ਸਿਰੇ ’ਤੇ ਗੰਢ-64

ਮਾਪਿਆਂ ਦੇ ਬੁਢਾਪੇ ਨੂੰ ਵਪਾਰ ਹੀ ਬਣਾ ਛੱਡੇਗੀ 
ਉਨ੍ਹਾਂ ਦੀ ਆਪਣੀ ਔਲਾਦ
ਬਖ਼ਸ਼ਿੰਦਰ
Email: bababax@gmail.com, Cell Phone : +1-778-378-9669

ਬਚਪਨ, ਜੁਆਨੀ ਤੇ ਬੁਢਾਪਾ-ਇਹ ਤਿੰਨ ਪੜਾਅ ਹਨ ਜ਼ਿੰਦਗ਼ੀ ਦੇ। ਬਚਪਨ ਤੋਂ ਪਹਿਲਾਂ ਕਿਸੇ ਬਾਰੇ ਕੋਈ ਇਲਮ ਨਹੀਂ ਹੁੰਦਾ, ਬੁਢਾਪੇ ਮਗਰੋਂ (ਮਰਨ ਮਗਰੋਂ) ਕਿਸੇ ਦਾ ਕੋਈ ਸੁਰ-ਪਤਾ ਜਾਂ ਖ਼ੁਰਾ-ਖੋਜ ਨਹੀਂ ਮਿਲਦਾ। ਬਚਪਨ ਵਿਚ ਜੀਵ ਨੂੰ ਹੱਸਣ-ਖੇਡਣ ਅਤੇ ਖਾਣ-ਪੀਣ ਤੋਂ ਇਲਾਵਾ ਕੋਈ ਕੰਮ ਨਹੀਂ ਹੁੰਦਾ। ਜੁਆਨੀ ਵੀ ਬਹੁਤਾ ਕਰ ਕੇ ਮਾਪਿਆਂ ਦੀ ਛਾਵੇਂ ਬੀਤਦੀ ਹੈ। ਬੁਢਾਪੇ ਵਿਚ, ਪਰਿਵਾਰ ਭਰਿਆ ਹੋਣ ’ਤੇ ਵੀ ਮਨੁੱਖ ਇਕੱਲਾ ਹੁੰਦਾ ਹੈ। ਹਾਂ, ਇਸ ਇਕਲਾਪੇ ਦਾ ਅਹਿਸਾਸ ਘੱਟ-ਵੱਧ ਹੋ ਸਕਦਾ ਹੈ। ਇਸੇ ਲਈ ਇਸ ਲੇਖ ਦੇ ਸਿਰਲੇਖ ਵਿਚ ਹੀ ਇਹ ਗੱਲ ਮੁਕਾ ਦਿੱਤੀ ਗਈ ਹੈ, “ਜੁਆਨੀ ਸਭ ’ਤੇ ਆਉਂਦੀ ਹੈ, ਬੁਢਾਪਾ ’ਕੱਲਿਆਂ ’ਤੇ ਹੀ ਆਉਂਦੈ!’ ਬਚਪਨ ਦੀ ਸ਼ੁਰੂਆਤ ਕਿਸੇ ਨੂੰ ਯਾਦ ਨਹੀਂ ਰਹਿੰਦੀ, ਬਚਪਨ ਛੱਡਣਾ ਕਿਸੇ-ਕਿਸੇ ਨੂੰ ਯਾਦ ਰਹਿੰਦਾ ਹੈ। ਜੁਆਨੀ ਚੜ੍ਹਨ ਵੇਲ਼ੇ ਸਾਰਾ ਜਹਾਨ ‘ਜੁਆਨ-ਜਹਾਨ’ ਲੱਗਦਾ ਹੈ। ਬੁਢਾਪਾ ਆਉਣ ਵੇਲ਼ੇ ਮਨੁੱਖ ਸੋਚਦਾ ਹੈ ਕਿ ਉਹ ਇਕੱਲਾ ਹੀ ਬੁੱਢਾ ਹੋਇਆ ਹੈ। ਉਹ ਏਦਾਂ ਨਾ ਵੀ ਸੋਚੇ, ਪਰ ਬਿਰਧ ਅਵਸਥਾ ਵਿਚ ਕਿਸੇ ਕੋਲ ਜਾਣ ਤੋਂ ਔਖਾ ਹੋ ਜਾਣ ਕਰ ਕੇ ਵੀ ਬਹੁਤ ਹੀ ਇਕੱਲਾ ਰਹਿ ਗਿਆ ਮਹਿਸੂਸ ਕਰਦਾ ਹੋਵੇਗਾ ਮਨੁੱਖ, ਘੱਟ ਤੋਂ ਘੱਟ ਮੈਂ ਤਾਂ ਇਹੋ ਮਹਿਸੂਸ ਕਰਦਾ ਹਾਂ।
ਬੁਢਾਪੇ ਬਾਰੇ ਆਪਣੀਆਂ ਕਮਲ਼ੀਆਂ ਜਾਂ ਉਰਲੀਆਂ-ਪਰਲੀਆਂ ਮਾਰਨ ਤੋਂ ਪਹਿਲਾਂ, ਦਾਨਿਸ਼ਵਰ ਅਤੇ ਸਿਆਣੇ ਲੋਕ, ਬੁਢਾਪੇ ਬਾਰੇ ਕਿੱਦਾਂ ਸੋਚਦੇ ਹਨ, ਤੁਹਾਨੂੰ ਇਸ ਦੇ ਦਰਸ਼ਨ-ਦੀਦਾਰੇ ਕਰਾਉਂਦੇ ਹਾਂ। ਸਟੀਫਨ ਰਿਚਰਡਜ਼ ਨਾਂ ਦਾ ਇਕ ਦਾਨਿਸ਼ਵਰ ਕਹਿੰਦਾ ਹੈ, “ਬੁੱਢੇ ਹੋਣ ਬਾਰੇ ਚੰਗੀ ਗੱਲ ਇਹ ਹੈ ਕਿ ਉਦੋਂ ਤੁਸੀਂ ਜੁਆਨ ਨਹੀਂ ਹੁੰਦੇ।” ਇਕ ਹੋਰ ਦਾਨਿਸ਼ਵਰ ਏਦਾਂ ਕਹਿੰਦਾ ਹੈ, “ਨੌਜੁਆਨਾਂ ਕੋਲ ਪੂਰੀਆਂ ਨਾ ਹੋਈਆਂ ਖ਼ਾਹਸ਼ਾਂ ਹੁੰਦੀਆਂ ਹਨ, ਬੁੱਢਿਆਂ ਕੋਲ ਉਸ ਸਭ ਕੁੱਝ ਦੀਆਂ ਯਾਦਾਂ ਹੁੰਦੀਆਂ ਹਨ, ਜੋ ਕਦੇ ਵੀ ਹੋਇਆ ਨਹੀਂ ਹੁੰਦਾ।” ਪ੍ਰਸਿੱਧ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਆਪਣੀ ਰਚਨਾ ‘ਮੈਮਰੀਜ਼ ਆਫ ਮਾਈ ਮੈਲਨਕਲੀ ਵ੍ਹੋਰਜ਼’ ਵਿਚ ਏਦਾਂ ਲਿਖ ਗਿਆ ਹੈ, “ਸੱਚਾਈ ਇਹ ਹੈ ਕਿ ਮੈਂ ਬੁੱਢਾ ਹੋ ਰਿਹਾ ਹਾਂ-ਮੈਂ ਕਿਹਾ। ਅਸੀਂ ਪਹਿਲਾਂ ਹੀ ਬੁੱਢੇ ਹਾਂ-ਉਸ ਨੇ ਹਉਕਾ ਲ਼ੈਂਦੀ ਨੇ ਕਿਹਾ। ਹੁੰਦਾ ਇਹ ਹੈ ਕਿ ਤੁਸੀਂ ਇਸ ਨੂੰ ਅੰਦਰੋਂ ਮਹਿਸੂਸ ਨਹੀਂ ਕਰਦੇ, ਪਰ ਬਾਹਰੋਂ ਬੁਢਾਪਾ ਹਰ ਇਕ ਨੂੰ ਦਿਸਦਾ ਹੈ।”
ਮੇਅ ਵੈਸਟ ਨਾਂ ਦੀ ਇਕ ਸਿਆਣੀ ਬੀਬੀ ਦਾ ਕਹਿਣ ਹੈ, “ਜੇ ਮੈਂ ਜਾਣਦੀ ਕਿ ਮੇਰੀ ਉਮਰ ਇੰਨੀ ਲੰਬੀ ਹੈ ਤਾਂ ਮੈਂ ਆਪਣਾ ਖ਼ਿਆਲ ਹੋਰ ਚੰਗੇ ਢੰਗ ਨਾਲ਼ ਰੱਖਣਾ ਸੀ।” ਕ੍ਰਿਸਟੋਫਰ ਮਾਰਲੋ ਦਾ ਕਹਿਣ ਹੈ, “ਖ਼ੁਸ਼ੀਆਂ ਭਰੇ ਆਪਣੇ ਸਾਰੇ ਪਲ ਸਮੇਟ ਲਓ, ਉਨ੍ਹਾਂ ਨਾਲ਼ ਬਿਰਧ ਅਵੱਸਥਾ ਲਈ ਵਧੀਆ ਗੱਦਾ ਬਣ ਜਾਂਦੈ।”  ਇਕ ਹੋਰ ਦਾਨਿਸ਼ਵਰ ਵੱਲੋਂ ਕਹੀ ਹੋਈ ਇਹ ਗੱਲ਼ ਵੀ ਘੱਟ ਦਿਲਚਸਪੀ ਭਰੀ ਨਹੀਂ ਹੈ, “ਮੈਂ ‘ਸੀਨੀਅਰ ਸਿਟੀਜ਼ਨ’ ਬਣਾਏ ਜਾਣ ਦੀ ਮੰਗ ਨਹੀਂ ਕੀਤੀ (ਪਰ ਮੈਨੂੰ ਬਣਾ ਦਿੱਤਾ ਗਿਆ ਹੈ)।” ਇਕ ਹੋਰ ਦਾਨਿਸ਼ਵਰ ਨੇ ਬੁਢਾਪੇ ਦੀ ਕਾਮਨਾ ਇਸ ਤਰ੍ਹਾਂ ਕੀਤੀ ਹੈ, “ਮੈਂ ਆਪਣੀ ਸੱਜਣੀ ਖ਼ਾਤਰ ਮਰ-ਮੁੱਕ ਜਾਣ ਲਈ ਤਿਆਰ ਹਾਂ, ਪਰ ਮੈਂ ਇਹ ਕੰਮ ਕਰਨ ਲਈ 75 ਸਾਲ ਲਾਉਣੇ ਚਾਹੁੰਦਾ ਹਾਂ।” ਬੁਢਾਪੇ ਦੀ ਸਿਫ਼ਤ ਵਿਚ ਜੂਲਜ਼ ਰੇਨਾਰਡ ਨੇ ਇਹ ਫ਼ਰਮਾਇਆ ਹੋਇਆ ਹੈ, “ਅਹਿਮੀਅਤ ਇਸ ਗੱਲ ਦੀ ਨਹੀਂ ਕਿ ਤੁਹਾਡੀ ਉਮਰ ਇੰਨੀ ਹੈ, ਸਗੋਂ ਅਹਿਮ ਇਹ ਗੱਲ ਹੈ ਕਿ ਤੁਸੀਂ ਇੰਨੀ ਉਮਰ ਬਿਤਾਈ ਕਿੱਦਾਂ ਹੈ।” ਸਿਆਣਿਆਂ ਦੇ ਕਥਨਾਂ ਦਾ ਇਹ ਸਿਲਸਿਲਾ ਮੁਕਾਉਂਦਾ ਹਾਂ, ਆਪਣੇ ਵੱਲੋਂ ਅਕਸਰ ਦੁਹਰਾਏ ਜਾਂਦੇ ਰਹੇ ਇਸ ਕਥਨ ਨਾਲ਼, “ਜੁਆਨੀ ਸਾਡੇ ਉੱਤੇ ਆਈ ਨਹੀਂ, ਬੁਢਾਪਾ ਅਸੀਂ ਆਉਣ ਨਹੀਂ ਦੇਣਾ!” ਇਸ ਦੇ ਨਾਲ਼ ਹੀ ਕਹਿਣਾ ਚਾਹਾਂਗਾ ਕਿ ਮੈਂ ਇਹ ਗੱਲ ਕਦੇ ਵੀ ਸੰਜੀਦਗ਼ੀ ਨਾਲ਼ ਨਹੀਂ ਕਹੀ।
‘ਬੁੱਢਾ’, ‘ਬਿਰਧ’, ‘ਬਜ਼ੁਰਗ਼’, ‘ਬੁੜ੍ਹਾ’, ‘ਸਿਆਣਾ’ ਅਤੇ ‘ਵੱਡਾ-ਵਡੇਰਾ’ ਲੱਲੇ-ਭੱਬੇ ਦੇ ਫ਼ਰਕ ਨਾਲ਼ ਸਮਅਰਥੀ ਸ਼ਬਦ ਹੀ ਹਨ। “ਇਕ ਆਦਮੀ ਚਾਰ-ਚਾਰ ਬੱਚੇ ‘ਪਾਲ਼’ ਸਕਦਾ ਹੈ, ਉਹ ‘ਚਾਰੇ ਹੀ’ ਬੱਚੇ ਜੁਆਨ ਹੋ ਕੇ ਵੀ, ਆਪਣੇ ‘ਇਕਲੌਤੇ ਬੁੱਢੇ ਬਾਪ’ ਦੀ ‘ਸਾਂਭ-ਸੰਭਾਲ’ ਨਹੀਂ ਕਰ ਸਕਦੇ” ਇਹ ਗੱਲ ਵੀ ਕਿਸੇ ਨੇ ਆਪਣੇ ਪਿੰਡੇ ਉੱਤੇ ਹੰਢਾਉਣ ਮਗਰੋਂ ਹੀ ਕਹੀ ਹੋਈ ਹੈ। ਬੁਢਾਪੇ ਨਾਲ਼ ਜੁੜੀ ਹੋਈ ਇਕ ਹੋਰ ਦੁਖਦਾਈ ਗੱਲ ਇਹ ਹੈ ਕਿ ਕਿਸੇ ਵਿਅਕਤੀ ਵੱਲੋਂ ਆਪਣੀ ਔਲਾਦ ਨੂੰ ਪਾਲਣ, ਪੜ੍ਹਾਉਣ-ਲਿਖਣ ਅਤੇ ਪ੍ਰਵਾਨ ਚੜ੍ਹਾਉਣ ਲਈ ਲਈ ਜਿਹੜੇ ਜ਼ਫ਼ਰ ਜਾਲ਼ੇ ਗਏ ਹੁੰਦੇ ਹਨ, ਉਹ ਉਸ ਦੀ ਔਲਾਦ ਦੀਆਂ ਅੱਖਾਂ ਤੋਂ ਉਹਲੇ ਹੀ ਰਹਿ ਜਾਂਦੇ ਹਨ। ਇਸ ਤੋਂ ਬਾਅਦ ਸਾਡਾ ਵਿਦਿਅਕ ਸਿਸਟਮ ਅਤੇ ਸਾਡਾ ਸਭਿਆਚਾਰ ਸਾਡੀ ਔਲਾਦ ਨੂੰ ਇਹੋ ਜਿਹਾ ਬਹੁਤ ਕੁੱਝ ਸਿਖਾ ਦਿੰਦਾ ਹੈ, ਜੋ ਮਾਪਿਆਂ ਦੇ ਬੁਢਾਪੇ ਦੇ ਖ਼ਿਲਾਫ਼ ਹੀ ਭੁਗਤਦਾ ਹੈ। 
ਆਪਣੀ ਜਾਨ ਹੂਲ ਕੇ ਆਪਣੇ ਬੱਚਿਆਂ ਨੂੰ ਵਧੀਆ ਅਦਾਰਿਆਂ ਤੋਂ ਮਹਿੰਗੇ ਭਾਅ ਵਿੱਦਿਆ ਦੁਆਉਣ ਦੀ ਗੱਲ਼, ਬੱਚਿਆਂ ਵੱਲੋਂ ਇਹ ਕਹਿਣ ਨਾਲ਼ ਹੀ ਨਕਾਰ ਦਿੱਤੀ ਜਾਂਦੀ ਹੈ, “ਆਪਣੇ ਬੱਚਿਆਂ ਨੰ ਪੜ੍ਹਾਉਣਾ-ਲਿਖਾਉਣਾ ਕੋਈ ਬਹੁਤ ਵੱਡਾ ਮਾਅਰਕਾ ਮਾਰਨ ਵਾਲ਼ੀ ਗੱਲ ਤਾਂ ਨਹੀਂ ਕਿਉਂ ਕਿ ਉਨ੍ਹਾਂ ਦੇ ਮਾਪਿਆਂ ਨੂੰ, ਉਨ੍ਹਾਂ ਦੇ ਮਾਪਿਆਂ (ਦੇ ਮਾਪਿਆਂ) ਨੇ ਵੀ ਤਾਂ ਪੜ੍ਹਾਇਆ-ਲਿਖਾਇਆ ਸੀ।”  ਇਹ ਤਾਂ ਕੁੱਝ ਵੀ ਨਹੀਂ, ਕਈ ਬਜ਼ੁਰਗ਼ ਤਾਂ ਬੁਢਾਪੇ ਵਿਚ ਇੰਨੇ ਮਜਬੂਰ ਕਰ ਸੁੱਟੇ ਜਾਂਦੇ ਹਨ ਕਿ ਉਹ ਆਪਣੀ ਵੇਦਨਾ ਕਿਸੇ ਨੂੰ ਸੁਣਾ ਕੇ ਵੀ ਹੌਲ਼ੇ ਨਹੀਂ ਹੋ ਸਕਦੇ। ਇਹੋ ਜਿਹੇ ਹੀ ਇਕ ਬਾਬੇ ਨੇ ਆਪਣੀ ਦਾਸਤਾਨ ਸੁਣਾਉਂਦਿਆਂ, ਇਕ ਸੁਆਲ ਸਾਡੇ ਵੱਲ ਦਾਗ਼ ਦਿੱਤਾ। ਅਖੇ, “ਬਿਰਧ ਉਮਰੇ ਤੁਹਾਡਾ ਸਭ ਤੋਂ ਜ਼ਬਰਦਸਤ ਦੁਸ਼ਮਣ ਕੌਣ ਹੁੰਦੈ?” ਅਸੀਂ ਕਦੇ ‘ਬਿਮਾਰੀ’ ਕਹਿੰਦੇ ਰਹੇ ਤੇ ਕਦੇ ‘ਜ਼ਹਿਮਤ’ ਆਖ਼ਦੇ ਰਹੇ, ਪਰ ਉਹ ਨਾ ਵਿਚ ਸਿਰ ਮਾਰਦਾ ਰਿਹਾ। ਜਦੋਂ ਅਸੀਂ ਆਪਣੀ ਅਕਲ ਨਾਲ਼ ਉਸ ਦੇ ਤਜਰਬੇ ਨੂੰ ਕਾਟ ਨਾ ਕਰ ਸਕੇ ਤਾਂ ਉਹ ਕਹਿਣ ਲੱਗਿਆ, “ਤੁਹਾਡੀ ਆਪਣੀ ਔਲਾਦ ਤੁਹਾਡਾ ਸਭ ਤੋਂ ਘਾਤਕ ਦੁਸ਼ਮਣ ਹੁੰਦੀ ਐ ਭਲਿਓ ਮਾਣਸੋ! ਜਿਹੜੀ ਤੁਹਾਡੇ ਉੱਤੇ ਵਾਰ ਕਰੇਗੀ ਤਾਂ ਤੁਹਾਨੂੰ ਉਸ ਦਾ ਵਾਰ ਜਰਨਾ ਹੀ ਪਵੇਗਾ ਕਿਉਂ ਕਿ ਤੁਸੀਂ ਉਸ ਉੱਤੇ ਮੋੜਵਾਂ ਵਾਰ ਨਹੀਂ ਕਰ ਸਕੋਗੇ।” ਜਿਹੜੀ ਚਲਾਕ ਔਲਾਦ ਆਪਣੇ ਬਾਪ ਦੀ ਸਾਰੀ ਉਮਰ ਦੀ ਘਾਲ-ਕਮਾਈ ਦੀ ਥਾਹ ਪਾ ਲੈਂਦੀ ਹਾਂ ਜਾਂ ਆਨੀਂ-ਬਹਾਨੀਂ ਉਹ ਕਮਾਈ ਹਥਿਆ ਲੈਂਦੀ ਹੈ, ਉਹ ਤਾਂ ਆਪਣੇ ਬਾਪ ਦੀ ਆਖ਼ਰੀ ਉਮਰ ਅਜ਼ਾਬ ਬਣਾ ਧਰਦੀ ਹੈ। ਰਿਟਾਇਰ ਹੋਣ ਵਾਲ਼ੇ ਮਾਪਿਆਂ ਨੂੰ ਰਿਟਾਇਰ ਹੋਣ ਤੋਂ ਪਹਿਲਾਂ ਹੀ, ਰਿਟਾਇਰ ਹੋਣ ਸਮੇਂ ਮਿਲਣ ਵਾਲ਼ੇ ਸਰਮਾਏ ਨੂੰ ਸੰਭਾਲਣ ਦੀ ਵਿਉਂਤ ਬਣਾ ਲੈਣੀ ਚਾਹੀਦੀ ਹੈ। ਅੱਜ ਦੇ ਪਦਾਰਥਵਾਦੀ ਸੰਸਾਰ ਵਿਚ ਕਿਸੇ ਰਿਟਾਇਰ ਵਿਅਕਤੀ ਦੀ ਬਚਾਈ ਹੋਈ ਜਮ੍ਹਾ ਪੂੰਜੀ ਹੀ ਕਿਸੇ ਹੱਦ ਤਕ ਉਸ ਦਾ ਬੁਢਾਪਾ ਸੁੱਖੀਂ-ਸਾਂਦੀ ਬੀਤਣ ਦੀ ਜ਼ਾਮਨ ਹੁੰਦੀ ਹੈ। ਉਹ ਕਮਾਈ, ਔਲਾਦ ਦੇ ਸਾਹਮਣੇ ਜ਼ਾਹਰ ਕਰ ਦੇਣ ਜਾਂ ਔਲਾਦ ਨੂੰ ਸੌਂਪ ਦੇਣ ਨਾਲ਼ ਉਸ ਔਲਾਦ ਦੇ, ਬੁਢਾਪੇ ਵਿਚ ਖੱਜਲ ਹੋਣ ਦੇ ਆਸਾਰ ਹੀ ਨਹੀਂ ਬਣ ਜਾਂਦੇ, ਸਗੋਂ ਉਸ ਜਮ੍ਹਾ ਪੂੰਜੀ ਦੇ ਹਿਸਾਬ ਨਾਲ਼ ਸਬੰਧਤ ਬਜ਼ੁਰਗ ਦੇ ਵਜੂਦ ਉੱਤੇ ਉਸ ਦੀ ਕੀਮਤ ਦਾ ‘ਟੈਗ’ ਵੀ ਲੱਗ ਜਾਂਦਾ ਹੈ।
ਨੌਕਰੀ ਅਤੇ ਰੁਜ਼ਗ਼ਾਰ ਦੇ ਨਾਲ਼-ਨਾਲ਼, ਸਮਾਜ ਸ਼ਾਸਤਰ ਦੇ ਲਿਹਾਜ਼ ਨਾਲ਼ ਬੁਢਾਪੇ ਦੀ ਉਮਰ 60 ਜਾਂ 65 ਸਾਲ ਜਾਂ ਇਸ ਤੋਂ ਉੱਪਰ ਮੰਨੀ ਜਾਂਦੀ ਹੈ। ਬਿਰਧ ਅਵੱਸਥਾ ਦੀ ਦੋਹਰੀ ਪਰਿਭਾਸ਼ਾ ਹੈ। ਉਮਰ ਦਾ ਇਹ ਪੜਾਅ, ਕਿਸੇ ਵਿਅਕਤੀ ਦਾ ਆਖ਼ਰੀ ਪੜਾਅ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਇਸ ਉਮਰ ਦੇ ਲੋਕ, ਉਸ ਵਰਗ ਵਿਚ ਸ਼ਾਮਲ ਹੋ ਜਾਂਦੇ ਹਨ, ਜਿਹੜੇ ਜਾਂਦੀ ਹੋਈ ਜਾਂ ਗੁਜ਼ਰਦੀ ਜਾ ਰਹੀ ਨਸਲ ਦੇ ਪ੍ਰਤੀਕ ਹੁੰਦੇ ਹਨ। ਕਿਸੇ ਦੀ ਬਿਰਧ ਅਵੱਸਥਾ ਦੇ ਸਮਾਜਕ ਪਹਿਲੂਆਂ ਉੱਤੇ ਉਸ ਵਿਅਕਤੀ ਵੱਲੋਂ ਨਿਭਾਏ /ਹੰਢਾਏ ਗਏ ਰਿਸ਼ਤਿਆਂ ਦਾ ਅਸਰ ਬਹੁਤ ਪ੍ਰਤੱਖ ਦਿਸਿਆ ਕਰਦਾ ਹੈ। ਵੱਖ-ਵੱਖ ਸਮਾਜਾਂ ਅੰਦਰ ਸਰਬ ਵਿਆਪਕ ਢੰਗ ਨਾਲ਼ ਇਹੋ ਜਿਹੀ ਕੋਈ ਉਮਰ ਨਹੀਂ ਮੰਨੀ ਜਾਂਦੀ, ਜਿਸ ਨੂੰ ਬਿਰਧ ਅਵੱਸਥਾ ਸਮਝਿਆ ਜਾਵੇ। ਉਮਰ ਦੀ ਇਸ ਹੱਦ ਦੇ ਸਬੰਧ ਵਿਚ ਵੱਖ-ਵੱਖ ਸਮਾਜਾਂ ਅੰਦਰ ਵੱਖੋ-ਵੱਖ ਧਾਰਨਾਵਾਂ ਹਨ। ਇਸ ਤੋਂ ਇਲਾਵਾ, ਜੀਵਨ ਸ਼ਾਸਤਰੀ ਕਿਸੇ ਮਨੁੱਖ ਅੰਦਰ ਜਮਾਂਦਰੂ ਹੀ ਬੁੱਢੇ ਹੋਣ ਦੀ ਵਜ੍ਹਾ ਹੋਣ ਦੇ ਸਬੰਧ ਵਿਚ ਇਕਮਤ ਨਹੀਂ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਰਿਟਾਇਰ ਹੋਣ ਦੇ ਯੋਗ ਹੋਣ ਦੀ ਉਮਰ 60 ਜਾਂ 65 ਸਾਲ ਮਿੱਥੀ ਹੋਈ ਹੈ। ਇਸ ਦੇ ਨਾਲ਼ ਹੀ ਕਈ ਮੁਲਕਾਂ ਵਿਚ ਸੇਵਾ ਮੁਕਤੀ ਦੀ ਉਮਰ 35-40ਵਿਆਂ ਤੋਂ 70ਵਿਆਂ ਦੇ ਵਿਚਾਲ਼ੇ ਜਿਹੇ ਮਿੱਥੀ ਹੋਈ ਹੈ।ਸ਼ਾਇਦ ਸਾਰੇ ਮਾਪਿਆਂ ਉੱਤੇ ਬੁਢਾਪਾ ਨਾ ਆਉਂਦਾ, ਜੇ ਉਨ੍ਹਾਂ ਦੀਆਂ ਔਲਾਦਾਂ ਉਨ੍ਹਾਂ ਨੂੰ ਜਬਰੀ ਬੁੱਢੇ ਕਰਨ ਉੱਤੇ ਨਾ ਤੁਲਦੀਆਂ। ਅੱਜ-ਕੱਲ੍ਹ ਤਕਰੀਬਨ ਹਰ ਮੁਲਕ ਦੀ ਸਰਕਾਰ ਆਪਣੇ ‘ਸਿਆਣੀ ਉਮਰ ਦੇ ਸ਼ਹਿਰੀਆਂ’ ਦੀ ਉਮਰ ਦਾ ਆਖ਼ਰੀ ਦੌਰ, ਵਧੀਆ ਢੰਗ ਨਾ ਲੰਘਾਉਣ ਦਾ ਪ੍ਰਬੰਧ ਕਰਦੀ ਹੈ ਜਾਂ ਅਜਿਹਾ ਕਰਨ ਦੀ ਫੜ੍ਹ ਲਾਜ਼ਮੀ ਮਾਰਦੀ ਹੈ। ਇਹ ਵੱਖਰੀ ਗੱਲ ਹੈ ਕਿ ਬਿਰਧਾਂ ਨੂੰ ਦਿੱਤੀ ਜਾਂਦੀ ਆਰਥਕ ਸਹਾਇਤਾ, ਹਰ ਸਾਲ ਵਧਦੀ ਮਹਿੰਗਾਈ ਨਾਲੋਂ ਕਿਤੇ ਪਿਛਾਂਹ ਰਹਿ ਜਾਂਦੀ ਹੈ।
ਇਸ ਦੌਰਾਨ ਹੀ ਇਹ ਵੀ ਦੇਖਣ ਵਿਚ ਆਇਆ ਹੈ ਕਿ ਵੱਖ-ਵੱਖ ਸਰੀਰਾਂ ਉੱਤੇ ਬੁਢਾਪੇ ਦਾ ਅਸਰ ਵੱਖ-ਵੱਖ ਤਰ੍ਹਾਂ ਪੈਂਦਾ ਹੈ। ਕਈ ਵਾਰੀ ਬੁਢਾਪਾ ਢਲਦੀ ਉਮਰੇ ਚੁੰਬੜੀਆਂ ਬਿਮਾਰੀਆਂ ਨਾਲ਼ ਲੱਦਿਆ ਜਾਂਦਾ ਹੈ। ਬਹੁਤੀ ਵਾਰੀ ਬੁਰੇ ਦਿਨਾਂ ਲਈ ਬਚਾ-ਬਚਾ ਰੱਖਿਆ ਹੋਇਆ ਧਨ, ਦਵਾਈਆਂ ਨਿਗਲਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਬੁਢਾਪਾ ਹੋਰ ਵੀ ਹੌਲਨਾਕ ਜਿਹਾ ਹੋ ਜਾਂਦਾ ਹੈ। ਇਸ ਲਈ ਬਜ਼ੁਰਗ਼ਾਂ ਦਾ ਖ਼ਿਆਲ ਰੱਖਣ ਲਈ ਸਰਕਾਰਾਂ ਵੱਲੋਂ ਬਣਾਏ ਜਾਂਦੇ ਪ੍ਰੋਗਰਾਮਾਂ ਦੀ ਸਮੀਖਿਆ ਵੀ ਵਰ੍ਹੇ-ਛਿਮਾਹੀ ਹੁੰਦੀ ਰਹਿਣੀ ਚਾਹੀਦੀ ਹੈ। ਬੁਢਾਪੇ ਵਿਚ ਮਨੁੱਖਾਂ ਨੂੰ ਲੋੜੀਂਦੀਆਂ ਚੀਜ਼ਾਂ ਸਰਕਾਰਾਂ ਨੂੰ ਸਸਤੀਆਂ ਕਰਨੀਆਂ ਚਾਹੀਦੀਆਂ ਹਨ।
ਇਸ ਗੱਲ ਵੱਲ ਖ਼ਾਸ ਤੌਰ ’ਤੇ ਗ਼ੌਰ ਕੀਤਾ ਜਾਣਾ ਬਣਦਾ ਹੈ ਕਿ ਸਾਇੰਸ ਵੀ ਇਹ ਗੱਲ ਸਹੀ ਸਿੱਧ ਨਹੀਂ ਕਰ ਸਕੀ ਕਿ ਬੁਢਾਪੇ ਵਿਚ ਕੋਈ ਬਜ਼ੁਰਗ਼ ਸਿਆਣਪ ਅਤੇ ਅਕਲ ਪੱਖੋਂ ਊਣਾ ਹੋ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਬਿਰਧ ਸਰੀਰ ਕੁੱਝ ਜਿਸਮਾਨੀ ਸਰਗ਼ਰਮੀਆਂ ਕਰਨ ਤੋਂ ਅਸਮਰੱਥ ਹੋ ਜਾਵੇ, ਪਰ ਸਿਆਣੀ ਉਮਰ ਦੇ ਲੋਕ ਅਕਲੋਂ ਵੀ ਸਿਆਣੇ ਹੀ ਰਹਿੰਦੇ ਹਨ, ਬਸ਼ਰਤਿ ਕਿ ਉਨ੍ਹਾਂ ਦੀ ਅਕਲ ਰੋਲ਼ੀ-ਮਧੋਲ਼ੀ ਨਾ ਜਾ ਰਹੀ ਹੋਵੇ। ਬੁਢਾਪੇ ਨਾਲ਼ ਮਨੁੱਖ ਅੰਦਰ ਜਿਨਸੀ ਸਮਰੱਥਾ ਘਟ ਜਾਂਦੀ ਹੈ, ਪਰ ਮਾਹਰਾਂ ਦਾ ਕਹਿਣ ਹੈ ਕਿ ਪਰ ਜੇ ਕੋਈ ਬਜ਼ੁਰਗ਼ ਇਸ ਪੱਖੋਂ ਸਰਗ਼ਰਮ ਹੈ ਤਾਂ ਉਸ ਵੱਲੋਂ ਇਹ ਸਰਗ਼ਰਮੀ ਜਾਰੀ ਰੱਖਣ ਵਿਚ ਵੱਡੀ ਉਮਰ ਕੋਈ ਅੜਿੱਕਾ ਨਹੀਂ ਹੈ। ਬਿਰਧ-ਰੋਗ ਵਿਗਿਆਨ ਦੇ ਡੂੰਘੇ ਅਧਿਐਨ ਨੇ ਬੁੱਢੇ ਹੋਣ ਦੇ ਅਮਲ ਨਾਲ਼ ਜੁੜੇ ਅਨੇਕਾਂ ਕਿਆਫ਼ੇ ਤਾਂ ਨਕਾਰ ਦਿੱਤੇ ਹਨ, ਪਰ ਫਿਰ ਵੀ ਇਸ ਸਬੰਧ ਵਿਚ ਕਿਸੇ ਨਤੀਜੇ ਉੱਤੇ ਪਹੁੰਚਣ ਜੋਗੀ ਜਾਣਕਾਰੀ ਦੀ ਘਾਟ ਹੀ ਹੈ। 
ਭਾਵੇਂ ਵਡੇਰੀ ਉਮਰ ਦੇ ਵਿਅਕਤੀਆਂ ਦੀ ਸਿਆਣਪ ਅਤੇ ਲਿਆਕਤ ਨਕਾਰਨ ਲਈ, ਉਨ੍ਹਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਤਾਂ ਹੁਣ ਘਰ ਰਹਿ ਕੇ ਬੱਚਿਆਂ ਨਾਲ਼ ਖੇਡਿਆ ਕਰਨ ਜਾਂ ਉਨ੍ਹਾਂ ਨੂੰ ਖਿਡਾਇਆ ਕਰਨ, ਪਰ ਅਜੇ ਵੀ ਕੁੱਝ ਖੇਤਰ ਇਹੋ ਜਿਹੇ ਹਨ, ਜਿਨ੍ਹਾਂ ਵਿਚ ਬਜ਼ੁਰਗ਼ਾਂ ਦੀ ਖ਼ਾਸ ਕਦਰ ਹੈ। ਇਨ੍ਹਾਂ ਵਿਚੋਂ ਇਕ ਖੇਤਰ ਸਿਆਸਤ ਦਾ ਹੈ। ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਉਂ ਹੀ ਕਿਸੇ ਮਰਦ ਜਾਂ ਔਰਤ ਦੀ ਉਮਰ ਵਡੇਰੀ ਹੁੰਦੀ ਹੈ, ਉਹ ਆਪਣੇ ਪੁਰਾਣੇ ਚੌਗਿਰਦੇ ਜਾਂ ਮਾਹੌਲ ਵਿਚ ਹੀ ਰਹਿਣਾ ਪਸੰਦ ਕਰਦੇ ਹਨ, ਪਰ ਸਨਅਤੀ ਮੁਲਕਾਂ ਵਿਚ ਨੌਜੁਆਨ ਧੀਆਂ-ਪੁੱਤਰ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ‘ਬੁੜੇ-ਬੁੜੀਆਂ’ ਉਨ੍ਹਾਂ ਦੇ ਨਾਲ਼ ਰਹਿਣ। ਉਹ ਉਨ੍ਹਾਂ ਨੂੰ ਵੱਖਰੇ ਕਰ ਦਿੰਦੇ ਹਨ, ਜਿਸ ਨਾਲ਼ ਉਨ੍ਹਾਂ ਦਾ ਪਰਿਵਾਰਕ ਢਾਂਚਾ ਵੀ ਨਾ ਸਿਰਫ਼ ਹਿੱਲ ਜਾਂਦਾ ਹੈ, ਸਗੋਂ ਬਦਲ ਵੀ ਜਾਂਦਾ ਹੈ। 
ਬਜ਼ੁਰਗ਼ਾਂ ਨੂੰ ਕਮਜ਼ੋਰ ਧਿਰ ਮੰਨਿਆ ਜਾਂਦਾ ਹੈ ਤੇ ਉਹ ਛੇਤੀ ਕੀਤਿਆਂ ਕੁੱਝ ਤੋੜ ਨਹੀਂ ਸਕਦੇ, ਪਰ ਫਿਰ ਵੀ ਪੁਰਾਣੇ ਪਰਿਵਾਰਕ ਢਾਂਚੇ ਟੁੱਟਣ-ਤਿੜਕਣ ਦਾ ਸਾਰਾ ਹੀ ਦੋਸ਼ ਬਜ਼ੁਰਗ਼ਾਂ ਦੇ ਸਿਰ ਲੱਗਦਾ ਹੈ। 69 ਸਾਲਾਂ ਦੀ ਉਮਰ ਦੀ, ਊਸ਼ਾ ਮੰਤਰੀ ਨਾਂ ਦੀ ਔਰਤ, ਮੁੰਬਈ ਵਿਚ ਆਪਣੇ ਪੁੱਤਰ ਦੇ ਘਰੋਂ ਦੋ ਕੁ ਘੰਟੇ ਵਿਚ (ਮੋਟਰ-ਕਾਰ ਰਾਹੀਂ) ਤੈਅ ਹੋਣ ਵਾਲ਼ੇ ਫਾਸਲੇ ’ਤੇ ਇਕ ਇਹੋ ਜਿਹੇ ਪਿੰਡ ਵਿਚ ਰਹਿੰਦੀ ਹੈ, ਜਿਸ ਵਿਚ ਬਜ਼ੁਰਗ਼ ਹੀ ਵਸਦੇ ਹਨ। ਭਾਰਤ ਦੇ ਪੱਛਮੀਂ ਪਹਾੜਾਂ ਵਿਚ ‘ਦ ਡਿਗਨਿਟੀ ਫਾਊਂਡੇਸ਼ਨ’ ਵਲੋਂ ਬਿਰਧਾਂ ਖ਼ਾਤਰ ਵਸਾਇਆ ਹੋਇਆ ਇਹ ਪਿੰਡ, ਜੋ ਭਾਰਤ ਵਿਚ ਆਪਣੀ ਕਿਸਮ ਦਾ ਪਹਿਲਾ ਤੇ ਨਿਰਾਲਾ ਪਿੰਡ ਹੈ, ਮੁੰਬਈ ਤੋਂ 50 ਕੁ ਕਿਲੋ ਮੀਟਰ ਪੂਰਬ ਵਾਲ਼ੇ ਪਾਸੇ ‘ਨੇਰਾਲ’ ਨੇੜੇ ਸਥਿਤ ਹੈ। ਊਸ਼ਾ ਨੇ ਸਾਂਝੇ ਘਰ ਦੀ ਪਰੰਪਰਾ ਤੋੜ ਕੇ ‘ਬੰਗਲਾ ਬਨੇ ਨਯਾਰਾ’ ਦੀ ਤਰਜ਼ ਉੱਤੇ ਇੱਥੇ ਘਰ ਵਸਾਇਆ ਹੋਇਆ ਹੈ। ਇਸ ਪਿੰਡ ਵਿਚ ਉਸ ਦੇ ਘਰ ਨੇੜੇ ਇਕ ਮੰਦਰ ਹੈ। ਉਹ ਇੱਥੇ ਆਉਂਦੇ ਸ਼ਰਧਾਲੂਆਂ ਦੀ ਸੇਵਾ ਦੇਸੀ ਮਾਲਿਸ਼ ਕਰ ਕੇ ਕਰਦੀ ਹੈ ਤੇ ਆਪਣਾ ਪੇਟ ਪਾਲਣ ਲਈ ਚਾਰ ਪੈਸੇ ਕਮਾ ਲੈਂਦੀ ਹੈ।
ਇਸ ਪਿੰਡ ਦਾ ਗੇੜਾ ਮਾਰਨ ਗਏ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਊਸ਼ਾ ਮੰਤਰੀ ਨੇ ਕਿਹਾ, “ਮੈਂ ਹੋਰ ਤਰ੍ਹਾਂ ਸੋਚਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਮੇਰੀ ਗੁਲਾਮੀ ਹੇਠ ਨਾ ਰਹਿਣ, ਸਗੋਂ ਆਪਣੀ ਜ਼ਿੰਦਗ਼ੀ ਪੂਰੀ ‘ਖੁੱਲ੍ਹ-ਖੇਡ’ ਨਾਲ਼ ਬਿਤਾਉਣ। ਇਸ ਦੇ ਨਾਲ਼ ਹੀ ਮੈਂ ਇਹ ਵੀ ਚਾਹੁੰਦੀ ਹਾਂ ਕਿ ਮੈਨੂੰ ਵੀ ਆਪਣੇ ਨੂੰਹ-ਪੁੱਤਰ ਦਾ ‘ਗੁਲੰਮ’ ਨਾ ਹੰਢਾਉਣਾ ਪਵੇ।” ‘ਡਿਗਨਿਟੀ ਕੰਪਲੈਕਸ’ (ਇਸ ਪਿੰਡ) ਵਿਚ ਆ ਕੇ ਵਸੀ ਪਹਿਲੀ ਔਰਤ ਊਸ਼ਾ ਮੰਤਰੀ, ਨੌਂ ਸਾਲ ਪਹਿਲਾਂ ਇੱਥੇ ਆਈ ਸੀ। ਹੁਣ ਉਨ੍ਹਾਂ ਦੇ 60 ਤੋਂ ਵੱਧ ਗੁਆਂਢੀ ਹਨ। ਇਸ ਤੋਂ ਇਲਾਵਾ ਵੀ ਭਾਰਤ ਵਿਚ ਬਿਰਧਾਂ ਦੀਆਂ ਵੱਖਰੀਆਂ ਬਸਤੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਭਾਵੇਂ ਬਹੁਤ ਸਾਰੇ ਬਿਰਧ ਮਾਪੇ ਆਪਣੇ ਬੱਚਿਆਂ ਨਾਲ਼ ਹੀ ਰਹਿਣਾ ਪਸੰਦ ਕਰਦੇ ਹਨ, ਜਿੱਦਾਂ-ਜਿੱਦਾਂ ਦੇਸ਼ ਵਿਕਾਸ ਕਰੀ ਜਾਂਦਾ ਹੈ, ਬਦਲਵੇਂ ਪ੍ਰਬੰਧ ਕਰਨ ਦੀ ਮੰਗ ਵੀ ਜ਼ੋਰ ਫੜਦੀ ਜਾ ਰਹੀ ਹੈ। ਜੇ ਇਕ ਪਾਸੇ ਬੱਚੇ ਆਪਣੇ ਮਾਪਿਆਂ ਨਾਲੋਂ ਵੱਖਰੇ ਹੋ-ਹੋ ਰਹਿੰਦੇ ਹਨ ਤਾਂ ਇਕੱਲੇ ਰਹਿੰਦੇ ਮਾਪਿਆਂ ਦੀ ਉਮਰ ਵੀ ਵਧੀ ਹੈ।
‘ਡਿਗਨਿਟੀ’ ਵਿਚ ਊਸ਼ਾ ਮੰਤਰੀ ਦੀ ਗੁਆਂਢਣ ਹੇਮਲਤਾ ਪਾਰਿਖ਼ ਦਾ ਕਹਿਣ ਹੈ, “ਮੇਰਾ ਖ਼ਿਆਲ ਏ, ਹੌਲ਼ੀ-ਹੌਲ਼ੀ ਮਨੁੱਖੀ ਮਨ ਬਦਲਦੇ ਜਾ ਰਹੇ ਹਨ। 82 ਸਾਲਾਂ ਦੀ ਹੇਮਲਤਾ ਪਾਰਿਖ਼ ਇਕ ਸਾਬਕਾ ਅਧਿਆਪਕਾ ਹੈ। ਉਸ ਦੇ ਭੈਣ-ਭਰਾ ਤਾਂ ਹਨ, ਜੋ ਮੁੰਬਈ ਵਿਚ ਰਹਿੰਦੇ ਹਨ, ਪਰ ਉਸ ਦੇ ਬੱਚੇ ਨਹੀਂ ਹਨ। ਉਸ ਲੱਗਦਾ ਹੁੰਦਾ ਸੀ ਕਿ ਸ਼ਹਿਰ ਵਿਚ ਉਸ ਲਈ ਘਰ ਦਾ ਕੰਮ ਕਰਨਾ ਜਾਂ ਬਾਹਰ ਆਉਣਾ-ਜਾਣਾ ਔਖਾ ਹੋ ਜਾਵੇਗਾ। ਹੁਣ ‘ਡਿਗਨਿਟੀ’ ਵਿਚ ਇਸ ਤਰ੍ਹਾਂ ਦਾ ਕੋਈ ਯੱਭ ਨਹੀਂ ਹੈ ਕਿਉਂ ਕਿ ਉੱਥੇ ਖਾਣਾ ਖਾਣ ਖ਼ਾਤਰ ਸਾਂਝਾ ਹਾਲ ਹੈ, ਚੌਵੀ ਘੰਟੇ ਦੀ ਸੁਰੱਖਿਆ ਹੈ ਅਤੇ ਸ਼ਹਿਰ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਹੈ। ਹੋਰ ਤਾਂ ਹੋਰ, ਇਸ ਪਿੰਡ ਵਿਚ ਹੀ ਡਾਕਟਰ ਵੀ ਹੈ। ਇਨ੍ਹਾਂ ਬਿਰਧਾਂ ਦੀ ਸਾਂਭ-ਸੰਭਾਲ ਹੀ ਨਹੀ ਕੀਤੀ ਜਾਂਦੀ, ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਸ਼ਾਪਿੰਗ ਲਈ ਵੀ ਲਿਜਾਇਆ ਜਾਂਦਾ ਹੈ ਤੇ ਘੁਮਾਇਆ-ਫਿਰਾਇਆ ਵੀ ਜਾਂਦਾ ਹੈ।ਹੇਮਲਤਾ ਪਾਰਿਖ਼ ਦਾ ਕਹਿਣ ਹੈ ਕਿ ਇਸ ‘ਬਿਰਧ ਸ਼ਹਿਰ’ ਵਿਚ ਮੌਜਾਂ ਹੀ ਮੌਜਾਂ ਹਨ।
ਮੀਰਾ ਭਾਵਨਾਨੀ 2009 ਵਿਚ ਆਪਣੇ ਬਿਮਾਰ ਪਤੀ ਨਾਲ਼ ‘ਡਿਗਨਿਟੀ ਲਾਈਫਸਟਾਈਲ ਰਿਟਾਇਰਮੈਂਟ ਟਾਊਨਸ਼ਿੱਪ’ (ਇਸ ਕੰਪਲੈਕਸ ਦਾ ਪੂਰਾ ਨਾਂ) ਆਈ ਸੀ ਉਨ੍ਹਾਂ ਦੇ ਆਉਣ ਤੋਂ ਦਸ ਮਹੀਨੇ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੀਰਾ, ਅਮਰੀਕਾ ਵਿਚ ਵਸਦੇ ਆਪਣੇ ਬੱਚਿਆਂ ਕੋਲ ਨਹੀਂ ਗਈ, ਸਗੋਂ ‘ਡਿਗਨਿਟੀ’ ਵਿਚ ਹੀ ਰਹਿਣ ਲੱਗ ਪਈ। ਆਟਰੇਲੀਆ ਵਿਚ ਰਹਿੰਦੇ ਆਪਣੇ ਬੱਚਿਆਂ ਦੀ ਮਾਂ ਅਤੇ ਬੱਚਿਆਂ ਦੇ ਬਾਪ ਤੋਂ ਤਲਾਕ ਲੈ ਚੁੱਕੀ ਅਰੁਣਿਮਾ ਘੋਸ਼, ਮੀਰਾ ਭਾਵਨਾਨੀ ਦੀ ਸਹੇਲੀ ਹੈ ਤੇ ਉਹ ਦੋਵੇਂ ਜਣੀਆਂ ‘ਰੰਮੀ’ ਖੇਡਦੀਆਂ ਸਾਰਾ ਦਿਨ ਕੱਢ ਦਿੰਦੀਆਂ ਹਨ। ਇਸ ਪਿੰਡ ਵਿਚ ਰਹਿਣ ਲਈ ਕਿਸੇ ਇਕ ਜੀਅ ਨੂੰ ਦਸ ਹਜ਼ਾਰ ਰੁਪਏ ਅਤੇ ਕਿਸੇ ਜੋੜੇ ਨੂੰ ਸਤਾਰਾਂ ਹਜ਼ਾਰ ਰੁਪਏ ਮਹੀਨਾ ਅਦਾ ਕਰਨੇ ਪੈਂਦੇ ਹਨ।
2050 ਤਕ ਭਾਰਤ ਵਿਚ 30 ਕਰੋੜ ਲੋਕ ਬਿਰਧ ਹੋ ਜਾਣਗੇ। ਇਸ ਕਰ ਕੇ ਬੁੜ੍ਹਿਆਂ ਲਈ ਆਸਰਿਆਂ ਦੀ ਮੰਗ ਹੋਰ ਵਧੇਗੀ। ‘ਡਿਗਨਿਟੀ’ ਤਕਰੀਬਨ 25 ਏਕੜ ਵਿਚ ਫੈਲਿਆ ਹੋਇਆ ਹੈ ਤੇ ਮਹਾਰਾਸ਼ਟਰ ਵਿਚ ਮਥੇਰਨ ਹਿੱਲ ਸਟੇਸ਼ਨ ਦੇ ਗੁਆਂਢ ਵਿਚ ਵਸਿਆ ਹੋਇਆ ਹੈ। ਆਉਣ ਵਾਲ਼ੇ ਦਿਨੀਂ ਹੋਰ ਬਜ਼ੁਰਗ ਆਪਣੇ ਬੱਚਿਆਂ ਦੇ ਘਰਾਂ ਚੋਂ ਨਿੱਕਲ ਕੇ ਇਹੋ ਜਿਹੀ ‘ਡਿਗਨਿਟੀ’ (ਸ਼ਾਨ) ਹਾਸਲ ਕਰਨਗੇ ਕਿਉਂ ਕਿ ਆਉਣ ਵਾਲ਼ੇ ਦਿਨੀਂ ਇਹੋ ਜਿਹੇ ਪਿੰਡ ਵਸਾਉਣਾ ਲਾਹੇਵੰਦ ਕਾਰੋਬਾਰ ਤੇ ਬਿਰਧ ਅਵੱਸਥਾ ਤਿਜਾਰਤ ਦੀ ਸ਼ੈਅ ਬਣ ਜਾਵੇਗੀ।#