ਕੈਨੇਡਾ ਵਿਚ ਪੰਜਾਬੀਆਂ ਦੇ ਵਪਾਰਕ ਅਦਾਰਿਆਂ ਦੇ ਮੱਥਿਆਂ ਉੱਤੇ ਪੰਜਾਬੀ ਦਾ ਟਿੱਕਾ ਲਾਇਆ ਜਾਵੇ
ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਦੀ ਸੰਸਥਾ 'ਪੰਜਾਬੀ ਵਿਕਾਸ ਮੰਚ' ਦੇ ਪ੍ਰਧਾਨ ਦੀਪਕ ਬਾਲੀ ਨੇ ਪਿਛਲੇ ਦਿਨੀਂ 'ਫੇਸਬੁੱਕ' ਉੱਤੇ ਇਹ ਐਲਾਨ ਕੀਤਾ ਕਿ ਉਹ ਜਲੰਧਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਿਖਾਉਣ ਲਈ ਪ੍ਰੇਰਨ ਖ਼ਾਤਰ ਇਕ ਮੁਹਿੰਮ ਵਿੱਢਣਗੇ। ਇਸ ਤੋਂ ਚੇਤਾ ਆਇਆ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਵਿਚ ਤਾਂ ਚੀਨ ਤੋਂ ਆ ਕੇ ਵਸੇ ਲੋਕਾਂ ਨੇ ਆਪਣੇ ਵਪਾਰਕ ਅਦਾਰਿਆਂ ਦੇ ਬੋਰਡ ਚੀਨੀ ਭਾਸ਼ਾ ਵਿਚ ਲਿਖਾ ਕੇ ਬੀਸੀ ਸਰਕਾਰ ਨੂੰ ਫ਼ਿਕਰ ਪਾਇਆ ਹੋਇਆ ਹੈ ਕਿ ਕਿਤੇ ਚੀਨੀ ਲੋਕ 'ਰਿਚਮੰਡ' ਦੇ ਨਾਂ ਨੂੰ ਚੀਨੀ ਕਲਮ ਚੜ੍ਹਾ ਕੇ ਉਸ ਨੂੰ 'ਰਿਚਮੰਡੁਆਂਗ' ਜਿਹਾ ਨਾ ਬਣਾ ਦੇਣ। ਇਸ ਫ਼ਿਕਰ ਦੀ ਵਜ੍ਹਾ ਨਾਲ਼ ਹੀ ਬੀ ਸੀ ਸਰਕਾਰ ਨੇ ਚੀਨੀ ਭਾਸ਼ਾ ਵਿਚ ਲਿਖੇ ਹੋਏ ਬੋਰਡਾਂ ਉੱਤੇ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਲਿਖਣੀ ਵੀ ਲਾਜ਼ਮੀ ਕਰ ਦਿੱਤੀ ਹੈ। ਸਾਨੂੰ ਵੀ ਆਪਣੀ ਭਾਸ਼ਾ ਦਾ ਟਿੱਕਾ ਆਪਣੀਆਂ ਦੁਕਾਨਾਂ, ਸਟੋਰਾਂ, ਦਫ਼ਤਰਾਂ ਜਾਂ ਕੰਪਨੀਆਂ ਦੇ ਮੱਥਿਆਂ ਉੱਤੇ ਲਾਉਣ ਦਾ ਹੀਲਾ ਕਰਨਾ ਚਾਹੀਦਾ ਹੈ।
ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦੁਆਉਣ ਲਈ ਅਸੀਂ ਪੰਜਾਬੀ ਤਾਂ ਹੁਣ ਸੋਚਣ ਲੱਗੇ ਹਾਂ ਜਦੋਂ ਕਿ ਪਾਕਿਸਤਾਨ ਵਿਚ ਉੱਥੋਂ ਦੇ ਲੋਕਾਂ ਨੇ ਪੰਜਾਬੀ ਦਾ ਝੰਡਾ ਬਹੁਤ ਚਿਰੋਕਣਾ ਬੁਲੰਦ ਕੀਤਾ ਹੋਇਆ ਹੈ। ਪਾਕਿਸਤਾਨ ਵਿਚ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਨ ਵਾਲ਼ਿਆਂ ਦੀ ਗਿਣਤੀ, ਭਾਰਤੀ ਪੰਜਾਬ ਦੇ ਮੁਕਾਬਲੇ ਕਿਤੇ ਵੱਧ ਹੈ। ਜੇ ਕੈਨੇਡਾ ਵਿਚ ਪੰਜਾਬੀ ਜਾਂ ਗੁਰਮੁਖੀ ਦੀ ਜੈ-ਜੈ ਕਾਰ ਕਰਾਉਣ ਵਿਚ, ਪੰਜਾਬੀ ਦੇ ਦਿਲਦਾਰ ਪਾਕਿਸਤਾਨੀਆਂ ਨੂੰ ਵੀ ਨਾਲ਼ ਰਲ਼ਾ ਲਿਆ ਜਾਵੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੈਨੇਡਾ ਦੀ ਪਾਰਲੀਮੈਂਟ ਵਿਚ ਤੀਜਾ ਸਥਾਨ ਹਾਸਲ ਕਰ ਚੁੱਕੀ ਪੰਜਾਬੀ ਭਾਸ਼ਾ, ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਵਪਾਰਕ ਅਦਾਰਿਆਂ ਦੇ ਮੱਥਿਆਂ ਉੱਤੇ ਟਿੱਕੇ ਵਾਂਗ ਸਜੀ ਦਿਸੇਗੀ।
ਪਾਕਿਸਤਾਨ ਦੇ ਪੰਜਾਬ ਵਿਚ ਪੰਜਾਬੀ ਬਹੁਤ ਧੜੱਲੇ ਨਾਲ਼ ਬੋਲੀ ਜਾਂਦੀ ਹੈ। ਪਾਕਿਸਤਾਨ ਵਿਚ ੪੪.੧੫ ਫੀ ਸਦੀ ਤੋਂ ਵੱਧ ਲੋਕ, ਜ਼ੱਦੀ ਭਾਸ਼ਾ ਦੇ ਰੂਪ ਵਿਚ ਪੰਜਾਬੀ ਬੋਲਦੇ ਹਨ। ਤਕਰੀਬਨ ੭੦ ਫੀ ਸਦੀ ਪਾਕਿਸਤਾਨੀ ਲੋਕ, ਪੰਜਾਬੀ ਭਾਸ਼ਾ ਨੂੰ ਪਹਿਲੀ ਜਾਂ ਦੂਜੀ ਭਾਸ਼ਾ ਵਜੋਂ ਸਤਿਕਾਰਦੇ ਹਨ ਜਦੋਂ ਕਿ ਕੁੱਝ ਪਾਕਿਸਤਾਨੀ ਲੋਕ, ਇਸ ਭਾਸ਼ਾ ਦਾ ਮਾਣ ਤੀਜੀ ਭਾਸ਼ਾ ਵਜੋਂ ਕਰਦੇ ਹਨ। ਪਾਕਿਸਤਾਨੀ ਸ਼ਹਿਰ ਫ਼ੈਸਲਾਬਾਦ ਦੇ ੯੮.੨ ਫੀਸਦੀ ਲੋਕ ਪੰਜਾਬੀ ਬੋਲਦੇ ਹਨ। ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ, ਜਹਾਨ ਭਰ ਵਿਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲ਼ਿਆਂ ਦਾ ਸ਼ਹਿਰ ਹੈ। ਇਸ ਸ਼ਹਿਰ ਦੇ ੮੬ ਫੀ ਸਦੀ ਵਾਸੀ ਪੰਜਾਬੀ ਬੋਲਦੇ ਹਨ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ੭੨ ਫੀ ਸਦੀ ਲੋਕ, ਪੰਜਾਬੀ ਬੋਲਦੇ ਹਨ। ਕਰਾਚੀ ਵਿਚ ਵੀ ਪੰਜਾਬੀ ਬੋਲਣ ਵਾਲ਼ਿਆਂ ਦਾ ਘਾਟਾ ਨਹੀਂ ਹੈ। ਇਕ ਮੋਟੇ ਅੰਦਾਜ਼ੇ ਮੁਤਾਬਕ ਇਸ ਵੇਲ਼ੇ ਡੇਢ ਲੱਖ ਤੋਂ ਵੱਧ ਪਾਕਿਸਤਾਨੀ, ਕੈਨੇਡਾ ਵਿਚ ਵਸਦੇ ਹਨ ਤੇ ਉਨ੍ਹਾਂ ਵਿਚ ਪੰਜਾਬੀ ਬੋਲਣ ਵਾਲ਼ਿਆਂ ਦੀ ਬਹੁਗਿਣਤੀ ਹੋਣਾ ਸੁਭਾਵਕ ਹੈ। ਇਨ੍ਹਾਂ ਪਾਕਿਸਤਾਨੀਆਂ ਨੂੰ ਇਸ ਕੰਮ ਵਿਚ ਆਪਣੇ ਨਾਲ਼ ਸੌਖਿਆਂ ਹੀ ਤੋਰਿਆ ਜਾ ਸਕਦਾ ਹੈ ਕਿਉਂ ਕਿ ਕੈਨੇਡਾ ਵਿਚ ਉਨ੍ਹਾਂ ਉੱਤੇ ਇਹੋ ਜਿਹਾ ਉੱਦਮ ਕਰਨ ਵਿਚ ਵਿਚ ਕੋਈ ਰੋਕ-ਰੁਕਾਵਟ ਵੀ ਨਹੀਂ ਹੈ।
ਕੈਨੇਡਾ ਦੀ ਤੀਜੀ ਆਮ ਭਾਸ਼ਾ ਬਣ ਜਾਣ ਤੋਂ ਮਗਰੋਂ ਨਵੰਬਰ, ੨੦੧੫ ਵਿਚ ਪੰਜਾਬੀ ਭਾਸ਼ਾ, ਕੈਨੇਡਾ ਦੀ ਪਾਰਲੀਮੈਂਟ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾਵਾਂ ਤੋਂ ਬਾਅਦ ਤੀਜੀ ਭਾਸ਼ਾ ਵਾਲ਼ਾ ਦਰਜਾ ਵੀ ਹਾਸਲ ਕਰ ਚੁੱਕੀ ਹੈ। ਇਸ ਗੱਲ ਦਾ ਇਲਮ, ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ ਕਾਮਨਜ਼ ਵਿਚ ਪੰਜਾਬੀ ਬੋਲਣ ਵਾਲ਼ੇ ੨੦ ਮੈਂਬਰ ਚੁਣੇ ਜਾਣ ਤੋਂ ਪ੍ਰਤੱਖ ਹੋ ਜਾਂਦਾ ਹੈ। ਕੈਨੇਡਾ ਵਿਚ ਪੰਜਾਬੀ ਬੋਲਣ ਵਾਲ਼ੇ ਲੋਕਾਂ ਦੀ ਗਿਣਤੀ ੪ ਲੱਖ, ੩੦ ਹਜ਼ਾਰ, ੭੦੫ ਹੈ। ਇਹ ਗਿਣਤੀ, ਕੈਨੇਡਾ ਦੀ ਅਬਾਦੀ ਦਾ ੧.੩ ਫੀ ਸਦੀ ਹਿੱਸਾ ਹੈ। ਪੰਜਾਬੀ ਬੋਲਣ ਵਾਲ਼ੇ ੨੦ ਮੈਂਬਰ ਪਾਰਲੀਮੈਂਟ, ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਦਾ ਤਕਰੀਬਨ ੬ ਫੀ ਸਦੀ ਹਿੱਸਾ ਹਨ।
ਕਿਤੇ ਇਹ ਦੱਸਣਾ ਰਹਿ ਹੀ ਨਾ ਜਾਵੇ ਕਿ ੨੦੦੮ ਵਿਚ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਪੁੱਜਿਆ ਸਾਂ ਤਾਂ ਹਵਾਈ ਅੱਡੇ ਉੱਤੇ ਮੁਸਾਫ਼ਰਾਂ ਦਾ ਸੁਆਗਤ ਕਰਨ ਲਈ ਲਾਏ ਹੋਏ ਇਕ ਬੋਰਡ ਉੱਤੇ ਹੋਰ ਭਾਸ਼ਾਵਾਂ ਨਾਲ਼ ਪੰਜਾਬੀ ਵੀ ਲਿਖੀ ਹੋਈ ਦੇਖ ਕੇ ਮੇਰਾ ਮਨ ਬਹੁਤ ਖ਼ੁਸ਼ ਹੋਇਆ ਸੀ ਤੇ ਮੈਂ ਇਹ ਗੱਲ ਭਾਰਤ ਵਿਚ ਆਪਣੇ ਦੋਸਤਾਂ ਨੂੰ ਬਹੁਤ ਹੀ ਹੁੱਬ-ਹੁੱਬ ਕੇ ਦੱਸੀ ਸੀ। ਫਿਰ ਜਦੋਂ ਵੀ ਕੈਨੇਡਾ ਆਉਣਾ ਹੋਇਆ ਤਾਂ ਹਰ ਵਾਰ ਇਸ ਸਬੰਧ ਵਿਚ ਨਵੇਂ-ਨਵੇਂ ਅਤੇ ਉਤਸ਼ਾਹਜਨਕ ਅਨੁਭਵ ਹੁੰਦੇ ਰਹੇ। ਬਹੁਤ ਸਾਰੇ ਅੰਗਰੇਜ਼ ਲੋਕ, ਪੰਜਾਬੀਆਂ ਨਾਲ਼ ਗੱਲ ਕਰਨ ਸਮੇਂ ਘੜੀ-ਘੜੀ 'ਓ ਭਾਅ ਜੀ' ਕਹਿੰਦੇ ਸੁਣੇ। ਮੇਰਾ 'ਗੋਰਡਨ' ਨਾਂ ਦੇ ਇਕ ਗੋਰੇ ਨਾਲ਼ ਵਾਹ ਪੈ ਗਿਆ। ਉਸ ਨੇ ਆਪਣਾ ਨਾਂ ਪੁੱਛੇ ਜਾਣ 'ਤੇ ਕੁੱਝ ਇਸ ਤਰ੍ਹਾਂ ਕਿਹਾ, "ਮੇਰਾ ਨਾਂ ਤਾਂ 'ਗੋਰਡਨ' ਹੈ, ਪਰ ਲੋਕ ਮੈਨੂੰ 'ਗੋਰਡੀ' ਵੀ ਕਹਿ ਲੈਂਦੇ ਹਨ। ਓਦਾਂ ਤੁਹਾਡੇ ਵਰਗੇ ਕਈ ਪੰਜਾਬੀ ਮੈਨੂੰ 'ਗੁਰਪ੍ਰੀਤ' ਜਾਂ 'ਗੋਪੀ' ਕਹਿ ਕੇ ਵੀ ਬੁਲਾ ਲੈਂਦੇ ਨੇ।" ਇਸੇ ਤਰ੍ਹਾਂ ਇਕ ਅੰਗਰੇਜ਼ ਮੁੰਡੇ ਦੀ ਬਾਂਹ ਉੱਤੇ ਹੁਣੇ-ਹੁਣੇ ਪੁਆਇਆ ਟੈਟੂ ਦੇਖ ਕੇ ਮੈਂ ਅੰਗਰੇਜ਼ੀ ਵਿਚ ਉਸ ਨੂੰ ਪੁੱਛਿਆ ਕਿ ਉਸ ਨੇ ਇਸ ਉੱਤੇ ਕਿੰਨੇ ਪੈਸੇ ਖ਼ਰਚੇ ਹਨ ਤਾਂ ਉਸ ਨੇ "ਤਿੰਨ ਸੌ" ਕਹਿ ਕੇ ਮੈਨੂੰ ਹੈਰਾਨ ਕਰ ਦਿੱਤਾ ਸੀ। ਸਰੀ ਵਿਚ ਰਹਿੰਦੇ ਉਸ ਅੰਗਰੇਜ਼ ਨੋਜੁਆਨ ਨੇ ਮਗਰੋਂ ਮੈਨੂੰ ਦੱਸਿਆ ਕਿ ਉਸ ਨੇ ਪੰਜਾਬੀ ਬੋਲਣੀ ਤੇ ਸਮਝਣੀ ਆਪਣੇ ਗਾਹਕਾਂ ਤੋਂ ਸਿੱਖੀ ਹੈ ਤੇ ਉਹ ਸਾਰੀ ਦਿਹਾੜੀ ਅੰਗਰੇਜ਼ੀ ਦੀ ਥਾਂ, ਪੰਜਾਬੀ ਵਿਚ ਹੀ ਗੱਲ ਕਰਦਾ ਹੈ। ਇਸੇ ਤਰ੍ਹਾਂ ਮੈਂ ਟੋਰਾਂਟੋ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਸ਼ਿਕਰਤ ਕਰਨ ਦੌਰਾਨ 'ਸਟੀਫਨ ਗੁਸ਼ਾਰਡੀ' ਨਾਂ ਦੇ ਉਸ ਗੋਰੇ ਮੁੰਡੇ ਨਾਲ਼ ਟੀਵੀ ਦੇ ਇਕ ਪ੍ਰੋਗਰਾਮ ਖ਼ਾਤਰ ਇਕ ਇੰਟਰਵਿਊ ਕੀਤਾ ਸੀ, ਜਿਹੜਾ ਪੰਜਾਬੀ ਅਤੇ ਸਿੱਖਿਜ਼ਮ ਦਾ ਅਧਿਐਨ ਕਰਨ ਖ਼ਾਤਰ ਪੰਜਾਬ ਗਿਆ ਸੀ। ਸਟੀਫਨ ਗੋਸ਼ਾਰਡੀ ਨਾਲ਼ ਪੰਜਾਬੀ ਵਿਚ ਕੀਤਾ ਹੋਇਆ ਉਹ ਇੰਟਰਵਿਊ 'ਯੂਟਿਊਬ' ਤੋਂ ਕਦੇ ਵੀ ਦੇਖਿਆ/ ਮਾਣਿਆ ਜਾ ਸਕਦਾ ਹੈ।
ਓਦਾਂ, ਕੈਨੇਡਾ ਵਿਚ ਪੰਜਾਬੀਆਂ ਦੇ ਵਪਾਰਕ ਅਦਾਰਿਆਂ ਦੇ ਮੱਥਿਆਂ ਉੱਤੇ ਪੰਜਾਬੀ ਭਾਸ਼ਾ ਦਾ ਤਿਲਕ ਲਾਉਣ ਦਾ ਫ਼ੁਰਨਾ ਕੋਈ ਨਵਾਂ ਨਹੀਂ ਹੈ। ਵੈਨਕੂਵਰ ਸ਼ਹਿਰ ਦੇ ਕੁੱਝ ਬਜ਼ਾਰਾਂ ਜਾਂ ਸਟਰੀਟਾਂ ਦੇ ਨਾਂ ਪੰਜਾਬੀ ਵਿਚ ਰੱਖੇ ਜਾ ਚੁੱਕੇ ਹਨ। ਪਿਛਲੇ ਸਾਲ, ਅਪ੍ਰੈਲ ਵਿਚ ਵੈਨਕੂਵਰ ਦੀ ਇਕ ਸਟਰੀਟ ਦਾ ਨਾਂ ਇਕ ਪੰਜਾਬੀ ਭਾਈਵੰਦ ਜਗਤ ਸਿੰਘ {ਜੈਕ} ਉੱਪਲ ਦੇ ਨਾਂ 'ਤੇ ਰੱਖਿਆ ਗਿਆ ਸੀ।ਸ਼੍ਰੀ ਉੱਪਲ ਇਕ ਉਹ ਉੱਘੇ ਵਪਾਰੀ ਸਨ, ਜੋ ੧੯੨੬ ਵਿਚ ਛੋਟੀ ਉਮਰੇ ਆਪਣੇ ਪਿਤਾ ਦਲੀਪ ਸਿੰਘ ਦੇ ਮਗਰ ਕੈਨੇਡਾ ਆਏ ਸਨ। ਉਨ੍ਹਾਂ ਨੂੰ ਵੱਡੇ ਹੋਣ ਤਕ, ਬਹੁਤ ਸਾਰੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ੧੯੦੭ ਵਿਚ ਕੈਨੇਡਾ ਆ ਗਏ ਦਲੀਪ ਸਿੰਘ ਨੂੰ ਆਪਣਾ ਪਰਿਵਾਰ ਕੈਨੇਡਾ ਮੰਗਾਉਣ ਵਿਚ ਬਹੁਤ ਔਖਿਆਈਆਂ ਹੋਈਆਂ ਸਨ। ਸਰਕਾਰੀ ਅਹਿਲਕਾਰ ਇਹ ਨਹੀਂ ਚਾਹੁੰਦੇ ਸਨ ਕਿ ਦਲੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ ਜੀਅ, ਕੈਨੇਡਾ ਵਿਚ ਪੱਕੇ ਵਸ ਜਾਣ।
ਜੈਕ ਉੱਪਲ ਨੂੰ ਸਕੂਲ ਵਿਚ ਪੜ੍ਹਨ ਵੇਲ਼ੇ ਗੋਰੇ ਬੱਚਿਆਂ ਦੀ ਧੌਂਸ ਝੱਲਣੀ ਪੈਂਦੀ ਸੀ। ਕਈ ਵਾਰੀ ਹਜਾਮ ਉਸ ਦੇ ਵਾਲ਼ ਕੱਟਣ ਤੋਂ ਇਨਕਾਰ ਕਰ ਦਿੰਦੇ ਸਨ। ੧੯੦੭ ਵਿਚ ਇੰਡੋ-ਕੈਨੇਡੀਅਨਜ਼ ਤੋਂ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਸੀ, ਜੋ ੪੦ ਸਾਲ ਸੰਘਰਸ਼ ਕਰਨ ਮਗਰੋਂ ਦੁਬਾਰਾ ਹਾਸਲ ਕੀਤਾ ਗਿਆ। ਇਸ ਸੰਘਰਸ਼ ਵਿਚ ਜੈਕ ਉੱਪਲ ਦਾ ਵੀ ਭਰਵਾਂ ਯੋਗਦਾਨ ਸੀ। ਸੰਨ ੨੦੧੪ ਵਿਚ ੮੩ ਸਾਲ ਦੀ ਉਮਰ ਵਿਚ ਉਹ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ।
ਵੈਨਕੂਵਰ ਦੇ 'ਚਾਈਨਾਟਾਊਨ' ਤੋਂ ਹੀ ਪੰਜਾਬੀਆਂ ਨੂੰ 'ਪੰਜਾਬੀ ਮਾਰਕੀਟ' ਸਥਾਪਤ ਕਰਨ ਦਾ ਫ਼ੁਰਨਾ ਫੁਰਿਆ ਸੀ। ਆਖ਼ਰ ਇਕ ਦਿਨ, ਈਸਟ ੪੯ ਐਵੇਨਿਊ ਤੋਂ ਸ਼ੁਰੂ ਹੋ ਕੇ, ਮੇਨ ਸਟਰੀਟ ਉੱਤੇ ੬ ਬਲਾਕਾਂ ਵਿਚ 'ਪੰਜਾਬੀ ਮਾਰਕੀਟ' ਸਥਾਪਤ ਕਰ ਲਈ ਗਈ ਤੇ ਇਸ ਮਾਰਕੀਟ ਦੇ ਸਾਈਨ ਬੋਰਡਜ਼ ਵੀ ਪੰਜਾਬੀ ਵਿਚ ਲਿਖਾ ਦਿੱਤੇ ਗਏ। ਇਸ ਮਾਰਕੀਟ ਵਿਚ ਪੰਜਾਬੀਆਂ ਦੀ ਪਸੰਦ ਦਾ ਮਾਲ਼ ਵਿਕਣ ਲੱਗਿਆ, ਜਿਸ ਵਿਚ ਕੱਪੜੇ ਅਤੇ ਵੰਗਾਂ-ਚੂੜੀਆਂ ਹੀ ਸ਼ਾਮਲ ਨਹੀਂ ਸਨ, ਸਗੋਂ ਪੰਜਾਬੀਆਂ ਦੀ ਪਸੰਦ ਦੇ ਸਮੋਸੇ, ਗੋਲ-ਗੱਪੇ, ਪੂਰੀਆਂ ਅਤੇ ਛੋਲੇ-ਕੁਲਚੇ ਵੀ ਸ਼ਾਮਲ ਸਨ।
ਮੇਨ ਸਟਰੀਟ ਦੀ ਪੰਜਾਬੀ ਮਾਰਕੀਟ ਪਹੁੰਚਣ ਤੋਂ ਉਰ੍ਹਾਂ ਹੀ ਉਸ ਮਾਰਕੀਟ ਦੀ ਮਹਿਕ ਪਹੁੰਚ ਜਾਂਦੀ ਸੀ। ਭਾਵੇਂ ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਇਕ ਸਦੀ ਤੋਂ ਵੱਧ ਸਮਾਂ ਪਹਿਲਾਂ, ਬ੍ਰਿਟਿਸ਼ ਕੋਲੰਬੀਆ ਵਿਚ ਫੱਟੇ ਖਿੱਚਣ ਦੇ ਨਾਲ਼-ਨਾਲ਼, ਫੱਟੇ ਚੁੱਕਣ ਵੀ ਲੱਗ ਪਏ ਸਨ, ਪਰ ਫਿਰ ਵੀ ੧੯੭੦ਵਿਆਂ ਤੋਂ ਪਹਿਲਾਂ ਇੱਥੇ ਪੰਜਾਬੀ ਮਾਰਕੀਟ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਸੀ। ਇਸ ਤੋਂ ਬਾਅਦ ਜਦੋਂ ਦੋਹਾਂ ਪੰਜਾਬਾਂ ਦੇ ਲੋਕ ਵੱਡੀ ਗਿਣਤੀ ਵਿਚ, ਸਾਊਥ ਵੈਨਕੂਵਰ ਵਿਚ ਆ ਵਸੇ ਤਾਂ ਪੰਜਾਬੀ ਮਾਰਕੀਟ ਦੀ ਲੋੜ ਮਹਿਸੂਸ ਕੀਤੀ ਜਾਣ ਦੇ ਨਾਲ਼ ਹੀ ਇਸ ਦੀਆਂ ਕਰੂੰਬਲਾਂ ਫੁੱਟ ਪਈਆਂ।
ਇਸ ਦੇ ਨਾਲ਼ ਹੀ ੧੯੬੯ ਵਿਚ, ਰੌਸ ਸਟਰੀਟ ਉੱਤੇ ਆਰਥਰ ਐਰਿਕਸਨ ਦੇ ਡਿਜ਼ਾਈਨ ਦੇ ਆਧਾਰ 'ਤੇ ਬਣਾਇਆ ਗਿਆ ਗੁਰੂ ਘਰ ਵੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ।ਕੈਨੇਡਾ ਵਿਚ ਪੰਜਾਬੀ-ਪ੍ਰੇਮੀਆਂ ਨੇ ਆਪਣੀ ਭਾਸ਼ਾ ਦੇ ਪਿਆਰ-ਪਸਾਰ ਹਿੱਤ 'ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ' ਨਾਂ ਦੀ ਇਕ ਸੰਸਥਾ ਵੀ ਬਣਾਈ ਹੋਈ ਹੈ। ਅਸੀਂ ਇੱਥੇ ਹਵਾਈ ਅੱਡੇ ਦੇ ਬੋਰਡਾਂ ਉੱਤੇ ਪੰਜਾਬੀ ਲਿਖਾ ਲਈ, ਗੁਰੂ ਘਰ ਬਣਾ ਲਏ, ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਚਾਲੂ ਕਰਾ ਲਈਆਂ, ਪੰਜਾਬੀ ਵਿਚ ਅਖ਼ਬਾਰ ਸ਼ੁਰੂ ਕਰ ਲਏ ਹਨ। ਕੀ ਪੰਜਾਬੀਆਂ ਦੇ ਵਪਾਰਕ ਅਦਾਰਿਆਂ ਜਾਂ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਿਖਾਉਣੇ ਤੁਹਾਡੇ ਲਈ ਔਖੇ ਹਨ? ਮੂਲ਼ੋਂ ਨਹੀਂ! ਤੁਸੀਂ ਸ਼ੁਰੂ ਕਰ ਕੇ ਤਾਂ ਦੇਖੋ, ਸਾਰੀ ਕਾਇਨਾਤ ਤੁਹਾਨੂੰ ਆਪਣਾ ਸਾਥ ਦਿੰਦੀ ਦਿਸੇਗੀ।#
