SHABDANGAL 3

'ਪਾਖੰਡ ਦੀ ਭੂਆ' ਜਾਂ ਕੋਲੰਬੀਆ 
ਦੀ 'ਲਿਬਰਲ ਮਲਕਾ'

ਗੋਰੇ ਰੰਗ ਨੇ ਲੋਕਾਂ ਦੀ ਮੱਤ ਮਾਰੀ
ਕੈਨੇਡਾ ਦੇ, ਪੰਜਾਬੀਆਂ ਦੀ ਬਹੁਲਤਾ ਵਾਲ਼ੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੀ ਸੀਟ ਇਕ ਵਾਰ ਫਿਰ ਹਥਿਆਉਣ ਨੂੰ ਫਿਰਦੀ ਕ੍ਰਿਸਟੀ ਕਲਾਰਕ ਨੂੰ ਹੁਣ 'ਲਿਬਰਲ ਮਲਕਾ' ਕਹਿਣਾ ਨਜਾਇਜ਼ ਨਹੀਂ ਹੋਵੇਗਾ। ਆਪਣੀ ਇਸ ਰਾਇ ਦੇ ਹੱਕ ਵਿਚ ਅਸੀਂ ਬ੍ਰਿਟਿਸ਼ ਕੋਲੰਬੀਆ ਦੀਆਂ ਅਸੈਂਬਲੀ ਚੋਣਾਂ ਲਈ ਵੋਟਾਂ ਪੈਣ ਤੋਂ ਮਸਾਂ ਦੋ ਕੁ ਦਿਨ ਪਹਿਲਾਂ ਵਾਪਰੀ ਉਸ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੇ, ਜਿਸ ਦੀ ਚਰਚਾ ਮੀਡੀਆ ਨੇ ਵੀ ਕਾਫੀ ਕੀਤੀ ਹੈ। ਇਹ ਘਟਨਾ ਉੱਤਰੀ ਵੈਨਕੂਵਰ ਦੇ ਇਕ ਸਟੋਰ ਵਿਚ ਉਸ ਵੇਲ਼ੇ ਵਾਪਰੀ, ਜਦੋਂ ਕ੍ਰਿਸਟੀ ਕਲਾਰਕ ਅਚਾਨਕ ਹੀ ਉੱਥੇ ਆ ਗਈ ਅਤੇ ਲਿੰਡਾ ਹਿੱਗਨਜ਼ ਨਾਂ ਦੀ ਸਾਬਕਾ ਅਧਿਕਾਰੀ ਨੇ ਕ੍ਰਿਸਟੀ ਵੱਲ ਆਪਣਾ ਹੱਥ ਵਧਾਇਆ ਤੇ ਕ੍ਰਿਸਟੀ ਨੇ ਉਸ ਨਾਲ਼ ਹੱਥ ਮਿਲਾ ਲਿਆ ਕਿਉਂ ਕਿ ਕ੍ਰਿਸਟੀ ਨੂੰ ਲੱਗਿਆ ਸੀ ਕਿ ਉਹ ਔਰਤ ਉਸ ਦੀ ਪ੍ਰਸ਼ੰਸਕ ਸੀ। ਮਸਾਂ ਸੱਤ ਸਕਿੰਟ ਦੀ ਇਸ ਮੀਟਿੰਗ ਵਿਚ, ਉਸ ਵੇਲ਼ੇ ਕਈ ਯੁੱਗਾਂ ਜਿੰਨੀ ਕੁੜੱਤਣ ਭਰ ਗਈ, ਜਦੋਂ ਲਿੰਡਾ ਹਿੱਗਨਜ਼ ਨੇ ਆਪਣਾ ਹੱਥ ਫੜੀ ਖੜ੍ਹੀ ਕ੍ਰਿਸਟੀ ਨੂੰ ਇਹ ਕਹਿ ਦਿੱਤਾ, "ਮੈਂ ਤੁਹਾਨੂੰ ਕਦੇ ਵੀ ਵੋਟ ਨਹੀਂ ਪਾਵਾਂਗੀ ਕਿਉਂ ਕਿ....." ਅਜੇ ਲਿੰਡਾ ਦੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਉਸ ਦਾ ਹੱਥ ਛੱਡਦਿਆਂ ਕ੍ਰਿਸਟੀ ਨੇ ਕਿਹਾ, "ਤੈਨੂੰ, ਮੈਨੂੰ ਵੋਟ ਪਾਉਣ ਦੀ ਲੋੜ ਵੀ ਨਹੀਂ ਪੈਣੀ-ਇਹੋ ਵਜ੍ਹਾ ਹੈ ਕਿ ਅਸੀਂ ਜਮਹੂਰੀਅਤ ਵਿਚ ਰਹਿੰਦੇ ਹਾਂ।" ਇਹ ਕਹਿ ਕੇ ਕ੍ਰਿਸਟੀ ਨੇ ਆਪਣੀ ਜੁੱਤੀ ਦੀ ਉੱਚੀ ਅੱਡੀ ਉੱਤੇ ਘੁੰਮਦਿਆਂ ਲਿੰਡਾ ਵੱਲ ਪਿੱਠ ਕਰ ਲਈ। ਲਿੰਡਾ, ਕ੍ਰਿਸਟੀ ਦੇ ਸੁਰਖ਼ ਰੰਗੇ ਬਲੇਜ਼ਰ ਦੀ ਪਿੱਠ ਦੇਖਦੀ ਰਹਿ ਗਈ। ਇਸ ਘਟਨਾ ਦੀ ਤਸਦੀਕ, ਮੀਡੀਆ ਦੇ ਕੈਮਰਿਆਂ ਤੋਂ ਵੀ ਕਰਾਈ ਜਾ ਸਕਦੀ ਹੈ।

ਕੁੱਝ ਹੀ ਪਲਾਂ ਦੀ ਇਹ ਮੁਲਾਕਾਤ ਨਜ਼ਰਅੰਦਾਜ਼ ਵੀ ਕੀਤੀ ਜਾ ਸਕਦੀ ਸੀ, ਬਸ਼ਰਤਿ ਕਿ ਅਗਲੇ ਹੀ ਕੁੱਝ ਘੰਟਿਆਂ ਬਾਅਦ ਉਸ ਸੂਬੇ ਦੇ ਅਸੈਂਬਲੀ ਮੈਂਬਰਾਂ ਦੀ ਚੋਣ ਖ਼ਾਤਰ ਵੋਟਾਂ ਨਾ ਪੈਣੀਆਂ ਹੁੰਦੀਆਂ, ਜਿਸ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਹੈ ਤੇ ਜੋ ਪ੍ਰੀਮੀਅਰ ਬਣੀ ਰਹਿਣਾ ਚਾਹੁੰਦੀ ਹੈ। ਲੀਡਰਾਂ ਨੂੰ ਵੋਟਾਂ ਮੰਗਣ ਦਾ ਹੱਕ ਹੁੰਦਾ ਹੈ ਤਾਂ ਵੋਟਰਾਂ ਨੂੰ ਵੀ ਉਨ੍ਹਾਂ ਤੋਂ ਜੁਆਬਤਲਬੀ ਕਰਨ ਦਾ ਹੱਕ ਹੁੰਦਾ ਹੈ, ਪਰ ਦੋਹਾਂ ਧਿਰਾਂ ਨੂੰ ਅਜਿਹੇ ਮੌਕਿਆਂ 'ਤੇ ਇਕ ਖ਼ਾਸ ਤਰ੍ਹਾਂ ਦੇ ਜ਼ਬਤ ਤੋਂ ਕੰਮ ਲੈਣਾ ਬਣਦਾ ਹੈ। ਉੱਪਰ ਜਿਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵਿਚ ਲਿੰਡਾ ਹਿੱਗਨਜ਼ ਨੂੰ ਵੀ ਇੰਨੀ ਮੂੰਹਫਟ ਹੋਣ ਦੀ ਲੋੜ ਨਹੀਂ ਸੀ, ਪਰ ਕ੍ਰਿਸਟੀ ਕਲਾਰਕ ਨੂੰ ਵੀ ਸ਼ਿਸ਼ਟਚਾਰ ਦੇ ਇੰਨੇ ਹੇਠਲੇ ਮਿਆਰ 'ਤੇ ਨਹੀਂ ਜਾਣਾ ਬਣਦਾ ਸੀ।
ਇਹ ਗੱਲ ਉਸ ਸਟੋਰ ਵਿਚ ਹੀ ਖ਼ਤਮ ਹੋ ਜਾਣ ਦੀ ਥਾਂ, ਸੋਸ਼ਲ ਮੀਡੀਆ ਉੱਪਰ ਵੀ ਬਹੁਤ ਹੀ ਜ਼ਿਆਦਾ ਉਛਾਲੀ ਗਈ। ਲਿਬਰਲ ਪਾਰਟੀ ਦੀ 'ਕੰਪੇਨ ਡਾਇਰੈਕਟਰ' ਲਾਓਰਾ ਮਿੱਲਰ ਅਤੇ 'ਡਿਜੀਟਲ ਸਟਰੈਟੇਜਿਸਟ' ਮੈਰੀਸਨ ਨੂੰ ਇਹ ਕਹਿ ਕੇ ਜਾਨ ਛੁਡਾਉਣ ਦਾ ਹੀਲਾ ਕਰਨ ਪਿਆ ਕਿ ਲਿੰਡਾ ਨੂੰ ਇਸ ਢੰਗ ਨਾਲ਼ ਕ੍ਰਿਸਟੀ ਕਲਾਰਕ ਦੀ 'ਬੇਇੱਜ਼ਤੀ' ਕਰਨ ਖ਼ਾਤਰ ਨਿਊ ਡੈਮੋਕ੍ਰੈਟ ਪਾਰਟੀ ਨੇ ਖ਼ਾਸ ਤੌਰ 'ਤੇ ਉੱਥੇ ਤਾਇਨਾਤ ਕੀਤਾ ਹੋਇਆ ਸੀ। ਇਸ ਮੌਕੇ 'ਤੇ ਲਿਬਰਜ਼ ਦੇ ਹਮਾਇਤੀਆਂ ਨੇ ਲਿੰਡਾ ਨੂੰ 'ਬਿੱਚ' (ਕੁੱਤੀ) ਹੀ ਨਹੀਂ ਕਿਹਾ, ਹੋਰ ਵੀ ਬਹੁਤ ਸਾਰੀਆਂ ਲਾਹਨਤਾਂ ਨਾਲ਼ 'ਨਿਵਾਜ਼ਿਆ'।
ਇਸ ਮੌਕੇ 'ਤੇ ਕੁੱਝ ਪੱਤਰਕਾਰਾਂ, ਜਿਨ੍ਹਾਂ ਨੇ ਇਸ ਮਾਮਲੇ ਵਿਚ ਲਿੰਡਾ ਦੇ ਹੱਕ ਵਿਚ ਦਖ਼ਲਅੰਦਾਜ਼ੀ ਕੀਤੀ, ਦਾ ਕਹਿਣ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਲਿੰਡਾ ਹਿੱਗਨਜ਼ ਨੂੰ ਉੱਥੇ 'ਐੱਨ. ਡੀ. ਪੀ.' ਵੱਲੋਂ 'ਪਲਾਂਟ' ਕੀਤਾ ਹੋਇਆ ਸੀ। ਇਸ ਤੋਂ ਮਗਰੋਂ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਉੱਤੇ 'ਹੈਸ਼ਟੈਗ#ਆਈਐੱਮਲਿੰਡਾ' ਦੀ ਵਰਤੋਂ ਕਰ ਕੇ ਲਿਬਰਲਜ਼ ਪਾਰਟੀ ਦੇ ਖ਼ਿਲਾਫ਼ ਬਹੁਤ ਸਾਰੀ ਭੜਾਸ ਕੱਢੀ। ਸਪੱਸ਼ਟ ਹੈ ਕਿ ਲਿੰਡਾ ਹਿੱਗਨਜ਼ ਨਾਲ਼ ਇਹ ਹੈਂਕੜ ਦਿਖਾ ਕੇ ਕ੍ਰਿਸਟੀ ਕਲਾਰਕ ਨੇ ਕੁੱਝ ਹਾਸਲ ਨਹੀਂ ਕੀਤਾ, ਸਗੋਂ ਇਕ ਦੀ ਥਾਂ, ਦਸ ਵੋਟਾਂ ਗੁਆਈਆਂ ਹੀ ਹੋਣਗੀਆਂ। ਲੋਕ ਇਹ ਵੀ ਕਹਿੰਦੇ ਸੁਣੇ ਗਏ, "ਆਹ ਉਹੀ ਕ੍ਰਿਸਟੀ ਹੈ, ਜਿਸ ਦੇ ਮੂੰਹ ਵਿਚ ਜ਼ੁਬਾਨ ਨਹੀਂ ਹੁੰਦੀ ਸੀ ਤੇ ਜਿਹੜੀ ਬਰਨਬੀ ਦੇ ਬਾਹਰ-ਬਾਹਰ ਰਹਿੰਦੇ ਇਕ 'ਜਿਮ ਟੀਚਰ' ਦੀ ਵੱਲੋਂ ਪਾਲ਼ੀ ਹੋਈ ਹੈ ਤੇ ਜੋ ਹੁਣ ਇਕੱਲਿਆਂ ਹੀ ਆਪਣੀ ਔਲਾਦ ਪਾਲ਼ ਰਹੀ ਹੈ?" 
ਹੁਣ ਵੋਟਾਂ ਪੈ ਚੁੱਕੀਆਂ ਹਨ। ਭਾਵੇਂ ਹਾਲੇ ਨਵੀਂ ਸਰਕਾਰ ਦਾ ਮੂੰਹ-ਮੁਹਾਂਦਰਾ ਸਪੱਸ਼ਟ ਹੋਣਾ ਬਾਕੀ ਹੈ, ਪਰ ਵੋਟਾਂ ਪੈਣੀਆਂ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਏਦਾਂ ਲੱਗਦਾ ਸੀ ਕਿ ਕ੍ਰਿਸਟੀ ਕਲਾਰਕ ਨੂੰ ਰੱਬ ਵਿੱਸਰਿਆ ਹੋਇਆ ਸੀ ਤੇ ਉਸ ਨੂੰ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਸੀ ਕਿ ਉਸ ਦੀਆਂ ਇਨ੍ਹਾਂ ਹਰਕਤਾਂ ਨਾਲ਼ ਸੱਤਾ ਉੱਤੇ ੧੬ ਸਾਲਾਂ ਤੋਂ ਬਣੀ ਹੋਈ, ਉਸ ਦੀ ਪਾਰਟੀ ਦੀ ਪਕੜ ਢਿੱਲੀ ਹੋ ਸਕਦੀ ਹੈ। ਕ੍ਰਿਸਟੀ ਕਲਾਰਕ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਸੀ, ਪਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਕੁੱਝ ਅਮੀਰਾਂ, ਵਪਾਰੀਆਂ ਅਤੇ ਕਾਰੋਬਾਰੀਆਂ, ਜਿਨ੍ਹਾਂ ਨੇ ਲਿਬਰਲਜ਼ ਨੂੰ ਮੋਟੀਆਂ ਰਕਮਾਂ ਦਿੱਤੀਆਂ ਹੋਈਆਂ ਹਨ, ਨੇ ਇਸ ਸੂਬੇ ਦੀ ਸਰਕਾਰ ਨੂੰ ਆਪਣੀ ਕਠਪੁਤਲੀ ਬਣਾਇਆ ਹੋਇਆ ਹੈ। ਪਰਦੇ ਦੇ ਉਹਲਿਓਂ ਉਹੀ ਲੋਕ ਇਸ ਸੂਬੇ ਉੱਤੇ ਹਕੂਮਤ ਕਰ ਰਹੇ ਹਨ।
ਇਸ ਦੇ ਨਾਲ਼ ਹੀ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਬਹੁਤੇ ਪੰਜਾਬੀ ਲੋਕ, ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਮੁਲਕ ਵਿਚ ਕਿਸੇ ਸਿਆਸੀ ਪਾਰਟੀ ਨੇ ਕਦੇ ਪੱਠੇ ਨਹੀਂ ਪਾਏ ਸਨ, ਵੋਟਾਂ ਦਾ ਦਿਨ ਨੇੜੇ ਆਉਣ 'ਤੇ ਕ੍ਰਿਸਟੀ ਵੱਲੋਂ ਉਨ੍ਹਾਂ ਦੇ ਹੱਥ ਫੜ ਲੈਣ ਜਾਂ ਉਨ੍ਹਾਂ ਦੇ ਮੋਢਿਆਂ ਉੱਤੇ ਹੱਥ ਰੱਖਣ ਨਾਲ਼ ਹੀ ਬਾਗ਼ੋ-ਬਾਗ਼ ਹੋ ਜਾਂਦੇ ਹਨ। ਇਸ  ਭੋਰਾ ਕੁ 'ਚੋਗੇ' ਨਾਲ਼ ਹੀ ਇਹ 'ਹਾਬੜੇ ਹੋਏ ਲੋਕ' ਇਹ ਸਮਝਣ ਲੱਗ ਪੈਂਦੇ ਹਨ ਕਿ ਜੇ ਸੂਬੇ ਦੀ ਪ੍ਰੀਮੀਅਰ ਉਨ੍ਹਾਂ ਦੇ ਘਰ ਆ ਕੇ 'ਖ਼ੁਸਰਿਆਂ ਵਾਂਗ ਉਨ੍ਹਾਂ ਦੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਵਧਾਈਆਂ ਮੰਗਣ ਦੀ ਥਾਂ, ਵਧਾਈਆਂ ਦੇ ਜਾਂਦੀ ਹੈ' ਤਾਂ ਉਹ ਬੀ. ਸੀ. ਸਰਕਾਰ ਦੇ ਭਾਈਵਾਲ ਹੀ  ਬਣ ਗਏ ਹਨ। ਇਹੋ ਜਿਹੇ ਹਾਲਾਤ ਵਿਚ ਪੰਜਾਬੀ ਦੀ ਇਕ ਬੋਲੀ ਰਤਾ ਕੁ ਬਦਲਵੇਂ ਰੂਪ ਵਿਚ ਯਾਦ ਆ ਜਾਂਦੀ ਹੈ। ਅਖੇ:
   ਗੋਰੇ ਰੰਗ ਨੇ ਲੋਕਾਂ ਦੀ ਮੱਤ ਮਾਰੀ।
ਇਹੋ ਜਿਹੇ ਹਾਲਾਤ ਵਿਚ ਕ੍ਰਿਸਟੀ ਕਲਾਰਕ ਵਿਚੋਂ ਰਾਬਿਨ ਹੁੱਡ ਦਾ ਉਹ ਵਿਗੜਿਆ ਜਿਹਾ ਰੂਪ ਝਲਕਦਾ ਰਿਹਾ ਹੈ, ਜਿਸ ਵਿਚ ਉਹ 'ਅਮੀਰਾਂ ਦਾ ਮਾਲ ਲੁੱਟ ਕੇ, ਗ਼ਰੀਬਾਂ ਵਿਚ ਵੰਡਣ' ਦੀ ਥਾਂ, 'ਗ਼ਰੀਬਾਂ ਦਾ ਮਾਲ ਲੁੱਟ ਕੇ, ਅਮੀਰਾਂ ਦੇ ਗੱਲਿਆਂ ਵਿਚ ਪਾਉਂਦੀ' ਦਿਸਦੀ ਹੈ। ਇਹ ਗੱਲ ਅਸੀਂ ਆਪਣੇ ਪੱਲਿਓਂ ਨਹੀਂ ਕਹੀ। ਅਸਲ ਵਿਚ ਇਹ ਗੱਲ, ਨਿਰਪੱਖ ਨਾਗਰਿਕਾਂ ਦੀ ਸੰਸਥਾ 'ਡੌਗਵੁੱਡ ਇਨੀਸ਼ੀਏਟਿਵ' ਨਾਲ਼ ਸਬੰਧਤ ਕਾਰਕੁਨ ਕਾਈ ਨਗਾਟਾ ਨੇ ਕਹੀ ਹੈ। ਇਹ ਸੰਸਥਾ ਇਸ ਤਰ੍ਹਾਂ ਦਾ ਹੋਕਾ ਦਿੰਦੀ ਰਹਿੰਦੀ ਹੈ, "ਤੁਹਾਡੇ ਲਈ ਬਿਜਲੀ ਮਹਿੰਗੀ ਹੋ ਗਈ ਹੈ, ਤੁਹਾਨੂੰ ਮਕਾਨਾਂ ਦਾ ਵਧੇਰੇ ਕਿਰਾਇਆ ਦੇਣਾ ਪੈ ਰਿਹਾ ਹੈ, ਤੁਹਾਨੂੰ ਪੁਲ ਪਾਰ ਕਰਨ ਲਈ ਵਧੇਰੇ 'ਟੌਲ ਟੈਕਸ' ਦੇਣਾ ਪੈਂਦਾ ਹੈ। ਤੁਹਾਨੂੰ ਜੀਂਦੇ ਰਹਿਣਾ ਦਿਨੋ-ਦਿਨ ਮਹਿੰਗਾ ਪੈ ਰਿਹਾ ਹੈ। ਇਹ ਸਭ ਕੁੱਝ, ਉਨ੍ਹਾਂ ਅਮੀਰਾਂ ਨੂੰ ਹੋਰ ਅਮੀਰ ਕਰਨ ਖ਼ਾਤਰ ਕੀਤਾ ਜਾ ਰਿਹਾ ਹੈ, ਜਿਹੜੇ ਲਿਬਰਲਜ਼ ਪਾਰਟੀ ਨੂੰ ਮੋਟਾ ਚੰਦਾ ਦਿੰਦੇ ਹਨ। ਇੰਨਾ ਹੀ ਨਹੀਂ, ਇਨ੍ਹਾਂ ਅਮੀਰਾਂ ਨੂੰ ਟੈਕਸਾਂ ਵਿਚ ਛੋਟ ਦੇਣ ਦੇ ਨਾਲ਼-ਨਾਲ਼, ਉਨ੍ਹਾਂ ਦੇ ਕਾਰਬਾਰਾਂ ਲਈ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ।"
ਇਸ ਚੋਣ ਦੌਰਾਨ 'ਬੀ. ਸੀ. ਲਿਬਰਲਜ਼' ਅਤੇ ਕ੍ਰਿਸਟੀ ਕਲਾਰਕ ਇਕ-ਦੂਜੇ ਦੇ ਸਮਅਰਥੀ ਬਣੇ ਰਹੇ ਹਨ ਅਤੇ ਕ੍ਰਿਸਟੀ ਕਲਾਰਕ ਅਤੇ 'ਸਰਮਾਇਆਕਾਰੀ' ਵਿਚਾਲ਼ੇ ਕੋਈ ਫ਼ਰਕ ਨਹੀਂ ਦਿਸਿਆ। ਕ੍ਰਿਸਟੀ ਕਲਾਰਕ ਦਾ ਦਬਦਬਾ ਅਤੇ ਲਿਬਰਰਜ਼ ਦੀ ਹਕੂਮਤ ਬਰਕਰਾਰ ਰੱਖਣ ਲਈ ਪਰਦੇ ਦੇ ਉਹਲਿਓਂ ਤੜਾਵਾਂ ਖਿੱਚ-ਤਾਣ ਰਹੇ ਮੁੱਖ 'ਕ੍ਰਿਸਟੀਵਾਦੀਆਂ' ਵਿਚੋਂ ਇਕ ਹੈ ਪੈਟਰਿਕ ਕਿਨਸੈੱਲਾ, ਜਿਸ ਨੇ ਲਿਬਰਲਜ਼ ਨੂੰ ੨ ਲੱਖ, ੩੫,੦੦੦ ਡਾਲਰ 'ਦਾਨ' ਕੀਤੇ ਹਨ। ਇਸ ਤੋਂ ਇਲਾਵਾ, ਕ੍ਰਿਸਟੀ ਦੀ ਚੋਣ ਮੁਹਿੰਮ ਕਾਮਯਾਬ ਕਰਨ ਖ਼ਾਤਰ ਹੀਲੇ ਕਰਨ ਵਾਲ਼ਿਆਂ ਵਿਚ 'ਫਲੀਸ਼ਮੈਨ ਹਿੱਲਾਰਡ', 'ਨੌਲਟਨ' ਅਤੇ 'ਸਟੀਵ ਕੁਕੂਚਾ' ਵਰਗੀਆਂ ਮੁੱਖ ਨੈਸ਼ਨਲ ਕੰਪਨੀਆਂ ਵੀ ਸ਼ਾਮਲ ਰਹੀਆਂ ਹਨ। ਕਿਨਸੈੱਲਾ ਦੇ ਜ਼ਿੰਮੇ ਸਰੀ ਦੀਆਂ ਮੁੱਖ ਰਾਈਡਿੰਗਜ਼ ਉੱਤੇ ਪਹਿਰਾ ਦੇਣਾ ਸੀ ਜਦੋਂ ਕਿ ਪ੍ਰਚਾਰ ਮੁਹਿੰਮ ਦੇ ਰਥਵਾਨ ਵਜੋਂ ਕੰੰਮ ਕਰਦੇ ਅਤੇ ਮੀਡੀਆ ਦੀ ਸੇਵਾ ਦੇ ਇੰਚਾਰਜ 'ਵਜ਼ੂਕਾ ਅਡਵਾਈਜ਼ਰੀ ਗਰੁੱਪ' ਦੀ ਅਗਵਾਈ, ਇਸ ਦੇ ਸਹਿਬਾਨੀ ਸਟੀਵ ਕੁਕੂਚਾ ਦੇ ਹੱਥ ਸੀ। ਇਸੇ ਹੀ ਗਰੁੱਪ ਨੇ ਪਿਛਲੀ ਚੋਣ ਦੌਰਾਨ ਕੁੱਝ 'ਕਾਲ਼ੇ ਧਨੀਆਂ' ਦੇ ਹੱਕ ਵਿਚ ਪ੍ਰਚਾਰ ਹੀ ਨਹੀਂ ਕੀਤਾ ਸੀ, ਸਗੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਖ਼ਿਲਾਫ਼ ਕੀਤੀ ਇਸ਼ਤਿਹਾਰਬਾਜ਼ੀ ਨਮਿੱਤ ਦਸ ਲੱਖ ਡਾਲਰ ਝੋਕਣ ਵਿਚ ਮੁੱਖ ਰੋਲ ਨਿਭਾਇਆ ਸੀ। 
ਇਨ੍ਹਾਂ ਸਾਰੀਆਂ ਚੋਣ-ਸਾਜ਼ਿਸ਼ਾਂ ਵਿਚ, ਕ੍ਰਿਸਟੀ ਕਲਾਰਕ ਦੇ ਪ੍ਰਿੰਸੀਪਲ ਸੈਕ੍ਰੇਟਰੀ ਰਹਿ ਚੁੱਕੇ ਦਮਿੱਤਰੀ ਪੈਂਟਾਜ਼ੋਪੁਲਸ ਦਾ ਹੱਥ ਹੀ ਨਹੀਂ, ਸਾਰਾ ਸਰੀਰ ਰਿਹਾ ਹੈ। ਦਮਿੱਤਰੀ ਪੈਂਟਾਜ਼ੋਪੁਲਸ ਬਾਰੇ ਬ੍ਰਿਟਿਸ਼ ਕੋਲੰਬੀਆ ਵਿਚ ਇਹ ਕਿਹਾ ਜਾਂਦਾ ਹੈ ਕਿ ਉਹੋ ਹੀ ਕ੍ਰਿਸਟੀ ਕਲਾਰਕ ਵੱਲੋਂ ਸਪੱਸ਼ਟ ਬਹੁਮਤ ਹਾਸਲ ਕਰਨ ਸਬੰਧੀ ਸਹੀ-ਸਹੀ ਪੇਸ਼ੀਨਗੋਈਆਂ ਕਰਦਾ ਹੈ। ਉਹ, 'ਮੈਪਲ ਲੀਫ ਸਟਰੈਟੇਜੀਜ਼' ਨਾਂ ਦੀ ਇਕ ਕੰਪਨੀ ਦਾ ਭਾਈਵਾਲ ਹੈ ਤੇ ਉਹ ਇਸ ਕੰਪਨੀ ਦੇ ਦਫ਼ਤਰ ਵਿਚ ਬੈਠ ਕੇ ਹੀ ਸਾਰੀਆਂ ਚੋਣ-ਚਾਲਾਂ ਚਲਦਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ 'ਜਨਤਕ ਵਤੀਰੇ ਦੇ ਸਬੰਧ ਵਿਚ ਉਸ ਵੱਲੋਂ ਕੀਤੀ ਹੋਈ ਡੂੰਘੀ ਖੋਜ ਸਦਕਾ ਹੀ, ਕ੍ਰਿਸਟੀ ਕਲਾਰਕ ਨੂੰ ਜਿਤਾਉਣ ਦਾ ਰਾਹ ਪੱਧਰਾ ਕਰਨ ਲਈ ਚੱਲੀਆਂ ਗਈਆਂ ਚਾਲਾਂ ਤੇ ਦਾਅ-ਪੇਚ ਘੜੇ ਗਏ ਹਨ।'
ਲਿਬਰਲ ਪਾਰਟੀ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਤੋਂ ਵੀ ਫੰਡ ਲੈਂਦੀ ਰਹੀ ਦੱਸੀ ਜਾਂਦੀ ਹੈ ਕਿਉਂ ਕਿ ਇਸ 'ਦਾਨ' ਬਦਲੇ ਉਨ੍ਹਾਂ ਨੂੰ ਕਈ ਪ੍ਰਵਾਨਗੀਆਂ 'ਪ੍ਰਦਾਨ' ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਕਈ ਟੈਕਸਨ ਆਇਲ ਕੰਪਨੀਆਂ ਵੀ ਪਾਈਪਲਾਈਨ ਸਬੰਧੀ ਮਨਜ਼ੂਰੀ ਲੈਣ ਲਈ ਲਿਬਰਲ ਪਾਰਟੀ ਦੀ ਚੱਟੀ ਭਰਦੀਆਂ ਰਹੀਆਂ ਹਨ। ਸੰਸਾਰ ਦੇ ਵੱਡੇ-ਵੱਡੇ ਮੱਛੀ ਫਾਰਮਾਂ ਦੇ ਮਾਲਕ, ਮੱਛੀਆਂ ਦੇ ਸ਼ਿਕਾਰ ਸਬੰਧੀ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਲੈਣ ਲਈ ਲਿਬਰਲ ਪਾਰਟੀ ਨੂੰ 'ਚੜ੍ਹਾਵਾ' ਚੜ੍ਹਾਉਂਦੇ ਰਹੇ ਹਨ।
ਪਿਛਲੇ ਸਾਲ ਨਵੰਬਰ ਦੇ ਇਕ ਦਿਨ ਵਿਚ ਹੀ, ਲਿਬਰਲਜ਼ ਨੇ ੧.੬ ਮਿਲੀਅਨ ਡਾਲਰ ਦੀ ਉਗਰਾਹੀ ਕੀਤੀ ਸੀ। ਇਸ ਵਿਚੋਂ ਤਕਰੀਬਨ ਅੱਧੀ ਰਕਮ, ਬ੍ਰਿਟਿਸ਼ ਕੋਲੰਬੀਆ ਦੇ ਉਨ੍ਹਾਂ ਦੋ ਪਰਿਵਾਰਾਂ ਤੋਂ ਉਗਰਾਹੀ ਗਈ ਸੀ, ਜੋ ਜ਼ਮੀਨ-ਜਾਇਦਾਦ ਦੀ ਵੇਚ-ਵੱਟ ਅਤੇ ਵਿਕਾਸ ਦੇ ਵੱਡੇ ਕਾਰੋਬਾਰੀ ਹਨ। ਲਿਬਰਲ ਪਾਰਟੀ ਦੇ ਚੋਣ-ਯੱਗ ਵਿਚ ਮਾਲੀ ਆਹੁਤੀਆਂ ਪਾਉਣ ਵਾਲ਼ਿਆਂ ਵਿਚ ਚੀਨ ਦੀ ਸਰਕਾਰ ਵੀ ਸ਼ਾਮਲ ਦੱਸੀ ਜਾਂਦੀ ਹੈ। ਇਹ ਰਕਮਾਂ 'ਬੈਂਕ ਆਫ ਚਾਈਨਾ', 'ਚਾਈਨਾ ਰੇਡੀਓ ਇੰਟਰਨੈਸ਼ਨਲ' ਅਤੇ 'ਕਾਈਲੂਆਨ ਗਰੁੱਪ' ਰਾਹੀਂ ਆਉਂਦੀਆਂ ਰਹੀਆਂ ਦੱਸੀਆਂ ਜਾਂਦੀਆਂ ਹਨ। ਚੀਨ ਅਤੇ ਕੈਨੇਡਾ ਦਰਮਿਆਨ ਆਪਸੀ ਸਮਝ ਵਧਾਉਣ ਦੇ ਉਦੇਸ਼ ਨਾਲ਼ ਸਥਾਪਤ ਕੀਤੇ ਦੱਸੇ ਜਾਂਦੇ 'ਵੈਨਕੂਵਰ ਚਾਈਨਾ ਕਲਚਰਲ ਸੈਂਟਰ' ਨੇ ਲਿਬਰਲ ਪਾਰਟੀ ਨੂੰ ਦਸ ਹਜ਼ਾਰ ਡਾਲਰ ਦਿੱਤੇ ਸਨ।
ਇਹ ਸੂਚੀ, ਸ਼ੈਤਾਨ ਦੀ ਆਂਤ ਵਾਂਗ ਬਹੁਤ ਲੰਬੀ ਹੈ, ਜਿਸ ਕਰ ਕੇ ਇਸ ਦਾ ਵੇਰਵਾ ਇਕ ਲੇਖ ਵਿਚ ਦਰਜ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇੰਦਰਾ ਗਾਂਧੀ ਨੇ ਭਾਰਤ ਵਿਚ ੧੬ ਸਾਲ ਰਾਜ ਕੀਤਾ ਸੀ ਤੇ ਉਸ ਦੇ ਸੀਨੇ ਨੂੰ ੧੬ ਹੀ ਗੋਲੀਆਂ ਨਸੀਬ ਹੋਈਆਂ ਸਨ। ਕ੍ਰਿਸਟੀ ਕਲਾਰਕ ਦੀ ਪਾਰਟੀ ਵੀ ੧੬ ਸਾਲ ਰਾਜ ਕਰ ਚੁੱਕੀ ਹੈ। 'ਤਪੋਂ ਰਾਜ, ਰਾਜੋਂ ਨਰਕ' ਵੀ ਦਾਨਿਸ਼ਵਰਾਂ ਦਾ ਵਚਨ ਹੈ। ਇਹ ਲੇਖ ਮੁਕਾਉਣ ਤੋਂ ਪਹਿਲਾਂ ਬੀ. ਸੀ. ਦੇ ਵੋਟਰਾਂ ਨੂੰ ਇਕ ਬੇਨਤੀ ਹੈ ਕਿ ਉਹ ਇਕ ਵਾਰ ਫੇਰ ਤੇਹਾਂ ਹੀ ਪਾਰਟੀਆਂ ਦੇ ਚੋਣ-ਮਨੋਰਥ ਪੱਤਰ ਪੜ੍ਹਨ ਤੇ ਇਹ ਸਮਝਣ ਕਿ ਉਨ੍ਹਾਂ ਦਾ ਭਲਾ ਕਰਨ ਵਾਲ਼ੇ ਕੌਣ ਹਨ ਅਤੇ ਉਨ੍ਹਾਂ ਦਾ ਭਲਾ ਕਰਨ ਵਾਲ਼ੀ 'ਪਾਖੰਡ ਦੀ ਭੂਆ' (ਪਾਰਟੀ) ਕਿਹੜੀ ਹੈ।#