ਕਈਆਂ ਨੂੰ ਫਾਹੇ ਟੰਗ ਗਿਆ ਰਾਜਧਾਨੀ ਵਿਚ ਫਾਹਾ ਲੈਣ ਵਾਲ਼ਾ
ਖੇਤਾਂ ਦਾ ਪੁੱਤ
ਬਖ਼ਸ਼ਿੰਦਰ
Email: bababax@gmail.com, Cell Phone: +1-778-378-9669
ਇਸ ਮਹੀਨੇ ਦੀ ਬਾਈ ਤਾਰੀਖ਼ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਚ ‘ਜੰਤਰ ਮੰਤਰ’ ਵਿਖੇ ‘ਆਮ ਆਦਮੀ ਪਾਰਟੀ’ ਦੀ ਰੈਲੀ ਦੌਰਾਨ, ਇਕ ਦਰੱਖਤ ਨਾਲ਼ ਨਾਲ਼ ਫਾਹਾ ਲੈ ਮਰਿਆ, ਰਾਜਸਥਾਨ ਦੇ ‘ਖੇਤਾਂ ਦਾ ਪੁੱਤ’ ਗਜਿੰਦਰ ਸਿੰਘ ਆਪ ਤਾਂ ਮਰ ਗਿਆ, ਪਰ ਉਹ ਕਈ ਹੋਰਾਂ ਨੂੰ ਵੀ ਫਾਹੇ ਟੰਗ ਗਿਆ ਲੱਗਦਾ ਹੈ। ਕਹਿੰਦੇ ਨੇ ਕਿ ਉਸ ਦੇ ਨੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਸਿਰੇ ਦੀ ਇਹ ਕਾਰਵਾਈ ਕਰਨ ਤੋਂ ਬਹੁਤ ਰੋਕਿਆ-ਵਰਜਿਆ, ਪਰ ਉਹ ਨਾ ਟਲ਼ਿਆ। ਉਸ ਵੱਲੋਂ ਦਰੱਖ਼ਤ ਦੇ ਇਕ ਟਾਹਣੇ ਨਾਲ਼ ਫਾਹਾ ਲੈ ਲਏ ਜਾਣ ਮਗਰੋਂ ਉਸ (ਦੀ ਲਾਸ਼) ਦਰੱਖ਼ਤ ਤੋਂ ਲਾਹ ਕੇ ਹਸਪਤਾਲ ਪਹੁੰਚਾਈ ਗਈ ਤਾਂ ਡਾਕਟਰਾਂ ਨੇ ਉਸ ਨੂੰ ਕਾਫੀ ਚਿਰ ਦਾ ਮਰਿਆ ਹੋਇਆ ਦੱਸਿਆ ।
ਦਿੱਲੀ ਸ਼ਹਿਰ ਵਿਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਹੈ ਤੇ ਦਿੱਲੀ ਦੀ ਪੁਲੀਸ (ਜੋ ਕੇਂਦਰ ਸਰਕਾਰ ਦੇ ਹੁਕਮਾਂ ਅਧੀਨ ਕੰਮ ਕਰਦੀ ਹੈ) ਗਜਿੰਦਰ ਸਿੰਘ ਦੀ ਮੌਤ ਲਈ ‘ਆਮ ਆਦਮੀ ਪਾਰਟੀ’ ਅਤੇ ਉਸ ਦੇ ਆਗੂਆਂ ਨੂੰ ਨਾ ਸਿਰਫ਼ ਜ਼ਿੰਮੇਵਾਰ ਠਹਿਰਾ ਰਹੀ ਹੈ, ਸਗੋਂ ਇਹ ਵੀ ਕਹਿ ਰਹੀ ਹੈ ਕਿ ‘ਆਮ ਆਦਮੀ ਪਾਰਟੀ’ ਅਤੇ ਉਸ ਦੇ ਲੀਡਰਾਂ ਨੇ ਹੀ ਇਸ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਸੀ ਤੇ ਉਸ ਨੂੰ ਬਚਾਏ ਜਾਣ ਦੇ ਰਾਹ ਵਿਚ ਅੜਿੱਕੇ ਪਾਏ ਸਨ। ਪੁਲੀਸ ਨੇ ਦਿੱਲੀ ਦੀ ਸਰਕਾਰ ਵੱਲੋਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਕਰਨ ਦੇ ਸਬੰਧ ਵਿਚ ਜਾਰੀ ਕੀਤੇ ਹੋਏ ਹੁਕਮ ਵੀ ਪੁਲੀਸ ਨੇ ਕੰਨਾਂ ਮੁੱਢ ਮਾਰ ਛੱਡੇ ਹਨ ਤੇ ਕਿਹਾ ਹੈ ਕਿ ਇਹ ਮਾਮਲਾ ਦਿੱਲੀ ਸਰਕਾਰ ਦੇ ਘੇਰੇ ਵਿਚ ਹੀ ਨਹੀਂ ਆਉਂਦਾ। ‘ਆਮ ਆਦਮੀ ਪਾਰਟੀ’ ਵੱਲੋਂ ਲਗਾਏ ਹੋਏ ਇਨ੍ਹਾਂ ਦੋਸ਼ਾਂ ਬਾਰੇ ਪੁਲੀਸ ਨੇ ਆਪਣੀ ਰਪਟ ਵਿਚ ਇਹ ਦਰਜ ਕੀਤਾ ਹੋਇਆ ਹੈ ਕਿ ਇਸ ਸਬੰਧ ਵਿਚ ਨਾ ਤਾਂ ਇਸ ਪਾਰਟੀ ਦੇ ਵਰਕਰਾਂ ਨੇ, ਨਾ ਹੀ ਲੀਡਰਾਂ ਨੇ ਪੁਲੀਸ ਨੂੰ ਕੋਈ ਸਹਿਯੋਗ ਦਿੱਤਾ ਸੀ। ਪੁਲੀਸ ਨੇ ਰਪਟ ਵਿਚ ਏਦਾਂ ਲਿਖਿਆ ਹੋਇਆ ਹੈ, “ਇਸ ਘਟਨਾ ਵਿਚ ‘ਆਪ’ ਦੇ ਵਰਕਰਾਂ ਅਤੇ ਲੀਡਰਾਂ ਨੇ ਉਸ ਕਿਸਾਨ ਨੂੰ ਨਾ ਸਿਰਫ਼ ਖ਼ੁਦਕੁਸ਼ੀ ਕਰਨ ਲਈ ਉਕਸਾਇਆ, ਸਗੋਂ ਪੁਲੀਸ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਵੀ ਕੰਨਾਂ ਮੁੱਢ ਹੀ ਮਾਰ ਛੱਡੀਆਂ।” ਇਹ ਰਪਟ, ਜਿਸ ਵਿਚ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 306 (ਖ਼ੁਦਕੁਸ਼ੀ ਲਈ ਉਕਸਾਉਣਾ), 186 (ਸਰਕਾਰੀ ਮੁਲਾਜ਼ਮ ਨੂੰ ਆਪਣੇ ਫ਼ਰਜ਼ ਨਿਭਾਉਣ ਤੋਂ ਰੋਕਣਾ) ਅਤੇ 34 (ਸਾਂਝਾ ਧਿਆਨ) ਲਾਗੂ ਕੀਤੀਆਂ ਹੋਈਆਂ ਹਨ, ਪਾਰਲੀਮੈਂਟ ਸਟਰੀਟ ਥਾਣੇ ਵਿਚ ਦਰਜ ਕੀਤੀ ਗਈ ਹੈ।
ਇਹ ਰਪਟ, ਰੈਲੀ ਵਾਲ਼ੀ ਥਾਂ ਡਿਊਟੀ ਦੇ ਰਹੇ ਪੁਲੀਸ ਇੰਸਪੈਕਟਰ ਐੱਸ. ਐੱਸ. ਯਾਦਵ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਇਸ ਰਪਟ ਵਿਚ ਯਾਦਵ ਦਾ ਬਿਆਨ ਏਦਾਂ ਲਿਖਿਆ ਹੋਇਆ ਹੈ, “ਦੁਪਹਿਰੇ ਤਕਰੀਬਨ 12.50 ਵਜੇ ਜਦੋਂ ‘ਆਪ’ ਦੇ ਲੀਡਰ ਤਕਰੀਰਾਂ ਕਰ ਰਹੇ ਸਨ ਤਾਂ ਮੈਂ (ਯਾਦਵ ਨੇ) ਦੇਖਿਆ ਕਿ ਕੁੱਝ ਲੋਕ, ਇਕ ਦਰੱਖ਼ਤ ਦੇ ਸਿਖ਼ਰ ਵੱਲ ਦੇਖ ਰਹੇ ਸਨ ਤੇ ਦਰੱਖ਼ਤ ਉੱਤੇ ਚੜ੍ਹੇ ਹੋਏ ਇਕ ਵਿਅਕਤੀ ਵੱਲੋਂ ਝਾੜੂ ਲਹਿਰਾਏ ਜਾਣ ’ਤੇ ਤਾੜੀਆਂ ਮਾਰ ਰਹੇ ਸਨ। ਮੈਂ ਵਾਇਰਲੈੱਸ ’ਤੇ ਕੰਟਰੋਲ ਰੂਮ ਨੂੰ ਇਸ ਬਾਰੇ ਦੱਸਿਆ ਤੇ ‘ਆਪ’ ਦੇ ਵਰਕਰਾਂ ਤੇ ਹੋਰ ਲੋਕਾਂ ਨੂੰ ਕਿਹਾ ਕਿ ਉਹ, ਉਸ ਆਦਮੀ ਨੂੰ ਉਕਸਾਉਣਾ ਬੰਦ ਕਰਨ ਤੇ ਉਸ ਨੂੰ ਦਰੱਖ਼ਤ ਤੋਂ ਉਤਾਰਨ ਵਿਚ ਸਾਡੀ ਮੱਦਦ ਕਰਨ।”
ਆਪਣੇ ਬਿਆਨ ਵਿਚ ਯਾਦਵ ਨੇ ਇਹ ਵੀ ਕਿਹਾ ਹੋਇਆ ਹੈ ਕਿ ਉਸ ਨੇ ਫਿਰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵਾਇਰਲੈੱਸ ਰਾਹੀਂ ਜਾਣਕਾਰੀ ਦਿੱਤੀ ਅਤੇ ‘ਆਪ’ ਦੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਉਹ ਗਜਿੰਦਰ ਸਿੰਘ ਨੂੰ ਬਚਾਉਣ ਵਿਚ ਮੱਦਦ ਕਰਨ ਅਤੇ ਬਚਾਅ ਕਰਨ ਲਈ ਆਉਣ ਵਾਲ਼ੀ ਗੱਡੀ ਨੂੰ ਅੱਗੇ ਲਿਜਾਣ ਲਈ ਰਾਹ ਦੇਣ। ਲੋਕ ਇਹ ਕਹਿੰਦੇ ਰਹੇ ਕਿ ਪੁਲੀਸ, ‘ਆਪ’ ਦਾ ਵਿਰੋਧ ਕਰ ਰਹੀ ਹੈ ਤੇ ਉਹ ਇਸ ਤਰ੍ਹਾਂ ਕਰ ਕੇ ਉਸ ਰੈਲੀ ਵਿਚ ਅੜਿੱਕੇ ਪਾ ਰਹੀ ਹੈ।
ਇਸ ਤੋਂ ਪਹਿਲਾਂ, ‘ਆਮ ਆਦਮੀ ਪਾਰਟੀ’ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਪੁਲੀਸ ਦੇ ਸਿਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਿਸਾਨ “ਸਾਡੀਆਂ ਅੱਖਾਂ ਦੇ ਸੌਹੇਂ ਦਰੱਖ਼ਤ ਉੱਤੇ ਚੜ੍ਹਿਆ ਸੀ।” ਉਨ੍ਹਾਂ ਨੇ ਕਿਹਾ, “ਮੈਂ ਪੁਲੀਸ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਬਚਾਇਆ ਜਾਵੇ, ਪਰ ਪੁਲੀਸ ਉੱਤੇ ਸਾਡਾ ਅਖ਼ਤਿਆਰ ਨਹੀਂ ਹੈ।” ਆਮ ਆਦਮੀ ਪਾਰਟੀ ਦੇ ਹੀ ਆਗੂ ਕੁਮਾਰ ਵਿਸ਼ਵਾਸ ਨੇ ਵੀ ਦੋਸ਼ ਲਾਇਆ ਹੈ ਕਿ ਪੁਲੀਸ ਨੇ ਕਿਸਾਨ ਨੂੰ ਬਚਾਉਣ ਲਈ ਵੇਲ਼ੇ ਸਿਰ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਕੇਜਰੀਵਾਲ ਸਮੇਤ ਕਈ ਹੋਰ ਲੀਡਰਾਂ ਨੇ ਪੁਲੀਸ ਨੂੰ ਕਿਹਾ ਕਿ ਉਸ ਬੰਦੇ ਨੂੰ ਦਰੱਖ਼ਤ ਤੋਂ ਲਾਹਿਆ ਜਾਵੇ, ਪਰ ਕੋਈ ਫ਼ਾਇਦਾ ਨਾ ਹੋਇਆ।
ਇਸ ਦੌਰਾਨ, 23 ਅਪ੍ਰੈਲ (ਵੀਰਵਾਰ) ਨੂੰ ਗਜੇਂਦਰ ਸਿੰਘ ਦਾ ਅੰਤਮ ਸੰਸਕਾਰ, ਰਾਜਸਤਾਨ ਵਿਚ ਉਨ੍ਹਾਂ ਦੇ ਜੱਦੀ ਪਿੰਡ ਵਿਚ ਕਰ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੇ ਵੀ ਉਨ੍ਹਾਂ ਦੀ ਮੌਤ ਹੋ ਜਾਣ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਨੂੰ ਕੋਸਿਆ ਤੇ ਕਿਹਾ ਕਿ ਪਾਰਟੀ ਦਾ ਕੋਈ ਵੀ ਆਗੂ ਉਨ੍ਹਾਂ ਨੂੰ ਫਾਹਾ ਲੈਣ ਤੋਂ ਵਰਜਣ-ਮਨਾਉਣ ਨਹੀਂ ਆਇਆ। ਗਜੇਂਦਰ ਸਿੰਘ ਦੇ ਚਾਚੇ ਗੋਪਾਲ ਸਿੰਘ ਨੇ ਕਿਹਾ, “ਕਿਸੇ ਨੇ ਉਸ ਨੂੰ ਦਰੱਖ਼ਤ ਉੱਤੇ ਚੜ੍ਹਨ ਤੋਂ ਕਿਉਂ ਨਾ ਰੋਕਿਆ? ਆਮ ਆਦਮੀ ਪਾਰਟੀ ਦਾ ਕੋਈ ਨੇਤਾ ਉਸ ਨੂੰ ਵਰਜਣ ਕਿਉਂ ਨਾ ਆਇਆ? ਇਹੋ ਜਿਹੇ ਬਹੁਤ ਸਾਰੇ ਸੁਆਲ ਹਨ, ਜਿਨ੍ਹਾਂ ਦੇ ਜੁਆਬ ਨਹੀਂ ਮਿਲ ਰਹੇ। ਅਸੀਂ ਇਸ ਮੌਤ ਲਈ ਪੁਲੀਸ ਨੂੰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਜੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਫੁਰਤੀ ਕੀਤੀ ਹੁੰਦੀ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ।”
ਗੋਪਾਲ ਸਿੰਘ ਨੇ ਤਾਂ ਗਜੇਂਦਰ ਸਿੰਘ ਕੋਲੋਂ ਮਿਲੇ ਰੁੱਕੇ ਬਾਰੇ ਵੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਰੁੱਕੇ ਦੀ ਹੱਥ-ਲਿਖਤ ਗਜੇਂਦਰ ਸਿੰਘ ਦੀ ਹੱਥ-ਲਿਖਤ ਨਾਲ਼ ਨਹੀਂ ਰਲ਼ਦੀ। ਉਨ੍ਹਾਂ ਨੇ ਕਿਹਾ, “ਉਹ ਪਿਛਲੇ ਦੋ ਮਹੀਨਿਆਂ ਤੋਂ ਦੁਖੀ ਤੇ ਪਰੇਸ਼ਾਨ ਸੀ, ਪਰ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਇਹ ਖ਼ਿਆਲ ਕਦੇ ਵੀ ਨਹੀਂ ਆਇਆ ਸੀ ਕਿ ਉਹ ਆਤਮਘਾਤ ਕਰ ਲਵੇਗਾ। ਅਸੀਂ ਤੇ ਸਾਡਾ ਪਰਿਵਾਰ ਇਸ ਵੇਲ਼ੇ ਬਹੁਤ ਹੀ ਦੁੱਖ, ਪਰੇਸ਼ਾਨੀ ਅਤੇ ਢਹਿੰਦੀਆਂ ਕਲਾਂ ਵਿਚੋਂ ਲੰਘ ਰਹੇ ਹਾਂ। ਇਸ ਵੇਲ਼ੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ। ਗਜੇਂਦਰ ਸਿੰਘ ਦਾ ਬਾਪ ਤਾਂ ਉਸ ਦੇ ਮਾਰ ਜਾਣ ਦੀ ਖ਼ਬਰ ਸੁਣਨ ਵੇਲ਼ੇ ਦਾ ਢਾਹਾਂ ਮਾਰ-ਮਾਰ ਰੋਈ ਜਾਂਦੈ। ਉਸ ਨੂੰ ਦੋ ਵਾਰ ਗਸ਼ ਪੈ ਚੁੱਕੀ ਹੈ ਤੇ ਸਾਨੂੰ ਉਸ ਲਈ ਡਾਕਟਰ ਸੱਦਣਾ ਪਿਆ ਹੈ। ਗਜੇਂਦਰ ਦੀ ਘਰ ਵਾਲ਼ੀ ਅਤੇ ਉਸ ਦੇ ਤੇਹਾਂ ਨਿਆਣਿਆਂ ਦੀ ਹਾਲਤ ਵੀ ਘੰਟਿਆਂ ਬੱਧੀ ਰੋ-ਰੋ ਕੇ ਖਰਾਬ ਹੋ ਗਈ ਹੈ।” ਗਜੇਂਦਰ ਸਿੰਘ ਦੇ ਸਸਕਾਰ ਵੇਲ਼ੇ ਹਾਜ਼ਰ ਲੋਕਾਂ ਨੇ ਰਾਜਸਥਾਨ ਦੀ, ਵਸੁੰਧਰਾ ਰਾਜੇ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਰੁੱਧ ਨਾਅਰੇ ਲਗਾਏ ਸਨ।
ਇਸ ਦੌਰਾਨ ਜੰਤਰ-ਮੰਤਰ ਵਿਖੇ ਡਿਊਟੀ ਨਿਭਾਉਂਦੇ ਰਹੇ ਇਕ ਪੁਲੀਸ ਕਾਂਸਟੇਬਲ ਦਾ ਕਹਿਣ ਹੈ ਕਿ ਗਜੇਂਦਰ ਸਿੰਘ ਦੀ ਮੌਤ ਦੀ ਵਜ੍ਹਾ ਖ਼ੁਦਕੁਸ਼ੀ ਨਾਲੋਂ ਹਾਦਸਾ ਵੱਧ ਲੱਗਦੀ ਹੈ। ਇਸ ਸਿਪਾਹੀ ਨੇ ਇਹ ਵੀ ਕਿਹਾ ਹੈ ਕਿ ‘ਆਪ’ ਦੇ ਵਾਲੰਟੀਅਰਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਲੋਕਾਂ ਦੇ ਰਾਹ ਵਿਚ ਨਾ ਆਉਣ ਅਤੇ ਭੀੜ ਨੂੰ ਕਾਬੂ ਨਾ ਕਰਨ। ਉਸ ਨੇ ਕਿਹਾ, “ਉੱਥੇ ਤਾਂ ਉਸ ਵੇਲ਼ੇ ਇਕ ਤਮਾਸ਼ਾ ਜਿਹਾ ਹੁੰਦਾ ਲੱਗਦਾ ਸੀ। ਹੋ ਸਕਦਾ ਹੈ ਕਿ ਲੋਕਾਂ ਨੂੰ ਇਸੇ ਕਰ ਕੇ ਸਮਝ ਨਾ ਆਈ ਹੋਵੇ ਕਿ ਉਹ ਬੰਦਾ ਮਰ ਗਿਆ ਹੈ। ਗਜੇਂਦਰ ਸਿੰਘ ਘੰਟਾ ਭਰ ਤਾਂ ਦਰੱਖ਼ਤ ਉੱਤੇ ਚੜ੍ਹ ਕੇ ਨਾਅਰੇ ਲਾਉਂਦਾ ਰਿਹਾ। ਉਹ ਘੜੀ-ਘੜੀ ਆਪਣੀਆਂ ਮੁੱਛਾਂ ਉੱਤੇ ਹੱਥ ਫੇਰ ਰਿਹਾ ਸੀ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲੋਕਾਂ ਵੱਲ ਹੱਥ ਲਹਿਰਾਅ ਰਿਹਾ ਸੀ। ਬੱਸ ਇਹ ਤਾਂ ਏਦਾਂ ਹੀ ਹੋਇਆ ਲੱਗਦੈ ਕਿ ਉਸ ਦਾ ਇਹ ਤਮਾਸ਼ਾ ਹੀ ਪੁੱਠਾ ਪੈ ਗਿਆ।”
ਉਸ ਨੇ ਇਹ ਵੀ ਕਿਹਾ, “ਅਸੀਂ ਕਈ ਵਾਰ ਉਸ ਨੂੰ ਕਾਬੂ ਕਰਨ ਦੇ ਅਤੇ ਉਸ ਵਾਂਗ ਹੀ ਦਰੱਖ਼ਤ ਉੱਤੇ ਚੜ੍ਹੇ ਹੋਏ ਹੋਰਨਾਂ ਨੂੰ ਵੀ ਹੇਠਾਂ ਉਤਾਰਨ ਦੇ ਹੀਲੇ ਕੀਤੇ, ਪਰ ਵਾਲੰਟੀਅਰਾਂ ਨੇ ਸਾਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਤੋਂ ਵਰਜ ਦਿੱਤਾ। ਰੈਲੀ ਵਾਲ਼ੀ ਸਟੇਜ ਉੱਤੇ ਹੁੰਦੀ ਕਾਰਵਾਈ ਚੰਗੀ ਤਰ੍ਹਾਂ ਦੇਖਣ ਖ਼ਾਤਰ ਦਰੱਖ਼ਤਾਂ ਉੱਤੇ ਚੜ੍ਹਨਾ ਕੋਈ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ। ਇਸ ਦੌਰਾਨ ‘ਉਹ’ (ਗਜੇਂਦਰ) ਪ੍ਰਬੰਧਕਾਂ ਤੋਂ ਮੰਗ ਕਰੀ ਜਾ ਰਿਹਾ ਸੀ ਕਿ ਉਸ ਨੂੰ ਇਕ ਮਸਲੇ ਬਾਰੇ ਬੋਲਣ ਖ਼ਾਤਰ ਸਮਾਂ ਦਿੱਤਾ ਜਾਵੇ। ਹੋਰ ਤਾਂ ਹੋਰ, ਜਦੋਂ ਉਹ ਦਰੱਖ਼ਤ ਉੱਤੇ ਚੜ੍ਹ ਕੇ ਦਰੱਖ਼ਤ ਦੇ ਇਕ ਟਾਹਣੇ ਨੂੰ ਆਪਣੇ ਤੌਲੀਏ ਨਾਲ਼ ਗੰਢ ਮਾਰਨ ਲੱਗਿਆ ਤਾਂ ਭੀੜ ਵਿਚੋਂ ਕੁੱਝ ਲੋਕਾਂ ਨੇ ਉਸ ਨੂੰ “ਕੱਸ ਕੇ ਗੰਢ ਬੰਨ੍ਹੀਂ” ਕਹਿ-ਕਹਿ ਕੇ ਉਸ ਨੂੰ ‘ਪੁਚਕਾਰਿਆ’ ਵੀ ਸੀ। ਲੋਕ ਇਕ ਤਰ੍ਹਾਂ ਨਾਲ਼ ਉਸ ਦਾ ਤਮਾਸ਼ਾ ਜਿਹਾ ਹੀ ਦੇਖ ਰਹੇ ਸਨ ਕਿ ਉਹ ਟਾਹਣੇ ਤੋਂ ਖਿਸਕ ਕੇ ਮੌਤ ਦੇ ਮੂੰਹ ਜਾ ਪਿਆ ਤਾਂ ਬਾਜ਼ੀ ਪਲਟ ਗਈ।”
ਇਕ ਅਧਿਕਾਰੀ ਨੇ ਕਿਹਾ, “ਸਾਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੋਇਆ ਕਿ ਉਸ ਨੇ ਫਾਹਾ ਲੈ ਲਿਆ ਹੈ ਕਿਉਂ ਕਿ ਦੂਰੋਂ ਇਹੋ ਲੱਗਦਾ ਸੀ ਕਿ ਉਹ ਆਪਣਾ ਸਰੀਰ ਬੋਚ ਕੇ, ਦਰੱਖ਼ਤ ਦੇ ਟਾਹਣੇ ਉੱਤੇ ਖੜ੍ਹਾ ਹੈ। ਜਿਉਂ ਹੀ ਪ੍ਰਬੰਧਕਾਂ ਨੇ ਸਟੇਜ ਉੱਤੋਂ ਰੌਲ਼ਾ ਪਾਇਆ, ਲੋਕਾਂ ਨੂੰ ਇਹ ਸਮਝ ਆਇਆ ਕਿ ਕੁੱਝ ਮਾੜਾ ਵਾਪਰ ਗਿਆ ਹੈ।” ਇਸ ਦੌਰਾਨ ਹੀ ਦਿੱਲੀ ਪੁਲੀਸ ਦੇ ਇਕ ਇੰਸਪੈਕਟਰ ਨੇ ‘ਆਪ’ ਦੇ ਲੀਡਰਾਂ ਤੇ ਵਾਲੰਟੀਅਰਾਂ ਸਿਰ ਇਹ ਦੋਸ਼ ਲਾ ਦਿੱਤਾ ਕਿ ਉਨ੍ਹਾਂ ਨੇ ਹੀ ਗਜੇਂਦਰ ਸਿੰਘ ਨੂੰ ਫਾਹਾ ਲੈਣ ਲਈ ਉਕਸਾਇਆ ਸੀ।
ਗਜੇਂਦਰ ਸਿੰਘ ਵੱਲੋਂ ਫਾਹਾ ਲੈਣ ਦੀ ਦੇਰ ਸੀ ਕਿ ‘ਸਿਆ(ਹ)ਸਤ’ ਨੰਗੀ ਹੋ ਕੇ ਨੱਚਣ ਲੱਗ ਪਈ। ਕੁੱਝ ਸਿਆਸਤਦਾਨ ਇਹ ਕਹਿਣ ਲੱਗੇ ਕਿ ‘ਉਹ’ ਜ਼ਮੀਨ ਸਬੰਧੀ ਬਿੱਲ ਦੇ ਖ਼ਿਲਾਫ਼ ਰੋਹ ਜ਼ਾਹਰ ਕਰਨ ਲਈ ਕੁਰਬਾਨੀ ਦੇ ਗਿਆ। ਕਈਆਂ ਨੇ ਇਹ ਕਿਹਾ ਕਿ ਉਹ ਬੇਮੌਸਮੀ ਬਾਰਸ਼ ਨਾਲ਼ ਆਪਣੀ ਫਸਲ ਬਰਬਾਦ ਹੋ ਜਾਣ ’ਤੇ ਰੋਹ ਪ੍ਰਗਟ ਕਰਦਾ ਹੀ ਮੌਤ ਦੇ ਮੂੰਹ ਪੈ ਗਿਆ। ਕੁੱਝ ਲੋਕ ਇਹ ਕਹਿ ਰਹੇ ਸਨ ਕਿ ਜਦੋਂ ਇਸ ਕਿਸਾਨ ਨੂੰ ਦਰੱਖ਼ਤ ਤੋਂ ਲਾਹਿਆ ਗਿਆ ਤਾਂ ਉਸ ਦਾ ਸਾਹ ਚੱਲਦਾ ਸੀ। ਮੌਕੇ ਤੋਂ ਮਿਲੇ ਦੱਸੇ ਜਾਂਦੇ ਇਕ ਰੁੱਕੇ ਵਿਚ ਇਹ ਲਿਖਿਆ ਹੋਇਆ ਸੀ ਕਿ ਉਹ ਰਾਜਸਥਾਨ ਦੇ ਦੌਸਾ ਜ਼ਿਲੇ ਦੇ ਇਕ ਕਿਸਾਨ ਦਾ ਪੁੱਤਰ ਸੀ, ਜਿਸ ਦੀ ਫਸਲ ਬੇਮੌਸਮੀ ਬਾਰਸ਼ ਪੈਣ ਨਾਲ਼ ਬਰਬਾਦ ਹੋ ਗਈ ਸੀ। ਇਸੇ ਹੀ ਰੁੱਕੇ ਵਿਚ ਇਹ ਵੀ ਲਿਖਿਆ ਹੋਇਆ ਸੀ ਕਿ ਉਸ ਦੇ ਤਿੰਨ ਬੱਚੇ ਹਨ ਤੇ ਉਸ ਦੇ ਬਾਪ ਨੇ ਉਸ ਨੂੰ ਘਰੋਂ ਕੱਢਿਆ ਹੋਇਆ ਹੈ। ਉਸ ਰੁੱਕੇ ਦੇ ਅੰਤ ਵਿਚ “ਜੈ ਜਵਾਨ, ਜੈ ਕਿਸਾਨ” ਲਿਖਿਆ ਹੋਇਆ ਹੈ।
‘ਆਪ’ ਦੇ ਵਰਕਰ ਉਸ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮੁਰਦਾ ਕਰਾਰ ਦੇ ਦਿੱਤਾ। ਉਸ ਵੇਲ਼ੇ ਦਿਨ ਦੇ ਦੋ ਵੱਜੇ ਹੋਏ ਸਨ। ਉਸ ਦੇ ਮੁਰਦਾ ਐਲਾਨੇ ਜਾਣ ਦੇ ਤੁਰੰਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਪੜਾਅ ਉੱਤੇ ਮਿਹਨਤਕਸ਼ ਕਿਸਾਨ ਇਹ ਨਾ ਸੋਚੇ ਕਿ ਉਹ ਇਕੱਲਾ ਹੈ। ਇਸ ਨਾਲ਼ ਹੀ ਕੁੱਝ ਸਿਆਸੀ ਆਗੂਆਂ ਵੱਲੋਂ ਗਜੇਂਦਰ ਸਿੰਘ ਦੀ ਮੌਤ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਸਿਰ ਪਾਉਣ ਵਿਚ ਭੋਰਾ ਵੀ ਝਿਜਕ ਨਹੀਂ ਦਿਖਾਈ ਗਈ। ਕਈਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀਆਂ ਅੱਖਾਂ ਸੌਹੇਂ ਉਸ ਕਿਸਾਨ ਦੀ ਮੌਤ ਨੂੰ ਤਮਾਸ਼ਾ ਸਮਝ ਕੇ ਦੇਖਦੇ ਰਹੇ। ਕਈਆਂ ਨੇ ਕਿਹਾ ਕਿ ਕਿਸਾਨ ਦੇ ਮਰ ਜਾਣ ਮਗਰੋਂ ਵੀ ਆਮ ਆਦਮੀ ਪਾਰਟੀ ਰੈਲੀ ਕਰਦੀ ਰਹੀ। ਓਦਾਂ ਇਸ ਸਬੰਧ ਵਿਚ ਕੇਜਰੀਵਾਲ ਨੇ, ਭਾਵੇਂ ਕੁੱਝ ਦਿਨ ਮਗਰੋਂ ਹੀ ਸਹੀ, ਮੁਆਫ਼ੀ ਵੀ ਮੰਗ ਲਈ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੈਂਬਿਤ ਪਾਤਰਾ ਨੇ ਕਿਹਾ ਹੈ, “ਆਪ ਦੇ ਆਗੂਆਂ ਨੇ ਉਸ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ ਕਿਉਂ ਨਹੀਂ?”
ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲ਼ਿਆਂ ਨੇ ਵੀ ਪੁਲੀਸ ਉੱਤੇ ਚੁੱਪ-ਚਾਪ ਖੜ੍ਹੀ ਹੋ ਕੇ ਤਮਾਸ਼ਾ ਦੇਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਸਾਂ ਦੋ ਸਾਲਾਂ ਦੀ ਪਾਰਟੀ ਨੂੰ ਅੰਦਰਖ਼ਾਤੇ ਸੱਟ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਅਜੈ ਮਾਕਨ ਅਤੇ ਸਚਿਨ ਪਾਇਲਟ ਵੀ ਉਸ ਕਿਸਾਨ ਦੀ ਲਾਸ਼ ਦੇ ਮਗਰੇ-ਮਗਰ ਹਸਪਤਾਲ ਗਏ ਸਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੋਇਆ ਹੈ। ਰਾਹੁਲ ਗਾਂਧੀ ਨੇ ਇਸ ਮੌਕੇ ’ਤੇ ਇਸ ਤਰ੍ਹਾਂ ਕਿਹਾ, “ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਡਰੇ ਹੋਏ ਮਹਿਸੂਸ ਨਾ ਕਰਨ। ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਤੇ ਮੈਂ ਇੱਥੇ ਸਿਆਸਤ ਕਰਨ ਨਹੀਂ ਆਇਆ। ਇਹ ਸਭ ਕੁੱਝ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਆਰਡੀਨੈਂਸ ਲਿਆਉਣ ਕਾਰਨ ਹੋਇਆ ਹੈ।” ਕਾਂਗਰਸੀ ਲੀਡਰ ਸਚਿਨ ਪਾਇਲਟ ਨੇ ਦੇਸ਼ ਭਰ ਵਿਚ ਇਹ ਸੰਕਟ ਫੈਲਣ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ, “ਮੈਂ ਇਸ ਮਾਮਲੇ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦਾ, ਪਰ ਦੇਸ਼ ਭਰ ਵਿਚ ਬਹੁਤ ਦੁੱਖਦਾਈ ਮਾਹੌਲ ਸਿਰਜਿਆ ਜਾ ਚੁੱਕਾ ਹੈ। ਇਸ ਸਾਲ ਆਤਮਘਾਤ ਕਰਨ ਵਾਲ਼ਾ ਇਹ 42ਵਾਂ ਕਿਸਾਨ ਹੈ।”
ਅੰਦਰਲੀਆਂ ਜਾਨਣ ਵਾਲ਼ਿਆਂ ਦਾ ਕਹਿਣ ਹੈ ਕਿ ਰੈਲੀ ਵਿਚ ਫਾਹਾ ਲੈ ਕੇ ਮਰਨ ਵਾਲ਼ਾ ਗਜੇਂਦਰ ਸਿੰਘ ਇਕ ਸਰਦੇ-ਪੁੱਜਦੇ ਘਰ ਦਾ ਜੀਅ ਸੀ ਤੇ ਉਸ ਦਾ ਇਰਾਦਾ ਸਿਆਸਤ ਵਿਚ ਪੈਰ ਧਰਨ ਦਾ ਸੀ। ਉਹ ਪੱਗ ਬੰਨ੍ਹਣ ਦਾ ਇੰਨਾ ਮਾਹਰ ਸੀ ਕਿ ਮੌਜੂਦਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਿਸੇ ਜ਼ਮਾਨੇ ਵਿਚ ਉਸ ਤੋਂ ਪੱਗ ਬੰਨ੍ਹਾਉਂਦੇ ਰਹੇ ਹਨ। ਜੇ ਇਸ ਤਰ੍ਹਾਂ ਦੇ ਹਾਲਾਤ ਨੂੰ ਬੰਨ੍ਹ ਨਾ ਮਾਰਿਆ ਗਿਆ ਤਾਂ ਰਾਜਨਾਥ ਸਿੰਘ ਵੱਲੋਂ ਗਜੇਂਦਰ ਸਿੰਘ ਤੋਂ ਬੰਨ੍ਹਾਈ ਹੋਈ ਪੱਗ, ਭਾਰਤੀ ਜਨਤਾ ਪਾਰਟੀ ਤੇ ਉਸ ਦੇ ਲੀਡਰਾਂ ਦੀਆਂ ਹੀ ਨਹੀਂ, ਆਮ ਆਦਮੀ ਪਾਰਟੀ ਤੇ ਉਸ ਦੇ ਲੀਡਰਾਂ ਦੀਆਂ ਧੌਣਾਂ ਲਈ ਵੀ ਫਾਹੇ ਦਾ ਫੰਦਾ ਬਣ ਸਕਦੀ ਹੈ। ਫੇਰ ਨਾ ਕਹਿਣਾ ਦੱਸਿਆ ਨਹੀਂ।#
