SHABDANGAL-7


ਸਰਮਾ ਜੀ ਕਾ ਹੋਰ ਮੋਰ ਜਬ ਗਊ
ਮਾਤਾ 'ਇਜ਼ ਨਾਟ ਏ ਮੋਰ'
ਰਾਜਸਥਾਨ ਹਾਈ ਕੋਰਟ ਨੇ ੩੧ ਮਈ ਨੂੰ ਉਸ ਵੇਲ਼ੇ ਇਕ ਨਵਾਂ ਇਤਿਹਾਸ ਘੜ ਦਿੱਤਾ, ਜਦ ਇਸ ਅਦਾਲਤ ਦੇ ਜੱਜ ਮਹੇਸ਼ ਚੰਦ ਸ਼ਰਮਾ ਨੇ ਸੇਵਾ ਮੁਕਤੀ ਲਈ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਕੁੱਝ ਇਹੋ ਜਿਹੇ ਨੁਕਤੇ ਉਠਾ ਦਿੱਤੇ ਕਿ ਸੁਣਨ ਵਾਲ਼ਿਆਂ ਦੇ ਭਰਵੱਟੇ ਹੀ ਉੱਠੇ ਅਤੇ ਤਣੇ ਰਹਿ ਗਏ। ਜੱਜ ਸਾਹਬ ਨੇ ਉਸ ਦਿਨ ਹੀ ਇਹ ਫ਼ਰਮਾਨ ਵੀ ਜਾਰੀ ਕਰ ਦਿੱਤਾ ਕਿ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਗਊ ਨੂੰ 'ਰਾਸ਼ਟਰੀ ਪਸ਼ੂ' ਕਰਾਰ ਦੇ ਦੇਣ। ਉਸ ਸਮੇਂ ਜਾਰੀ ਕੀਤੇ ੧੩੯ ਪੰਨਿਆਂ ਦੇ ਇਕ ਹੁਕਮ ਵਿਚ ਜਸਟਿਸ ਮਹੇਸ਼ ਚੰਦ ਸ਼ਰਮਾ ਨੇ ਕੁੱਝ ਇਹੋ ਜਿਹੇ ਇੰਕਸ਼ਾਫ਼ਾਤ ਵੀ ਕੀਤੇ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੀਆਂ ਉਗਲਾਂ ਤਾਂ ਮੂੰਹਾਂ ਵਿਚ ਪੈ ਹੀ ਗਈਆਂ, ਕੁੱਝ ਪੱਤਰਕਾਰਾਂ ਦੀਆਂ ਉਂਗਲਾਂ ਵੀ ਇਨ੍ਹਾਂ ਨੁਕਤਿਆਂ ਵੱਲ ਉੱਠ ਗਈਆਂ। ਇਨ੍ਹਾਂ ਨੁਕਤਿਆਂ ਵਿਚੋਂ ਸਭ ਤੋਂ ਵੱਧ ਧਿਆਨ ਉਸ ਨੁਕਤੇ ਨੇ ਖਿੱਚਿਆ, ਜਿਸ ਰਾਹੀਂ ਜਸਟਿਸ ਸ਼ਰਮਾ ਜੀ ਨੇ ਮੋਰ ਵਰਗੇ ਮਾਸੂਮ ਜਿਹੇ ਪਰਿੰਦੇ ਨੂੰ ਵੀ ਨਾ ਬਖ਼ਸ਼ਿਆ। ਮੋਰ ਦੀ ਗੁੱਝੀ ਨਿੱਜੀ ਜ਼ਿੰਦਗ਼ੀ ਉੱਤੇ ਰੌਸ਼ਨੀ ਪਾ ਕੇ, ਹਨ੍ਹੇਰ ਮਚਾਉਂਦਿਆਂ ਜਸਟਿਸ ਸ਼ਰਮਾ ਨੇ ਫ਼ਰਮਾਇਆ, "ਮੋਰ ਇਕ ਬ੍ਰਹਮਚਾਰੀ ਪਰਿੰਦਾ ਹੈ ਤੇ ਉਹ ਆਪਣਾ ਪਰਿਵਾਰ ਵਧਾਉਣ ਖ਼ਾਤਰ, ਸਾਰੀ ਉਮਰ ਆਪਣੀ ਸਾਥਣ ਮੋਰਨੀ ਨਾਲ਼ ਜਿਸਮਾਨੀ ਸਬੰਧ ਨਹੀਂ ਬਣਾਉਂਦਾ।"
ਸ਼ਰਮਾ ਜੀ ਨੇ ਇਹ ਨੁਕਤਾ ਉਠਾਉਂਦਿਆਂ, ਇੰਟਰਨੈੱਟ ਸਮੇਤ ਜਹਾਨ ਭਰ ਵਿਚ ਗਿਆਨ ਦੇ ਸਾਰੇ ਹੀ ਵਸੀਲਿਆਂ ਉੱਤੇ ਗਾਚਣੀ ਫੇਰ ਦਿੱਤੀ। ਉਨ੍ਹਾਂ ਨੇ ਮੋਰ-ਪਰਿਵਾਰ ਦੇ ਵਾਧੇ ਬਾਰੇ ਇਹ ਦਲੀਲ ਦਿੱਤੀ ਕਿ ਜਿਸਮਾਨੀ ਸਬੰਧਾਂ ਤੋਂ ਵਾਂਝੀ ਰਹਿੰਦੀ ਮੋਰਨੀ, ਮੋਰ ਦੇ ਹੰਝੂ ਚੁਗ ਲੈਂਦੀ ਹੈ ਤੇ ਉਨ੍ਹਾਂ ਹੰਝੂਆਂ ਨਾਲ਼ ਹੀ ਉਸ ਦੇ ਜਿਸਮ ਅੰਦਰ ਪ੍ਰਜਨਣ ਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਉਹ ਆਂਡੇ ਦਿੰਦੀ ਹੈ, ਜਿਨ੍ਹਾਂ ਵਿਚੋਂ ਇਕ ਖ਼ਾਸ ਮਿਆਦ ਪੁੱਗਣ 'ਤੇ ਬੱਚੇ ਨਿੱਕਲਦੇ ਹਨ।
ਮੋਰ ਦੀ 'ਮੋਰ-ਮੋਰ' ਅਤੇ 'ਵੰਸ ਮੋਰ' ਕਰਾਉਂਦਿਆਂ 'ਜੱਜ ਸਾਹਿਬ' ਇਹ ਵੀ ਫ਼ਰਮਾ ਗਏ ਕਿ ਮੋਰ ਦੇ ਬ੍ਰਹਮਚਾਰੀ ਰਹਿਣ ਦੀ ਵਜ੍ਹਾ ਨਾਲ਼ ਹੀ ਭਗਵਾਨ ਸ਼੍ਰੀ ਕਿਸ਼ਨ, ਮੋਰ ਦਾ ਖੰਭ ਆਪਣੇ ਮੁਕਟ ਵਿਚ ਸਜਾਉਂਦੇ ਹੁੰਦੇ ਸਨ। ਮੋਰ ਦੀ ਪਵਿੱਤਰਤਾ ਦੀ ਵਜ੍ਹਾ ਨਾਲ਼ ਹੀ ਉਸ ਦੇ ਖੰਭਾਂ ਦਾ 'ਚੌਰ' ਜਾਂ 'ਚੰਵਰ' ਵੀ ਬਣਾਇਆ ਜਾਂਦਾ ਹੈ। 
ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਇਹ ਵੀ ਕਿਹਾ ਕਿ ਮੋਰ ਨੂੰ ਬ੍ਰਹਮਚਾਰੀ ਪਰਿੰਦਾ ਕਹਿਣ ਲਈ ਉਨ੍ਹਾਂ ਨੂੰ ਕੋਈ ਵਿਗਿਆਨਕ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ ਕਿਉਂ ਕਿ ਉਨ੍ਹਾਂ ਦੇ ਇਸ ਦਾਅਵੇ ਦੀ ਹਮਾਇਤ ਹਿੰਦੂ ਸ਼ਾਸਤਰ ਕਰਦੇ ਹਨ। ਉਨ੍ਹਾਂ ਨੇ ਕਿਹਾ, "ਭਗਵਤ ਪੁਰਾਣ ਵਿਚ, ਮੋਰ ਵੱਲੋਂ ਜਿਨਸੀ ਸਬੰਧ ਨਾ ਬਣਾਉਣ ਬਾਰੇ ਇਕ ਹਵਾਲਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਿਛਲੇ ਸਾਲ ਵੀ ਇਕ ਮੁਕੱਦਮੇ ਦੇ ਫੈਸਲੇ ਵਿਚ ਮੋਰ ਦੀ ਪਵਿੱਤਰਤਾ ਦਾ ਜ਼ਿਕਰ ਕਰ ਚੁੱਕੇ ਹਨ। ਉਸ ਮੁਕੱਦਮੇ ਦੀ ਸੁਣਵਾਈ ਕਰਦਿਆਂ ਜਸਟਿਸ ਸ਼ਰਮਾ ਨੇ ਉਸ ੧੭ ਸਾਲਾ ਮੁੰਡੇ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ, ਜਿਸ ਦੇ ਸਿਰ, ਬੂੰਦੀ ਜ਼ਿਲੇ ਦੇ ਪਿੰਡ ਕੇਸ਼ਪੁਰਾ ਵਿਚ ਜ਼ਹਿਰੀਲੇ ਚਾਰੇ ਨਾਲ਼ ੧੨ ਮੋਰ ਮਾਰਨ ਦਾ ਦੋਸ਼ ਲੱਗਿਆ ਹੋਇਆ ਸੀ।
ਸ਼ਾਇਦ ਸ਼ਰਮਾ ਜੀ ਨੇ 'ਨੈਸ਼ਨਲ ਜਿਓਗ੍ਰਾਫ਼ਿਕ' ਦੇ ਉਹ ਵਿਡੀਓਜ਼ ਨਹੀਂ ਦੇਖੇ, ਜਿਨ੍ਹਾਂ ਵਿਚ ਮੋਰ ਨੂੰ ਮੋਰਨੀ ਨਾਲ਼ ਜਿਸਮਾਨੀ ਸਬੰਧ ਬਣਾਉਣ ਖ਼ਾਤਰ ਰਾਜ਼ੀ ਕਰਨ ਲਈ ਬਹੁਤ ਜ਼ਿਆਦਾ ਮੁਸ਼ੱਕਤ ਕਰਦਾ ਅਤੇ ਫਿਰ ਇਸ ਕੰਮ ਵਿਚ ਕਾਮਯਾਬ ਹੁੰਦਾ ਵੀ ਦਿਖਾਇਆ ਗਿਆ ਹੈ।  
ਜਦੋਂ ਉਨ੍ਹਾਂ ਦਾ ਧਿਆਨ, ਜੈਪੁਰ ਦੀ ਇਕ ਸਰਕਾਰੀ ਗਊਸ਼ਾਲਾ ਵਿਚ ੫੦੦ ਤੋਂ ਵੱਧ ਗਊਆਂ ਮਰਨ ਸਬੰਧੀ ਇਕ ਮੁਕੱਦਮੇ ਦੇ ਇਸ ਫੈਸਲੇ ਦੀ ਖਿੱਲੀ ਉੱਡਣ ਵੱਲ ਦੁਆਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸੁਝਾਅ ਹੀ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਸਿਆਸਤ ਨਾਲ਼ ਜੋੜਨ ਦੀ ਥਾਂ ਗਊਆਂ ਨਾਲ਼ ਹੀ ਜੁੜਿਆ ਰਹਿਣ ਦਿੱਤਾ ਜਾਵੇ। ਇਨ੍ਹਾਂ ਵਿਡੀਓਜ਼ ਵਿਚ ਦਿਸਦਾ ਹੈ ਕਿ ਕਿਸੇ ਮੋਰਨੀ ਨੂੰ 'ਮਨਾਉਣ' ਖ਼ਾਤਰ ਦੋ ਜਾਂ ਵੱਧ ਮੋਰਾਂ ਵਿਚਾਲ਼ੇ ਜ਼ੋਰ ਅਜ਼ਮਾਈ ਵੀ ਹੁੰਦੀ ਰਹਿੰਦੀ ਹੈ ਤੇ ਇਸ ਸਬੰਧ ਵਿਚ ਅੰਤਮ ਫੈਸਲਾ ਮੋਰਨੀ ਹੀ ਕਰਦੀ ਹੈ। 
ਜੱਜ ਸਾਹਿਬ ਨੇ ਇਹ ਤੇ ਇਸ ਤੋਂ ਅਗਲੇ ਫ਼ਰਮਾਨ, ਇਸ ਕੇਸ ਦੇ ਸਬੰਧ ਵਿਚ ਦਾਇਰ ਕੀਤੀ ਹੋਈ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਇਹੋ ਜਿਹੇ ਫ਼ਰਮਾਨ ਸੁਣਾਏ ਜਾਣ ਦੀ ਇਕ ਵਜ੍ਹਾ ਇਹ ਵੀ ਸੀ ਕਿ ਇਹ ਫ਼ਰਮਾਨ ਸੁਣਾ ਕੇ ਉਨ੍ਹਾਂ ਨੇ ਰਿਟਾਇਰ ਹੋ ਜਾਣਾ ਸੀ। ਉਹ ਆਪਣੀ ਰਿਟਾਇਰਮੈਂਟ ਵੀ ਇਨ੍ਹਾਂ ਫ਼ਰਮਾਨਾਂ ਦੀ ਬਦੌਲਤ ਇਤਿਹਾਸਕ ਬਣਾਉਣੀ ਲੋਚਦੇ ਸਨ।
ਸ਼ਰਮਾ ਜੀ ਨੇ ਅਦਾਲਤ ਵਿਚ ਸਤਿਸੰਗ ਫ਼ਰਮਾਉਣ ਦੇ ਅੰਦਾਜ਼ ਵਿਚ ਕਿਹਾ ਕਿ 'ਗਊ ਮਾਤਾ' ਦੇ ਅੰਦਰ ੩੩ ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੈ ਤੇ ਹਿੰਦੂ ਮਿਥਹਾਸ ਅਨੁਸਾਰ, ਸਾਗਰ ਮੰਥਨ ਕਰਨ ਵੇਲ਼ੇ ਲਕਸ਼ਮੀ ਦੇਵੀ ਨਾਲ਼ ਹੀ ਗਊ ਮਾਤਾ ਦੇ ਦਰਸ਼ਨ ਵੀ ਹੋਏ ਸਨ। ਉਨ੍ਹਾਂ ਦੇ ਕਹਿਣ ਅਨੁਸਾਰ, "ਗਊ ਹੀ ਇਕ ਅਜਿਹਾ ਜਾਨਵਰ ਹੈ, ਜਿਹੜਾ ਸਾਹ ਲੈਣ ਲੱਗਿਆਂ ਵੀ ਤੇ ਸਾਹ ਛੱਡਣ ਲੱਗਿਆਂ ਵੀ ਆਕਸੀਜਨ ਹੀ ਛੱਡਦਾ ਹੈ। ਇਕ ਤਰ੍ਹਾਂ ਨਾਲ਼ ਇਹ ਜਾਨਵਰ, ਇਕ ਫਿਰਦਾ-ਤੁਰਦਾ ਹਸਪਤਾਲ ਹੈ।" 
ਇਹੇ ਫ਼ਰਮਾਨ ਸੁਣਾਉਂਦਿਆਂ ਸ਼ਾਇਦ ਸ਼ਰਮਾ ਜੀ ਨੂੰ ਗਊਆਂ ਮਰਨ ਸਬੰਧੀ ਦਾਇਰ ਕੀਤੀ ਹੋਈ ਪਟੀਸ਼ਨ ਤਾਂ ਵਿੱਸਰ ਹੀ ਗਈ ਸੀ ਤੇ ਉਹ ਆਪਣੀ ਰਿਟਾਇਰਮੈਂਟ ਨੂੰ ਚਾਰ ਚੰਦ ਲਾਉਣ 'ਤੇ ਤੁਲੇ ਹੋਏ ਲੱਗਦੇ ਸਨ। ਉਨ੍ਹਾਂ ਨੇ ਕਿਹਾ ਕਿ ਗੋਕਾ ਪਿਸ਼ਾਬ ਜਿਗਰ, ਦਿਲ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਇਹ, ਜਿਸਮ ਨੂੰ ਰੋਗਮੁਕਤ ਰੱਖਣ ਦੀ ਤਾਕਤ ਵਧਾਉਂਦਾ ਹੈ। ਉਹ ਤਾਂ ਇਹ ਵੀ ਫ਼ਰਮਾ ਗਏ ਕਿ ਗੋਕਾ ਪਿਸ਼ਾਬ ਪੀਣ ਨਾਲ਼ ਯਾਨੀ 'ਗਊ ਮੂਤਰ ਦਾ ਸੇਵਨ' ਕਰਨ ਨਾਲ਼ ਬੁਢਾਪਾ ਮੱਠੀ ਤੋਰੇ ਆਉਂਦਾ ਹੈ।ਗਊ ਦਾ ਪਿਸ਼ਾਬ ਪੀਣ ਵਾਲ਼ਿਆਂ ਦੇ ਪਿਛਲੇ ਜਨਮਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਜਸਟਿਸ ਸ਼ਰਮਾ ਦੇ ਕਹਿਣ ਮੁਤਾਬਕ, ਗਊਆਂ ਆਪਣੇ ਲੰਬੇ ਸਿੰਗਾਂ ਰਾਹੀ ਬ੍ਰਹਿਮੰਡੀ ਊਰਜਾ (ਤਾਕਤ) ਹਾਸਲ ਕਰਦੀਆਂ ਹਨ। ਗਊਆਂ ਦਾ ਦੁੱਧ ਪੀਣ ਵਾਲ਼ਿਆਂ ਦੇ ਲਹੂ ਅੰਦਰ ਕੈਂਸਰ ਦੇ ਸੈੱਲ ਨਹੀਂ ਵੜਦੇ। ਇਹ ਗੱਲ ਵੀ ਡਾਕਟਰ, ਨਾ ਸੱਚ ਜਸਟਿਸ ਸ਼ਰਮਾ ਨੇ ਹੀ ਕਹੀ ਹੈ ਤੇ ਕਹੀ ਵੀ ਰਾਜਸਥਾਨ ਹਾਈ ਕੋਰਟ ਵਿਚ ਹੈ। ਜਦੋਂ ਸ਼ਰਮਾ ਜੀ ਇਹ 'ਦੈਵੀ ਪ੍ਰਵਚਨ' ਕਰ ਰਹੇ ਹੋਣਗੇ ਤਾਂ ਅਦਾਲਤ ਵਿਚ ਹਾਜ਼ਰ ਲੋਕਾਂ, ਵਕੀਲਾਂ ਅਤੇ ਉਨ੍ਹਾਂ ਦੇ ਮੁਣਸ਼ੀਆਂ ਨੂੰ ਏਦਾਂ ਜਾਪਿਆ ਹੋਵੇਗਾ ਜਿੱਦਾਂ ਉਹ ਕਿਸੇ ਅਦਾਲਤ ਵਿਚ ਨਹੀਂ, ਸਗੋਂ ਕਿਸੇ ਬਾਬੇ ਦੇ ਸਤਿਸੰਗ ਦੇ ਪੰਡਾਲ ਵਿਚ ਬੈਠੇ ਹਨ।
ਮਾਨਯੋਗ ਜੱਜ ਸਾਹਿਬ ਸ਼੍ਰੀ ਮਹੇਸ਼ ਚੰਦ ਸ਼ਰਮਾ ਆਪਣੇ ਸਤਿਸੰਗ, ਨਾ ਸੱਚ ਅਦਾਲਤੀ ਹੁਕਮ ਵਿਚ ਇਹ ਵੀ ਫ਼ਰਮਾ ਗਏ ਹਨ ਕਿ ਗਊਆਂ ਦੇ ਰੰਭਣ ਨਾਲ਼ ਹਵਾ ਵਿਚੋਂ ਕਈ ਤਰ੍ਹਾਂ ਦੇ ਕਿਟਾਣੂ ਮਰ ਜਾਂਦੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਨੇਪਾਲ ਦੇ ਹਿੰਦੂਆਂ ਨੇ ਗਊ ਨੂੰ ਰਾਸ਼ਟਰੀ ਜਾਨਵਰ ਕਰਾਰ ਦੇ ਦਿੱਤਾ ਹੈ। ਸ਼ਰਮਾ ਜੀ ਨੇ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਇਨ੍ਹਾਂ ਨੁਕਤਿਆਂ ਵੱਲ ਧਿਆਨ ਦਿੰਦਿਆਂ ਭਾਰਤ ਸਰਕਾਰ ਅਤੇ ਸੂਬਾਈ ਸਰਕਾਰਾਂ ਸਾਰੇ ਦੇਸ਼ ਵਿਚ ਗਊ ਨੂੰ ਇਹ ਮਾਣ ਦੇ ਦੇਣਗੀਆਂ।
ਉਨ੍ਹਾਂ ਨੇ ਮੰਗ ਕੀਤੀ ਕਿ ਗਊ ਨੂੰ ਰਾਸ਼ਟਰੀ ਜਾਨਵਰ ਕਰਾਰ ਦੇਣ ਦੇ ਨਾਲ਼ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਪਵਿੱਤਰ ਜਾਨਵਰ ਦਾ ਘਾਤ ਕਰਨ ਵਾਲ਼ੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਇਆ ਕਰੇ।
ਆਪਣੇ-ਆਪ ਨੂੰ 'ਸ਼ਿਵ ਭਗਤ' ਦੱਸਦਿਆਂ, ਜਸਟਿਸ ਸ਼ਰਮਾ ਨੇ ਸਰਕਾਰ ਤੋਂ ਆਸ ਕੀਤੀ ਕਿ ਉਹ ਜਲਦੀ ਹੀ ਗਊ ਨੂੰ 'ਰਾਸ਼ਟਰੀ ਜਾਨਵਰ' ਕਰਾਰ ਦੇ ਦੇਵੇਗੀ ਤੇ ਤਦ ਤਕ ਰਾਜਸਥਾਨ ਦੇ ਮੁੱਖ ਸਕੱਤਰ ਅਤੇ ਐਡਵੋਕੇਟ ਜਨਰਲ ਨੂੰ ਗਊਆਂ ਦੇ ਕਾਨੂੰਨੀ ਰਾਖੇ ਹੋਣਗੇ। ਰਾਜਸਥਾਨ ਹਾਈ ਕੋਰਟ ਨੇ ਇਹ ਹੁਕਮ, ਗਊਆਂ ਵੱਢਣ ਖ਼ਾਤਰ ਵੇਚਣ 'ਤੇ ਕੇਂਦਰ ਸਰਕਾਰ ਵੱਲੋਂ ਰੋਕ ਲਾਉਣ ਨਾਲ਼ ਦੇਸ਼ ਭਰ ਵਿਚ ਇਕ ਤਿੱਖੀ ਬਹਿਸ ਛਿੜਨ ਦੌਰਾਨ ਜਾਰੀ ਕੀਤਾ ਹੈ। ਇਸ ਸਬੰਧ ਵਿਚ ਕੇਰਲਾ ਤੇ ਤਾਮਿਲਨਾਡੂ ਦੇ ਨਾਲ਼-ਨਾਲ਼ ਪੱਛਮੀ ਬੰਗਾਲ ਅਤੇ ਹੋਰ ਸੂਬਿਆਂ ਵਿਚ ਰੋਹ ਭਰੇ ਮੁਜ਼ਾਹਿਰੇ ਹੋਏ ਹਨ। ਪੱਛਮੀ ਬੰਗਾਲ ਨੇ ਤਾਂ ਇਸ ਪਾਬੰਦੀ ਨੂੰ ਇਹ ਕਹਿ ਕੇ ਨਕਾਰ ਦਿੱਤਾ ਹੈ ਕਿ ਇਸ ਨਾਲ਼ ਭਾਰਤ ਦੇ ਸੰਘੀ ਢਾਂਚੇ ਨੂੰ ਸੱਟ ਲੱਗਦੀ ਹੈ।
ਹੁਣੇ-ਹੁਣੇ ਪਤਾ ਲੱਗਿਆ ਹੈ ਕਿ ਭਾਰਤ ਵਿਚ ਗਊਆਂ ਦੇ ਮਾਸ ਦਾ ਵਪਾਰ ਕਰਨ ਵਾਲ਼ੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਹਿੰਦੂ ਵਪਾਰੀ ਹਨ, ਜਿਨ੍ਹਾਂ ਦਾ ਇਹ ਕਹਿਣ ਹੈ ਕਿ ਵਪਾਰ ਅਤੇ ਧਰਮ ਰਲ਼ਗੱਡ ਨਹੀਂ ਕਰਨੇ ਚਾਹੀਦੇ। ਭਾਰਤ ਵਿਚ ਰਾਜਸਥਾਨ ਸਮੇਤ ਕਈ ਸੂਬਿਆਂ ਵਿਚ ਗਊਆਂ ਵੱਢਣ ਦੀ ਸਖ਼ਤ ਮਨਾਹੀ ਹੈ। ੨੦੧੪ ਵਿਚ ਕੇਂਦਰ ਦੀ ਸੱਤਾ ਉੱਤੇ ਭਾਰਤੀ ਜਨਤਾ ਪਾਰਟੀ ਦਾ ਧੜੱਲੇਦਾਰ ਕਬਜ਼ਾ ਹੋ ਜਾਣ ਮਗਰੋਂ ਇਸ ਮਾਮਲੇ ਵਿਚ ਬਹੁਤ ਸਾਰੀ ਭਾਈਚਾਰਕ ਪਾਟੋ-ਧਾੜ ਹੋਈ ਹੈ। ਗਊਆਂ ਦੀ ਰਾਖੀ ਲਈ ਕਈ ਜਥੇਬੰਦੀਆਂ ਹੋਂਦ ਵਿਚ ਆਉਣ ਨਾਲ਼ ਅਤੇ ਉਨ੍ਹਾਂ ਵੱਲੋਂ ਜ਼ੋਰਦਾਰ ਸਰਗ਼ਰਮੀਆਂ ਵਿੱਢਣ ਨਾਲ਼ ਇਹ ਮਾਮਲਾ ਹੋਰ ਵੀ ਸੰਜੀਦਾ ਹੋ ਗਿਆ ਹੈ। 
ਜੈਪੁਰ ਤੋਂ ੩੦ ਕਿਲੋ ਮੀਟਰ ਦੂਰ 'ਹਿੰਗੋਨੀਆ ਕਾਓ ਰੀਹੈਬਲੀਟੇਸ਼ਨ ਸੈਂਟਰ' ਵਿਚ ਬਹੁਤ ਸਾਰੀਆਂ ਗਊਆਂ ਮਰ ਜਾਣ ਨਾਲ਼ ਸਰਕਾਰ ਨੂੰ ਬਹੁਤ ਜ਼ਿਆਦਾ ਨਮੋਸ਼ੀ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰਨ ਨਾਲ਼ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸੈਂਟਰ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੇ ਨੇ ਆਪਣੇ ਕੰਮ ਵਿਚ ਲਾਪ੍ਰਵਾਹੀ ਕੀਤੀ ਹੈ। ਇਸ ਸੈਂਟਰ ਵਿਚ ਬਹੁਤ ਸਾਰੇ ਵੱਛੇ-ਵੱਛੀਆਂ ਭੁੱਖ ਨਾਲ਼ ਮਰੇ ਹੀ ਨਹੀਂ ਸਨ, ਸਗੋਂ ਉਹ ਗਲ਼-ਗਲ਼ ਤਕ ਗੋਹੇ ਵਿਚ ਅਤੇ ਮੀਂਹ ਦੇ ਪਾਣੀ ਨਾਲ਼ ਗਲ਼ੇ ਹੋਏ ਕੱਖ-ਕਾਣ ਵਿਚ ਧੱਸੇ ਵੀ ਹੋਏ ਸਨ।
ਇਸ ਲਈ ਸਾਨੂੰ ਮੋਰਾਂ ਤੇ ਗਊਆਂ ਦੀ ਪ੍ਰਵਾਹ ਛੱਡ ਕੇ ਇਹ ਦੇਖਣਾ ਪਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਗਊ-ਪੂਜਾ ਕਰ ਕੇ ਪੁੰਨ ਖੱਟਣ ਦੀ ਸਿੱਖਿਆ ਦੇਣੀ ਹੈ ਜਾਂ ਉਨ੍ਹਾਂ ਨੂੰ ਸਿੱਖਿਆ ਦੇਣ ਖ਼ਾਤਰ ਗਊ-ਹੱਤਿਆ ਕਰ ਕੇ ਕੀਤੀ ਹੋਈ ਕਮਾਈ ਖ਼ਰਚਣੀ ਹੈ।#