ਕੈਨੇਡਾ ਦੇ ਬਨੇਰੇ ਸੁੱਕਦਾ ਅਮਰੀਕਾ ਦਾ ਰੇਸ਼ਮੀ ਰੁਮਾਲ
ਬਖ਼ਸ਼ਿੰਦਰ
Email: bababax@gmail.com, Cell Phone : +1-778-378-9669
ਸਾਰਾ ਹੀ ਅਮਰੀਕਾ ਘੁੰਮ ਆਉਣ ਦੇ ਦਾਅਵੇ ਕਰਨ ਵਾਲ਼ਿਆਂ ਵਿਚੋਂ 85 ਫੀ ਸਦੀ ਲੋਕਾਂ ਦਾ ਇਹ ਦਾਅਵਾ ਝੂਠਾ ਹੋਣ ਦੀ ਸੰਭਾਵਨਾ ਰਹਿੰਦੀ ਹੈ ਕਿਉਂ ਕਿ ਅਮਰੀਕਾ ਦਾ ਇਕ ਕਸਬਾ ਇਹੋ ਜਿਹਾ ਵੀ ਹੈ, ਜਿੱਥੇ ਖੁਸ਼ਕ ਰਾਹੇ ਜਾਣਾ ਹੋਵੇ ਤਾਂ ਪਹਿਲਾਂ ਕੈਨੇਡਾ ਜਾਣਾ ਪੈਂਦਾ ਹੈ। ਇਸ ਕਸਬੇ ਦਾ ਨਾਂ ‘ਪੁਆਇੰਟ ਰੌਬਰਟਸ’ ਹੈ, ਜਿਸ ਨੂੰ ‘ਲਾਡ’ ਨਾਲ਼ ‘ਪੁਆਇੰਟ ਬੌਬ’ ਜਾਂ ‘ਦ ਪੁਆਇੰਟ’ ਵੀ ਕਹਿ ਲਿਆ ਜਾਂਦਾ ਹੈ। ਪੰਜ ਕੁ ਮੁਰੱਬਾ ਮੀਲ (12.65 ਮੁਰੱਬਾ ਕਿਲੋ ਮੀਟਰ) ਮਿਣਤੀ ਦਾ ਇਹ ਇਲਾਕਾ ਨਕਸ਼ੇ ਵਿਚ ਦੇਖੀਏ ਤਾਂ ਏਦਾਂ ਲੱਗਦਾ ਹੈ, ਜਿੱਦਾਂ ਅਮਰੀਕਾ ਨੇ ਆਪਣਾ ਇਕ ਵੱਡਾ ਰੁਮਾਲ ਧੋ ਕੇ ਕੈਨੇਡਾ ਦੇ ਬਨੇਰੇ (ਸਰਹੱਦ) ਉੱਤੇ ਸੁੱਕਣਾ ਪਾ ਦਿੱਤਾ ਹੋਵੇ। ‘ਪੁਆਇੰਟ ਰੌਬਰਟਸ’ ਦੀ ਸਥਾਪਨਾ 15 ਜੂਨ, 1846 ਨੂੰ ਕੀਤੀ ਗਈ ਸੀ। ਇਹ ਕਸਬਾ, ਅਮਰੀਕਾ ਦੇ ਵਾਸ਼ਿੰਗਟਨ ਰਾਜ ਦੀ ‘ਵਾਟਕੌਮ’ ਕਾਊਂਟੀ (ਜ਼ਿਲੇ) ਦਾ ਹਿੱਸਾ ਹੈ। ਇਹ, ਅਮਰੀਕਾ ਦਾ ਹਿੱਸਾ ਤਾਂ ਹੈ, ਪਰ ਜ਼ਮੀਨੀ ਪੱਖ ਤੋਂ ਅਮਰੀਕਾ ਨਾਲ਼ੋਂ ਵੱਖ ਹੈ। ਇਸ ਦੇ ਤਿੰਨ ਪਾਸੇ ਸਮੁੰਦਰ ਹੈ ਤੇ ਇਸ ਦਾ ਉੱਤਰੀ ਪਾਸਾ, ਵੈਨਕੂਵਰ ਦੇ ਸ਼ਹਿਰ ‘ਡੈਲਟਾ’ ਦੇ ਦੱਖਣ ਵਿਚ ਪੈਂਦੇ ਕਸਬੇ ਟਵਾਸਨ ਦੇ ਦੱਖਣੀ ਸਿਰੇ ਨਾਲ਼ ਲੱਗਦਾ ਹੈ। ਜੇ ਅਮਰੀਕਾ ਤੋਂ ਸੜਕ ਰਾਹੀਂ ‘ਪੁਆਇੰਟ ਰੌਬਰਟਸ’ ਪਹੁੰਚਣਾ ਹੋਵੇ ਤਾਂ ਪਹਿਲਾਂ ਤੁਹਾਨੂੰ ਕੈਨੇਡਾ ਪਹੁੰਚਣਾ ਪਵੇਗਾ। ਇਸ ਤੋਂ ਇਲਾਵਾ, ਜੇ ਤੁਸੀਂ ਅਮਰੀਕਾ ਤੋਂ ਕੈਨੇਡਾ ਨਹੀਂ ਜਾ ਸਕਦੇ ਤਾਂ ਤੁਹਾਨੂੰ ਇੱਥੇ ਪਹੁੰਚਣ ਲਈ ਸਮੁੰਦਰੀ ਜਾਂ ਹਵਾਈ ਰਸਤੇ ‘ਬਾਊਂਡਰੀ ਬੇਅ’ ਪਾਰ ਕਰਨੀ ਪਵੇਗੀ। ਇਹ ਸਵਾ ਦੋ ਕੁ ਸੌ ਸ਼ਬਦ ਪੜ੍ਹ ਕੇ ਤੁਸੀਂ ਸੋਚਦੇ ਹੋਵੋਗੇ ਕਿ ਆਹ ਕੀ ਤੁਹਾਡੇ ਇਸ ਕਾਲਮ ਨਵੀਸ ਨੂੰ ਭੂਗੋਲ ਦਾ ਅਧਿਆਪਕ ਬਣਨ ਦਾ ਚਾਅ ਚੜ੍ਹ ਗਿਆ।
ਜੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਸੀਂ ਕਦੇ ਵੀ ਤੁਹਾਨੂੰ ਇਹ ਸਭ ਕੁੱਝ ਨਾ ਦੱਸਦੇ, ਜੇ ਪਿਛਲੇ ਦਿਨੀਂ ਅਸੀਂ ‘ਆਸ਼ਕਸਤਾਨ’ ਵਰਗੇ ਇਸ ਸ਼ਹਿਰ ਦਾ ਗੇੜਾ ਨਾ ਮਾਰਿਆ ਹੁੰਦਾ। ਹੈਰਾਨ ਨਾ ਹੋਣਾ ਕਿ ਅਸੀਂ ਇਸ ਨੂੰ ‘ਆਸ਼ਕਸਤਾਨ’ ਕਿਉਂ ਕਹਿ ਦਿੱਤਾ। ਇਸ ਦੇ ਕਈ ਕਾਰਨ ਹਨ, ਜਿੱਦਾਂ ਇਕ ਤਾਂ ਇੱਥੇ ਕੋਈ ਭੀੜ-ਭੜੱਕਾ ਨਹੀਂ ਦਿਸਿਆ, ਦੂਜੀ ਗੱਲ ਇਹ ਕਿ ਇਸ ਸ਼ਹਿਰ ਵਿਚ ਫਿਰਦਿਆਂ ਏਦਾਂ ਲੱਗਦੈ ਕਿ ਘਰਾਂ ਅੰਦਰ ਕੋਈ ਹੈ ਹੀ ਨਹੀਂ ਕਿਉਂ ਕਿ ਕਿਤਿਓਂ ਕੋਈ ਉੱਚੀ ਅਵਾਜ਼ ਨਹੀਂ ਆਉਂਦੀ। ਏਦਾਂ ਵੀ ਲੱਗਦੈ ਕਿ ਇਸ ਸ਼ਹਿਰ ਦੇ ਘਰਾਂ ਅੰਦਰ ਆਸ਼ਕਾਂ ਤੇ ਮਾਸ਼ੂਕਾਂ ਦੀਆਂ ਜੋੜੀਆਂ ਹੀ ਰਹਿੰਦੀਆਂ ਹਨ, ਜੋ ਜਹਾਨ ਭਰ ਤੋਂ ਬੇਖ਼ਬਰ ਹੋ ਕੇ ਆਪਸ ਵਿਚ ਹੀ ਲੀਨ ਹਨ। ਅਸੀਂ ‘ਕੈਫੇ ਕਪਾਨਾ’ ਨਾਂ ਦੇ ਜਿਸ ਕੈਫੇ ਵਿਚ ਬੈਠ ਕੇ ਚਾਹ ਅਤੇ ਕੌਫੀ ਨਾਲ਼ ‘ਮੱਫਿਨ’ ਅਤੇ ‘ਕੁੱਕੀਆਂ’ ਖਾਧੀਆਂ, ਉਸ ਅੰਦਰ ਅੱਧਾ-ਪੌਣਾ ਘੰਟਾ ਮੈਂ, ਮੇਰਾ ਮਿੱਤਰ ਅੰਮ੍ਰਿਤਪਾਲ ਅਤੇ ਉਸ ਕੈਫੇ ’ਤੇ ਕੰਮ ਕਰਦੀ (ਤੇ ਮਾਲਕਣ ਲੱਗਦੀ) ਪੈਂਤੀ-ਚਾਲ਼ੀ ਵਰਿਆਂ ਦੀ ਜਾਪਦੀ ਔਰਤ ‘ਲਿੰਡਾ’ ਹੀ ਰਹੇ। ਇਸ ਅਰਸੇ ਦੌਰਾਨ ਉਸ ਕੈਫੇ ਅੰਦਰ ਨਾ ਹੋਰ ਕੋਈ ਆਇਆ, ਨਾ ਗਿਆ।
ਇਹ ਛੋਟਾ ਜਿਹਾ ਕੈਫੇ ਅੰਦਰੋਂ ਸਾਨੂੰ ਆਪਣੇ ਘਰਾਂ ਦਾ ਹਿੱਸਾ ਜਿਹਾ ਹੀ ਲੱਗਿਆ। ਅਸੀਂ ਚਾਹ ਤੇ ਕੌਫੀ ਦੇ ਕੱਪ ਫੜੀ ਉਸ ਕੈਫੇ ਅੰਦਰ ਕਿਸੇ ਮੇਜ਼ ਉੱਤੇ ਪਈਆਂ ਦੁੱਧ ਦੀਆਂ ‘ਜੱਗੀਆਂ’ ਲੱਭਦੇ ਫਿਰਦੇ ਏਦਾਂ ਹੀ ਮਹਿਸੂਸ ਕਰ ਰਹੇ ਸਾਂ ਕਿ ਲਿੰਡਾ ਨੇ ਸਾਡੀ ਹਾਲਤ ਭਾਂਪ ਕੇ ਕਾਊਂਟਰ ਉੱਤੇ ਖੜ੍ਹੀ ਨੇ ਸਾਨੂੰ ਉਂਗਲ ਨਾਲ਼ ਇਸ਼ਾਰਾ ਕਰਦਿਆਂ, ਦੁੱਧ ਦੀਆਂ ‘ਜੱਗੀਆਂ’ ਦਾ ਟਿਕਾਣਾ ਦੱਸਿਆ। ਅਸੀਂ ਚਾਹ-ਕੌਫੀ ਵਿਚ ਦੁੱਧ ਪਾ ਕੇ ਇਕ ਮੇਜ਼ ਉੱਤੇ ਬੈਠ ਕੇ ਮੱਫਿਨ’ ਦੀਆਂ ਬੁਰਕੀਆਂ ਤੋੜਦੇ ਚਾਹ ਤੇ ਕੌਫੀ ਪੀਣ ਲੱਗੇ। ਕੈਫੇ ਅੰਦਰ ਕੋਈ ਅੰਗਰੇਜ਼ੀ ਗੀਤ ਵੱਜ ਰਿਹਾ ਸੀ। ਉਹ ਗੀਤ ਰੇਡੀਓ ’ਤੇ ਜਾਂ ਕਿਸੇ ਮਿਊਜ਼ਿਕ ਸਿਸਟਮ ’ਤੇ ਵੱਜਦਾ ਸੀ, ਇਸ ਦਾ ਇਲਮ ਨਹੀਂ ਹੋ ਸਕਿਆ। ਅਸੀਂ ਚਾਹ ਪੀ ਕੇ ਆਪਣਾ ਸਫ਼ਰੀ ਥਕੇਵਾਂ ਜਿਹਾ ਲਾਹ ਕੇ ਤੁਰਨ ਲੱਗੇ ਤਾਂ ਮੈਂ ਕਾਊਂਟਰ ਵੱਲ ਗਿਆ। ਮੈਂ ਕਾਊਂਟਰ ਦੇ ਪਾਰ ਖੜ੍ਹੀ ਲਿੰਡਾ ਦਾ, ਉਸ ਵੱਲੋਂ ਸਾਨੂੰ ਇੰਨੀ ਨਿੱਘ ਭਰੀ ਪ੍ਰਾਹੁਣਚਾਰੀ ਦੇਣ ਲਈ ਸ਼ੁਕਰੀਆ ਅਦਾ ਕਰਦਿਆਂ ਉਸ ਦਾ ਨਾਂ ਪੁੱਛਿਆ। ਉਸ ਨੇ ਆਪਣਾ ਨਾਂ ਦੱਸਦਿਆਂ ਆਪਣਾ ਸੱਜਾ ਹੱਥ ਮੇਰੇ ਵੱਲ ਵਧਾਇਆ ਤੇ ਮੈਂ ਉਸ ਨਾਲ਼ ਹੱਥ ਮਿਲਾਇਆ। ਉਹ, ਮੇਰੇ ਵੱਲੋਂ ਸ਼ੁਕਰਗੁਜ਼ਾਰ ਹੋਣ ਮਗਰੋਂ ਜਿੰਨਾ ਚਿਰ ਬੋਲਦੀ ਰਹੀ, ਉਸ ਨੇ ਮੇਰਾ ਹੱਥ ਫੜੀ ਰੱਖਿਆ। ਮੈਂ ਸੱਚ-ਮੁੱਚ ਹੀ ਲਿੰਡਾ ਦੀ ਮੇਜ਼ਬਾਨੀ ਦਾ ਕਾਇਲ ਹੋ ਗਿਆ ਸਾਂ। “ਤੈਨੂੰ ਯਾਦ ਰੱਖਾਂਗੇ ਲਿੰਡਾ!” ਕਹਿ ਕੇ ਮੈਂ ਕੈਫੇ ਤੋਂ ਬਾਹਰ ਨਿੱਕਲ ਕੇ ਤਸਵੀਰਾਂ ਖਿੱਚਣ ਲੱਗੇ ਹੋਏ ਅੰਮ੍ਰਿਤਪਾਲ ਨਾਲ਼ ਜਾ ਰਲ਼ਿਆ। ਮੈਂ ਉਦੋਂ ਹੀ ਮਨ ਵਿਚ ਧਾਰ ਲਿਆ ਸੀ ਕਿ ਜੇ ਕਿਤੇ ‘ਪੁਆਇੰਟ ਰੌਬਰਟਸ’ ਦੇ ਇਸ ਸਫ਼ਰ ਦੇ ਸਬੰਧ ਵਿਚ ਕੁੱਝ ਲਿਖਿਆ ਤਾਂ ਉਸ ਵਿਚ ਲਿੰਡਾ ਦਾ ਜ਼ਿਕਰ ਜ਼ਰੂਰ ਕਰਾਂਗਾ।
‘ਪੁਆਇੰਟ ਰੌਬਰਟਸ’ ਵਰਗਾ ਛੋਟਾ ਜਿਹਾ ਕਸਬਾ ਇਕ ਬਹੁਤ ਵੱਡੀ ਇਤਿਹਾਸਕ ਘਟਨਾ ਦਾ ਚਸ਼ਮਦੀਦ ਗਵਾਹ ਹੈ। ਇਸ ਦੀ ਇਤਿਹਾਸਕ ਗਵਾਹੀ ਦਾ ਖ਼ੁਲਾਸਾ ਕਰਨ ਤੋਂ ਪਹਿਲਾਂ ਸਾਨੂੰ ਇਸ ਦੇ ਇਤਿਹਾਸ ਉੱਤੇ ਵੀ ਮੋਟੀ-ਮੋਟੀ ਝਾਤ ਮਾਰ ਲੈਣੀ ਬਣਦੀ ਹੈ। ਧਰਤੀ ਦੇ ਇਸ ਟੋਟੇ ਉੱਤੇ ਸਭ ਤੋਂ ਪਹਿਲੀ ਝਾਤ 1791 ਵਿਚ, ਫਰਾਂਸਿਸਕੋ ਡੀ ਏਲੀਜ਼ਾ ਦੀ ਮੁਹਿੰਮ ਵਿੱਢਣ ਵਾਲ਼ੀ ਟੋਲੀ ਦੇ ਮੈਂਬਰਾਂ ਦੀ ਪਈ। ਉਸ ਟੋਲੀ ਦੇ ਮੈਂਬਰਾਂ ਵੱਲੋਂ ਬਣਾਏ ਗਏ ਨਕਸ਼ਿਆਂ ਵਿਚ ਇਸ ਥਾਂ ਨੂੰ ‘ਇਸਲਾ ਡੀ ਸੇਪੇਡਾ’ ਜਾਂ ‘ਇਸਲਾ ਡੀ ਜ਼ੇਪੇਡਾ’ ਵਜੋਂ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਬਰਤਾਨੀਆ ਤੋਂ ਜਾਰਜ ਵੈਨਕੂਵਰ ਦੀ ਅਗਵਾਈ ਵਿਚ ਆਈ ਮੁਸਾਫ਼ਰਾਂ ਦੀ ਟੋਲੀ ਅਤੇ ਸਪੇਨ ਤੋਂ ਡਾਈਓਨੀਸੀਓ ਐਲਕਲਾ ਗੈਲੀਆਨੋ ਦੀ ਅਗਵਾਈ ਵਿਚ ਆਈ ਮੁਸਾਫ਼ਰਾਂ ਦੀ ਟੋਲੀ, ਪੁਆਇੰਟ ਰੌਬਰਟਸ ਦੇ ਨੇੜੇ ਆਪਸ ਵਿਚ ਟਕਰਾਅ ਗਈਆਂ। 13 ਜੂਨ, 1792 ਨੂੰ ਗੈਲੀਆਨੋ ਦੀ ਅਗਵਾਈ ਵਿਚ ਆਏ ਦੋ ਸਮੁੰਦਰੀ ਜਹਾਜ਼ ‘ਬਾਊਂਡਰੀ ਬੇਅ’ ਵਿਚ ਆਣ ਵੜੇ ਤੇ ਉਨ੍ਹਾਂ ਉੱਤੇ ਸਵਾਰ ਮੁਸਾਫ਼ਰਾਂ ਨੇ ਇਹ ਪਤਾ ਲਗਾਇਆ ਕਿ ਪੁਆਇੰਟ ਰੌਬਰਟਸ ਟਾਪੂ ਨਹੀਂ ਹੈ। ਉਸ ਵੇਲ਼ੇ ਇਸ ਦਾ ਨਾਂ ‘ਪੁਨਟਾ ਸੇਪੇਡਾ’ ਰੱਖਿਆ ਗਿਆ। ਇਹ ਮੁਸਾਫ਼ਰ ਆਪਣੇ ਜਹਾਜ਼, ਪੁਆਇੰਟ ਰੌਬਰਟਸ ਦੁਆਲੇ ਘੁੰਮਾ ਰਹੇ ਸਨ ਕਿ ਉਨ੍ਹਾਂ ਦਾ ਟਾਕਰਾ ਵੈਨਕੂਵਰ ਦੇ ਦੂਜੇ ਜਹਾਜ਼ ‘ਐੱਚ ਐੱਮ ਐੱਸ ਚੈਥਮ’ ਨਾਲ਼ ਹੋ ਗਿਆ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲ਼ੇ ਇਹ ਸਮਝੌਤਾ ਹੋਇਆ ਕਿ ਉਹ ਦੋਵੇਂ ਟੋਲੀਆਂ ‘ਸਟਰੇਟ ਆਫ ਜਾਰਜੀਆ’ ਦਾ ਨਕਸ਼ਾ ਰਲ਼ ਕੇ ਬਣਾਉਣਗੀਆਂ ਤੇ ਉਹ ਹਰ ਜਾਣਕਾਰੀ ਇਕ-ਦੂਜੀ ਨਾਲ਼ ਸਾਂਝੀ ਕਰਨਗੀਆਂ।
ਪੁਆਇੰਟ ਰੌਬਰਟਸ ਦਾ ਨਾਂ ਜਾਰਜ ਵੈਨਕੂਵਰ ਨੇ ਆਪਣੇ ਦੋਸਤ ਹੈਨਰੀ ਰੌਬਰਟਸ ਦੇ ਨਾਂ ’ਤੇ ਰੱਖਿਆ ਕਿਉਂ ਕਿ ਉਹ, ਉਸ ਵੇਲ਼ੇ ਉਨ੍ਹਾਂ ਦੀ ਟੋਲੀ ਦਾ ਕਮਾਂਡਰ ਸੀ। ਪੁਆਇੰਟ ਰੌਬਰਟਸ ਦਾ ਮੌਜੂਦਾ ਸਿਆਸੀ ਰੁਤਬਾ ਸੰਨ 1846 ਵਿਚ ਬਣਿਆ। ਉਸ ਸਾਲ ‘ਔਰੇਗਨ ਟਰੀਟੀ’ ਯਾਨੀ ‘ਔਰੇਗਨ ਸੰਧੀ’ ਅਧੀਨ ਇਹ ਫੈਸਲਾ ਕੀਤਾ ਗਿਆ ਕਿ ‘ਰੌਕੀ ਮਾਊਂਟੇਨਜ਼’ ਤੋਂ ‘ਜਾਰਜੀਆ ਸਟਰੇਟ’ ਤਕ ‘ਫੌਰਟੀਨਾਈਨਥ ਪੈਰਾਲਲ’ ਯਾਨੀ ‘49ਵੀਂ ਅਕਸ਼ਾਂਸ਼ ਰੇਖਾ’ ਅਮਰੀਕੀ ਅਤੇ ਬਰਤਾਨਵੀ ਇਲਾਕਿਆਂ ਵਿਚਾਲ਼ੇ ਸਰਹੱਦ ਹੋਵੇਗੀ। ਹੁਣ ਇਹ ਅਮਰੀਕੀ ਕਸਬਾ, ਕੈਨੇਡਾ ਤੋਂ ਕਈ ਸਹੂਲਤਾਂ ਲੈਂਦਾ ਹੈ। ਇਹ ਕਸਬਾ, ਵੈਨਕੂਵਰ ਡਾਊਨਟਾਊਨ ਤੋਂ 22 ਮੀਲ ਯਾਨੀ 35 ਕਿਲੋ ਮੀਟਰ ਦੱਖਣ ਵੱਲ ਹੈ ਤੇ ‘ਫੌਰਟੀਨਾਈਨਥ ਪੈਰਾਲਲ’ (ਸਰਹੱਦ) ਤੋਂ ਵੀ ਦੱਖਣ ਵੱਲ ਸਥਿਤ ਹੈ।
ਪੁਆਇੰਟ ਰੌਬਰਟਸ ਵਾਂਗ ਹੀ, ਅਮਰੀਕਾ ਦੇ ਕੁੱਝ ਹੋਰ ਇਲਾਕੇ ਵੀ ਹਨ, ਜੋ ਅਮਰੀਕਾ ਦੀ ਧਰਤੀ ਤੋਂ ਬਾਹਰ ਹਨ। ਇਨ੍ਹਾਂ ਵਿਚ ‘ਅਲਾਸਕਾ’ ਨਾਂ ਦਾ ਇਕ ਰਾਜ ਹੈ ਅਤੇ ‘ਮਿਨੀਸੋਟਾ’ ਦੇ ਕੁੱਝ ਹਿੱਸੇ, ਜਿੱਦਾਂ ‘ਨਾਰਥਵੈਸਟ ਐਂਗਲ’, ‘ਏਲਮ ਪੁਆਇੰਟ’, ‘ਮਿਨੀਸੋਟਾ’ ਦੇ ਨਾਲ਼-ਨਾਲ਼ ‘ਪ੍ਰੌਵਿੰਸ ਪੁਆਇੰਟ’, ‘ਵਰਮੌਂਟ’ ਅਤੇ ‘ਅਲਬਰਗ’ ਵੀ ਸ਼ਾਮਲ ਹਨ।
ਸਾਲ 2010 ਦੀ ਮਰਦਮ ਸ਼ੁਮਾਰੀ ਮੁਤਾਬਕ ਪੁਆਇੰਟ ਰੌਬਰਟਸ ਦੀ ਅਬਾਦੀ 1314 ਸੀ ਅਤੇ ਵਸਦੇ ਘਰ 678 ਤੇ ਪਰਿਵਾਰ 372 ਸਨ। ਓਦਾਂ ਇਸ ਸ਼ਹਿਰ ਵਿਚ ਮਕਾਨਾਂ ਦੀ ਕੁਲ ਗਿਣਤੀ 2068 ਸੀ। 678 ਘਰਾਂ ਤੋਂ ਇਲਾਵਾ ਬਾਕੀ ਮਕਾਨ ਖਾਲੀ ਹੀ ਸਨ। ਇਸ ਸ਼ਹਿਰ ਦੀ ਵਸੋਂ ਵਿਚ 91.9% ਗੋਰੇ, 0.8% ਅਫਰੀਕੀ ਅਮਰੀਕੀ, 0.8% ਜੱਦੀ ਅਮਰੀਕੀ, 4.5% ਏਸ਼ੀਆਈ ਅਤੇ 2% ਲੋਕ ਹੋਰ ਨਸਲਾਂ ਦੇ ਹਨ। ਗਰਮੀਆਂ ਵਿਚ ਇੱਥੋਂ ਦੀ ਵਸੋਂ ਵਧ ਕੇ 4500 ਦੇ ਕਰੀਬ ਹੋ ਜਾਂਦੀ ਹੈ ਕਿਉਂ ਕਿ ਕੈਨੇਡਾ ਵਿਚੋਂ ਕਾਫੀ ਲੋਕ ਇੱਥੇ ਛੁੱਟੀਆਂ ਬਿਤਾਉਣ ਆ ਜਾਂਦੇ ਹਨ।
ਇਸ ਸ਼ਹਿਰ ਵਿਚ ਇਕ ਪ੍ਰਾਇਮਰੀ ਸਕੂਲ ਹੈ, ਜਿਸ ਵਿਚ ਕਿੰਡਰਗਾਰਟਨ, ਪਹਿਲੇ, ਦੂਜੇ ਅਤੇ ਤੀਜੇ ਗ੍ਰੇਡ ਦੀ ਪੜ੍ਹਾਈ ਕਰਾਈ ਜਾਂਦੀ ਹੈ। ਚੌਥੇ ਗ੍ਰੇਡ ਦੇ ਬੱਚਿਆਂ ਨੂੰ ਪੜ੍ਹਨ ਖ਼ਾਤਰ ਬੱਸ ਦਾ 40 ਮਿੰਟ ਦਾ ਸਫ਼ਰ ਕਰ ਕੇ ਕੈਨੇਡਾ ਰਾਹੀਂ ਅਮਰੀਕੀ ਕਸਬੇ ਬਲੇਨ ਜਾਣਾ ਪੈਂਦਾ ਹੈ। ਇੱਥੇ ਰਹਿੰਦੇ ਕੈਨੇਡੀਅਨ ਬੱਚੇ, ਕੈਨੇਡਾ ਦੇ ਸ਼ਹਿਰ ਡੈਲਟਾ ਵਿਚ ਵੀ ਪੜ੍ਹਨ ਜਾ ਸਕਦੇ ਹਨ। 11 ਸਤੰਬਰ ਦੇ ਹਮਲਿਆਂ ਮਗਰੋਂ ਅਮਰੀਕੀ ਸਰਹੱਦਾਂ ਉੱਤੇ ਛਾਣਬੀਣ ਵਧਾ ਦਿੱਤੀ ਜਾਣ ਕਰ ਕੇ ਸਕੂਲੀ ਬੱਸਾਂ ਲੰਘਾਉਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਨੂੰ ਸਕੂਲ ਪਹੁੰਚਣ ਵਿਚ ਦੇਰ ਨਾ ਹੋਵੇ। ਕੈਨੇਡਾ ਤੋਂ ਜ਼ਮੀਨ ਰਾਹੀਂ ਪੁਆਇੰਟ ਰੌਬਰਟਸ ਜਾਣ ਲਈ ਇਕੋ-ਇਕ ਰਾਹ ‘ਟਾਈ ਡਰਾਈਵ’ ਹੈ। ਇਹ ਸੜਕ, ਕੈਨੇਡਾ ਵਿਚ ‘ਫਿਫਟੀਸੈਵਨਥ ਸਟਰੀਟ’ ਕਹਾਉਂਦੀ ਹੈ। ਪੁਆਇੰਟ ਰੌਬਰਟਸ ਵਿਚ ਇਕ ਛੋਟਾ ਜਿਹਾ ਹਵਾਈ ਅੱਡਾ ਵੀ ਹੈ। ਇਸ ਕਸਬੇ ਅੰਦਰ ਕਿਸ਼ਤੀਆਂ ਦਾ ਇਕ ਕਾਫੀ ਵੱਡਾ ਬੇੜਾ ਵੀ ਹੈ।
ਹਫ਼ਤੇ ਦੇ ਆਖ਼ਰੀ ਦਿਨੀਂ ‘ਗ੍ਰੇਟਰ ਵੈਨਕੂਵਰ’ ਤੋਂ ਸੈਲਾਨੀਆਂ ਦਾ ਆਉਣ-ਜਾਣ ਹੋਣ ਕਰ ਕੇ, ਇੱਥੋਂ ਦੇ ਵਪਾਰਕ ਅਦਾਰੇ ਉਨ੍ਹੀਂ ਦਿਨੀਂ ਵੀ ਖੁੱਲ੍ਹੇ ਰਹਿੰਦੇ ਹਨ। ਕੈਨੇਡਾ ਦੇ ਲੋਕ ਇੱਥੋਂ ਸਸਤੇ ਭਾਅ ਮਿਲਦੀ ਗੈਸ, ਸ਼ਰਾਬ ਅਤੇ ਰਸਦ ਲੈਣ ਆਉਂਦੇ ਰਹਿੰਦੇ ਹਨ। ਜਦੋਂ ਕੈਨੇਡੀਅਨ ਡਾਲਰ ਦਾ ਭਾਅ ਡਿਗਦਾ ਹੈ ਤਾਂ ਪੁਆਇੰਟ ਰੌਬਰਟਸ ਰਹਿੰਦੇ ਅਮਰੀਕੀ ਲੋਕ ਸੌਦਾ-ਸੁਲਫ਼ ਖਰੀਦਣ ਲਈ ਕੈਨੇਡਾ ਜਾਂਦੇ ਰਹਿੰਦੇ ਹਨ। 1986 ਤੋਂ ਪਹਿਲਾਂ ਜਦੋਂ ਐਤਵਾਰਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਸ਼ਰਾਬ ਨਹੀਂ ਵਿਕਦੀ ਹੁੰਦੀ ਸੀ ਤਾਂ ਕੈਨੇਡਾ ਵੱਲੋਂ ਲੋਕ, ਪੁਆਇੰਟ ਰੌਬਰਟਸ ਦੇ ਸ਼ਰਾਬਖ਼ਾਨੇ ਅਬਾਦ ਕਰਨ ਆਉਂਦੇ ਹੁੰਦੇ ਸਨ। ਇੱਥੋਂ ਦੇ ਡਾਕਖ਼ਾਨੇ ਦੇ ਬਹੁਤ ਸਾਰੇ ‘ਪੋਸਟ ਬਾਕਸਿਜ਼’, ਕੈਨੇਡਾ ਦੇ ਵਪਾਰੀਆਂ ਵੱਲੋਂ ਵਰਤੇ ਜਾਂਦੇ ਹਨ। ਉਨ੍ਹਾਂ ਨੂੰ ਇਹ ਸਹੂਲਤ ਸਸਤੀ ਹੀ ਨਹੀਂ, ਸ਼ਤਾਬੀ ਵੀ ਪੈਂਦੀ ਹੈ। ਇੱਥੇ ਰਹਿੰਦੇ ਲੋਕਾਂ ਦਾ ਜੁਰਮ ਨਾਲ਼ ਵਾਹ ਬਹੁਤ ਘੱਟ ਪੈਂਦਾ ਹੈ ਕਿਉਂ ਕਿ ਇਹ ਇਲਾਕਾ ਕਾਫੀ ਸੁਰੱਖਿਅਤ ਹੈ। ਇਸ ਸ਼ਹਿਰ ਵਿਚ ਕੋਈ ਹਸਪਤਾਲ, ਡਾਕਟਰ, ਦੰਦਸਾਜ਼, ਫਾਰਮਾਸਿਸਟ ਵਗ਼ੈਰਾ ਨਹੀਂ ਹੈ ਕਿਉਂ ਕਿ ਅਮਰੀਕਾ ਦੀਆਂ ਬੀਮਾ ਕੰਪਨੀਆਂ, ਕੈਨੇਡਾ ਦੇ ਡਾਕਟਰਾਂ ਤੋਂ ਇਲਾਜ ਕਰਾਉਣ ਦਾ ਭੁਗਤਾਨ ਨਹੀਂ ਕਰਦੀਆਂ। ਇਸ ਲਈ, ਪੁਆਇੰਟ ਰੌਬਰਟਸ ਵਾਲ਼ਿਆਂ ਨੂੰ, ਵੈਨਕੂਵਰ ਨੇੜੇ ਪੈਂਦਾ ਹੋਣ ’ਤੇ ਵੀ ਇਲਾਜ ਖ਼ਾਤਰ ਬੈਲਿੰਗਮ (ਵਾਸ਼ਿੰਗਟਨ) ਹੀ ਜਾਣਾ ਪੈਂਦਾ ਹੈ।
ਇੱਥੋਂ ਦਾ ਮੌਸਮ, ਵੈਨਕੂਵਰ ਆਈਲੈਂਡ ਕਾਰਨ, ਵੈਨਕੂਵਰ ਦੇ ਦੁਆਲੜੇ ਪਹਾੜਾਂ ਅਤੇ ਉੱਤਰੀ ਪਾਸੇ ਮਾਊਂਟ ਬੇਕਰ ਸਮੇਤ ਹੋਰ ਪਹਾੜੀਆਂ ਨਾਲ਼ ਪੈਦਾ ਹੋਏ ਥੋੜ੍ਹੇ ਹਵਾਈ ਦਬਾਅ ਦੇ ਅਸਰ ਅਧੀਨ ਹੋਣ ਦੀ ਵਜ੍ਹਾ ਨਾਲ਼, ਨਾ ਬਹੁਤਾ ਗਰਮ ਨਾ ਬਹੁਤਾ ਠੰਢਾ ਰਹਿੰਦਾ ਹੈ। ਇੱਥੇ ਬਰਫ਼ ਕਦੇ ਹੀ ਪੈਂਦੀ ਹੈ। 1988 ਤਕ ਇਸ ਸ਼ਹਿਰ ਦੇ ਟੈਲੀਫੋਨ ਨੰਬਰਾਂ ਵਿਚ ਬ੍ਰਿਟਿਸ਼ ਕੋਲੰਬੀਆ ਦਾ ਏਰੀਆ ਕੋਡ ‘604’ ਸ਼ਾਮਲ ਸੀ ਕਿਉਂ ਕਿ ਇੱਥੇ ਵੀ ਉਸੇ ਹੀ ਕੰਪਨੀ (ਬੀਸੀ ਟੈਲ) ਦੀਆਂ ਸੇਵਾਵਾਂ ਲਈਆਂ ਜਾਂਦੀਆਂ ਸਨ, ਜਿਹੜੀ ਬ੍ਰਿਟਿਸ਼ ਕੋਲੰਬੀਆ ਨੂੰ ਆਪਣੀਆਂ ਸੇਵਾਵਾਂ ਦਿੰਦੀ ਹੁੰਦੀ ਸੀ। ਇਹ ਕੰਪਨੀ, ਪੁਆਇੰਟ ਰਾਬਰਟਸ ਨੂੰ ਆਪਣੀਆਂ ਸੇਵਾਵਾਂ, ਕੈਨੇਡਾ ਦੇ ਸ਼ਹਿਰ ਡੈਲਟਾ ਦੀ ਐਕਸਚੇਂਜ ਰਾਹੀਂ ਦਿੰਦੀ ਹੁੰਦੀ ਸੀ। ਉਦੋਂ ਬ੍ਰਿਟਿਸ਼ ਕੋਲੰਬੀਆ ਤੋਂ ਪੁਆਇੰਟ ਰਾਬਰਟਸ ਨੂੰ ਫੋਨ ਕਰਨ ਦਾ ਖ਼ਰਚਾ ਲੋਕਲ ਕਾਲ ਦੇ ਖ਼ਰਚੇ ਦੇ ਬਰਾਬਰ ਹੁੰਦਾ ਸੀ, ਪਰ ਜਦੋਂ ਕਿ ਵਾਸ਼ਿੰਗਟਨ ਦੇ ਨਾਲ਼-ਨਾਲ਼ ਹੋਰ ਅਮਰੀਕੀ ਸ਼ਹਿਰਾਂ ਤੋਂ ਫੋਨ ਕਰਨ ’ਤੇ ਖ਼ਰਚਾ ਕੌਮਾਂਤਰੀ ਕਾਲ ਦੇ ਖ਼ਰਚੇ ਬਰਾਬਰ ਪੈਂਦਾ ਹੁੰਦਾ ਸੀ।
1988 ਵਿਚ ਪੁਆਇੰਟ ਰਾਬਰਟਸ ਦਾ ‘ਏਰੀਆ ਕੋਡ’ ਬਦਲ ਕੇ ‘206’ ਕਰ ਦਿੱਤਾ ਗਿਆ ਤੇ ਇਸ ਨੂੰ ‘ਐਕਸਚੇਂਜ-945’ ਨਾਲ਼ ਜੋੜ ਦਿੱਤਾ ਗਿਆ। ਫਿਰ 1995 ਵਿਚ ‘ਵਾਟਕਮ ਕਾਊਂਟੀ’ ਦਾ ਕੋਡ ਬਦਲਣ ਵੇਲ਼ੇ ਪੁਆਇੰਰ ਰੌਬਰਟਸ ਦਾ ਕੋਡ ਵੀ ‘360’ ਕਰ ਦਿੱਤਾ ਗਿਆ। ਭਾਵੇਂ ਕਾਗ਼ਜ਼ਾਂ ਵਿਚ ਇਹ ਕਸਬਾ/ ਸ਼ਹਿਰ ਸਿਆਟਲ ਦੀ ਟੈਲੀਵਿਜਨ ਮਾਰਕੀਟ ਨਾਲ਼ ਜੋੜਿਆ ਹੋਇਆ ਹੈ, ਪਰ ਇਹ, ਆਪਣੇ ਟੈਲੀਵਿਜਨਾਂ ਲਈ ਸਿਗਨਲ ‘ਡੈਲਟਾ ਕੇਬਲ’ ਤੋਂ ਹੀ ਲੈਂਦਾ ਹੈ। ਇੱਥੇ ‘ਪੀਅਰ ਰੈਸਟੋਰੈਂਟ’, ‘ਬਰਿਊਸਟਰ ਫਾਈਨ ਫੂਡਜ਼’, ‘ਸਾਊਥ ਬੀਚ ਹਾਊਸ’ ਅਤੇ ‘ਕੈਫੇ ਕਪਾਨਾ’ ਵਰਗੇ ਚਾਰ ਕੁ ਰੈਸਟੋਰੈਂਟ ਵੀ ਹਨ।
ਇਸ ਸ਼ਹਿਰ ਵਿਚ ਸਮੁੰਦਰ ਦੇ ਕੰਢੇ ‘ਲਾਈਟ ਹਾਊਸ ਪਾਰਕ’ ਵਿਚ ‘ਸਨਜ਼ਵੀਪ ਸਕੱਲਪਚਰ’ ਹਰ ਸੈਲਾਨੀ ਦਾ ਧਿਆਨ ਖਿੱਚਦਾ ਹੈ। ਗ੍ਰੇਨਾਈਟ ਪੱਥਰ ਤੋਂ ਇਹ ਕਲਾਤਮਕ ਨਮੂਨੇ, ਡੇਵਿਡ ਬਾਰ ਨਾਂ ਦੇ ਬੁੱਤਸਾਜ਼ ਨੇ 1985 ਵਿਚ ਬਣਾਏ ਤੇ ਦਾਨ ਕਰ ਦਿੱਤੇ ਸਨ। ਭਾਵੇਂ ਪਹਿਲੀ ਨਜ਼ਰੇ ਇਹ ਬੁੱਤ, ਸਮੁੰਦਰ ਵਿਚ ਤੈਰਦੀ ਕਿਸੇ ਵੇਲ ਮੱਛੀ ਦੀ, ਸਮੁੰਦਰੀ ਤਲ ਤੋਂ ਬਾਹਰ ਦਿਸਦੀ ਪੂਛ ਵਰਗੇ ਲੱਗਦੇ ਹਨ, ਪਰ ਕਿਹਾ ਜਾਂਦਾ ਹੈ ਕਿ ਇਹ ਨਮੂਨੇ ਪ੍ਰਤੀਕਾਤਮਕ ਤੌਰ ’ਤੇ, ਸਰਹੱਦ ਉੱਤੇ ਮਹਿਰਾਬ ਨੁਮਾ ਦਰਵਾਜ਼ੇ ਦੀ ਨਿਸ਼ਾਨਦੇਈ ਕਰਦੇ ਹਨ।
ਪੁਆਇੰਟ ਰਾਬਰਟਸ ਦੇ ਵਜੂਦ ਦੀ ਇਤਿਹਾਸਕ ਅਹਿਮੀਅਤ ਦਾ ਪ੍ਰਤੀਕ ਹੈ, ਇਸ ਸ਼ਹਿਰ ਦੇ ਉੱਤਰੀ-ਪੱਛਮੀ ਖੂੰਜੇ ਵਿਚ ਬਣਾਇਆ ਹੋਇਆ ਉਹ ਯਾਦਗ਼ਾਰੀ ਥੰਮ, ਜੋ ਅਮਰੀਕਾ ਅਤੇ ਕੈਨੇਡਾ ਵਿਚਾਲ਼ੇ ਸਰਹੱਦ ਦੀ ਨਿਸ਼ਾਨਦੇਈ ਕਰਨ ਸਬੰਧੀ ਕੀਤੀ ਗਈ ਸੰਧੀ ਦਾ ਨਿਸ਼ਾਨ ਹੈ। ਲਾਈਟ ਹਾਊਸ ਪਾਰਕ ਦੇ ਨਾਲ਼ੋਂ ਲੰਘਦੀ ਸੜਕ ਉੱਤੇ ਅੱਗੇ ਜਾ ਕੇ, ਸਟਰੇਟ ਆਫ ਜਾਰਜੀਆ ਦੇ ਮੱਥੇ ਉੱਤੇ ਬਣਾਏ ਹੋਏ, ਇਸ ‘ਮਾਰਕਰ ਨੰਬਰ ਇਕ’ ਦੇ ਨੇੜੇ ਅਸਮਾਨੀ ਰੰਗ ਦੀ ਇਕ ਪਥਰੀਲੀ ਤਖ਼ਤੀ ਲੱਗੀ ਹੋਈ ਹੈ, ਜਿਸ ਉੱਤੇ ਦਰਜ ਇਬਾਰਤ ਤੋਂ ਪਤਾ ਲੱਗਦਾ ਹੈ ਕਿ 15 ਜੂਨ, 1846 ਨੂੰ ਬਰਤਾਨੀਆ ਅਤੇ ਸੰਯੁਕਤ ਰਾਸ਼ਟਰ ਅਮਰੀਕਾ ਵਿਚਾਲ਼ੇ ਹੋਈ ਇਕ ਸੰਧੀ ਮੁਤਾਬਕ ‘49ਵੀਂ ਅਕਸ਼ਾਂਸ਼ ਰੇਖਾ’ ਨੂੰ ਇਨ੍ਹਾਂ ਦੋਹਾਂ ਮੁਲਕਾਂ ਦੀ ਸਰਹੱਦ ਕਰਾਰ ਦੇ ਦਿੱਤਾ ਗਿਆ। ਇਹ ਯਾਦਗ਼ਾਰ, 1865 ਵਿਚ ਇਸ ਸਰਹੱਦ ਨੂੰ ‘ਜਹਾਨ ਦੀ ਸਭ ਤੋਂ ਲੰਬੀ ਸੁੰਨੀ ਸਰਹੱਦ’ ਕਰਾਰ ਦਿੰਦਿਆਂ ਸਥਾਪਤ ਕੀਤੀ ਗਈ ਸੀ। ਇਸ ਤਖ਼ਤੀ ਉੱਤੇ ਦਰਜ ਇਬਾਰਤ ਪੜ੍ਹਦਿਆਂ ਮੈਂ ਸੋਚ ਰਿਹਾ ਸਾਂ ਕਿ ਕੀ ਇਹੋ ਜਿਹਾ ਸਮਝੌਤਾ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਵੀ ਕੀਤਾ ਜਾ ਸਕਦਾ ਹੈ?
ਇਸ ਸ਼ਹਿਰ ਨੂੰ ਰੱਜ ਕੇ ਦੇਖਣ/ ਮਾਨਣ ਖ਼ਾਤਰ ਇਕ ਵਾਰ ਫਿਰ ਇਸ ਦਾ ਗੇੜਾ ਮਾਰਨ ਦੀ ਇੱਛਾ ਬਰਕਰਾਰ ਹੈ।#
