ਸਿਰੇ ’ਤੇ ਗੰਢ-70

ਮੋਦੀ ਦੀਆਂ ਸੈਲਫੀਆਂ ਦੇ ਬਹਾਨੇ
ਬਖ਼ਸ਼ਿੰਦਰ
Email : bababax@gmail.com,  Cell Phone : +1-778-378-9669

ਕਿਸੇ ਨੂੰ ਲੱਭੇ ਨਾ ਲੱਭੇ, ਕੋਈ ਭਾਲ਼ੇ ਨਾ ਭਾਲ਼ੇ, ਇਸ ਸੰਸਾਰ ਵਿਚ ਜੋ ਕੁੱਝ ਵੀ ਵਾਪਰਦਾ ਹੈ, ਉਸ ਦੀ ਕੋਈ ਨਾ ਕੋਈ ਵਜ੍ਹਾ ਲਾਜ਼ਮੀ ਹੁੰਦੀ ਹੈ। ਸੈੱਲ ਫੋਨ ਵਿਚ ਕੈਮਰਾ ਆ ਗਿਆ, ਉਸ ਕੈਮਰੇ ਨਾਲ਼ ਫੋਟੋ ਖਿੱਚੀਆਂ ਜਾਣ ਲੱਗੀਆਂ। ਉਸ ਤੋਂ ਬਾਅਦ ਉਸ ਸੈੱਲ ਕੈਮਰੇ ਨਾਲ਼ ਆਪ ਹੀ, ਆਪਣੀਆਂ ਤਸਵੀਰਾਂ ਯਾਨੀ ‘ਸੈਲਫੀਆਂ’ ਖਿੱਚੀਆਂ ਜਾਣ ਲੱਗੀਆਂ। ਫਿਰ ਸਾਡੇ ਭਾਰਤ ਮਹਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਲਫੀਆਂ ਖਿੱਚਣ ਲੱਗ ਪਏ। ਆਖ਼ਰ ਇਸ ਸਭ ਕੁੱਝ ਦੀ ਵਜ੍ਹਾ ਕੀ ਹੈ? ਸੈਲਫੀਆਂ ਤਾਂ ਜਹਾਨ ਦੇ ਹੋਰ ਸਿਆਸੀ ਲੀਡਰ ਵੀ ਖਿੱਚਦੇ ਹਨ। ਇਸ ਤੋਂ ਪਹਿਲਾਂ ਕਿ ਮੋਦੀਆਨਾ ਸੈਲਫੀਆਂ ਦੀ ਚਰਚਾ ਕੀਤੀ ਜਾਵੇ, ਸੈਲਫੀਆਂ ਖਿੱਚਣ ਦੇ ਇਸ ਰੁਝਾਨ ਵੱਲ ਹੀ ਗ਼ੌਰ ਕਰਨਾ ਬਣਦਾ ਹੈ।
ਯੂਨਾਨੀ ਮਿਥਿਹਾਸ ਅਨੁਸਾਰ, ਬੋਇਓਟੀਆ ਵਿਚ ਥੈਸਪੀਐ ਵਿਖੇ ‘ਨਰਸੀਸੁਸ’ ਨਾਂ ਦਾ ਇਕ ਸ਼ਿਕਾਰੀ ਰਹਿੰਦਾ ਹੁੰਦਾ ਸੀ। ਉਹ ਬਹੁਤ ਹੀ ਸੁਨੱਖਾ ਸੀ ਤੇ ਉਸ ਦੇ ਸੁਨੱਖੇਪਨ ਦੇ ਚਰਚੇ ਛਿੜੇ ਰਹਿੰਦੇ ਸਨ। ਉਹ, ਦਰਿਆ-ਦੇਵ ‘ਸੇਫੀਸੁਸ’ ਅਤੇ ‘ਲਿਰੀਓਪੇ’ ਦਾ ਪੁੱਤਰ ਸੀ। ਉਸ ਨੂੰ ਆਪਣੇ ਸੁਨੱਖੇ ਹੋਣ ਦਾ ਮਾਣ ਵੀ ਬੜਾ ਸੀ। ਇਕ ਹੋਰ ਕਥਾ ਅਨੁਸਾਰ, ਇਕ ਦਿਨ, ਬਦਲੇ ਦੀ ਦੇਵੀ ‘ਨੇਮੇਸਿਸ’ ਉਸ ਨੂੰ ਇਕ ਤਲਾਬ ਕੋਲ਼ ਲੈ ਗਈ, ਜਿਸ ਦੇ ਟਿਕੇ ਹੋਏ ਪਾਣੀ ਵਿਚ ‘ਨਰਸੀਸੁਸ’ ਨੇ ਆਪਣਾ ਅਕਸ ਦੇਖਿਆ। ਪਾਣੀ ਵਿਚ ਆਪਣੇ ਚਿਹਰੇ ਦਾ ਅਕਸ ਦੇਖਣ ਸਾਰ ਉਹ ਆਪਣੇ ਸੁਨੱਖੇਪਨ ਉੱਤੇ ਫ਼ਿਦਾ ਹੋ ਗਿਆ। ਉਸ ਨੂੰ ਪਾਣੀ ਵਿਚਲਾ ਉਹ ਅਕਸ ਹਕੀਕੀ ਜਾਪਣ ਲੱਗਿਆ। ਉਹ ਪਾਣੀ ਵਿਚ ਦਿਸਦੇ ਆਪਣੇ ਚਿਹਰੇ ਉੱਤੇ ਇਸ ਹੱਦ ਤਕ ਮਰ-ਮਿਟਿਆ ਕਿ ਉਹ, ਉਸ ਤਲਾਬ ਵਿਚ ਹੀ ਡੁੱਬ ਕੇ ਮਰ ਗਿਆ। ‘ਨਰਸੀਸੁਸ’ ਤੋਂ ਹੀ ‘ਨਰਸਿਜ਼ਮ’ (ਆਤਮ-ਮੋਹ) ਜਾਂ ‘ਨਰਸੀਵਾਦ’ ਦਾ ਜਨਮ ਹੋਇਆ। ਜਿਹੜਾ ਵੀ ਵਿਅਕਤੀ ‘ਆਤਮ-ਮੋਹ’ ਦਾ ਸ਼ਿਕਾਰ ਹੁੰਦਾ ਹੈ ਜਾਂ ਜਿਸ ਨੂੰ ਵੀ ਆਪਣਾ-ਆਪ ਬਹੁਤ ਪਿਆਰਾ ਜਾਂ ਸੁਨੱਖਾ ਲੱਗਦਾ ਹੈ, ਉਸ ਨੂੰ ‘ਨਰਸੀਵਾਦੀ’ ਸਮਝਿਆ ਜਾਂਦਾ ਹੈ। ਇਸ ਸਬੰਧ ਵਿਚ ਹੋਰ ਵੀ ਕਈ ਕਹਾਣੀਆਂ ਹਨ। ਮਨੋਵਿਗਿਆਨ ਅਨੁਸਾਰ, ਆਪਣੇ-ਆਪ ਨੂੰ ਬਹੁਤ ਜ਼ਿਆਦਾ ਪਸੰਦ ਕਰਨਾ ਇਕ ਮਾਨਸਕ ਬਿਮਾਰੀ ਵੀ ਹੈ, ਜਿਸ ਨੂੰ ‘ਨਰਸੀਸਿਸਟਿਕ ਪਰਸਨੈਲਿਟੀ ਡਿਸਆਰਡਰ’ ਕਿਹਾ ਜਾਂਦਾ ਹੈ।
ਹਰ ਵਿਅਕਤੀ ਕਿਸੇ ਨਾ ਕਿਸੇ ਹੱਦ ਤਕ ‘ਨਰਸੀਵਾਦੀ’ ਹੁੰਦਾ ਹੈ। ਇਸ ਨਰਸੀਵਾਦ ਤੋਂ ਹੀ ਜਨਮ ਲਿਆ ਹੈ ‘ਸੈਲਫੀ’ ਦੇ ਰੁਝਾਨ ਨੇ। ‘ਸੈਲਫੀ’ ਵੀ ਖੜ੍ਹਿਆਂ-ਖੜੋਤਿਆਂ ਨਹੀਂ ਖਿੱਚੀ ਜਾਣ ਲੱਗੀ। ਇਸ ਦਾ ਵੀ ਇਤਿਹਾਸ ਹੈ। ਅਮਰੀਕਾ ਵਿਚ ‘ਸੈਲਫੀ’ ਸਿਰਲੇਖ ਹੇਠ ਇਕ ‘ਰੋਮਾਂਟਿਕ ਕਾਮੇਡੀ’ ਟੀਵੀ ਸੀਰੀਅਲ ਵੀ ਬਣਾਇਆ ਜਾ ਚੁੱਕਾ ਹੈ। ‘ਸੈਲਫੀ’ ਆਮ ਤੌਰ ’ਤੇ ਆਪਣੇ-ਆਪ ਦੀ ਜਾਂ ਆਪਣੇ ਸਮੇਤ ਆਪਣੇ ਨਾਲ਼ ਦਿਆਂ ਦੀ, ਕੈਮਰਾ ਆਪਣੇ ਮੱਥੇ ਤੋਂ ਵੀ ਉੱਚਾ ਲਿਜਾ ਕੇ ਖਿੱਚੀ, ਉਹ ਤਸਵੀਰ ਹੁੰਦੀ ਹੈ, ਜਿਸ ਵਿਚ ਅੱਖਾਂ ਦਾ ਆਕਾਰ ਵੱਡਾ ਹੋਵੇ ਤੇ ਠੋਡੀਆਂ ਬਹੁਤ ਪਤਲੀਆਂ ਤੇ ਲੰਬੀਆਂ ਦਿਸਣ। ਓਦਾਂ ਜ਼ਰੂਰੀ ਵੀ ਨਹੀਂ ਹੈ ਕਿ ਹਰ ਸੈਲਫੀ ਇਸ ਤਰ੍ਹਾਂ ਦੀ ਹੀ ਹੋਵੇ। ਮੋਟੇ ਤੌਰ ’ਤੇ ਕਿਸੇ ‘ਸੈਲਫੀ’ ਵਿਚ ਉਸ ਨੂੰ ਖਿੱਚਣ ਵਾਲ਼ਾ ਵੀ ਨਜ਼ਰ ਆਉਣਾ ਚਾਹੀਦਾ ਹੈ।
ਕਹਿੰਦੇ ਹਨ ਕਿ ਅਮਰੀਕੀ ਫੋਟੋਗ੍ਰਾਫ਼ਰ ਰਾਬਰਟ ਕੌਰਨੇਲੀਅਸ ਨੇ 1839 ਵਿਚ ਆਪਣੀ ਇਕ ਫੋਟੋ ਖਿੱਚੀ। ਇਕ ਤਰ੍ਹਾਂ ਨਾਲ਼ ਉਹ ਫੋਟੋ ਹੀ ਜਹਾਨ ਦੀ ਸਭ ਤੋਂ ਪਹਿਲੀ ‘ਸੈਲਫੀ’ ਸੀ। ਸੰਨ 1900 ਵਿਚ ‘ਕੌਡੈਕ ਬ੍ਰਾਊਨੀ ਬੌਕਸ ਕੈਮਰਾ’ ਆ ਗਿਆ, ਜਿਸ ਨਾਲ਼ ਆਪ ਹੀ ਆਪਣੀ ਫੋਟੋ ਖਿੱਚਣ ਦਾ ਰਿਵਾਜ ਹੋਰ ਵਧ ਗਿਆ। ਆਪ ਹੀ ਖਿੱਚੀ ਆਪਣੀ ਫੋਟੋ ਲਈ ਪਹਿਲੀ ਵਾਰ ਸ਼ਬਦ ‘ਸੈਲਫੀ’ ਦੀ ਵਰਤੋਂ 2002 ਵਿਚ ਕੀਤੀ ਗਈ। ਪਹਿਲੀ ਵਾਰ ਇਸ ਸ਼ਬਦ ਦੀ ਵਰਤੋਂ, ਆਸਟਰੇਲੀਅਨ ਇੰਟਰਨੈੱਟ ਫੋਰਮ ‘ਏ ਬੀ ਸੀ ਆਨਲਾਈਨ’ ਨੇ 13 ਸਤੰਬਰ, 2002 ਨੂੰ ਕੀਤੀ ਸੀ। ਸੰਨ 2005 ਵਿਚ ਫੋਟੋਗ੍ਰਾਫ਼ਰ ਜਿਮ ਕਰਾਜ਼ ਨੇ ‘ਸੈਲਫੀ’ ਬਾਰੇ ਚਰਚਾ ਕੀਤੀ ਸੀ, ਪਰ ਤਦ ਤਕ ਸੈਲਫੀਆਂ ਖਿੱਚਣ-ਦਿਖਾਉਣ ਦਾ ਸਿਲਸਿਲਾ ਕਾਫੀ ਚੱਲ ਨਿੱਕਲਿਆ ਸੀ।
 ਸੋਸ਼ਲ ਮੀਡੀਆ ਨੈੱਟਵਰਕ ਵਿਚ ‘ਫੇਸਬੁੱਕ’ ਵੱਲੋਂ ਆਪਣਾ ਟੌਹਰ ਬਣਾਏ ਜਾਣ ਤੋਂ ਪਹਿਲਾਂ, ਆਪੇ ਹੀ ਖਿੱਚੀਆਂ ਹੋਈਆਂ ਆਪਣੀਆਂ ਤਸਵੀਰਾਂ ‘ਮਾਈਸਪੇਸ’ ਉੱਤੇ ਪਾਈਆਂ ਜਾਂਦੀਆਂ ਰਹੀਆਂ ਸਨ। ਉਦੋਂ ਤਕ ਇਹ ਤਸਵੀਰਾਂ, ਸ਼ੀਸ਼ੇ ਵਿਚ ਦਿਸਦੇ ਅਕਸ ਦੀਆਂ ਹੁੰਦੀਆਂ ਸਨ। 2010 ਵਿਚ ‘ਆਈਫੋਨ 4’ ਵਿਚ ਸਕਰੀਨ ਵਾਲ਼ੇ ਪਾਸਿਓਂ ਆਪਣੀ ਫੋਟੋ ਖਿੱਚਣ ਦੀ ਸਹੂਲਤ ਆ ਗਈ ਤੇ ਫਿਰ ਕੋਰੀਆਈ ਤੇ ਜਾਪਾਨੀ ਮੋਬਾਈਲ ਫੋਨਾਂ ਵਿਚ ਵੀ ਇਹ ਜੁਗਾੜ ਆ ਗਿਆ। ਸੈਲ ਫੋਨਜ਼ ਵਿਚ ਇਹ ਜੁਗਾੜ ਆਉਣ ਨਾਲ਼ ‘ਸੈਲਫੀ’ ਘਰੋ-ਘਰੀ ਪਹੁੰਚ ਗਈ। ਭਾਵੇਂ ਪਹਿਲਾਂ-ਪਹਿਲ ‘ਸੈਲਫੀ’ ਇਕ ਤਰ੍ਹਾਂ ਨਾਲ਼ ‘ਬੱਚਿਆਂ ਦੀ ਖੇਡ’ ਹੀ ਸੀ, ਪਰ ਸੰਨ 2012 ਤਕ ਇਸ ਨੂੰ ਕਾਫੀ ਮਕਬੂਲੀਅਤ ਮਿਲ ਗਈ ਸੀ। ‘ਟਾਈਮ ਮੈਗਜ਼ੀਨ’ ਨੇ ‘ਸੈਲਫੀ’ ਉਸ ਸਾਲ ਦੇ ‘ਦਸ ਮੁੱਖ ਸ਼ਬਦਾਂ’ ਵਿਚ ਸ਼ੁਮਾਰ ਕੀਤੀ ਸੀ। 2013 ਵਿਚ ‘ਆਕਸਫੋਰਡ ਇੰਗਲਿਸ਼ ਡਿਕਸ਼ਨਰੀ’ ਨੇ ‘ਸੈਲਫੀ’ ਉਸ ‘ਸਾਲ ਦਾ ਸ਼ਬਦ’ ਕਰਾਰ ਦਿੱਤੀ ਸੀ। 
ਸੈਲਫੀਆਂ, ਧਰਤੀ ਤੋਂ ਪਰ੍ਹਾਂ ਵੀ ਖਿੱਚੀਆਂ ਜਾਂਦੀਆਂ ਰਹੀਆਂ ਹਨ। ਪੁਲਾੜ ਯਾਤਰੀ ਵੀ ਪੁਲਾੜ-ਯਾਤਰਾ ਕਰਦਿਆਂ ਸੈਲਫੀਆਂ ਖਿੱਚਦੇ ਰਹੇ ਹਨ। 2011 ਵਿਚ, ਫੋਟੋਗ੍ਰਾਫ਼ਰ ਦਾ ਕੈਮਰਾ ਚੋਰੀ ਹੋ ਗਿਆ ਸੀ। ਬਾਅਦ ਵਿਚ ਜਦੋਂ ਉਹ ਕੈਮਰਾ ਲੱਭਿਆ ਤਾਂ ਉਸ ਵਿਚ ਸੈਂਕੜੇ ਸੈਲਫੀਆਂ ਸਨ। ਇਨ੍ਹਾਂ ਤਸਵੀਰਾਂ ਤੋਂ ‘ਕਾਪੀਰਾਈਟ’ ਦੇ ਸਬੰਧ ਵਿਚ ਇਕ ਖ਼ਾਸ ਬਹਿਸ ਛਿੜੀ ਸੀ। ਸੈਲਫੀਆਂ ਖਿੱਚਣ ਅਤੇ ਨੈੱਟ ਉੱਤੇ ਪਾਉਣ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਇਕ-ਦੂਜੇ ਤੋਂ ਘੱਟ ਨਹੀਂ ਹਨ।
ਜਿਹੜੀਆਂ ਸੈਲਫੀਆਂ ਵਿਚ ਇਕ ਤੋਂ ਵੱਧ ਵਿਅਕਤੀ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ ‘ਯੂਜ਼ੀਜ਼’ ਜਾਂ ‘ਗਰੂਫੀਜ਼’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ‘ਗਰੁੱਪ ਸੈਲਫੀ’ ਨੂੰ ‘ਵੀਫੀ’ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ‘ਸੈਮਸੰਗ’ ਵੱਲੋਂ ਅਮਰੀਕਾ ਵਿਚ ਆਪਣੇ ਕੈਮਰਿਆਂ ਦੀ ‘ਐੱਨ ਐਕਸ ਸੀਰੀਜ਼’ ਲਈ ‘ਵਾਈਡ ਐਂਗਲ ਲੈਨਜ਼’ ਦਾ ਪ੍ਰਚਾਰ ਸ਼ੁਰੂ ਕਰਨ ਵੇਲ਼ੇ ‘ਵਪਾਰਕ ਪੱਖੋਂ ਵਰਤਿਆ’ ਗਿਆ ਸੀ। ਇਸ ਸਾਲ ਹੀ ਕੀਤੇ ਗਏ ਇਕ ਮਨੋਵਿਗਿਆਨਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੈਲਫੀ ਖਿੱਚ ਕੇ ਨੈੱਟ ਉੱਤੇ ਪਾਉਣ ਦਾ ‘ਨਰਸੀਵਾਦ’ ਨਾਲ਼ ਕੋਈ ਸਬੰਧ ਤਾਂ ਜ਼ਰੂਰ ਹੈ ਤੇ ਇਸ ਮਾਮਲੇ ਵਿਚ ਔਰਤਾਂ ਨਾਲ਼ੋਂ ਮਰਦ ਅੱਗੇ ਹਨ। ਸੈਲਫੀਆਂ ਖਿੱਚਣ ਦੌਰਾਨ ਹੋਏ ਹਾਦਸਿਆਂ ਵਿਚ, ਸੈਲਫੀ ਖਿੱਚਣ ਵਾਲ਼ਿਆਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। 
ਸੈਲਫੀ ਖਿੱਚੀ ਜਾਣੀ ਇੰਨੀ ਅਹਿਮ ਨਹੀਂ ਹੈ, ਅਹਿਮ ਗੱਲ ਤਾਂ ਉਸ ਨੂੂੰ ਖਿੱਚੇ ਜਾਣ ਤੋਂ ਤੁਰੰਤ ਬਾਅਦ ਨੈੱਟ ਉੱਤੇ ਪਾਉਣਾ ਹੈ। ਇਸ ਤੋਂ ਮਗਰੋਂ ਉਸ ਫੋਟੋ ਦੀਆਂ ਸਿਫ਼ਤਾਂ ਭਰੀਆਂ ਟਿੱਪਣੀਆਂ ਆਉਂਦੀਆਂ ਹਨ ਤੇ ਕੁੱਝ ਸ਼ੁਭਚਿੰਤਕ ਉਹ ਤਸਵੀਰਾਂ ਅੱਗੇ ‘ਸ਼ੇਅਰ’ ਵੀ ਕਰਦੇ ਹਨ। ਇਸ ਤੋਂ ਮਗਰੋਂ ਹੀ ਉਸ ਸੈਲਫੀ ਦੇ ਅਸਰ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਕੁੱਝ ਦੇਰ ਬਾਅਦ ਹੀ ਤੁਸੀਂ ਇਕ ਹੋਰ ‘ਪੋਜ਼’ ਬਣਾਉਂਦੇ ਹੋ ਤੇ ਉਸ ਨੂੰ ਨੈੱਟ ਉੱਤੇ ਪਾ ਕੇ, ਉਸ ਦਾ ਅਸਰ ਦੇਖਦੇ ਹੋ। ‘ਇੰਸਟਾਗ੍ਰਾਮ’ ਉੱਤੇ ਇਸ ਵੇਲ਼ੇ ਪਾਈਆਂ ਹੋਈਆਂ 90 ਫੀ ਸਦੀ ਫੋਟੋਜ਼ ਨਾਲ਼ ‘#ਮੲ’ ਯਾਨੀ ‘#ਮੈਂ’ ਲਿਖਿਆ ਦਿਸੇਗਾ। ‘ਸੈਲਫੀ ਸਭਿਆਚਾਰ’ ਦਾ ਅਸਰ ਬਹੁਤ ਜ਼ਿਆਦਾ ਹੈ। ਇਸ ਸਭਿਆਚਾਰ ਵਿਚ ਗਲ਼-ਗਲ਼  ਧੱਸੀ-ਗ੍ਰੱਸੀ ਮਾਡਲ ਤੇ ਅਦਾਕਾਰਾ ਕੇਲੀ ਬਰੂਕ ਨੇ ਮਾਰਚ ਵਿਚ ਆਪਣੇ ਉੱਤੇ, ਸੈਲਫੀਆਂ ਨੈੱਟ ਉੱਤੇ ਨਾ ਪਾਉਣ ਦੀ ਪਾਬੰਦੀ ਲਾਈ ਸੀ, ਜਿਸ ਦੀ ਉਲੰਘਣਾ ਮਸਾਂ ਦੋ ਘੰਟੇ ਟਾਲੀ ਜਾ ਸਕੀ ਸੀ।
ਸਿਆਸੀ ਜਮਾਤ ਵੀ ‘ਸੈਲਫੀ ਕਲਚਰ’ ਤੋਂ ਬਚੀ ਨਹੀਂ ਰਹਿ ਸਕੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਧੀਆਂ ਸਾਸ਼ਾ ਅਤੇ ਮਾਲੀਆ ਵੀ ਸੈਲਫੀਆਂ ਖਿੱਚਦੀਆਂ-ਪਾਉਂਦੀਆਂ ਰਹਿੰਦੀਆਂ ਹਨ। ਹਿਲੇਰੀ ਕਲਿੰਟਨ ਅਤੇ ਉਸ ਦੀ ਧੀ ਚੇਲਸੀ ਦੀ ਸੈਲਫੀ ਵੀ ਨੈੱਟ ਉੱਤੇ ਦਿਸਦੀ ਹੈ। ਪਿਛਲੇ ਸਾਲ ਦਸੰਬਰ ਵਿਚ ਜਾਪਾਨੀ ਪੁਲਾੜ ਯਾਤਰੀ ਅਕੀ ਹੋਸ਼ੀਦੇ ਨੇ ‘ਇੰਟਰਨੈਸ਼ਨਲ ਸਪੇਸ ਸਟੇਸ਼ਨ’ ਵਿਚ ਸੈਲਫੀ ਖਿੱਚ ਕੇ ਆਪਣੇ ਚਿੱਤੋਂ ਇਕ ‘ਵੱਡੀ ਪ੍ਰਾਪਤੀ’ ਕਰ ਲਈ ਸੀ। ਇਸ ਸੈਲਫੀ ਵਿਚ ਸੂਰਜ ਅਤੇ ਧਰਤੀ ਦੇ ਨਾਲ਼-ਨਾਲ਼ ‘ਰੋਬੋਟਿਕ ਆਰਮ’ ਦੇ ਕੁੱਝ ਹਿੱਸੇ ਵੀ ਦਿਸਦੇ ਹਨ।
ਸੈਲਫੀਆਂ ਖਿੱਚਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਾਈਟਾਂ ਉੱਤੇ ਪਾਉਣ ਦੇ ਰੁਝਾਨ ਦੇ ਤਰਫ਼ਦਾਰ ਇਸ ਰੁਝਾਨ ਦੀ ਹਮਾਇਤ ਵਿਚ, ਪੱਤਰਕਾਰੀ ਨਾਲ਼ ਸਬੰਧਤ ਉਸ ਕਥਨ ਦਾ ਆਸਰਾ ਵੀ ਲੈਂਦੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਇਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਵੀ ਵੱਧ ਬੋਲ ਜਾਂਦੀ ਹੈ। ਓਦਾਂ ਕਈ ਤਸਵੀਰਾਂ (ਉਹ ਸੈਲਫੀਆਂ ਨਾ ਵੀ ਹੋਣ) ਕਈ ਹਜ਼ਾਰ ਸ਼ਬਦ ਬੋਲ ਜਾਂਦੀਆਂ ਹਨ। ਸੈਲਫੀਆਂ ਖਿੱਚਣ-ਪਾਉਣ ਦੇ ਰੁਝਾਨ ਦੇ ਹੱਕ ਅਤੇ ਵਿਰੋਧ ਵਿਚ ਵੀ ਉਸੇ ਹੀ ਤਰ੍ਹਾਂ ਹਜ਼ਾਰਾਂ ਦਲੀਲਾਂ ਹਨ, ਜਿੱਦਾਂ ਹੋਰ ਕਈ ਵਿਸ਼ਿਆਂ ਦੇ ਸਬੰਧ ਵਿਚ ਹੁੰਦੀਆਂ ਹਨ। ਯਾਨੀ ਜਿੰਨੇ ਮੂੰਹ, ਉਨ੍ਹਾਂ ਤੋਂ ਵੀ ਕਿਤੇ ਵੱਧ ਗੱਲਾਂ! ਸਾਨੂੰ ਕੋਈ ਸੈਲਫੀ ਖਿੱਚਣ-ਪਾਉਣ ਵੇਲ਼ੇ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਲਾਜ਼ਮੀ ਰਹਿਣਾ ਚਾਹੀਦਾ ਹੈ ਕਿ ਗੱਲ ਸੈਲਫੀ ਤਕ ਹੀ ਰਹੇ, ਸੈਲਫੀ ਦੇ ਉਹਲੇ ਕੀ-ਕੀ ਹੈ, ਉਸ ਤਕ ਨਾ ਵਧੇ। ਸੈਲਫੀ ਵਿਚਲੇ ਪਾਤਰ ਦੇ ਲਿਬਾਸ ਦਾ ਆਕਾਰ, ਅੰਦਾਜ਼ ਅਤੇ ਭਾਅ ਜਾਂ ਲਿਬਾਸ ਉਹਲੇ ਲੁਕੇ ਅੰਗ ਕਿਸੇ ਤਰ੍ਹਾਂ ਵੀ ਉਸ ਸੈਲਫੀ ਸਬੰਧੀ ਚਰਚਾ ਦੇ ਅੰਗ ਨਹੀਂ ਬਣਨੇ ਚਾਹੀਦੇ, ਨਹੀਂ ਬਣਨ ਦਿੱਤੇ ਜਾਣੇ ਚਾਹੀਦੇ।
ਜੇ ਮਰਦ ਆਪਣੀਆਂ ਸੈਲਫੀਆਂ ਵਿਚ ਆਪਣੇ ਡੌਲ਼ੇ ਦਿਖਾਉਣ ਜਾਂ ਪੱਟਾਂ ਉੱਤੇ ਪਾਈਆਂ ਹੋਈਆਂ ਮੋਰਨੀਆਂ (ਜਾਂ ਟੈਟੂ) ਦਿਖਾਉਣ ਵਿਚ ਆਪਣਾ ਟੌਹਰ ਮਹਿਸੂਸ ਕਰਦੇ ਹਨ ਤਾਂ ਨੱਢੀਆਂ ਯਾਨੀ ਔਰਤਾਂ ਨੂੰ ਵੀ ਉਹ ਸਭ ਕੁੱਝ ਦਿਖਾਉਣ ਦਾ ਹੱਕ ਹੈ, ਜੋ ਉਹ ਦਿਖਾਉਣਾ “ਠੀਕ ਸਮਝਦੀਆਂ” ਹਨ। ਉਸ ਦੇ ‘ਠੀਕ’ ਜਾਂ ‘ਗ਼ਲਤ’ ਹੋਣ ਦੀ ਚਰਚਾ ਵੀ ਸੈਲਫੀ ਸਬੰਧੀ ਚਰਚਾ ਵਿਚ ਨਹੀਂ ਤੁੰਨਣੀ ਬਣਦੀ।
‘ਸੈਲਫੀਨਾਮਾ’ ਬਹੁਤ ਹੋ ਗਿਆ।ਹੁਣ ਧਿਆਨ ਦੇਈਏ ਇਸ ਲੇਖ ਦੇ ਸਿਰਲੇਖ ਵੱਲ਼ ਯਾਨੀ ਸੈਲਫੀਆਂ ਦੇ ਸਿਆਸੀਕਰਨ ਦੇ ਰੁਝਾਨ ਵੱਲ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੌਹਨਜ਼ਬਰਗ ਦੇ ਐੱਫ ਐੱਨ ਬੀ ਸਟੇਡੀਅਮ ਵਿਚ ਨੈਲਸਨ ਮੰਡੇਲਾ ਦੀ ਯਾਦ ਵਿਚ ਕਰਾਏ ਗਏ ਇਕ ਸਮਾਗਮ ਦੌਰਾਨ ਕਈ ਕੌਮਾਂਤਰੀ ਆਗੂਆਂ ਨਾਲ਼ ਸੈਲਫੀਆਂ ਖਿੱਚ ਕੇ ਸੁਰਖ਼ੀਆਂ ਖੱਟੀਆਂ ਸਨ। ਬਹੁਤ ਸਾਰੇ ਟਿੱਪਣੀਕਾਰਾਂ ਨੇ ਓਬਾਮਾ ਵੱਲੋਂ ਸੈਲਫੀਆਂ ਖਿੱਚਣ ’ਤੇ ਉਨ੍ਹਾਂ ਦੀ ਖਿਚਾਈ ਵੀ ਕੀਤੀ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਲਫੀਆਂ ਖਿੱਚਣ ਤੇ ਲਾਉਣ ਦਾ ਸਿਲਸਿਲਾ, ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ। ਉਨ੍ਹਾਂ ਨੇ 2014 ਦੀ ਪਾਰਲੀਮਾਨੀ ਚੋਣ ਵਿਚ, ਗਾਂਧੀ ਨਗਰ ਵਿਖੇ ਵੋਟ ਪਾਉਣ ਮਗਰੋਂ ਇਕ ਸੈਲਫੀ ਖਿੱਚ ਕੇ ‘ਟਵਿੱਟਰ’ ਉੱਤੇ ਪਾਈ ਸੀ, ਜਿਸ ਵਿਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ‘ਕਮਲ’ ਵੀ ਦਿਖਾਇਆ ਸੀ। ਉਸ ਵੇਲ਼ੇ ਬਹੁਤ ਰੌਲ਼ਾ ਪਿਆ ਸੀ ਕਿ ਇਹ ਸੈਲਫੀ ਨਸ਼ਰ ਕਰ ਕੇ ਉਨ੍ਹਾਂ ਨੇ ਚੋਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਸੀ। ਪਿਛਲੇ ਸਮੇਂ ਦੌਰਾਨ ਚੀਨ ਦਾ ਦੌਰਾ ਕਰਦਿਆਂ ਵੀ ਨਰਿੰਦਰ ਮੋਦੀ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ਼ ਕੁੱਝ ਸੈਲਫੀਆਂ ਖਿੱਚੀਆਂ ਸਨ। ਅਮਰੀਕਾ ਦੇ ‘ਵਾਲ ਸਟਰੀਟ ਜਰਨਲ’ ਨੇ ਇਸ ਤਸਵੀਰ ਨੂੰ ਬਹੁਤ ਹੀ ਇਤਿਹਾਸਕ ਅਹਿਮੀਅਤ ਦਿੰਦਿਆਂ ਲਿਖਿਆ ਸੀ ਕਿ ਇਸ ਤਸਵੀਰ ਨੇ ਕੁੱਝ ਦਿਲਚਸਪ ਸੁਆਲ ਵੀ ਉਠਾਏ ਹਨ ਕਿ ਚੀਨ ਸਰਕਾਰ ਦੀ ਉਸ ਨੀਤੀ ਦਾ ਕੀ ਰਹਿ ਗਿਆ, ਜਿਸ ਅਧੀਨ ਉਸ ਨੇ ਚੀਨ ਵਿਚ ‘ਟਵਿੱਟਰ’ ਦੀ ਵਰਤੋਂ ਕਰਨ ਉੱਤੇ ਪਾਬੰਦੀ ਲਗਾਈ ਹੋਈ ਹੈ ਕਿਉਂ ਕਿ ਇਹ ਤਸਵੀਰ ‘ਟਵਿੱਟਰ’ ਉੱਤੇ ਹੀ ਨਸ਼ਰ ਕੀਤੀ ਗਈ ਸੀ।
ਓਦਾਂ ਮੋਦੀ ਵੱਲੋਂ ਸੈਲਫੀਆਂ ਖਿੱਚਣ ਦਾ ਇਹ ਰੁਝਾਨ ਇਸ ਹੱਦ ਤਕ ਪਹੁੰਚਿਆ ਹੋਇਆ ਹੈ ਕਿ ਉਨ੍ਹਾਂ ਨੇ ਅਮਰੀਕੀ ਫ਼ਿਲਮ ਅਦਾਕਾਰ ਕਾਈ ਪੈਨ ਅਤੇ ਭਾਰਤੀ ਫ਼ਿਲਮ ਅਦਾਕਾਰਾ ਸੋਨਮ ਕਪੂਰ ਨਾਲ਼ ਵੀ ਸੈਲਫੀਆਂ ਖਿੱਚੀਆਂ ਤੇ ਲਾਈਆਂ ਹੋਈਆਂ ਹਨ।#