ਗਿਟਕਾਂ ਤਾਂ ਗਿਟਕਾਂ ਨੇ ਗਿਟਕਾਂ ਦਾ ਕੀ ਏ!
~~~~~~~~~~~~~~~~~~~~~~~~~~~~~~~~~~~~~~~~~~~~~~~~~~
ਇਕ ਸੜਕ ਦੇ ਕੰਢੇ ਇਕ ਵੱਡੀ ਸਾਰੀ ਚਿੱਟੀ ਕਾਰ ਦਾ ਡਰਾਈਵਰ ਸੀਟ ਵਾਲ਼ਾ ਪਾਸਾ ਦਿਸਦਾ ਹੈ।'ਟਿੱਕ-ਟਿੱਕ-ਟਿੱਕ' ਦੀ ਅਵਾਜ਼ ਆਉਂਦੀ ਹੈ। ਹੌਲੀ-ਹੌਲ਼ੀ ਕੈਮਰਾ ਕਾਰ ਦੀ ਖਿੜਕੀ ਦੇ ਨਾਲ਼-ਨਾਲ਼ ਹੇਠਾਂ ਸੜਕ ਉੱਤੇ ਖਿੰੰਡਦੀਆਂ, ਚੈਰੀਆਂ ਦੀ ਗਿਟਕਾਂ ਦਿਖਾਉਂਦਾ ਹੈ। 'ਟਿੱਕ-ਟਿੱਕ-ਟਿੱਕ' ਦੀ ਅਵਾਜ਼ ਆਉਂਦੀ ਰਹਿੰਦੀ ਹੈ, ਚੈਰੀਆਂ ਦੀਆਂ ਗਿਟਕਾਂ ਸੜਕ ਉੱਤੇ ਖਿੰਡਦੀਆਂ ਜਾ ਰਹੀਆਂ ਹਨ।ਇਸ ਦੌਰਾਨ ਹੀ ਕੈਮਰਾ ਉੱਪਰ ਜਾ ਕੇ ਇਕ ਹੱਥ ਵਾਰ-ਵਾਰ ਬਾਹਰ ਆਉਂਦਾ ਦਿਖਾਉਂਦਾ ਹੈ ਤੇ ਉਹ ਹੱਥ ਹਰ ਵਾਰ ਬਾਹਰ ਨਿੱਕਲ ਕੇ ਸੜਕ ਉੱਤੇ ਗਿਟਕਾਂ ਸੁੱਟਦਾ ਹੈ।…ਏਦਾਂ ਲੱਗਦਾ ਹੈ ਕਿ ਇਹ ਦ੍ਰਿਸ਼ ਦਿਖਾਉਂਦਾ ਕੈਮਰਾ ਵੀ ਕਿਸੇ ਸ਼ੀਸ਼ੇ ਦੇ ਅੰਦਰ ਹੈ। ਉਹ ਸੀਸ਼ਾ ਕਿਸੇ ਦੁਕਾਨ ਦੇ ਬੂਹੇ ਦਾ ਹੈ।…ਕੁੱਝ ਸਮੇਂ ਮਗਰੋਂ ਇਕ ਬੂਹਾ ਖੁੱਲ੍ਹਣ ਦੀ ਅਵਾਜ਼ ਆਉਂਦੀ ਹੈ ਤੇ ਕੈਮਰੇ ਵਾਲ਼ਾ ਵਿਅਕਤੀ ਦੁਕਾਨ ਤੋਂ ਬਾਹਰ ਨਿੱਕਲ ਕੇ ਕਾਰ ਵਿਚ ਬੈਠੇ ਉਸ ਵਿਅਕਤੀ ਦੇ ਕੋਲ ਚਲੇ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਕਾਰ ਵਿਚ ਬੈਠ ਕੇ ਚੈਰੀਆਂ ਖਾਣ ਵਾਲ਼ਾ ਵਿਅਕਤੀ ਕੈਨੇਡਾ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੈ। ਬਾਹਰ ਸੜਕ ਉੱਤੇ ਜਾਂਦੀ ਆਵਾਜਾਈ ਦੀ ਅਵਾਜ਼ ਉੱਚੀ ਹੋ ਜਾਂਦੀ ਹੈ।
"ਹਾਂ ਜੀ?" ਕੈਮਰੇ ਵਾਲ਼ਾ, ਜੋ ਉਸ ਦੁਕਾਨ ਦਾ ਮਾਲਕ ਪਰਮਜੀਤ ਸਿੰਘ ਚੌਹਾਨ ਹੈ, ਕਾਰ ਵਿਚ ਬੈਠੇ ਸੱਜਣ ਨੂੰ ਕਹਿੰਦਾ ਹੈ।
"ਹਾਂ ਜੀ!" ਕਾਰ ਵਾਲ਼ੇ ਦਾ ਜੁਆਬ ਹੈ।
"ਕੌਣ ਓ ਤੁਸੀਂ?" ਕੈਮਰੇ ਵਾਲ਼ੇ ਦੀ ਆਵਾਜ਼ ਵਿਚ ਮਿਹਣੇ ਵਰਗੀ ਚੋਭ ਹੈ।
"ਮੀਟ ਸ਼ਾਪ ਦੇਖਣ ਆਇਆ ਸੀ," ਕਾਰ ਵਾਲੇ ਨੇ ਜੁਆਬ ਦਿੱਤਾ।
"ਤੁਸੀਂ ਮੀਟ ਸ਼ਾਪ ਦੇਖਣ ਆਏ ਸੀ, ਆਹ ਕੀ ਹੋ ਰਿਹਾ?" ਕੈਮਰੇ ਵਾਲ਼ੇ ਦੀ ਅਵਾਜ਼ ਵਿਚ ਤਲਖੀ ਹੈ।
"ਸੌਰੀ!" ਕਾਰ ਵਾਲ਼ਾ ਹਾਰਿਆ ਜਿਹਾ ਲੱਗਦਾ ਹੈ।
"ਨਹੀਂ ਸੌਰੀ ਨਹੀਂ, ਤੁਸੀ ਬੜੇ ਤਗੜੇ ਅਫ਼ਸਰ ਓ, ਮੈਂ ਜਾਣਦਾਂ ਤੁਹਾਨੂੰ। ਤੇ ਸਭ ਤੁਹਾਡੇ, ਸਭ ਜਾ ਰਿਹਾ ਉੱਤੇ। ਕੀਹਨੇ ਬਣਾ ਦਿੱਤਾ ਤੁਹਾਨੂੰ ਐਡੇ ਬੜੇ ਅਫ਼ਸਰ? ਤੁਸੀਂ ਦੇਖ ਰਹੇ ਓ, ਤੁਹਾਡੇ ਘਰ ਦੇ ਮੁਹਰੇ ਕੀ ਸਿੱਟੂੰਗਾ ਮੈਂ?
"ਭਾਅ ਜੀ ਏਦਾਂ ਨਹੀਂ…" ਕਾਰ ਵਾਲ਼ਾ ਅਜੇ ਕਹਿਣ ਹੀ ਲੱਗਦਾ ਹੈ ਕਿ ਕੈਮਰੇ ਵਾਲ਼ਾ ਉਸ ਨੂੰ ਟੋਕ ਕੇ ਕਹਿੰਦਾ ਹੈ, "ਨਹੀਂ, ਭਾਅ ਜੀ ਤਾਂ ਏਦਾਂ ਹੈਗੇ, ਤੁਸੀਂ ਪੜ੍ਹੇ-ਲਿਖੇ ਬੰਦੇ ਓਂ। ਮੈਂ ਹੈਰਾਨ ਆਂ ਤੁਸੀਂ ਸੋਈਅਸ ਐਡੇ ਸੋਹਣੇ ਮੁਲਕ 'ਚ ਘੁੰਮਣ ਆਏ ਓਂ ਤੇ ਹੋ ਕੀ ਰਿਹਾ? ਦੱਸੋ!"
"ਭਾਅ ਜੀ, ਮੈਂ ਤਾਂ ਇੱਥੇ ਚੈਰੀ ਖਾਨਾਂ…"
"ਚੈਰੀ ਖਾਨੇਂ ਓਂ ਤੇ ਚੈਰੀ ਦੀਆਂ ਗਿਟਕਾਂ ਆਹ ਪਈਆਂ ਜੀ ਫਲੋਰ 'ਤੇ। ਕੌਣ ਆ ਇਨ੍ਹਾਂ ਦੇ ਸੱਜਨ-ਮਿੱਤਰ? ਕਿਹੜੇ ਵੋਟ ਪਾ ਕੇ ਇਨ੍ਹਾਂ ਨੂੰ ਕੀ ਬਣਾਉਂਦੇ ਨੇ? ਮੈਂ ਤੁਹਾਨੂੰ ਜਾਣਦਾਂ, ਮੈਂ ਪਹਿਲਾਂ ਦੇਖ ਲਿਆ, ਮੈਂ ਕਿਹਾ ਸ਼ਾਇਦ ਜੇ ਕੋਈ ਹੋਰ ਆਦਮੀ ਹੁੰਦਾ ਨਾ, ਮੈਂ ਉਹ ਨੂੰ ਕਹਿ ਦਿੰਦਾ ਬਈ ਕੋਈ ਗੱਲ ਨਹੀਂ, ਪਰ ਬੜੇ ਪੜ੍ਹੇ ਲਿਖੇ ਬੰਦੇ ਹੋ ਕੇ ਤੁਸੀਂ ਸੋਈਅਸ 'ਚ ਆ ਕੇ, ਚੈਰੀ ਖਾ ਕੇ ਤੇ ਗਾਰਬੇਜ ਮੇਰੇ ਡੋਰ ਮੁਹਰੇ ਸਿੱਟ ਰਹੇ ਓਂ, ਬੜੀ ਚੰਗੀ ਸ਼ੋਭਾ ਬਣਾ ਰਹੀ ਆ, ਆਹ ਤੁਹਾਡੀ ਗੱਡੀ ਆ। ਇਹ ਮੂਵੀ ਬਣਾ ਰਹੀ ਆ, ਬਹੁਤ ਦੂਰ ਤਕ ਜਾਊਗੀ ਜੀ, ਕੋਈ ਗੱਲ ਨਹੀਂ। ਨੋ ਵਰੀ। ਆਹ ਗੱਡੀ ਆ ਜੀ ਇਨ੍ਹਾਂ ਦੀ, ਆਹ ਨੰਬਰ (EE7-99D) ਦੇਖਿਓ! ਇਹ ਆਪਣੇ 'ਈਸਟ ਇੰਡੀਅਨ ਮੀਟ ਸ਼ੋਪ' 'ਤੇ ਖੜ੍ਹੇ ਆ ਤੇ ਮੇਰੀ ਇਹ ਸ਼ੌਪ ਆ, ਅੱਜ ਕਲੋਜ਼ ਹੈ। ਚੈਰੀ ਖਾ ਕੇ ਇਹ ਵੱਡੇ ਅਫ਼ਸਰ ਆਹ ਥੱਲੇ ਸਿੱਟ ਰਹੇ ਗਿਟਕਾਂ ਜੀ ਫਲੋਰ ਉੱਤੇ। ਆਹ ਦੇਖ ਰਹੇ ਜੀ ਸਾਰੇ?"
ਗੱਡੀਆਂ ਆਉਣ-ਜਾਣ ਦੀ ਅਵਾਜ਼ ਆਉਂਦੀ ਰਹਿੰਦੀ ਹੈ ਤੇ ਫਿਰ ਉਹ ਦੁਕਾਨਦਾਰ ਬੋਲਦਾ ਹੈ, "ਹਾਂ ਜੀ ਭਾਅ ਜੀ।"
ਕਾਰ ਵਾਲ਼ਾ ਜੁਆਬ ਵਿਚ ਕੁੱਝ ਬੋਲਦਾ ਹੈ, ਜੋ ਸਮਝ ਨਹੀਂ ਆਉਂਦਾ ਤਾਂ ਦੁਕਾਨਦਾਰ ਬੋਲਦਾ ਹੈ, "ਹਾਂ ਜੀ? ਨਹੀਂ ਆਹ ਦੇਖੋ ਜੀ, ਚੈਰੀ ਇਨ੍ਹਾਂ ਦੀ ਪਈ ਆ, ਅੰਦਰ ਲਿਫ਼ਾਫ਼ੇ ਵਿਚ ਵੀ ਗਿਟਕ ਸਿੱਟ ਸਕਦੇ ਓ ਤੁਸੀਂ।ਜਦੋਂ ਤੁਸੀਂ ਪੜ੍ਹੇ-ਲਿਖੇ ਬੰਦੇ ਇੰਜ ਕਰ ਸਕਦੇ ਹੋ ਤਾਂ ਹੋਰ ਬੰਦੇ ਸਾਰੇ ਕੀ ਕਰਨਗੇ? ਆਹ ਦੇਖ ਲਓ ਜੀ ਇਨ੍ਹਾਂ ਦਾ ਹਾਲ!"
"ਭਾਅ ਜੀ ਮੈਂ ਇੱਥੇ ਵੇਟ ਕਰਦਾ ਸੀ…" ਕਾਰ ਵਾਲ਼ਾ ਇੰਨਾ ਹੀ ਕਹਿੰਦਾ ਹੈ ਕਿ ਦੁਕਾਨਦਾਰ ਬੋਲ ਪੈਂਦਾ ਹੈ, "ਨਹੀਂ, ਵੇਟ ਕਰਨ ਦੀ ਤਾਂ ਬਾਅਦ ਦੀ ਗੱਲ ਆ, ਤੁਸੀਂ ਪੜ੍ਹੇ-ਲਿਖੇ…ਐਡਾ ਫੁੱਦੂ ਨਹੀਂ ਮੈਂ ਹੈਗਾ। ਤੁਸੀਂ ਸਮਝ ਰਹੇਂ ਓਂ। ਤੁਸੀਂ ਸਾਈਨ ਦੇਖਿਆ ਔਫ ਆ, ਪਈ ਅੱਜ ਇੱਥੇ ਕਲੋਜ਼ ਐ ਤੇ ਹੁਣ ਕਹਿ ਦਿੱਤਾ ਪਈ ਮੈਂ ਮੀਟ ਲੈਣ ਆਇਆਂ ਇੱਥੇ।ਮੈਂ ਸਤਾਰਾਂ ਸਾਲਾਂ ਤੋਂ ਇੱਥੇ ਰਹਿਨਾਂ, ਤੁਸੀ ਕਦੇ ਇੱਥੇ ਮੀਟ ਲੈਣ ਨਹੀਂ ਆਏ।" ਇਸ ਤੋਂ ਬਾਅਦ ਉਹ ਇਕ ਮੋਟੀ ਜਿਹੀ ਗਾਲ਼ ਕੱਢਦਾ ਹੈ, ਜੋ ਵਿਚੋਂ ਹੀ ਕੱਟੀ ਗਈ ਹੈ।
###
ਇਹ ਹੈ ਇਕ ਸਕਰਿਪਟ, ਜੋ ਉਸ ਵਿਡੀਓ ਮੂਵੀ ਦਾ ਆਡੀਓ ਸੁਣ-ਸੁਣ ਕੇ ਲਿਖੀ ਗਈ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ 'ਵਾਇਰਲ' ਯਾਣੀ 'ਆਵਾਗੌਣ' ਜਿਹੀ ਹੋਈ ਪਈ ਹੈ। 'ਯੂਟਿਊਬ' ਉੱਤੇ ਦਿਖਾਈ ਜਾ ਰਹੀ, ਇਸ ਵਿਡੀਓ ਵਿਚ ਇਹ ਦਿਖਾਇਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸੋਈਅਸ ਸ਼ਹਿਰ ਵਿਚ, ਕੈਨੇਡਾ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਆਪਣੀ ਕਾਰ ਵਿਚ ਬੈਠ ਕੇ ਚੈਰੀਆਂ ਖਾਂਦਾ ਹੈ ਅਤੇ ਚੈਰੀਆਂ ਦੀਆਂ ਗਿਟਕਾਂ, ਕਾਰ ਦਾ ਸ਼ੀਸ਼ਾ ਥੱਲੇ ਕਰ ਕੇ ਸੜਕ ਉੱਤੇ ਸੁੱਟੀ ਜਾ ਰਿਹਾ ਹੈ। ਪਰਮਜੀਤ ਸਿੰਘ ਚੌਹਾਨ, ਜਿਸ ਦੀ ਮੀਟ ਸ਼ਾਪ ਅੱਗੇ ਇਹ ਸਭ ਕੁੱਝ ਵਾਪਰ ਰਿਹਾ ਹੈ, ਇਸ ਕਰਤੂਤ ਲਈ ਮੰਤਰੀ ਸਾਹਬ ਨੂੰ ਲਾਹਨਤਾਂ ਪਾ ਰਿਹਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਇਸ ਹਿਰਖੇ ਹੋਏ ਦੁਕਾਨਦਾਰ ਤੋਂ ਆਪਣੀ ਰੱਖਿਆ ਕਰਨ ਵਿਚ ਵੀ ਬਹੁਤੇ ਹੀ ਨਿਤਾਣੇ ਜਿਹੇ ਹੋਏ ਦਿਸਦੇ ਹਨ।
ਇੰਟਰਨੈੱਟ ਦੇ ਪਰਾਂ 'ਤੇ ਸਵਾਰ ਹੋ ਕੇ ਇਹ ਵਿਡੀਓ ਫ਼ਿਲਮ, ਜਹਾਨ ਦੇ ਉਸ ਹਰ ਘਰ ਵਿਚ ਪਹੁੰਚ ਗਈ ਹੈ, ਜਿਸ ਵਿਚ ਕੋਈ ਕੰਪਿਊਟਰ ਜਾਂ ਸਮਾਰਟ ਫੋਨ 'ਵਾਈਫਾਈ' ਨਾਲ਼ ਜੁੜਿਆ ਹੋਇਆ ਹੈ। ਇਹ ਵਿਡੀਓ ਦੇਖ ਕੇ ਕੈਨੇਡਾ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਹਿੱਸਾ ਉਨ੍ਹਾਂ ਕੈਨੇਡੀਅਨਜ਼ ਦਾ ਹੈ, ਜਿਹੜੇ ਇਹ ਕਹਿੰਦੇ ਹਨ ਅਖੇ 'ਗਿਟਕਾਂ ਤਾਂ ਗਿਟਕਾਂ ਨੇ ਗਿਟਕਾਂ ਦਾ ਕੀ ਏ।' ਦੂਜਾ ਹਿੱਸਾ ਉਨ੍ਹਾਂ ਲੋਕਾਂ ਦਾ ਹੈ, ਜੋ ਇਹ ਕਹਿੰਦੇ ਹਨ, 'ਸਾਨੂੰ ਗਿਟਕਾਂ ਚੁਗਣ 'ਤੇ ਹੀ ਰੱਖ ਲਓ, ਓ ਚੈਰੀਆਂ ਦੇ ਢੇਰ ਖਾਣਿਓਂ!'
ਸੋਸ਼ਲ ਮੀਡੀਆ ਉੱਤੇ ਪਾਉਣ ਤੋਂ ੪੮ ਘੰਟਿਆਂ ਵਿਚ ਹੀ ਇਹ ਵਿਡੀਓ ਫ਼ਿਲਮ ੩੪ ਹਜ਼ਾਰ ਵਾਰ ਦੇਖੀ ਜਾ ਚੁੱਕੀ ਸੀ। ਇਹ ਵਿਡੀਓ ਫ਼ਿਲਮ ਜੋ 'ਐਕਸਐੱਲ ਰੇਡੀਓ ਵੈਨਕੂਵਰ' ਨੇ 'ਯੂਟਿਊਬ' ਉੱਤੇ ਅਪਲੋਡ ਕੀਤੀ ਹੋਈ ਹੈ, ਵਿਚ ਬਹੁਤ ਸਪੱਸ਼ਟ ਦਿਸਦਾ ਹੈ ਕਿ ਵੱਡੀ ਸਾਰੀ 'ਐੱਸ ਯੂ ਵੀ' ਕਾਰ ਦੀ ਡਰਾਈਵਿੰਗ ਸੀਟ ਉੱਤੇ ਬੈਠਾ ਆਪਣੀ ਪਾਣ-ਪੱਤ ਲੁਹਾ ਰਿਹਾ ਵਿਅਕਤੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੋਂ ਇਲਾਵਾ ਕੋਈ ਨਹੀਂ ਸੀ। ਇਸ ਮਾਮਲੇ ਵਿਚ ਰੱਖਿਆ ਮੰਤਰੀ ਦੱਬਵੇਂ ਸੁਰ ਵਿਚ ਮੁਆਫ਼ੀ ਜਿਹੀ ਵੀ ਮੰਗਦੇ ਜਾਪੇ ਹਨ, ਪਰ ਉਹ ਮੁਆਫ਼ੀ ਮੰਗਣਾ ਜਾਂ ਹੋਰ ਬਹਾਨੇ ਲਾਉਣਾ ਵੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕਿਆ।
ਬਰੈਂਪਟਨ ਵਿਚ ਕਿਸੇ ਟੀਵੀ ਚੈਨਲ ਉੱਤੇ ਰਾਣਾ ਰਣਧੀਰ ਸਿੰਘ ਸਿੱਧੂ ਦੇ ਪ੍ਰੋਗਰਾਮ 'ਸਿੱਧੂ ਦੀਆਂ ਸਿੱਧੀਆਂ' ਵਿਚ ਸ਼੍ਰੀ ਸਿੱਧੂ ਨੇ ਜਿਹੜਾ 'ਸਿੱਧਾ ਸੱਚ' ਫ਼ਰਮਾਇਆ ਹੈ, ਉਹ ਇਸ ਤਰ੍ਹਾਂ ਹੈ:
"ਪਹਿਲਾ ਵਿਸ਼ਾ ਹੈ ਜਿਹੜਾ ਸਰਦਾਰ ਹਰਜੀਤ ਸਿੰਘ ਸੱਜਣ ਹੁਰਾਂ ਦੀ ਵਿਡੀਓ ਵਾਇਰਲ ਕਰਨ ਦਾ। ਮੈਂ ਉਹ ਵਿਡੀਓ ਦੇਖੀ ਸੀ, ਪਰ ਮੈਂ ਸੋਸ਼ਲ ਮੀਡੀਆ ਉੱਤੇ ਸੱਜੇ-ਖੱਬੇ ਆਪਣਾ ਪ੍ਰਤੀਕ੍ਰਮ ਨਹੀਂ ਸੀ ਦਿੱਤਾ। ਉਹ ਜਿਹੜਾ ਭਾਈ ਵਿਡੀਓ ਬਣਾਉਣ ਵਾਲ਼ਾ, ਪਹਿਲਾਂ ਉਹ ਆਪਣੀ ਦੁਕਾਨ ਦੇ ਅੰਦਰੋਂ ਵਿਡੀਓ ਬਣਾ ਰਿਹਾ।ਉਹ ਦੇ ਮਨਸ਼ੇ ਤਾਂ ਉਦੋਂ ਈ ਪਤਾ ਲੱਗ ਜਾਂਦੇ ਆ ਉਸ ਤੋਂ ਬਾਅਦ ਉਹ ਬਾਹਰ ਨਿੱਕਲਦਾ।ਬਾਹਰ ਜਾ ਕੇ ਉਹ ਪਹਿਲੋਂ ਗੱਡੀ ਦੀ ਨੰਬਰ ਪਲੇਟ ਦੀ ਵਿਡੀਓ ਮਾਰਦੈ ਤੇ ਫਿਰ ਉਹ ਬਹੁਤ ਰੂਡਲੀ, ਰੂਡਲੀ ਜਿਹੜਾ ਆ ਹਰਜੀਤ ਸਿੰਘ ਸੱਜਣ ਹੁਰਾਂ ਨਾਲ਼ ਗੱਲ ਕਰਦੈ। ਔਰ ਹਰਜੀਤ ਸਿੰਘ ਹੁਰੀਂ ਜਿਹੜੇ ਨੇ, ਉਹ ਸ਼ੀਸ਼ਾ ਲਾਹ ਕੇ ਉਹ ਪਹਿਲਾ ਲਫ਼ਜ਼ ਹੁੰਦਾ 'ਸੌਰੀ', ਪਰ ਉਸ ਨੂੰ 'ਸੌਰੀ' ਲਫ਼ਜ਼ ਦੀ ਕੋਈ ਕਦਰ ਨਹੀਂ ਤੇ ਉਹ ਆਪਣਾ ਚਵਲਪੁਣਾ ਜਿਹੜਾ ਜੀ ਉਹ ਜਾਰੀ ਰੱਖਦੈ। ਔਰ ਗੱਲ, ਮਸਲਾ ਕੀ ਸੀ ਕਿ ਉਹੋ ਚੈਰੀ ਖਾ ਕੇ ਤੇ ਗਿਟਕਾਂ ਜਿਹੜੀਆਂ ਸੀਗੀਆਂ, ਉਹ ਬਾਹਰ ਸਿੱਟ ਰਹੇ ਸਨ। ਆਪਣਾ ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਸੁਭਾਅ ਆ, ਕਈ ਵਾਰੀ ਅਸੀਂ ਆਪ, ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ। ਪਿਛਲੇ ਦਿਨਾਂ ਵਿਚ ਬਹੁਤ ਸਾਰੇ ਮੇਲੇ ਹੋਏ ਨੇ। ਪਿਛਲੇ ਸਮਿਆਂ ਦੇ ਵਿਚ ਆਪਾਂ ਹਰ ਵਾਰੀ ਇਹ ਗੱਲ ਕਹਿਨੇਂ ਆਂ ਕਿ ਭਾਈ ਜੇ ਕੇਲਾ ਖਾਧਾ, ਛਿੱਲ ਵਿਚੋਂ ਕੇਲਾ ਕੱਢ ਕੇ ਖਾ ਲਿਆ ਤੇ ਛਿੱਲ ਓਥੇ ਹੀ ਸਿੱਟ ਦਿੱਤੀ ਜਾਂ ਫਿਰ ਪਲੇਟਾਂ, ਕੱਪ ਜਿਹੜਾ ਇਹੋ ਜਿਹਾ ਸਾਮਾਨ ਹੁੰਦੈ, ਅਸੀਂ ਉਹ ਵੀ ਖਿਲਾਰਨ ਲੱਗੇ ਅੱਗਾ-ਪਿੱਛਾ ਦੇਖਦੇ ਨਹੀਂ, ਪਰ ਸਫ਼ਾਈ ਹੋ ਜਾਂਦੀ ਏ। ਕਈ ਵਾਰ ਐਕਸਪੈਕਟੇਸ਼ਨਜ਼ ਜ਼ਰੂਰ ਵਧ ਜਾਂਦੀਆਂ ਨੇ ਕਿ ਜਿਹੜਾ ਜ਼ਿੰਮੇਵਾਰ ਵਿਅਕਤੀ ਏ, ਉਸ ਤੋਂ ਅਸੀਂ ਐਕਸਪੈਕਟੇਸ਼ਨ ਜ਼ਿਆਦਾ ਰੱਖਦੇ ਹਾਂ। ਹਾਂ, ਜੇ ਕਿਤੇ ਕੋਈ ਜ਼ਿੰਮੇਵਾਰ ਵਿਅਕਤੀ, ਜਿਹੜਾ ਉਹ ਗ਼ਲਤੀ ਕਰਦੈ ਤੇ ਓਸ ਨੂੰ ਬੜਾ ਜੈਂਟਲੀ ਵੀ ਕਿਹਾ ਜਾ ਸਕਦਾ ਕਿ ਭਾਈ ਸਾਹਬ, ਤੁਸੀਂ ਜ਼ਿੰਮੇਵਾਰ ਬੰਦੇ ਓ, ਪਈ ਆਹ ਗੱਲ ਤੁਹਾਡੇ ਮੂੰਹੋਂ ਸੋਭਦੀ ਨਹੀਂ। ਪਰ ਜਿਹੜਾ ਵਿਅਕਤੀ ਵੀਡੀਓ ਬਣਾ ਰਿਹਾ ਸੀ, ਉਹ ਪਤਾ ਨਹੀਂ ਕਿਸ 'ਸਟੇਟ ਔਫ ਮਾਈਂਡ' ਦੇ ਵਿਚ ਹੋਵੇ, ਓਸ ਨੇ ਜਿਹੜਾ ਆ, ਆਪਣੀ ਅਕਲ ਦਾ ਜਨਾਜ਼ਾ ਕੱਢਿਆ…ਐ…ਆਪਣੇ ਢੰਗ ਦੇ ਨਾਲ਼। ਪਰ ਉਸ ਤੋਂ ਬਾਅਦ ਸਾਡੇ ਮੀਡੀਆ ਵਾਲ਼ੇ ਸੱਜਣ, ਐਅ… ਕਈ ਆਰੀ ਐਦਾਂ ਲੱਗਦਾ ਹੁੰਦੈ ਕਿ ਜਿਵੇਂ ਕੋਈ ਚੀਜ਼ ਲੱਭ ਪੀ ਹੁੰਦੀ ਆ। ਓਹ ਦੇ ਫਿਰ ਦੂਰ ਗਾਮੀ ਇੰਪੈਕਟ ਅਸੀਂ ਨਹੀਂ ਦੇਖਦੇ। ਐਅ ਸਿੱਖ ਡਿਫੈਂਸ ਮਨਿਸਟਰ ਬਣਿਆਂ, ਔਰ ਓਸ ਤੋਂ ਬਾਅਦ ਕਈਆਂ ਦੇ ਢਿੱਡ ਵਿਚ ਸੂਲ਼ ਹੋਣ ਡਿਹਾ। ਔਰ ਉਹ ਫਿਰ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਆ ਅਵੇਸਲੀ ਨਹੀਂ ਜਾਣ ਦਿੰਦੇ। ਹੁਣ ਜੇ ਜਿਸ ਖਿੱਤੇ ਦੇ ਵਿਚੋਂ ਆਪਾਂ ਆਏ ਹਾਂ, ਹੈਂ ਓਥੋਂ… ਜੇ ਕੋਈ, ਓਥੇ ਚੈਰੀ ਨਹੀਂ, ਓਥੇ ਬੇਰ ਹੁੰਦੇ ਆ। ਜੇ ਕੋਈ ਬੇ…ਮੰਤਰੀ ਜਿਹੜਾ ਬੇਰ ਖਾ ਕੇ ਗਿਟਕਾਂ ਥੱਲੇ ਸਿੱਟ ਦਿੰਦਾ ਤੇ ਜੇ ਕਿਤੇ ਉਹ ਈਸ਼ੂ ਬਣ ਜਾਏ ਤੇ ਉਹ ਤੁਸੀਂ ਪੰਜਾਬੀ, ਜਿਹੜੇ ਆਪਾਂ ਆਮ ਤੌਰ ਉੱਤੇ ਸਮਝ ਸਕਦੇ ਹਾਂ ਕਿ ਕਿੱਡੀ ਕੁ ਵੱਡੀ ਗੱਲ ਐ। ਇੱਥੇ ਓਹ ਨੇ ਚੈਰੀਆਂ ਖਾ ਕੇ ਤੇ ਗਿਟਕਾਂ ਸਿੱਟੀਆਂ, ਰੀਅਲਾਈਜ਼ ਕਰਾਉਣ ਦੀ ਬਜਾਇ ਵਾਇਰਲ ਕਰ'ਤੀ ਔਰ ਉਸ'ਤੇ ਟਾਕ ਸ਼ੋਅ ਹੋਣ ਲੱਪਏ। ਸਾਡੇ ਰੇਡੀਓ ਵਾਲ਼ੇ ਜਿਹੜੇ ਆਪਣੀ ਵਿਦਵਤਾ ਝਾੜਨ ਲੱਪਏ। ਟੈਲੀਵੀਜ਼ਨ ਪ੍ਰੋਗਰਾਮ ਵਾਲ਼ੇ ਜਿਹੜੇ ਆ ਜੀ, ਓਨ੍ਹਾਂ ਨੂੰ ਕੋਈ ਗੱਲ ਲੱਭ ਗਈ, ਉਹ ਆਪਣਾ ਭੁਸ ਪੂਰਾ ਕਰਨ ਲੱਪਏ। ਤੇ ਸ਼ੋਸ਼ਲ ਮੀਡੀਆ ਉੱਤੇ ਜਿਹੜੇ ਸਾਡੇ ਸਰਦਾਰ ਨੇ ਜੀ, ਓਨ੍ਹਾਂ ਨੇ ਆਪਣਾ ਜਿਹੜਾ ਸੀਗਾ ਜੀ, ਅਕਲ ਦਾ ਜਨਾਜ਼ਾ ਕੱਢ ਲਿਆ। ਮੇਰੇ ਓਹੋ ਹੀ ਦਿਮਾਗ਼ ਦੇ ਵਿਚ ਇਕ ਪੁਰਾਣਾ ਗਾਣਾ ਨਹੀਂ ਪਈ 'ਚੁੰਗੀ ਬੱਕਰੀ ਬਣਾ'ਤਾ ਡਾਕਾ, ਮਾੜੀ ਹੋਈ ਅਮਲ਼ੀ ਣਾਲ਼'। ਇਹੋ ਜਿਹੀ ਸਿਚੂਏਸ਼ਨ ਜਿਹੜੀ ਕਰੀਏਟ ਹੋ ਗਈ। ਐਅ…ਕੋਈ ਵੀ ਚੀਜ਼ ਸ਼ੇਅਰ ਕਰਨ ਤੋਂ ਪਹਿਲਾਂ, ਕੋਈ ਵੀ ਚੀਜ਼ ਵਿਚਾਰਨ ਤੋਂ ਪਹਿਲਾਂ, ਜੇ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਈਏ ਪਈ ਕੀ ਅਸੀਂ ਕੋਈ ਇਹੋ ਜਿਹੀਆਂ ਗ਼ਲਤੀਆਂ ਨਹੀਂ ਕੀਤੀਆਂ ਜਾਂ ਨਹੀਂ ਕਰਦੇ ਤੇ ਫੇਰ ਸ਼ਾਇਦ ਅਸੀਂ ਓਸ ਐਕਸਟੈਂਟ ਤਕ ਨਾ ਜਾਈਏ। ਬਾਕੀ ਹਰ ਇਕ ਨੂੰ ਹੱਕ ਆ ਜੀ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਰੱਖਣ ਦਾ, ਪਰ ਇੰਨਾ ਜ਼ਿਆਦਾ ਚਵਲਪੁਣਾ ਵੀ ਨਹੀਂ ਖਿਲਾਰਨਾ ਚਾਹੀਦਾ।"
###
ਮੇਰੀ ਪਾਠਕਾਂ ਵਾਲ਼ੀ ਸਰਕਾਰ ਮੈਨੂੰ ਮੁਆਫ਼ ਕਰੇ ਕਿਉਂ ਕਿ ੧੫੬੦ ਕੁ ਸ਼ਬਦਾਂ ਵਿਚ ਮੁੱਦਾ ਹੀ ਦਰਜ ਹੋਇਆ ਹੈ। ਜੇ ਅਸੀਂ ਆਪਣੀ ਰਾਇ ਦਰਜ ਕਰਨ ਲੱਗ ਪਏ ਤਾਂ ਤੁਸੀਂ 'ਟੁੱਟੇ ਹੋਏ ਛਿੱਤਰ ਵਾਂਗ ਵਧੀ ਜਾਣ ਦਾ' ਦੋਸ਼ ਲਾਓਗੇ। ਇਲੈਕਟਰਾਨਿਕ ਮੀਡੀਆ ਉੱਤੇ ਮੀਡੀਆ ਲਈ ਸ਼ਬਦ 'ਚਵਲ' ਵਰਤਿਆ ਗਿਆ ਹੈ ਅਤੇ ਹਰਬਿੰਦਰ ਸਿੰਘ ਗਿੱਲ ਸ਼ਾਇਦ ਬਹੁਤੇ ਪੜ੍ਹੇ ਲਿਖੇ ਨਹੀਂ, ਕਿਉਂ ਕਿ ਉਹ ਘੜੀ-ਮੁੜੀ 'ਸੱਜਣ' ਨੂੰ ਬਹੁਤੇ ਪੜ੍ਹੇ-ਲਿਖੇ ਹੋਣ ਦਾ ਮਿਹਣਾ ਮਾਰਦੇ ਹਨ। ਸੋ, ਇਸ ਵਾਰ 'ਚੈਰੀਆਂ' ਦੀ ਥਾਂ, ਗਿਟਕਾਂ ਨਾਲ਼ ਹੀ ਸਾਰੋ ਅਤੇ ਇਨ੍ਹਾਂ ਸਕਰਿਪਟਾਂ ਵਿਚ ਦਰਜ ਸੱਚ ਪੜ੍ਹੋ-ਵਿਚਾਰੋ ਤੇ ਅਸੀਂ ਤਦ ਤਕ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦੇ ਹਾਂ!#
