'ਤਾਸ਼ ਦਾ ਬਾਦਸ਼ਾਹ' ਹੀ ਬਣਾ ਧਰਿਐ
'ਪਟਿਆਲੇ ਦਾ ਮਹਾਰਾਜਾ'
ਪੰਜਾਬ ਵਿਚ ਕਾਂਗਰਸ ਦਾ ਰਾਜ ਕੀ ਆਇਆ, ਕਾਂਗਰਸੀ ਮੰਤਰੀ ਅਤੇ ਵਿਧਾਇਕ ਦਸ ਸਾਲ ਸੱਤਾ ਤੋਂ ਦੂਰ ਰਹਿਣ ਦੀ 'ਲੇਟ' ਕੱਢਦੇ ਹੀ ਨਜ਼ਰ ਆਉਣ ਲੱਗੇ ਹਨ। ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਹਰਕਤਾਂ ਦੇਖ ਕੇ ਏਦਾਂ ਹੀ ਲੱਗਦਾ ਹੈ ਕਿ ਸੱਤਾ ਦੇ ਸੁੱਖਾਂ ਤੋਂ ਦੂਰ ਰਹੇ ਕਾਂਗਰਸੀ ਆਗੂ, ਇਨ੍ਹਾਂ ਸੁੱਖਾਂ ਲਈ ਹਾਬੜੇ ਹੀ ਪਏ ਹਨ। ਲੱਗਦਾ ਏਦਾਂ ਵੀ ਹੈ ਕਿ ਇਨ੍ਹਾਂ ਨੂੰ ਸਾਲ ਕੁ ਭਰ ਤਾਂ, ਸੱਤਾ ਤੋਂ ਦੂਰ ਰਹਿਣ ਦੀ ਆਪਣੀ 'ਭਾਨ' ਯਾਨੀ 'ਹੈਂਗ ਓਵਰ' ਖ਼ਤਮ ਕਰ ਦਿਆਂ ਲੰਘ ਜਾਣਾ ਹੈ ਤੇ ਹੋਰ ਸਾਲ-ਛੇ ਮਹੀਨੇ ਆਪਣੀਆਂ ਕਿੜਾਂ ਕੱਢਣ ਵਿਚ ਲੰਘ ਜਾਣਗੇ। ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ, ਸਾਬਕਾ ਸਰਕਾਰ ਵੱਲੋਂ ਖ਼ਜ਼ਾਨਾ ਖਾਲੀ ਕਰ ਸੁੱਟਣ ਅਤੇ ਸਾਬਕਾ ਸਰਕਾਰ ਵੱਲੋਂ ਕਈ ਘਪਲੇ ਕਰਨ ਦੀਆਂ ਟਾਹਰਾਂ ਮਾਰੀ ਜਾ ਰਹੇ ਹਨ ਜਦੋਂ ਕਿ ਲੋਕ ਇਹ ਚਾਹੁੰਦੇ ਹਨ ਕਿ ਹੁਣ 'ਮਹਾਰਾਜੇ ਦੀ ਸਰਕਾਰ' ਸਾਬਕਾ ਸਰਕਾਰ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰੇ ਤੇ ਉਸ ਸਰਕਾਰ ਦੇ ਮੰਤਰੀਆਂ ਦੇ ਨਮਦੇ ਕੱਸੇ।
ਕੋਈ ਕਿੰਨਾ ਵੀ 'ਤੀਹਮਾਰ ਖ਼ਾਂ' ਹੋਵੇ, ਦਸ ਸਾਲ ਵਿਹਲਾ ਬਹਿ ਰਹਿਣ ਮਗਰੋਂ ਨਿਕੰਮਾ ਹੀ ਹੋ ਜਾਂਦਾ ਹੈ। ਐਵੇਂ ਤਾਂ ਨਹੀਂ ਸਿਆਣੇ ਕਹਿ ਗਏ, "ਕਰਤ-ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ!" ਇਸ ਦਾ ਅਰਥ ਇਹੋ ਹੀ ਨਹੀਂ ਕਿ 'ਅਭਿਆਸ ਕਰਨ ਨਾਲ਼ ਮੂਰਖ਼ ਵੀ ਸਿਆਣਾ ਹੋ ਜਾਂਦਾ ਹੈ' ਸਗੋਂ ਇਹ ਵੀ ਹੈ ਕਿ 'ਅਭਿਆਸ ਛੁੱਟ ਜਾਵੇ ਤਾਂ ਸਿਆਣਾ ਬੰਦਾ ਵੀ ਮੂਰਖ਼' ਹੋ ਜਾਂਦਾ ਹੈ। ਦਸ ਸਾਲ ਸਿਆਸੀ ਮੁਹਾਰਤ ਦੇ ਅਭਿਆਸ ਤੋਂ ਵਾਂਝੇ ਰਹੇ ਅਤੇ ਖੁੱਡੇ-ਲੈਨ ਲੱਗੇ ਰਹੇ ਕਾਂਗਰਸੀ, ਇਕੋ ਦਮ ਸਿਆਸਤ ਦੀ ਗੱਡੀ ਪੰਜਵੇਂ ਗੇਅਰ ਵਿਚ ਨਹੀਂ ਪਾ ਸਕਣਗੇ। ਕੈਪਟਨ ਅਮਰਿੰਦਰ ਸਿੰਘ ਲੱਖ ਕਹੀ ਜਾਣ ਕਿ ਉਹ 'ਲਾਲ ਬੱਤੀ ਕਲਚਰ ਖ਼ਤਮ ਕਰ ਕੇ ਹੀ ਸਾਹ ਲੈਣਗੇ', 'ਥਾਣਿਆਂ-ਕਚਹਿਰੀਆਂ ਵਿਚ ਚੌਧਰ' ਯਾਨੀ 'ਵੀ. ਆਈ. ਪੀ. ਕਲਚਰ' ਨਹੀਂ ਚੱਲਣ ਦੇਣਗੇ ਅਤੇ 'ਸਰਕਾਰੀ ਸਾਧਨਾਂ' (ਹੈਲੀਕਾਪਟਰਜ਼ ਆਦਿ) ਦੀ ਵਰਤੋਂ ਜਾਇਜ਼ ਢੰਗ ਨਾਲ਼ ਹੀ ਕਰਨ ਦੇਣਗੇ, ਪਰ ਹਕੀਕਤ ਵਿਚ ਇਹ ਸਭ ਕੁੱਝ ਇਸੇ ਤਰ੍ਹਾਂ ਨਹੀਂ ਹੋ ਰਿਹਾ।
ਹਾਲ ਹੀ ਵਿਚ ਗਿੱਦੜਬਾਹਾ ਤੋਂ ਇਕ ਮੁੱਖ ਪੰਜਾਬੀ ਅਖ਼ਬਾਰ ਦੇ ਨੁਮਾਇੰਦੇ ਸ਼ਿਵਰਾਜ ਸਿੰਘ ਰਾਜੂ ਨੂੰ ਕੁੱਟ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਵਿਧਾਇਕ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਦੇ ਨਿੱਜੀ ਸਕੱਤਰ ਕਹਾਉਂਦੇ ਜਸਪ੍ਰੀਤ ਭਲਾਈਆਣਾ ਅਤੇ ਗਿੱਦੜਬਾਹਾ ਟਰੱਕ ਯੂਨੀਅਨ ਦਾ ਪ੍ਰਧਾਨ ਚਰਨਜੀਤ ਸਿੰਘ ਢਿੱਲ਼ੋਂ ਸਮੇਤ ੧੫ ਜਣਿਆਂ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਇਹ ਵਾਰਦਾਤ ੧੫ ਅਪ੍ਰੈਲ ਦੀ ਹੈ, ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਹੁੰ ਚੁੱਕਣ ਲਈ ਕਰਾਏ ਸਮਾਗਮ ਨਾਲ਼ ਉੱਡੀ ਧੂੜ ਅਜੇ ਬੈਠੀ ਹੀ ਸੀ।
ਇਸ ਘਟਨਾ ਦੇ ਚਸ਼ਮਦੀਦ ਗਵਾਹਾਂ ਦਾ ਕਹਿਣ ਹੈ ਕਿ ਮੁਲਜ਼ਮ ਧੱਕੇ ਨਾਲ਼ ਪੱਤਰਕਾਰ ਦੇ ਦਫ਼ਤਰ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ। ਕਈ ਅਖ਼ਬਾਰਾਂ ਦੇ ਨੁਮਾਇੰਦਿਆਂ ਨੇ ਇਹ ਹਮਲਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਮੁਕਤਸਰ ਵਿਚ ਇਕ ਮੁਜ਼ਾਹਰਾ ਵੀ ਕੀਤਾ ਸੀ।ਕਹਿੰਦੇ ਨੇ ਕੁੱਝ ਸਮਾਂ ਪਹਿਲਾਂ ਪੱਤਰਕਾਰ ਰਾਜੂ ਨੇ ਆਪਣੇ ਅਖ਼ਬਾਰ ਵਿਚ ਇਕ ਇਹੋ ਜਿਹੀ ਖ਼ਬਰ ਛਪਾਈ ਸੀ, ਜੋ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਗਿੱਟੀਂ ਵੱਜੀ ਸੀ। ਉੁਹ, ਉਸ ਖ਼ਬਰ ਦੇ ਛਪਣ ਤੋਂ ਹੀ ਰਾਜੂ ਨੂੰ 'ਸਿੱਧਾ ਕਰਨ' ਦੀਆਂ ਧਮਕੀਆਂ ਦੇਈ ਜਾਂਦਾ ਸੀ। ਰਾਜੂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਸੀ। ਉਸ ਨੇ ਦੋਸ਼ ਲਾਇਆ ਹੋਇਆ ਹੈ ਕਿ ਉਸ ਉੱਪਰ ਹਮਲਾ, ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲ਼ੋਂ ਦੀ ਸ਼ਹਿ 'ਤੇ ਕੀਤਾ ਗਿਆ ਸੀ ਤੇ ਹਮਲਾਵਰਾਂ ਨੇ ਉਸ ਨੂੰ ਪਿਸ਼ਾਬ ਰਲ਼ੀ ਸ਼ਰਾਬ ਪੀਣ ਲਈ ਵੀ ਮਜਬੂਰ ਕੀਤਾ ਸੀ ਤੇ ਉਸ ਤੋਂ ਨੱਕ ਨਾਲ਼ ਲਕੀਰਾਂ ਵੀ ਕਢਾਈਆਂ ਸਨ। ਦੱਸਿਆ ਜਾਂਦਾ ਹੈ ਕਿ ਮੁਲਜ਼ਮਾਂ ਨੇ ਇਸ ਵਾਰਦਾਤ ਦੀ ਵਿਡੀਓ ਫ਼ਿਲਮ ਵੀ ਬਣਾਈ ਹੋਈ ਹੈ। ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।
ਦੂਜੇ ਪਾਸੇ ਢਿੱਲ਼ੋਂ ਦਾ ਕਹਿਣ ਹੈ ਕਿ ਉਹ, ਨਾ ਤਾਂ ਰਾਜੂ ਦੀ ਦੁਕਾਨ/ਦਫ਼ਤਰ ਅੰਦਰ ਗਿਆ ਸੀ, ਨਾ ਹੀ ਉਹ, ਉਸ ਨੂੰ ਕੁੱਟਣ ਵਾਲ਼ਿਆਂ ਵਿਚ ਸ਼ਾਮਲ ਸੀ। ਉਸ ਦੇ ਕਹਿਣ ਮੁਤਾਬਕ ਰਾਜੂ ਤਾਂ ਸ਼ਰਾਬੀ-ਕਬਾਬੀ ਹੈ ਤੇ ਸ਼ਰਾਬੀ ਹੋਇਆ ਹੀ ਕਿਤੇ ਡਿੱਗ ਕੇ ਸੱਟਾਂ ਲੁਆ ਬੈਠਾ ਹੋਵੇਗਾ। ਇਸ ਦੌਰਾਨ ਹੀ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਨੇ ਇਹ ਕਿਹਾ ਕਿ ਉਹ ਤਾਂ ਪਿਛਲੇ ਦਸਾਂ ਦਿਨਾਂ ਤੋਂ ਦਿੱਲੀ ਵਿਚ ਨਗਰ ਨਿਗਮ ਦੀਆਂ ਚੋਣਾਂ ਦੇ ਸਬੰਧ ਵਿਚ ਆਪਣੀ ਪਾਰਟੀ ਦਾ ਪ੍ਰਚਾਰ ਕਰਦਾ ਸੀ।
ਇਸ ਦੌਰਾਨ ਹੀ ਕੁੱਝ ਮੰਤਰੀਆਂ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਦਾ ਮਾਮਲਾ, ਮੁੱਖ ਮੰਤਰੀ ਵੱਲੋਂ ਕੀਤੇ ਹੋਏ, 'ਵੀ ਆਈ ਪੀ ਕਲਚਰ' ਯਾਨੀ 'ਸਿਆਸੀ ਚੌਧਰ ਚਲਾਉਣ ਦੇ ਰਿਵਾਜ' ਦੇ ਖਾਤਮੇ ਦੇ ਐਲਾਨ ਦੀਆਂ ਧੱਜੀਆਂ ਉਡਾਈ ਜਾ ਰਿਹਾ ਹੈ। ਏਦਾਂ ਲੱਗਦਾ ਹੈ ਜਿੱਦਾਂ ਇਹ ਹੈਲੀਕਾਪਟਰ ਨਾ ਹੋਇਆ, ਜ਼ਬਤ ਕਰ ਕੇ ਕਿਸੇ ਥਾਣੇ ਵਿਚ ਲਿਆ ਖੜ੍ਹਾ ਕੀਤਾ ਹੋਇਆ ਮੋਟਰ ਸਾਈਕਲ ਹੀ ਹੋਇਆ, ਪਈ ਮੁਨਸ਼ੀ ਆਇਆ, ਉਹ ਲੈ ਗਿਆ ਅਤੇ ਥਾਣੇਦਾਰ ਆਇਆ, ਉਹ ਚੱਡਿਆਂ ਵਿਚ ਫਸਾ ਕੇ ਤੁਰਦਾ ਬਣਿਆ।
ਪਹਿਲਾਂ ਤਾਂ ਵਿਸਾਖੀ ਦੇ ਮੌਕੇ 'ਤੇ ਤਲਵੰਡੀ ਸਾਬੋ ਜਾਣ ਖ਼ਾਤਰ ਦੋ ਕਾਂਗਰਸੀ ਆਗੂਆਂ ਨੇ ਹੈਲੀਕਾਪਟਰ ਦੀ ਸਵਾਰੀ ਕੀਤੀ। ਇਸ ਸਬੰਧ ਵਿਚ ਪੰਜਾਬ ਦੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਤਰ੍ਹਾਂ ਹੈਲੀਕਾਪਟਰ ਦੀ ਵਰਤੋਂ ਕਰਨਾ ਕੋਈ 'ਵੀ ਆਈ ਪੀ ਕਲਚਰ' ਦਾ ਦਿਖਾਵਾ ਨਹੀਂ ਹੈ, ਸਗੋਂ ਇਹ ਤਾਂ ਮੌਕੇ ਦੀ ਲੋੜ ਸੀ। ਹਕੀਕਤ ਇਹ ਹੈ ਕਿ ਕਾਂਗਰਸੀ ਵਿਧਾਇਕ ਅਤੇ ਮੰਤਰੀ, ਉਨ੍ਹਾਂ ਦੀਆਂ ਕਾਰਾਂ ਲਾਲ ਬੱਤੀਆਂ ਤੋਂ ਵਾਂਝੀਆਂ ਕਰਨ ਦੇ ਫੈਸਲੇ ਤੋਂ ਦੁਖੀ ਹਨ। ਉਨ੍ਹਾਂ ਨੂੰ ਦਸ ਸਾਲਾਂ ਬਾਅਦ ਰਾਜ ਗੱਦੀ ਦਾ ਸੁੱਖ ਚੱਜ ਨਾਲ਼ ਨਾ ਭੋਗਣ ਦੇਣ ਦਾ ਦੁੱਖ ਹੈ। ਸਭ ਤੋਂ ਪਹਿਲਾਂ ਇਸ ਫੈਸਲੇ ਦਾ ਵਿਰੋਧ ਵੀ ਰਾਣਾ ਗੁਰਜੀਤ ਸਿੰਘ ਨੇ ਹੀ ਕੀਤਾ ਸੀ। ਬਾਅਦ ਵਿਚ ਉਨ੍ਹਾਂ ਨੇ ਹੀ ਇਹ ਵਿਰੋਧੀ ਸੁਰ ਦਬਾਉਣ ਵਿਚ ਵੀ ਪਹਿਲ ਕੀਤੀ ਸੀ। ਇਸ ਦੇ ਨਾਲ਼ ਹੀ ਪੰਜਾਬ ਸਰਕਾਰ, ਇਨ੍ਹਾਂ ਫੈਸਲਿਆਂ ਦੀਆਂ ਧੱਜੀਆਂ ਉੱਡਣ ਦੇ ਸਬੰਧ ਵਿਚ, ਵਿਰੋਧੀ ਧਿਰ ਦੀ ਮਾਰ ਹੇਠ ਵੀ ਆਈ ਹੋਈ ਹੈ। ਇਸੇ ਹੀ ਦਬਾਅ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਪੱਤਰਕਾਰ ਰਾਜੂ ਨੂੰ ਕੁੱਟਣ ਦੇ ਮਾਮਲੇ ਦਾ ਨਿਤਾਰਾ ਕਿਸੇ ਸਿਆਸੀ ਦਬਾਅ ਹੇਠ ਆਏ ਬਗ਼ੈਰ ਕੀਤਾ ਜਾਵੇ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਪ੍ਰਸ਼ਾਸਨ ਦੇ ਮਾਮਲੇ ਵਿਚ ਕਿਸੇ ਕਿਸਮ ਦਾ ਸਿਆਸੀ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਹਰ ਮਾਮਲੇ ਵਿਚ ਬਣਦਾ ਇਨਸਾਫ਼ ਹੀ ਕੀਤਾ ਜਾਵੇਗਾ।
ਆਪਣੀ ਮਰਜ਼ੀ ਮੁਤਾਬਕ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਨ ਲਈ ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੇ ਕਈ ਚੋਰ-ਮੋਰੀਆਂ ਲੱਭ ਲਈਆਂ ਹੋਈਆਂ ਹਨ। ਵਿਸਾਖੀ ਦੇ ਮੌਕੇ ਤਲਵੰਡੀ ਸਾਬੋ ਜਾਣ ਲਈ ਹੈਲੀਕਾਪਟਰ ਦੀ ਵਰਤੋਂ, ਸਿਆਸੀ ਚੌਧਰ ਖ਼ਤਮ ਕਰਨ ਸਬੰਧੀ ਸਭ ਤੋਂ ਉੱਚਾ ਝੰਡਾ ਚੁੱਕੀ ਫਿਰਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੀ ਕੀਤੀ ਸੀ। ਹੁਣ ਮਈ ਦੇ ਪਹਿਲੇ ਹਫ਼ਤੇ, ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਹੈਲੀਕਾਪਟਰ ਵਿਚ ਬਹਿ ਕੇ ਅੰਮ੍ਰਿਤਸਰ ਦਾ ਗੇੜਾ ਮਾਰ ਆਈ ਹੈ। ਉਸ ਨੇ ਵੀ ਇਸ ਗੇੜੇ ਲਈ ਹੈਲੀਕਾਪਟਰ ਲੈਣ ਖ਼ਾਤਰ 'ਹੰਗਾਮੀ ਹਾਲਤ ਵਿਚ ਜਾਣ' ਦਾ ਗੇੜ ਕੀਤਾ ਸੀ। 'ਹੰਗਾਮੀ ਹਾਲਤ ਵਿਚ ਜਾਣ' ਲਈ ਮੰਗੇ ਹੋਏ ਹੈਲੀਕਾਪਟਰ ਵਿਚ ਰਜ਼ੀਆ ਸੁਲਤਾਨਾ ਆਪਣੇ ਗਭਰੂ ਪੁੱਤਰ ਅਕੀਲ ਨੂੰ ਵੀ ਝੂਟੇ ਦੇਣੇ ਨਹੀਂ ਭੁੱਲੀ।'ਕੁੱਝ ਜ਼ਰੂਰੀ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ' ਅੰਮ੍ਰਿਤਸਰ ਜਾਂਦਿਆਂ ਹੈਲੀਕਾਪਟਰ ਵਿਚ ਖਿੱਚੀਆਂ ਗਈਆਂ 'ਰਜ਼ੀਆ ਸੁਲਤਾਨਾ ਐਂਡ ਪਾਰਟੀ' ਦੀਆਂ ਤਸਵੀਰਾਂ, 'ਮਾਲੇਰਕੋਟਲਾ ਕਾਂਗਰਸ' ਨੇ 'ਫੇਸਬੁੱਕ' ਉੱਤੇ ਨਸ਼ਰ ਕੀਤੀਆਂ ਹੋਈਆਂ ਹਨ। ਉੱਥੇ ਇਨ੍ਹਾਂ ਤਸਵੀਰਾਂ ਦਾ ਵੇਰਵਾ ਕੁੱਝ ਇਸ ਤਰ੍ਹਾਂ ਹੈ: "ਅੰਮ੍ਰਿਤਸਰ ਅਤੇ ਤਰਨ ਤਾਰਨ ਦਾ ਇਕ ਦਿਨਾ ਦੌਰਾ ਕਰਨ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਹੈਲੀਕਾਪਟਰ ਵਿਚ ਸਵਾਰੀ ਕਰ ਰਹੇ ਪੀ ਡਬਲਯੂ ਡੀ ਮੰਤਰੀ ਰਜ਼ੀਆ ਸੁਲਤਾਨਾ। ਉਨ੍ਹਾਂ ਦਾ ਪੁੱਤਰ ਅਕੀਲ ਅਤੇ ਸਿਆਸੀ ਸਲਾਹਕਾਰ ਖ਼ੁਰਸ਼ੀਦ ਜੰਗ ਵੀ ਉਨ੍ਹਾਂ ਦੇ ਨਾਲ਼ ਹੀ ਬੈਠੇ ਹਨ।"
ਇਕ ਹੋਰ ਤਸਵੀਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਮੇਜਰ ਅਮਰਦੀਪ ਸਿੰਘ ਵੀ ਹੈਲੀਕਾਪਟਰ ਵਿਚ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਨਾਲ਼ ਬੈਠੇ ਦਿਸਦੇ ਹਨ। ਇਸ ਪੰਜ ਸੀਟਰ ਹੈਲੀਕਾਪਟਰ ਵਿਚ ਇਕ ਹੋਰ ਅਹਿਮ ਸ਼ਖ਼ਸੀਅਤ ਵੀ ਸਵਾਰ ਸੀ, ਪਰ ਉਸ ਦਾ ਚਿਹਰਾ ਇਨ੍ਹਾਂ ਤਸਵੀਰਾਂ ਵਿਚ ਨਹੀਂ ਦਿਸਿਆ। ਇਸ 'ਹੈਲੀਕਾਪਟਰਾਨਾ ਦੌਰੇ' ਦੇ ਸਬੰਧ ਵਿਚ ਪੁੱਛੇ ਜਾਣ 'ਤੇ ਰਜ਼ੀਆ ਸੁਲਤਾਨਾ ਨੇ ਇਹੋ ਕਿਹਾ, "ਮੈਂ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਕੁੱਝ 'ਬਹੁਤ ਹੀ ਅਹਿਮ ਮੀਟਿੰਗਾਂ' ਵਿਚ ਸ਼ਾਮਲ ਹੋਣਾ ਸੀ, ਜਿਸ ਖ਼ਾਤਰ ਮੁੱਖ ਮੰਤਰੀ ਨੇ ਮੈਨੂੰ ਹੈਲੀਕਾਪਟਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ, ਪੂਰੀ ਤਰ੍ਹਾਂ ਇਕ ਸਰਕਾਰੀ ਦੌਰਾ ਹੈ।"
ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ, ਇਸ 'ਸਰਕਾਰੀ ਦੌਰੇ' ਵਿਚ ਉਨ੍ਹਾਂ ਦੇ 'ਗ਼ੈਰਸਰਕਾਰੀ ਪੁੱਤਰ' ਦੇ ਸ਼ਾਮਲ ਹੋਣ ਦਾ ਕੀ ਅਰਥ ਹੈ ਅਤੇ ਇਸ ਮੀਟਿੰਗ ਦੇ 'ਹੰਗਾਮੀ' ਹੋਣ ਦੀ ਕੀ ਵਜ੍ਹਾ ਹੈ ਤਾਂ ਉਨ੍ਹਾਂ ਨੇ ਇਨ੍ਹਾਂ ਸੁਆਲਾਂ ਦੇ ਜੁਆਬ ਦੇਣੇ ਜ਼ਰੂਰੀ ਨਾ ਸਮਝੇ। ਇਸ ਦੌਰੇ ਵਾਲ਼ੇ ਦਿਨ ਹੀ ਖਿੱਚੀਆਂ ਹੋਈਆਂ ਕੁੱਝ ਤਸਵੀਰਾਂ ਵਿਚ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦਾ ਪੁੱਤਰ, ਦਰਬਾਰ ਸਾਹਿਬ ਅੰਦਰ ਫਿਰਦੇ ਦਿਸਦੇ ਹਨ।
ਜਦੋਂ ਮੇਜਰ ਅਮਰਦੀਪ ਸਿੰਘ ਤੋਂ, ਅੰਮ੍ਰਿਤਸਰ ਜਾਣ ਲਈ ਹੈਲੀਕਾਪਟਰ ਦਾ ਸਹਾਰਾ ਲੈਣ ਦਾ ਸਬੱਬ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਇਕ ਪਿੰਡ ਉਨ੍ਹਾਂ ਦੇ ਇਕ ਦੋਸਤ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਜਾਣਾ ਸੀ ਤੇ ਉਹ, ਉਸ ਜਸ਼ਨ ਵਿਚ ਸ਼ਾਮਲ ਹੋਣ ਲਈ ਹੈਲੀਕਾਪਟਰ ਵਿਚ ਸਵਾਰ ਹੋ ਕੇ ਗਏ ਸਨ। "ਹੈਲੀਕਾਪਟਰ ਤਾਂ ਅੰਮ੍ਰਿਤਸਰ ਜਾ ਹੀ ਰਿਹਾ ਸੀ, ਸੋ ਮੈਂ ਵੀ ਮੰਤਰੀ ਸਾਹਿਬਾ ਦੇ ਮਗਰੇ ਹੀ ਉੇਸ ਚੜ੍ਹ ਗਿਆ," ਉਨ੍ਹਾਂ ਨੇ ਗੱਲ ਮੁਕਾਈ।
ਇਸ ਤਰ੍ਹਾਂ 'ਪਟਿਆਲੇ ਦਾ ਮਹਾਰਾਜਾ' ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਹੱਥੋਂ 'ਤਾਸ਼ ਦਾ ਬਾਦਸ਼ਾਹ' ਜਿਹਾ ਹੀ ਬਣਦਾ ਨਹੀਂ ਦਿਸ ਰਿਹਾ? ਦੋ ਮਹੀਨਿਆਂ ਦੇ ਕਾਂਗਰਸੀ ਰਾਜ ਵਿਚ ਆਹ 'ਵੀ ਆਈ ਪੀ ਕਲਚਰ' ਯਾਨੀ 'ਚੌਧਰਪੁਣੇ ਦਾ ਰਿਵਾਜ' ਹੀ ਹਟਾਇਆ ਜਾਣਾ ਔਖਾ ਹੋਇਆ ਪਿਆ ਏ 'ਮਹਾਰਾਜਾ ਸਾਹਿਬ' ਨੂੰ! ਹੈ ਕਿ ਨਹੀਂ? #
