹੀਂ ਹੋਣ ਦਿੱਤਾ ਗਿਆ। ਹੋਰ ਤਾਂ ਹੋਰ, ਭਾਰਤ ਦੇ ਗ੍ਰਹਿ ਮੰਤਰੀ ਨੇ ਇਹ ਵਾਅਦਾ ਵੀ ਕਰ ਦਿੱਤਾ ਕਿ ਉਹ ਇਸ ਫ਼ਿਲਮ ਦਾ ਪ੍ਰਸਾਰਣ ਕਰਨ ਵਾਲਿਆਂ ਵਿਰੁੱਧ ‘ਕਾਰਵਾਈ’ ਕਰਨਗੇ। ਜਦੋਂ ਭਾਰਤ ਵਿਚ ਇਸ ਫ਼ਿਲਮ ਦਾ ਪ੍ਰਸਾਰਣ ਕਰਨ ਦੀ ਮਨਾਹੀ ਕਰ ਦਿੱਤੀ ਗਈ ਤਾਂ ਇਹ ਫ਼ਿਲਮ ‘ਯੂਟਿਊਬ’ ਉੱਤੇ ‘ਅੱਪਲੋਡ’ ਕਰ ਦਿੱਤੀ ਗਈ। ਇਸ ਤੋਂ ਬਾਅਦ ਇਹ ਫ਼ਿਲਮ, ਜਿਸ ਨੇ ਕਦੇ ਵੀ ਨਹੀਂ ਦੇਖਣੀ ਸੀ, ਉਸ ਨੇ ਵੀ ਦੇਖ ਲਈ। ਮੈਨੂੰ ਤਾਂ ਲੱਗਿਆ ਇਸ ਕਾਰਵਾਈ ਨਾਲ਼ ਅਸੀਂ ਤਨੋਂ ਤੇ ਮਨੋਂ ਪੂਰੀ ਤਰ੍ਹਾਂ ਨੰਗੇ ਕਰ ਦਿੱਤੇ ਗਏ ਹਾਂ।
ਇਸ ਫ਼ਿਲਮ ਵਿਚ, ਉਸ ਕੁੜੀ ਦੀ ਪੱਤ ਲੁੱਟਣ ਵਾਲ਼ਿਆਂ ਵਿਚੋਂ ਮੁਕੇਸ਼ ਸਿੰਘ ਨਾਂ ਦੇ ਇਕ ਮੁਜਰਮ ਨਾਲ਼ ਕੀਤੀ ਹੋਈ ਉਹ ਗੱਲਬਾਤ ਵੀ ਸ਼ਾਮਲ ਹੈ, ਜਿਸ ਵਿਚ ਉਹ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਦੀ ਥਾਂ ਕੁੜੀ ਦੇ ਵਤੀਰੇ ਵਿਚ ਨੁਕਸ ਕੱਢਦਾ ਦਿਸਦਾ ਹੈ। ਇਸ ਤੋਂ ਇਲਾਵਾ, ਮੁਲਜ਼ਮਾਂ ਦੇ ਵਕੀਲ ਵੀ ਇਹੋ ਜਿਹੀਆਂ ਗੱਲਾਂ ਕਰਦੇ ਦਿਖਾਏ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਤਾਂ ਮਨ ਨੂੰ ਹੌਲ ਪੈਂਦਾ ਹੈ। ਇਸ ਮੁਜਰਮ ਅਤੇ ਉਸ ਦੇ ਵਕੀਲਾਂ ਦਾ ਕਹਿਣ ਹੈ ਕਿ ਉਹ ਕੁੜੀ ਇੰਨੇ ਹਨ੍ਹੇਰੇ ਹੋਏ ਆਪਣੇ ਘਰੋਂ ਬਾਹਰ ਕਿਉਂ ਨਿੱਕਲੀ ਸੀ ਤੇ ਉਹ ਵੀ ਇਕ ਇਹੋ ਜਿਹੇ ਮੁੰਡੇ ਨਾਲ਼, ਜਿਹੜਾ ਉਸ ਦਾ ਸਕਾ-ਸੋਧਰਾ ਵੀ ਨਹੀਂ ਸੀ।
ਐੱਮ. ਐੱਲ. ਸ਼ਰਮਾ ਨਾਂ ਦੇ ਇਕ ਵਕੀਲ ਨੂੰ ਤਾਂ ਇਹ ਕਹਿੰਦੇ ਵੀ ਦਿਖਾਇਆ ਗਿਆ ਹੈ ਕਿ ਭਾਰਤ ਦੇ ਮਹਾਨ ਸਭਿਆਚਾਰ ਵਿਚ ਔਰਤਾਂ ਅਤੇ ਮਰਦਾਂ ਵਿਚਾਲ਼ੇ ਦੋਸਤੀ ਨੂੰ ਕੋਈ ਥਾਂ ਨਹੀਂ ਹੈ। ‘ਸ਼ਰਮਾ ਜੀ’ ਤਾਂ ਇਹ ਵੀ ਪੁੱਛਦੇ ਹਨ ਕਿ ਸਾਡੇ ਦੇਸ਼ ਵਿਚ ਔਰਤਾਂ ਨੂੰ ਸੱਤ-ਅੱਠ ਵਜੇ ਤੋਂ ਮਗਰੋਂ ਬਾਹਰ ਨਿੱਕਲਣ ਦੀ ਮਨਾਹੀ ਕਿਉਂ ਹੈ? ਉਨ੍ਹਾਂ ਦੇ ਕਹਿਣ ਮੁਤਾਬਕ, ਔਰਤਾਂ ਉਨ੍ਹਾਂ ਫੁੱਲਾਂ ਵਾਂਗ ਹਨ, ਜਿਹੜੇ ਮੰਦਰ ਵਿਚ ਹੋਣ ਤਾਂ ਪੂਜੇ ਜਾਂਦੇ ਹਨ, ਪਰ ਨਾਲ਼ੀ ਵਿਚ ਡਿੱਗ ਪੈਣ ਤਾਂ ਤਿਰਸਕਾਰੇ ਜਾਂ ਨਕਾਰੇ ਜਾਂਦੇ ਹਨ। ਦੂਜੇ ਵਕੀਲ ਏ. ਪੀ. ਸਿੰਘ ਦਾ ਕਹਿਣ ਹੈ ਕਿ ਜੇ ਕਿਸੇ ਕੁੜੀ ਨੂੰ ਵੇਲ਼ੇ-ਕੁਵੇਲ਼ੇ ਘਰੋਂ ਬਾਹਰ ਜਾਣਾ ਵੀ ਪਵੇ ਤਾਂ ਉਸ ਨਾਲ਼ ਉਸ ਦਾ ‘ਬੁਆਏਫਰੈਂਡ’ ਨਹੀਂ, ਸਗੋਂ ਉਸ ਦੀ ਇੱਜ਼ਤ ਦਾ ਭਾਈਵਾਲ ਕੋਈ ਸਕਾ ਰਿਸ਼ਤੇਦਾਰ ਹੀ ਹੋਣਾ ਚਾਹੀਦਾ ਹੈ। ਇਹੋ ‘ਵਕੀਲ ਸਾਹਿਬ’ ਇਹ ਕਹਿੰਦੇ ਵੀ ਨਜ਼ਰ ਆਉਂਦੇ ਹਨ ਕਿ ਜੇ ਉਨ੍ਹਾਂ ਦੀ ਧੀ/ ਭੈਣ ਵਿਆਹ ਤੋਂ ਪਹਿਲਾਂ ਕਿਸੇ ਨਾਲ਼ ਜਿਸਮਾਨੀ ਸਬੰਧ ਕਾਇਮ ਕਰੇ ਤਾਂ ਉਹ ਉਸ ਨੂੰ ਜਿਊਂਦੀ ਨੂੰ ਫੂਕ ਦੇਣਗੇ।
ਇਸ ਫ਼ਿਲਮ ਵਿਚ ਇਹੋ ਸੁਨੇਹਾ ਵਾਰ-ਵਾਰ ਦਿੱਤਾ ਹੋਇਆ ਹੈ ਕਿ ਇਹ ਕਿਸੇ ਕੁੜੀ ਦੀ ਪੱਤ ਲੁੱਟ ਕੇ ਉਸ ਨੂੰ ਮਰਨਾਊ ਕਰਨ ਦਾ ਮਾਮਲਾ ਨਹੀਂ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਇਕ ਸਬਕ ਦੇਣ ਦਾ ਹੀਲਾ ਸੀ, ਜਿਹੜੇ ‘ਭਾਰਤੀ ਸਭਿਆਚਾਰ’ ਦੇ ਦਾਇਰੇ ਵਿਚੋਂ ਬਾਹਰ ਨਿੱਕਲਣਾ ਤਾਂਘਦੇ ਹਨ। ਇਹ ਫ਼ਿਲਮ ਦਿਖਾਉਂਦੀ ਹੈ ਕਿ ਕਿੱਦਾਂ ਇਹ ਮੁਜਰਮ, ਉਨ੍ਹਾਂ ਦੇ ਵਕੀਲ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਵਾਰ-ਵਾਰ ਇਹ ‘ਤਾਕੀਦ’ ਕਰ ਰਹੇ ਹਨ ਕਿ ਧੀਆਂ-ਭੈਣਾਂ ਨੂੰ ਸਹੀ ਲਿਬਾਸ ਪਾਉਣੇ ਚਾਹੀਦੇ ਹਨ, ਸਹੀ ਢੰਗ ਨਾਲ਼ ਵਿਚਰਦਿਆਂ, ਵਾਜਬ ਹਾਵ-ਭਾਵ ਰੱਖਦਿਆਂ ਪੇਸ਼ ਆਉਣਾ ਚਾਹੀਦਾ ਹੈ ਅਤੇ ਆਪਣੇ ਘਰੋਂ ਨਹੀਂ ਨਿੱਕਲਣਾ ਚਾਹੀਦਾ ਹੈ। ਜੇ ਉਹ ਏਦਾਂ ਨਹੀਂ ਕਰਨਗੀਆਂ ਤਾਂ ਉਹੀ, ਉਨ੍ਹਾਂ ਨਾਲ਼ ਜੋ ਵੀ ਵਾਪਰੇਗਾ, ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੀਆਂ।
ਇਸ ਸਭ ਕੁੱਝ ਤੋਂ ਉਲਟ ਅਸੀਂ ‘ਇੰਡੀਆ’ਜ਼ ਡੌਟਰ’ ਨਾਂ ਦੀ ਇਹ ਦਸਤਾਵੇਜ਼ੀ ਫ਼ਿਲਮ ਬਣਾਉਣ ਵਾਲ਼ੀ ਬਰਤਾਨਵੀ ਬੀਬੀ ਲੇਜ਼ਲੀ ਉਡਵਿਨ ਦੇ ਦੁਆਲ਼ੇ ਹੋ ਗਏ ਕਿ ਉਸ ਨੂੰ ਮੁਜਰਮ ਮੁਕੇਸ਼ ਸਿੰਘ ਨਾਲ਼ ਇੰਟਰਵਿਊ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ! ਮੁਕੇਸ਼ ਸਿੰਘ ਉਸ ਬੱਸ ਦਾ ਡਰਾਈਵਰ ਹੈ, ਜਿਸ ਵਿਚ ਉਸ ਕੁੜੀ ਦੀ ਪੱਤ ਰੋਲ ਕੇ ਉਸ ਨੂੰ ਮਰਨਾਊ ਕਰ ਸੁੱਟਿਆ ਗਿਆ ਸੀ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਪਾਰਲੀਮੈਂਟ ਵਿਚ ਦੱਸਿਆ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਸਦਮਾ ਹੋਇਆ ਸੀ ਕਿ ਇਸ ਫ਼ਿਲਮ ਵਿਚ ਇਕ ਮੁਜਰਮ ਦਾ ਇੰਟਰਵਿਊ ਵੀ ਪਾਇਆ ਹੋਇਆ ਹੈ। ਇਸ ਤੋਂ ਬਾਅਦ ਹੀ ਇਹ ਫ਼ਿਲਮ ਦਿਖਾਏ ਜਾਣ ਦੀ ਮਨਾਹੀ ਕਰ ਦਿੱਤੀ ਗਈ ਸੀ। ਦੂਜੇ ਪਾਸੇ, ਇਹ ਫ਼ਿਲਮ ਨਾ ਦਿਖਾਏ ਜਾਣ ਬਾਰੇ ਭਾਰਤ ਸਰਕਾਰ ਵੱਲੋਂ ਕੀਤੀ ਹੋਈ ਬੇਨਤੀ ਠੁਕਰਾ ਕੇ ਬੀ. ਬੀ. ਸੀ. ਨੇ ਇੰਗਲੈਂਡ ਵਿਚ ਇਸ ਫ਼ਿਲਮ ਦਾ ਪ੍ਰਸਾਰਣ ਕਰ ਦਿੱਤਾ ਸੀ। ਓਦਾਂ ਇਹ ਫ਼ਿਲਮ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਹਾੜੇ ਮੌਕੇ ਦਿਖਾਏ ਜਾਣ ਦਾ ਪ੍ਰੋਗਰਾਮ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਜਾਇੰਟ ਸਕੱਤਰ ਰਾਕੇਸ਼ ਸਿੰਘ ਵੱਲੋਂ ਲਿਖੀ ਹੋਈ ਇਕ ਚਿੱਠੀ ਦਾ ਜੁਆਬ ਦਿੰਦਿਆਂ ਬੀ. ਬੀ. ਸੀ. ਟੈਲੀਵਿਜਨ ਡਾਇਰੈਕਟਰ ਡੈਨੀ ਕੋਹੇਨ ਨੇ ਏਦਾਂ ਲਿਖਿਆ ਸੀ, “ਬਹੁਤ ਡੂੰਘੀ ਤਰ੍ਹਾਂ ਅਤੇ ਬਹੁ ਲੰਬੀ ਚੌੜੀ ਵਿਚਾਰ ਕਰਨ ਮਗਰੋਂ ਬੀ. ਬੀ. ਸੀ. ਨੇ ਇਸ ਫ਼ਿਲਮ ਦਾ ਪ੍ਰਸਾਰਣ ਕਰਨ ਦਾ ਫੈਸਲਾ ਲਿਆ ਹੈ।” ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਹੁਕਮ ਦਿੱਤੇ ਸਨ ਕਿ ਉਡਵਿਨ ਦੀ ਇਸ ਫ਼ਿਲਮ ਦਾ ਪ੍ਰਸਾਰਣ ਨਾ ਕੀਤਾ ਜਾਵੇ ਤੇ ਨਾ ਹੀ ਇਸ ਨੂੰ ਜਹਾਨ ਭਰ ਵਿਚ ਕਿਸੇ ਸਿਆਸੀ ਮੰਚ ਉੱਤੇ ਦਿਖਾਇਆ ਜਾਵੇ। ਇਸ ਦੇ ਬਾਵਜੂਦ ਇਹ ਫ਼ਿਲਮ ਘਰ-ਘਰ ਵਿਚ ਦੇਖੀ ਗਈ ਤੇ ਲੋਕਾਂ ਨੇ ਇਸ ਦਾ ਅਸਰ ਵੀ ਕਬੂਲਿਆ।
ਉਡਵਿਨ ਨੇ ਇਕ ਪੱਤਰਕਾਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਸ ਦਸਤਵੇਜ਼ੀ ਫ਼ਿਲਮ ਦੇ ਸਬੰਧ ਵਿਚ ਕਈ ਗੱਲਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਵੀ ਬਣਦਾ ਹੈ। ਜਹਾਨ ਵਿਚ ਹੋਰ ਥਾਈਂ ਵੀ ਪੱਤ ਲੁੱਟਣ ਦੀਆਂ ਵਰਦਾਤਾਂ ਹੋਣ ਦੇ ਬਾਵਜੂਦ ਉਡਵਿਨ ਨੇ ਫ਼ਿਲਮ ਬਣਾਉਣ ਲਈ ਇਹ ਕਾਂਡ ਹੀ ਕਿਉਂ ਚੁਣਿਆ? ਇਸ ਦੇ ਜੁਆਬ ਵਿਚ ਉਹ ਕਹਿੰਦੀ ਹੈ, “ਇਸ ਦੀ ਵਜ੍ਹਾ ਇਸ ਸਬੰਧ ਵਿਚ ਕੀਤੇ ਗਏ ਮੁਜ਼ਾਹਰੇ ਹਨ। ਕਿਸੇ ਵੀ ਹੋਰ ਮੁਲਕ ਵਿਚ ਇਸ ਤਰ੍ਹਾਂ ਦੇ ਤੇ ਇੰਨੇ ਜ਼ਿਆਦਾ ਮੁਜ਼ਾਹਰੇ ਨਹੀਂ ਹੋਏ। ਜੇ ਕਿਸੇ ਹੋਰ ਮੁਲਕ ਵਿਚ ਇੰਨੇ ਮੁਜ਼ਾਹਰੇ ਹੋਏ ਹੁੰਦੇ ਤਾਂ ਮੈਂ ਉੱਥੇ ਜਾ ਕੇ ਫ਼ਿਲਮ ਬਣਾਉਂਦੀ।” ਉਸ ਨੂੰ ਇਸ ਵਾਰਦਾਤ ਵਿਚ ਕਿਹੜੀ ‘ਵੱਖਰੀ ਗੱਲ’ ਦਿਸੀ, ਦੇ ਜੁਆਬ ਵਿਚ ਉਹ ਦੱਸਦੀ ਹੈ, “ਇਸ ਵਾਰਦਾਤ ਨੇ ਮੈਨੂੰ ਫ਼ਿਲਮ ਬਣਾਉਣ ਲਈ ਆਉਣ ਦੀ ਪ੍ਰੇਰਨਾ ਹੀ ਨਹੀਂ ਦਿੱਤੀ, ਸਗੋਂ ਮੈਨੂੰ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ।” ਦੋ ਕੁ ਸਾਲ ਭਾਰਤ ਵਿਚ ਬਿਤਾ ਚੁੱਕੀ ਉਡਵਿਨ, ਭਾਰਤੀ ਮਰਦਾਂ ਦੇ ਵਤੀਰੇ ਦੀ ਗੱਲ ਏਦਾਂ ਕਰਦੀ ਹੈ, “ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜਿੱਥੇ ਵੀ ਗਈ, ਲੋਕ ਮੈਨੂੰ ਤਾੜਦੇ ਰਹੇ। ਇਸ ਨੂੰ ਨਿਰਾ ਦੇਖਣਾ ਨਹੀਂ ਕਿਹਾ ਜਾ ਸਕਦਾ, ਉਨ੍ਹਾਂ ਦੀਆਂ ਨਜ਼ਰਾਂ ਮੇਰੇ ਵਿਚੋਂ ਕੁੱਝ ਲੱਭਦੀਆਂ-ਟੋਲ੍ਹਦੀਆਂ ਦਿਸੀਆਂ। ਕਈ ਥਾਈਂ ਮੈਂ ਆਪ ਰੁਕ ਜਾਇਆ ਕਰਦੀ ਅਤੇ ਉਨ੍ਹਾਂ ਵੱਲ ਟਿਕਟਿਕੀ ਬੰਨ੍ਹ ਕੇ ਦੇਖਣ ਲੱਗਦੀ। ਮੈਨੂੰ ਉਨ੍ਹਾਂ ਦੇ ਇਸ ਵਤੀਰੇ ’ਤੇ ਗੁੱਸਾ ਵੀ ਆਉਂਦਾ ਰਿਹਾ।”
ਉਸ ਨੂੰ ਦਿੱਲੀ ਵਿਚ ਰਹਿਣਾ ਖ਼ਤਰਨਾਕ ਲੱਗਿਆ ? ਇਸ ਦਾ ਜੁਆਬ ਉਸ ਨੇ ਏਦਾਂ ਦਿੱਤਾ, “ਜੀ ਬਿਲਕੁਲ! ਮੈਂ ਹਰ ਵਾਰ ਆਪਣੇ ਟਿਕਾਣੇ ਪਹੁੰਚ ਕੇ ਸੁੱਖ ਦਾ ਸਾਹ ਲੈਂਦੀ ਸਾਂ।” ਉਸ ਨੇ ਇਸ ਫ਼ਿਲਮ ਦੇ ਸਬੰਧ ਵਿਚ 28 ਵਿਅਕਤੀਆਂ ਨਾਲ਼ ਇੰਟਰਵਿਊ ਕੀਤੇ। ਉਸ ਨੇ ਸ਼ੀਲਾ ਦੀਕਸ਼ਤ ਨਾਲ਼ ਗੱਲਬਾਤ ਕੀਤੀ। ਸੱਤ ਸਜ਼ਾਯਾਫ਼ਤਾ ਬਲਾਤਕਾਰੀਆਂ ਨਾਲ਼ ਇੰਟਰਵਿਊ ਕੀਤੇ, ਪਰ ਫ਼ਿਲਮਾਂਕਣ ਪੰਜ ਜਣਿਆਂ ਨਾਲ਼ ਕੀਤੀ ਗੱਲਬਾਤ ਦਾ ਹੀ ਕੀਤਾ। ਇਕ ਬਲਾਤਕਾਰੀ ਨੂੰ ‘ਨਿਰਭਯਾ’ ਬਾਰੇ ਗੱਲਬਾਤ ਕਰਦਾ ਦਿਖਾਉਣ ਬਾਰੇ ਪੁੱਛੇ ਜਾਣ ’ਤੇ ਉਡਵਿਨ ਨੇ ਕਿਹਾ, “ਬਲਾਤਕਾਰ ਇਕ ਨਿੱਜੀ ਮਸਲੇ ਨਾਲੋਂ ਜ਼ਿਹਨੀ ਮਸਲਾ ਜ਼ਿਆਦਾ ਹੈ। ਜੇ ਤੁਸੀਂ ਕਿਸੇ ਬਲਾਤਕਾਰੀ ਦੀ ਜ਼ਿਹਨੀਅਤ ਜਾਂ ਮਾਨਸਕਤਾ ਨਹੀਂ ਸਮਝਦੇ ਤਾਂ ਤੁਸੀਂ ਮਸਲੇ ਦਾ ਹੱਲ ਕਿੱਦਾਂ ਕਰੋਗੇ?” ਬਚਾ ਪੱਖ ਦੇ ਵਕੀਲਾਂ ਦੇ ਇੰਟਰਵਿਊਜ਼ ਦਿਖਾਉਣ ਬਾਰੇ ਉਹ ਏਦਾਂ ਕਹਿੰਦੀ ਹੈ, “ਮੈਂ ‘ਨਿਰਭਯਾ’ ਦੇ ਕੇਸ ਵਿਚ ਸਿੱਧੇ ਤੌਰ ’ਤੇ ਸ਼ਾਮਲ ਹਰ ਕਿਰਦਾਰ ਦਿਖਾਉਣਾ ਚਾਹੁੰਦੀ ਸਾਂ ਤੇ ਵਕੀਲ ਵੀ ਉਸ ਦਾ ਹਿੱਸਾ ਸਨ। ਦੁੱਖਦਾਈ ਗੱਲ ਇਹ ਹੈ ਕਿ ਉਨ੍ਹਾਂ ਵਕੀਲਾਂ ਨੇ ਜੋ ਕੁੱਝ ਕਿਹਾ, ਉਹ ਉਨ੍ਹਾਂ ਦਾ ਹੀ ਕਹਿਣ ਨਹੀਂ ਸੀ। ਉਨ੍ਹਾਂ ਨੇ ਤਾਂ ਉਹੀ ਕੁੱਝ ਰਤਾ ਕੁ ਉਭਾਰ ਕੇ ਦਿਖਾ ਦਿੱਤਾ ਹੈ, ਜੋ ਸਭਿਆਚਾਰ ਵਿਚ ਹੈ।”
ਇਕ ਹੋਰ ਸੁਆਲ ਦੇ ਜੁਆਬ ਵਿਚ ਉਹ ਕਹਿੰਦੀ ਹੈ, “ਇਹ ਵਕੀਲ, ਵਕਾਲਤ ਹੀ ਨਹੀਂ ਕਰ ਰਹੇ, ਉਹ ਤਾਂ ਸਮਾਜ ਦੇ ਕਈ ਪਹਿਲੂਆਂ ਦੀ ਪੁਣ-ਛਾਣ ਵੀ ਕਰਦੇ ਹਨ। ਉਹ ਔਰਤਾਂ ਦੇ ਸਬੰਧ ਵਿਚ ਇਕ ਖ਼ਾਸ ਅੰਦਾਜ਼ ਵਿਚ ਗੱਲਾਂ ਕਰਦੇ ਹਨ। ਉਹ ਇਹੋ ਹੀ ਨਹੀਂ ਕਹਿੰਦੇ ਕਿ ‘ਉਹ ਉਸ ਵੇਲ਼ੇ ਸੜਕਾਂ ਉੱਤੇ ਇਹੋ ਕੁੱਝ ਲੱਭਣ-ਲੈਣ ਨਿੱਕਲੀ ਹੋਈ ਸੀ’, ਸਗੋਂ ਉਹ ਤਾਂ ਇਹ ਵੀ ਕਹਿੰਦੇ ਹਨ ਕਿ ‘ਔਰਤ ਇਕ ਫੁੱਲ ਵਰਗੀ ਹੈ ਤੇ ਮਰਦ ਇਕ ਕੰਡੇ ਵਰਗਾ ਹੈ। ਔਰਤ ਨੂੰ ਬਚਾਉਣ ਦੀ ਲੋੜ ਹੈ।’ ਮੁਆਫ਼ ਕਰਨਾ! ਮੈਨੂੰ ਇਹ ਦੱਸਣ ਵਾਲ਼ੇ ਤੁਸੀਂ ਕੌਣ ਹੋ?” ਇਹੋ ਜਿਹੇ ਵਕੀਲਾਂ ਨੂੰ ਤੁਰੰਤ ਉਨ੍ਹਾਂ ਦੇ ਕੰਮ ਤੋਂ ਹਟਾ ਦੇਣਾ ਚਾਹੀਦਾ ਹੈ, ਇਹ ਸੁਝਾਅ ਉਡਵਿਨ ਨੇ ਹੀ ਦਿੱਤਾ ਹੈ। ਉਸ ਨੇ ਦੱਸਿਆ ਕਿ ਇਹ ਫ਼ਿਲਮ ਬਣਾਉਂਦਿਆਂ ਉਹ ਤਕਰੀਬਨ ਸਵਾ ਲੱਖ ਪਾਊਂਡ ਦੇ ਕਰਜ਼ੇ ਹੇਠ ਆ ਚੁੱਕੀ ਹੈ।
ਆਪਣੀ ਫ਼ਿਲਮ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਦੇ ਵਿਚਾਰਾਂ ਬਾਰੇ ਅਤੇ ਦਿੱਲੀ ਪੁਲੀਸ ਵੱਲੋਂ ਉਸ ਦੀ ਫ਼ਿਲਮ ਵਿਰੁੱਧ ਕਾਰਵਾਈ ਕਰਨ ਦੇ ਐਲਾਨ ਬਾਰੇ ਉਸ ਨੇ ਏਦਾਂ ਕਿਹਾ, “ਇਹ ਸਾਰੇ ਹੀਲੇ ਮੇਰੀ ਫ਼ਿਲਮ ਨੂੰ ਰੋਕਣ ਅਤੇ ਉਸ ਨੂੰ ‘ਠੁੱਸ’ ਕਰਨ ਲਈ ਕੀਤੇ ਜਾ ਰਹੇ ਹਨ। ਇਹ ਸਭ ਕੁੱਝ ਮਾੜਾ ਜ਼ਰੂਰ ਹੈ, ਪਰ ਹੈਰਾਨੀਜਨਕ ਭੋਰਾ ਵੀ ਨਹੀਂ ਹੈ। ਮੈਨੂੰ ਇਸ ਦੀ ਚਿੰਤਾ ਵੀ ਨਹੀਂ ਹੈ ਕਿਉਂ ਕਿ ਇਹ ਸਮਾਜ ਹੀ ਬਿਮਾਰ ਹੈ। ਤੁਸੀਂ ਦੇਖ ਲਓ ਕਿ ਮਰਦ ਕਿੱਧਰ ਦੇਖਦੇ ਹਨ। ਉਹ ਗ਼ਲਤ ਪਾਸੇ ਦੇਖਦੇ ਹਨ। ਉਹ ਚਾਹੁੰਦੇ ਹਨ ਕਿ ਹਾਲਾਤ ਜਿੱਦਾਂ ਦੇ ਹਨ, ਓਦਾਂ ਦੇ ਹੀ ਰਹਿਣ। ਉਹ ਚਾਹੁੰਦੇ ਹਨ ਕਿ ਤਾਕਤ ਉਨ੍ਹਾਂ ਦੇ ਹੱਥ ਹੀ ਰਹੇ ਤੇ ਔਰਤਾਂ ਵਲਗਣ ਵਿਚੋਂ ਨਾ ਨਿਕਲਣ।”
ਹੁਣ ਸੁਣੋ/ ਪੜ੍ਹੋ ਕਿ ਉਹ ਸੱਜਣ ਕੀ ਕਹਿੰਦਾ ਹੈ, ਜਿਸ ਨੇ ਬਲਾਤਕਾਰੀ ਮੁਕੇਸ਼ ਸਿੰਘ ਨਾਲ਼ ਇੰਟਰਵਿਊ ਕੀਤਾ ਹੈ। ਇਸ ਫ਼ਿਲਮ ਦੇ ਸਹਿ-ਨਿਰਮਾਤਾ ਅਤੇ ਮੁਕੇਸ਼ ਸਿੰਘ ਨਾਲ਼ ਇੰਟਰਵਿਊ ਕਰਨ ਵਾਲ਼ੇ ਦਿਬੰਗ ਨਾਲ਼ ਇਹ ਇੰਟਰਵਿਊ ‘ਰੀਡਿਫ ਡਾਟ ਕਾਮ’ ਦੀ ਸ਼ੀਲਾ ਭੱਟ ਨੇ ਕੀਤਾ ਸੀ। ਦਿਬੰਗ ਕੁੱਝ ਫ਼ਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਦੇਸ਼-ਵਿਦੇਸ਼ ਵਿਚ ਟੈਲੀਵਿਜਨ ਲਈ ‘ਐਂਕਰਿੰਗ’ ਵੀ ਕਰਦਾ ਰਿਹਾ ਹੈ। ਉਸ ਨੂੰ ਮੁਕੇਸ਼ ਸਿੰਘ ਨਾਲ਼ ਇਹ ਇੰਟਰਵਿਊ ਕਰਨ ਵਿਚ 6 ਘੰਟੇ ਲੱਗੇ। ਇਸ ਇੰਟਰਵਿਊ ਦਾ ਸਿਖ਼ਰ, ਮੁਕੇਸ਼ ਦਾ ਉਹ ਕਥਨ ਹੈ, ਜਿਸ ਵਿਚ ਉਹ ਕਹਿੰਦਾ ਹੈ, ‘ਜੇ ਉਹ ਕੁੜੀ ਮੁਕਾਬਲਾ ਨਾ ਕਰਦੀ ਤੇ ਇਕ ‘ਚੰਗੀ ਕੁੜੀ’ ਵਾਂਗ ਪੇਸ਼ ਆਉਂਦੀ ਤਾਂ ਉਹ ਮਾਰੀ ਨਾ ਜਾਂਦੀ।’ ਦਿਬੰਗ ਦੇ ਇਸ ਇੰਟਰਵਿਊ ਨੇ ਚਾਰੇ ਪਾਸੇ ਹਲਚਲ ਜਿਹੀ ਪਾ ਦਿੱਤੀ, ਤਰਥੱਲੀ ਜਿਹੀ ਮਚਾ ਦਿੱਤੀ। ਸਰਕਾਰ, ਜੋ ਨਹੀਂ ਚਾਹੁੰਦੀ ਸੀ ਕਿ ਇਸ ਵਾਰਦਾਤ ਦੀ ਸ਼ਿਕਾਰ ਹੋਈ ਕੁੜੀ ਦੀ ਮਨੋਦਸ਼ਾ ਜੱਗ-ਜ਼ਾਹਰ ਹੋਵੇ, ਇਸ ਇੰਟਰਵਿਊ ਤੋਂ ਭੜਕ ਹੀ ਉੱਠੀ। ਇਸ ਇੰਟਰਵਿਊ ਨੇ ਇਕ ਵਾਰ ਫਿਰ, ਸਾਰੇ ਜਹਾਨ ਨੂੰ ਇਹ ਗੱਲ ਦੱਸ ਦਿੱਤੀ ਕਿ ਭਾਰਤੀ ਸਮਾਜ ਵਿਚ ਮਰਦ-ਔਰਤ ਬਰਾਬਰ ਨਹੀਂ ਸਮਝੇ ਜਾਂਦੇ।
ਇਹ ਫ਼ਿਲਮ ਉੱਤੇ ਪਾਬੰਦੀ ਕਿਉਂ ਨਹੀਂ ਲਾਉਣੀ ਚਾਹੀਦੀ ਜਾਂ ਇਹ ਫ਼ਿਲਮ ਕਿਉਂ ਦਿਖਾਈ ਜਾਣੀ ਚਾਹੀਦੀ ਹੈ, ਦੇ ਜੁਆਬ ਵਿਚ ਦਿਬੰਗ ਦਾ ਇਹ ਕਹਿਣ ਹੈ, “ਮੇਰਾ ਖ਼ਿਆਲ ਹੈ ਕਿ ਇਹ ਫ਼ਿਲਮ, ਉਸ ਬਹੁਤ ਹੀ ਗੁੰਝਲਦਾਰ ਮੁੱਦੇ ਨਾਲ਼ ਸਿੱਝਦੀ ਹੈ, ਜੋ ਭਾਰਤ ਦੇ ਨਾਲ਼-ਨਾਲ਼ ਜਹਾਨ ਭਰ ਲਈ ਵੀ ਬਹੁਤ ਅਹਿਮ ਹੈ। ਇਸ ਵਿਚ ਲਿੰਗਕ ਵਿਤਕਰੇ ਦੀ ਗੱਲ ਕੀਤੀ ਗਈ ਹੈ। ਉਹ ਵਤੀਰਾ ਚਿੱਤਰਿਆ ਗਿਆ ਹੈ, ਜੋ ਜਹਾਨ ਭਰ ਵਿਚ ਔਰਤਾਂ ਨਾਲ਼ ਕੀਤਾ ਜਾਂਦਾ ਹੈ। ਇਹ ਫ਼ਿਲਮ ਇਨ੍ਹਾਂ ਸਾਰੇ ਹੀ ਮੁੱਦਿਆਂ ਦਾ ਨਿਬੇੜਾ ਕਰਨ ਦੇ ਉਦੇਸ਼ ਨਾਲ਼ ਬਣਾਈ ਗਈ ਹੈ। ਕੈਨੇਡਾ ਵਿਚ ਹਰ ਤਿੰਨ ਔਰਤਾਂ ਵਿਚੋਂ ਇਕ ਦੇ ਜਿਸਮ ਨਾਲ਼ ਛੇੜਖਾਨੀ ਕੀਤੀ ਜਾਂਦੀ ਹੈ, ਉਨ੍ਹਾਂ ਵਿਚੋਂ ਮਸਾਂ ਛੇ ਫੀ ਸਦੀ ਔਰਤਾਂ ਹੀ ਇਸ ਬਾਰੇ ਰਪਟ ਲਿਖਾਉਂਦੀਆਂ ਹਨ। ਇਹ ਜਾਣਕਾਰੀ ਇਸ ਫ਼ਿਲਮ ਵਿਚ ਦਿੱਤੀ ਹੋਈ ਹੈ। ਬਰਤਾਨੀਆ ਵਰਗੇ ਮੁਲਕਾਂ ਵਿਚ ਬੇੜਾ ਇਸ ਨਾਲੋਂ ਵੀ ਵੱਧ ਗ਼ਰਕ ਹੈ। ਇਹ ਫ਼ਿਲਮ ਇਸ ਕਰ ਕੇ ਵੀ ਦੇਖੀ-ਦਿਖਾਈ ਜਾਣੀ ਚਾਹੀਦੀ ਹੈ। ਇਸ ਫ਼ਿਲਮ ਦਾ ਕੇਂਦਰ ਬਿੰਦੂ ਹੈ, ਦਿੱਲੀ ਵਿਚ 16 ਦਸੰਬਰ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਇਕ ਕੁੜੀ ਦੀ ਪੱਤ ਲੁੱਟਣਾ ਅਤੇ ਉਸ ਨੂੰ ਮਰਨਾਊ ਕਰ ਸੁਟਣਾ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਨੌਜੁਆਨ ਤੇ ਮੁਟਿਆਰਾਂ ਗਲ਼ੀਆਂ-ਬਜ਼ਾਰਾਂ ਵਿਚ ਨਿੱਕਲ ਆਏ ਸਨ। ਇਨ੍ਹਾਂ ਗਭਰੂਆਂ ਤੇ ਮੁਟਿਆਰਾਂ ਦੀ ਅਗਵਾਈ ਕੌਣ ਕਰ ਰਿਹਾ ਸੀ, ਇਸ ਬਾਰੇ ਸਰਕਾਰ ਨੂੰ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਇਹ ਫ਼ਿਲਮ ਇਨ੍ਹਾਂ ਮੁਜ਼ਾਹਰਕਾਰੀਆਂ ਨੂੰ ਸਲਾਮੀ ਸੀ।”
ਮੁਕੇਸ਼ ਸਿੰਘ ਦਾ ਇੰਟਰਵਿਊ ਇਸ ਫ਼ਿਲਮ ਵਿਚ ਪਾ ਕੇ ਸਨਸਨੀ ਫੈਲਾਉਣ ਦੇ ਹੀਲੇ ਕਰਨ ਦੇ ਦੋਸ਼ ਲੱਗਣ ਸਬੰਧੀ ਦਿਬੰਗ ਨੇ ਇਸ ਤਰ੍ਹਾਂ ਕਿਹਾ, “ਜੋ ਕੁੱਝ ਮੁਕੇਸ਼ ਸਿੰਘ ਨੇ ਇੰਟਰਵਿਊ ਵਿਚ ਕਿਹਾ ਹੈ, ਉਹ ਸਭ ਕੁੱਝ ਤਾਂ ਲੋਕ ਆਮ ਹੀ ਗੱਲਾਂ ਕਰਦਿਆਂ ਕਹੀ ਜਾ ਰਹੇ ਹਨ। ਕਈਆਂ ਨੇ ਮੈਨੂੰ ਪੁੱਛਿਆ ਕਿ ਅਸੀਂ ਕਿਸੇ ਬਲਾਤਕਾਰੀ ਨੂੰ ਇਹ ਮੰਚ ਕਿਉਂ ਦਿੱਤਾ ਜਦੋਂ ਕਿ ਸੁਆਲ ਮੰਚ ਦੇਣ ਦਾ ਉੱਕਾ ਹੀ ਨਹੀਂ ਹੈ। ਇਕ ਪੱਤਰਕਾਰ ਹੁੰਦਿਆਂ ਤੁਹਾਨੂੰ ਵੱਖ-ਵੱਖ ਪਹਿਲੂਆਂ ਵੱਲ ਝਾਤ ਪੁਆਉਣੀ ਪੈਂਦੀ ਹੈ। ਆਖ਼ਰਕਾਰ ਦੋਵੇਂ ਪੱਲੜੇ ਬਰਾਬਰ ਵੀ ਤਾਂ ਕਰਨੇ ਹੁੰਦੇ ਹਨ। ਇਕੋ ਹੀ ਗੱਲ ਵੀ ਵਾਰ-ਵਾਰ ਨਹੀਂ ਕੀਤੀ ਜਾ ਸਕਦੀ ਨਾ। ਬਾਕੀ ਜਿੰਨੇ ਮੂੰਹ, ਉੱਨੀਆਂ ਗੱਲਾਂ ਤੇ ਜਿੰਨੀਆਂ ਗੱਲਾਂ, ਉਨ੍ਹਾਂ ਨਾਲ਼ੋਂ ਦੁਗਣੇ-ਚੌਗਣੇ ਕੰਨ ਤੇ ਉਨ੍ਹਾਂ ਕੰਨਾਂ ਨਾਲ਼ੋਂ ਅੱਧੇ ਦਿਮਾਗ਼! ਮੈਂ ਇਸ ਬੰਦੇ (ਮੁਕੇਸ਼) ਨਾਲ਼ ਛੇ ਘੰਟੇ ਗੱਲਬਾਤ ਕੀਤੀ। ਜਦੋਂ ਤੁਸੀਂ ਕਿਸੇ ਬੰਦੇ ਨਾਲ਼ ਛੇ ਘੰਟੇ ਗੱਲਾਂ ਕਰਦੇ ਹੋ ਤਾਂ ਤੁਹਾਨੂੰ ਹੀ ਪਤਾ ਹੁੰਦਾ ਹੈ ਕਿ ਹੋ ਕੀ ਰਿਹਾ ਹੈ। ਜਦੋਂ ਕਿਸੇ ਨਾਲ਼ ਪੰਜ ਮਿੰਟ ਗੱਲ ਕਰੋ ਤਾਂ ਉਹ ਗੱਲ ਹੋਰ ਹੁੰਦੀ ਹੈ, ਪਰ ਜਦੋਂ ਕਿਸੇ ਨਾਲ਼ ਛੇ ਘੰਟੇ ਤਕ ਗੱਲ ਹੁੰਦੀ ਰਹੇ ਤਾਂ ਉਹ ਕਹਾਣੀ ਡੂੰਘੀ ਹੀ ਹੁੰਦੀ ਹੈ।”
ਦਿੱਲੀ ਵਿਚ ਇਸ ਤਰ੍ਹਾਂ ਜਥੇਬੰਦਕ ਰੂਪ ਵਿਚ ਕਿਸੇ ਕੁੜੀ ਦੀ ਪੱਤ ਲੁੱਟ ਕੇ ਉਸ ਨੂੰ ਮਰਨਾਊ ਕਰ ਸੁੱਟਣਾ, ਇਸ ਕਾਂਡ ਬਾਰੇ ਇਕ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਣ ਤੋਂ ਰੋਕਣੀ, ਰੋਕਣ ਦੇ ਬਾਵਜੂਦ ਜਹਾਨ ਭਰ ਵਿਚ ਉਹ ਫ਼ਿਲਮ ਦੇਖੀ ਜਾਣੀ, ਫ਼ਿਲਮ ਦਿਖਾਉਣ ਵਾਲ਼ਿਆਂ ਵਿਰੁੱਧ ਕਾਰਵਾਈ ਕਰਨ ਦੇ ਦਮਗਜੇ ਮਾਰੇ ਜਾਣੇ, ਪਰ ਹੋਣਾ-ਹੁਆਣਾ ਕੁੱਝ ਵੀ ਨਾ। ਕੀ ਇਹ ਸਭ ਕੁੱਝ ਸਾਨੂੰ ਪੂਰੇ-ਪੂਰੇ ਥਾਨ ਲਪੇਟ-ਲਪੇਟ ਫਿਰਦਿਆਂ ਨੂੰ ਸਾਨੂੰ ਤਨੋਂ ਤੇ ਮਨੋਂ ਨੰਗੇ ਨਹੀਂ ਕਰ ਗਿਆ? ਆਪਣੇ ਤਨ-ਮਨ ਉੱਤੇ ਹੱਥ ਫੇਰ ਕੇ ਦੇਖਣਾ ਰਤਾ! #
