ਤੇ ਲਓ ਹੁਣ ‘ਲਿਬਰਲੈਂਡ’ ਨਾਂ ਦਾ
ਇਕ ਨਵਾਂ ਮੁਲਕ ਬਣ ਗਿਆ
ਬਖ਼ਸ਼ਿੰਦਰ
Email: bababax@gmail.com, Cell Phone: +1-778-378-9669
ਜਹਾਨ ਭਰ ਦੇ ਮੁਲਕਾਂ ਵਿਚ ਨਿੱਤ ਟੁੱਟ-ਭੱਜ ਹੋਣ ਜਾਂ ਉਨ੍ਹਾਂ ਦਾ ਕੋਈ ਵੱਖ ਹੋਇਆ ਟੋਟਾ, ਫਿਰ ਉਨ੍ਹਾਂ ਨਾਲ਼ ਆ ਜੁੜਨ ਦੀਆਂ ਖ਼ਬਰਾਂ ਛਪਦੀਆਂ ਤੇ ਨਸ਼ਰ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਸਬੰਧ ਵਿਚ ਜਰਮਨੀ ਦੇ ਦੋ ਟੋਟੇ ਹੋਣ ਤੇ ਫਿਰ ਜੁੜ ਜਾਣ, ਸੋਵੀਅਤ ਯੂਨੀਅਨ ਦੇ ਖਿੰਡ-ਪੁੰਡ ਜਾਣ, ਸਾਊਥ ਸੁਡਾਨ ਦੇ ਨਵੇਂ ਮੁਲਕ ਵਜੋਂ ਹੋਂਦ ਵਿਚ ਆਉਣ ਅਤੇ ਕੋਰੀਆ ਤੇ ਵੀਅਤਨਾਮ ਦੇ ਵਜੂਦ ਵਿਚ ਆਉਣ ਦਾ ਇਤਿਹਾਸ ਕਿਸੇ ਤੋਂ ਗੁੱਝਾ ਨਹੀਂ ਹੈ। ਦੂਰ ਕੀ ਜਾਣਾ, ਸਾਡੇ ਆਪਣੇ ਮੁਲਕ ਭਾਰਤ ਵਿਚ ਵੀ ‘ਖ਼ਾਲਿਸਤਾਨ’ ਨਾਂ ਦੇ ਨਵੇਂ ਮੁਲਕ ਦੀ ਸਥਾਪਨਾ ਲਈ ਜੱਦੋ-ਜਹਿਦ ਹੋਈ ਜਾਂਦੀ ਹੈ। ਇਹੋ ਜਿਹੀਆਂ ਖ਼ਬਰਾਂ ਆਉਣ ਦੌਰਾਨ ਹੀ, ਜੇ ਇਹੋ ਜਿਹੀ ਕੋਈ ਖ਼ਬਰ ਆ ਜਾਵੇ ਕਿ ਕਿਸੇ ’ਕੱਲੇ-ਕਾਰੇ ਆਦਮੀ ਨੇ ਰਾਤੋ-ਰਾਤ ਇਕ ਨਵਾਂ ਮੁਲਕ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਉਹ ਖ਼ਬਰ ਇਕ ਹੱਦ ਤਕ ਚਰਚਾ ਦੀ ਹੱਕਦਾਰ ਤਾਂ ਹੈ ਹੀ।
ਚੈਕੋਸਲਵਾਕੀਆ, ਜਿਸ ਨੂੰ ਚੈੱਕ ਰੀਪਬਲਿਕ ਜਾਂ ਚੈੱਕ ਗਣਰਾਜ ਵੀ ਕਹਿ ਲਿਆ ਜਾਂਦਾ ਹੈ, ਦੇ ਇਕ ਸਿਆਸਤਦਾਨ ਵਿਤ ਜੇਦਲਿੱਕਾ ਨੇ ਇਸੇ ਸਾਲ ਦੇ, ਪਿਛਲੇ ਮਹੀਨੇ ਯਾਨੀ ਅਪ੍ਰੈਲ ਦੀ 20 ਤਾਰੀਖ਼ ਨੂੰ ‘ਲਿਬਰਲੈਂਡ’ ਨਾਂ ਦਾ ਇਹ ਨਵਾਂ ਮੁਲਕ ਬਣਾਏ ਜਾਣ ਦਾ ਐਲਾਨ, ਪਰਾਗ ਦੀ ‘ਯੂਨੀਵਰਸਿਟੀ ਆਫ ਇਕਾਨੋਮਿਕਸ’ ਵਿਖੇ ਕੀਤਾ ਹੈ। ਇਹ ਅਸਲੋਂ ਹੀ ਨਵਾਂ ਮੁਲਕ, ਜਿਸ ਦਾ ਨਾਅਰਾ ‘ਜੀਓ ਅਤੇ ਜੀਣ ਦਿਓ’ ਹੈ, ਕਰੋਏਸ਼ੀਆ ਅਤੇ ਸਰਬੀਆ ਦੇ ਵਿਚਾਲ਼ੇ ਸਥਿਤ ਹੈ। ਇਸ ਮੁਲਕ ਦੇ ਰਾਸ਼ਟਰਪਤੀ ਨੇ ਇਹ ਮੁਲਕ ਬਣਾਏ ਜਾਣ ਦਾ ਐਲਾਨ ਕਰਦਿਆਂ ਹੀ ਕਿਹਾ ਹੈ ਕਿ ਇਸ ਮੁਲਕ ਵਿਚ ਟੈਕਸ ਉਗਰਾਹੁਣ ਦੇ ਮਾਮਲੇ ਵਿਚ ਸਖ਼ਤੀ ਨਹੀਂ ਕੀਤੀ ਜਾਵੇਗੀ।
ਖ਼ਬਰ ਏਜੰਸੀ ‘ਏ. ਐੱਫ. ਪੀ.’ ਵੱਲੋਂ ਦਿੱਤੀ ਗਈ ਖ਼ਬਰ ਅਨੁਸਾਰ, ਸੱਜੇ ਪੱਖੀ ‘ਫ੍ਰੀ ਸਿਟੀਜ਼ਨ ਪਾਰਟੀ’ ਦੇ 31 ਸਾਲਾ ਸਿਆਸਤਦਾਨ ਵਿਤ ਜੇਦਲਿੱਕਾ ਨੇ ਇਸ ਮੌਕੇ ਇਸ ਤਰ੍ਹਾਂ ਕਿਹਾ, “ਸਾਡਾ ਮੁੱਖ ਉਦੇਸ਼ ਟੈਕਸਾਂ ਦੀ ਵਸੂਲੀ ਲੋਕਾਂ ਦੀ ਮਰਜ਼ੀ ’ਤੇ ਛੱਡਣੀ ਹੈ ਤੇ ਅਸੀਂ ਏਦਾਂ ਦਾ ਛੋਟਾ ਜਿਹਾ ਰਾਜ ਕਾਇਮ ਕਰ ਰਹੇ ਹਾਂ, ਜਿਸ ਵਿਚ ‘ਸਟੇਟ’ ਨਾ ਹੋਣ ਬਰਾਬਰ ਹੀ ਹੋਵੇਗੀ।” ਇਹ ਮੁਲਕ ਸਥਾਪਤ ਕਰਨ ਦਾ ਆਪਣਾ ਸੁਪਨਾ ਸਾਕਾਰ ਕਰਨ ਲਈ ਜੇਦਲਿੱਕਾ ਨੇ ਸਰਬੀਆ ਅਤੇ ਕਰੋਏਸ਼ੀਆ ਵਿਚਾਲ਼ੇ ਦਾਨਯੂਬ ਨਦੀ ਦੇ ਨਾਲ਼ ਪਈ ਸੱਤ ਮੁਰੱਬਾ ਕਿਲੋ ਮੀਟਰ ਯਾਨੀ ਤਿੰਨ ਮੁਰੱਬਾ ਮੀਲ ਜ਼ਮੀਨ ਹੀ ਵਰਤੀ ਹੈ। ਭਾਵੇਂ ‘ਲਿਬਰਲੈਂਡ’ ਸਥਾਪਤ ਕਰਨ ਦਾ ਐਲਾਨ 20 ਅਪ੍ਰੈਲ ਨੂੰ ਕੀਤਾ ਗਿਆ ਸੀ, ਪਰ ਇਸ ਦੀ ਸਥਾਪਨਾ 13 ਅਪ੍ਰੈਲ ਨੂੰ ਹੀ ਕਰ ਦਿੱਤੀ ਗਈ ਸੀ। ਕਰੋਏਸ਼ੀਆ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਪਰ ਸਰਬੀਆ ਯੂਰਪੀਅਨ ਯੂਨੀਅਨ ਤੋਂ ਬਾਹਰ ਹੈ।
ਸਰਬੀਆ ਦੀ ਰਾਜਧਾਨੀ ਬੈੱਲਗਰੇਡ ਤੋਂ ਤਕਰੀਬਨ 160 ਕਿਲੋ ਮੀਟਰ ਯਾਨੀ 100 ਮੀਲ ਉੱਤਰ-ਪੱਛਮ ਵੱਲ ਪੈਂਦੇ ‘ਲਿਬਰਲੈਂਡ’ ਦੇ ਸਬੰਧ ਵਿਚ ਜੈਦਲਿੱਕਾ ਨੇ ਕਿਹਾ, “ਕਰੋਏਸ਼ੀਆ ਦਾ ਦਾਅਵਾ ਹੈ ਕਿ ਇਹ ਇਲਾਕਾ ਸਰਬੀਆ ਦਾ ਹੈ ਜਦੋਂ ਕਿ ਸਰਬੀਆ ਇਸ ਇਲਾਕੇ ਦੀ ਮਲਕੀਅਤ ਦਾ ਦਾਅਵੇਦਾਰ ਨਹੀਂ ਹੈ। ਇਹ ਸਥਿਤੀ ਪਿਛਲੇ 24 ਸਾਲਾਂ ਤੋਂ ਬਣੀ ਹੋਈ ਸੀ। ਹੁਣ ਇਹ ਜ਼ਮੀਨ ਸਾਡੀ ਹੈ।” ਜੈਦਲਿੱਕਾ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਸਬੰਧੀ ਇਕ ਐਲਾਨ ਹੀ ਕੀਤਾ ਹੈ ਤੇ ਹੁਣ ਉਹ ਇਸ ਸਬੰਧ ਵਿਚ ਜਹਾਨ ਭਰ ਦੇ ਹੋਰ ਮੁਲਕਾਂ ਦੇ ਵਿਦੇਸ਼ ਮੰਤਰਾਲਿਆਂ ਨੂੰ ਇਸੇ ਐਲਾਨ ਦੇ ਉਤਾਰੇ ਭੇਜੀ ਜਾ ਰਹੇ ਹਨ। ਜੈਦਲਿੱਕਾ ਦਾ ਕਹਿਣ ਹੈ ਕਿ ‘ਸਿੱਧੀਆਂ ਜਮਹੂਰੀ ਸਿਫ਼ਤਾਂ ਵਾਲ਼ੇ ਇਸ ਸੰਵਿਧਾਨਕ ਗਣਰਾਜ’ ਦੇ ਸਿਆਸਤਦਾਨਾਂ ਨੂੰ ਹੁਣ ਸਰਹੱਦੋਂ ਪਾਰੋਂ ਚੀਜ਼ਾਂ-ਵਸਤਾਂ ਅਤੇ ਲੋਕਾਂ ਦੇ ਖੁੱਲ੍ਹੇ ਆਉਣ-ਜਾਣ ਦਾ ਅਤੇ ਹੋਰ ਮਾਲੀ ਮੁੱਦਿਆਂ ਦਾ ਨਿਬੇੜਾ ਕਰਨ ਲਈ ਹੀ ਗੱਲਬਾਤ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ‘ਕਿਸੇ’ ਨੇ ‘ਲਿਬਰਲੈਂਡ’ ਦੇ ਦੂਰ-ਸੰਚਾਰ ਸਬੰਧੀ ਮੁਢਲੇ ਢਾਂਚੇ ਵਿਚ ਸਰਮਾਇਆ ਲਾਉਣ ਦੀ ਪੇਸ਼ਕਸ਼ ਵੀ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰਹੱਦੋਂ ਪਾਰ ਤਕ ਤਾਰਾਂ ਵਿਛਾ ਕੇ ਬਿਜਲੀ ਲੈਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਪਰ ਬਿਜਲੀ ਦੇ ਸੂਰਜੀ ਵਸੀਲਿਆਂ ਰਾਹੀਂ ਇਸ ਸਬੰਧ ਵਿਚ ਆਤਮ-ਨਿਰਭਰ ਹੋਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਇਸ ਮੁਲਕ ਅਤੇ ਇਸ ਦੇ ਪ੍ਰਾਜੈਕਟਾਂ ਵਿਚ ਬਹੁਤ ਹੀ ਜ਼ਿਆਦਾ ਦਿਲਚਸਪੀ ਲਈ ਜਾ ਰਹੀ ਹੈ ਕਿਉਂ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਹੀ ਇਸ ਮੁਲਕ ਦੀ ਵੈੱਬਸਾਈਟ (ਹਟਟਪ://ਲਬਿੲਰਲੳਨਦ.ੋਰਗ/ੲਨ/ਮੳਨਿ) 13 ਲੱਖ ਤੋਂ ਵੱਧ ਲੋਕਾਂ ਨੇ ਖੋਲ੍ਹ ਕੇ ਦੇਖੀ ਹੈ।
ਉਨ੍ਹਾਂ ਦਾ ਕਹਿਣ ਹੈ, “ਲੋਕ ਸਾਡੇ ਮੁਲਕ ਦੀ ਨਾਗਰਿਕਤਾ ਹਾਸਲ ਕਰਨ ਲਈ ਬਹੁਤ ਉਤਾਵਲੇ ਹਨ। ਪਿਛਲੇ ਚਾਰ ਦਿਨਾਂ ਅੰਦਰ ਸਾਨੂੰ ਇਸ ਸਬੰਧ ਵਿਚ ਤਕਰੀਬਨ ਢਾਈ ਲੱਖ ਦਰਖ਼ਾਸਤਾਂ ਮਿਲ ਚੁੱਕੀਆਂ ਹਨ।” ਉਨ੍ਹਾਂ ਦੇ ਕਹਿਣ ਅਨੁਸਾਰ, ਕਈ ਮੁਲਕਾਂ ਦੇ ਡਿਪਲੋਮੈਟ ਵੀ ਇਸ ਸਬੰਧ ਵਿਚ ਬਹੁਤ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ, “ਮੇਰਾ ਖ਼ਿਆਲ ਹੈ ਕਿ ਹਫ਼ਤੇ ਦੇ ਅੰਤ ਤਕ ਦਸ ਲੱਖ ਦਰਖ਼ਾਸਤਾਂ ਆ ਜਾਣਗੀਆਂ।”
‘ਲਿਬਰਲੈਂਡ’ ਦੀ ਸ਼ਹਿਰੀਅਤ ਹਾਸਲ ਕਰਨ ਲਈ ਸ਼ਰਤਾਂ ਦਾ ਮਿਆਰ ਬਹੁਤ ਉੱਚਾ ਰੱਖਿਆ ਗਿਆ ਹੈ। ਜਿਹੜਾ ਵਿਅਕਤੀ ਇਸ ਮੁਲਕ ਦਾ ਸ਼ਹਿਰੀ ਬਣਨਾ ਚਾਹੇਗਾ, ਉਸ ਨੂੰ ਹੋਰ ਲੋਕਾਂ ਦਾ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਹੀ ਨਹੀਂ, ਉਨ੍ਹਾਂ ਦੀ ਨਿੱਜੀ ਜਾਇਦਾਦ ਦਾ ਵੀ ਆਦਰ-ਮਾਣ ਕਰਨਾ ਪਵੇਗਾ। ਉਨ੍ਹਾਂ ਦਾ ਰਿਕਾਰਡ ਵੀ ਪਾਕ-ਸਾਫ ਹੋਣਾ ਚਾਹੀਦਾ ਹੈ। ਉਹ ਆਪਣੀ ਜ਼ਿੰਦਗ਼ੀ ਵਿਚ ਕਦੇ ਵੀ ਕਮਿਊਨਿਸਟ, ਨਾਜ਼ੀ ਜਾਂ ਅੱਤਵਾਦੀ ਨਹੀਂ ਰਹੇ ਹੋਣੇ ਚਾਹੀਦੇ।
ਦਾਨਯੂਬ ਨਦੀ ਦੇ ਪੱਛਮੀ ਕੰਢੇ ਪਈ 7 ਮੁਰੱਬਾ ਕਿਲੋ ਮੀਟਰ ਜ਼ਮੀਨ ਵਿਚ ਸਥਾਪਤ ਕੀਤੇ ਗਏ ‘ਫ੍ਰੀ ਰੀਪਬਲਿਕ ਆਫ ਲਿਬਰਲੈਂਡ’ ਲਈ ਜ਼ਮੀਨ ਦਾ ਇਹ ਟੋਟਾ, ਲਾਵਾਰਸ (ਂੋ ਮੳਨ’ਸ ਲੳਨਦ) ਮੰਨ ਕੇ, ਇਸ ਉੱਤੇ ਕਬਜ਼ਾ ਕਰ ਲਿਆ ਗਿਆ ਹੈ। ਇਹ ਮੁਲਕ ਦੁਚਿੱਤੀ ਦੀ ਸਥਿਤੀ ਵਿਚ ਰਹਿ ਕੇ ਨਹੀਂ ਬਣਾਇਆ ਗਿਆ ਕਿਉਂ ਕਿ ਇਸ ਦਾ ਸੰਵਿਧਾਨ ਹੈ, ਝੰਡਾ ਹੈ, ਇਸ ਦੀ ਸਰਕਾਰੀ ਵੈੱਬਸਾਈਟ ਹੈ, ‘ਫੇਸਬੁੱਕ’ ਦਾ ਪੰਨਾ ਹੈ, ਇਸ ਕੋਲ ਆਪਣਾ ਸ਼ਸਤਰੀ ਨਿਸ਼ਾਨ ਹੈ ਅਤੇ ਇਸ ਦਾ ‘ਠੋ ਲਵਿੲ ੳਨਦ ਲੲਟ ਲਵਿੲ’ ਯਾਨੀ ‘ਜੀਓ ਤੇ ਜੀਣ ਦਿਓ’ ਨਾਅਰਾ ਹੈ।
ਲਿਬਰਲੈਂਡ ਦੇ ਅਧਿਕਾਰੀਆਂ ਨੇ 16 ਅਪ੍ਰੈਲ (2015) ਨੂੰ ਆਪਣੀ ਵੈੱਬਸਾਈਟ ਉੱਤੇ ਇਹ ਇਬਾਰਤ ਦਰਜ ਕੀਤੀ ਹੈ ਕਿ ਉਨ੍ਹਾਂ ਦਾ ਮੁਲਕ “ਆਪਣੇ ਲੋਕਾਂ ਦੀ ਨਿੱਜੀ ਅਤੇ ਆਰਥਕ ਅਜ਼ਾਦੀ ਉੱਤੇ ਫ਼ਖ਼ਰ ਕਰਦਾ ਹੈ। ਇਸ ਨੇ ਸੰਵਿਧਾਨ ਰਾਹੀਂ ਹੀ, ਲਿਬਰਲੈਂਡ ਰਾਸ਼ਟਰ ਦੀਆਂ ਅਜ਼ਾਦੀਆਂ ਵਿਚ ਆਪਣੇ ਸਿਆਸਤਦਾਨਾਂ ਦਾ ਦਖ਼ਲ ਕਾਫੀ ਹੱਦ ਤਕ ਸੀਮਤ ਕਰ ਦਿੱਤਾ ਹੋਇਆ ਹੈ।” ਇਸ ਮੁਲਕ ਦੇ ਇਕ ਬੁਲਾਰੇ ਦਾ ਕਹਿਣ ਹੈ, “ਆਸਟਰੀਆ ਦੇ ਅਧਿਕਾਰੀਆਂ ਨੇ ਸਾਡੀਆਂ ਸਰਗਰਮੀਆਂ ਦੀ ਤਾਈਦ ਕੀਤੀ ਹੈ। ਅਸੀਂ ਇਸ ਮੁਲਕ ਨਾਲ਼ ਖ਼ਾਸ ਸਿਆਸੀ ਸਾਂਝ ਪਾਉਣ ਦੇ ਹੀਲੇ ਕਰ ਰਹੇ ਹਾਂ।”
ਆਪਣੇ-ਆਪ ਹੀ ਇਸ ਮੁਲਕ ਦੇ ਰਾਸ਼ਟਰਪਤੀ ਬਣੇ ਵਿਤ ਜੇਦਲਿੱਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਵੇਂ ਖ਼ੁਦਮੁਖ਼ਤਾਰ ਮੁਲਕ ਦਾ ਹਿੱਸਾ ਬਣਨ ਅਤੇ ਇਹ ਲੇਖ ਛਪ ਜਾਣ ਤਕ ਤਕਰੀਬਨ ਸਾਢੇ ਤਿੰਨ ਲੱਖ ਲੋਕ, ਇਸ ਮੁਲਕ ਦੇ ਸ਼ਹਿਰੀ ਬਣਨ ਲਈ ਦਰਖ਼ਾਸਤਾਂ ਦੇ ਚੁੱਕੇ ਹਨ। ਇਹ ਮੁਲਕ ਸਥਾਪਤ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਹਾਲੇ ਤਕ ਇਸ ਦੀ ਜ਼ਮੀਨ ਵਿਚ ਵਸਦਾ ਕੋਈ ਨਹੀਂ ਹੈ ਅਤੇ ਇਸ ਧਰਤੀ ਵਿਚ ਸੰਘਣਾ ਜੰਗਲ ਹੈ। ਇਸ ਇਲਾਕੇ ਵਿਚ ਕੁੱਝ ਉੱਖੜੀਆਂ ਜਿਹੀਆਂ ਸੜਕਾਂ ਤੇ ਖੰਡਰ ਬਣੇ ਹੋਏ ਮਕਾਨ ਵੀ ਹਨ। 13 ਅਪ੍ਰੈਲ (2015) ਨੂੰ ਇਸ ਜ਼ਮੀਨ ਉੱਤੇ ਲਿਬਰਲੈਂਡ ਦਾ ਕਾਲ਼ੇ ਅਤੇ ਪੀਲ਼ੇ ਰੰਗ ਦਾ ਝੰਡਾ ਲਹਿਰਾ ਕੇ ਇਸ ਨੂੰ ‘ਫਰੀ ਰੀਪਬਲਿਕ ਆਫ ਲਿਬਰਲੈਂਡ’ ਨਾਂ ਦੇ ਦਿੱਤਾ ਗਿਆ ਹੈ। ਇਹ ਮੁਲਕ, ਵੈਟੀਕਨ ਅਤੇ ਮੋਨਾਕੋ ਨਾਲ਼ੋਂ ਰਤਾ ਕੁ ਹੀ ਵੱਡਾ ਹੋਵੇਗਾ।
ਇਸ ਮੁਲਕ ਦੀ ਸਰਕਾਰ ‘ਬਿਟਕੁਆਇਨ’ ਵਰਗੀ ‘ਗੁੱਝੀ ਕਰੰਸੀ’ (ਚਰੇਪਟੋਚੁਰਰੲਨਚੇ) ਵਰਤੇਗੀ ਤੇ ਕੋਈ ਕੇਂਦਰੀ ਬੈਂਕ ਸਥਾਪਤ ਨਹੀਂ ਕਰੇਗੀ। ਇਸ ਮੁਲਕ ਦੇ ਸੰਵਿਧਾਨ ਅਨੁਸਾਰ, ਇਸ ਦੀ ਸਰਕਾਰ ‘ਬੈਂਕਾਂ’ ਤੋਂ ਲੈ ਕੇ ‘ਵੇਸਵਾਗਮਣੀ’ ਤਕ ਵਿਚਾਲੇ ਆਉਂਦੀ, ਇਹੋ ਜਿਹੀ ਕਿਸੇ ਵੀ ਚੀਜ਼ ਵਿਚ ਆਪਣਾ ਨੱਕ ਨਹੀਂ ਵਾੜੇਗੀ। ਵਿਤ ਜੇਦਲਿੱਕਾ ਦਾ ਖ਼ਿਆਲ ਹੈ ਕਿ ਇਸ ਮੁਲਕ ਦੀ ਅਬਾਦੀ 35 ਕੁ ਹਜ਼ਾਰ ਤਕ ਹੀ ਰੱਖੀ ਜਾਵੇ ਤੇ ਇੰਨੇ ਲੋਕ ਵੀ ਇਸ ਮੁਲਕ ਦੇ ਸਦਾ-ਵਾਸੀ ਨਾ ਹੋਣ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਲਿਬਰਲੈਂਡ ਦੇ ਗੁਆਂਢੀ ਮੁਲਕ, ਇਸ ਮੁਲਕ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ।
ਲਿਬਰਲੈਂਡ ਦੀ ਸਥਾਪਨਾ, ਲੋਕਾਂ ਦੇ ਮਨਾਂ ਵਿਚ ਘਰ ਕਰ ਗਈ ਲੱਗਦੀ ਹੈ। ਲਿਬਰਲੈਂਡ ਅਤੇ ਜੇਦਲਿੱਕਾ ਕੌਮਾਂਤਰੀ ਖ਼ਬਰ ਬਣ ਚੁੱਕੇ ਹਨ। 30 ਅਪ੍ਰੈਲ ਨੂੰ ‘ਫੇਸਬੁੱਕ’ ਉੱਤੇ ‘ਲਿਬਰਲੈਂਡ’ ਦਾ ‘ਕਮਿਊਨਿਟੀ ਪੇਜ’ ਇਕ ਲੱਖ, ਤੇਤੀ ਹਜ਼ਾਰ ਲੋਕਾਂ ਨੂੰ ਪਸੰਦ ਆ ਚੁੱਕਾ ਸੀ। ਇੱਥੇ ਇਹ ਦੱਸਣ ਵਿਚ ਕੋਈ ਹਰਜ ਨਹੀਂ ਦਿਸਦਾ ਕਿ ਅਜੇ ਪਿਛਲੇ ਸਾਲ ਹੀ ਵਰਜੀਨੀਆ ਦੇ ਇਕ ਬੰਦੇ ਨੇ ਇਜੈਪਟ (ਮਿਸ਼ਰ) ਅਤੇ ਸੁਡਾਨ ਵਿਚਾਲ਼ੇ ਸਰਹੱਦ ਦੇ ਨਾਲ਼ ਪਈ 800 ਮੁਰੱਗਾ ਮੀਲ ਜ਼ਮੀਨ ਮੱਲ ਕੇ ਉਸ ਵਿਚ ‘ਕਿੰਗਡਮ ਆਫ ਨਾਰਥ ਸੁਡਾਨ’ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਵਿਅਕਤੀ ਦਾ ਨਾਂ ਜੇਰੇਮੀਆ ਹੀਟਨ ਹੈ। ਇਸ ਸਬੰਧ ਵਿਚ ‘ਵਾਸ਼ਿੰਗਟਨ ਪੋਸਟ’ ਪੋਸਟ ਵਿਚ ਛਪੀ ਹੋਈ ਇਕ ਖ਼ਬਰ ਦਾ ਸਾਰ ਇਹ ਹੈ ਕਿ ਪਿਛਲੇ ਸਿਆਲ ਇਕ ਦਿਨ, ਜੇਰੇਮੀਆ ਹੀਟਨ ਨਾਂ ਦਾ ਇਹ ਬੰਦਾ, ਅਬਿੰਗਡਨ ਵਿਖੇ ਆਪਣੇ ਘਰ ਵਿਚ ਆਪਣੀ 6 ਵਰ੍ਹਿਆਂ ਦੀ ਬੱਚੀ ਏਮਿਲੀ ਨੂੰ ਖਿਡਾ ਰਿਹਾ ਸੀ ਕਿ ਇਸ ਬੱਚੀ ਨੇ ਉਸ ਨੂੰ ਪੁੱਛ ਲਿਆ ਕਿ ਕੀ ਉਹ ਸੱਚੀਂ ਹੀ ‘ਪ੍ਰਿੰਸੈੱਸ’ ਯਾਨੀ ਸ਼ਹਿਜ਼ਾਦੀ ਬਣ ਸਕਦੀ ਹੈ!’
ਖਾਣ ਵਿਚ ਕੰਮ ਕਰਦੇ ਅਤੇ ਤਿੰਨ ਬੱਚਿਆਂ ਦੇ ਬਾਪ ਹੀਟਨ ਨੇ ਉਸ ਵੇਲ਼ੇ ਸ਼ਹਿਜ਼ਾਦੀ ਬਣਨ ’ਤੇ ਅੜੀ ਹੋਈ ਏਮਿਲੀ ਨੂੰ ਕੋਈ ਲਾਰਾ ਨਾ ਲਾਇਆ, ਪਰ ਨਾਂਹ ਵੀ ਨਾ ਕੀਤੀ। ਹੀਟਨ ਕਈ ਮਹੀਨੇ, ਮਿਸ਼ਰ ਦੇ ਦੱਖਣੀ ਪਾਸੇ ਖਾਲੀ ਪਈ ਰੇਗਸਥਾਨੀ ਜ਼ਮੀਨ ਗਾਹੁੰਦਾ ਫਿਰਿਆ। 16 ਜੂਨ ਨੂੰ ਏਮਿਲੀ ਦਾ ਸੱਤਵਾਂ ਜਨਮ ਦਿਨ ਆਉਣ ਵਾਲ਼ਾ ਸੀ ਕਿ ਉਸ ਨੇ ਉਸ ਇਲਾਕੇ ਵਿਚ ਇਕ ਪਥਰੀਲੇ ਟਿੱਲੇ ਉੱਤੇ ਚਾਰ ਤਾਰਿਆਂ ਅਤੇ ਇਕ ਤਾਜ ਵਾਲ਼ਾ ਨੀਲਾ ਝੰਡਾ ਲਹਿਰਾਅ ਦਿੱਤਾ। ਸਥਾਨਕ ਲੋਕ, ਜ਼ਮੀਨ ਦੇ ਇਸ ਟੋਟੇ ਨੂੰ ‘ਬੀੜ ਤਵੀਲ’ ਕਹਿੰਦੇ ਹੁੰਦੇ ਸਨ, ਪਰ ਹੀਟਨ ਤੇ ਉਸ ਦੇ ਪਰਿਵਾਰ ਨੇ ਉਸ ਦਾ ਨਾਂ ‘ਕਿੰਗਡਮ ਆਫ ਨਾਰਥ ਸੁਡਾਨ’ ਰੱਖ ਦਿੱਤਾ। ਇਸ ਤਰ੍ਹਾਂ ਹੀਟਨ ਆਪੇ ਹੀ ਰਾਜਾ ਬਣ ਗਿਆ ਤੇ ਸ਼ਹਿਜ਼ਾਦੀ ਬਣ ਗਈ, ਉਸ ਦੀ ਧੀ ਏਮਿਲੀ!
ਏਦਾਂ ਹੀ ਕਦੇ ਬਰਤਾਨਵੀ ਪੱਤਰਕਾਰ ਡੈਨੀ ਵਾਲੇਸ ਨੇ ਸੰਨ 2005 ਵਿਚ, ਲੰਡਨ ਵਿਚ ਆਪਣੇ ਫਲੈਟ ਵਿਚ ਆਪਣਾ ਇਕ ਵੱਖਰਾ ਦੇਸ਼ ਸਥਾਪਤ ਕੀਤਾ ਸੀ ਤੇ ਉਸ ਨੇ ਉਸ ਦੇਸ਼ ਦਾ ਨਾਂ ‘ਲਵਲੀ’ (ਪਿਆਰਾ) ਰੱਖਿਆ ਸੀ। ਹੁਣ ਲਿਬਰਲੈਂਡ ਦਾ ਮਾਮਲਾ ਕਿੰਨਾ ਕੁ ਸੰਜੀਦਾ ਹੈ, ਅਜੇ ਇਹ ਗੱਲ ਬਹੁਤੀ ਸਪੱਸ਼ਟ ਨਹੀਂ ਹੈ ਕਿਉਂ ਕਿ ਕੁੱਝ ਦਿਨ ਪਹਿਲਾਂ ਹੀ, ਪੱਤਰਕਾਰਾਂ ਦੀ ਇਕ ਟੋਲੀ ਨੇ ਇਹ ਨਵਾਂ ਮੁਲਕ ਦੇਖਣ ਦਾ ਹੀਲਾ ਕੀਤਾ ਤਾਂ ਕਰੋਏਸ਼ੀਅਨ ਬਾਰਡਰ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਮੋੜ ਦਿੱਤਾ ਸੀ। ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਲਿਬਰਲੈਂਡ ਦਾ ਝੰਡਾ ਪੁੱਟ ਸੁੱਟਿਆ ਗਿਆ ਹੈ। ਓਦਾਂ ਵੀ ਉਦੋਂ ਤਕ ਕਿਸੇ ਮੁਲਕ ਨੇ ਲਿਬਰਲੈਂਡ ਨੂੰ ਮਾਨਤਾ ਨਹੀਂ ਦਿੱਤੀ ਸੀ। ਕਰੋਏਸ਼ੀਆ ਅਤੇ ਸਰਬੀਆ ਨੇ ਵੀ ਆਪਣੇ ਇਸ ਨਵੇਂ ਗੁਆਂਢੀ ਬਾਰੇ ਕੋਈ ਬਿਆਨ ਨਹੀਂ ਦਾਗਿਆ।
ਕੁੱਝ ਵੀ ਹੋਵੇ, ਇਸ ਮੁਲਕ ਦੀ ਸ਼ਹਿਰੀਅਤ ਹਾਸਲ ਕਰਨ ਦੇ ਚਾਹਵਾਨ ਲੋਕਾਂ ਦਾ ਖ਼ਿਆਲ ਹੈ ਕਿ ਲਿਬਰਲੈਂਡ ਵਿਚ ਉਨ੍ਹਾਂ ਨੂੰ, ਹੋਰ ਮੁਲਕਾਂ ਵਿਚ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਚੁੱਕੀਆਂ, ਕਈ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ। ਹਾਲ਼ ਦੀ ਘੜੀ, ‘ਲਿਬਰਪੋਲਿਸ’ ਨੂੰ ਲਿਬਰਲੈਂਡ ਦੀ ਰਾਜਧਾਨੀ ਬਣਾਇਆ ਗਿਆ ਹੈ।ਇਸ ਮੁਲਕ ਦਾ ਟੈਲੀਫੋਨ ਕੋਡ ‘+422’ ਬਣਾਉਣ ਦੇ ਹੀਲੇ ਕੀਤੇ ਜਾ ਰਹੇ ਹਨ। ਜਾਣਕਾਰੀ ਲੈਣ ਖ਼ਾਤਰ ਇੰਟਰਨੈੱਟ ਦਾ ਸਹਾਰਾ ਲੈਣ ਦੇ ਆਦੀ ਲੋਕ ‘ਗੂਗਲ ਮੈਪਸ’ ਉੱਤੇ ਇਸ ਮੁਲਕ ਦਾ ਨਕਸ਼ਾ ਦੇਖ ਸਕਦੇ ਹਨ। ਇਸ ਮੁਲਕ ਦੀ ਸਥਾਪਨਾ ਦੀਆਂ ਖ਼ਬਰਾਂ ਚੈੱਕ ਰੀਪਬਲਿਕ, ਅਮਰੀਕਾ, ਸਲੋਵਾਕੀਆ, ਪੋਲੈਂਡ, ਆਸਟਰੀਆ, ਕਰੋਏਸ਼ੀਆ, ਸਰਬੀਆ, ਬੋਸਨੀਆ, ਹਰਜ਼ੇਗੋਵੀਨਾ, ਮੌਂਟੇ ਨੀਗਰੋ, ਅਜ਼ਰਬਾਈਜਾਨ, ਹੰਗਰੀ, ਰੂਸ ਅਤੇ ਤੁਰਕੀ ਵਿਚ ਸੁਣੀਆਂ/ ਪੜ੍ਹੀਆਂ ਜਾ ਚੁੱਕੀਆਂ ਹਨ। ਵਿਕੀਪੀਡੀਆ ਵਿਚ ਲਿਬਰਲੈਂਡ ਦਾ ਵੇਰਵਾ ਸੱਤ ਭਾਸ਼ਾਵਾਂ ਵਿਚ ਦਰਜ ਹੈ।
ਲਿਬਰਲੈਂਡ ਦੀ ਸਥਾਪਨਾ ਦਾ ਮੁੱਖ ਉਦੇਸ਼, ਇਮਾਨਦਾਰ ਲੋਕਾਂ ਨੂੰ ਸਹਿਜ ਨਾਲ਼ ਮੌਲਣ-ਵਿਗਸਣ ਖ਼ਾਤਰ ਸੁਖਾਵਾਂ ਮਾਹੌਲ ਦੇਣਾ ਹੈ। ਇਸ ਮੁਲਕ ਦੇ ਲੋਕਾਂ-ਸਿਰ ਨਜਾਇਜ਼ ਦਬਾਅ, ਪਾਬੰਦੀਆਂ ਜਾਂ ਟੈਕਸ ਨਹੀਂ ਹੋਣਗੇ। ਇਸ ਮੁਲਕ ਦੇ ਬਾਨੀਆਂ ਦੇ ਇਰਾਦੇ, ਆਪਣੇ ਲੋਕਾਂ ਨੂੰ ਜਹਾਨ ਭਰ ਵਿਚੋਂ ਵਧੀਆ ਸਹੂਲਤਾਂ ਦੇਣ ਦੇ ਹਨ। ਲਿਬਰਲੈਂਡ ਦੇ ਰਾਸ਼ਟਰਪਤੀ ਵਿਤ ਜੇਦਲਿੱਕਾ ਦਾ ਈਮੇਲ ਸਿਰਨਾਵਾਂ: ਪਰੲਸਦਿੲਨਟ੍ਲਬਿੲਰਲੳਨਦ.ੋਰਗ ਹੈ ਜਦੋਂ ਕਿ ਫੋਨ ਨੰਬਰ: +422-608-131-130 ਹੈ। ਇਸ ਦੀ ਵੈੱਬਸਾਈਟ ਵਿਚ ਦਾਖਲ ਹੋਣ ਲਈ ਾ.ਲਬਿੲਰਲੳਨਦ.ੋਰਗ ਉੱਤੇ ਕਲਿੱਕ ਕਰਨ ਦੀ ਲੋੜ ਪਵੇਗੀ।
ਲਿਬਰਲੈਂਡ ਦਾ ਪ੍ਰਬੰਧ ਚਲਾਉਣ ਲਈ 10 ਤੋਂ 20 ਮੈਂਬਰਾਂ ਦੀ ਇਕ ਕਮੇਟੀ ਜਾਂ ਵਜ਼ਾਰਤ ਬਣਾਉਣ ਦੀ ਤਜਵੀਜ਼ ਹੈ। ਇਹ ਮੈਂਬਰ ਚੁਣਨ ਖ਼ਾਤਰ ‘ਇਲੈਕਟਰਾਨਿਕ ਵੋਟਿੰਗ ਸਿਸਟਮ’ ਵਰਤਿਆ ਜਾਵੇਗਾ। ਇਸ ਮੁਲਕ ਦੀ ਸਰਹੱਦੀ ਨੀਤੀ ਖੁੱਲ੍ਹੀ ਹੋਵੇਗੀ।ਇਸ ਮੁਲਕ ਦਾ ਸੰਵਿਧਾਨ, ਸਵਿਟਜ਼ਰਲੈਂਡ ਦੇ ਅਸਰ ਅਧੀਨ ਤਿਆਰੀ ਗੋਚਰੇ ਹੈ।ਕੈਨੇਡਾ ਦੇ ਬਰਾਇਨ ਲੋਵਿਗ ਨੇ ਲਿਬਰਲੈਂਡ ਦੇ ਮੁਢਲੇ ਵਿਕਾਸ ਲਈ ਦਸ ਹਜ਼ਾਰ ਡਾਲਰ ਦਾਨ ਕੀਤੇ ਹਨ। ਇਸ ਮੁਲਕ ਦੀ ਸਥਾਪਨਾ ਦਾ ਤਜਰਬਾ ਕਾਮਯਾਬ ਰਿਹਾ ਤਾਂ ਜਹਾਨ ਵਿਚ ਕਈ ਰਾਹ ਬੰਦ ਹੋਣ ਤੇ ਕਈ ਹੋਰ ਖੁੱਲ੍ਹਣ ਦੇ ਅਸਾਰ ਹੋ ਜਾਣਗੇ। ਫ਼ਿਲਹਾਲ ਇਸ ਮੁਲਕ ਵਿਚ ਚੱਲ ਰਹੇ ‘ਜੰਗਲ ਰਾਜ’ ਦੀ ਸ਼ਾਮਤ ਆਉਣ ਦੇ ਪੂਰੇ ਆਸਾਰ ਹਨ।#
