ਕੈਨੇਡਾ ੧੫੦ ਸਾਲਾਂ ਦਾ ਜਾਂ ੧੫੦੦ ਸਾਲਾਂ ਦਾ?
ਜ਼ੋਰਾਂ-ਸ਼ੋਰਾਂ ਨਾਲ਼ ਵਿੱਢੇ ਹੋਏ ਜਸ਼ਨ ਸ਼ੁਰੂ ਤੋਂ ਹੀ ਰੱਫੜਾਂ ਦੇ ਸ਼ਿਕਾਰ ਰਹੇ
ਕੈਨੇਡਾ ਦੇ ਡੇਢ ਸੌ ਸਾਲਾਂ ਦਾ ਹੋ ਜਾਣ ਦੇ ਜਸ਼ਨਾਂ ਦੀ ਹਾਲੇ ਧੂੜ ਵੀ ਨਹੀਂ ਬੈਠੀ ਕਿ ਇਨ੍ਹਾਂ ਜਸ਼ਨਾਂ ਦੇ ਸਬੰਧ ਵਿਚ ਕਈ ਰੱਫੜ ਪਏ ਦਿਸਦੇ ਹਨ ਕਿਉਂ ਕਿ ਕੁੱਝ ਯੌਰਪੀਅਨਜ਼ ਦਾ ਕਹਿਣ ਹੈ ਕਿ ਉਨ੍ਹਾਂ ਨੇ ਕੈਨੇਡਾ ਦੀ ਹੋਂਦ ਦਾ ਖ਼ੁਰਾ ਸੰਨ ੧੫੦੦ ਵਿਚ ਨੱਪਿਆ ਹੋਇਆ ਦੇਖਿਆ ਸੀ। 'ਸੰਡੇ ਸਟਾਰ' ਦੇ ਐਡੀਟਰ ਰਹਿ ਚੁੱਕੇ, ਟੋਰਾਂਟੋ ਵਾਸੀ ਲੇਖਕ ਕੈਨੇਥ ਕਿੱਡ ਵੱਲੋਂ ਪਿਛਲੇ ਸਾਲ, ੨੮ ਦਸੰਬਰ ਨੂੰ ਛਪਾਏ ਗਏ ਇਕ ਲੇਖ ਵਿਚ ਇਸ ਸਬੰਧ ਵਿਚ ਕਈ ਅਹਿਮ ਇੰਕਸਾਫ਼ ਕੀਤੇ ਹੋਏ ਹਨ। ਇਸ ਲੇਖ ਵਿਚ ਉਨ੍ਹਾਂ ਨੇ ਏਦਾਂ ਫ਼ਰਮਾਇਆ ਹੋਇਆ ਹੈ, "ਲੰਡਨ ਵਿਚ ਰਹੇ ਨਕਸ਼ਾਨਵੀਸ ਹਰਮਨ ਮੋਲ ਨੇ ਸ਼ਾਇਦ ਕਦੇ ਵੀ ਐਟਲਾਂਟਿਕ ਸਾਗਰ ਪਾਰ ਨਾ ਕੀਤਾ ਹੋਵੇ, ਪਰ ਉਸ ਵੱਲੋਂ ਬਣਾਏ ਹੋਏ, ਗ੍ਰੇਟ ਬ੍ਰਿਟੇਨ ਦੇ ਸ਼ਹਿਨਸ਼ਾਹ ਦੇ ਸਾਮਰਾਜ ਦੇ 'ਨਵੇਂ ਅਤੇ ਸਹੀ ਨਕਸ਼ੇ' ਵਿਚ 'ਨਿਊ ਸਕਾਟਲੈਂਡ', ਅੱਜ ਦੇ ਨੋਵਾ ਸਕੋਸ਼ੀਆ, ਨਿਊ ਬਰੱਨਜ਼ਵਿਕ ਅਤੇ ਮੇਨ ਤੋਂ ਪਾਰ ਤਕ ਜਾਂਦਾ ਅਤੇ 'ਨਿਊ ਇੰਗਲੈਂਡ' ਮੌਜੂਦਾ ਕਿਊਬੈੱਕ ਅਤੇ ਅਨਟੋਰੀਓ ਦੇ ਉੱਤਰੀ ਪਾਸੇ ਨਾਲ਼ ਖਹਿੰਦਾ ਦਿਖਾਇਆ ਹੋਇਆ ਹੈ।ਮੋਲ ਨੇ ਇਹ ਨਕਸ਼ਾ ੧੭੧੫ ਵਿਚ ਛਪਾਇਆ ਸੀ।
ਇਸ ਇਤਿਹਾਸ ਵਿਚ ਭੋਰਾ ਵੀ ਸੱਚਾਈ ਸਮਝ ਲਈ ਜਾਵੇ ਤਾਂ ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਇਸ ਦਾਅਵੇ ਵਿਚ ਕਿੰਨੀ ਕੁ ਹਵਾ ਰਹਿ ਜਾਂਦੀ ਹੈ ਕਿ ਇਸ ਸਾਲ ਪਹਿਲੀ ਜੁਲਾਈ ਨੂੰ ਕੈਨੇਡਾ ੧੫੦ ਸਾਲਾਂ ਦਾ ਹੋ ਗਿਆ ਹੈ। ਸਾਲ ੨੦੧੭ ਵਿਚ ਹੀ ਉਸ ਦਿਨ ਦੀ ਵਰ੍ਹੇ ਗੰਢ ਮਨਾਈ ਜਾ ਸਕਦੀ ਹੈ, ਜਦੋਂ 'ਪ੍ਰਾਵਿੰਸ ਆਫ ਕੈਨੇਡਾ' (ਅਨਟੌਰੀਓ ਅਤੇ ਕਿਊਬੈੱਕ), ਨੋਵਾ ਸਕੋਸ਼ੀਆ ਅਤੇ ਨਿਊ ਬਰੱਨਜ਼ਵਿਕ ਨੇ ਰਲ਼ ਕੇ 'ਡੋਮੀਨੀਅਨ ਆਫ ਕੈਨੇਡਾ' ਬਣਾਉਣ ਦਾ ਹੀਲਾ ਕੀਤਾ ਸੀ। ਕੁੱਝ ਵੀ ਹੋਵੇ, ਇਸ ਘਟਨਾ ਨੂੰ ਕੈਨੇਡਾ ਦਾ ਜਨਮ ਦਿਨ ਨਹੀਂ ਕਿਹਾ ਜਾ ਸਕਦਾ।
ਜਿੱਦਾਂ ਯੂਰਪ ਦੇ ਲੋਕਾਂ ਨੇ, ੧੭੭੬ ਵਿਚ ਅਮਰੀਕਾ ਦੀ ਅਜ਼ਾਦੀ ਦਾ ਐਲਾਨ ਹੋਣ ਤੋਂ ਕਿਤੇ ਪਹਿਲਾਂ ਇਹ ਜਾਣ ਲਿਆ ਸੀ ਕਿ ਅਮਰੀਕਾ ਇਕ ਦੇਸ਼ ਹੈ, ਜਿਸ ਵਿਚ ਅਮਰੀਕੀ ਲੋਕ ਵਸਦੇ ਹਨ, ਮੂਲ਼ੋਂ ਹੀ ਉਸੇ ਤਰ੍ਹਾਂ, ਉਨ੍ਹਾਂ ਨੇ ੧੮੬੭ ਵਿਚ 'ਕੈਨੇਡਾ ਕਨਫੈਡਰੇਸ਼ਨ' ਦੀ ਸਥਾਪਨਾ ਕਰਨ ਤੋਂ ਸਦੀਆਂ ਪਹਿਲਾਂ ਇਹ ਵੀ ਜਾਣ ਲਿਆ ਸੀ ਕਿ 'ਕੈਨੇਡਾ' ਵੀ ਕੋਈ ਮੁਲਕ ਹੈ, ਜਿਸ ਵਿਚ ਕੈਨੇਡੀਅਨ ਲੋਕ ਵਸਦੇ ਹਨ। 'ਕੈਨੇਡਾ' ਸ਼ਬਦ ਜੈਕੁਅਸ ਕਾਰਟੀਅਰ ਦੀ ਦੂਜੇ ਸਫ਼ਰ (੧੫੩੫-੧੫੩੬) ਵੇਲ਼ੇ ਵੀ ਪ੍ਰਚੱੱਲਤ ਸੀ, ਜਦੋਂ ਕਾਰਟੀਅਰ ਨੇ ਹੁਰੋਨ-ਇਰੋਕੋਆਈ ਸ਼ਬਦ 'ਕੈਨਾਟਾ' ਦਾ ਅਨੁਵਾਦ 'ਸੈਟਲਮੈਂਟ' (ਬਸਤੀ ਜਾਂ ਅਬਾਦੀ) ਕੀਤਾ ਸੀ। ੧੫ਵੀਂ ਸਦੀ ਦੇ ਅੱਧ ਤਕ ਯੂਰਪ ਵਿਚ ਉੱਤਰੀ ਅਮਰੀਕਾ ਦੇ ਨਕਸ਼ਿਆਂ ਵਿਚ ਸੇਂਟ ਲਾਰੰਸ ਨਦੀ ਦੇ ਉੱਤਰ ਵੱਲ ਪੈਂਦੇ ਇਲਾਕੇ ਨੂੰ 'ਕੈਨੇਡਾ' ਦਰਸਾਇਆ ਹੋਇਆ ਸੀ।
ਇਸ ਲਈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਥਾਮਸ ਜੈਫਰਸਨ ਨੇ ੧੮੧੨ ਦੀ ਜੰਗ ਦੌਰਾਨ ਇਕ ਸ਼ਾਮ ਇਹ ਫੜ੍ਹ ਮਾਰੀ ਸੀ ਕਿ 'ਕੈਨੇਡਾ ਫ਼ਤਿਹ ਕਰਨਾ ਤਾਂ ਬੱਸ 'ਮਾਰਚਿੰਗ' ਕਰਦਿਆਂ ਜਾ ਵੜਨ ਵਰਗਾ ਹੀ ਹੈ' ਤਾਂ ਉਸ ਵੇਲ਼ੇ ਕਿਸੇ ਨੂੰ ਵੀ ਇਹ ਭਰਮ-ਭੁਲੇਖਾ ਨਹੀਂ ਸੀ ਕਿ ਉਹ ਇਸ ਧਰਤੀ ਦੇ ਕਿਹੜੇ ਹਿੱਸੇ ਦਾ ਹਵਾਲਾ ਦੇ ਰਹੇ ਸਨ। ਉਨ੍ਹਾਂ ਦੇ ਕਹਿਣ ਮੁਤਾਬਿਕ ਧਰਤੀ ਦਾ ਇਹ ਹਿੱਸਾ ਅੱਜ ਵਾਲ਼ਾ ਅਨਟੋਰੀਓ ਅਤੇ ਕਿਊਬੈੱਕ ਹੀ ਸੀ। ਕਈ ਲੋਕ ਹਾਲੇ ਵੀ ਅਨਟੋਰੀਓ ਨੂੰ 'ਅੱਪਰ ਕੈਨੇਡਾ' ਕਹਿੰਦੇ ਹਨ ਕਿਉਂ ਕਿ ੧੭੯੧ ਤੋਂ ੧੮੪੧ ਵਿਚਾਲੇ ਇਸ ਇਲਾਕੇ ਦਾ ਨਾਂ ਇਹੋ ਵੱਜਦਾ ਸੀ।
ਇਸ ਕਰ ਕੇ ਇਹ ਕਹਿਣਾ ਰਤਾ ਕੁ ਅਣਇਤਿਹਾਸਕ ਜਿਹਾ ਹੀ ਹੈ ਕਿ ਕੈਨੇਡਾ ਤਾਂ ਅਜੇ ਮਸਾਂ ਡੇਢ ਕੁ ਸਾਲ ਦਾ ਹੀ ਹੈ। ਫੇਰ ਇਹ ਗੱਲ ਧੁੰਮ ਕਿੱਦਾਂ ਗਈ? ਇਸ ਦੀ ਵੀ ਇਕ ਵਜ੍ਹਾ ਹੈ ੧੯੬੭ ਵਿਚ ਕੈਨੇਡਾ ਦੇ ਕਨਫੈਡਰੇਸ਼ਨ ਬਣਨ ਦੀ ਸ਼ਤਾਬਦੀ ਦੇ ਜਸ਼ਨ ਮਨਾਉਣਾ। ੧੯੮੨ ਤਕ ਔਟਵਾ ਨੇ 'ਕੈਨੇਡਾ ਡੇ' ਦੀ ਕੌਮੀ ਛੁੱਟੀ ਦੇ ਹੱਕ ਵਿਚ ਭੁਗਤਦਿਆਂ 'ਡੋਮੀਨੀਅਨ ਡੇ' ਨੂੰ ਨੁੱਕਰੇ ਲਾ ਦਿੱਤਾ ਸੀ।
'ਕੈਨੇਡਾ ਦੇ ੧੫੦ ਸਾਲ' ਵੀ ਇਕ ਤਰ੍ਹਾਂ ਨਾਲ਼ 'ਕੈਨੇਡਾ ਕਨਫੈਡਰੇਸ਼ਨ ਦੀ ੧੫੦ਵੀਂ ਵਰ੍ਹੇ ਗੰਢ ਵਾਂਗ ਹੀ ਹਨ। ਇਸੇ ਨੂੰ ਕੈਨੇਡਾ ਸਰਕਾਰ ਨੇ ਕੈਨੇਡਾ ਦੀ ਸਥਾਪਨਾ ਦੇ ਪੰਜਾਹ ਸਾਲਾਂ ਵਜੋਂ ਧੁਮਾ ਦਿੱਤਾ ਹੈ। ਕਹਿੰਦੇ ਨੇ ਮਲਕਾ ਅਲਿਜ਼ਬੈੱਥ (ਦੋਇਮ) ਨੇ ੩੧ ਦਸੰਬਰ, ੨੦੧੬ ਨੂੰ ਇਕ ਰਿਕਾਰਡਿਡ ਸੁਨੇਹੇ ਰਾਹੀਂ, ਕੈਨੇਡਾ ਕਨਫੈਡਰੇਸ਼ਨ ਦੀ ੧੫੦ਵੀਂ ਵਰ੍ਹੇ ਗੰਢ ਦੇ ਸਬੰਧ ਵਿਚ ਵਧਾਈਆਂ ਤੇ ਸ਼ੁੱਭ ਇੱਛਾਵਾਂ ਪੇਸ਼ ਕਰ ਦਿੱਤੀਆਂ ਸਨ।
ਕੈਨੇਡਾ ਸਰਕਾਰ ਨੇ ਆਪਣੇ ਮੁਲਕ ਦੀ '੧੫੦ਵੀਂ ਵਰ੍ਹੇ ਗੰਢ' ਬਹੁਤ ਹੀ ਧੂਮ-ਧਾਮ ਨਾਲ਼ ਮਨਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਤੇ ਪ੍ਰੋਗਰਾਮ ਉਲੀਕੇ ਹੋਏ ਸਨ। ਇਸ ਦੇ ਨਾਲ਼ ਹੀ ਬਹੁਤ ਸਾਰੇ ਲੋਕਾਂ, ਜਿਨ੍ਹਾਂ ਵਿਚ ਕਲਾਕਾਰ ਅਲੈਕਸ ਜਾਨਵੀਅਰ ਅਤੇ ਸੈਨੇਟਰ ਮੁੱਰੇ ਸਿੰਕਲੇਅਰ ਵੀ ਸ਼ਾਮਲ ਸਨ, ਨੇ ਇਹ ਜਸ਼ਨ ਮਨਾਏ ਜਾਣ ਦਾ ਵਿਰੋਧ ਕਰਦਿਆਂ ਇਹ ਕਿਹਾ ਹੋਇਆ ਹੈ ਕਿ ਇਹ ਜਸ਼ਨ ਮਨਾਏ ਜਾਣ ਨਾਲ਼ ਇਸ ਮੁਲਕ ਦਾ ੧੦ ਹਜ਼ਾਰ ਸਾਲਾਂ ਤੋਂ ਵੀ ਵੱਧ ਪੁਰਾਣਾ ਦੇਸੀ ਇਤਿਹਾਸ ਨਜ਼ਰਅੰਦਾਜ਼ ਹੁੰਦਾ ਹੈ।
ਇਨ੍ਹਾਂ ਜਸ਼ਨਾਂ ਦੀਆਂ ਤਿਆਰੀਆਂ ੨੦੧੦ ਤੋਂ ਸ਼ੁਰੂ ਸਨ। ਇਸ ਸਬੰਧ ਵਿਚ 'ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਆਫ ਕੈਨੇਡਾ' ਨੇ '੧੫੦!ਕੈਨੇਡਾ' ਨਾਂ ਹੇਠ ਇਕ ਕਾਨਫ਼ਰੰਸ ਕਰਾਈ ਸੀ। ਔਟਵਾ ਦੇ 'ਨੈਸ਼ਨਲ ਆਰਟ ਸੈਂਟਰ' ਵਿਚ ੨੦੧੦ ਦੀ ੧੧ ਤੇ ੧੨ ਮਾਰਚ ਨੂੰ ਕਰਾਈ ਗਈ ਇਸ ਕਾਨਫ਼ਰੰਸ ਵਿਚ ਬਹੁਤ ਸਾਰੇ ਅਧਿਕਾਰੀਆਂ ਦੇ ਨਾਲ਼-ਨਾਲ਼ ਵਪਾਰਕ ਆਗੂਆਂ ਨੇ ਸ਼ਿਰਕਤ ਕੀਤੀ ਸੀ। ਉਸ ਮੌਕੇ ਹੀ '੧੫੦ਅਲਾਇੰਸ' ਨਾਂ ਦਾ ਇਕ ਪ੍ਰਬੰਧਕੀ ਗਰੁੱਪ ਬਣਾਇਆ ਗਿਆ ਸੀ, ਜਿਸ ਨੂੰ ਕੈਨੇਡਾ ਦੇ ੧੫੦ ਸਾਲਾਂ ਦੇ ਸਬੰਧ ਵਿਚ ਮੀਟਿੰਗਾਂ ਅਤੇ ਸਰਗਰਮੀਆਂ ਕਰਨ-ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਗਰੁੱਪ ਦੀ ਪਹਿਲੀ ਮੀਟਿੰਗ, ੨੦੧੫ ਦੀ ੨੩ ਜਨਵਰੀ ਨੂੰ ਔਟਵਾ ਵਿਚ ਹੋਈ ਸੀ। ਉਸ ਦੌਰਾਨ ਹੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਦੇ ੧੫੦ ਸਾਲਾਂ ਦੇ ਜਸ਼ਨਾਂ ਅਤੇ ਪ੍ਰਾਜੈਕਟਾਂ ਉੱਤੇ ੫੦ ਕਰੋੜ ਡਾਲਰ ਖ਼ਰਚੇਗੀ।
ਇਸ ਦੌਰਾਨ ਹੀ, ਇਨ੍ਹਾਂ ਜਸ਼ਨਾਂ ਨੂੰ ਇਕ ਅਲੱਗ ਪਛਾਣ ਦੇਣ ਲਈ ਇਕ ਚਿੰਨ੍ਹ ਵੀ ਬਣਵਾਇਆ ਗਿਆ, ਜੋ ਯੂਨੀਵਰਸਿਟੀ ਆਫ ਵਾਟਰਲੂ ਦੀ ਇਕ ੧੯ ਸਾਲਾ ਵਿਦਿਆਰਥਣ ਐਰੀਆਨਾ ਕਿਊਵਿਨ ਨੇ ਬਣਾਇਆ। ਇਸ ਚਿੰੰਨ ਨੇ ਕਲਾਕਾਰ ਭਾਈਚਾਰੇ ਵਿਚ ਇਕ ਰੱਫੜ ਜਿਹਾ ਪਾ ਦਿੱਤਾ ਸੀ, ਜਿਸ ਕਰ ਕੇ ਇਹ ਜਸ਼ਨ ਸ਼ੁਰੂ ਹੁੰਦਿਆਂ ਹੀ ਮਿਹਣਿਆਂ ਦੇ ਸ਼ਿਕਾਰ ਹੋ ਗਏ। ਕੁੱਝ ਕਲਾਕਾਰਾਂ ਅਤੇ 'ਸੋਸਾਇਟੀ ਆਫ ਗ੍ਰਾਫ਼ਿਕ ਡਿਜ਼ਾਈਨਰਜ਼ ਆਫ ਕੈਨੇਡਾ' ਨੇ ਇਸ ਡਿਜ਼ਾਈਨ ਨੂੰ 'ਬੱਚਿਆਂ ਦੀ ਖੇਡ' ਕਰਾਰ ਦੇ ਕੇ ਭੰਡਿਆ ਸੀ। ਇਹ ਚਿੰਨ੍ਹ ਬਣਵਾਉਣ ਲਈ ਕਰਾਏ ਗਏ ਮੁਕਾਬਲੇ ਨੂੰ 'ਅਨੈਤਿਕ' ਕਰਾਰ ਦਿੰਦਿਆਂ ਇਸ ਸੋਸਾਇਟੀ ਨੇ ਕਿਹਾ ਕਿ ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਦਾ ਫ਼ਇਦਾ ਉਠਾਇਆ ਗਿਆ ਹੈ ਤੇ ਪੇਸ਼ਾਵਰ ਚਿੱਤਰਕਾਰਾਂ ਨੂੰ ਇਸ ਮੁਕਾਬਲੇ ਤੋਂ ਦੂਰ ਰੱਖਿਆ ਗਿਆ ਹੈ। ਕਿਊਵਿਨ ਨੂੰ ਇਹ ਚਿੰਨ੍ਹ ਬਣਾਉਣ ਲਈ ੫ ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਗਏ ਸਨ।
ਐਰੀਆਨਾ ਕਿਊਵਿਨ ਆਪਣੇ ਬਣਾਏ ਚਿੰਨ੍ਹ ਦੇ ਅਰਥ ਹੋਰ ਦੱਸਦੀ ਰਹੀ ਹੈ ਜਦੋਂ ਕਿ ਇਨ੍ਹਾਂ ਜਸ਼ਨਾਂ ਦੇ ਸਬੰਧ ਵਿਚ ਸਥਾਪਤ ਕੀਤੀ ਹੋਈ ਸਰਕਾਰੀ ਵੈੱਬਸਾਈਟ ਉੱਤੇ ਇਸ ਚਿੰਨ੍ਹ ਦੇ ਅਰਥ ਹੋਰ ਹੀ ਦੱਸੇ ਹੋਏ ਹਨ। ਇਸ ਕਲਾ ਮੁਕਾਬਲੇ ਦੇ ਖ਼ਿਲਾਫ਼ 'ਗ੍ਰਾਫ਼ਿਕ ਡਿਜ਼ਾਈਨਰਜ਼ ਆਫ ਕੈਨੇਡਾ' ਦੀ ਪ੍ਰਧਾਨ ਐਡਰੀਅਨ ਜੀਨ ਨੇ ਇਕ ਖੁੱਲੀ ਚਿੱਠੀ ਲਿਖ ਕੇ ਰੋਹ ਜ਼ਾਹਰ ਕੀਤਾ ਸੀ ਤੇ ਇਸ ਚਿੱਠੀ ਉੱਤੇ ੫ ਹਜ਼ਾਰ ਤੋਂ ਵੱਧ ਕਲਾਕਾਰਾਂ ਅਤੇ ਕਲਾ-ਪ੍ਰੇਮੀਆਂ ਦੇ ਦਸਤਖ਼ਤ ਸਨ।
ਇਨ੍ਹਾਂ ਜਸ਼ਨਾਂ ਦੇ ਸਬੰਧ ਵਿਚ ਉੱਠਦੀਆਂ ਰਹੀਆਂ ਰੋਹਲੀਆਂ ਅਵਾਜ਼ਾਂ ਵਿਚੋਂ ਇਕ ਅਵਾਜ਼ ਕਿਊਬੈੱਕ ਵਿਚ ਮੌਂਟ-ਸੇਂਟ ਹਿਲੇਰੀ ਵਿਚ ਰਹਿੰਦੀ ਗਿਜ਼ੇਲ ਬਰਨਰਡ ਦੀ ਹੈ। ਉਹ ਕਹਿੰਦੀ ਹੈ, "ਮੈਨੂੰ ਕੈਨੇਡਾ ਦੀ ੧੫੦ਵੀਂ ਵਰ੍ਹੇ ਗੰਢ ਮਨਾਉਣ ਦੀ ਕੋਈ ਤੁਕ ਨਹੀਂ ਦਿਸਦੀ, ਇਨ੍ਹਾਂ ਜਸ਼ਨਾਂ ਦਾ ਕੋਈ ਅਰਥ ਹੀ ਨਹੀਂ ਹੈ।"
ਕਿਊਬੈੱਕ ਵਿਚ ਇਨ੍ਹਾਂ ਜਸ਼ਨਾਂ ਦੇ ਦੋਖੀਆਂ ਨੇ ਇਨ੍ਹਾਂ ਜਸ਼ਨਾਂ ਦੇ ਵਿਰੁੱਧ 'ਇਕ ਹੋਰ ੧੫੦' ਜਸ਼ਨ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਉੱਥੇ ਇਨ੍ਹਾਂ ਜਸ਼ਨਾਂ ਦਾ ਮੁਕਾਬਲਾ, ਮੌਂਟਰੀਆਲ ਦੀ ੩੭੫ਵੀਂ ਵਰ੍ਹੇ ਗੰਢ ਨਾਲ਼ ਰਿਹਾ। ਇਸ ਸ਼ਹਿਰ ਵਿਚ ਸਾਰਾ ਸਾਲ ਦੁਵੱਲੇ ਜਸ਼ਨ ਹੁੰਦੇ ਰਹੇ। ਮੂਲ਼ ਵਾਸੀ ਲੋਕਾਂ ਦੀਆਂ ਕੁੱਝ ਜਥੇਬੰਦੀਆਂ ਨੇ ਇਨ੍ਹਾਂ ਦੋਹਾਂ ਕਿਸਮਾਂ ਦੇ ਜਸ਼ਨਾਂ ਦਾ ਬਾਈਕਾਟ ਕੀਤਾ ਕਿਉਂ ਕਿ ਉਹ ਸਮਝਦੇ ਹਨ ਕਿ ਕੁੱਝ ਲੋਕ ਆਪਣੇ ਦੁੱਖਦਾਈ ਬਸਤੀਵਾਦੀ ਇਤਿਹਾਸ ਦੇ ਸਬੰਧ ਵਿਚ ਹੀ ਚਾਮਲੇ ਹੋਏ ਹਨ।
੨੩ ਸਾਲਾਂ ਦੀ ਉਮਰ ਦੀ ਸਟੈਫਨੀ ਪਿਜੀਅਨ, ਜੋ ਮੌਂਟਰੀਆਲ ਦੇ ਸਾਊਥ ਸ਼ੋਰ 'ਤੇ ਰਹਿੰਦੀ ਹੈ, ਨੇ ਦੇਖ ਲਿਆ ਹੈ ਕਿ ਦੇਸ਼ ਦੇ ਜਨਮ ਦਿਨ ਦੇ ਸਬੰਧ ਵਿਚ ਕਿਊਬੈੱਕ ਵਿਚ ਰਹਿੰਦੇ ਉਸ ਦੇ ਦੋਸਤਾਂ ਦੇ ਵਿਚਾਰ ਬਾਕੀ ਕੈਨੇਡਾ ਨਾਲ਼ੋਂ ਵੱਖਰੇ ਹਨ। ਉਹ ਕਹਿੰਦੀ ਹੈ, "ਮੇਰੇ ਕੁੱਝ ਦੋਸਤ ਟੋਰਾਂਟੋ ਵਿਚ ਤੇ ਬਾਕੀ ਕੈਨੇਡਾ ਵਿਚ ਵੀ ਹਨ, ਪਰ ਜਿਨ੍ਹਾਂ ਦੀ ਜਨਮ ਭੋਂ ਕਿਊਬੈੱਕ ਹੈ, ਉਹ ਮੇਰੇ ਜ਼ਿਆਦਾ ਨੇੜੇ ਹਨ।" ਸਟੈਫਨੀ ਦੇ ਬਾਪ ਦਾ ਜਨਮ ਵੀ ਕਿਊਬੈੱਕ ਵਿਚ ਹੀ ਹੋਇਆ ਸੀ, ਪਰ ਉਸ (ਸਟੈਫਨੀ ਪਿਜੀਅਨ) ਦੀ ਮਾਂ ਫਿਲਪਾਈਨਣ ਹੈ।
ਇਸ ਦੌਰਾਨ ਹੀ ਕਿਸੇ ਜ਼ਮਾਨੇ ਦੇ 'ਟਰਟਲ ਆਈਲੈਂਡ' (ਕੱਛੂ ਟਾਪੂ) ਅਤੇ ਅੱਜ ਦੇ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਜ਼ੱਦੀ ਨਿਵਾਸੀਆਂ ਨੂੰ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗੱਲ ਉਦੋਂ ਸਮਝ ਨਹੀਂ ਆਉਂਦੀ, ਜਦੋਂ ਉਹ ਕਹਿੰਦੇ ਹਨ, "ਕੈਨੇਡਾ ਨੂੰ ਆਪਣੇ ਦੇਸੀ ਲੋਕਾਂ ਨਾਲ਼ ਆਪਣੇ ਰਿਸ਼ਤੇ ਨਾਲੋਂ ਹੋਰ ਕੋਈ ਰਿਸ਼ਤਾ ਬਹੁਤ ਜ਼ਿਆਦਾ ਅਹਿਮ ਨਹੀਂ ਹੈ।" ਉਹ ਵੀ ਉਦੋਂ, ਜਦੋਂ ਜ਼ਾਲਮ ਬਸਤੀਵਾਦੀ ਰਾਜ ਦੇ ੧੫੦ ਸਾਲਾਂ ਦੇ ਅਤੇ ਉਸ ਮੁਲਕ ਦੀ ਸਥਾਪਨਾ ਦੇ ਜਸ਼ਨ ਮਨਾਏ ਹਨ, ਜਿਹੜਾ 'ਕੈਨੇਡਾ' ਕਹਾਉਂਦਾ ਹੈ। ਇਕ ਪਾਸੇ ਤਾਂ ਇਹ ਜਸ਼ਨ ਮਨਾਉਣ ਲਈ ਕਰੋੜਾਂ ਡਾਲਰ ਖ਼ਰਚੇ ਗਏ ਹਨ, ਦੂਜੇ ਪਾਸੇ ਇਸ ਮੁਲਕ ਦੇ ਮੂਲ ਵਾਸੀਆਂ ਦੀਆਂ ਸਮਾਜਕ-ਆਰਥਕ ਹਾਲਤਾਂ ਸੁਧਾਰਨ ਲਈ ਬਹੁਤ ਥੋੜ੍ਹੀ ਰਕਮ ਮੁਹੱਈਆ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਜਸ਼ਨਾਂ ਵਿਚ ਕੀਤੀ ਗਈ ਆਤਿਸ਼ਬਾਜ਼ੀ, ਖਾਧੇ ਗਏ ਹਰ 'ਹਾਟ ਡਾਗ', ਕੱਟੇ ਗਏ ਕੇਕ ਦੇ ਹਰ ਟੁਕੜੇ ਦਾ ਭੁਗਤਾਨ ਇਸ ਮੁਲਕ ਦੇ ਮੂਲ ਵਾਸੀਆਂ ਦੀ ਨਸਲਕੁਸ਼ੀ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਖ਼ਤਮ ਕਰਨ ਦੇ ਹੀਲੇ ਦੇ ਭੁਗਤਾਨ ਵਜੋਂ ਕੀਤਾ ਗਿਆ ਹੈ। ਇਸ ਨਸਲਕੁਸ਼ੀ, ਇਸ ਵਿਤਕਰੇ ਨੂੰ ਜਸ਼ਨ ਕਰਾਰ ਦੇ ਕੇ ਇਕ ਆਧੁਨਿਕ ਕੈਨੇਡੀਅਨ ਕਦਰ ਕਹਿਣਾ ਕਦੇ ਵੀ ਜਾਇਜ਼ ਨਹੀਂ ਹੋਵੇਗਾ।
ਜੇ ਇਸ ਮੁਲਕ ਦੇ ਮੂਲ ਵਾਸੀ ਹੀ ਗੁੱਠੇ ਲਾਏ ਜਾ ਰਹੇ ਹਨ ਅਤੇ ਬਾਹਰਲੇ ਮੁਲਕਾਂ ਤੋਂ ਆਏ ਹੋਏ ਲੋਕ ਹੀ ਇੱਥੇ ਚੌਧਰੀ ਮੰਨੇ ਜਾ ਰਹੇ ਹਨ ਤਾਂ ਕੈਨੇਡਾ ਆਪਣੀ ਸਥਾਪਨਾ ਦੇ ਜਿੰਨੇ ਮਰਜ਼ੀ ਜਸ਼ਨ ਮਨਾ ਲਵੇ, ਉਹ ਇੱਥੋਂ ਦੇ ਅਸਲੀ ਲੋਕਾਂ ਦੇ ਉਜਾੜੇ ਦੇ ਜਸ਼ਨ ਹੀ ਸਮਝੇ ਜਾਣਗੇ।#

