SHABDANGAL-8


ਤਰਕਾਰੀ ਹੀ ਬਣ ਚੱਲੀ ਏ ਜਹਾਨ ਭਰ ਵਿਚ ਮੀਡੀਆ ਕਹਾਉਂਦੀ ਪੱਤਰਕਾਰੀ 
ਇਹ ਗੱਲ ਸ਼ਾਇਦ ਹੀ ਕਿਸੇ ਨੂੰ ਪਚੇ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਸਹਾਈ ਹੋਣ ਦੀ ਦਾਅਵੇਦਾਰ 'ਪੱਤਰਕਾਰੀ' ਹੁਣ ਖ਼ੁਦ ਕਈ ਮਸਲਿਆਂ ਦੀ ਸ਼ਿਕਾਰ ਹੈ। ਕੁੱਝ ਮਸਲੇ ਤਾਂ ਇਸ ਨੇ ਆਪੇ ਸਹੇੜੇ ਹਨ ਤੇ ਕੁੱਝ ਮਸਲੇ ਇਸ ਦੇ ਗਲ਼ ਹੁਕਮਰਾਨਾਂ ਨੇ ਪਾ ਦਿੱਤੇ ਹਨ। ਇਹੋ ਗੱਲ, ਸੌਖੀ ਤਰ੍ਹਾਂ ਸਮਝਾਉਣ ਲਈ 'ਐੱਨ ਡੀ ਟੀ ਵੀ' ਦੇ ਮੇਜ਼ਬਾਨ ਰਵੀਸ਼ ਕੁਮਾਰ ਵੱਲੋਂ ਕੀਤੇ ਗਏ, ਕੁੱਝ 'ਤੱਤੇ-ਤੱਤੇ' ਇੰਕਸ਼ਾਫ਼ਾਂ ਦਾ ਸਹਾਰਾ ਲੈ ਲੈਂਦੇ ਹਾਂ। 
ਰਵੀਸ਼ ਕੁਮਾਰ ਨੇ ਕਿਹਾ ਹੈ, "ਦੁਨੀਆ ਭਰ ਵਿਚ ਸਰਕਾਰਾਂ ਦੇ ਕੰਮ-ਕਾਰ ਦਾ ਢੰਗ ਬਦਲ ਰਿਹਾ ਹੈ। ਸਰਕਾਰਾਂ ਵੀ ਬਦਲ ਰਹੀਆਂ ਹਨ। ਮੀਡੀਆ ਹੁਣ ਸਰਕਾਰਾਂ ਦਾ ਨਵਾਂ ਮੋਰਚਾ ਹੈ। ਜਹਾਨ ਭਰ ਦੀਆਂ ਸਰਕਾਰਾਂ ਮੀਡੀਆ ਨੂੰ ਜਿੱਤਣ ਦੇ ਹੀਲੇ ਕਰ ਰਹੀਆਂ ਹਨ। ਹਰ ਥਾਂ ਮੀਡੀਆ ਉਹੋ ਜਿਹਾ ਨਹੀਂ ਰਿਹਾ, ਜਿਹੋ ਜਿਹਾ ਹੋਣਾ ਚਾਹੀਦਾ ਹੈ। 'ਨਿਊ ਯਾਰਕ ਟਾਈਮਜ਼' ਵਿਚ ਛਪੇ ਹੋਏ ਇਕ ਲੇਖ ਵਿਚ ਪ੍ਰੋਫੈਸਰ ਸਰਜੇਈ ਗੁਰੀਵ ਅਤੇ ਪ੍ਰੋਫੈਸਰ ਡੇਨੀਅਲ ਤਰਿਸਮੈਨ ਨੇ ਏਦਾਂ ਲਿਖਿਆ ਹੋਇਆ ਹੈ ਕਿ ਅੱਜ-ਕੱਲ੍ਹ ਨਵੀਂ ਤਰ੍ਹਾਂ ਦੀਆਂ ਆਪਹੁਦਰੀਆਂ ਸਰਕਾਰਾਂ ਦਾ ਰਿਵਾਜ ਪੈ ਚੁੱਕਾ ਹੈ। ਇਹ ਸਰਕਾਰਾਂ ਵਿਰੋਧੀ ਧਿਰ ਨੂੰ ਖ਼ਤਮ ਕਰ ਦਿੰਦੀਆਂ ਹਨ ਅਤੇ ਥੋੜ੍ਹੀ ਜਿਹੀ ਵਿਰੋਧੀ ਧਿਰ ਬਚਾ ਕੇ ਰੱਖਦੀਆਂ ਹਨ ਤਾਂ ਕਿ ਜਮਹੂਰੀਅਤ ਦਾ ਭਰਮ ਵੀ ਬਣਿਆ ਰਹੇ। ਇਨ੍ਹਾਂ ਸਰਕਾਰਾਂ ਵੱਲੋਂ ਸੂਚਨਾ ਤਕਨਾਲੋਜੀ ਅਤੇ ਭੰਡੀ ਪ੍ਰਚਾਰ ਦਾ ਕਾਫੀ ਸਹਾਰਾ ਲਿਆ ਜਾਂਦਾ ਹੈ। ਸੈਂਸਰਸ਼ਿੱਪ ਦੇ ਨਵੇਂ-ਨਵੇਂ ਤਰੀਕੇ ਆ ਗਏ ਹਨ। ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ 'ਸਾਡੇ ਤੋਂ ਬਗ਼ੈਰ' ਉਨ੍ਹਾਂ ਕੋਲ ਹੋਰ ਬਦਲ ਨਹੀਂ ਹੈ। ਇਨ੍ਹਾਂ ਹੁਕਮਰਾਨਾਂ ਨੂੰ 'ਨਿਊ ਆਟੋਕ੍ਰੇਟਸ' ਯਾਨੀ 'ਨਵੇਂ ਆਪਹੁਦਰੇ ਹੁਕਮਰਾਨ' ਕਿਹਾ ਗਿਆ ਹੈ, ਜੋ ਮੀਡੀਆ ਨੂੰ ਇਸ਼ਤਿਹਾਰਾਂ ਦੀ ਵੱਢੀ ਦਿੰਦੇ ਹਨ, ਮੀਡੀਆ ਖ਼ਿਲਾਫ਼ ਕੇਸ ਕਰਨ ਦੀ ਧਮਕੀ ਦਿੰਦੇ ਹਨ, ਨਵੇਂ-ਨਵੇਂ ਸਰਮਾਇਆਕਾਰਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਵਾਲ਼ੇ ਮੀਡੀਆ ਅਦਾਰਿਆਂ ਨੂੰ ਖਰੀਦਣ ਲਈ ਉਕਸਾਉਂਦੇ ਹਨ।"
ਰਵੀਸ਼ ਕੁਮਾਰ ਫ਼ਰਮਾਉਂਦੇ ਹਨ, "ਪੱਤਰਕਾਰਾਂ ਨੂੰ ਚਮਚੇ ਬਣਨ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਸ਼ੱਕ ਕਰਨ ਵਾਲ਼ੇ ਹੋਣਾ ਚਾਹੀਦਾ ਹੈ ਯਾਨੀ ਉਹ, ਸਰਕਾਰ ਦੇ ਹਰ ਦਾਅਵੇ ਨੂੰ ਸ਼ੱਕ ਦੀ ਨਜ਼ਰ ਨਾਲ਼ ਦੇਖਣ।-ਇਹ ਫ਼ਿਕਰਾ, ਅਮਰੀਕਾ ਦੇ ਲਾਹੇ ਜਾ ਚੁੱਕੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਹੈ, ਜੋ ਉਨ੍ਹਾਂ ਨੇ ਆਪਣਾ ਅਹੁਦਾ ਛੱਡਣ ਤੋਂ ੪੮ ਘੰਟੇ ਪਹਿਲਾਂ, ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ਼ ਗੱਲਾਂ ਕਰਦਿਆਂ ਬੋਲਿਆ ਸੀ।"
ਰਵੀਸ਼ ਕੁਮਾਰ ਕਹਿੰਦੇ ਹਨ ਕਿ ਦਿੱਲੀ ਦੇ ਕੁੱਝ ਇਲਾਕਿਆਂ ਵਿਚ ਦੇਸ਼ ਪੱਧਰ 'ਤੇ ਛਾ ਜਾਣ ਵਾਲ਼ੇ ਸਿਆਸੀ ਬਿਆਨਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਹੁਣ ਸੁਆਲਾਂ ਦਾ ਰਾਸ਼ਟਰੀ ਉਤਪਾਦਨ ਬੰਦ ਹੈ। ਜੋ ਸਮਝਦਾਰ ਹਨ, ਉਹ ਹੁਣ ਯਾਰ ਹਨ। ਜੋ ਨਹੀਂ ਸਮਝ ਸਕੇ, ਉਹ ਮੁਕੱਦਮੇਂ ਝੱਲ ਰਹੇ ਹਨ। ਦਿੱਲੀ ਦੇ ਪੱਤਰਕਾਰਾਂ ਨੂੰ ਹੁਣ ਡਰ ਲੱਗਦਾ ਹੈ। ਹੁਣ ਜਾਂ ਚਮਚੇ ਬੋਲਦੇ ਹਨ ਜਾਂ ਫਿਰ ਜਿਨ੍ਹਾਂ ਨੇ ਚਮਚੇ ਬਣਨਾ ਹੈ, ਉਹ ਬੋਲਦੇ ਹਨ। ਇਹ ਇਲਾਕਾ ਸਾਡੇ ਪੇਸ਼ੇ ਦੇ ਅੰਦਰ ਬਹਿ ਗਏ ਰਾਸ਼ਟਰੀ ਡਰ ਦੀ ਰਾਜਧਾਨੀ ਹੈ। ਦਿੱਲੀ ਦੇ ਰਾਹਾਂ ਵਿਚ ਖੁਫ਼ੀਆ ਏਜੰਸੀਆਂ ਦਾ ਡਰ ਹਮੇਸ਼ਾ ਰਿਪੋਰਟਰ ਦਾ ਪਿੱਛਾ ਕਰਦਾ ਹੈ।
ਰਵੀਸ਼ ਕੁਮਾਰ ਕਹਿੰਦੇ ਹਨ, "ਇੰਨਾ ਵੀ ਘਬਰਾਉਣ ਦੀ ਲੋੜ ਨਹੀਂ, ਬੱਸ ਜਾਨਣ ਦੀ ਲੋੜ ਹੈ ਕਿ ਇਸ ਮੀਡੀਆ ਵਿਚ ਕੀ ਹੋ ਰਿਹਾ ਹੈ। ਫਿਰ ਤੁਹਾਨੂੰ ਸਮਝ ਆ ਜਾਵੇਗਾ ਕਿ ਤੁਹਾਡੇ ਨਾਲ਼ ਕੀ ਹੋਵੇਗਾ। ਡਰਾਉਣ ਵਾਲ਼ੇ ਤਾਕਤਵਰ ਹੁੰਦੇ ਹਨ, ਇਹ ਗੱਲ ਸਹੀ ਹੈ। ਪਰ ਉਸ ਦਾ ਕੀ ਕਰੋਂਗੇ, ਜਿਹੜਾ ਕਮਜ਼ੋਰ ਹੈ, ਪਰ ਡਰਦਾ ਨਹੀਂ? ਤੁਹਾਨੂੰ ਦਿੱਲੀ ਵਿਚ ਦੋ ਤਰ੍ਹਾਂ ਦੇ ਪੱਤਰਕਾਰ ਮਿਲਣਗੇ। ਇਕ ਜੋ ਡਰੇ ਹੋਏ ਹਨ, ਦੂਜੇ ਜਿਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਜੋ ਡਰੇ ਹੋਏ ਹਨ, ਉਨ੍ਹਾਂ ਵਿਚ ਦੋ ਤਰ੍ਹਾਂ ਦੇ ਡਰਾਕਲ਼ ਮਿਲਣਗੇ। ਇਕ ਉਹ, ਜਿਨ੍ਹਾਂ ਨੂੰ ਡਰਨ ਦੀ ਕਾਫੀ ਕੀਮਤ ਮਿਲ ਰਹੀ ਹੈ! ਦੂਜੇ ਜਿਨ੍ਹਾਂ ਨੂੰ ਡਰ ਦੇ ਬਦਲੇ ਡਰ ਹੀ ਮਿਲ ਰਿਹਾ ਹੈ। ਦਿੱਲੀ ਦੇ ਪੱਤਰਕਾਰਾਂ ਦੀ ਹਾਲਤ ਇਹ ਹੈ ਕਿ ਕਹਿ ਦਿਓ ਪਈ ਤੁਹਾਡਾ ਫੋਨ ਰਿਕਾਰਡ ਹੋ ਰਿਹਾ ਹੈ ਤਾਂ ਉਹ ਘਬਰਾ ਕੇ ਗੱਲ-ਬਾਤ ਬੰਦ ਕਰ ਦਿੰਦੇ ਹਨ। ਰਿਕਾਰਡਿੰਗ ਦੀ ਗੱਲ ਸੱਚ ਹੈ ਜਾਂ ਨਹੀਂ, ਪਰ ਇਸ ਦਾ ਡਰ ਸੱਚੀਂ ਹੈ। ਸਾਰੀ ਦੁਨੀਆ ਵਿਚ ਮੀਡੀਆ ਸੱਤਾ ਦੀ ਗੋਦ ਵਿਚ ਖੇਡ ਰਿਹਾ ਹੈ। ਇਹ 'ਗੋਦੀ ਮੀਡੀਆ' ਹੈ। ਟੀਵੀ ਰਾਹੀਂ ਤੁਹਾਡੀ ਧਾਰਨਾ, ਤੁਹਾਡੀ ਸੋਚ ਨੂੰ, ਤੁਹਾਡੇ ਦਿਮਾਗ਼ ਵਿਚ ਬਣੇ ਅਕਸ ਨੂੰ ਕਾਬੂ ਕੀਤਾ ਜਾਂਦਾ ਹੈ। ਆਖ਼ਰ ਕੀ ਗੱਲ ਹੈ ਕਿ ਦੋ-ਚਾਰ ਮੁੱਦਿਆਂ ਦੇ ਆਲ਼ੇ-ਦੁਆਲ਼ੇ ਹੀ ਸਾਰੇ ਟੀਵੀ ਚੈਨਲ ਸਾਲ-ਸਾਲ ਭਰ ਬਹਿਸਦੇ ਹਨ! ਦੁਨੀਆ ਭਰ ਵਿਚ ਟੀਵੀ ਨੂੰ ਮੈਨੇਜ ਕਰਨਾ ਹੁਣ ਸਰਕਾਰ ਅਤੇ ਚੋਣ ਰਣਨੀਤੀ ਦਾ ਹਿੱਸਾ ਹੈ। ਟੀਵੀ ਹੁਣ ਇਕ ਇੱਟ ਬਣਦਾ ਜਾ ਰਿਹਾ ਹੈ। ਇੱਟ ਉੱਤੇ ਇੱਟ, ਟੀਵੀ ਉੱਤੇ ਟੀਵੀ, ਚੈਨਲਾਂ ਉੱਤੇ ਚੈਨਲ! ਦਰਸ਼ਕ ਦੇ ਦੁਆਲ਼ੇ ਇਕ ਖੂਹ ਬਣ ਗਿਆ ਹੈ। ਖੂਹ ਦੀ ਮੌਣ ਉੱਚੀ ਹੁੰਦੀ ਗਈ। ਦਰਸ਼ਕ ਧਾਰਨਾ ਦੇ ਇਸ ਅੰਨ੍ਹੇ ਖੂਹ ਵਿਚ ਬੰਦ ਹੋ ਗਿਆ ਹੈ। ਖੂਹ ਹੁਣ ਸੁਰੰਗ ਬਣ ਗਿਆ ਹੈ। ਤੁਹਾਡੀ ਸੋਚ ਉਸ ਸਕਰੀਨ ਦਾ ਵਿਸਤਾਰ ਬਣ ਜਾਂਦੀ ਹੈ। ਜੋ ਤੁਸੀਂ ਦੇਖਦੇ ਹੋ, ਉਹੀ ਸੋਚਣ ਲੱਗਦੇ ਹੋ, ਉਹੀ ਕਹਿਣ ਲੱਗਦੇ ਹੋ। ਦਰਸ਼ਕ ਨੂੰ ਦੋ-ਚਾਰ ਗੱਲਾਂ ਬਾਰੇ ਹੀ ਪਤਾ ਹੈ ਜਾਂ ਉਸੇ ਬਾਰੇ ਪਤਾ ਹੈ, ਜੋ ਦੱਸੇ ਜਾਣ ਦਾ ਫੈਸਲਾ ਹੋਇਆ ਹੈ। ਇਸ ਖੂਹ ਪਏ ਦਰਸ਼ਕ ਦਾ, ਦਰਸ਼ਕ ਹੋਣ ਦਾ ਵਜੂਦ ਮਿਟ ਗਿਆ ਹੈ। ਤੁਸੀਂ ਦਰਸ਼ਕ ਨਹੀਂ ਰਹੇ...।"
ਰਵੀਸ਼ ਕੁਮਾਰ ਨੇ ਇਹ ਅਤੇ ਹੋਰ ਬਹੁਤ ਸਾਰੀਆਂ ਗੱਲਾਂ, ਹਾਲ ਹੀ ਵਿਚ 'ਸੀ ਬੀ ਆਈ' ਵੱਲੋਂ 'ਐੱਨ ਡੀ ਟੀ ਵੀ' ਦੇ ਉੱਚ ਅਧਿਕਾਰੀਆਂ ਪ੍ਰਾਨੌਏ ਰੌਏ ਅਤੇ ਰਾਧਿਕਾ ਰੌਏ ਦੇ ਦਫ਼ਤਰਾਂ ਉੱਤੇ ਛਾਪੇ ਮਾਰਨ ਮਗਰੋਂ, ਆਪਣੇ ਚੈਨਲ ਦੇ ਇਕ ਪ੍ਰੋਗਰਾਮ ਵਿਚ ਕਹੀਆਂ ਸਨ। ਕਹਿੰਦੇ ਹਨ ਕਿ ਇਹ ਛਾਪੇ ਰੌਏ ਪਰਿਵਾਰ ਵੱਲੋਂ 'ਆਈ ਸੀ ਆਈ ਸੀ ਆਈ ਬੈਂਕ' ਤੋਂ ਲਏ ਉਸ ਕਰਜ਼ੇ ਦੇ ਸਬੰਧ ਵਿਚ ਮਾਰੇ ਗਏ, ਜੋ ਕਦੋਂ ਦਾ ਮੋੜਿਆ ਵੀ ਜਾ ਚੁੱਕਾ ਹੈ।
ਪ੍ਰਾਨੌਏ ਰੌਏ ਨੇ 'ਦ ਵਾਸ਼ਿੰਗਟਨ ਪੋਸਟ' ਨਾਲ਼ ਗੱਲ-ਬਾਤ ਕਰਦਿਆਂ ਇਹ ਕਿਹਾ ਸੀ, "ਸਾਡੇ ਟੀਵੀ ਚੈਨਲ ਅਤੇ ਇਸ ਦੇ ਪ੍ਰਮੋਟਰਾਂ ਨੇ 'ਆਈ ਸੀ ਆਈ ਸੀ ਆਈ ਬੈਂਕ' ਤੋਂ ਕਰਜ਼ਾ ਲਿਆ ਸੀ, ਜੋ ਮੋੜਿਆ ਜਾ ਚੁੱਕਾ ਹੈ। ਸਾਡੇ ਅਦਾਰੇ ਅਤੇ ਇਸ ਦੇ ਪ੍ਰਮੋਟਰਾਂ ਨੇ ਕਿਸੇ ਵੀ ਬੈਂਕ ਤੋਂ ਕਰਜ਼ਾ ਲੈ ਕੇ, ਉਸ ਨੂੰ ਮੋੜਨ ਵਿਚ ਕਦੇ ਕੋਤਾਹੀ ਨਹੀਂ ਕੀਤੀ। ਅਸੀਂ ਇਮਾਨਦਾਰੀ ਅਤੇ ਅਜ਼ਾਦੀ ਦੇ ਸਭ ਤੋਂ ਉੱਚੇ ਮਿਆਰਾਂ ਦੇ ਪਹਿਰੇਦਾਰ ਹਾਂ। ਇਹ ਵੀ ਸਪੱਸ਼ਟ ਹੈ ਕਿ 'ਐੱਨ ਡੀ ਟੀ ਵੀ' ਦੀ ਟੀਮ ਦੀ ਅਜ਼ਾਦੀ ਅਤੇ ਨਿਡਰਤਾ ਹੁਕਮਰਾਨ ਪਾਰਟੀ ਦੇ ਸਿਆਸਤਦਾਨਾਂ ਨੂੰ ਹਜ਼ਮ ਨਹੀਂ ਹੋ ਰਹੀ ਤੇ 'ਸੀ ਬੀ ਆਈ' ਵੱਲੋਂ ਮਰਵਾਏ ਗਏ ਇਹ ਛਾਪੇ, ਮੀਡੀਆ ਨੂੰ ਚੁੱਪ ਕਰਾਉਣ ਦਾ ਹੀ ਇਕ ਹੋਰ ਹੀਲਾ ਹਨ।" 
ਉਨ੍ਹਾਂ ਨੇ ਇਹ ਵੀ ਕਿਹਾ ਸੀ, "ਅਮਰੀਕੀ ਮੀਡੀਆ ਵਿਚ ਸਰਕਾਰ ਕੋਲੋਂ ਜੁਆਬ ਮੰਗਣੇ ਅਤੇ ਉਸ ਨੂੰ ਜੁਆਬਦੇਹ ਬਣਾਉਣਾ ਦੇਸ਼-ਭਗਤੀ ਭਰਿਆ ਕਸਬ ਸਮਝਿਆ ਜਾਂਦਾ ਹੈ, ਇੱਥੇ ਸਰਕਾਰ ਦੀ ਹਰ ਗੱਲ ਵਿਚ ਹਾਂ ਨਾਲ਼ ਹਾਂ ਮਿਲਾਉਣ ਨੂੰ ਹੀ ਦੇਸ਼-ਭਗਤੀ ਮੰਨਿਆ ਜਾਂਦਾ ਹੈ।"
ਇੱਥੇ ਇਹ ਦੱਸਣਾ ਵੀ ਬਣਦਾ ਹੀ ਹੈ ਕਿ 'ਵਰਲਡ ਪ੍ਰੈੱਸ ਫਰੀਡਮ ਇਨਡੈਕਸ' ਵਿਚ ਭਾਰਤ ੧੩੬ਵੇਂ ਸਥਾਨ 'ਤੇ ਹੈ ਅਤੇ ਉਹ ਪਿਛਲੇ ਸਾਲ ਤੋਂ ਤਿੰਨ ਦਰਜੇ ਹੇਠਾਂ ਹੀ ਆਇਆ ਹੈ। ਭਾਰਤ ਵਿਚ ਵਿਰੋਧੀ ਸੁਰਾਂ ਦਬਾਉਣ ਲਈ ਬਗ਼ਾਵਤ ਵਿਰੋਧੀ ਕਾਨੂੰਨ ਲਾਗੂ ਕੀਤੇ ਜਾਂਦੇ ਰਹਿੰਦੇ ਹਨ। ਸੰਨ ੨੦੦੫ ਵਿਚ ਇਹ ਕਾਨੂੰਨ ਲਾਗੂ ਕੀਤੇ ਜਾਣ ਤੋਂ ਲੈ ਕੇ ਹੁਣ ਤਕ, ਸੂਚਨਾ ਪ੍ਰਾਪਤ ਕਰਨ ਦੀ ਆਜ਼ਾਦੀ ਲਈ ਜੂਝਣ ਵਾਲ਼ੇ ੫੧ ਤੋਂ ਵੱਧ ਕਾਰਕੁਨ ਕਤਲ ਕੀਤੇ ਲੱਭੇ ਹਨ। ਕਈ ਵੱਡੀਆਂ ਕਾਰੋਬਾਰੀ ਕੰਪਨੀਆਂ ਨੂੰ ਵੀ ਭਾਰਤੀ ਮੀਡੀਆ ਦੀ ਮੜਕ ਰੜਕਦੀ ਰਹਿੰਦੀ ਹੈ। ਭਾਵੇਂ ਭਾਰਤ ਵਿਚ ੮੬ ਹਜ਼ਾਰ ਅਖ਼ਬਾਰ ਅਤੇ ੯੦੦ ਤੋਂ ਵੱਧ ਟੀਵੀ ਚੈਨਲ ਹਨ, ਪਰ ਟੌਹਰ, ਉਨ੍ਹਾਂ ਵਿਚੋਂ ਕੁੱਝ ਦਾ ਹੀ ਹੈ। 'ਰਿਲਾਇੰਸ' ਨਾਂ ਦੀ ਇਕ ਵੱਡੀ ਕੰਪਨੀ 'ਨਿਊਜ਼-੧੮' ਦੀ ਮਾਲਕਣ ਹੈ। ਇਸੇ ਕੰਪਨੀ ਦੀ ਹੀ ਟੀਵੀ ਚੈਨਲਾਂ ਅਤੇ ਮੈਗਜ਼ੀਨਜ਼ ਵਿਚ ਤੂਤੀ ਬੋਲਦੀ ਹੈ।
'ਸੀ ਬੀ ਆਈ' ਵੱਲੋਂ 'ਐੱਨ ਡੀ ਟੀ ਵੀ' ਉੱਤੇ ਛਾਪੇ ਮਾਰਨ ਤੋਂ ਕੁੱਝ ਹੀ ਦਿਨ ਪਹਿਲਾਂ, ਇਸ ਟੀਵੀ ਚੈਨਲ ਦੀ ਇਕ ਮੇਜ਼ਬਾਨ ਨਿਧੀ ਰਾਜ਼ਦਾਨ ਨੇ ਆਪਣੇ ਸ਼ੋਅ ਦੇ ਸਿੱਧੇ ਪ੍ਰਸਾਰਣ ਦੌਰਾਨ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਸ਼ੋਅ ਵਿਚੋਂ ਨਿੱਕਲ ਜਾਣ ਲਈ ਕਹਿ ਦਿੱਤਾ ਸੀ ਕਿਉਂ ਕਿ ਉਨ੍ਹਾਂ ਨੇ ਕਿਹਾ ਸੀ ਕਿ 'ਐੱਨ ਡੀ ਟੀ ਵੀ' ਦਾ ਤਾਂ ਆਪਣਾ ਹੀ ਏਜੰਡਾ ਹੈ। ਹੁਣ ਇਸ ਚੈਨਲ ਨੂੰ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਸਰਕਾਰ ਦਾ ਦੋਖੀ ਸਮਝਿਆ ਜਾਂਦਾ ਹੈ। ਪਿਛਲੇ ਸਾਲ (੨੦੧੬) ਨਵੰਬਰ ਵਿਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਟੀਵੀ ਚੈਨਲ ਦਾ ਪ੍ਰਸਾਰਣ ੨੪ ਘੰਟੇ ਲਈ ਬੰਦ ਕਰਨ ਦਾ ਜੱਗੋਂ ਤੇਰ੍ਹਵਾਂ ਹੁਕਮ ਦੇ ਦਿੰਦਿਆਂ ਦੋਸ਼ ਲਾਇਆ ਸੀ ਕਿ ਇਸ ਚੈਨਲ ਨੇ ਪਠਾਨਕੋਟ ਵਿਚ ਦਹਿਸ਼ਤਗ਼ਰਦਾਂ ਵੱਲੋਂ ਕੀਤੇ ਹਮਲੇ ਦੀਆਂ ਖ਼ਬਰਾਂ ਦਿਖਾਉਂਦਿਆਂ 'ਵਿਉਂਤਕ ਪੱਖ ਤੋਂ ਬਹੁਤ ਹੀ ਸੰਵੇਦਨਸ਼ੀਲ' ਜਾਣਕਾਰੀ ਜੱਗ-ਜ਼ਾਹਰ ਕਰ ਦਿੱਤੀ ਸੀ। ਚੈਨਲ ਵਾਲਿਆਂ ਨੇ ਜੁਆਬ ਦਿੱਤਾ ਸੀ ਕਿ ਨਸ਼ਰ ਹੋਈ ਜਾਣਕਾਰੀ ਉਹੀ ਸੀ, ਜੋ ਅਧਿਕਾਰੀਆਂ ਨੇ ਦਿੱਤੀ ਸੀ ਤੇ ਜੋ ਦੂਜੇ ਚੈਨਲਾਂ ਨੇ ਵੀ ਦਿਖਾਈ ਸੀ। ਹੋਰ ਕਿਸੇ ਚੈਨਲ ਨੂੰ ਤਾਂ ਉਹੀ ਕੁੱਝ ਦਿਖਾਉਣ 'ਤੇ ਕੋਈ ਸਜ਼ਾ ਨਹੀਂ ਸੁਣਾਈ ਗਈ ਸੀ। 
ਭਾਵੇਂ ਬਹੁਤ ਸਾਰੇ ਅਹਿਮ ਲੋਕਾਂ ਨੇ ਇਹ ਛਾਪੇ ਮਾਰੇ ਜਾਣ ਦਾ ਵਿਰੋਧ ਕੀਤਾ ਹੈ, ਪਰ ਬਹੁਤ ਸਾਰੇ ਮੀਡੀਆ ਵਾਲ਼ੇ ਚੁੱਪ ਵੀ ਰਹੇ। ਇਸ ਤੋਂ ਤਾਂ ਲੱਗਦਾ ਹੈ ਕਿ ਤਰਕਾਰੀ ਹੀ ਬਣ ਚੱਲੀ ਹੈ 'ਮੀਡੀਆ' ਕਹਾਉਂਦੀ ਪੱਤਰਕਾਰੀ! ਇਸ ਵੇਲ਼ੇ ਬਰਤੌਲਤ ਬਰੈਖਤ ਦੀਆਂ ਇਹ ਸਤਰਾਂ ਚੇਤੇ ਆ ਗਈਆਂ:
 "ਪਹਿਲੀ ਵਾਰੀ ਉਹ ਵਣਜਾਰਿਆਂ ਨੂੰ ਲੈਣ ਆਏ
 ਤਾਂ ਮੈਂ ਖ਼ੁਸ਼ ਸਾਂ ਕਿਉਂ ਕਿ ਉਹ ਚੋਰ ਸਨ।
 ਫੇਰ ਉਹ ਯਹੂਦੀਆਂ ਨੂੰ ਲੈਣ ਆਏ
 ਤਾਂ ਮੈਂ ਕੁੱਝ ਨਾ ਕਿਹਾ ਕਿਉਂ ਕਿ
 ਉਹ ਮੈਨੂੰ ਚੰਗੇ ਨਹੀਂ ਲੱਗਦੇ ਸਨ।
 ਫਿਰ ਉਹ ਸਮਲਿੰਗੀਆਂ ਨੂੰ ਲੈਣ ਆਏ
 ਤਾਂ ਮੈਂ ਰਾਹਤ ਮਹਿਸੂਸ ਕੀਤੀ ਕਿਉਂ ਕਿ
 ਉਹ ਮੈਨੂੰ ਭਾਉਂਦੇ ਨਹੀਂ ਸਨ।
 ਫਿਰ ਉਹ ਕਮਿਊਨਿਸਟਾਂ ਨੂੰ ਲੈਣ ਆਏ
 ਤਾਂ ਮੈਂ ਕੁੱਝ ਨਾ ਕਿਹਾ ਕਿਉਂ ਕਿ
 ਮੈਂ ਕਮਿਊੁਨਸਟ ਨਹੀਂ ਸਾਂ।
 ਇਕ ਦਿਨ ਉਹ ਮੈਨੂੰ ਲੈਣ ਆ ਗਏ
 ਤਾਂ ਇਸ ਵਿਰੁੱਧ ਰੋਸ ਜ਼ਾਹਰ ਕਰਨ ਵਾਲ਼ਾ
 ਕੋਈ ਨਹੀਂ ਸੀ।" #