ਸਿਰੇ ’ਤੇ ਗੰਢ-71

 ਇਕ ਲੋਹ-ਪੁਰਸ਼ ਦੀ ਤਰਲ-ਦਿਲੀ
ਬਖ਼ਸ਼ਿੰਦਰ
Email : bababax@gmail.com, Cell Phone : +1-778-378-9669

ਉੱਨੀਵੀਂ ਸਦੀ ਦੇ ਆਖ਼ਰੀ ਸਮੇਂ ਦੌਰਾਨ ਜਮਸ਼ੇਦ ਜੀ ਟਾਟਾ ਨਾਂ ਦਾ ਇਕ ਭਾਰਤੀ ਵਪਾਰੀ, ਮੁੰਬਈ ਦੇ ਇਕ ਮਹਿੰਗੇ ਹੋਟਲ (ਵਾਟਸਨ’ਜ਼ ਹੋਟਲ) ਅੰਦਰ ਦਾਖ਼ਲ ਹੋਣ ਲੱਗਿਆ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੀ ਵਜ੍ਹਾ ਇਹ ਸੀ ਕਿ ਜਮਸ਼ੇਦ ਜੀ ਟਾਟਾ ਦਾ ਰੰਗ ‘ਗੋਰਾ’ ਨਹੀਂ ਸੀ। ਪਤਾ ਲੱਗਿਆ ਹੈ ਕਿ ਇਸ ਭਾਰਤੀ ਵਪਾਰੀ ਨੇ ਇਸ ਅਪਮਾਨ ਤੋਂ ਇੰਨੀ ਜ਼ਿਆਦਾ ਖੁੰਧਕ ਖਾਧੀ ਕਿ ਉਸ ਨੇ ਮੁੰਬਈ ਵਿਚ ਆਪਣਾ ਉਹੋ ਜਿਹਾ ਹੀ ਇਕ ਹੋਟਲ ਬਣਾਉਣ ਦਾ ਫੈਸਲਾ ਕਰ ਲਿਆ ਤੇ ਇਹ ਫੈਸਲਾ ਵੀ ਕਰ ਲਿਆ ਕਿ ਉਸ ਹੋਟਲ ਵਿਚ ਭਾਰਤੀਆਂ ਨੂੰ ਦਾਖ਼ਲ ਹੋਣ ਦੀ ਪੂਰੀ ਖੁੱਲ੍ਹ ਹੋਵੇਗੀ। ਇਸ ਤਰ੍ਹਾਂ, ਸੰਨ 1903 ਵਿਚ ਮੁੰਬਈ ਵਿਖੇ ਸਮੁੰਦਰ ਦੇ ਕੰਢੇ ‘ਤਾਜ ਮਹੱਲ ਪੈਲੇਸ ਹੋਟਲ’ ਨੇ ਆਪਣੇ ਮਹਿਮਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ। ਇਹ ਹੋਟਲ, ਮੁੰਬਈ ਸ਼ਹਿਰ ਦੀ ਇਹੋ ਜਿਹੀ ਪਹਿਲੀ ਇਮਾਰਤ ਸੀ, ਜਿਸ ਵਿਚ ਬਿਜਲੀ ਦਾ ਕੁਨੈਕਸ਼ਨ ਸੀ, ਅਮਰੀਕੀ ਪੱਖੇ ਲੱਗੇ ਹੋਏ ਸਨ, ਜਰਮਨੀ ਦੀਆਂ ਲਿਫਟਾਂ ਲੱਗੀਆਂ ਹੋਈਆਂ ਸਨ ਅਤੇ ਅੰਗਰੇਜ਼ ਰਸੋਈਏ ਰੱਖੇ ਹੋਏ ਸਨ। ਇਹ ਹੋਟਲ ਅੱਜ ਵੀ ਆਪਣਾ ਮਹਿੰਗਾ ਰੁਤਬਾ ਬਰਕਰਾਰ ਰੱਖ ਰਿਹਾ ਹੈ।
ਜਮਸ਼ੇਦ ਜੀ ਦਾ ਜਨਮ 1839 ਵਿਚ ਇਕ ਪਾਰਸੀ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਨੇ ਕਪਾਹ, ਚਾਹ, ਤਾਂਬਾ ਅਤੇ ਪਿੱਤਲ ਖਰੀਦਣ-ਵੇਚਣ ਦੇ ਨਾਲ਼-ਨਾਲ਼ ਅਫੀਮ ਦਾ ਕਾਰੋਬਾਰ ਵੀ ਕੀਤਾ। ਉਸ ਸਮੇਂ ਅਫੀਮ ਦੀ ਵੇਚ-ਵੱਟ ਉੱਤੇ ਕੋਈ ਪਾਬੰਦੀ ਨਹੀਂ ਲੱਗੀ ਸੀ। ਟਾਟਾ ਖ਼ਾਨਦਾਨ ਦੇ ਇਸ ਵਾਰਸ ਨੂੰ ਸਫ਼ਰ ਕਰਨ ਦਾ ਸ਼ੌਕ ਸੀ ਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਖੋਜਾਂ ਵਿਚ ਵੀ ਬਹੁਤ ਦਿਲਚਸਪੀ ਸੀ। ਇਸ ਵੇਲ਼ੇ ਭਾਰਤ ਦੀ ‘ਟਾਟਾ ਕੰਪਨੀ’, ਜੋ ‘ਟੇਟਲੇ ਚਾਹ’ ਅਤੇ ‘ਜੈਗੂਆਰ ਲੈਂਡ ਰੋਵਰਜ਼’ ਦੀ ਮਾਲਕਣ ਹੈ, ਦੇ ਬਾਨੀ ਜਮਸ਼ੇਦ ਜੀ ਟਾਟਾ ਹੀ ਸਨ। ਇਸ ਕੰਪਨੀ ਦਾ 66 ਫੀ ਸਦੀ ਕਾਰੋਬਾਰ, ਪਰਉਪਕਾਰੀ ਸੰਸਥਾਵਾਂ ਵੱਲੋਂ ਚਲਾਇਆ ਜਾਂਦਾ ਹੈ। ਇਸ ਅਦਾਰੇ ਦੀ ਇਹ ਪਰਉਪਕਾਰੀ ਸਿਫ਼ਤ, ਇਸ ਦੇ ਬਾਨੀ ਅਤੇ ਵਾਰਸਾਂ ਦੇ ਨੇਕ ਸੁਭਾਅ ਦੀ ਦੇਣ ਹੈ। 
ਜਦੋਂ ਜਮਸ਼ੇਦ ਜੀ ਟਾਟਾ ਨੂੰ ਮੁੰਬਈ ਦੇ ‘ਵਾਟਸਨ’ਜ਼ ਹੋਟਲ’ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਤਾਂ ਉਹ ਹੋਟਲ ‘ਗੋਰਿਆਂ ਲਈ ਹੀ’ ਸੀ। ਭਾਵੇਂ ਉਸ ਹੋਟਲ ਵਿਚ, ਤਤਕਾਲੀ ਟਾਟਾ ਦੀ ਬੇਇਜ਼ਤੀ ਹੋਣ ਤੇ ਇਸ ਖੁੰਧਕ ਵਿਚ ਬਰਾਬਰ ਦਾ ਹੋਟਲ ਸਥਾਪਤ ਕਰਨ ਦੀ ਇਹ ਪ੍ਰਸ਼ੰਸਾਤਮਕ ਕਥਾ, ਕੁੱਝ ਟਿੱਪਣੀਕਾਰਾਂ ਨੇ ਇਹ ਕਹਿ ਕੇ ਨਕਾਰੀ ਹੋਈ ਹੈ ਕਿ ਉਸ ‘ਟਾਟਾ’ ਦੇ, ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ਼ ਨਸਲੀ ਵਿਤਕਰਾ ਕਰਨ ਖ਼ਿਲਾਫ ਡਟਣ ਦੀ ਸੰਭਾਵਨਾ ਮੂਲ਼ੋਂ ਹੀ ਨਹੀਂ ਸੀ। ਉਨ੍ਹਾਂ ਟਿੱਪਣੀਕਾਰਾਂ ਦਾ ਤਾਂ ਇਹ ਕਹਿਣ ਹੈ ਕਿ ‘ਤਾਜ’ ਹੋਟਲ ‘ਦ ਟਾਈਮਜ਼ ਆਫ ਇੰਡੀਆ’ ਦੇ ਐਡੀਟਰ ਦੀ ਫ਼ਰਮਾਇਸ਼ ਉੱਤੇ ਹੀ ਬਣਾਇਆ ਗਿਆ ਸੀ। 
ਪਹਿਲਾਂ ਇਸ ਹੋਟਲ ਦਾ ਖ਼ਾਕਾ ਬਣਾਉਣ ਦਾ ਕੰਮ, ਭਾਰਤੀ ਇਮਾਰਤਸਾਜ਼ਾਂ ਸੀਤਾ ਰਾਮ ਖਾਂਡੇਰਾਓ ਅਤੇ ਡੀ. ਐੱਨ. ਮਿਰਜ਼ਾ ਨੂੰ ਸੌਪਿਆ ਗਿਆ, ਪਰ ਇਹ ਪ੍ਰਾਜੈਕਟ ਪੂਰਾ ਕੀਤਾ ਸੀ, ਅੰਗਰੇਜ਼ ਇੰਜੀਨੀਅਰ ਡਬਲਯੂ. ਏ. ਚੈਂਬਰਜ਼ ਨੇ। ਇਸ ਇਮਾਰਤ ਦਾ ਬਿਲਡਰ ‘ਖ਼ਾਨਸਾਹਿਬ ਸੋਰਾਬਜੀ ਰੁਸਤਮਜੀ ਕੰਟ੍ਰੈਕਟਰ’ ਸੀ। ਪਹਿਲੀ ਵੱਡੀ ਲੜਾਈ ਵੇਲ਼ੇ ਇਹ ਹੋਟਲ, 600 ਬਿਸਤਰਿਆਂ ਵਾਲ਼ੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਹੋਟਲ ਦਾ ਇਕ ਹੋਰ ਹਿੱਸਾ ‘ਦ ਤਾਜ ਮਹੱਲ ਟਾਵਰ’ 1973 ਵਿਚ ਮੈਲਟਨ ਬੈੱਕਰ ਨੇ ਵਿਉਂਤਿਆ ਤੇ ਬਣਾਇਆ ਸੀ।
ਜਮਸ਼ੇਦ ਜੀ ਟਾਟਾ ਨੇ ਬਰਤਾਨੀਆ ਦਾ ਦੌਰਾ ਕਰਨ ਦੌਰਾਨ ਲੰਕਾਸ਼ਾਇਰ ਕਾਟਨ ਮਿੱਲਜ਼ ਦਾ ਕੰਮ-ਕਾਰ ਦੇਖ ਕੇ ਮਹਿਸੂਸ ਕੀਤਾ ਕਿ ਭਾਰਤ ਇਸ ਖੇਤਰ ਵਿਚ ਆਪਣੇ ‘ਬਸਤੀਵਾਦੀ ਮਾਲਕਾਂ’ ਦਾ ਮੁਕਾਬਲਾ ਕਰ ਸਕਦਾ ਹੈ। 1877 ਵਿਚ ਟਾਟਾ ਨੇ ਭਾਰਤ ਦੀ ਪਹਿਲੀ ਕੱਪੜਾ ਮਿੱਲ ਦੀ ਸਥਾਪਨਾ ਕਰ ਦਿੱਤੀ।‘ਐਮਪ੍ਰੈੱਸ ਮਿਲਜ਼’ ਦਾ ਉਦਘਾਟਨ, ਮਲਕਾ ਵਿਕਟੋਰੀਆ ਦੇ ਸਿਰ ‘ਐਮਪ੍ਰੈੱਸ ਆਫ ਇੰਡੀਆ’ ਯਾਨੀ ‘ਮਲਕਾਇ-ਹਿੰਦ’ ਦਾ ਤਾਜ ਸਜਾਉਣ ਵਾਲ਼ੇ ਦਿਨ ਹੀ ਕੀਤਾ ਗਿਆ ਸੀ। ਜਮਸ਼ੇਦ ਜੀ ਦਾ ਖ਼ਿਆਲ ਇਹ ਸੀ, “ਕਿਸੇ ਦੇਸ਼ ਜਾਂ ਕਿਸੇ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਉਸ ਦੇ ਸਭ ਤੋਂ ਕਮਜ਼ੋਰ ਤੇ ਬੇਵੱਸ ਲੋਕਾਂ ਨੂੰ ਚੁੱਕਣ-ਉਠਾਉਣ ਨਾਲ਼ੋਂ ਉਸ ਦੇ ਸਭ ਤੋਂ ਵਧੀਆ ਅਤੇ ਬਹੁਤ ਹੀ ਗੁਣੀ ਬੰਦਿਆਂ ਨੂੰ ਉਤਸ਼ਾਹ ਦੇਣਾ ਬਣਦਾ ਹੈ ਤਾਂ ਕਿ ਉਹ ਆਪਣੇ ਦੇਸ਼ ਦੀ ਸੇਵਾ ਬਿਹਤਰ ਢੰਗ ਨਾਲ਼ ਕਰਨ ਜੋਗੇ ਹੋਣ।” ਉਨ੍ਹਾਂ ਦਾ ਮੁੱਖ ਸੁਪਨਾ ਇਕ ਸਟੀਲ ਪਲ਼ਾਂਟ ਲਗਾਉਣਾ ਸੀ, ਪਰ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ  ਉਹ ਆਪ ‘ਪੂਰੇ’ ਹੋ ਗਏ।
ਉਨ੍ਹਾਂ ਦੇ ਪੁੱਤਰ ਦੌਰਾਬ ਨੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਕੀਤਾ ਅਤੇ 1907 ਵਿਚ ‘ਟਾਟਾ ਸਟੀਲ’ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਭਾਰਤ, ਏਸ਼ੀਆ ਵਿਚ ਸਟੀਲ ਪਲਾਂਟ ਵਾਲ਼ਾ ਪਹਿਲਾ ਮੁਲਕ ਬਣ ਗਿਆ। ਪਹਿਲੀ ਵੱਡੀ ਲੜਾਈ ਵੇਲ਼ੇ ‘ਟਾਟਾ’ ਨੇ ਬਰਤਾਨਵੀ ਫੌਜ ਲਈ ‘ਰੇਲਵੇ ਐਕਸਟੈਨਸ਼ਨਜ਼’ ਵਾਸਤੇ ਸਟੀਲ ਮੁਹੱਈਆ ਕੀਤਾ ਸੀ। ਜਮਸ਼ੇਦ ਜੀ ਵੱਲੋਂ ਆਪਣੇ ਵਾਰਸਾਂ ਨੂੰ ਇਹ ਹਦਾਇਤਾਂ ਸਨ ਕਿ ਉਹ ਜੰਗਲ ਸਾਫ ਕਰ ਕੇ ਇਕ ਸਨਅਤੀ ਸ਼ਹਿਰ ਵਸਾਉਣ ਤਾਂ ਕਿ ਭਾਰਤੀ ਕਾਮਿਆਂ ਨੂੰ ਰੁਜ਼ਗ਼ਾਰ ਮੁਹੱਈਆ ਕਰਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਹੋਇਆ ਸੀ, “ਇਸ ਸ਼ਹਿਰ ਦੀਆਂ ਸੜਕਾਂ ਬਹੁਤ ਹੀ ਚੌੜੀਆਂ ਹੋਣ ਅਤੇ ਉਨ੍ਹਾਂ ਉੱਤੇ ਜਲਦੀ ਵਧਣ ਵਾਲ਼ੇ ਛਾਂਦਾਰ ਰੁੱਖ ਲਾਏ ਜਾਣ। ਇਸ ਦੇ ਨਾਲ਼ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਸ ਸ਼ਹਿਰ ਵਿਚ ਹਰਿਆਲੇ ਮੈਦਾਨਾਂ ਅਤੇ ਬਾਗ਼ਾਂ ਲਈ ਬਹੁਤ ਸਾਰੀ ਥਾਂ ਹੋਵੇ। ਫੁਟਬਾਲ ਤੇ ਹਾਕੀ ਦੇ ਨਾਲ਼-ਨਾਲ਼ ਪਾਰਕਾਂ ਲਈ ਵੱਡੇ ਰਕਬੇ ਰੱਖੇ ਜਾਣ; ਮੰਦਰਾਂ, ਮਸਜਿਦਾਂ ਅਤੇ ਗਿਰਜਾ ਘਰਾਂ ਲਈ ਥਾਵਾਂ ਛੱਡੀਆਂ ਜਾਣ।” ਇਹ ਸਾਰੀਆਂ ਗੱਲਾਂ ਜਮਸ਼ੇਦ ਜੀ ਨੇ ਦੋਰਾਬ ਨੂੰ ਇਕ ਚਿੱਠੀ ਵਿਚ ਲਿਖੀਆਂ ਸਨ।
ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੋਇਆ ਜਮਸ਼ੇਦ ਪੁਰ ਦੇ ਰੂਪ ਵਿਚ। ਬਰਤਾਨੀਆ ਦੇ ਵਪਾਰ ਮੰਤਰੀ ਵਿਨਸ ਕੇਬਲ ਨੇ 50 ਸਾਲ ਪਹਿਲਾਂ ਜਮਸ਼ੇਦ ਪੁਰ ਦਾ ਫੇਰਾ ਮਾਰਿਆ ਸੀ, ਪਰ ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਇਕ ਤਕਰੀਰ ਦੌਰਾਨ ਜਮਸ਼ੇਦ ਪੁਰ ਦਾ ਜ਼ਿਕਰ ‘ਇਕ ਬਾਕਮਾਲ ਜਗ੍ਹਾ, ਦੇਸ਼ ਵਿਚ ਸਨਅਤੀਕਰਨ ਦੀ ਸ਼ੁਰੂਆਤ ਕਰਨ ਵਾਲ਼ੇ ਤੇ ਸਟੀਲ ਦਾ ਉਤਪਾਦਨ ਕਰਨ ਵਾਲ਼ੇ ਕਿਲੇ’ ਵਜੋਂ ਕੀਤਾ ਸੀ। ਜਦੋਂ ਜਹਾਨ ਭਰ ਵਿਚ ਇਹ ਗੱਲਾਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸਨ ਤਾਂ ‘ਟਾਟਿਆਂ’ ਨੇ 1877 ਵਿਚ ਆਪਣੇ ਮਜ਼ਦੂਰਾਂ ਦੀ ਭਲਾਈ ਲਈ ਪੈਨਸ਼ਨਾਂ ਲਾਉਣ ਦਾ ਰੁਝਾਨ ਸ਼ੁਰੂ ਕਰਨ ਬਾਰੇ ਸੋਚ ਲਿਆ ਸੀ। 1912 ਵਿਚ ਉਨ੍ਹਾਂ ਨੇ 8 ਘੰਟੇ ਦੀ ਦਿਹਾੜੀ ਮਿੱਥ ਦਿੱਤੀ ਸੀ ਅਤੇ 1921 ਵਿਚ ਆਪਣੇ ਮੁਲਾਜ਼ਮਾਂ ਨੂੰ ਮਾਤਰਤਾ ਨਾਲ਼ ਸਬੰਧਤ ਲਾਭ ਦੇਣੇ ਸ਼ੁਰੂ ਕਰ ਦਿੱਤੇ ਸਨ। 
ਜਮਸ਼ੇਦ ਜੀ ਦੇ ਮਨ ਵਿਚ ਇਸ ਗੱਲ ਨੇ ਘਰ ਕਰ ਲਿਆ ਸੀ ਕਿ ਕੋਈ ਕਾਰੋਬਾਰ ਉਦੋਂ ਹੀ ਵਧਦਾ-ਫੈਲਦਾ ਹੈ, ਜਦੋਂ ਉਸ ਨਾਲ਼ ਸਮਾਜ ਦੇ ਮੰਤਵਾਂ ਦੀ ਪੂਰਤੀ ਹੁੰਦੀ ਹੋਵੇ। ਉਨ੍ਹਾਂ ਦਾ ਕਹਿਣ ਸੀ, “ਖੁੱਲ੍ਹੇ ਉੱਦਮ ਦੇ ਮਾਹੌਲ ਵਿਚ ਭਾਈਚਾਰਾ ਵਪਾਰ-ਕਾਰੋਬਾਰ ਦਾ ਇਕ ਆਮ ਭਾਈਵਾਲ ਹੀ ਨਹੀਂ ਹੁੰਦਾ, ਸਗੋਂ ਅਸਲ ਵਿਚ ਉਹ, ਇਸ ਵਪਾਰ-ਕਾਰੋਬਾਰ ਦੇ ਵਜੂਦ ਦਾ ਮੰਤਵ ਵੀ ਹੁੰਦਾ ਹੈ।” ਉਨ੍ਹਾਂ ਨੇ ਬੰਗਲੌਰ ਵਿਚ ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ’ ਦੀ ਸਥਾਪਨਾ ਲਈ ਮਾਲੀ ਯੋਗਦਾਨ ਪਾਇਆ ਤਾਂ ਕਿ ਦੇਸ਼, ਆਪਣੀਆਂ ਤਮੰਨਾਵਾਂ ਪੂਰੀਆਂ ਕਰਨ ਖ਼ਾਤਰ ਇੰਜੀਨੀਅਰ ਅਤੇ ਸਾਇੰਸਦਾਨ ਬਣਾ-ਬਣਾ ਦੇ ਸਕੇ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਔਲਾਦ ਨੇ ਆਪਣਾ ਨਿੱਜੀ ਧਨ, ਪਰਉਪਕਾਰੀ ਟਰੱਸਟਾਂ ਵਿਚ ਲਾਇਆ ਤੇ ਉਹ ਟਰੱਸਟ ਹੀ ਟਾਟਿਆਂ ਦੀ ਮੁੱਖ ਕੰਪਨੀ ‘ਟਾਟਾ ਸਨਜ਼’ ਦੇ 66 ਫੀ ਸਦੀ ਹਿੱਸਿਆਂ ਦੇ ਮਾਲਕ ਹਨ। ਇਸ ਖ਼ਾਨਦਾਨ ਕੋਲ ਇਸ ਕਾਰੋਬਾਰ ਦੇ ਮਸਾਂ 3 ਫੀ ਸਦੀ ਹਿੱਸੇ ਹਨ।
1938 ਵਿਚ ਟਾਟਾ ਪਰਿਵਾਰ ਦਾ ਇਕ ਹੋਰ ਜੀਅ ਜਹਾਂਗੀਰ ਟਾਟਾ, ਜਿਸ ਨੂੰ ‘ਜੇ ਆਰ ਡੀ’ ਵੀ ਕਿਹਾ ਜਾਂਦਾ ਹੈ, ਇਸ ਅਦਾਰੇ ਦਾ ਮੁਖੀ ਬਣਿਆ। ਉਸ ਵੇਲ਼ੇ ਉਸ ਦੀ ਉਮਰ 34 ਸਾਲ ਸੀ ਤੇ ਉਸ ਨੇ ਤਕਰੀਬਨ ਅੱਧੀ ਸਦੀ ਇਸ ਅਹੁਦੇ ਉੱਤੇ ਕੰਮ ਕੀਤਾ। ਜਹਾਂਗੀਰ ਨੇ ਸਨਅਤਕਾਰ ਬਣਨ ਬਾਰੇ ਕਦੇ ਨਹੀਂ ਸੋਚਿਆ ਸੀ। ਉਸ ਦਾ ਸੁਪਨਾ ਤਾਂ ਪਾਇਲਟ ਬਣਨਾ ਸੀ। ਜਹਾਂਗੀਰ ਟਾਟਾ, ਪਾਇਲਟ ਬਣਨ ਦੀ ਯੋਗਤਾ ਹਾਸਲ ਕਰਨ ਵਾਲ਼ਾ ਪਹਿਲਾ ਭਾਰਤੀ ਸੀ। ਬਾਂਬੇ ਫਲਾਇੰਗ ਕਲੱਬ ਤੋਂ ਉਸ ਨੂੰ ਮਿਲੇ ਲਾਇਸੈਂਸ ਦਾ ਨੰਬਰ ਇਕ ਸੀ, ਜਿਸ ਦਾ ਉਸ ਨੂੰ ਮਾਣ ਸੀ। 1930 ਵਿਚ ਉਸ ਨੇ ਭਾਰਤ ਅਤੇ ਬਰਤਾਨੀਆ ਵਿਚਾਲ਼ੇ ਇਕੱਲਿਆਂ ਉਡਾਣ ਭਰਨ ਵਾਲ਼ੇ ਪਹਿਲੇ ਭਾਰਤੀ ਦਾ ਦਰਜਾ ਹਾਸਲ ਕਰਨ ਦਾ ਹੀਲਾ ਕੀਤਾ, ਪਰ ਉਹ ਇਸ ਵਿਚ ਕਾਮਯਾਬ ਨਾ ਹੋਇਆ। ਜੇ ਉਸ ਨੇ ਆਪਣੇ ਨਾਲ਼ ਮੁਕਾਬਲਾ ਕਰਦੇ, ਪਰ ਰਾਹ ਵਿਚ ਅਟਕ ਗਏ ਇਕ ਪਾਇਲਟ ਦੀ ਮੱਦਦ ਨਾ ਕੀਤੀ ਹੁੰਦੀ ਤਾਂ ਸ਼ਾਇਦ ਉਹ ਕਾਮਯਾਬ ਹੋ ਜਾਂਦਾ। ਇਸ ਖੁੱਲ੍ਹਦਿਲੀ ਦੇ ਨਤੀਜੇ ਵਜੋਂ, ਉਹ ਜਹਾਜ਼ਾਂ ਦੀ ਉਸ ਦੌੜ ਵਿਚ ਕੁੱਝ ਘੰਟੇ ਪੱਛੜਨ ਕਾਰਨ ਹਾਰ ਗਿਆ ਸੀ। ਉਸ ਤੋਂ ਦੋ ਸਾਲ ਬਾਅਦ ਉਸ ਨੇ ਭਾਰਤ ਦੀ ਪਹਿਲੀ ਹਵਾਈ ਡਾਕ ਸੇਵਾ ਦਾ ਜਹਾਜ਼ ਉਡਾਇਆ। ਉਸ ਜਹਾਜ਼ ਵਿਚ ਡਾਕ ਦੇ ਥੈਲਿਆਂ ਨਾਲ਼ ਉਹ ਇਕੱਲਾ ਹੀ ਸਵਾਰ ਸੀ। ਉਸ ਵੇਲ਼ੇ ਜਹਾਜ਼ ਉਡਾਉਣ ਲਈ ‘ਰੱਨਵੇਜ਼’ ਨਹੀਂ ਹੁੰਦੇ ਸਨ ਤੇ ਜਹਾਜ਼ ਕੱਚੇ ਮੈਦਾਨ ਵਿਚੋਂ ਉੱਡਦੇ ਤੇ ਕੱਚੀ ਥਾਂ ਹੀ ਉੱਤਰਦੇ ਸਨ। ਭਾਰਤ ਦੀ ਪਹਿਲੀ ਹਵਾਈ ਡਾਕ ਸੇਵਾ ਤੋਂ ਭਾਰਤ ਦੀ ਪਹਿਲੀ ਏਅਰਲਾਈਨ ‘ਟਾਟਾ ਏਅਰਲਾਈਨਜ਼’ ਦਾ ਜਨਮ ਹੋਇਆ। ਬਾਅਦ ਵਿਚ ‘ਟਾਟਾ ਏਅਰਲਾਈਨਜ਼’ ਨੂੰ ‘ਏਅਰ ਇੰਡੀਆ’ ਬਣਾ ਦਿੱਤਾ ਗਿਆ ਤੇ ਇਹ ਬਹੁਤ ਹੀ ਕਾਮਯਾਬ ਹੋਈ। 1953 ਵਿਚ ‘ਏਅਰ ਇੰਡੀਆ’ ਦਾ ਕੌਮੀਕਰਨ ਕਰ ਦਿੱਤਾ ਗਿਆ। ਜਹਾਂਗੀਰ ਟਾਟਾ (ਜੇ ਆਰ ਡੀ) ਨੂੰ ਇਸ ਏਅਰਲਾਈਨ ਦੀਆਂ ਕੌਮਾਂਤਰੀ ਉਡਾਣਾਂ ਦਾ ਮੁਖੀ ਬਣਾਏ ਜਾਣ ਲਈ ਸੱਦਿਆ ਗਿਆ ਤੇ ਉਹ 1978 ਤਕ ‘ਏਅਰ ਇੰਡੀਆ’ ਦੇ ਚੇਅਰਮੈਨ ਰਹੇ। ਇਸ ਏਅਰਲਾਈਨ ਦੇ ਅਮਲੇ ਨੂੰ ਹਾਲੇ ਵੀ ਯਾਦ ਹੈ ਕਿ ਉਹ ਕਿਸੇ ਵੀ ਕੰਮ ਨੂੰ ਮੁਕੰਮਲ ਹੱਦ ਤਕ ਕਰਨ ਦੇ ਸਬੰਧ ਵਿਚ ਕਿੰਨਾ ਜ਼ੋਰ ਦਿੰਦੇ ਹੁੰਦੇ ਸਨ ਤੇ ਕਿੱਦਾਂ ਨਿੱਕੀ-ਨਿੱਕੀ ਗੱਲ ’ਤੇ ‘ਮੀਮੋ’ ਜਾਰੀ ਕਰ ਦਿਆ ਕਰਦੇ ਸਨ।
ਤਦ ਤਕ ਸੂਚਨਾ ਤਕਨਾਲੋਜੀ ਦਾ ਯੁੱਗ ਆ ਚੁੱਕਾ ਸੀ। ‘ਜੇ ਆਰ ਡੀ’ ਨੇ ਇਕ ਇਹੋ ਜਿਹੀ ਸਨਅਤ ਵੱਲ ਨਿਸ਼ਾਨਾ ਸਿੰਨ੍ਹ ਲਿਆ, ਜੋ ਬਹੁਤ ਹੀ ਅਗਾਂਹਵਧੂ ਅਰਥਚਾਰਿਆਂ ਨਾਲ਼ ਸਬੰਧਤ ਸੀ। 1968 ਵਿਚ ਉਨ੍ਹਾਂ ਨੇ ਕੰਪਨੀ ਦਾ ਸਾਰਾ ਕਾਗ਼ਜ਼-ਪੱਤਰੀ ਕੰਮ-ਕਾਰ ਕੰਪਿਊਟਰ ਨਾਲ਼ ਜੋੜ ਕੇ ‘ਟਾਟਾ ਕਨਸੱਲਟੈਂਸੀ ਸਰਵਿਸਿਜ਼’ ਦੀ ਸਥਾਪਨਾ ਕਰ ਦਿੱਤੀ। ਅੱਜ ‘ਟੀ ਸੀ ਐੱਸ’ ਯਾਨੀ ‘ਟਾਟਾ ਕਨਸੱਲਟੈਂਸੀ ਸਰਵਿਸਿਜ਼’ ਸੰਸਾਰ ਭਰ ਵਿਚ, ਕੰਪਿਊਟਰ ਸਾਫਟਵੇਅਰ ਐਂਡ ਪ੍ਰਾਸੈੱਸਿੰਗ ਦੇ ਖੇਤਰ ਵਿਚ ‘ਟਾਟਾ ਗਰੁੱਪ’ ਦੀ ਸਭ ਤੋਂ ਵੱਧ ਕਮਾਊ ਕੰਪਨੀ ਹੈ।
1991 ਵਿਚ ਜਹਾਂਗੀਰ ਟਾਟਾ ਦੇ ਭਰਾ ਲੱਗਦੇ ਰਤਨ ਟਾਟਾ ਨੇ ‘ਟਾਟਿਆਂ’ ਦੀ ਵਿਰਾਸਤ ਦੀ ਵਾਗ-ਡੋਰ ਸੰਭਾਲੀ। ਉਦੋਂ ਭਾਰਤ ਸਰਕਾਰ ਨੇ ਅਰਥਚਾਰੇ ਉੱਤੋਂ ਸਰਕਾਰੀ ਗਲਬਾ ਘਟਾ ਦਿੱਤਾ ਸੀ ਤੇ ਰਤਨ ਟਾਟਾ ਕਾਰੋਬਾਰ ਵਧਾਉਣ ਦੇ ਉਦੇਸ਼ ਨਾਲ਼ ਬਾਹਰਲੇ ਮੁਲਕਾਂ ਦੇ ਦੌਰੇ ’ਤੇ ਨਿੱਕਲ ਗਏ। ਉਨ੍ਹਾਂ ਨੇ ‘ਟੈਟਲੇ ਟੀ’ ਖਰੀਦ ਲਈ, ਬੀਮਾ ਕੰਪਨੀ ‘ਏ. ਆਈ. ਜੀ.’ ਨਾਲ਼ ਭਾਈਵਾਲੀ ਵਿਚ ਕੰਮ ਸ਼ੁਰੂ ਕੀਤਾ, ਬੋਸਟਨ ਵਿਚ ‘ਰਿਟਜ਼-ਕਾਰਲਟਨ’, ਯੂਰਪ ਵਿਚ ‘ਕੋਰਸ ਸਟੀਲ’ ਦੇ ਸੌਦੇ ਕਰਨ ਦੇ ਨਾਲ਼-ਨਾਲ਼ ਦਾਇਵੂ ਦਾ, ਵੱਡੀਆਂ ਗੱਡੀਆਂ ਵਾਲ਼ਾ ਯੂਨਿਟ ਖਰੀਦ ਲਿਆ।
ਟਾਟਾ ਗਰੁੱਪ ਦੇ ਇਕ ਅਧਿਕਾਰੀ ਦੇ ਕਹਿਣ ਮੁਤਾਬਕ ‘ਟਾਟੇ’ ਤਾਂ ‘ਟੀ’ ਤੋਂ ‘ਆਈ ਟੀ’ ਤਕ ਹਰ ਥਾਂ ਪਹੁੰਚ ਗਏ ਸਨ ਯਾਨੀ ‘ਟਾਟੇ’ ਤਾਂ ਚਾਹ ਤੋਂ ਲੈ ਕੇ ਸੂਚਨਾ ਤਕਨਾਲੋਜੀ ਤਕ ਹਰ ਥਾਂ ਪੁੱਜੇ ਹੋਏ ਸਨ। ਭਾਵੇਂ ਭਾਰਤ ਦੇ ਹੋਰ ਵਪਾਰਕ ਘਰਾਣਿਆਂ ਦੇ ਮੁਕਾਬਲੇ ‘ਟਾਟਾ ਘਰਾਣਾ’ ਬਹੁਤ ਵੱਡਾ ਹੋ ਗਿਆ ਸੀ, ਪਰ ਇਸ ਘਰਾਣੇ ਦੇ ਲੋਕ ਹਮੇਸ਼ਾ ਹੀ ਬਹੁਤ ਜ਼ਿਆਦਾ ਨਿਮਰ ਰਹੇ ਹਨ। ਜਹਾਂਗੀਰ ਟਾਟਾ, ਮੁੰਬਈ ਵਿਚ ਕੰਪਨੀ ਦੇ ਮੁੱਖ ਦਫ਼ਤਰ ਨੇੜੇ ਕਿਰਾਏ ਦੇ ਮਕਾਨ ਵਿਚ ਰਹੇ ਅਤੇ ਰਤਨ ਟਾਟਾ ਆਪ ਕਾਰ ਚਲਾ ਕੇ ਕੰਮ ’ਤੇ ਜਾਂਦੇ ਰਹੇ ਹਨ ਅਤੇ ਹਮੇਸ਼ਾ ਡਰਾਈਵਰ ਦੇ ਨਾਲ਼ ਬੈਠਣ ਲਈ ਬਜ਼ਿੱਦ ਰਹਿੰਦੇ ਸਨ।
2009 ਵਿਚ ਰਤਨ ਟਾਟਾ ਨੇ ‘ਸੰਸਾਰ ਦੀ ਸਭ ਤੋਂ ਸਸਤੀ ਕਾਰ’-‘ਨੈਨੋ’ ਬਣਾਉਣ ਦਾ ਆਪਣਾ ਚਿਰੋਕਣਾ ਸੁਪਨਾ ਸਾਕਾਰ ਕੀਤਾ। ਇਹ ਕਾਰ ਇਕ ਲੱਖ ਰੁਪਏ (ਇਕ ਹਜ਼ਾਰ ਪਾਊਂਡ ਜਾਂ ਸੋਲ਼ਾਂ ਸੌ ਡਾਲਰ) ਦੀ ਵਿਕਣੀ ਲਾਈ ਗਈ, ਪਰ ਆਸ ਮੁਤਾਬਕ ਨਾ ਵਿਕੀ। ਰਤਨ ਟਾਟਾ ਚਾਹੁੰਦੇ ਸਨ ਕਿ ਮੋਟਰਸਾਈਕਲ ਦੇ ਭਾਅ ਕਾਰ ਦਿੱਤੀ ਜਾਵੇ, ਜੋ ਆਪਣੇ ਮਾਲਕ ਦੀ ਜਾਨ ਬਚਾਵੇ। ‘ਟਾਟਾ ਗਰੁੱਪ’ ਅਤੇ ‘ਟਾਟਾ ਟਰੱਸਟਸ’ ਹਰ ਸਾਲ ਔਸਤਨ 20 ਕਰੋੜ ਡਾਲਰ ਯਾਨੀ 13 ਕਰੋੜ ਪਾਊਂਡ ਸਮਾਜ ਦੇ ਭਲੇ ਵਿਚ ਲਾਉਂਦੇ ਹਨ।
‘ਟਾਟਾ ਸਟੀਲ’ ਦੇ ਪਰਉਕਾਰੀ ਟਰੱਸਟਸ ਨੇ, ਜਮਸ਼ੇਦਪੁਰ ਨੇੜੇ ਕਬਾਇਲੀ ਇਲਾਕਿਆਂ ਵਿਚ ਦਿਹਾਤੀ ਵਿਕਾਸ ਦੇ ਪ੍ਰਾਜੈਕਟ ਵਿੱਢੇ ਹੋਏ ਹਨ। ਇਨ੍ਹਾਂ ਪ੍ਰਾਜੈਕਟਾਂ ਵਿਚ ਛੋਟੇ ਪੱਧਰ ਉੱਤੇ ਮਾਲੀ ਮੱਦਦ ਦੇ ਕੇ ਕੰਮ ਸ਼ੁਰੂ ਕਰਾਉਣੇ ਅਤੇ ਔਰਤਾਂ ਨੂੰ ਪੜ੍ਹਾਉਣਾ ਵੀ ਸ਼ਾਮਲ ਹੈ। ਰਵਾਇਤੀ ਕਬਾਇਲੀ ਸੰਗੀਤ ਨੂੰ ਕਾਇਮ ਰੱਖਣ ਸਬੰਧੀ ਵੀ ਇਕ ਪ੍ਰਾਜੈਕਟ ਹੈ। ਇਨ੍ਹਾਂ ਪ੍ਰਾਜੈਕਟਾਂ ਖ਼ਾਤਰ ਕੰਪਨੀ ਆਪਣਾ ਮਾਣ ਤਕ ਦਾਅ ’ਤੇ ਲਾਉਂਦੀ ਹੈ। ਇਸ ਸਬੰਧੀ ਕੀਤੀ ਗਈ ਇਸ਼ਤਿਹਾਰਬਾਜ਼ੀ ਵਿਚ ਇਹ ਮਜ਼ਾਕੀਆ ਜੁਮਲਾ ਵੀ ਸ਼ਾਮਲ ਹੈ, “ਅਸੀਂ ਸਟੀਲ ਵੀ ਬਣਾਉਂਦੇ ਹਾਂ!” 
ਦਸੰਬਰ 2012 ਵਿਚ ਰਤਨ ਟਾਟਾ ਨੇ ਕੰਪਨੀ ਦੀ ਵਾਗ-ਡੋਰ ਸਾਇਰਸ ਮਿਸਤਰੀ ਨਾਂ ਦੇ ਉਸ ਵਿਅਕਤੀ ਨੂੰ ਸੌਂਪ ਦਿੱਤੀ, ਜੋ ‘ਟਾਟਾ’ ਨਹੀਂ ਹੈ। ਓਦਾਂ ਇਹ ‘ਮਿਸਤਰੀ’, ‘ਟਾਟਿਆਂ’ ਦਾ ਰਿਸ਼ਤੇਦਾਰ ਹੈ। ਟਾਟਿਆਂ ਦੇ ਵਪਾਰਕ ਸਾਮਰਾਜ ਦਾ ਨਾਅਰਾ ‘ਹੁਮਤਾ ਹੁਖਤਾ ਹਵਰਸ਼ਤਾ’ ਵਰਗੀ ਇਕ ਜ਼ੋਰੋਸਟਰੀਆਈ ਅਖਾਣ ਹੈ, ਜਿਸ ਦਾ ਅਰਥ ਹੈ : ‘ਚੰਗੇ ਵਿਚਾਰ, ਚੰਗੇ ਸ਼ਬਦ, ਚੰਗੇ ਕੰਮ’। ਓਦਾਂ ਜਿੱਦਾਂ ਵੀ ਕੋਈ ਕਾਰੋਬਾਰ ਵਧਦਾ ਜਾਂਦਾ ਹੈ, ਉਹ ਔਖਾ ਹੁੰਦਾ ਜਾਂਦਾ ਹੈ। ਤਾਂ ਹੀ ਕਹਿੰਦੇ ਨੇ ‘ਜਿੰਨਾ ਵੱਡਾ ਤਾਜ, ਉੱਨੀ ਵੱਡੀ ਖਾਜ!’ #