ਮਹੀਨੇ ਬਾਰਾਂ-ਦੌਰੇ ਅਠਾਰਾਂ
ਬਖ਼ਸ਼ਿੰਦਰ
Email: bababax@gmail.com, Cell Phone : +1-778-378-9669
ਲੰਘੀ ਛੱਬੀ ਤਾਰੀਖ਼ (26 ਮਈ) ਨੂੰ ਭਾਰਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਿਆਂ ਪੂਰਾ ਇਕ ਸਾਲ ਹੋ ਗਿਆ ਹੈ। ਭਾਵੇਂ ਮੋਦੀ ਨੇ 365 ਦਿਨਾਂ, ਯਾਨੀ 12 ਮਹੀਨਿਆਂ ਵਿਚ 18 ਮੁਲਕਾਂ ਦੇ ਦੌਰੇ ਕੀਤੇ ਹਨ, ਪਰ ਦੌਰੇ ਕਰਨ ਦਾ ਇਹ ਦੌਰਾ ਅਗਲੇ ਚਾਰ ਸਾਲਾਂ ਵਿਚ ਥੰਮ ਜਾਵੇਗਾ, ਇਸ ਦੀ ਉਮੀਦ ਨਹੀਂ। ਇਸ ਸਾਲ ਦੌਰਾਨ ਉਹ, 18 ਮੁਲਕਾਂ ਦਾ ਦੌਰਾ ਕਰ ਕੇ, ਆਪਣੇ ਪਾਸਪੋਰਟ ਉੱਤੇ 17 ਮੁਲਕਾਂ ਦੀਆਂ ਮੁਹਰਾਂ ਲਗਵਾ ਚੁੱਕੇ ਹਨ। ਇਕ ਮੁਹਰ ਘੱਟ ਹੋਣ ਦੀ ਵਜ੍ਹਾ ਇਹ ਹੈ ਕਿ ਮੋਦੀ ਸਾਹਿਬ, ਨੇਪਾਲ ਦੇ ਦੌਰੇ ਉੱਤੇ ਦੋ ਵਾਰ ਗਏ ਹਨ। ਇਨ੍ਹਾਂ 365 ਦਿਨਾਂ ਵਿਚੋਂ 52 ਦਿਨ ਉਨ੍ਹਾਂ ਨੇ ਭਾਰਤ ਤੋਂ ਬਾਹਰ ਬਿਤਾਏ ਹਨ। ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਬਣੇ ਸਨ ਤਾਂ ਉਨ੍ਹਾਂ ਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਅੱਡੀਆਂ ਤਕ ਜ਼ੋਰ ਲਾ ਦਿੱਤਾ ਸੀ, ਪਰ ਅਮਰੀਕਾ ਨੇ ਉਨ੍ਹਾਂ ਦੇ ਪਾਸਪੋਰਟ ਉੱਤੇ ਆਪਣੀ ਮੁਹਰ (ਵੀਜ਼ਾ) ਨਹੀਂ ਲਾਈ ਸੀ। ਇੱਧਰ ਭਾਰਤ ਦੇ ਲੋਕਾਂ ਵੱਲੋਂ ਵੋਟ ਪਰਚੀਆਂ ਉੱਤੇ ਮੋਦੀ ਦੇ ਹੱਕ ਵਿਚ ਮੁਹਰਾਂ ਲਾਉਣ ਦੀ ਦੇਰ ਸੀ ਕਿ ਵਾਈਟ ਹਾਊਸ ਦੇ ਵਾਸੀਆਂ ਵੱਲੋਂ ਉਨ੍ਹਾਂ ਨੂੰ ਨੇਂਦੇ ਆਉਣੇ ਸ਼ੁਰੂ ਹੋ ਗਏ ਸਨ।
ਕੁਮਾਰ ਵਿਸ਼ਵਾਸ ਦੀ ਤਰਜ਼ ਮੁਤਾਬਕ ਕਹੀਏ ਤਾਂ ਜਦੋਂ ਮੋਦੀ ਸਾਹਿਬ, ਅਮਰੀਕਾ ਦੇ ਦੌਰੇ ’ਤੇ ਗਏ ਤਾਂ ਅਮਰੀਕਾ ਵਾਲ਼ੇ ਗੋਰੇ ਇਹ ਦੇਖ-ਦੇਖ ਹੈਰਾਨ ਹੋਈ ਜਾਣ ਕਿ ਉਨ੍ਹਾਂ ਦਾ ਹੁਕਮਰਾਨ ਗੋਰਾ ਹੈ ਜਾਂ ਕਾਲ਼ਿਆਂ ਦੇ ਦੇਸ਼ ਦਾ ਪ੍ਰਧਾਨ ਮੰਤਰੀ ਗੋਰਾ ਹੈ। ਇਕ ਗੱਲੋਂ ਤਾਂ ਚੰਗਾ ਹੀ ਹੋਇਆ ਕਿ ਸਰਕਾਰ ਦੇ ਪਹਿਲੇ ਸਾਲ ਦੌਰਾਨ ਹੀ ਮੋਦੀ ਸਾਹਿਬ ਨੇ 18 ਮੁਲਕਾਂ ਦਾ ਦੌਰਾ ਕਰ ਕੇ ‘ਚੰਗੀ ਟਰੈਵਲ ਹਿਸਟਰੀ’ ਬਣਾ ਲਈ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਬਾਕੀ ਰਹਿੰਦੇ ਚਾਰ ਸਾਲਾਂ ਦੌਰਾਨ ਕਿਸੇ ਵੀ ਮੁਲਕ ਦਾ ਵੀਜ਼ਾ ਬਹੁਤ ਹੀ ਸੌਖਾ ਮਿਲ ਜਾਵੇਗਾ। ਉਹ ਵਿਦੇਸ਼ ਦੌਰੇ ਕਰਨ ਦੀ ਤਾਂ ਰਹਿੰਦੀ-ਖੂੰਹਦੀ ਕਸਰ ਵੀ ਕੱਢ ਲੈਣਗੇ, ਪਰ ਕੀ ਅਗਲੀ ਵਾਰ ਵੀ ਭਾਰਤ ਦੇ ਵੋਟਰ, ਆਪਣੀਆਂ ਵੋਟ ਪਰਚੀਆਂ ਉੱਤੇ ਉਨ੍ਹਾਂ ਦੇ ਹੱਕ ਵਿਚ ਮੁਹਰਾਂ ਲਾਉਣਗੇ? ਇਸ ਦਾ ਜੁਆਬ ਜਾਨਣ ਲਈ ਸਾਨੂੰ ਮੋਦੀ ਸਰਕਾਰ ਦੀ ਕਾਰਕਰਦਗ਼ੀ ਦਾ ਜਾਇਜ਼ਾ ਲੈਣਾ ਪਵੇਗਾ।
ਪਿਛਲੇ ਸਾਲ ਇਨ੍ਹੀਂ ਦਿਨੀਂ ਜਦੋਂ ਨਰਿੰਦਰ ਮੋਦੀ ਆਪਣੇ ਰਥ ’ਤੇ ਸਵਾਰ ਹੋ ਕੇ ਸਾਰੇ ਭਾਰਤ ਵਿਚ ਆਪਣੀ ਪਾਰਟੀ ਲਈ ਵੋਟਾਂ ਦਾ ਜੁਗਾੜ ਕਰਦੇ ਫਿਰਦੇ ਸਨ ਤਾਂ ਭਾਰਤ ਵਾਸੀ ਉਨ੍ਹਾਂ ਨੂੰ ਆਪਣੇ ਪੱਤੇ ਨਹੀਂ ਦਿਖਾ ਰਹੇ ਸਨ। ਇਸ ਦੌਰਾਨ ਕੁੱਝ ਚਤਰ-ਸੁਝਾਨਾਂ ਨੇ ‘ਮੋਦੀ ਦੀ ਲਹਿਰ’ ਪੈਦਾ ਕਰਨ ਦਾ ਹੀਲਾ ਕਰਦਿਆਂ ਅੰਦਰੋ-ਅੰਦਰੀ ਇਹ ਹਵਾਈ ਉਡਾਈ ਕਿ ਜਿਹੜੇ ਬੇਰੁਜ਼ਗ਼ਾਰ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ, 16 ਮਈ ਨੂੰ ਮੋਦੀ ਨੂੰ ਜਿਤਾ ਦੇਣਗੇ, ਉਹ 17 ਮਈ ਨੂੰ ‘ਮੋਦੀ, ਮੋਦੀ ਦਾ ਜਾਪ ਕਰਦਿਆਂ, ਬੇਰੁਜ਼ਗ਼ਾਰ ਤੋਂ ਬਾਰੁਜ਼ਗ਼ਾਰ ਹੋ ਜਾਣਗੇ।’ 16 ਮਈ ਨੂੰ ਮੋਦੀ ਜੀ ਜਿੱਤ ਗਏ, ਪਰ 17 ਮਈ ਨੂੰ ਸਵੇਰੇ ਜਦੋਂ ਲੋਕ ਆਪਣੇ ਘਰਾਂ ਦੇ ਲੈਟਰ ਬਾਕਸਾਂ ਵਿਚੋਂ ‘ਰੁਜ਼ਗ਼ਾਰ ਪੱਤਰ’ ਕੱਢਣ ਗਏ ਤਾਂ ਲੈਟਰ ਬਾਕਸ ਅੱਗੋਂ ਦੰਦੀਆਂ ਵੱਢਣ ਨੂੰ ਪੈਣ।
ਲੋਕਾਂ ਦੀਆਂ ਆਸਾਂ, ਪਿਅੱਕੜ ਦੇ ਜਿਗਰ ਵਾਂਗ ਵਧੀਆਂ ਹੋਈਆਂ ਸਨ ਅਤੇ ਮੋਦੀ ਨੂੰ ਅੱਗੇ ਲਾ ਕੇ ਚੋਣਾਂ ਲੜ ਚੁੱਕੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਇਸ ਤਰ੍ਹਾਂ ਫ਼ਰਮਾਅ ਚੁੱਕੇ ਸਨ, “ਆਸਾਂ ਤਾਂ ਆਸਾਂ ਹਨ, ਜੋ ਸਾਨੂੰ ਪੂਰੀਆਂ ਕਰਨੀਆਂ ਹੀ ਪੈਣੀਆਂ ਹਨ।” ਦੇਖੋ ਜੀ, ਕਹਿਣ ਨੂੰ ਤਾਂ ਕੁੱਝ ਵੀ ਕਿਹਾ ਜਾ ਸਕਦਾ ਹੈ, ਪਤਾ ਤਾਂ ਉਦੋਂ ਲੱਗਦਾ ਹੈ, ਜਦੋਂ ਕਿਹਾ ਹੋਇਆ ਨਿਭਾਉਣਾ ਪੈਂਦਾ ਹੈ। ਇਸ ਸਰਕਾਰ ਨੇ ਬਣਦਿਆਂ ਹੀ, ਲੋਕਾਂ ਖ਼ਾਤਰ ਰੁਜ਼ਗ਼ਾਰ ਦਾ ਕੋਈ ਪ੍ਰਬੰਧ ਕਰਨ ਦੀ ਥਾਂ ‘ਨਾਅਰੇ ਘੜਨ ਦੀ ਫੈਕਟਰੀ’ ਲਗਾ ਦਿੱਤੀ, ਜਿਸ ਵਿਚੋਂ ‘ਜਨ ਧਨ’, ‘ਮੇਕ ਇਨ ਇੰਡੀਆ’, ‘ਸਕਿੱਲ ਇੰਡੀਆ’, ‘ਸਫਾਈ ਅਭਿਯਾਨ’ ਅਤੇ ‘ਬੇਟੀ ਬਚਾਓ’ ਵਰਗੇ ਸ਼ਬਦ ‘ਨਾਅਰੇ’ ਬਣ ਕੇ ਨਿੱਕਲੇ। ਜੇ ਮੋਦੀ ਸਰਕਾਰ ਦੇ ਪਹਿਲੇ ਸਾਲ ਦੀ ਕਾਮਯਾਬੀ ਮਿਣਨਾ ਹੀ ਮਕਸਦ ਹੋਵੇ ਤਾਂ ਮੋਦੀ ਅਤੇ ਉਨ੍ਹਾਂ ਦੇ ਨਾਲ਼ ਦੇ ‘ਚੜ੍ਹਾਈਆਂ ਗਾਹੁਣ ਵਾਲ਼ਿਆਂ’ ਦੇ ਇਰਾਦੇ ਬਹੁਤ ਜ਼ਿਆਦਾ ਨੰਬਰਾਂ ਦੇ ਹੱਕਦਾਰ ਹੋ ਜਾਣਗੇ ਕਿਉਂ ਕਿ ਉਹ ਤਾਂ ਆਪਣੇ ‘ਬੇਸ ਕੈਂਪ’ ਤੋਂ ਦੜੰਗੇ ਮਾਰਦਿਆਂ ਚੋਟੀ ਦੇ ਸਿਖ਼ਰ ਪੁੱਜਣਾ ਚਾਹੁੰਦੇ ਸਨ। ਇਰਾਦੇ ਹੀ ਇਹੋ ਜਿਹੇ ਰਹੇ ਹੋਣ ਤੇ ਉਨ੍ਹਾਂ ਨੂੰ ਪੂਰੇ ਕਰਨ ਲਈ ਕੋਈ ਅਮਲ ਨਾ ਕੀਤਾ ਗਿਆ ਹੋਵੇ, ਇਹੋ ਜਿਹੀ ਵੀ ਕੋਈ ਗੱਲ ਨਹੀਂ ਸੀ।
ਇਸ ਸਾਲ ਦੌਰਾਨ ਜੋ ਹੋਣਾ ਚਾਹੀਦਾ ਸੀ, ਉਹ ਕੀਤਾ ਨਹੀਂ ਜਾ ਸਕਿਆ, ਜੋ ਹੋਇਆ ਨਹੀਂ, ਉਸ ਨੂੰ ਆਪਣਾ ਹਾਸਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿੱਦਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਫ਼ਰਮਾਉਂਦੇ ਹਨ, “ਇਸ ਸਾਲ ਦੌਰਾਨ ਦਹਿਸ਼ਤਗ਼ਰਦੀ ਦਾ ਕੋਈ ਵੱਡਾ ਹਮਲਾ ਨਹੀਂ ਹੋਇਆ। ਜੰਮੂ-ਕਸ਼ਮੀਰ ਵਿਚ ਪੂਰੇ ਅਮਨ-ਅਮਾਨ ਨਾਲ਼ ਚੋਣਾਂ ਕਰਾਈਆਂ ਗਈਆਂ। ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਦਹਿਸ਼ਤਗ਼ਰਦਾਂ ਨਾਲ਼ ਗੱਲਬਾਤ ਸ਼ੁਰੂ ਕੀਤੀ ਗਈ ਹੈ।” ਜੇ ਗ੍ਰਹਿ ਮੰਤਰੀ ਦੇ ਇਸ ਬਿਆਨ ਦਾ ਵਿਸ਼ਲੇਸ਼ਣ ਕਰੀਏ ਤਾਂ ਮੁੱਖ ਰੂਪ ਵਿਚ ਇਹੋ ਗੱਲ ਸਾਹਮਣੇ ਆਉਂਦੀ ਹੈ ਕਿ ਮਿਹਰਬਾਨੀ ਹੈ, ਦਹਿਸ਼ਤਗ਼ਰਦਾਂ ਦੀ ਜਿਨ੍ਹਾਂ ਨੇ ਮੋਦੀ ਦੀ ਸਰਕਾਰ ਨੂੰ ਇਕ ਸਾਲ ਸੌਖਾ ਕੱਢ ਲੈਣ ਦਿੱਤਾ ਹੈ।
ਦੂਜੇ ਪਾਸੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਏਦਾਂ ਫ਼ਰਮਾਉਂਦੇ ਹਨ, “ਸਰਕਾਰ ਨੇ ‘ਜਨ ਧਨ ਯੋਜਨਾ’ ਅਧੀਨ 150 ਮਿਲੀਅਨ ਖਾਤੇ ਖੋਲ੍ਹੇ ਹਨ। ਡੀਜ਼ਲ ਦਾ ਭਾਅ ਸੋਧਿਆ ਹੈ, ਜਿਸ ਕਾਰਨ ਦੇਸ਼ ਦਾ ਅਰਥਚਾਰਾ ਸੁਧਰਨ ਦੀ ਆਸ ਹੈ।” ਇਨ੍ਹਾਂ ਦੋਹਾਂ ਹੀ ਮਾਮਲਿਆਂ ਵਿਚ ਠੋਸ ਪ੍ਰਾਪਤੀ ਕੀ ਹੋਈ ਹੈ, ਇਸ ਦਾ ਪਤਾ ਨਹੀਂ ਲੱਗ ਰਿਹਾ। ਆਰਥਕ ਮਾਹਰ, ਮੋਦੀ ਸਰਕਾਰ ਦੇ ਸੁਹਲੇ ਗਾਉਂਦਿਆਂ ਇਹ ਵੀ ਫ਼ਰਮਾਉਂਦੇ ਹਨ ਕਿ ਇਸ ਇਕ ਸਾਲ ਦੌਰਾਨ ਮੋਦੀ ਸਰਕਾਰ ਨੇ ਆਰਥਕ ਮੁਹਾਜ਼ ਉੱਤੇ ਜਿਹੜੀਆਂ ਸਾਰਥਕ ਕਾਰਵਾਈਆਂ ਕੀਤੀਆਂ ਹਨ, ਲੋਕਾਂ ਨੂੰ ਉਨ੍ਹਾਂ ਦਾ ਫ਼ਾਇਦਾ ਇਕ ਦਮ ਨਹੀਂ ਹੋਣਾ, ਸਗੋਂ ਉਨ੍ਹਾਂ ਦਾ ਫ਼ਾਇਦਾ, ਆਉਣ ਵਾਲ਼ੇ ਲੰਬੇ ਸਮੇਂ ਦੌਰਾਨ ਹੋਣਾ ਹੈ। ਇਸ ਦਾ ਸਿੱਧਾ ਅਰਥ ਇਹੋ ਹੈ ਕਿ ਮੋਦੀ ਸਰਕਾਰ ਦੀਆਂ ਬਰਕਤਾਂ ਲੋਕਾਂ ਤਕ ਪੁੱਜਦੀਆਂ ਕਰਨ ਲਈ, ਇਸ ਸਰਕਾਰ ਨੂੰ ਅਗਲੀਆਂ ਪੰਜ-ਛੇ ਚੋਣਾਂ ਜਿਤਾਉਣੀਆਂ ਜ਼ਰੂਰੀ ਹਨ।
ਇਸ ਦੌਰਾਨ ਹੀ, ਜ਼ਮੀਨ ਰੋਕਣ ਸਬੰਧੀ ਕਾਨੂੰਨ ਦੇ ਸਬੰਧ ਵਿਚ ਰੱਫੜ ਪੈਣ ਨਾਲ਼, ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ‘ਸਾਰਥਕ ਕਾਰਵਾਈਆਂ’ ਦੀ ਚਮਕ ਵੀ ਮੱਠੀ ਪੈ ਗਈ ਹੈ। ਲੋਕਾਂ ਨੂੰ ਵੱਡੀ ਨਿਰਾਸ਼ਾ ਇਸ ਗੱਲੋਂ ਵੀ ਹੋਈ ਹੈ ਕਿ ਸਰਕਾਰ ਨੇ ਅਜੇ ਤਕ ਭਵਿੱਖ ਵਿਚ ਤਰੱਕੀ ਕਰਨ ਲਈ ਕੋਈ ਨਕਸ਼ਾ ਹੀ ਨਹੀਂ ਬਣਾਇਆ। ਇਸੇ ਕਾਰਨ ਹੀ ਉਸ ਦੀਆਂ ‘ਮੇਕ ਇਨ ਇੰਡੀਆ’ ਅਤੇ ‘ਸਵੱਛ ਭਾਰਤ ਅਭਿਯਾਨ’ ਵਰਗੀਆਂ, ਬਹੁਤ ਹੀ ਅਹਿਮ ਸਮਝੀਆਂ ਜਾਂਦੀਆਂ ਮੁਹਿੰਮਾਂ ਵੀ ‘ਠੁੱਸ’ ਹੁੰਦੀਆਂ ਦਿਸਦੀਆਂ ਹਨ। ‘ਇੰਡੀਕੱਸ ਐਨਾਲਾਇਟਿਕਸ’ ਦੇ ਮੁੱਖ ਅਰਥ ਸ਼ਾਸਤਰੀ ਲਵੀਸ਼ ਭੰਡਾਰੀ ਦਾ ਕਹਿਣ ਹੈ, “ਸਰਕਾਰ ਆਪਣੀਆਂ ਸ਼ਾਨਦਾਰ ਯੋਜਨਾਵਾਂ ਦੇ ਅਗਲੇ ਪੜਾਅ ਬਾਰੇ ਜਾਣਕਾਰੀ ਨਹੀਂ ਦੇ ਸਕੀ ਕਿਉਂ ਕਿ ਉਸ ਕੋਲ਼ ਇਹ ਯੋਜਨਾਵਾਂ ਹੀ ਨਹੀਂ ਹਨ।” ਉਨ੍ਹਾਂ ਦਾ ਇਹ ਵੀ ਕਹਿਣ ਹੈ, “ਭਾਵੇਂ ‘ਸਮਾਰਟ ਸਿਟੀ’ ਦੀ ਗੱਲ ਕਰ ਲਓ, ਚਾਹੇ ‘ਸਵੱਛ ਭਾਰਤ’ ਦੀ ਕਰ ਲਓ, ਕੁੱਝ ਵੀ ਸਪੱਸ਼ਟ ਨਹੀਂ ਹੈ। ਜੇ ਇਹ ਧੁੰਦ ਹਟਾ ਦਿੱਤੀ ਜਾਵੇ ਤਾਂ ਸਾਡੇ ਅਗਲੇ ਚਾਰ ਸਾਲ ਬਹੁਤ ਹੀ ਚਾਵਾਂ-ਮਲ੍ਹਾਰਾਂ ਵਿਚ ਲੰਘਣਗੇ।”
ਬ੍ਰਾਜ਼ੀਲ, ਜਾਪਾਨ ਅਤੇ ਅਮਰੀਕਾ ਦੇ ਦੌਰਿਆਂ ਦੌਰਾਨ ਨਰਿੰਦਰ ਮੋਦੀ ਆਪਣੇ ਮੇਜ਼ਬਾਨਾਂ ਉੱਤੇ ਪ੍ਰਭਾਵ ਪਾਉਣ ਲਈ ਇੰਨੇ ਸੁਚੇਤ ਸਨ ਕਿ ਉਨ੍ਹਾਂ ਨੇ ਆਪਣੀ ਤਕਰੀਰ ਕਰਨ ਦਾ ਅਭਿਆਸ, ਆਈ. ਐੱਫ. ਐੱਸ. (ਭਾਰਤੀ ਵਿਦੇਸ਼ ਸੇਵਾ) ਦੇ ਕੁੱਝ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤਾ। ਗੁਜਰਾਤ ਵਿਚ ਵਾਦਨਗਰ ਦਾ ਇਹ ‘ਗੁੱਜੂ ਭਾਈ’ ਵਿਦੇਸ਼ੀ ਡਿਪਲੋਮੈਟਾਂ ਉੱਤੇ ਅਸਰ ਪਾਉਣ ਖ਼ਾਤਰ ਬੁਰੇ ਦੇ ਘਰ ਤਕ ਜਾਣ ਲਈ ਤਿਆਰ ਸੀ। ਪਿਛਲੇ ਦਿਨੀਂ ਚੀਨੀਆਂ ਨੂੰ ਈ-ਵੀਜ਼ਾ ਦੇਣ ਦਾ ਐਲਾਨ ਕਰ ਕੇ ਮੋਦੀ ਨੇ ਤਕਰੀਬਨ ਅੱਧੇ ਜਹਾਨ ਨੂੰ ਹੈਰਾਨ ਹੀ ਕਰ ਸੁੱਟਿਆ ਕਿਉਂ ਕਿ ਇਹ ਅੱਧਾ ਜਹਾਨ ਇਹ ਸਮਝ ਰਿਹਾ ਸੀ ਕਿ ਖ਼ੌਰੇ ਈ-ਵੀਜ਼ਾ, ਆਮ ਵੀਜ਼ੇ ਨਾਲੋਂ ਵੱਧ ਜ਼ਬਰਦਸਤ ਹੋਵੇਗਾ।
ਬਹੁਤ ਥੋੜ੍ਹੇ ਲੋਕ ਇਹ ਗੱਲ ਸਮਝਦੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਤੋਂ ਕਿਤੇ ਪਹਿਲਾਂ ਨਰਿੰਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ ਸਨ ਕਿਉਂ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਉਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਮੇਚੇ ਦਾ ਕਰ ਦਿੱਤਾ ਸੀ ਯਾਨੀ ਪ੍ਰਧਾਨ ਮੰਤਰੀ ਦੇ ਬੈਠਣ ਲਈ ਕੁਰਸੀ, ਮੋਦੀ ਦੇ ਮੇਚੇ ਦੀ ਕਰ ਦਿੱਤੀ ਸੀ। ਮੋਦੀ ਵੱਲੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਭਾਰਤ ਦੇ ਮੁਢਲੇ ਢਾਂਚੇ ਦੀਆਂ ਚੂਲ਼ਾਂ ਹਿੱਲੀਆਂ ਹੋਈਆਂ ਸਨ। ਸਿੱਖਿਆ ਦੇ ਮਾਮਲੇ ਵਿਚ ਨਰਿੰਦਰ ਮੋਦੀ ਨੇ ਇਸ ਸਾਲ ਦੌਰਾਨ ਆਪਣੇ ਮੰਤਰੀਆਂ ਦੀ ਸਿਖਿਆ ਸਬੰਧੀ ਯੋਗਤਾ ਦੇ ਪੱਧਰ ਤੋਂ ਵੀ ਕੁੱਝ ਨਹੀਂ ਸਿੱਖਿਆ। ਮੁਲਕ ਦੇ ਬੱਚਿਆਂ ਦੀ ਸਿੱਖਿਆ ਦਾ ਫ਼ਿਕਰ ਕਰਨ ਵਾਲ਼ਿਆਂ ਦੀ ਆਪਣੀ ਯੋਗਤਾ ਤੱਕੜੀਆਂ ਵਿਚ ਪਾ-ਪਾ ਤੋਲੀ ਜਾਂਦੀ ਰਹੀ।
ਇੰਟਰਨੈੱਟ ਦੀ ਵਰਤੋਂ ਕਰਨ ਦੇ ਕਾਰਨ ਨਰਿੰਦਰ ਮੋਦੀ ਨੂੰ ‘ਇੰਟਰਨੈੱਟੀ ਯੋਧਾ’ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਕਹਿੰਦੇ ਹਨ ਕਿ ਇਹ ਪਹਿਲਾ ਪ੍ਰਧਾਨ ਮੰਤਰੀ ਹੈ, ਜੋ ਹੋਰ ਕਿਤੇ ਮਿਲੇ ਨਾ ਮਿਲੇ, ‘ਆਨਲਾਈਨ’ ਜ਼ਰੂਰ ਮਿਲਦਾ ਹੈ। ‘ਟਵਿੱਟਰ’ ਉੱਤੇ ਉਨ੍ਹਾਂ ਦੇ ਇਕ ਕਰੋੜ, ਵੀਹ ਲੱਖ ‘ਫਾਲੋਅਰਜ਼’ ਹਨ। ਇਸ ਮਾਮਲੇ ਵਿਚ ਉਹ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਦੂਜੇ ਸਥਾਨ ’ਤੇ ਹਨ। ਇਸ ਦੇ ਬਾਵਜੂਦ, ਇੰਟਰਨੈੱਟ ਨਾਲ਼ ਇਹ ਸਾਂਝ ਮੋਦੀ ਨਾਲ਼ ਵਫ਼ਾ ਨਹੀਂ ਕਰ ਰਹੀ। ਹੁਣ ਤਕ ਇੰਟਰਨੈੱਟ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦੀ ਥਾਂ, ਉਸ ਦੇ ਅਕਸ ਨੂੰ ਢਾਹ ਲਾਉਣ ਵਾਲ਼ੇ ਕਾਰਟੂਨ ਅਤੇ ਲਤੀਫ਼ੇ ਹੀ ਲੋਕਾਂ ਤਕ ਪਹੁੰਚਾਏ ਹਨ। ਭਾਰਤੀ ਜਨਤਾ ਪਾਰਟੀ ਨੂੰ ਆਪਣੇ ‘ਨੈਸ਼ਨਲ ਡਿਜੀਟਲ ਆਪ੍ਰੇਸ਼ਨਜ਼ ਸੈਂਟਰ’ ਵਿਚ ਹੋਰ ਕਾਰੀਗ਼ਰ ਭਰਤੀ ਕਰ ਕੇ ਉਨ੍ਹਾਂ ਤੋਂ ਸਹੀ ਦਿਸ਼ਾ ਵੱਲ ਕੰਮ ਲੈਣਾ ਪਵੇਗਾ। ਇਸ ਸੈਂਟਰ ਦੇ ਮੁਖੀ ਅਰਵਿੰਦ ਗੁਪਤਾ ਦਾ ਕਹਿਣ ਹੈ, “ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਕਿ ਇੰਟਰਨੈੱਟ ਵਾਲ਼ੇ ਪਾਸਿਓਂ ਕਾਫੀ ਮਾਰ ਪਈ ਹੈ। ਸਰਕਾਰ ਕਿਸੇ ਦੀ ਵੀ ਹੁੰਦੀ, ਇਸ ਤਰ੍ਹਾਂ ਹੀ ਹੋਣਾ ਸੀ, ਪਰ ਫਿਰ ਵੀ ਇਸ ਪੱਖੋਂ ਬਹੁਤਾ ਕੁੱਝ ਨਹੀਂ ਵਿਗੜਿਆ। ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਦਾ ਵਾਸਤਾ ਇਹੋ ਜਿਹੇ ਲੀਡਰ ਨਾਲ਼ ਪਿਆ ਹੋਇਆ ਹੈ, ਜਿਸ ਨਾਲ਼ ਸੰਪਰਕ ਕਰਨ ਲਈ ਇਕ ਬਟਨ ਹੀ ਦਬਾਉਣਾ ਪੈਂਦਾ ਹੈ। ਉਹ ਆਪਣੇ ਲੀਡਰ ਨੂੰ ਆਪਣੀ ਪਹੁੰਚ ਅੰਦਰ ਮਹਿਸੂਸ ਕਰਦੇ ਹਨ।”
ਇੱਥੇ, ‘ਵਟਸਐਪ’ ਰਾਹੀਂ ਇਕ ਬੀਬੀ ਵੱਲੋਂ ਨਰਿੰਦਰ ਮੋਦੀ ਨੂੰ ਲਿਖੀ ਹੋਈ ਇਕ ਚਿੱਠੀ ਦਾ ਜ਼ਿਕਰ ਕਰਨਾ ਵੀ ਜਾਇਜ਼ ਹੀ ਰਹੇਗਾ। ਇਸ ਚਿੱਠੀ ਵਿਚ ਇਸ ਬੀਬੀ ਨੇ ਮੋਦੀ ਦਾ ਧੰਨਵਾਦ ਕੀਤਾ ਹੈ ਤੇ ਧੰਨਵਾਦ ਕਰਨ ਦੀ ਵਜ੍ਹਾ, ਮੋਦੀ ਵੱਲੋਂ ਸ਼ੰਘਾਈ ਅਤੇ ਸਿਓਲ ਵਿਚ ਆਪਣੀਆਂ ਤਕਰੀਰਾਂ ਦੌਰਾਨ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਭਾਰਤੀ ਲੋਕ, ‘ਭਾਰਤੀ’ ਕਹਾਉਣ ਵਿਚ ਸ਼ਰਮ ਮਹਿਸੂਸ ਕਰਦੇ ਸਨ।ਇਹ ਬੀਬੀ ਇਸ ਚਿੱਠੀ ਵਿਚ ਲਿਖਦੀ ਹੈ ਕਿ ‘ਮੋਨੋਗ੍ਰਾਮ’ ਵਾਲ਼ੇ ਸੂਟ-ਬੂਟ ਵਾਲ਼ੇ ਮੋਦੀ ਦੇ ਸਾਹਮਣੇ ਅੱਧ-ਨੰਗੇ, ਬੁੱਢੇ-ਠੇਰੇ ਧੋਤੀਬਾਜ਼ ਗਾਂਧੀ ਦੀ ਕੀ ਮਜਾਲ ਹੈ! ਗਾਂਧੀ ਦੀਆਂ ਸਾਈਕਲ ਦੇ ਪਹੀਆਂ ਵਰਗੇ ਸ਼ੀਸ਼ਿਆਂ ਵਾਲ਼ੀਆਂ ਐਨਕਾਂ ਹੀ ਦੇਖ ਲਓ। ਸਕੂਲ ਵਿਚ ਬੱਚਿਆਂ ਨੇ ਫੈਂਸੀ ਡਰੈੱਸ ਮੁਕਾਬਲੇ ਵਿਚ ਗਾਂਧੀ ਬਣਨਾ ਹੋਵੇ ਤਾਂ ਏਦਾਂ ਦੀਆਂ ਐਨਕਾਂ ਹੀ ਨਹੀਂ ਮਿਲਦੀਆਂ। ਦੂਜੇ ਪਾਸੇ ਸੂਟ-ਬੂਟ ਪਾ ਕੇ ਨਰਿੰਦਰ ਮੋਦੀ ਬਣਨਾ ਕਿੰਨਾ ਸੌਖਾ ਹੈ। ਬੱਕਰੀ ਦੇ ਦੁੱਧ ਨਾਲ਼ ਅੱਧ-ਭੁੱਖੇ ਰਹੇ ਗਾਂਧੀ ਦੇ ਪਿੰਡੇ ਵਰਗਾ ਪਿੰਡਾ ਲੱਭਣਾ ਕਿਹੜਾ ਸੌਖਾ ਹੈ ਜਦੋਂ ਕਿ ਮੋਦੀ ਦੇ 56 ਇੰਚ ਦੇ ਸੀਨੇ ਵਰਗਾ ਸੀਨਾ ਬਣਾਉਣਾ ਕੋਈ ਔਖੀ ਗੱਲ ਨਹੀਂ ਹੈ।
ਚਿੱਠੀ ਲਿਖੀ ਜਾ ਰਹੀ ਹੋਵੇ ਨਰਿੰਦਰ ਮੋਦੀ ਨੂੰ ਤੇ ਉਸ ਵਿਚ, ਉਸ ਵੱਲੋਂ ਕੀਤੀ ਗਏ, ਅੱਧੇ-ਪੌਣੇ ਜਹਾਨ ਦੇ ਦੌਰਿਆਂ ਦਾ ਜ਼ਿਕਰ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ। ਇਸ ਬਾਰੇ ਇਹ ਬੀਬੀ ਏਦਾਂ ਲਿਖਦੀ ਹੈ: ‘ਤੁਹਾਡੇ ਵਿਦੇਸ਼ ਦੌਰਿਆਂ ਦੇ ਸਬੰਧ ਵਿਚ ਤੁਹਾਡੀ ਦਫ਼ਾ ਪੁੱਟੀ ਜਾ ਰਹੀ ਹੈ, ਪਰ ਮੈਂ ਇਸ ਸਬੰਧ ਵਿਚ ਤੁਹਾਡੇ ਵਾਰੇ-ਵਾਰੇ ਜਾਂਦੀ ਹਾਂ। ਜੇ ਤੁਸੀਂ ਇੰਨੇ ਵਿਦੇਸ਼ ਦੌਰੇ ਨਾ ਕਰਦੇ ਤਾਂ ਕੀ ’ਮ੍ਹਾਤੜਾਂ ਨੇ ਕਰਨੇ ਸੀ? ਸਭ ਨੂੰ ਪਤਾ ਪਈ ਸੁਸ਼ਮਾ ਜੀ (ਸਵਰਾਜ) ਦੀ ਨਿਯੁਕਤੀ ਇਕ ਸਿਆਸੀ ਸੌਦੇਬਾਜ਼ੀ ਸੀ। ਖ਼ਾਸ ਤੌਰ ’ਤੇ ਵੱਖ-ਵੱਖ ਥਾਵਾਂ ਦਾ ਸੈਰ-ਸਪਾਟਾ ਕਰਨ ਅਤੇ ਕਾਲ਼ੀਆਂ ਐਨਕਾਂ ਲਾ ਕੇ ਬੁੱਤਾਂ ਨਾਲ਼ ਫੋਟੋ ਖਿਚਾਉਣ ਵਰਗੇ ਸੰਵੇਦਨਸ਼ੀਲ ਮਾਮਲੇ, ਉਨ੍ਹਾਂ ਦੇ ਸਿਰ ’ਤੇ ਨਹੀਂ ਛੱਡੇ ਜਾ ਸਕਦੇ ਸਨ। ਆਖ਼ਰਕਾਰ, ਉਨ੍ਹਾਂ ਮੁਲਕਾਂ ਨੇ ਭਾਰਤ ਦੀ ਬਾਂਹ ਫੜਨ ਦੇ ਵਾਅਦੇ ਕੀਤੇ ਹਨ ਤੇ ਸਭ ਕੁੱਝ ਵਾਅਦਿਆਂ ਤੋਂ ਹੀ ਸ਼ੁਰੂ ਹੁੰਦਾ ਹੈ।’
ਇਸੇ ਹੀ ਚਿੱਠੀ ਵਿਚ ਇਸ ਬੀਬੀ ਨੇ ਬਹੁਤ ਸਾਰੇ ਅਹੁਦੇ ਆਪਣੇ ਕਬਜ਼ੇ ਹੇਠ ਰੱਖ ਕੇ, ਤਨਖ਼ਾਹਾਂ ਦੇ ਰੂਪ ਵਿਚ ਮੋਟੀ ਰਕਮ ਬਚਾਉਣ ਲਈ ਮੋਦੀ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਜੇਤਲੀ ਜੀ ਦੇ ਕਹਿਣ ਵਾਂਗ ਦੇਸ਼ ਨੂੰ ਸਿਆਸੀ ਭ੍ਰਿਸ਼ਟਚਾਰ ਤੋਂ ਛੁਟਕਾਰਾ ਦੁਆਇਆ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਨਾਲ਼ੇ ‘ਆਪ ਕਹਿਤੇ ਹੈਂ ਤੋ ਫਿਰ ਠੀਕ ਹੀ ਕਹਿਤੇ ਹੋਂਗੇ।’ ਇਹੋ ਬੀਬੀ ਇਹ ਵੀ ਲਿਖਦੀ ਹੈ ਕਿ ਕਰਜ਼ੇ ਦੇ ਬੋਝ ਹੇਠ ਮਰ ਰਹੇ ਕਿਸਾਨਾਂ ਨੂੰ ਇਹ ਸਲਾਹ ਦੇਣੀ ਬਣਦੀ ਹੈ ਕਿ ਨਾ ਰੱਬ, ਨਾ ਹੀ ਸਰਕਾਰ (ਮੂਰਖ਼ ਹੀ ਸਮਝਦੇ ਹਨ ਕਿ ਇਹ ਦੋਵੇਂ ਇਕ ਹਨ) ਉਨ੍ਹਾਂ ਨੂੰ ਦੀ ਮੱਦਦ ਕਰ ਸਕਦੇ ਹਨ, ਸੋ ਉਨ੍ਹਾਂ ਨੂੰ ਆਪਣਾ ਫ਼ਿਕਰ ਆਪ ਕਰਨਾ ਚਾਹੀਦਾ ਹੈ। ਸਭ ਨੂੰ ਆਪਣਾ ਖ਼ਿਆਲ ਆਪ ਰੱਖਣਾ ਬਣਦਾ ਹੈ। ਹੁਣ ਕਿਸੇ ਵੀ ਸਿਆਣੀ ਕੁੜੀ ਨੂੰ ਪੁੱਛ ਲਓ, ਉਹ ਤੁਹਾਨੂੰ ਦੱਸ ਦੇਵੇਗੀ ਕਿ ਇਕੱਲਿਆਂ ਘਰੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ, ਖ਼ਾਸ ਤੌਰ ’ਤੇ ਜੀਨਜ਼ ਪਾਈ ਹੋਵੇ ਤਾਂ ਮੂਲ਼ੋਂ ਹੀ ਨਹੀਂ। ਸਾਡਾ ਬੁਰਾ-ਭਲਾ ਸਾਡੇ ਆਪਣੇ ਹੱਥ ਹੈ ਕਿਉਂ ਕਿ ‘ਇਕੱਲੀ’ ਸਰਕਾਰ ਸਾਡਾ ‘ਸਾਰਿਆਂ’ ਦਾ ਬਚਾਅ ਕਿੱਦਾਂ ਕਰ ਸਕਦੀ ਹੈ।
ਜੇ ਇਸ ਬੀਬੀ ਵਰਗੀਆਂ ਬੀਬੀਆਂ, ਇਸ ਚਿੱਠੀ ਵਰਗੀਆਂ ਚਿੱਠੀਆਂ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੂੰ ਲਿਖਦੀਆਂ ਰਹੀਆਂ ਤੇ ਸਾਡੇ ਵਰਗੇ ਇਨ੍ਹਾਂ ਚਿੱਠੀਆਂ ਅੰਦਰਲਾ ਸੱਚ ਉਘਾੜਦੇ ਰਹੇ ਤਾਂ ਮੋਦੀ ਸਰਕਾਰ ਅਗਲੇ ਚਾਰ ਸਾਲ ਵੀ ‘ਧੜੱਲੇਦਾਰ ਕਾਮਯਾਬੀ’ ਨਾਲ਼ ਲੰਘਣਗੇ। ਹਾਂ, ‘ਆਮੀਨ’ ਕਹਿਣਾ ਰਤਾ ਕੁ ਔਖਾ ਲੱਗਦੈ! #
