ਸਿਰੇ ’ਤੇ ਗੰਢ-62

ਸਾਧੂ ਬਿਨਿੰਗ ਵੀ ਵੈਨਕੂਵਰ ਦੇ ਪੱਚੀ
ਹੋਰ ਲੇਖਕਾਂ ਨਾਲ਼ ਅਮਰ ਹੋ ਗਿਆ
ਬਖ਼ਸ਼ਿੰਦਰ
Email: bababax@gmail.com,   Cell Phone: +1-778-378-9669

ਭਾਵੇਂ ਸਾਧੂ ਬਿਨਿੰਗ ਨਾਸਤਕ ਹੈ, ਪਰ ਉਸ ਉੱਤੇ ਰੱਬ ਦੀ ਬੜੀ ਦਯਾ ਹੈ। ਇਸ ਤਰ੍ਹਾਂ ਲਿਖਣ ਦੀ ਵਜ੍ਹਾ ਵੀ ਬਿਆਨ ਕੀਤੀ ਜਾ ਸਕਦੀ ਹੈ, ਪਰ ਇਹ ਸਾਰੇ ਦਾ ਸਾਰਾ ਲੇਖ ਸਾਧੂ ਬਿਨਿੰਗ ਬਾਰੇ ਨਹੀਂ ਹੈ, ਪਰ ਜਿਸ ਵਿਸ਼ੇ ਬਾਰੇ ਇਹ ਲੇਖ ਲਿਖਿਆ ਜਾ ਰਿਹਾ ਹੈ, ਉਸ ਦਾ ਸਿੱਧਾ ਸਬੰਧ ਸਾਧੂ ਬਿਨਿੰਗ ਨਾਲ਼ ਲਾਜ਼ਮੀ ਹੈ। ਫੇਰ ਸਭ ਤੋਂ ਪਹਿਲਾਂ ਇਸ ਲੇਖ ਦੇ ਵਿਸ਼ੇ ਦਾ ਖ਼ੁਲਾਸਾ ਹੀ ਕਰ ਲੈਂਦੇ ਹਾਂ।
ਇਸ ਲੇਖ ਦਾ ਵਿਸ਼ਾ ਹਨ, ਵੈਨਕੂਵਰ ਦੇ ‘ਲਿਟਰੇਰੀ ਲੈਂਡਮਾਰਕਸ’ ਯਾਨੀ ‘ਸਾਹਿੱਤਕ ਠੱਡੇ’। ਇਸ ਸਾਲ (2015) ਦੇ ਮਾਰਚ ਮਹੀਨੇ ਹੀ ‘ਵੈਨਕੂਵਰ ਪਬਲਿਕ ਲਾਇਬ੍ਰੇਰੀ’ ਯਾਨੀ ‘ਵੀ ਪੀ ਐੱਲ’ ਅਤੇ ‘ਬੀਸੀ ਬੁੱਕਵਰਲਡ’ ਨੇ ਡਾ. ਯੋਸਫ਼ ਵੌਸਕ ਅਤੇ ‘ਵੈਨਕੂਵਰ ਪਬਲਿਕ ਲਾਇਬ੍ਰੇਰੀ ਫਾਊਂਡੇਸ਼ਨ’ ਦੇ ਭਰਵੇਂ ਯੋਗਦਾਨ ਦੇ ਸਿਰ ’ਤੇ ਇਹ ਪ੍ਰਾਜੈਕਟ ਵਿਢਿਆ। ਇਹ ਜਾਣਕਾਰੀ ਦਿੰੋਦਿਆਂ ‘ਬੀਸੀ ਬੁੱਕਵਰਲਡ’ ਦੇ ਐਡੀਟਰ ਐਲਨ ਟਵਿੱਗ ਨੇ ਇਸ ਪ੍ਰਾਜੈਕਟ ਸਬੰਧੀ ਵੈੱਬਸਾਈਟ ‘ਵੀਪੀਐੱਲ.ਸੀਏ/ਲਿਟਰੇਰੀਲੈਂਡਮਾਰਕ’ (vpl.ca/literarylandmark) ਦੇ ਮੁੱਖ ਪੰਨੇ ਉੱਤੇ ਏਦਾਂ ਲਿਖਿਆ ਹੋਇਆ ਹੈ, “ਸ਼ਹਿਰ ਵਿਚ ਬਿਜਲੀ ਦੇ ਖੰਭਿਆਂ ਨਾਲ਼ 26 ਸਥਾਈ ਲਿਟਰੇਰੀ ਲੈਂਡਮਾਰਕ ਤਖ਼ਤੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿਚ ਹੋਰ ਲੇਖਕ 2016 ਵਿਚ ਸ਼ਾਮਲ ਕੀਤੇ ਜਾਣਗੇ। 1986 ਵਿਚ ਜਦੋਂ ਮੈਂ ਵੈਨਕੂਵਰ ਦੀ ਸਥਾਪਨਾ ਸ਼ਤਾਬਦੀ ਦੇ ਸਬੰਧ ਵਿਚ ‘ਵੈਨਕੂਵਰ ਐਂਡ ਇਟਸ ਰਾਈਟਰਜ਼: ਏ ਗਾਈਡ ਟੂ ਵੈਨਕੂਵਰ ਲਿਟਰੇਰੀ ਲੈਂਡਮਾਰਕਸ’ (ਵੈਨਕੂਵਰ ਅਤੇ ਇਸ ਦੇ ਲੇਖਕ: ਵੈਨਕੂਵਰ ਵਿਚ ਸਾਹਿੱਤਕ ਠੱਡੇ ਲਾਉਣ ਸਬੰਧੀ ਮਾਰਗ ਦਰਸ਼ਨ) ਨਾਂ ਦੀ ਕਿਤਾਬ ਲਿਖੀ ਸੀ ਤਾਂ ਇਸ ਸ਼ਹਿਰ ਵਿਚ, ਸਟੈਨਲੀ ਪਾਰਕ ਵਿਚ ‘ਪਾਲੀਨ ਜੌਹਨਸਨ ਮੈਮੋਰੀਅਲ’ ਹੀ ਸੀ ਤੇ ਮੈਂ ਇਸ ਸ਼ਹਿਰ ਵਿਚ ਗਲਪ ਲੇਖਕਾਂ ਲਈ ਥਾਵਾਂ ਦੀ ਨਿਸ਼ਾਨਦੇਈ ਕੀਤੀ ਸੀ। ਇਹ, ਇਸ ਚੰਗੀ ਸੋਚ ਪ੍ਰਤੀ ਇਕ ਮਸ਼ਕ ਹੀ ਸੀ। ਉਸ ਵੇਲ਼ੇ ਕੋਈ ਤਖ਼ਤੀ ਨਹੀਂ ਸੀ - ਬੱਸ, ਆਪਣੇ ਅਮੀਰ ਸਾਹਿੱਤਕ ਇਤਿਹਾਸ ਪ੍ਰਤੀ ਚੇਤਨਾ ਜਗਾਉਣ ਦਾ ਇਕ ਫੁਰਨਾ ਜਿਹਾ ਹੀ ਸੀ।” ਵੀਹ ਸਾਲ ਬਾਅਦ, ‘ਵੈਨਕੂਵਰ ਪਬਲਿਕ ਲਾਇਬ੍ਰੇਰੀ’ ਅਤੇ ਡਾ. ਯੋਸਫ਼ ਵੌਸਕ ਦੀ ਅਗਵਾਈ ਵਿਚ ਛੱਬੀ ਤਖ਼ਤੀਆਂ ਟੰਗੀਆਂ ਜਾ ਚੁੱਕੀਆਂ ਹਨ ਅਤੇ ਹੋਰ ਵੀ ਟੰਗੀਆਂ ਜਾਣੀਆਂ ਹਨ।”
ਜਨਾਬ ਟਵਿੱਗ ਅੱਗੇ ਲਿਖਦੇ ਹਨ, “ਇਸ ਤਰੱਕੀ ਨੇ ਮੈਨੂੰ ਅਰਲ ਬਰਨੇ ਵਲੋਂ 1947 ਵਿਚ ਇੱਥੇ ਲਿਖੀ ਉਸ ਵਿਅੰਗਾਤਮਕ ਨਜ਼ਮ ਦੀਆਂ ਉਹ ਸਤਰਾਂ ਯਾਦ ਕਰਾ ਦਿੱਤੀਆਂ, ਜੋ ਇਸ ਤਰ੍ਹਾਂ ਹਨ:

     “ਕੋਈ ਵਿਟਮੈਨ ਨਹੀਂ ਚਾਹੁੰਦਾ ਸੀ, /ਇਹ ਤਾਂ ਭੂਤਾਂ ਦੀ ਘਾਟ ਹੀ ਸੀ,/ ਕਿ ਸਾਇਆ ਸਾਡੇ ਸਿਰ-ਚੜ੍ਹ ਬੋਲ ਗਿਆ।” 

“ਹੁਣ ਸਾਡਾ ਸ਼ਹਿਰ ਸੱਚੀਂ ਹੀ ਬੜੇ ਫ਼ਖ਼ਰ ਨਾਲ਼ ਆਪਣੀ ਬੁੱਕਲ ਵਿਚ ਹਜ਼ਾਰਾਂ ਲੇਖਕ ਹੋਣ ਦੀ ਗੱਲ ਕਰਦਾ ਹੈ ਤੇ ਬ੍ਰਿਟਿਸ਼ ਕੋਲੰਬੀਆ ਸੌਖਿਆਂ ਹੀ, ਸਾਹਿੱਤਕ ਪੱਖੋਂ ਇਸ ਧਰਤੀ ਦੇ ਬਹੁਤ ਹੀ ਸਰਗ਼ਰਮ ਸਮਾਜਾਂ ਵਿਚ ਗਿਣੇ ਜਾਣ ਦੇ ਯੋਗ ਹੋ ਗਿਆ ਹੈ। ਇਹ ਤਰੱਕੀ ਵੀ ਗਗਨਚੁੰਬੀ ਇਮਾਰਤਾਂ ਅਤੇ ਮਹਿੰਗੀ ਜਾਇਦਾਦ ਨਾਲੋਂ ਕਿਸੇ ਤਰ੍ਹਾਂ ਵੀ ਊਣੀ-ਪੌਣੀ ਨਹੀਂ ਹੈ।” 
ਹੁਣ ਮੇਰੀ ਪਾਠਕਾਂ ਵਾਲ਼ੀ ਸਰਕਾਰ ਵੀ ਬਹੁਤ ਸੌੋਖਿਆਂ ਹੀ ਇਹ ਕਹਿਣ ਲਈ ਪਰ ਤੋਲ ਸਕਦੀ ਹੈ ਕਿ ਇਹ ਤਰੱਕੀ ਤਾਂ ਕੀਤੀ ਵੈਨਕੂਵਰ ਅਤੇ ਬੀ. ਸੀ. ਨੇ ਤੇ ਇਸ ਨਾਲ਼ ਸਾਧੂ ਬਿਨਿੰਗ ਦਾ ਕੀ ਸਬੰਧ ਹੋਇਆ। ਜੁਆਬ ਹਾਜ਼ਰ ਹੈ ਜਨਾਬ! ਵੈਨਕੂਵਰ ਵਿਚ ਲੇਖਕਾਂ ਦੇ ਨਾਵਾਂ, ਤਸਵੀਰਾਂ ਅਤੇ ਜੀਵਨ-ਵੇਰਵਿਆਂ ਵਾਲ਼ੀਆਂ ਜਿਹੜੀਆਂ ਤਖ਼ਤੀਆਂ 26 ਥਾਈਂ ਟੰਗੀਆਂ ਗਈਆਂ ਹਨ, ਉਨ੍ਹਾਂ ਵਿਚੋਂ ਇਕ ਤਖ਼ਤੀ, ਸਾਧੂ ਬਿਨਿੰਗ ਦੀ ਵੀ ਹੈ। ਇਨ੍ਹਾਂ 26 ਬਹੁ-ਭਾਂਤੇ ਲੇਖਕਾਂ ਵਿਚੋਂ ਸਾਧੂ ਬਿਨਿੰਗ ਇਕੋ-ਇਕ ਪੰਜਾਬੀ ਹੀ ਨਹੀਂ ਹੈ, ਸਗੋਂ ਇਕੋ ਇਕ ਦੱਖਣੀ ਏਸ਼ੀਆਈ ਵੀ ਹੈ। ਸਾਧੂ ਬਿਨਿੰਗ ਬਾਰੇ ਵੀ ਗੱਲ ਕਰਾਂਗੇ, ਪਹਿਲਾਂ ਵੈਨਕੂਵਰ ਵਿਚ ਇਹ ਤਖ਼ਤੀਆਂ ਟੰਗਣ ਦਾ ਕੰਮ ਨਿਬੇੜ ਲਈਏ। ਓਦਾਂ ਤਾਂ ਇਸ ਲੇਖ ਨਾਲ਼, ਇਨ੍ਹਾਂ ਤਖ਼ਤੀਆਂ ਵਾਲ਼ੇ ਖੰਭਿਆਂ ਵਾਲ਼ੀਆਂ ਥਾਵਾਂ ਦਾ ਨਕਸ਼ਾ ਵੀ ਛਾਪਿਆ ਜਾ ਰਿਹਾ ਹੈ, ਪਰ ਫਿਰ ਵੀ ਦੱਸਣਾ ਬਣਦਾ ਹੈ ਕਿ ਸਾਧੂ ਬਿਨਿੰਗ ਦੇ ਨਾਂ ਦੀ ਤਖ਼ਤੀ, ਵੈਨਕੂਵਰ ਦੇ 49 ਐਵੇਨਿਊ ਅਤੇ ਫਰੇਜ਼ਰ ਸਟਰੀਟ ਦੇ ਚੌਰਾਹੇ ਦੇ ਦੱਖਣੀ-ਪੂਰਬੀ ਖੂੰਜੇ ਲੱਗੇ ਖੰਭੇ ਨਾਲ਼ ਲੱਗੀ ਦੇਖੀ ਜਾ ਸਕਦੀ ਹੈ। ਇਹ ਤਖ਼ਤੀਆਂ ਲਾਉਣ ਦਾ ਕੰਮ 11 ਮਾਰਚ ਨੂੰ ਸਿਰੇ ਚੜ੍ਹਾ ਦਿੱਤਾ ਗਿਆ ਸੀ। ਜਿਨ੍ਹਾਂ ਲੇਖਕਾਂ ਦੇ ਨਾਵਾਂ ਦੀਆਂ ਤਖ਼ਤੀਆਂ ਟੰਗੀਆਂ ਗਈਆਂ ਹਨ, ਉਨ੍ਹਾਂ ਦੀ ਵੈਨਕੂਵਰ ਨਾਲ਼ ਲੰਬੀ ਸਾਂਝ ਹੀ ਨਹੀਂ ਰਹੀ, ਉਨ੍ਹਾਂ ਦੀਆਂ ਲਿਖਤਾਂ ਵਿਚ ਵੀ ਵੈਨਕੂਵਰ ਝਲਕਦਾ ਤੇ ਧੜਕਦਾ ਹੈ।
ਇਸ ਪ੍ਰਾਜੈਕਟ ਦੇ ਸਬੰਧ ਵਿਚ ਵੈਨਕੂਵਰ ਪਬਲਿਕ ਲਾਇਬ੍ਰੇਰੀ ਬੋਰਡ ਦੀ ਮੁਖੀ ਮੇਰੀ ਲਿਨ ਬਾਮ ਦਾ ਕਹਿਣ ਹੈ, “ਅਸੀਂ ਚਾਹੁੰਦੇ ਸਾਂ ਕਿ ਵੈਨਕੂਵਰ ਦਾ ਸਾਹਿੱਤਕ ਇਤਿਹਾਸ ਉਜਾਗਰ ਤੇ ਸਾਕਾਰ ਕੀਤਾ ਜਾਵੇ ਤੇ ਉਹ ਵੀ ਉਨ੍ਹਾਂ ਗਲ਼ੀਆਂ ਤੇ ਬਜ਼ਾਰਾਂ ਵਿਚ, ਜਿੱਥੇ ਉਹ ਵਾਪਰਿਆ ਸੀ! ਸਾਡੇ ਸ਼ਹਿਰ ਦਾ ਸਾਹਿੱਤਕ ਭਾਈਚਾਰਾ ਬਹੁਤ ਡੂੰਘਾ ਹੀ ਨਹੀਂ, ਵੰਨ-ਸੁਵੰਨਾ ਵੀ ਹੈ। ਵੈਨਕੂਵਰ ਵੱਲੋਂ ਖੋਜਣ, ਮਹਿਸੂਸ ਕਰਨ ਅਤੇ ਮਾਨਣ ਖ਼ਾਤਰ ਇਹ ਦਾਸਤਾਨਾਂ ਉਜਾਗਰ ਕਰਨਾ ਲਾਇਬ੍ਰੇਰੀ ਲਈ ਬਹੁਤ ਹੀ ਢੁੱਕਵਾਂ ਕੰਮ ਹੈ।”
ਇਕ ਤਖ਼ਤੀ ‘ਵੈਸਟ ਐੰਡ’ ਦੇ ‘ਹੇਅਵੁੱਡ ਬੈਂਡਸਟੈਂਡ’ (1755 ਬੀਚ ਐਵੇਨਿਊ) ਵਿਖੇ ਲਗਾਈ ਗਈ ਹੈ, ਜਿੱਥੇ ਮੈਲਕਮ ਲੋਅਰੀ ਨੂੰ ਨਜ਼ਮ ‘ਲੇਮੈਂਟ’ ਫੁਰੀ ਸੀ। ਇਕ ਤਖ਼ਤੀ 139 ਈਸਟ ਹੇਸਟਿੰਗਜ਼ ਸਟਰੀਟ ਉੱਤੇ ਉਸ ਥਾਂ ਲਾਈ ਗਈ ਹੈ, ਜਿਸ ਨੂੰ  ਉੱਤਰੀ ਅਮਰੀਕਾ ਦਾ ਪਹਿਲਾ ਤੇ ਡਾਊਨ ਟਾਊਨ ਦੀ ਈਸਟ ਸਾਈਡ ਦਾ ਸੰਗੀਤਕਾਰ, ਲੇਖਕ, ਸ਼ਾਇਰ ਅਤੇ ਲੋਕ-ਨੁਮਾਇੰਦਾ ਬੱਡ ਓਸਬੋਰਨ ਰੰਗ-ਭਾਗ ਲਾਉਂਦਾ ਰਿਹਾ ਹੈ। ਇਕ ਤਖ਼ਤੀ 3800-ਬਲਾਕ ਵੈਸਟ 11ਵੇਂ ਐਵੇਨਿਊ ਵਿਖੇ ਸਥਿਤ ‘ਏ ਪੁਆਇੰਟ ਗਰੇਅ ਹਾਊਸ’ ਨੇੜੇ ਲਾਈ ਗਈ ਹੈ ਕਿਉਂ ਕਿ ਉੱਥੇ 1960ਵਿਆਂ ਵਿਚ ਕੈਨੇਡਾ ਦੀ ਮੰਨੀ-ਪ੍ਰਮੰਨੀ ਲੇਖਕਾ ਮਾਰਗ੍ਰੇਟ ਐਟਵੁੱਡ ਉਦੋਂ ਰਹਿੰਦੀ ਸੀ, ਜਦੋਂ ਉਹ ਯੂ. ਬੀ. ਸੀ. ਵਿਚ ਪੜ੍ਹਾਉਂਦੀ ਹੁੰਦੀ ਸੀ। ਉੱਥੇ ਰਹਿੰਦਿਆਂ ਹੀ ਉਸ ਨੇ ਆਪਣੀਆਂ ਪਹਿਲੀਆਂ ਦੋ ਕਿਤਾਬਾਂ ਲਿਖੀਆਂ ਸਨ। ‘ਬੁੱਰਾਡ ਪੁਲ’ ਦੇ ਨੇੜੇ ਕਿਟਸਲਾਨੋ ਵਾਲ਼ੇ ਪਾਸੇ, ਉਸ ਥਾਂ ਵੀ ਇਕ ਤਖ਼ਤੀ ਲਾਈ ਗਈ ਹੈ, ਜਿਸ ਬਾਰੇ ਡਫਨੇ ਮਾਰਲੱਟ ਨੇ ਇਕ ਨਜ਼ਮ ਲਿਖੀ ਹੋਈ ਹੈ। 
ਇਸ ਤੋਂ ਪਹਿਲਾਂ ਕਿ ਪੰਜਾਬੀ ਸ਼ਾਇਰ/ ਲੇਖਕ ਸਾਧੂ ਬਾਰੇ ਗੱਲ ਕਰੀਏ, ਸਾਨੂੰ ਉਨ੍ਹਾਂ ਲੇਖਕਾਂ ਦੇ ਨਾਂ ਤਾਂ ਪਤਾ ਹੋਣੇ ਹੀ ਚਾਹੀਦੇ ਹਨ, ਜਿਨ੍ਹਾਂ ਨਾਲ਼ ਸਾਡਾ ਸਾਧੂ ਨਵਾਜ਼ਿਆ ਗਿਆ ਹੈ। ਇਹ ਲੇਖਕ ਮਾਰਗ੍ਰੇਟ ਐਟਵੁੱਡ, ਜਾਰਜ ਬੌਵਰਿੰਗ, ਐਨ ਕੈਮਰੋਨ, ਵੇਅਸਨ ਚੌਏ, ਵੇਯਡ ਕੌਂਪਟਨ, ਡਗਲਸ ਕੌਪਲੈਂਡ, ਡੀ. ਐੱਮ. ਫਰੇਜ਼ਰ, ਡਬਲਯੂ. ਪੀ. ਕਿਨਸੇਲਾ, ਰੌਏ ਕਿਯੂਕਾ, ਜੌਏ ਕੌਗਵਾ, ਈਵਲਿਨ ਲਾਓ, ਡੋਰਥੀ ਲਿਵਸੇ, ਮੈਲਕਮ ਲੋਅਰੀ, ਲੀ ਮੈਰਾਕਲ, ਡਫਨੇ ਮਾਰਲੱਟ, ਅਲ ਨੀਲ, ਐਰਿਕ ਨਿਕੋਲ, ਬੱਡ ਓਸਬੋਰਨ, ਲਾਰੈਂਸ ਜੇ. ਪੀਟਰ, ਰੇਮੰਡ ਹੁੱਲ, ਜੇਨ ਰੂਲ, ਐਂਡਰੀਆਜ਼ ਸ਼ਰੋਏਡਰ, ਟੌਮ ਵੈਯਮੇਨ, ਜਿਮ ਵਿੱਲਰ, ਈਥੇਲ ਵਿਲਸਨ ਅਤੇ ਜਾਰਜ ਵੁੱਡਕਾਕ ਹਨ। 
‘ਫੌਜੀ ਬੰਤਾ ਸਿੰਘ’ (ਅੰਗਰੇਜ਼ੀ ਕਹਾਣੀ-ਸੰਗ੍ਰਹਿ), ‘ਜੁਗਤੂ’ (ਪੰਜਾਬੀ ਨਾਵਲ), ‘ਕਿਸ ਦਾ ਕਸੂਰ’ (ਪੰਜਾਬੀ ਕਹਾਣੀ ਸੰਗ੍ਰਹਿ), ‘ਲੀਹੋਂ ਲੱਥੇ’ (ਪੰਜਾਬੀ ਕਹਾਣੀ ਸੰਗ੍ਰਹਿ), ‘ਯਾਰ ਮੇਰਾ ਦਰਿਆ’ (ਪੰਜਾਬੀ ਕਾਵਿ-ਸੰਗ੍ਰਹਿ), ‘ਵਤਨੋਂ ਦੂਰ ਨਹੀਂ’ ਯਾਨੀ ‘ਨੋ ਮੋਰ ਵਤਨੋਂ ਦੂਰ’ (ਪੰਜਾਬੀ-ਅੰਗਰੇਜ਼ੀ ਕਾਵਿ-ਸੰਗ੍ਰਹਿ), ‘ਰਿਸ਼ਤੇ ਦਰਿਆਵਾਂ ਦੇ’ (ਕਾਵਿ-ਸੰਗ੍ਰਹਿ), ‘ਸੋਨੇ ਰੰਗੀ ਸੜਕ’ (ਕਾਵਿ-ਸੰਗ੍ਰਹਿ) ਵਰਗੀਆਂ ਮੌਲਿਕ ਕਿਤਾਬਾਂ ਲਿਖਣ ਦੇ ਨਾਲ਼-ਨਾਲ਼ ‘ਨਾਸਤਿਕ ਬਾਣੀ’ (ਕਥਨ-ਸੰਗ੍ਰਹਿ), ‘ਬਡ ਢਿੱਲੋਂ ਅਤੇ ਤੋਤੇ ਦੀ ਚੁੰਝ (ਕਰਤਾਰ ਕੌਰ ਢਿੱਲੋਂ ਦੀ ਜੀਵਨੀ) ਜਿਹੇ ਅਨੁਵਾਦ ਕਰਦਿਆਂ ਸੁਖਵੰਤ ਹੁੰਦਲ ਨਾਲ਼ ਰਲ਼ ਕੇ ‘ਲੱਤਾਂ ਦੇ ਭੂਤ’ ਅਤੇ ‘ਪਿਕਟ ਲਾਈਨ ਤੇ ਹੋਰ ਨਾਟਕ’ (ਦੋਵੇਂ ਨਾਟਕ-ਸੰਗ੍ਰਹਿ) ਲਿਖਣ ਵਾਲ਼ੇ ਸਾਧੂ ਬਿਨਿੰਗ ਨੇ ਹੁੰਦਲ ਦੀ ਭਾਈਵਾਲੀ ਵਿਚ ਖੋਜ ਅਤੇ ਇਤਿਹਾਸ ਦੀਆਂ ਕਿਤਾਬਾਂ ‘ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿਚ ਪੰਜਾਬੀ ਪ੍ਰਗਤੀਸ਼ੀਲ ਲਹਿਰ’ ਲਿਖੀ ਅਤੇ ‘ਭਾਰਤੀਆਂ ਨੇ ਕਨੇਡਾ ਵਿਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ’ ਅੰਗਰੇਜ਼ੀ ਵਿਚੋਂ ਅਨੁਵਾਦ ਵੀ ਕੀਤੀਆਂ। ਇਸੇ ਤਰ੍ਹਾਂ ਸਾਧੂ ਨੇ ਹੁੰਦਲ ਅਤੇ ਗੁਰਮੇਲ ਰਾਏ ਨਾਲ਼ ਰਲ਼ ਕੇ ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ‘ਮਲੂਕਾ’ ਦਾ ਅਨੁਵਾਦ ਵੀ ਕੀਤਾ। ਉਸ ਨੇ ਕੈਨੇਡਾ ਵਿਚ ਲਿਖੀਆਂ ਗਈਆਂ ਚੋਣਵੀਆਂ ਪੰਜਾਬੀ ਕਹਾਣੀਆਂ ਦੇ ਸੰਗ੍ਰਹਿ ‘ਕਥਾ ਕਨੇਡਾ’ ਦਾ ਸੰਪਾਦਨ ਵੀ ਸੁਖਵੰਤ ਹੁੰਦਲ ਨਾਲ਼ ਰਲ਼ ਕੇ ਕੀਤਾ। ਇਸੇ ਤਰ੍ਹਾਂ ਕੈਨੇਡਾ ਵਿਚ ਲਿਖੀ ਹੋਈ ਕਵਿਤਾ ਦੇ ਸੰਗ੍ਰਹਿ ‘ਜੰਗਲ ਦੇ ਵਿਰੁੱਧ’ ਦਾ ਸੰਪਾਦਨ ਸੁਖਪਾਲ ਨਾਲ਼ ਰਲ਼ ਕੇ ਕੀਤਾ।ਇਸ ਤੋਂ ਇਲਾਵਾ, ਸਾਧੂ ਨੇ ਕਈ ਵਰ੍ਹੇ ਪੰਜਾਬੀ ਪਰਚੇ ‘ਵਤਨੋਂ ਦੂਰ/ ਵਤਨ’ ਦਾ ਸੰਪਾਦਨ ਵੀ ਕੀਤਾ ਤੇ ਉਹ ‘ਪੰਜਾਬੀ ਲੇਖਕ ਮੰਚ’, ‘ਵੈਨਕੂਵਰ ਸੱਥ’ ਅਤੇ ‘ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ’ (ਪਲੀਅ) ਦੇ ਨਾਲ਼-ਨਾਲ਼ ਕਈ ਹੋਰ ਜਥੇਬੰਦੀਆਂ ਲਈ ਪੂਰੀ ਸਰਗ਼ਰਮੀ ਨਾਲ਼ ਕੰਮ ਕਰਦਾ ਰਿਹਾ ਹੈ।
ਜੇ ਸਾਧੂ ਬਿਨਿੰਗ ਦੀ ਜ਼ਿੰਦਗ਼ੀ ਉੱਤੇ ਬੱਝਵੀਂ ਨਜ਼ਰ ਮਾਰੀਏ ਤਾਂ ਉਸ ਵਿਚੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਦੀ ਝਲਕ ਪੈਣ ’ਤੇ ਵੀ ਸਾਰ ਰੂਪ ਵਿਚ ਉਹ ਇਕ ਪ੍ਰਗਤੀਸ਼ੀਲ ਮਨੁੱਖ ਹੀ ਦਿਸੇਗਾ। ਉਸ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਹਿਲੂਆਂ ਦੇ ਦਰਸ਼ਨ ਕਰਨ ਲਈ ਸਾਨੂੰ ਉਸ ਦੇ ਜੀਵਨ ਵਿਚ ਬਹੁਤ ਡੂੰਘੀ ਟੁੱਭੀ ਲਾਉਂਦਿਆਂ ਉਸ ਦੇ ਸਕੂਲੀ ਦਿਨਾਂ ਵੱਲ ਜਾ ਨਿਕਲਣਾ ਪਵੇਗਾ। ਸਕੂਲ ਵਿਚ ਪੜ੍ਹਨ ਵੇਲ਼ੇ ਉਹ ਪੜ੍ਹਾਈ ਵਿਚ ਦਰਮਿਆਨਾ ਜਿਹਾ ਹੀ ਸੀ। 1967 ਵਿਚ ਕੈਨੇਡਾ ਆਉਣ ਵੇਲ਼ੇ ਉਹ ਅੱਠਵੀਂ ਪਾਸ ਹੀ ਸੀ। ਉਹ 1972 ਵਿਚ ਕੈਨੇਡਾ ਦਾ ਸਿਟੀਜ਼ਨ ਬਣ ਗਿਆ। ਉਸ ਨੇ ਕੰਮ ਕਰਨ ਦੇ ਨਾਲ਼-ਨਾਲ਼ ਪਹਿਲਾਂ ਪਹਿਲਾਂ ਬੀ. ਏ ਅਤੇ ਫਿਰ ਐੱਮ. ਏ. ਤਾਂ ਕਰ ਲਈ, ਪਰ ਕੈਨੇਡਾ ਵਿਚ ਉਸ ਦਾ ਜੀਅ ਘੱਟ ਹੀ ਲੱਗਦਾ ਹੁੰਦਾ ਸੀ ਤੇ ਉਹ ਵਾਪਸ ਆਪਣੇ ਪਿੰਡ ਚਹੇੜੂ ਜਾਣ ਬਾਰੇ ਸੋਚਦਾ ਹੀ ਨਹੀਂ, ਤਾਂਘਦਾ ਵੀ ਹੁੰਦਾ ਸੀ। ਜਿਹੜਾ ਸਾਧੂ, ਆਪਣੇ ਪਿੰਡ ਵਿਚ ਪੜ੍ਹਦਿਆਂ ਪੜ੍ਹਾਈ ਵਿਚ ਜਿੱਡਾ ਤੇ ਮੱਠਾ ਜਿਹਾ ਹੀ ਹੁੰਦਾ ਸੀ, ਕੈਨੇਡਾ ਵਿਚ ਰੈਲ਼ਾ ਹੋ ਤੁਰਿਆ ਸੀ। ਉਸ ਨੇ ਬੀ. ਏ. (ਡਬਲ ਆਨਰਜ਼) ਤਾਂ ਐਂਥਰੋਪੌਲੋਜੀ (ਮਾਨਵ ਸ਼ਾਸਤਰ) ਅਤੇ ਸੋਸ਼ੌਲੋਜੀ (ਸਮਾਜ ਸ਼ਾਸਤਰ) ਵਿਚ ਕੀਤੀ ਤੇ ਐੱਮ. ਏ. ਸੋਸ਼ੌਲਜੀ ਵਿਚ ਕੀਤੀ।
ਮੋਟੇ ਤੌਰ ’ਤੇ ਇਨ੍ਹਾਂ ਦੋਹਾਂ ਹੀ ਸ਼ਾਸਤਰਾਂ ਨੇ ਉਸ ਨੂੰ ਬਹੁਤਾ ਕੰਮ ਨਾ ਦਿੱਤਾ। ਹੁਣ ਤੁਸੀਂ ਇਹ ਪੁੱਛ ਸਕਦੇ ਹੋ ਕਿ ਫਿਰ ਸਾਧੂ ਉੱਤੇ ਰੱਬ ਦੀ ਦਯਾ ਕਿੱਦਾਂ ਰਹੀ! ਇਸ ਦਾ ਜੁਆਬ ਅਗਲੀਆਂ ਸਤਰਾਂ ਵਿਚ ਤੁਹਾਨੂੰ ਆਪੇ ਹੀ ਮਿਲ ਜਾਵੇਗਾ। 1987 ਵਿਚ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਯਾਨੀ ‘ਯੂ. ਬੀ. ਸੀ.’ ਵਿਚ ਪੰਜਾਬੀ ਦੀ ਪੜ੍ਹਾਈ ਲਈ ਇਕ ਚੇਅਰ ਦੀ ਸਥਾਪਨਾ ਕਰ ਦਿੱਤੀ ਗਈ। ਕੁੱਝ ਸਥਾਨਕ ਸਿੱਖ ਜਥੇਬੰਦੀਆਂ ਦੇ ਜ਼ੋਰ ਲਾਉਣ ’ਤੇ ਸਥਾਪਤ ਕੀਤੀ ਗਈ, ਇਸ ਚੇਅਰ ਦਾ ਨਾਂ ‘ਸਿੱਖ ਪੰਜਾਬੀ ਚੇਅਰ’ ਰੱਖਿਆ ਗਿਆ। ਡਾ. ਹਰਜੋਤ ਓਬਰਾਏ ਨੂੰ ਇਸ ਚੇਅਰ ਦਾ ਮੁਖੀ ਬਣਾਇਆ ਗਿਆ। ਡਾ. ਓਬਰਾਏ ਕੋਲ ਵੀ ਪੰਜਾਬੀ ਦੀ ਕੋਈ ਡਿਗਰੀ ਨਹੀਂ ਸੀ ਤੇ ਸਾਧੂ ਬਿਨਿੰਗ ਨੇ ਵੀ ਪੰਜਾਬੀ ਸਕੂਲ ਪੱਧਰ ਤਕ ਹੀ ਪੜ੍ਹੀ ਹੋਈ ਸੀ। ਹੁਣ ਇਹ ਰੱਬ ਦੀ ਦਯਾ ਨਹੀਂ ਤਾਂ ਕੀ ਸੀ ਕਿ ਪੰਜਾਬੀ ਦੀ ਕਿਸੇ ਉਚੇਰੀ ਪੜ੍ਹਾਈ ਜਾਂ ਡਿਗਰੀ ਬਗ਼ੈਰ ਹੀ ਉਹ ਦੋਵੇਂ ਜਣੇ ‘ਯੂ. ਬੀ. ਸੀ.’ ਵਿਚ ‘ਸਿੱਖ ਪੰਜਾਬੀ ਚੇਅਰ’ ਉੱਤੇ ਬਹਿ ਕੇ ਪੰਜਾਬੀ ਪੜ੍ਹਾਉਣ ਲੱਗ ਪਏ।
ਇਸ ਗੱਲਬਾਤ ਦੌਰਾਨ ਸਾਧੂ ਬਿਨਿੰਗ ਨੇ ਕਈ ਇਹੋ ਜਿਹੇ ਸੱਚ ਵੀ ਬੋਲੇ, ਜਿਨ੍ਹਾਂ ਦਾ ਜ਼ਿਕਰ ਇੱਥੇ ਕਰਨਾ ਜਾਇਜ਼ ਨਹੀਂ ਹੈ ਕਿਉਂ ਕਿ ਉਨ੍ਹਾਂ ਸੱਚਾਈਆਂ ਦਾ ਉਸ ਦੀ ਸ਼ਖ਼ਸੀਅਤ ਨਾਲ਼ ‘ਬਹੁਤਾ’ ਲੈਣ-ਦੇਣ ਨਹੀਂ ਹੈ। ਉਸ ਨੇ ‘ਵਤਨੋਂ ਦੂਰ’ ਨਾਂ ਦੇ ਪਰਚੇ, ਜਿਸ ਦਾ ਉਹ ਸੰਪਾਦਕ ਰਿਹਾ ਹੈ, ਦੀ ਸ਼ੁਰੂਆਤ ਕਰਨ ਦੇ ਕਾਰਨਾਂ ਦਾ ਜ਼ਿਕਰ ਵੀ ਕੀਤਾ। ਫਿਰ ਉਸ ਨੂੰ ਬੰਦ ਕਰਨ ਦੀ ਨੌਬਤ ਆਉਣ ਬਾਰੇ ਵੀ ਰੌਸ਼ਨੀ ਪਾਈ ਤੇ ਇਹ ਵੀ ਦੱਸਿਆ ਕਿ ਕਿੱਦਾਂ ਇਕ ਵਾਰ ਇਕ ਕਾਨੂੰਨੀ ਵਜ੍ਹਾ ਨਾਲ਼ ‘ਵਤਨੋਂ ਦੂਰ’ ਦਾ ਪ੍ਰਕਾਸ਼ਨ ਬੰਦ ਹੋਣੋਂ ਬਚਾ ਕੇ, ਉਸ ਨੇ ਤੇ ਉਸ ਦੇ ਸਾਥੀਆਂ ਨੇ ਇਕ ਨਵੇਂ ਪਰਚੇ ਨੂੰ ਜਨਮ ਦੇਣ ਦੀ ਆਰਥਕ ਪੀੜ ਹੰਢਾਈ ਸੀ। ਇਹ ਤੇ ਇਨ੍ਹਾਂ ਵਰਗੇ ਹੋਰ ਬਹੁਤ ਸਾਰੇ ਵੇਰਵੇ ਇਸ ਲੇਖ ਨੂੰ ਲੰਬਾ ਹੋਣ ਤੋਂ ਬਚਾਉਣ ਲਈ ਛੱਡ ਦਿੱਤੇ ਗਏ ਹਨ। ਇਹ ਪਰਚਾ ਸਾਧੂ ਹੁਰਾਂ ਨੇ ਉਸ ਵੇਲ਼ੇ ਕੈਨੇਡਾ ਵਿਚ ਪੰਜਾਬੀ ‘ਫੌਂਟਸ’ ਸੁਲੱਭ ਨਾ ਹੋਣ ਕਾਰਨ ਹੱਥ-ਲਿਖਤ ਨਾਲ਼ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ।
1983 ਵਿਚ ਸਾਧੂ ਅਤੇ ਉਸ ਦੇ ਆੜੀਆਂ ਨੇ ਰਲ਼ ਕੇ ‘ਵੈਨਕੂਵਰ ਸੱਥ’ ਨਾਂ ਦੀ ਇਕ ਜਥੇਬੰਦੀ ਬਣਾਈ ਸੀ ਕਿਉਂ ਕਿ ਉਦੋਂ ਤਕ, 1973 ਤੋਂ ਕੰਮ ਕਰਦੀ ਆ ਰਹੀ ‘ਸਾਹਿੱਤ ਸਭਾ’ ਦਾ ‘ਬੁਰਾ ਹਾਲ’ ਹੋ ਚੁੱਕਾ ਸੀ। ‘ਵੈਨਕੂਵਰ ਸੱਥ’ ਪਹਿਲਾਂ ਸਾਧੂ ਤੇ ਉਸ ਦੇ ਕੁੱਝ ਮਿੱਤਰਾਂ ਦੇ ਘਰੀਂ ਹੀ ਲੱਗਦੀ ਹੁੰਦੀ ਸੀ। ਇਸ ‘ਸੱਥ’ ਵਿਚ ਬੈਠਣ ਵਾਲ਼ੇ ‘ਸਾਹਿੱਤ ਸਭਾ’ ਵਿਚੋਂ ਹੀ ਆਏ ਹੋਏ ਸਨ। ‘ਸੱਥ’ ਦੇ ਪੰਜ ਕੁ ਮੈਂਬਰਾਂ ਨੇ ਕੁੱਝ ਲੇਖ ਲਿਖੇ, ਜੋ ਕਈ ਪਰਚਿਆਂ ਵਿਚ ਛਪੇ। ਇਨ੍ਹਾਂ ਲੇਖਾਂ ਵਿਚ ਪੰਜਾਬ ਦੇ ਲੋਕਾਂ ਦੇ ਸਥਾਨਕ ਮਸਲਿਆਂ ਨੂੰ ਉਭਾਰਨ ਦਾ ਹੀਲਾ ਕੀਤਾ ਗਿਆ, ਪਰ ਉਨ੍ਹਾਂ ਲੇਖਾਂ ਨੂੰ ਲੋੜ ਅਨੁਸਾਰ ਗੌਲ਼ਿਆ ਨਾ ਗਿਆ। ਫਿਰ ਸਾਧੂ ਹੁਰਾਂ ਨੇ ਗੁਰਸ਼ਰਨ ਸਿੰਘ ਸ਼ੈਲੀ ਵਿਚ ਨਾਟਕ ਖੇਡਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ‘ਵੈਨਕੂਵਰ ਸੱਥ’ ਨੂੰ, ਪੰਜਾਬ ਦੀਆਂ ਸੱਥਾਂ ਵਾਲ਼ੀ ਧਾਰਨਾ ਵਿਚ ਢਾਲਣ ਦਾ ਹੀਲਾ ਕਰਦਿਆਂ ਲੋਕਾਂ ਤਕ ਪਹੁੰਚਣ ਦਾ ਵਸੀਲਾ ਬਣਾਇਆ।
ਸਾਧੂ ਤੇ ਉਸ ਦੇ ਸਾਥੀਆਂ ਨੇ 1983 ਵਿਚ ਕੈਨੇਡਾ ਫੇਰੀ ’ਤੇ ਆਏ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਨਾਟਕ ‘ਤੂਤਾਂ ਵਾਲ਼ਾ ਖੂਹ’ ਤਿਆਰ ਕੀਤਾ, ਜਿਸ ਦੀ ਵਿਡੀਓਗ੍ਰਾਫ਼ੀ ਵੀ ਕੀਤੀ ਗਈ। ਛੇ ਮਹੀਨੇ ਉਸ ਨਾਟਕ ਦੇ ਟੀਵੀ ਰੂਪਾਂਤਰ ਦਾ ਪ੍ਰਸਾਰਣ ਕੁੱਝ ਲੋਕਾਂ ਨੇ ਰੁਕਵਾਈ ਰੱਖਿਆ। ਸਾਧੂ ਦਾ ਘਰ ‘ਸੱਥ’ ਦੇ ਮੈਂਬਰਾਂ ਲਈ ਰਿਹਰਸਲ ਕਰਨ ਦਾ ਟਿਕਾਣਾ ਬਣਿਆ ਰਿਹਾ ਤੇ ‘ਸੱਥ’ ਦੇ ਮੈਂਬਰਾਂ ਦੀ ਘਰ ਵਾਲੀਆਂ, ਹੋਰ ਸਾਰੇ ਕੰਮ ਕਰਨ ਮਗਰੋਂ ਇਨ੍ਹਾਂ ਨਾਟਕਾਂ ਵਿਚ ਅਦਾਕਾਰੀ ਵੀ ਕਰਦੀਆਂ ਹੁੰਦੀਆਂ ਸਨ। ‘ਸੱਥ’ ਵੱਲੋਂ ਸਭ ਤੋਂ ਪਹਿਲਾਂ ਮੱਖਣ ਟੁੱਟ ਦਾ ਲਿਖਿਆ ਹੋਇਆ ਨਾਟਕ ‘ਪੰਜਾਬ ਬੋਲਿਆ’ ਨਾਟਕ ਖੇਡਿਆ ਗਿਆ ਸੀ। ਫਿਰ ਸਥਾਨਕ ਮਸਲਿਆਂ ਬਾਰੇ  ਸਾਧੂ ਤੇ ਸੁਖਵੰਤ ਹੁੰਦਲ ਵੱਲੋਂ ਰਲ਼ ਕੇ ਲਿਖਿਆ ਹੋਇਆ ਨਾਟਕ ‘ਪਿਕਟ ਲਾਈਨ’ ਖੇਡਿਆ। ਉਸ ਤੋਂ ਮਗਰੋਂ ਉਨ੍ਹਾਂ ਦੋਹਾਂ ਵੱਲੋਂ ਲਿਖੇ ਹੋਏ ਨਾਟਕ ‘ਜ਼ਹਿਰ ਦੀ ਫ਼ਸਲ’, ‘ਲੱਤਾਂ ਦੇ ਭੂਤ’, ‘ਕਿਸ ਦਾ ਵਿਆਹ’, ‘ਹਵੇਲੀਆਂ ਤੇ ਪਾਰਕਾਂ’ ਅਤੇ ‘ਹਰ ਉਮਰ ਦਾ ਇਕੋ ਰੋਣਾ’ ਖੇਡੇ ਗਏ। ਨਾਟਕ ਖੇਡਣ ਦਾ ਇਹ ਸਿਲਸਿਲਾ 1993-94 ਤਕ ਚਲਦਾ ਰਿਹਾ। ਕੁੱਝ ਨਾਟਕ ਅੰਗਰੇਜ਼ੀ ਵਿਚ ਵੀ ਖੇਡੇ ਗਏ। ਸਾਧੂ ਨੇ ਕੁੱਝ ਨਾਟਕਾਂ ਵਿਚ ਅਦਾਕਾਰੀ ਵੀ ਕੀਤੀ ਤੇ ਉਹ ਮੰਚ ਦੇ ਪਿੱਛੇ ਵੀ ਸਰਗ਼ਰਮ ਰਿਹਾ। ‘ਸੱਥ’ ਵੱਲੋਂ ਖੇਡੇ ਗਏ ਨਾਟਕਾਂ ਵਿਚ ਸਾਰੇ ਹੀ ਮੈਂਬਰ ‘ਡਰੈਕਟਰ’ ਤੇ ਸਾਰੇ ਹੀ ‘ਐਕਟਰ’ ਹੁੰਦੇ ਸਨ।
1989 ਵਿਚ ਚਰਨਪਾਲ ਗਿੱਲ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੇ ਕਾਮਾਗਾਟਾ ਮਾਰੂ ਦੀ 75ਵੀਂ ਸਾਲਾਨਾ ਯਾਦ ਮਨਾਉਣ ਦਾ ਫੈਸਲਾ ਕੀਤਾ। ‘ਵੈਨਕੂਵਰ ਸੱਥ’ ਨੇ ਇਸ ਕਾਂਡ ਨਾਲ਼ ਸਬੰਧਤ 25-26 ਤਸਵੀਰਾਂ ਲੱਭੀਆਂ, ਵੱਡੀਆਂ ਕਰਾ ਕੇ ਜੜਾਈਆਂ ਅਤੇ ਉਨ੍ਹਾਂ ਦੀਆਂ ਨੁਮਾਇਸ਼ਾਂ ਸਾਰੇ ਕੈਨੇਡਾ ਵਿਚ ਲਗਾਈਆਂ। ਉਸੇ ਹੀ ਸਾਲ, ‘ਵਤਨੋਂ ਦੂਰ’ ਦਾ ਪ੍ਰਕਾਸ਼ਨ ਦੁਬਾਰਾ ਸ਼ੁਰੂ ਕਰ ਕੇ ਉਸ ਦਾ ‘ਕਾਮਾਗਾਟਾ ਮਾਰੂ ਵਿਸ਼ੇਸ਼ ਅੰਕ’ ਛਪਾਇਆ। ਉਸ ਅੰਕ ਤੋਂ ਉਸ ਪਰਚੇ ਦਾ ਨਾਂ ‘ਵਤਨ’ ਰੱਖ ਦਿੱਤਾ ਗਿਆ। ਸਾਧੂ ਜਦੋਂ 1967 ਵਿਚ ਕੈਨੇਡਾ ਆਇਆ ਤਾਂ ਉਸ ਨੂੰ ਆਪਣੇ ‘ਵਤਨ’ ਦਾ ਬੜਾ ਹੀ ਉਦਰੇਵਾਂ ਰਹਿੰਦਾ ਹੁੰਦਾ ਸੀ। ਉਸ ਨੇ ਕੈਨੇਡਾ ਵਿਚ ਫਾਰਮਾਂ ਵਿਚ ਕੰਮ ਕੀਤਾ, ਸਫਾਈ ਦਾ ਕੰਮ ਕੀਤਾ ਤੇ ਮਿੱਲਾਂ ਵਿਚ ਵੀ ਕੰਮ ਕੀਤਾ। ਉਹ ਕਈ ਸਾਲ ਇੱਥੇ ਆਪਣਾ ਜੀਅ ਨਾ ਲਾ ਸਕਿਆ। ਸਾਧੂ ਨੇ 1968-69 ਵਿਚ ਕੁੱਝ ਸਾਥੀਆਂ ਨਾਲ਼ ਰਲ਼ ਕੇ ਕੈਨੇਡਾ ਵਿਚ ਪਹਿਲੀ ਭੰਗੜਾ ਟੀਮ ਬਣਾਈ। ਉਸ ਨੇ ਭੰਗੜਾ ਪਾਇਆ ਵੀ ਤੇ ਪੁਆਇਆ ਵੀ। ਉਹ ਕੈਨੇਡਾ ਦਾ ਪਹਿਲਾ ਓਲੰਪੀਆਡ ਭੰਗੜਾ ਪਲੇਅਰ ਹੈ ਕਿਉਂ ਕਿ ਉਸ ਦੀ ਟੀਮ ਨੇ ਮੌਟਰੀਆਲ ਓਲੰਪਿਕ ਵਿਚ ਭੰਗੜਾ ਪਾਇਆ ਸੀ।
ਇਕ ਵਾਰ ਫੇਰ ਸਾਧੂ ਬਿਨਿੰਗ ਉੱਤੇ ਉਦੋਂ ਰੱਬ ਦੀ ਦਯਾ ਹੋਈ ਜਦੋਂ ਉਸ ਨੇ ਅੱਠਵੀਂ ਤੋਂ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ ਮਿੱਲ ਵਿਚ ਕੰਮ ਕਰਦਿਆਂ ਪੜ੍ਹਦਾ ਹੁੰਦਾ ਸੀ। ਹਫ਼ਤੇ ਦੇ ਮਗਰਲੇ ਦਿਨੀਂ ਉਸ ਨਾਲ਼ ਕੰਮ ਕਰਦੇ ਇਕ ਪਾਹੜੇ ਨੇ ਉਸ ਨੂੰ ਦੱਸਿਆ ਕਿ ਉਹ ਡਾਕਖ਼ਾਨੇ ਵਿਚ ਵੀ ਕੰਮ ਕਰਦਾ ਹੈ। ਉਸ ਨੇ ਸਾਧੂ ਨੂੰ ਡਾਕਖ਼ਾਨੇ ਵਿਚ ਕੰਮ ਕਰਨ ਲਈ ਦਰਖ਼ਾਸਤ ਦੇਣ ਲਈ ਮਨਾ ਲਿਆ। ਰੱਬ ਦੀ ਦਯਾ ਨਾਲ਼ ਹੀ ਸਾਧੂ  ਨੇ ਟੈਸਟ ਪਾਸ ਕਰ ਲਿਆ ਤੇ ਉਸ ਨੂੰ ਡਾਕਖ਼ਾਨੇ ਵਿਚ ਕੰਮ ਮਿਲ ਗਿਆ। ਉਸ ਨੇ ਮਾਰਚ 1970 ਤੋਂ 1990 ਤਕ ਡਾਕਖ਼ਾਨੇ ਵਿਚ ਕੰਮ ਕੀਤਾ। 1983 ਵਿਚ ਉਸ ਨੇ ਬੀ. ਏ. ਪਾਸ ਕਰਨ ਮਗਰੋਂ ਐੱਮ. ਏ ਵਿਚ ਦਾਖ਼ਲਾ ਲੈ ਕੇ ਡਾਕਖ਼ਾਨੇ ਦੀ ‘ਜੌਬ’ ਨਾਲ਼ ‘ਪਾਰਟ ਟਾਈਮ’ ਸ਼ਬਦ ਜੋੜ ਦਿੱਤਾ। ਇਸ ਤੋਂ ਅੱਗੇ 1988 ਵਿਚ ਉਸ ਦੇ ਯੂਨੀਵਰਸਿਟੀ ਅਧਿਆਪਕ ਬਣਨ ਦਾ ਕੋਤਾ-ਕਿੱਸਾ ਤੁਸੀਂ ਪੜ੍ਹ ਹੀ ਆਏ ਹੋ। ਓਦਾਂ ਸਾਧੂ ਬਿਨਿੰਗ ਨੇ ਅਜੇ ਵੀ ਪ੍ਰਾਪਤੀਆਂ ਦਾ ਇਹ ਰਾਹ ਛੱਡਿਆ ਨਹੀਂ ਹੈ। ਕੋਈ ਪਤਾ ਨਹੀਂ ਕਿ ਭਲਕੇ-ਪਰਸੋਂ ਉਸ ਵੱਲੋਂ ਕੋਈ ਹੋਰ ਮਾਣ-ਸਨਮਾਨ ਕੱਛ ਵਿਚ ਲੈ ਕੇ ਘਰ ਆਉਣ ਦੀ ਖ਼ਬਰ ਆ ਜਾਵੇ।#