ਸਿਰੇ ’ਤੇ ਗੰਢ-67

ਤੇਈ ਸਾਲ ‘ਜਾਇਆਂ ਵੱਢੀ’ ਸਦਾਉਂਦੀ ਰਹੀ
 ਬੀਬੀ ਦੇ ਦੁੱਖ ਮਸਾਂ ਟੁੱਟੇ
ਬਖ਼ਸ਼ਿੰਦਰ
Email : bababax@gmail.com, Cell Phone :   +1-778-378-9669

ਕਹਿੰਦੇ ਨੇ ਕਿ ਕੁੱਝ ਕਹਾਣੀਆਂ, ਕਦੇ ਵੀ ਛੇੜ ਲਓ, ਅੱਖਾਂ ਤਰ ਕਰ ਜਾਂਦੀਆਂ ਹਨ। ਮਾਵਾਂ-ਪੁੱਤਾਂ ਦਾ ਪਿਆਰ ਅਤੇ ਵਿਛੋੜਾ ਦੋ ਇਹੋ ਜਿਹੇ ਵਿਸ਼ੇ ਹਨ, ਜੋ ਕਦੇ ਵੀ ਬੇਹੇ ਨਹੀਂ ਹੁੰਦੇ। ਕਿਸੇ ਦਾ ਪੁੱਤ ਮਰ ਜਾਵੇ ਤਾਂ ਜਹਾਨ ਭਰ ਦੀਆਂ ਔਰਤਾਂ, ਉਸ ਬਹਾਨੇ ਆਪਣੇ ਮੋਏ ਪੁੱਤਾਂ ਨੂੰ ਯਾਦ ਕਰ-ਕਰ ਕੇ ਹੰਝੂਆਂ ਦੇ ਹੜ੍ਹ ਵਿਚ ਵਹਿ ਜਾਇਆ ਕਰਦੀਆਂ ਹਨ। ਮਾਵਾਂ ਲਈ ਔਲਾਦ ਦਾ ਦੁੱਖ ਸਭ ਤੋਂ ਵੱਡਾ ਹੁੰਦਾ ਹੈ, ਪਰ ਫਿਰ ਵੀ ਕੁੱਝ ਮਾਵਾਂ ਦੇ ਸਿਰ ‘ਜਾਇਆਂ ਵੱਢੀਆਂ’ ਹੋਣ ਦੀ ਤੁਹਮਤ ਲੱਗ ਜਾਵੇ ਤਾਂ ਇਸ ਦੁੱਖ ਨੂੰ ਕਈ-ਕਈ ਜ਼ਰਬਾਂ ਆ ਜਾਂਦੀਆਂ ਹਨ। ਇਹੋ ਜਿਹੀ ਹੀ ਇਕ ਮਾਂ ਦਾ ਨਾਂ ਹੈ ਡੈਬਰਾ ਮਿਲਕੇ। ਇਸ ਵੇਲ਼ੇ 51 ਸਾਲਾਂ ਦੀ ਹੋ ਚੁੱਕੀ ਇਹ ਔਰਤ ਅਮਰੀਕੀ ਰਾਜ ਐਰੀਜ਼ੋਨਾ ਵਿਚ ਰਹਿੰਦੀ ਹੈ। ਪਿਛਲੇ 23 ਸਾਲਾਂ ਤੋਂ ਉਸ ਦੇ ਸਿਰ ਇਹ ਤੁਹਮਤ ਲੱਗੀ ਰਹੀ ਕਿ ਉਸ ਨੇ ਆਪਣੇ 4 ਸਾਲਾਂ ਦੇ ਪੁੱਤਰ ਕ੍ਰਿਸਟੋਫਰ ਨੂੰ, ਬੀਮੇ ਦੀ ਰਕਮ ਭੋਟਣ ਖ਼ਾਤਰ ਕਤਲ ਕਰਾ ਦਿੱਤਾ ਸੀ। ਇਸ ਅਰਸੇ ਦੌਰਾਨ ਉਹ ਨਾ ਸਿਰਫ਼ ਇਸ ਤੁਹਮਤ ਨੂੰ ਨਕਾਰਦੀ ਰਹੀ, ਸਗੋਂ ਉਸ ਦਿਨ ਦੀ ਉਡੀਕ ਵੀ ਕਰਦੀ ਰਹੀ, ਜਦੋਂ ਉਸ ਨੂੰ ‘ਜਾਇਆਂ ਵੱਢੀ’ ਦੇ ਇਸ ‘ਖ਼ਿਤਾਬ’ ਤੋਂ ਨਿਜਾਤ ਮਿਲੇਗੀ। 23 ਸਾਲ ਪਹਿਲਾਂ ਡੈਬਰਾ ਮਿਲਕੇ ਦੇ ਪੁੱਤਰ ਕ੍ਰਿਸਟੋਫਰ ਨੂੰ ਦੋ ਜਣਿਆਂ ਨੇ ਫੀਨਿਕਸ ਦੇ ਨੇੜੇ ਰੇਗਸਤਾਨੀ ਇਲਾਕੇ ਵਿਚ ਉਸ ਦੀ ਗਿੱਚੀ ਵਿਚ ਗੋਲ਼ੀ ਮਾਰ ਕੇ ਮਾਰ ਸੁੱਟਿਆ ਸੀ। 
ਪਿਛਲੇ ਤੋਂ ਪਿਛਲੇ ਮਹੀਨੇ ਯਾਨੀ 23 ਮਾਰਚ ਨੂੰ ਐਰੀਜ਼ੋਨਾ ਦੀ ਇਕ ਅਦਾਲਤ ਨੇ ਡੈਬਰਾ ਨੂੰ ਬਰੀ ਕਰ ਦਿੱਤਾ ਸੀ। ਇਹ 23 ਸਾਲ, ਡੈਬਰਾ ਦੇ ਸਿਰ ਮੌਤ ਦੀ ਸਜ਼ਾ ਦੀ ਤਲਵਾਰ ਲਮਕਦੀ ਰਹੀ। ਉਸ ਨੂੰ ਪੁਲੀਸ ਦੇ ਖੁਫੀਆ ਵਿੰਗ ਦੇ ਇਕ ਮੁਲਾਜ਼ਮ ਦੀ ਗਵਾਹੀ ’ਤੇ ਮੁਕੱਦਮੇ ਅਧੀਨ ਲਿਆਂਦਾ ਗਿਆ ਸੀ। ਇਸ ਖੁਫੀਆ ਮੁਲਾਜ਼ਮ ਨੇ ਇਹ ਕਿਹਾ ਸੀ ਕਿ ਡੈਬਰਾ ਮਿਲਕੇ ਆਪਣੇ ਪੁੱਤਰ ਦੇ ਕਤਲ ਦੇ ਜੁਰਮ ਦਾ ਇਕਬਾਲ ਕਰ ਚੁੱਕੀ ਹੈ।
ਬਰੀ ਹੋਣ ਮਗਰੋਂ ਦਿੱਤੇ ਇਕ ਬਿਆਨ ਵਿਚ ਇਸ ਮਾਂ ਨੇ ਇਹ ਕਿਹਾ ਸੀ, “ਮੈਨੂੰ ਪੂਰਾ ਯਕੀਨ ਸੀ ਕਿ ਕਦੇ ਇਹ ਦਿਨ ਵੀ ਆਵੇਗਾ, ਪਰ ਮੈਨੂੰ ਇਹ ਖ਼ਿਆਲ ਨਹੀਂ ਸੀ ਕਿ ਇਨਸਾਫ਼ ਦੀ ਕੁੱਖ ਵਿਚੋਂ ਗਰਭ ਡਿੱਗ ਜਾਣ ਮਗਰੋਂ, ਉਸ ਦੀ ਕੁੱਖ ਹਰੀ ਹੋਣ ਨੂੰ 25 ਸਾਲ, 3 ਮਹੀਨੇ ਤੇ 14 ਦਿਨ ਲੱਗ ਜਾਣਗੇ।” 1990 ਵਿਚ ਉਸ ਨੂੰ ਸੁਣਾਈ ਹੋਈ ਸਜ਼ਾ, ਇਕ ਅਪੀਲੀ ਅਦਾਲਤ ਵੱਲੋਂ ਰੱਦ ਕਰ ਦੇਣ ਮਗਰੋਂ ਉਸ ਨੇ 2013 ਤੋਂ ਹੀ ਅਜ਼ਾਦ ਹੋ ਜਾਣਾ ਸੀ, ਪਰ ਉਸ ਵੇਲ਼ੇ ਉਸ ਦੇ ਇਕ ਗਿੱਟਾ ਇਕ ਨਿਗਰਾਨੀ ਯੰਤਰ ਨਾਲ਼ ਨਰੜ ਦਿੱਤਾ ਗਿਆ ਸੀ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਸੀ ਕਿ ਇਸਤਗਾਸਾ ਪੱਖ ਦੇ ਵਕੀਲਾਂ ਨੇ ਖ਼ੁਫੀਆ ਮੁਲਾਜ਼ਮ ਅਰਮੈਂਡੋ ਸਲਡੇਟ ਦੇ ਉਲਟ ਵਤੀਰੇ ਦਾ ਵੇਰਵਾ ਜ਼ਾਹਰ ਨਹੀਂ ਕੀਤਾ ਸੀ।
ਜੱਜ ਰੋਜ਼ਾ ਮਰੋਜ਼ ਨੇ ਕਿਹਾ ਸੀ ਕਿ ਡੈਬਰਾ ਮਿਲਕੇ ਦੇ ਗਿੱਟੇ ਨਾਲ਼ੋਂ ਉਹ ਕੰਗਣ ਨੁਮਾ ਯੰਤਰ ਲਾਹ ਦਿੱਤਾ ਜਾਵੇ। ਸਰਕਾਰੀ ਵਕੀਲਾਂ ਵੱਲੋਂ ਦਾਇਰ ਕੀਤੀ ਹੋਈ ਆਖ਼ਰੀ ਅਪੀਲ ਵੀ ਖਾਰਜ ਕੀਤੀ ਜਾਣ ’ਤੇ ਜੱਜ ਨੇ ਡੈਬਰਾ ਦੇ ਖ਼ਿਲਾਫ਼ ਲੱਗੇ ਹੋਏ ਸਾਰੇ ਹੀ ਦੋਸ਼ ਖ਼ਾਰਜ ਕਰ ਸੁੱਟੇ। ਡੈਬਰਾ ਮਿਲਕੇ ਦੇ ਖ਼ਿਲਾਫ਼ ਕੇਸ ਦਾਇਰ ਕਰਦਿਆਂ ਇਸਤਗਾਸਾ ਪੱਖ ਨੇ ਕਿਹਾ ਸੀ ਕਿ ਦਸੰਬਰ, 1989 ਵਿਚ ਵਾਰਦਾਤ ਵਾਲ਼ੇ ਦਿਨ ਡੈਬਰਾ ਮਿਲਕੇ ਨੇ ਆਪਣੇ ਪੁੱਤਰ ਕ੍ਰਿਸਟੋਫਰ ਨੂੰ ਉਸ ਦਾ ਮਨਭਾਉਂਦਾ ਲਿਬਾਸ ਪੁਆਉਂਦਿਆਂ ਕਿਹਾ ਸੀ ਕਿ ਉਹ ਦੋਵੇਂ ਇਕ ਮੌਲ ਵਿਚ ਸਾਂਤਾ ਕਲਾਜ਼ ਦੇਖਣ ਜਾ ਰਹੇ ਹਨ। ਇਸਤਗਾਸਾ ਪੱਖ ਦੇ ਵਕੀਲਾਂ ਨੇ ਕਿਹਾ ਕਿ ਇਸ ਤੋਂ ਮਗਰੋਂ ਡੈਬਰਾ ਨੇ ਆਪਣੇ ਕਮਰੇ ਦੇ ਸਾਂਝੀਵਾਲ ਜੇਮਜ਼ ਸਟਾਈਰਜ਼ ਅਤੇ ਪੁੱਤਰ ਦੇ ਦੋਸਤ ਰੌਜਰ ਸਕਾਟ ਨਾਲ਼ ਗੰਢ-ਤੁੱਪ ਕਰ ਕੇ,  ਉਸ ਨੂੰ ਮਾਰ-ਮੁਕਾਉਣ ਦੀ ਵਿਉਂਤ ਬਣਾ ਲਈ। 
ਵਕੀਲਾਂ ਨੇ ਇਸ ਕਤਲ ਦਾ ਮਕਸਦ, ਉਸ ਦੇ ਪੁੱਤਰ ਦੇ ਬੀਮੇ ਦੀ ਰਕਮ ਹਾਸਲ ਕਰਨਾ ਦੱਸਿਆ ਤੇ ਇਹ ਵੀ ਦੱਸਿਆ ਕਿ ਡੈਬਰਾ ਨਹੀਂ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਫਿਰ ਕਦੇ ਉਸ ਦੇ ਮੱਥੇ ਲੱਗੇ। ਉਹ ਤਾਂ ਇਹ ਵੀ ਚਾਹੁੰਦੀ ਰਹੀ ਦੱਸੀ ਗਈ ਸੀ ਕਿ ਕ੍ਰਿਸਟੋਫਰ ਉਸ ਨਾਲ਼ ਰਹਿਣ ਦੀ ਥਾਂ, ਆਪਣੇ ਬਾਪ ਕੋਲ ਹੀ ਰਹੇ। ਸਟਾਈਰਜ਼ ਅਤੇ ਸਕਾਟ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਵੀ ਐਰੀਜ਼ੋਨਾ ਦੀ ਜੇਲ੍ਹ ਵਿਚ ਡੱਕੇ ਰਹੇ। ਉਹ ਦੋਵੇਂ ਹੀ ਡੈਬਰਾ ਦੇ ਖ਼ਿਲਾਫ਼ ਗਵਾਹੀ ਦੇਣੀ ਨਾ ਮੰਨੇ। ਡੈਬਰਾ ਹਮੇਸ਼ਾ ਇਹੋ ਕਹਿੰਦੀ ਕਿ ਉਸ ਦਾ ਕ੍ਰਿਸਟੋਫਰ ਨੂੰ ਮਾਰ-ਮੁਕਾਉਣ ਵਿਚ ਕੋਈ ਹੱਥ ਨਹੀਂ ਹੈ। ਉਹ, ਖ਼ੁਫੀਆ ਅਧਿਕਾਰੀ ਸਲਡੇਟ ਵੱਲੋਂ ਦਿੱਤੇ ਗਏ ਉਸ ਬਿਆਨ ਦੇ ਖ਼ਿਲਾਫ਼ ਵੀ ਡਟੀ ਰਹੀ, ਜਿਸ ਵਿਚ ਉਸ ਨੇ ਕਿਹਾ ਹੋਇਆ ਸੀ ਕਿ ਡੈਬਰਾ ਨੇ ਉਸ ਦੇ ਸਾਹਮਣੇ ਆਪਣੇ ਪੁੱਤਰ ਦੀ ਕਾਤਲ ਹੋਣਾ ਕਬੂਲ ਕੀਤਾ ਹੈ ਜਦੋਂ ਕਿ ਸਲਡੇਟ ਕੋਲ ਡੈਬਰਾ ਵੱਲੋਂ ਇਕਬਾਲਿ-ਜੁਰਮ ਕਰਨ ਦਾ ਗਵਾਹ ਕੋਈ ਨਹੀਂ ਸੀ। 
ਸੰਨ 2013 ਵਿਚ ‘ਨਾਈਨਥ ਯੂ. ਐੱਸ. ਸਰਕਟ ਕੋਰਟ ਆਫ ਅਪੀਲਜ਼’ ਦੇ ਜੱਜਾਂ ਨੇ ਦੱਸਿਆ ਕਿ ਸਲਡੇਟ ਪਹਿਲਾਂ ਵੀ ਕਈ ਵਾਰੀ ਅਦਾਲਤ ਵਿਚ ਝੂਠੇ ਹਲਫ਼ੀਆ ਬਿਆਨ ਦੇ ਚੁੱਕਾ ਹੈ। ਉਨ੍ਹਾਂ ਨੇ ਕੁੱਝ ਇਹੋ ਜਿਹੇ ਕੇਸਾਂ ਦੇ ਦ੍ਰਿਸ਼ਟਾਂਤ ਵੀ ਦਿੱਤੇ, ਜਿਨ੍ਹਾਂ ਵਿਚ ਉਸ ਨੇ ਮੁਲਜ਼ਮਾਂ ਤੋਂ ਗ਼ੈਰਕਾਨੂੰਨੀ ਹਾਲਤਾਂ ਅਧੀਨ ਪੁੱਛ-ਪੜਤਾਲ ਕੀਤੀ ਸੀ। ਉਸ ਦੀ ਇਸ ‘ਨਜਾਇਜ਼ ਪੁੱਛ-ਪੜਤਾਲ’ ਦੇ ਭਾਗੀ ਬਣੇ ਲੋਕਾਂ ਵਿਚੋਂ ਇਕ ਮੁਲਜ਼ਮ ਤਾਂ ਉਸ ਦੀ ਖੋਪੜੀ ਟੁੱਟਣ ਦੀ ਸੰਭਾਵਨਾ ਅਧੀਨ ਮੰਜੇ ਨਾਲ਼ ਮੰਜਾ ਹੋਇਆ ਪਿਆ ਹੈ ਜਦੋਂ ਕਿ ਇਕ ਹੋਰ ਮੁਲਜ਼ਮ ਆਈ. ਸੀ. ਯੂ. ਵਿਚ ਇਲਾਜ ਗੋਚਰੇ ਹੈ।
ਜੱਜਾਂ ਨੇ ਕਿਹਾ ਕਿ ਸਲਡੇਟ ਨੂੰ, ਇਕ ਡਰਾਈਵਰਨੀ ਨੂੰ ਰੋਕ ਕੇ, ਉਸ ਨੂੰ ਜਿਸਮਾਨੀ ਸੇਵਾ ਕਰਨ ਬਦਲੇ ਜਾ ਲੈਣ ਦੇਣ ਦੇ ਇਕ ਮਾਮਲੇ ਵਿਚ ਅੱਗੇ ਤੋਂ ਬਾਜ਼ ਆਉਣ ਦੀ ਚਿਤਾਵਨੀ ਵੀ ਮਿਲੀ ਹੋਈ ਹੈ। ਸਰਕਾਰੀ ਵਕੀਲਾਂ ਵੱਲੋਂ ਇਸ ਖ਼ੁਫੀਆ ਅਧਿਕਾਰੀ ਦੇ ਮਾੜੇ ਰਿਕਾਰਡ ਦਾ ਵੇਰਵਾ ਅਦਾਲਤ ਤੋਂ ਲੁਕਾਉਣ ਨੇ ਵੀ ਇਸ ਮਾਮਲੇ ਨੂੰ ਤੁਲ਼ ਲਾਈ। ਅਦਾਲਤ ਨੇ ਕਿਹਾ, “ਇਨਸਾਫ਼ ਦੇ ਕਿਸੇ ਵੀ ਸਭਿਅਕ ਨਿਜ਼ਾਮ ਨੂੰ ਇਹੋ ਜਿਹੇ ਨਾਪਾਏਦਾਰ ਸਬੂਤਾਂ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ।”
ਡੈਬਰਾ ਨੂੰ ਬਰੀ ਕਰਨ ਸਬੰਧੀ ਫੈਸਲਾ ਸੁਣਾਏ ਜਾਣ ਮਗਰੋਂ, ਉਸ ਦੀ ਵਕੀਲ ਮਿਛੇਲ ਕਿਮਰੇਰ ਨੇ ਕਿਹਾ, “ਉਹ ਬੇਕਸੂਰ ਸੀ। ਸਾਰਾ ਕੇਸ ਹੀ ਉਸ ਝੂਠੇ ਪੁਲੀਸ ਅਧਿਕਾਰੀ ਦੀ ਗਵਾਹੀ ਉੱਤੇ ਆਧਾਰਤ ਸੀ। ਉਸ ਨੂੰ ਬਰੀ ਹੋਈ ਦੇਖ ਕੇ ਯਕੀਨ ਜਿਹਾ ਨਹੀਂ ਆ ਰਿਹਾ। ਸੱਚੀਂ, ਕਮਾਲ ਹੀ ਹੋ ਗਿਆ ਹੈ।” ਹੁਣ ਡੈਬਰਾ ਮਿਲਕੇ ਦੇ ਵਾਲ਼ ਧੌਲੇ ਬਣ ਗਏ ਹਨ, ਉਸ ਦੀ ਨਜ਼ਰ ਕਮਜ਼ੋਰ ਹੋ ਜਾਣ ਕਾਰਨ ਉਸ ਨੂੰ ਐਨਕ ਲੱਗ ਗਈ ਹੈ। ਡੈਬਰਾ ਨੇ ਇਹ 23 ਸਾਲ, ਆਪਣੇ ਉਸ ਪੁੱਤਰ ਦੇ ਕਤਲ ਦੇ ਦੋਸ਼ਾਂ ਅਧੀਨ ਸੀਖਾਂ ਪਿੱਛੇ ਕੱਟੇ, ਜਿਸ ਦਾ ਬਾਪ ਐਰੀਜ਼ੋਨਾ ਮਿਲਕੇ ਵੀ ਹੁਣ ਉਸ ਦਾ ਪਤੀ ਨਹੀਂ ਹੈ।
ਇਸ ਫੈਸਲੇ ਮਗਰੋਂ ਐਰੀਜ਼ੋਨਾ ਮਿਲਕੇ ਨੇ ਕਿਹਾ, “ਹਾਂ ਜੀ, ਫੈਸਲਾ ਤਾਂ ਹੋ ਗਿਆ ਹੈ, ਪਰ ਇਸ ਵਿਚ ਕੁੱਝ ਘਾਲ਼ਾ-ਮਾਲ਼ਾ ਲਾਜ਼ਮੀ ਹੋਇਆ ਹੈ। ਅਦਾਲਤ ਨੇ ਉਸ ਨੂੰ ਬਰੀ ਕਰ ਕੇ ਚੰਗਾ ਨਹੀਂ ਕੀਤਾ। ਇਸ ‘ਜਾਏ ਵੱਢੀ’ ਨੂੰ ਸੀਖਾਂ ਵਿਚ ਹੀ ਡੱਕੀ ਰੱਖਣਾ ਹੀ ਸਹੀ ਸੀ। ਸਾਨੂੰ ਤਾਂ ਉਸ ਤੋਂ ਖ਼ਤਰਾ ਹੀ ਰਹਿਣਾ ਹੈ। ਉਸ ਨੂੰ ਸੀਖਾਂ ਅੰਦਰ ਹੀ ਬੰਦ ਰੱਖਣਾ ਬਣਦਾ ਸੀ।” 
ੳਸ ਦਾ ਦਾਅਵਾ ਸੀ ਕਿ ਉਸ ਦੇ ਪੁੱਤਰ ਕ੍ਰਿਸਟੋਫਰ ਨੂੰ ਆਪਣੀ ਹੋਣੀ ਦਾ ਪਤਾ ਸੀ। ਉਸ ਨੇ ਕਿਹਾ, “ਉਸ ਨੇ ਉਹ ਬੂਟ ਅਤੇ ਉਹ  ਜੀਨਜ਼ ਪਾਈ ਹੋਈ ਸੀ, ਜੋ ਮੈਂ ਉਸ ਨੂੰ ਉਸ ਦੇ ਜਨਮ ਦਿਨ ’ਤੇ ਲੈ ਕੇ ਦਿੱਤੀ ਸੀ।ਉਹ ਇਹ ਜਾਣਦਾ ਚਲਿਆ ਗਿਆ ਕਿ ਹੁਣ ਉਸ ਨੇ ਮੁੜਨਾ ਨਹੀਂ।”
ਜਦੋਂ ਅਦਾਲਤ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਖ਼ੁਫੀਆ ਮੁਲਾਜ਼ਮ ਅਰਮੈਂਡੋ ਸਲਡੇਟ ਨੇ ਝੂਠੀ ਬਣਤ ਬਣਾਈ ਹੈ ਤਾਂ ਇਸ ਕੇਸ ਦੀ ਸੁਣਵਾਈ ਨਵੇਂ ਸਿਰਿਉਂ ਕਰਨ ਦਾ ਫੈਸਲਾ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਡੈਬਰਾ ਨੂੰ ਇਸ ਕਤਲ ਲਈ ਜ਼ਿੰਮੇਵਾਰ ਠਹਿਰਾਉਂਦਾ ਸਿੱਧਾ ਸਬੂਤ, ਯਾਨੀ ਉਸ ਵੱਲੋਂ ਇਹ ਕਤਲ ਕੀਤਾ ਹੋਇਆ ਮੰਨਣਾ ਹੀ ਸੁਆਲਾਂ ਦੇ ਘੇਰੇ ਵਿਚ ਆ ਗਿਆ ਹੈ। ਜੇ ਇਸ ਮੋੜ ’ਤੇ ਡੈਬਰਾ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਸ ਦੀ ਇਲੈਕਟਰਾਨਿਕੀ ਨਿਗਰਾਨੀ ਕਰਨੀ ਪਵੇਗੀ, ਉਸ ਦੇ ਇਕ ਗਿੱਟੇ ਵਿਚ ਕੰਗਣ ਵਰਗਾ ਨਿਗਰਾਨੀ ਯੰਤਰ ਪਾਉਣਾ ਪਵੇਗਾ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਇਸ ਅਰਸੇ ਦੌਰਾਨ ਉਹ ਨਾ ਤਾਂ ਮਰੀਕੋਪਾ ਕਾਊਂਟੀ ਤੋਂ ਬਾਹਰ ਜਾਵੇਗੀ, ਨਾ ਹੀ ਆਪਣੇ ਸਾਬਕਾ ਪਤੀ ਨੂੰ ਮਿਲੇਗੀ।ਇਹ ਹੁਕਮ ਸੁਣ ਕੇ ਐਰੀਜ਼ੋਨਾ ਮਿਲਕੇ ਨੇ ਕਿਹਾ, “ਚਲੋ ਠੀਕ ਹੈ, ਮੈਂ ਜੋ ਕਹਿਣਾ ਚਾਹੁੰਦਾ ਹਾਂ, ਹੁਣੇ ਕਹਿ ਲੈਂਦਾ ਹਾਂ। ਕੀ ਹਾਲ ਏ ਤੇਰਾ? ਬੜਾ ਲੰਬਾ ਟੈਮ ਹੋ ਗਿਆ ਏ।” 
ਡੈਬਰਾ ਦਾ ਘਰ ਵਾਲ਼ਾ ਤਾਂ ਉਸ ਨੂੰ ਪੱਕੀ ਮੁਜਰਮ ਸਮਝਦਾ ਸੀ, ਪਰ ਉਹ, ਇਹ ਵੀ ਸੋਚਦਾ ਸੀ ਕਿ ਅਗਲੀ ਸੁਣਵਾਈ ਵਿਚ ਉਸ ਨੇ ਬਰੀ ਹੋ ਜਾਣਾ ਹੈ। ਉਸ ਦਾ ਪਤੀ ਇਹ ਕਹਿੰਦਾ ਵੀ ਸੁਣਿਆ ਗਿਆ, “ਆਖ਼ਰਕਾਰ ਉਸ ਨੇ ਕ੍ਰਿਸਟੋਫਰ ਨੂੰ ਆਪਣੀ ਕੁੱਖੋਂ ਜੰਮਿਆ ਸੀ, ਜਿਸ ਕਰ ਕੇ ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਨੂੰ ਮਾਰੀ ਜਾਂਦੀ ਦੇਖਾਂ।”
ਰਿਹਾਅ ਹੋਣ ਮਗਰੋਂ ਡੈਬਰਾ, ਮੀਡੀਆ ਦੀ ਹਾਜ਼ਰੀ ਵਿਚ ਪਹਿਲੀ ਵਾਰੀ ਖੁੱਲ੍ਹ ਕੇ ਬੋਲੀ। ਉਸ ਨੇ ਕਿਹਾ ਕਿ ਉਸ ਨੂੰ ਹਾਲੇ ਤਕ ਇਹ ਪਤਾ ਨਹੀਂ ਕਿ ਉਸ ਦੇ ਪੁੱਤਰ ਦੀ ਜਾਨ ਕਿਉਂ ਲਈ ਗਈ “ਕਿਉਂ ਕਿ ਇਸ ਮਾਮਲੇ ਦੀ ਸਹੀ ਤੇ ਡੂੰਘੀ ਜਾਂਚ ਹੀ ਨਹੀਂ ਕੀਤੀ ਗਈ।”
ਜਦੋਂ ਉਸ ਨੂੰ ਉਸ ਦੇ ਪਰਸ ਵਿਚੋਂ ਪੁਲੀਸ ਨੂੰ ਮਿਲੀ, ਉਨ੍ਹਾਂ ਗੋਲ਼ੀਆਂ ਵਰਗੀਆਂ ਗੋਲ਼ੀਆਂ ਦੀ ਡੱਬੀ ਬਾਰੇ ਪੁੱਛਿਆ ਗਿਆ, ਜੋ ਉਸ ਦੇ ਪੁੱਤਰ ਨੂੰ ਮਾਰਨ ਲਈ ਵਰਤੀਆਂ ਗਈਆਂ ਸਨ ਤਾਂ ਉਸ ਨੇ ਕਿਹਾ ਕਿ ਉਸ ਨੂੰ ਉਹ ਗੋਲੀਆਂ, ਕੱਪੜੇ ਧੋਣ ਵੇਲ਼ੇ, ਉਸ ਦੇ ਕਮਰੇ ਦੇ ਸਾਂਝੀਵਾਲ ਦੀ ਜੇਬ ਵਿਚੋਂ ਉਸ ਵੇਲ਼ੇ ਮਿਲੀਆਂ ਸਨ। ਉਸ ਨੇ ਉਹ ਗੋਲ਼ੀਆਂ ਸੰਭਾਲ ਕੇ ਆਪਣੇ ਪਰਸ ਵਿਚ ਰੱਖ ਲਈਆਂ ਸਨ, “ਤੇ ਮੈਂ ਆਪਣੇ ਪਰਸ ਵਿਚ ਰੱਖ ਕੇ ਭੁੱਲ ਗਈ ਸੀ। ਮੈਂ ਇਸ ਬਾਰੇ ਇਹੋ ਕਹਿਣਾ ਹੈ।” ਉਸ ਨੇ ਮੀਡੀਆ ਦੇ ਸਾਹਮਣੇ ਇਕ ਲਿਖਤੀ ਬਿਆਨ ਪੜਦਿਆਂ ਕਿਹਾ ਸੀ ਕਿ ਉਹ ਦੋ ਦੁਖਾਂਤਾਂ ਵਿਚੋਂ ਗੁਜ਼ਰੀ ਹੈ-ਇਕ ਤਾਂ ਉਸ ਦੇ ਬੱਚੇ ਦੀ ਜਾਨ ਚਲੀ ਗਈ, ਦੂਜੇ ਉਸ ਖ਼ੁਫੀਆ ਅਧਿਕਾਰੀ ਨੇ ਇਹ ਕੁਫ਼ਰ ਤੋਲਿਆ ਕਿ ਉਸ ਨੇ ਆਪਣੇ ਪੁੱਤਰ ਦਾ ਕਤਲ ਕਬੂਲ ਲਿਆ ਸੀ।
ਇਸ ਔਰਤ ਦੀ ਇਹ ਦੁਰਗਤ ਉਸ ਮੁਲਕ (ਅਮਰੀਕਾ) ਵਿਚ ਹੋਈ ਹੈ, ਜਿਹੜਾ ਆਪਣੇ-ਆਪ ਨੂੰ ਮਨੁੱਖੀ ਹੱਕਾਂ ਦਾ ਸਭ ਤੋਂ ਵੱਡਾ ਮੁਹਾਫ਼ਿਜ਼ ਹੀ ਨਹੀਂ ਸਮਝਦਾ, ਸਗੋਂ ਇਹ ਵੀ ਸਮਝਦਾ ਹੈ ਕਿ ਜੋ ਸੁੱਖ-ਸਹੂਲਤਾਂ ਉਹ ਆਪਣੀ ਪਰਜਾ ਨੂੰ ਮੁਹੱਈਆ ਕਰਦਾ ਹੈ, ਕਿਸੇ ਹੋਰ ਮੁਲਕ ਵਿਚ ਨਹੀਂ ਮਿਲਦੀਆਂ।#