ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀਆਂ
'ਪਟਿਆਲੇਸ਼ਾਹੀਆਂ' ਹੁਣੇ ਹੀ ਜ਼ੋਰਾਂ 'ਤੇ
ਰੌਲ਼ਾ ਤਾਂ ਵੋਟਾਂ ਪੈਣ ਤੋਂ ਪਹਿਲਾਂ ਵੀ ਪੈ ਰਿਹਾ ਸੀ ਕਿ ਪੰਜਾਬ ਵਿਚ ਜਦੋਂ ਵੀ ਸਰਕਾਰ ਬਦਲੀ ਹੈ ਤਾਂ ਹੁਕਮਰਾਨਾਂ ਦੀਆਂ ਪੱਗਾਂ ਦੇ ਰੰਗ ਹੀ ਬਦਲਦੇ ਰਹੇ ਹਨ, ਉਨ੍ਹਾਂ ਪੱਗਾਂ ਹੇਠਾਂ ਸਿਰ ਪਹਿਲਾਂ ਵਾਲ਼ੇ ਹੀ ਰਹਿੰਦੇ ਹਨ। ਐਤਕੀਂ ਵੋਟਾਂ ਪੈਣ ਸਮੇਂ, ਵੋਟਾਂ ਪੈਣ ਤੋਂ ਮਗਰੋਂ ਹਾਲਾਤ ਬਦਲਣ ਦੇ ਆਸਾਰ ਦਿਸਦੇ ਸਨ, ਪਰ ਐਤਕੀਂ ਫੇਰ ਪੁਰਾਣਾ ਪੰਜ-ਪੰਜ ਸਾਲ ਰਾਜ ਕਰਨ ਦਾ ਕਲਹਿਣਾ ਜਿਹਾ ਸਮਝੌਤਾ ਲਾਗੂ ਹੋ ਗਿਆ ਤੇ ਸਿਰ ਉਹੀ ਰਹੇ, ਪਰ ਉਨ੍ਹਾਂ ਉੱਪਰਲੀਆਂ ਪੱਗਾਂ ਦਾ ਰੰਗ ਨੀਲੇ ਤੋਂ ਚਿੱਟਾ ਹੋ ਗਿਆ। ਤੁਸੀਂ ਪੁੱਛ ਸਕਦੇ ਹੋ ਕਿ ਸਾਨੂੰ ਨਵੀਂ ਪਾਰਟੀ ਦੇ ਮੰਤਰੀ ਅਤੇ ਵਿਧਾਇਕ, ਪੁਰਾਣੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵਰਗੇ ਹੀ ਕਿਉਂ ਲੱਗਦੇ ਹਨ।
ਪਿਛਲੀ ਸਰਕਾਰ ਵਿਚ ਮਸਾਂ ਦਸਵੀਂ ਜਮਾਤ ਪਾਸ ਵਿਅਕਤੀ ਸਿਖਿਆ ਮੰਤਰੀ ਸੀ, ਜਿਹੜਾ ਵਿਦਿਅਕ ਮਸਲਿਆਂ ਨੂੰ ਹੱਲ ਕਰਨ ਦੀ ਥਾਂ, ਉਹ ਮਸਲੇ ਚੁੱਕਣ ਵਾਲ਼ਿਆਂ ਨੂੰ ਹੀ ਚੁਕਾ ਲੈਂਦਾ ਸੀ। ਕਈ ਵਾਰੀ ਉਹ ਆਪਣੀਆਂ ਮੰਗਾਂ ਦੇ ਹੱਕ ਵਿਚ ਮੁਜ਼ਾਹਰਾ ਕਰਦੇ ਅਧਿਆਪਕਾਂ ਜਾਂ ਵਿਦਿਆਰਥੀਆਂ ਨੂੰ ਹੱਥੀਂ ਵੀ ਪੈ ਜਾਇਆ ਸੀ। ਅਜਿਹੇ ਮੌਕਿਆਂ 'ਤੇ ਬਹੁਤੀ ਵਾਰੀ ਏਦਾਂ ਵੀ ਲੱਗਦਾ, ਜਿੱਦਾਂ ਉਹ ਆਪਣੇ ਤੋਂ ਵੱਧ ਪੜ੍ਹੇ ਹੋਏ ਅਧਿਆਪਕਾਂ ਨੂੰ ਹੱਥੀਂ ਪੈ ਕੇ, ਉਨ੍ਹਾਂ ਤੋਂ ਆਪਣੇ ਨਾਲ਼ੋਂ ਵੱਧ ਪੜ੍ਹੇ-ਲਿਖੇ ਹੋਣ ਦਾ ਬਦਲਾ ਲੈ ਰਿਹਾ ਹੋਵੇ।
'ਉਲਟੇ ਬਾਂਸ ਬਰੇਲੀ ਨੂੰ' ਵਰਗਾ ਇਹ ਰਿਵਾਜ, ਕਾਂਗਰਸ ਦੇ ਰਾਜ ਵਿਚ ਵੀ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਰਤਾ ਕੁ ਫ਼ਰਕ ਨਾਲ਼ ਜਾਰੀ ਰੱਖਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਕਾਂਗਰਸੀ ਸਰਕਾਰ ਦੇ ਵਿਧਾਇਕਾਂ ਵੱਲੋਂ ਆਪਣੇ ਅਹੁਦੇ ਦੀ ਸਹੁੰ ਚੁੱਕਣ ਸਮੇਂ, ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਸਰਕਾਰ ਦੇ ਰਾਜ ਦੌਰਾਨ ਪੰਜਾਬ ਵਿਚ 'ਵੀ. ਆਈ. ਪੀ. ਕਲਚਰ' ਯਾਨੀ 'ਵੱਡੇ ਆਦਮੀਆਂ ਦੀ ਚੌਧਰ ਜਾਂ ਹੈਂਕੜ ਦਾ ਰਿਵਾਜ' ਖ਼ਤਮ ਕਰ ਦੇਣਗੇ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਰਾਜ ਦੌਰਾਨ 'ਨੀਂਹ-ਪੱਥਰੀ ਸਿਆਸਤ' ਵੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਮੰਤਰੀਆਂ ਦੀਆਂ ਕਾਰਾਂ ਉੱਤੇ 'ਲਾਲ ਬੱਤੀਆਂ' ਲਾਉਣ ਦਾ ਰਿਵਾਜ ਹਟਾਉਣ ਵਰਗਾ ਅਹਿਮ ਫੈਸਲਾ ਵੀ ਕੀਤਾ ਸੀ। ਓਦਾਂ ਪੰਜਾਬ ਦੇ ਬਹੁਤੇ ਲੋਕ, ਕਾਰਾਂ ਉੱਤੋਂ 'ਲਾਲ ਬੱਤੀਆਂ' ਹਟਾਉਣ ਦੇ ਐਲਾਨ ਦਾ ਮਤਲਬ ਇਹ ਵੀ ਸਮਝਦੇ ਰਹੇ ਸਨ ਕਿ ਨਵੀਂ ਸਰਕਾਰ ਕਾਰਾਂ ਉੱਤੇ ਬੱਤੀਆਂ ਤਾਂ ਲੱਗੀਆਂ ਰਹਿਣ ਦੇਵੇਗੀ, ਪੱਗਾਂ ਦੇ ਰੰਗਾਂ ਵਾਂਗ ਹੀ ਉਨ੍ਹਾਂ ਬੱਤੀਆਂ ਦਾ ਰੰਗ, 'ਲਾਲ' ਦੀ ਥਾਂ ਕਿਸੇ ਕੋਈ ਹੋਰ ਕਰ ਦੇਵੇਗੀ।
ਇਸ ਤਰ੍ਹਾਂ ਦੇ ਫੈਸਲੇ ਕਰਨ ਸਬੰਧੀ ਐਲਾਨ ਦੀ ਗੂੰਜ ਹਾਲੇ ਮੱਠੀ ਵੀ ਨਹੀਂ ਪਈ ਸੀ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਇਕ ਵੱਖਰੀ ਕਿਸਮ ਦਾ ਸੁਰਮੰਡਲ ਵਜਾ ਦਿੱਤਾ। ਹਾਲ਼ ਹੀ ਵਿਚ ਸੋਸ਼ਲ ਮੀਡੀਆ ਉੱਤੇ ਕੁੱਝ ਇਹੋ ਜਿਹੀਆਂ ਵਿਡੀਓਜ਼ ਨਸ਼ਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਕਾਰਗ਼ੁਜ਼ਾਰੀ ਦੇ ਸਬੰਧ ਵਿਚ ਕੀਤੇ ਹੋਏ ਇਸ ਐਲਾਨ ਦੀਆਂ ਧੱਜੀਆਂ ਉੱਡਦੀਆਂ ਦਿਸਦੀਆਂ ਹਨ।
ਪੰਜਾਬ ਦੇ ਜੰਗਲਾਤ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸ਼ੌਤ ਨੇ ਪਿਛਲੇ ਦਿਨੀਂ ਨਾਭਾ ਵਿਚ ਕੁੜੀਆਂ ਦੇ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ, ਇਕ ਇਮਾਰਤ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚ ਕੇ, ਉਸ ਸਕੂਲ ਦੀ ਅਧਿਆਪਕਾ ਡਾ. ਮਧੂ ਮੰਗਲ ਨੂੰ ਭਰੇ ਸਕੂਲ ਵਿਚ ਨਾ ਸਿਰਫ਼ ਬੇਇੱਜ਼ਤ ਕੀਤਾ, ਸਗੋਂ ਉਨ੍ਹਾਂ ਨੂੰ 'ਸਸਪੈਂਡ' ਕਰਨ ਦੀਆਂ ਧਮਕੀਆਂ ਵੀ ਦੇ ਦਿੱਤੀਆਂ। ਇਹ ਸਭ ਕੁੱਝ ਕਿਉਂ ਹੋਇਆ, ਇਹ ਦੱਸਣ ਤੋਂ ਪਹਿਲਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਸ ਸਕੂਲ ਵਿਚ ਉਹ ਸਮਾਗਮ ਕਿਉਂ ਕਰਾਇਆ ਜਾ ਰਿਹਾ ਸੀ ਤੇ 'ਸਾਧੂ-ਸੁਭਾਅ' ਮੰਤਰੀ ਜੀ ਦੇ ਇਸ ਤਰ੍ਹਾਂ ਭੜਕਣ ਦੀ ਵਜ੍ਹਾ ਕੀ ਸੀ।
ਇਸੇ ਹੀ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਅਧਿਆਪਕਾ ਡਾ. ਮਧੂ ਮੰਗਲ ਨੇ ਆਪਣੇ ਹੱਥੀਂ ਪੈਸੇ ਇਕੱਠੇ ਕਰ ਕੇ ਇਸ ਸਕੂਲ ਵਿਚ, ਆਪਣੀ ਮਰਹੂਮ ਮਾਂ ਦੀ ਯਾਦ ਵਿਚ ੧੪ ਕਮਰਿਆਂ ਦੀ ਉਸਾਰੀ ਕਰਾਈ ਸੀ। ਉਨ੍ਹਾਂ ਨੇ ਇਸ ਕੰਮ ਵਿਚ ਸਰਕਾਰ ਤੋਂ ਕਾਣੀ ਕੌਡੀ ਵੀ ਮਦਦ ਵਜੋਂ ਨਹੀਂ ਲਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵੱਲੋਂ ਦਿੱਤੀ ਇਹ ਸਲਾਹ ਮੰਨ ਲਈ ਕਿ ਨਾਭਾ ਦੇ ਸਕੂਲ ਵਿਚ ਇਨ੍ਹਾਂ ਕਮਰਿਆਂ ਦਾ ਉਦਘਾਟਨ ਹੋਣ ਵੇਲ਼ੇ, ਇਸ ਹਲਕੇ ਤੋਂ ਚੁਣੇ ਹੋਏ ਵਿਧਾਇਕ ਅਤੇ ਹੁਣ ਜੰਗਲਾਤ ਅਤੇ ਸਮਾਜ ਭਲਾਈ ਮੰਤਰੀ ਬਣ ਚੁੱਕੇ ਸਾਧੂ ਸਿੰਘ ਧਰਮਸ਼ੌਤ ਨੂੰ ਵੀ ਇਸ ਉਦਘਾਟਨੀ ਸਮਾਗਮ ਵਿਚ ਬੁਲਾਇਆ ਜਾਣਾ ਬਣਦਾ ਹੈ। ਇਸ ਤਰ੍ਹਾਂ ਇਸ ਮੰਤਰੀ ਨੂੰ ਇਸ ਸਮਾਗਮ ਵਿਚ 'ਵਿਸ਼ੇਸ਼ ਸਤਿਕਾਰਯੋਗ ਮਹਿਮਾਨ' ਵਜੋਂ ਸੱਦੇ ਜਾਣ ਦਾ ਫੈਸਲਾ ਕਰ ਲਿਆ ਗਿਆ। ਇਨ੍ਹਾਂ ਕਮਰਿਆਂ ਦਾ ਉਦਘਾਟਨ, ਮੰਤਰੀ ਜੀ ਦੀ ਹਾਜ਼ਰੀ ਵਿਚ ਪ੍ਰਬੰਧਕ ਪਰਿਵਾਰ ਵੱਲੋਂ ਮਿੱਥੇ ਹੋਏ ਕਿਸੇ ਕਿਸੇ ਵਿਅਕਤੀ ਨੇ ਕਰਨਾ ਸੀ। ਇਸ ਮੌਕੇ ਉੱਤੇ ਬੁਲਾਏ ਜਾਣ ਵਾਲ਼ੇ ਮਹਿਮਾਨਾਂ ਨੂੰ ਵੀ ਇਸ ਹਿਸਾਬ ਨਾਲ਼ ਹੀ ਛਾਪੇ ਹੋਏ ਸੱਦਾ ਪੱਤਰ ਭੇਜੇ ਗਏ ਸਨ।
ਉਦਘਾਟਨੀ ਰਸਮ ਨਿਭਾਈ ਜਾਣ ਨਮਿੱਤ ਜਿਹੜਾ ਪੱਥਰ ਲਗਾਇਆ ਜਾਣਾ ਸੀ, ਉਸ ਵਿਚ ਮੰਤਰੀ ਜੀ ਦਾ ਨਾਂ 'ਗੈਸਟ ਆਫ਼ ਆਨਰ' ਵਜੋਂ ਉੱਕਰਿਆ ਹੋਇਆ ਸੀ ਜਦੋਂ ਕਿ ਉਦਘਾਟਨ ਕਰਨ ਵਾਲ਼ੇ ਜੀਆਂ ਦੇ ਨਾਮ, ਮੰਤਰੀ ਜੀ ਦੇ ਨਾਮ ਤੋਂ ਪਹਿਲਾਂ ਅਤੇ ਉੱਪਰ ਉੱਕਰੇ ਹੋਏ ਸਨ। ਮੰਤਰੀ ਦੇ ਨਾਲ਼ ਆਏ ਉਸ ਦੇ 'ਕੜਛਿਆਂ' ਵਿਚੋਂ ਨੇ ਕਿਸੇ ਨੇ ਮੰਤਰੀ ਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਉਸ ਦਾ ਨਾਂ ਤਾਂ 'ਪੱਥਰ ਦੇ ਪੈਰਾਂ ਵਿਚ' ਉੱਕਰਿਆ ਹੋਇਆ ਹੈ ਅਤੇ 'ਇਹ (ਨੀਂਹ) ਪੱਥਰ ਟਿਕਾਉਣ ਵਾਲ਼ੇ' ਤਾਂ ਹੋਰ ਹੀ ਹਨ, ਜਿਨ੍ਹਾਂ ਦੇ ਨਾਂ ਵੀ ਪੱਥਰ ਦੇ ਸਿਖ਼ਰ ਉੱਕਰੇ ਹੋਏ ਹਨ। ਇਹ ਸੁਣਦਿਆਂ ਹੀ, ਕੰਨਾਂ ਦੇ ਕੱਚੇ ਦੱਸੇ ਜਾਂਦੇ ਇਸ ਮੰਤਰੀ ਨੂੰ ਤਾਂ 'ਨ੍ਹੇਰਨੀ' ਜਿਹੀ ਆ ਗਈ ਤੇ ਉਸ ਨੇ ਮੀਡੀਆ ਦੀ ਹਾਜ਼ਰੀ ਵਿਚ ਸਕੂਲ ਦੀ ਪਿੰ੍ਰਸੀਪਲ ਨੂੰ ਨਾ ਸਿਰਫ਼ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਸਗੋਂ ਉਸ ਨੂੰ ਇੱਥੋਂ ਤਕ ਕਹਿ ਦਿੱਤਾ, "ਤੈਨੂੰ ਪਤਾ ਪਈ ਮੁੱਖ ਮਹਿਮਾਨ ਕੌਣ ਹੁੰਦੈ! ਮੈਂ ਤੈਨੂੰ ਹੁਣੇ ਸਸਪੈਂਡ ਕਰ ਸਕਦਾਂ!!"
ਪ੍ਰਿੰਸੀਪਲ ਬਥੇਰਾ ਕਹਿੰਦੀ ਰਹੀ, ਕਿ ਇਸ ਸਮਾਗਮ ਨਾਲ਼ ਉਸ ਦਾ ਕੋਈ ਸਬੰਧ ਨਹੀਂ ਹੈ, ਇਹ ਤਾਂ ਇਮਾਰਤ ਬਣਾ ਕੇ ਦੇਣ ਵਾਲ਼ੇ ਲੋਕਾਂ ਦਾ ਨਿੱਜੀ ਸਮਾਗਮ ਹੈ। ਇਹ ਸਭ ਕੁੱਝ ਕਹਿਣ ਦੇ ਬਾਵਜੂਦ 'ਜੰਗਲਾਤ ਮੰਤਰੀ', ਜਿਸ ਦਾ ਸਿੱਖਿਆ ਨਾਲ਼ ਦੂਰ ਦਾ ਵੀ ਸਬੰਧ ਨਹੀਂ ਹੈ, ਪੂਰੀ ਤਰ੍ਹਾਂ 'ਜੰਗਲੀ' ਬਣਿਆ ਦਿਸਦਾ ਰਿਹਾ ਅਤੇ ਜੋ ਮੂੰਹ ਆਇਆ, ਬੋਲਦਾ ਗਿਆ। ਮੰਤਰੀ ਦੇ ਇਸ ਬੋਲ-ਬੁਰਾਲ਼ੇ ਵਿਚ, ਉਸ ਨੂੰ ਇਸ ਸਮਾਗਮ ਵਿਚ ਸ਼ਾਮਲ ਕਰਾਉਣ ਲਈ ਵਿਸ਼ੇਸ਼ ਭੁਮਿਕਾ ਨਿਭਾਉਣ ਵਾਲ਼ੇ ਕੁੱਝ ਸਰਕਾਰੀ ਅਧਿਕਾਰੀ ਵੀ ਉਸ ਸਕੂਲ ਦੀ ਪਿੰਸੀਪਲ ਨਾਲ਼, ਛੋਲਿਆਂ ਨਾਲ਼ ਘੁਣ ਵਾਂਗ ਰਗੜੇ ਗਏ।
ਮੰਤਰੀ ਜੀ ਆਪਣੇ ਆਪੇ ਤੋਂ ਇੰਨੇ ਬਾਹਰ ਹੋ ਚੁੱਕੇ ਸਨ ਕਿ ਉਨ੍ਹਾਂ ਨੇ ਪਿੰਸੀਪਲ ਤੋਂ ਕਮਰੇ ਉਸਾਰਨ ਵਿਚ ਹੋਏ ਖ਼ਰਚ ਦੇ ਵੇਰਵੇ ਮੰਗ ਕੇ ਇਹ ਵੀ ਕਹਿ ਦਿੱਤਾ ਕਿ ਰਕਮ ਜ਼ਿਆਦਾ ਹੈ ਤੇ ਕਮਰੇ ਘੱਟ ਬਣਾਏ ਗਏ ਹਨ, "ਇਸ ਵਿਚ ਹੇਰਾਫੇਰੀ ਕੀਤੀ ਗਈ ਹੈ"। ਇਸ ਤੋਂ ਬਾਅਦ ਜਦੋਂ ਮੀਡੀਆ ਨੇ ਕੈਮਰਿਆਂ ਦੀ ਹਾਜ਼ਰੀ ਵਿਚ, ਮੰਤਰੀ ਤੋਂ ਪਿੰ੍ਰਸੀਪਲ ਨੂੰ ਸਸਪੈਂਡ ਕਰਨ ਸਬੰਧੀ ਧਮਕੀ ਦੇਣ ਬਾਰੇ ਸੁਆਲ ਪੁੱਛੇ ਤਾਂ ਮੰਤਰੀ ਜੀ ਇਹੋ ਜਿਹੀ ਕੋਈ ਧਮਕੀ ਦਿੱਤੀ ਹੋਣ ਤੋਂ ਸਾਫ ਹੀ ਮੁੱਕਰ ਗਏ। ਇੱਥੇ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਮੰਤਰੀ ਵੱਲੋਂ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਧਮਕੀ ਦੇਣ ਵੇਲ਼ੇ ਦੀ ਤੇ ਇਸ ਤੋਂ ਮੁੱਕਰ ਜਾਣ ਵੇਲ਼ੇ ਦੀ, ਦੋਵੇਂ ਵਿਡੀਓਜ਼ ਸੋਸ਼ਲ ਮੀਡੀਆ ਉੱਤੇ ਮੌਜੂਦ ਹਨ। ਮੁੱਕਦੀ ਗੱਲ ਇਹ ਕਿ ਇਸ ਮੰਤਰੀ ਨੇ ਇਸ ਸਮਾਗਮ ਵਿਚ ਕਾਣੀ ਕੌਡੀ ਖ਼ਰਚਣ ਤੋਂ ਵੀ ਬਗ਼ੈਰ ਮਿਲਦਾ ਮਾਣ ਹਾਸਲ ਕਰਨ ਦੀ ਥਾਂ, 'ਤੰਦ ਨਾ ਤਾਣੀ ਜੁਲਾਹੇ ਨਾਲ਼ ਡਾਂਗੋ-ਡਾਂਗੀ' ਵਾਲ਼ੀ ਹਾਲਤ ਪੈਦਾ ਕਰ ਦਿੱਤੀ। ਸਾਧੂ ਸਿੰਘ ਧਰਮਸ਼ੌਤ ਵੱਲੋਂ ਇਸ ਤਰ੍ਹਾਂ ਦਾ ਫੋਕੀ ਚੌਧਰ ਦਾ ਮੁਜ਼ਾਹਰਾ ਕਰਨਾ ਇਹ ਸਾਬਤ ਕਰਦਾ ਹੈ ਕਿ ਕੈਪਟਨ ਦੀ 'ਚਿੱਟੀ ਸਰਕਾਰ' ਦੇ ਮੰਤਰੀ ਅਤੇ ਵਿਧਾਇਕ ਵੀ ਇਸ ਤੋਂ ਪਹਿਲੀ 'ਨੀਲੀ ਸਰਕਾਰ' ਦੇ ਮੰਤਰੀਆਂ ਅਤੇ ਵਿਧਾਇਕਾਂ ਵਰਗੇ ਹੀ ਹਨ।
ਇਹ ਸਤਰਾਂ ਪੜ੍ਹਦੇ ਲੋਕ ਬਹੁਤ ਹੀ ਅਸਾਨੀ ਨਾਲ਼ ਇਹ ਕਹਿ ਸਕਦੇ ਹਨ ਕਿ ਕੈਪਟਨ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਾਧੂ ਸਿੰਘ ਧਰਮਸ਼ੌਤ ਦੇ ਨਾਲ਼ ਹੀ ਨਰੜਿਆ ਜਾਣਾ ਜਾਇਜ਼ ਨਹੀਂ ਹੈ ਕਿਉਂ ਕਿ ਇਕ ਮੰਤਰੀ ਨਾਲ਼ ਹੀ ਸਾਰੀ ਸਰਕਾਰ ਮਾੜੀ ਹੋ ਗਈ ਨਹੀਂ ਕਹੀ ਜਾ ਸਕਦੀ। ਮੇਰੀ ਪਾਠਕਾਂ ਵਾਲ਼ੀ ਸਰਕਾਰ ਵੱਲੋਂ ਇਹ ਇਤਰਾਜ਼ ਕੀਤੇ ਜਾਣ ਤੋਂ ਪਹਿਲਾਂ ਹੀ ਅਸੀਂ ਇਸ ਇਤਰਾਜ਼ ਦਾ ਜੁਆਬ ਦੇਣ ਖ਼ਾਤਰ ਆਪਣੇ ਇਸ ਲੇਖ ਨੂੰ ਅੱਗੇ ਵਧਾਉਂਦੇ ਹਾਂ।
ਤਲਵੰਡੀ ਸਾਬੋ ਵਿਚ ਵਿਸਾਖੀ ਦੇ ਮੇਲੇ ਵਿਚ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣ ਗਏ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੂੰ ਪੁਲੀਸ ਮੁਲਾਜ਼ਮਾਂ ਨੇ ਅੰਦਰ ਜਾਣ ਤੋਂ ਰੋਕ ਲਿਆ ਤਾਂ ਇਕ ਪੱਤਰਕਾਰ ਨੇ ਇਸ ਮੌਕੇ ਦੀ ਫੋਟੋ ਖਿੱਚ ਲਈ। ਮੋਫਰ ਦੇ ਨਾਲ਼ ਆਏ ਉਨ੍ਹਾਂ ਦੇ ਲਠੈਤਾਂ ਨੇ ਉਸ ਪੱਤਰਕਾਰ ਨੂੰ ਧਮਕੀ ਦਿੱਤੀ ਕਿ ਜੇ ਇਹ ਫੋਟੋ ਕਿਸੇ ਅਖ਼ਬਾਰ ਵਿਚ ਛਪੀ ਤਾਂ ਉਹ (ਲਠੈਤ), ਉਸ (ਪੱਤਰਕਾਰ) ਨੂੰ ਉਸ ਦੇ ਘਰੋਂ ਚੁੱਕ-ਲਿਜਾ ਕੇ ਉਸ ਦੀ ਭੁਗਤ ਸੁਆਰਨਗੇ। ਇਹ ਸਭ ਕੁੱਝ ਉਦੋਂ ਹੋਇਆ ਜਦੋਂ ਇਕ ਸਾਬਕਾ ਵਿਧਾਇਕ ਨੂੰ ਪੁਲੀਸ ਨੇ ਸਮਾਗਮ ਵਿਚ ਵੜਨ ਨਾ ਦਿੱਤਾ ਤੇ ਪੱਤਰਕਾਰ ਨੇ ਫੋਟੋ ਖਿੱਚ ਲਈ। ਸਾਬਕਾ ਵਿਧਾਇਕ ਦੇ ਲਠੈਤ, ਪੁਲੀਸ ਦਾ ਤਾਂ ਕੁੱਝ ਵਿਗਾੜ ਨਾ ਸਕੇ, ਪਰ ਉਨ੍ਹਾਂ ਆਪਣਾ ਗੁੱਸਾ ਪੱਤਰਕਾਰ ਨੂੰ ਧਮਕੀ ਦੇ ਕੇ ਕੱਢ ਦਿੱਤਾ। ਇੱਥੋਂ ਵੀ ਸਿੱਧ ਹੋ ਜਾਂਦਾ ਹੈ ਕਿ ਪੰਜਾਬ ਵਿਚ ਨਵੀਂ ਸਰਕਾਰ ਆਉਣ ਨਾਲ਼ ਕੀ ਕੁੱਝ ਬਦਲਿਆ ਹੈ ਜਾਂ ਕੁੱਝ ਬਦਲਿਆ ਵੀ ਹੈ ਜਾਂ ਨਹੀਂ!
ਲੇਖ ਭਾਵੇਂ ਲੰਬਾ ਹੋਈ ਜਾ ਰਿਹਾ ਹੈ, ਪਰ ਜੇ ਇਸ ਸਬੰਧ ਵਿਚ ਇਕ ਹੋਰ ਘਟਨਾ ਦਾ ਜ਼ਿਕਰ ਨਾ ਕੀਤਾ ਗਿਆ ਤਾਂ ਇਹ ਲੇਖ ਮੁਕੰਮਲ ਨਹੀਂ ਹੋਣਾ। ਭਾਵੇਂ ਕੈਪਟਨ ਅਮਰਿੰਦਰ ਸਿੰਘ 'ਵੀ. ਆਈ. ਪੀ. ਕਲਚਰ' ਯਾਨੀ 'ਵੱਡੇ ਆਦਮੀਆਂ ਦੀ ਚੌਧਰ ਜਾਂ ਹੈਂਕੜ ਦਾ ਰਿਵਾਜ' ਖ਼ਤਮ ਕਰਨ ਦੇ ਲੱਖ ਦਾਅਵੇ ਕਰੀ ਜਾਣ, ਅੰਦਰਖ਼ਾਤੇ ਉਹ ਇਹ ਚੌਧਰ ਜਾਰੀ ਰੱਖਣਗੇ। ਇਸ ਦਾ ਵੱਡਾ ਸਬੂਤ ਵਿਸਾਖੀ ਨੂੰ ਹੀ ਚੋਹਲਾ ਸਾਹਿਬ ਵਿਖੇ, ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਖੁੱਲ੍ਹੇਆਮ ਪੁਲੀਸ ਨੂੰ ਧਮਕੀ ਦਿੱਤੀ ਹੈ ਕਿ ਥਾਣੇ ਆਇਆ ਕੋਈ ਵੀ ਕਾਂਗਰਸੀ ਵਰਕਰ ਉੱਥੋਂ ਨਿਰਾਸ਼ ਮੁੜਿਆ ਤਾਂ ਉਹ 'ਆਪਣੀ ਗੱਡੀ ਵਿਚ ਸਵਾਰ ਹੋ ਕੇ ਸਿੱਧੇ ਹੀ ਥਾਣੇ ਆਉਣਗੇ ਤੇ ਆ ਕੇ ਪੁਲੀਸ ਮੁਲਾਜ਼ਮਾਂ ਨੂੰ ਲੰਮੇ ਪਾਉਣਗੇ।' ਸਿੱਕੀ ਨੇ ਇਹ ਧਮਕੀ, ਉਸ ਸਮਾਗਮ ਵਿਚ ਹਾਜ਼ਰ ਕਈ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੀ ਨਹੀਂ, ਉਨ੍ਹਾਂ ਨੂੰ ਸੁਣਾ ਕੇ ਵੀ ਦਿੱਤੀ। ਉਨ੍ਹਾਂ ਨੇ ਕਿਹਾ, "ਡੀ. ਐੱਸ. ਪੀ. ਸਾਹਬ, ਆਪਣੇ ਐੱਸ. ਐੱਚ. ਓ.(ਆਂ) ਨੂੰ ਕਹਿ ਦਿਓ ਕਿ ਮੇਰਾ ਕੋਈ ਵੀ ਸਾਥੀ ਥਾਣੇ 'ਚੋਂ ਨਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ। ਜੇ ਮੇਰਾ ਕੋਈ ਸਾਥੀ ਨਰਾਜ਼ ਹੋ ਕੇ ਗਿਆ ਤੇ ਗੱਡੀ ਲੈ ਕੇ ਮੈਂ ਥਾਣੇ ਪਹੁੰਚਣੈ ਤੇ ਇਹ ਨਾ ਹੋਵੇ ਕਿ ਲੰਮੇ ਜਿਨ੍ਹਾਂ ਨੂੰ ਪਾਉਣੈ, ਉਨ੍ਹਾਂ ਦੀ ਥਾਂ ਆਪਣਾ ਈ ਨੰਬਰ ਨਾ ਲੱਗ ਜੇ।"
ਮੰਤਰੀਆਂ ਜਾਂ ਵਿਧਾਇਕਾਂ ਦੇ ਇਹੋ ਜਿਹੇ ਬਿਆਨ ਅਤੇ ਕਾਰਨਾਮੇਂ ਤੇ ਉਹ ਵੀ ਖੁੱਲ਼ੇਆਮ! ਇਸ ਸਭ ਕੁੱਝ ਤੋਂ ਕੀ ਸੰਕੇਤ ਜਾਂ ਇਸ਼ਾਰੇ ਮਿਲਦੇ ਹਨ, ਕਿਸੇ ਤੋਂ ਕੁੱਝ ਵੀ ਗੁੱਝਾ ਨਹੀਂ ਹੈ। ਇਸ ਵੇਲ਼ੇ ਤਾਂ ਏਦਾਂ ਹੀ ਲੱਗਦਾ ਹੈ ਕਿ ਜੇ 'ਪਟਿਆਲੇ ਦੇ ਮਹਾਰਾਜੇ' ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਇਹ 'ਪਟਿਆਲ਼ੇਸ਼ਾਹੀਆਂ' ਨਾ ਰੁਕੀਆਂ ਤਾਂ ਉਨ੍ਹਾਂ ਦੀ ਸਰਕਾਰ ਦਾ ਸ਼ਾਇਦ ਰੱਬ ਵੀ ਰਾਖਾ ਨਾ ਹੋਵੇ।#

