'ਫ਼ੈਜ਼ ਭੀ ਕਾਫ਼ਿਰ ਮੰਟੋ ਕਾਫ਼ਿਰ ਨੂਰਜਹਾਂ ਕਾ ਗਾਨਾ ਕਾਫ਼ਿਰ'
ਇਹ ਨਜ਼ਮ ਕੀ ਲਿਖੀ ਕਿ ਸ਼ਾਇਰ ਹੀ ਗ਼ਾਇਬ ਹੋ ਗਿਆ
ਪਾਕਿਸਤਾਨ ਦਾ ਇਕ ਸ਼ਾਇਰ ਸਲਮਾਨ ਹੈਦਰ ਇਹ ਤੱਤੀ ਨਜ਼ਮ ਲਿਖ ਕੇ, ਮਸ਼ਹੂਰ ਹੀ ਨਹੀਂ ਹੋਇਆ, ਪਾਕਿਸਤਾਨੀ ਧਰਤ ਤੋਂ ਗ਼ਾਇਬ ਵੀ ਹੋ ਗਿਆ। ਸ਼ਾਇਰ ਗ਼ਾਇਬ ਸੀ, ਪਰ ਉਸ ਦੀ ਲਿਖੀ ਹੋਈ ਉਹ ਨਜ਼ਮ ਮੌਜੂਦ ਸੀ ਤੇ ਹਰ ਰੋਜ਼ ਜਹਾਨ ਭਰ ਵਿਚ ਨਵੇਂ ਤੋਂ ਨਵੇਂ ਪਾਠਕਾਂ ਤਕ ਪਹੁੰਚਦੀ ਜਾ ਰਹੀ ਸੀ। ਉਹ ਨਜ਼ਮ ਅੱਜ ਵੀ ਪਾਠਕ-ਦਰ-ਪਾਠਕ ਸਫ਼ਰ ਕਰੀ ਜਾ ਰਹੀ ਹੈ। ਉਹ ਨਜ਼ਮ ਇਨ੍ਹੀਂ ਦਿਨੀ ਸੋਸ਼ਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਗਾਹ ਚੁੱਕੀ ਹੈ। ਆਪਣੇ ਪਾਠਕਾਂ ਦਾ ਸਬਰ ਹੋਰ ਨਾ ਅਜ਼ਮਾਉਂਦਿਆਂ ਪਹਿਲਾਂ, ਉਸ ਨਜ਼ਮ ਦਾ ਪਾਠ ਹੀ ਕਰ ਲੈਂਦੇ ਹਾਂ। ਉਰਦੂ ਵਿਚ ਲਿਖੀ ਹੋਈ ਇਹ ਨਜ਼ਮ, ਭਾਸ਼ਾਵਾਂ ਦੇ ਹੱਦਾਂ-ਬੰਨੇ ਪਾਰ ਕਰੀ ਜਾ ਰਹੀ ਹੈ। ਘੁੰਮਦੀ-ਘੁਮਾਉਂਦੀ ਇਹ ਨਜ਼ਮ ਇਸ ਕਾਲਮ ਨਵੀਸ ਕੋਲ ਵੀ ਪਹੁੰਚ ਗਈ। ਇੱਥੇ ਪੇਸ਼ ਹੈ ਇਹ ਨਜ਼ਮ ਗੁਰਮੁਖੀ ਲਿਪੀ ਵਿਚ:
ਕਾਫ਼ਿਰ
ਮੈਂ ਭੀ ਕਾਫ਼ਿਰ, ਤੂ ਭੀ ਕਾਫ਼ਿਰ
ਮੈਂ ਭੀ ਕਾਫ਼ਿਰ, ਤੂ ਭੀ ਕਾਫ਼ਿਰ
ਫੂਲੋਂ ਕੀ ਖੁਸ਼ਬੂ ਭੀ ਕਾਫ਼ਿਰ
ਲ਼ਫ਼ਜ਼ੋਂ ਕਾ ਜਾਦੂ ਭੀ ਕਾਫ਼ਿਰ
ਯਹ ਭੀ ਕਾਫ਼ਿਰ, ਵਹ ਭੀ ਕਾਫ਼ਿਰ
ਫ਼ੈਜ਼ ਭੀ ਕਾਫ਼ਿਰ, ਮੰਟੋ ਕਾਫ਼ਿਰ
ਨੂਰਜਹਾਂ ਕਾ ਗਾਨਾ ਕਾਫ਼ਿਰ
ਮੈਕਡੋਨਲਡ ਕਾ ਖਾਨਾ ਕਾਫ਼ਿਰ
ਬਰਗਰ, ਕਾਫੀ, ਕੋਕ ਭੀ ਕਾਫ਼ਿਰ
ਹੰਸੀ ਗੁਨਾਹ, ਜੋਕ ਭੀ ਕਾਫ਼ਿਰ
ਤਬਲਾ ਕਾਫ਼ਿਰ, ਢੋਲ ਭੀ ਕਾਫ਼ਿਰ
ਪਯਾਰ ਭਰੇ ਦੋ ਬੋਲ ਭੀ ਕਾਫ਼ਿਰ
ਸੁਰ ਭੀ ਕਾਫ਼ਿਰ, ਤਾਲ ਭੀ ਕਾਫ਼ਿਰ
ਭੰਗੜਾ, ਲੁੱਡੀ, ਧਮਾਲ ਭੀ ਕਾਫ਼ਿਰ
ਦਾਦਰਾ, ਠੁਮਰੀ, ਭੈਰਵੀ ਕਾਫ਼ਿਰ
ਕਾਫੀ ਔਰ ਖ਼ਯਾਲ ਭੀ ਕਾਫ਼ਿਰ
ਵਾਰਿਸ ਸ਼ਾਹ ਕੀ ਹੀਰ ਭੀ ਕਾਫ਼ਿਰ
ਚਾਹਤ ਕੀ ਜ਼ੰਜੀਰ ਭੀ ਕਾਫ਼ਿਰ
ਜ਼ਿੰਦਾ-ਮੁਰਦਾ ਪੀਰ ਭੀ ਕਾਫ਼ਿਰ
ਨਜ਼ਰ ਨਿਆਜ਼ ਕੀ ਖੀਰ ਭੀ ਕਾਫ਼ਿਰ
ਬੇਟੇ ਕਾ ਬਸਤਾ ਭੀ ਕਾਫ਼ਿਰ
ਬੇਟੀ ਕੀ ਗੁੜੀਆ ਭੀ ਕਾਫ਼ਿਰ
ਹੰਸਨਾ ਰੋਨਾ ਕੁਫ਼ਰ ਕਾ ਸੌਦਾ
ਗ਼ਮ ਕਾਫ਼ਿਰ, ਖ਼ੁਸ਼ੀਆਂ ਭੀ ਕਾਫ਼ਿਰ
ਜੀਨਜ਼ ਭੀ, ਗਿਟਾਰ ਭੀ ਕਾਫ਼ਿਰ
ਟਖਨੋਂ ਸੇ ਨੀਚੇ ਬਾਂਧੋ ਤੋ
ਅਪਨੀ ਯਹ ਸ਼ਲਵਾਰ ਭੀ ਕਾਫ਼ਿਰ
ਫ਼ਨ ਭੀ ਔਰ ਫ਼ਨਕਾਰ ਭੀ ਕਾਫ਼ਿਰ
ਜੋ ਮੇਰੀ ਧਮਕੀ ਨਾ ਛਾਪੇਂ
ਵੋਹ ਸਾਰੇ ਅਖ਼ਬਾਰ ਭੀ ਕਾਫ਼ਿਰ
ਯੂਨੀਵਰਸਿਟੀ ਕੇ ਅੰਦਰ ਕਾਫ਼ਿਰ
ਡਾਰਵਿਨ ਕੇ ਬੰਦਰ ਭੀ ਕਾਫ਼ਿਰ
ਫਰਾਇਡ ਪੜ੍ਹਾਨੇ ਵਾਲੇ ਕਾਫ਼ਿਰ
ਮਾਰਕਸ ਕੇ ਸਬ ਮਤਵਾਲੇ ਕਾਫ਼ਿਰ
ਮੇਲੇ-ਠੇਲੇ ਕੁਫ਼ਰ ਕਾ ਧੰਦਾ
ਗਾਨੇ-ਬਾਜੇ ਸਾਰੇ ਫੰਦਾ
ਮੰਦਿਰ ਮੇਂ ਤੋ ਬੁੱਤ ਹੋਤਾ ਹੈ
ਮਸਜਿਦ ਕਾ ਭੀ ਹਾਲ ਬੁਰਾ ਹੈ
ਕੁੱਛ ਮਸਜਿਦ ਕੇ ਬਾਹਿਰ ਕਾਫ਼ਿਰ
ਕੁੱਛ ਮਸਜਿਦ ਕੇ ਅੰਦਰ ਕਾਫ਼ਿਰ
ਮੁਸਲਿਮ ਮੁਲਕ ਮੇਂ ਅਕਸਰ ਕਾਫ਼ਿਰ
ਕਾਫ਼ਿਰ ਕਾਫ਼ਿਰ ਮੈਂ ਭੀ ਕਾਫ਼ਿਰ
ਕਾਫ਼ਿਰ ਕਾਫ਼ਿਰ ਤੂ ਭੀ ਕਾਫ਼ਿਰ!
ਇਹ ਨਜ਼ਮ ਯਾਨੀ ਕਵਿਤਾ ਪੜ੍ਹ ਕੇ ਹਰ ਪਾਠਕ ਦੇ ਮਨ ਵਿਚ ਇਹ ਸੁਆਲ ਉੱਸਲ-ਵੱਟੇ ਭੰਨਣ ਲੱਗ ਪਿਆ ਹੋਵੇਗਾ ਕਿ ਇਸ ਦਾ ਲੇਖਕ ਕੌਣ ਹੈ ਆਖ਼ਰ! ਇਸ ਕਵਿਤਾ ਦਾ ਕਵੀ ਸਲਮਾਨ ਹੈਦਰ ਮਨੁੱਖੀ ਹੱਕਾਂ ਦੇ ਹੱਕ ਵਿਚ ਅਵਾਜ਼ ਉਠਾਉਣ ਵਾਲ਼ਾ ਸੱਜਣ ਹੈ ਅਤੇ ਉਹ, ਪਾਕਿਸਤਾਨ ਦੀ ਫ਼ਾਤਿਮਾ ਜਿੱਨਾਹ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਹੈ। 'ਪੜ੍ਹਾਉਂਦਾ ਹੈ' ਵੀ ਹੁਣ ਕਿੱਥੇ, 'ਪੜ੍ਹਾਉਂਦਾ ਸੀ' ਕਿਉਂ ਕਿ ਹੁਣ (ਉਸ ਵੇਲ਼ੇ) ਤਾਂ ਕਿਸੇ ਨੂੰ ਇਲਮ ਹੀ ਨਹੀਂ ਹੈ (ਸੀ) ਕਿ ਪ੍ਰੋਫੈਸਰ ਸਲਮਾਨ ਹੈਦਰ ਕਿੱਥੇ ਹੈ। ਸਲਮਾਨ ਹੈਦਰ, ਜੋ ਵੀ ਸੀ, ਉਸ ਦੀ ਹਮਜਮਾਤਣ ਰਹੀ ਸਮਾਜਕ ਕਾਰਕੁਨ ਸਲਮਾ ਬੱਟ ਸਮੇਤ ਉਸ ਦੇ ਦੋਸਤਾਂ ਲਈ 'ਸੱਲੂ' ਜਾਂ 'ਸਲਮਾਨ ਭਾਈ' ਹੀ ਸੀ।
ਸਲਮਾਨ ਹੈਦਰ ਦੇ ਲਾਪਤਾ ਹੋਣ ਮਗਰੋਂ 'ਇਸਲਾਮਾਬਾਦ' ਡੇਟਲਾਈਨ ਨਾਲ਼ ਛਪੀਆਂ ਹੋਈਆਂ ਕੁੱਝ ਖ਼ਬਰਾਂ ਤੋਂ ਪਤਾ ਲੱਗਿਆ ਕਿ ਇਸ ਸ਼ਾਇਰ ਪ੍ਰੋਫੈਸਰ ਨੂੰ ਇਸੇ ਸਾਲ ੭ ਜਨਵਰੀ ਨੂੰ ਉਸ ਦੀ ਕਾਰ ਸਮੇਤ ਅਗਵਾ ਕਰ ਲਿਆ ਗਿਆ ਸੀ। ਸਲਮਾਨ ਹੈਦਰ ਨੇ ਅਗਵਾ ਕੀਤੇ ਜਾਣ ਦੀ ਰਾਤ, ਆਪਣੀ ਬੀਵੀ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਹ ਰਾਤੀਂ ੮ ਵਜੇ ਤਕ ਘਰ ਮੁੜ ਆਵੇਗਾ। ਜਦੋਂ ਉਹ ਰਾਤੀਂ ੧੦ ਵਜੇ ਤਕ ਵੀ ਨਾ ਮੁੜਿਆ ਤਾਂ ਉਸ ਦੀ ਬੀਵੀ ਨੇ ਉਨ੍ਹਾਂ ਨੂੰ ਫੋਨ ਕੀਤਾ, ਪਰ ਪ੍ਰੋ. ਸਲਮਾਨ ਹੈਦਰ ਦਾ ਫੋਨ ਬੰਦ ਸੀ। ਬਾਅਦ ਵਿਚ ਉਸ ਦੇ ਫੋਨ ਤੋਂ ਉਸ ਦੀ ਬੀਵੀ ਦੇ ਫੋਨ 'ਤੇ ਇਕ ਸੁਨੇਹਾ ਆਇਆ ਕਿ ਇਸਲਾਮਾਬਾਦ ਦੇ ਕੋਰਾਲ ਚੌਕ ਵਿਚ ਖੜ੍ਹੀ ਉਸ ਦੀ ਕਾਰ ਉੱਥੋਂ ਲੈ ਜਾਓ।
ਇਸ ਦੌਰਾਨ ਹੀ ਸਲਮਾਨ ਹੈਦਰ ਦੇ ਭਰਾ ਜ਼ੀਸ਼ਾਨ ਹੈਦਰ ਨੇ ਆਪਣੇ ਭਰਾ ਦੇ ਲਾਪਤਾ ਹੋ ਜਾਣ ਬਾਰੇ ਥਾਣਾ ਲੋਹੀ ਬੇਰ ਵਿਚ ਪਾਕਿਸਤਾਨ ਦੰਡ ਵਿਧਾਨ ਦੀ ਦਫ਼ਾ ੩੬੫ ਅਧੀਨ ਰਿਪੋਰਟ ਦਰਜ ਕਰਾ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਲਮਾਨ ਹੈਦਰ ਦੇ ਮੋਬਾਈਲ ਫੋਨ ਸਬੰਧੀ 'ਡੈਟਾ' ਹਾਸਲ ਕਰਨ ਦੇ ਹੀਲੇ ਕੀਤੇ ਗਏ ਹਨ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਚੌਧਰੀ ਨਿਸਾਰ ਅਲੀ ਖ਼ਾਨ ਨੇ ਵੀ ਪੁਲੀਸ ਨੂੰ ਹਦਾਇਤ ਕੀਤੀ ਸੀ ਕਿ ਇਸਲਾਮਾਬਾਦ ਵਿਚ ਲੋਕਾਂ ਦੇ ਬਚਾਅ ਖ਼ਾਤਰ ਲਗਾਏ ਹੋਏ ਕੈਮਰਿਆਂ ਦੀ ਸਹਾਇਤਾ ਨਾਲ਼ ਤਫ਼ਤੀਸ਼ ਅਤੇ ਤਲਾਸ਼ ਤੇਜ਼ ਕੀਤੀ ਜਾਵੇ।
ਆਪਣੇ ਪਾਠਕਾਂ ਦੀ ਜਾਨ ਟੰਗੀ ਰੱਖਣ ਦੀ ਥਾਂ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ੨੭ ਜਨਵਰੀ ਨੂੰ ਇਹ ਸ਼ਾਇਰ-ਪ੍ਰੋਫੈਸਰ ਆਪਣੇ ਘਰ ਪਹੁੰਚ ਗਿਆ ਹੈ। ੭ ਜਨਵਰੀ ਨੂੰ ਲਾਪਤਾ ਹੋਣ ਮਗਰੋਂ ੨੭ ਜਨਵਰੀ ਨੂੰ ਸਲਮਾਨ ਹੈਦਰ ਦਾ ਘਰ ਮੁੜ ਆਉਣਾ, ੨੦ ਦਿਨਾਂ ਦੇ ਵਕਫ਼ੇ ਵਿਚ ਘੱਟ ਤੋਂ ਘੱਟ ੨੦ ਸੁਆਲ ਤਾਂ ਖੜ੍ਹੇ ਕਰਦਾ ਹੀ ਹੈ। ਵੀਹਾਂ ਦਿਨਾਂ ਬਾਅਦ ਹੀ ਸਹੀ, ਸਲਮਾਨ ਹੈਦਰ ਦੇ ਸਹੀ-ਸਲਾਮਤ ਮੁੜ ਆਉਣ ਨਾਲ਼ ਵੀ ਗੱਲ ਮੁੱਕੀ ਨਹੀਂ ਕਿਉਂ ਕਿ ਉਸ ਦੇ ਲਾਪਤਾ ਹੋਣ ਦੌਰਾਨ ਹੀ, 'ਖ਼ਰੀਆਂ ਕਹਿਣ-ਖ਼ਰੀਆਂ ਸੁਣਨ ਵਾਲ਼ੇ' ਚਾਰ ਹੋਰ ਬੰਦੇ ਵੀ ਲਾਪਤਾ ਹੋ ਗਏ ਸਨ, ਜਿਨ੍ਹਾਂ ਵਿਚ ਬਲਾਗ ਲੇਖਕ ਵੱਕਾਸ ਗੋਰਾਇਆ, ਰਿਸ਼ਤੇ 'ਚੋਂ ਉਸ ਦੇ ਭਰਾ ਲੱਗਦੇ ਆਸਿਮ ਸਈਦ ਵੀ ਸ਼ਾਮਲ ਸਨ। ਇਹ ਦੋਵੇਂ ਹੀ ਲਾਹੌਰ ਤੋਂ ਲਾਪਤਾ ਹੋਏ ਸਨ। ਇਕ ਹੋਰ ਬਲੌਗ ਲੇਖਕ ਅਹਿਮਦ ਰਜ਼ਾ ਨਸੀਰ, ਜੋ ਪੋਲੀਓ ਦਾ ਸ਼ਿਕਾਰ ਹੈ, ਵੀ ਲਾਹੌਰ ਨੇੜੇ ਸ਼ੇਖੂਪੁਰਾ ਵਿਚ ਆਪਣੀ ਦੁਕਾਨ ਤੋਂ ਲਾਪਤਾ ਹੋ ਗਿਆ ਸੀ। ਲਾਪਤਾ ਹੋਇਆਂ ਇਨ੍ਹਾਂ ਬੰਦਿਆਂ ਵਿਚੋਂ ਪੰਜਵਾਂ ਜਣਾ ਸਮਰ ਅੱਬਾਸ ਸੀ, ਜੋ ਕੁੱਝ ਦਿਨ ਮਗਰੋਂ ਲਾਪਤਾ ਹੋਇਆ ਸੀ। ਇਸ ਵਿਚ ਵੱਡੀ ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਕਿਸੇ ਵੀ ਜਥੇਬੰਦੀ ਜਾਂ ਗਰੁੱਪ ਨੇ ਇਨ੍ਹਾਂ ਬੰਦਿਆਂ ਨੂੰ ਚੁੱਕੇ ਜਾਣ ਜਾਂ ਚੁੱਕਵਾਏ ਜਾਣ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲਈ।ਸਰਕਾਰ ਨੇ ਵੀ ਇਹ ਕਹਿ ਦਿੱਤਾ ਸੀ ਕਿ ਇਨ੍ਹਾਂ ਬੰਦਿਆਂ ਨੂੰ ਲਾਪਤਾ ਕਰਨ ਵਿਚ ਉਸ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਕੋਈ ਹੱਥ ਨਹੀਂ ਹੈ।
ਸਲਮਾਨ ਹੈਦਰ ਦਾ ਘਰ ਮੁੜ ਆਉਣਾ ਅਤੇ ਬਾਕੀ ਚਾਰ ਜਣਿਆਂ ਦਾ ਲਾਪਤਾ ਰਹਿਣਾ 'ਛੱਡ ਪਰ੍ਹਾਂ' ਕਰਨ ਵਾਲ਼ੀ ਗੱਲ ਨਹੀਂ ਹੈ। ਪਾਕਿਸਤਾਨ ਦੇ ਚੇਤਨ ਲੋਕ, ਇਨ੍ਹਾਂ ਲੋਕਾਂ ਦੀ ਕੋਈ ਉੱਘ-ਸੁੱਘ ਨਾ ਮਿਲਣ ਦੀ ਵਜ੍ਹਾ ਨਾਲ਼ ਸਰਕਾਰ ਵਿਰੁੱਧ ਮੁਜ਼ਾਹਰੇ ਵੀ ਕਰ ਚੱਕੇ ਹਨ ਜਦੋਂ ਕਿ ਪਾਕਿਸਤਾਨ ਸਰਕਾਰ ਅਤੇ ਪੁਲੀਸ ਇਹੋ ਕਹਿ ਰਹੀਆਂ ਹਨ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਪੁਲੀਸ ਨੇ ਇਨ੍ਹਾਂ ਪੰਜਾਂ ਨੂੰ 'ਸੋਸ਼ਲ ਮੀਡੀਆ' ਉੱਤੇ ਕੁਫ਼ਰ ਤੋਲਣ ਦੇ ਦੋਸ਼ ਅਧੀਨ ਹਿਰਾਸਤ ਵਿਚ ਲਿਆ ਹੋਇਆ ਹੈ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਪਾਕਿਸਤਾਨ ਵਿਚ 'ਬਾਗ਼ੀ ਤਬੀਅਤ ਲੋਕਾਂ' ਨੂੰ ਚੁੱਕ-ਚੁਕਾ ਕੇ ਉਰ੍ਹਾਂ-ਪਰ੍ਹਾਂ ਕਰਾ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਮਨੁੱਖੀ ਹੱਕਾਂ ਲਈ ਜੂਝਣ ਵਾਲ਼ੇ ਲੋਕਾਂ ਦਾ ਕਹਿਣ ਹੈ ਕਿ ਸਰਕਾਰ ਵੱਲੋਂ ਹਜ਼ਾਰਾਂ ਲੋਕ 'ਉਰ੍ਹਾਂ-ਪਰ੍ਹਾਂ' ਕਰਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਕੁੱਝ ਲੋਕਾਂ ਨੂੰ ਮਾਰ-ਮੁਕਾਏ ਜਾਣ ਦੇ ਦੋਸ਼ ਵੀ ਲਾਏ ਜਾਂਦੇ ਰਹਿੰਦੇ ਹਨ। 'ਜਬਰੀ ਲਾਪਤਾ ਕੀਤੇ ਗਏ ਲੋਕਾਂ ਸਬੰਧੀ ਸਰਕਾਰੀ ਕਮਿਸ਼ਨ' ਦਾ ਕਹਿਣ ਹੈ ਕਿ ਬਲੋਚਿਸਤਾਨ ਵਿਚੋਂ ਹੀ ਲਾਪਤਾ ਹੋਏ ਲੋਕਾਂ ਵਿਚੋਂ ੯੩੬ ਲੋਕਾਂ ਦੀਆਂ ਲਾਸ਼ਾਂ, ੨੦੧੧ ਤੋਂ ਹੁਣ ਤਕ ਮਿਲ ਚੁੱਕੀਆਂ ਹਨ।
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੇਅਰਪਰਸਨ ਜ਼ੋਹਰਾ ਯੂਸਫ਼ ਨੇ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਉਹ ਲਾਪਤਾ ਲੋਕਾਂ ਦੇ ਸਬੰਧ ਵਿਚ ਜਾਣਕਾਰੀ ਦੇਵੇ। ਉਨ੍ਹਾਂ ਨੇ 'ਅਲ ਜਜ਼ੀਰਾ' ਟੀਵੀ ਨੂੰ ਦਿੱਤੇ ਇਕ ਬਿਆਨ ਵਿਚ ਏਦਾਂ ਕਿਹਾ ਹੋਇਆ ਹੈ, "ਦੇਸ਼ ਦੇ ਅੰਦਰੂਨੀ ਮਾਮਲਿਆਂ ਸਬੰਧੀ ਮੰਤਰੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੀ ਹਕੀਕਤ ਲੋਕਾਂ ਸਾਹਮਣੇ ਲਿਆਵੇ ਕਿਉਂ ਕਿ ਮੰਤਰੀ ਕਹਿ ਚੁੱਕਾ ਹੈ ਕਿ ਉਹ ਆਪ ਇਸ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਉਸ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੇ ਲਾਪਤਾ ਹੋਣ ਸਬੰਧੀ ਵਜ੍ਹਾ ਬਿਆਨ ਕਰੇ ਨਹੀਂ ਤਾਂ ਕੋਈ ਨਹੀਂ ਜਾਣਦਾ ਕਿ ਲਾਪਤਾ ਹੋਣ ਦੀ ਅਗਲੀ ਵਾਰੀ ਕਿਸ ਦੀ ਹੈ ਅਤੇ ਇਹ ਅਮਲ ਜਾਰੀ ਰਹੇਗਾ।"
ਇਨ੍ਹਾਂ ਲੋਕਾਂ ਨੂੰ ਸਹੀ-ਸਲਾਮਤ ਸਾਹਮਣੇ ਲਿਆਉਣ ਦੀ ਮੰਗ ਕਰਨ ਵਾਲ਼ੇ ਕੁੱਝ ਲੋਕਾਂ ਉੱਤੇ ਵੀ ਸਰਕਾਰ ਦੇ ਖ਼ਿਲਾਫ਼ ਕੁਫ਼ਰ ਤੋਲਣ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਲੋਕਾਂ ਨੂੰ ਬਚਾ ਕੇ ਦੁਨੀਆ ਦੇ ਸਾਹਮਣੇ ਲਿਆਉਣ ਦੀ ਮੰਗ ਦੇ ਹੱਕ ਵਿਚ ਮੁਜ਼ਾਹਰਾ ਕਰ ਰਹੇ ਕੁੱਝ ਲੋਕਾਂ ਉੱਤੇ ੧੯ ਜਨਵਰੀ ਨੂੰ, ਕੁੱਝ ਲੋਕਾਂ ਵੱਲੋਂ ਪਥਰਾਅ ਵੀ ਕੀਤਾ ਜਾ ਚੁੱਕਾ ਹੈ। ਆਸਿਮ ਸਈਦ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਮਗਰੋਂ ਇਸ ਪਰਿਵਾਰ ਨੂੰ ਆਪਣਾ ਘਰ ਬਦਲਣ ਦਾ ਹੁਕਮ ਦਿੱਤਾ ਹੋਇਆ ਹੈ।
'ਅਲ ਜਜ਼ੀਰਾ' ਦੀ ਇਕ ਰਿਪੋਰਟ ਮੁਤਾਬਕ, ੧੯੯੦ ਤੋਂ ਹੁਣ ਤਕ ੬੮ ਵਿਅਕਤੀ ਕੁਫ਼ਰ ਤੋਲਣ ਦੇ ਦੋਸ਼ਾਂ ਅਧੀਨ ਕਤਲ ਕੀਤੇ ਜਾ ਚੁੱਕੇ ਹਨ। ਇਸ ਸਭ ਕੁੱਝ ਤੋਂ ਇਹ ਨਹੀਂ ਲੱਗਦਾ ਕਿ ਪਾਕਿਸਤਾਨ ਸਰਕਾਰ ਲਈ 'ਸੱਚ' ਅਤੇ 'ਕੁਫ਼ਰ' ਦੇ ਆਪਣੇ ਹੀ ਅਰਥ ਹਨ, ਯਾਨੀ 'ਲੋਕਾਂ ਦਾ ਸੱਚ' ਹੋਰ ਹੈ ਤੇ 'ਸਰਕਾਰ ਦਾ ਸੱਚ' ਹੋਰ ਹੈ। ਪਾਕਿਸਤਾਨ ਵਿਚ ਸੱਚ ਬੋਲਣ ਦੀ ਮਨਾਹੀ ਤਾਂ ਹੋ ਹੀ ਗਈ ਹੈ, ਜੇ ਕਿਸੇ ਦਿਨ ਬੋਲਣ ਦੀ ਮਨਾਹੀ ਵੀ ਹੋ ਗਈ ਤਾਂ ਫਿਰ ਕੀ ਹੋਊ? #
