ਹੱਥ ਤਾਂ ਕੀ, ਇਨ੍ਹਾਂ ਦੇ
ਸਿਰ ਵੀ ਖਾਲੀ ਨਹੀਂ
~~~~~~~~~
ਕਦੇ ਕਿਤੇ ਪੜ੍ਹਿਆ ਸੀ ਜਾਂ ਸੁਣਿਆ ਸੀ ਕਿ ਗਿਆਨ ਹਾਸਲ ਕਰਨ ਲਈ ਕਿਸੇ ਗਿਆਨੀ ਅੱਗੇ ਹੱਥ ਹੀ ਨਹੀਂ ਜੋੜਨੇ ਪੈਂਦੇ, ਸਿਰ ਵੀ ਜੋੜਨਾ ਪੈਂਦਾ ਹੈ। ਗਿਆਨ ਹਾਸਲ ਕਰਨ ਲਈ ਮਨ ਦਾ ਭਾਂਡਾ ਖਾਲੀ ਕਰ ਕੇ ਗਿਆਨ ਲਈ ਥਾਂ ਬਣਾਉਣੀ ਪੈਂਦੀ ਹੈ। ਇਹ ਵੀ ਕਿਤੇ ਪੜ੍ਹਿਆ ਜਾਂ ਸੁਣਿਆ ਹੀ ਸੀ ਕਿ ਭਰਿਆ ਭਾਂਡਾ ਜਿੰਨਾ ਚਿਰ ਮਰਜ਼ੀ, ਵਰ੍ਹਦੇ ਮੀਂਹ ਵਿਚ ਰੱਖ ਛੱਡੋ, ਉਸ ਵਿਚ ਚੂਲ਼ੀ ਭਰ ਵੀ ਪਾਣੀ ਨਹੀਂ ਪੈਂਦਾ ਕਿਉਂ ਕਿ ਉਸ ਵਿਚ ਖਾਲੀ ਥਾਂ ਨਹੀਂ ਹੁੰਦੀ। ਘੜਾ ਖਾਲੀ ਵੀ ਕਰ ਲਿਆ ਹੋਵੇ, ਉਸ ਨੂੰ ਮੀਂਹ ਪੈਣ ਦੌਰਾਨ ਮੂਧਾ ਕਰ ਕੇ ਰੱਖ ਦਿੰਦੇ ਹੋ ਤਾਂ ਪਾਣੀ ਦੀ ਚੂਲ਼ੀ ਉਸ ਅੰਦਰ ਵੀ ਨਹੀਂ ਪੈਂਦੀ।
ਤੁਸੀਂ ਸੋਚਦੇ ਹੋਵੋਗੇ ਕਿ ਅੱਜ ਇਸ ਕਾਲਮ ਨਵੀਸ ਨੂੰ ਕੀ ਹੋਇਆ ਹੈ, ਜਿਹੜਾ ਬੰਦਿਆਂ ਦੇ ਥਾਂ ਘੜਿਆਂ ਜਾਂ ਭਾਂਡਿਆਂ ਦੀਆਂ ਗੱਲਾਂ ਕਰੀ ਜਾ ਰਿਹਾ ਹੈ। ਘੜੇ ਜਾਂ ਭਾਂਡੇ ਨੂੰ 'ਪਾਤਰ' ਵੀ ਕਿਹਾ ਜਾਂਦਾ ਹੈ। ਇੱਥੇ ਇਸ 'ਪਾਤਰ' ਨੂੰ ਵੀ 'ਖਾਲੀ ਭਾਂਡਾ' ਹੀ ਸਮਝ ਲਓ ਯਾਨੀ 'ਖਾਲੀ ਮਨ'। ਮਨ ਖਾਲੀ ਹੋਵੇਗਾ ਤਾਂ ਹੀ ਉਸ ਅੰਦਰ ਗਿਆਨ ਦਾ ਕੋਈ ਅੰਸ਼ ਪਵੇਗਾ, ਨਹੀਂ ਤਾਂ ਭਰੇ ਹੋਏ ਮਨ ਵਿਚ ਗਿਆਨ ਦਾ ਕੋਈ ਅੰਸ਼ ਪੈਂਦੇ ਸਾਰ ਹੀ ਬਾਹਰ ਡਿੱਗ ਪਵੇਗਾ ਕਿਉਂ ਕਿ ਪਹਿਲਾਂ ਹੀ ਭਰਿਆ ਪਿਆ ਮਨ, ਹੋਰ ਜੋ ਮਰਜ਼ੀ ਹੋਵੇ, 'ਪਾਤਰ' ਮੂਲ਼ੋਂ ਹੀ ਨਹੀਂ ਹੁੰਦਾ।
ਅੱਜ ਅਸੀਂ ਗਿਆਨ ਤੋਂ ਸੱਖਣੇ ਕਿਉਂ ਹਾਂ? ਸਾਡੇ ਸਿਰ, ਸਾਡੇ ਮਨ, ਸਾਡੇ ਹੱਥ ਪਹਿਲਾਂ ਹੀ ਭਰੇ ਹੋਏ ਹੋਣ ਕਾਰਨ ਜੁੜਨ ਜਾਂ ਭਰਨ ਜੋਗੇ ਨਹੀਂ ਰਹੇ। ਸਫ਼ਰ ਕਰਦਿਆਂ ਸਾਡੇ ਹੱਥਾਂ ਵਿਚ, ਇੰਟਰਨੈੱਟ ਨਾਲ਼ ਜੁੜਿਆ ਹੋਇਆ ਸੈੱਲ ਫੋਨ ਹੈ। ਜੇ ਸੈੱਲ ਫੋਨ ਸਾਡੇ ਹੱਥਾਂ ਵਿਚ ਨਹੀਂ ਹੈ ਤਾਂ ਉਹ 'ਬਲੂਟੁੱਥ' ਰਾਹੀਂ ਸਾਡੇ ਕੰਨਾਂ. ਸਾਡੇ ਸਿਰਾਂ ਨਾਲ਼ ਜੁੜਿਆ ਹੋਇਆ ਹੈ। ਇਕ ਆਦਮੀ ਨੂੰ ਉੱਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਉਹ ਕੀ ਸੁਣ ਰਿਹਾ ਹੈ, ਜਿੰਨਾ ਚਿਰ ਉਹ ਆਪਣੇ ਕੰਨਾਂ ਵਿੱਚੋਂ/ ਉੱਤੋਂ ਹੈੱਡ ਫੋਨ ਲਾਹ ਕੇ ਤੁਹਾਡੇ ਨਾਲ਼ ਮੁਖ਼ਾਤਿਬ ਨਹੀਂ ਹੁੰਦਾ ਜਾਂ ਤੁਹਾਨੂੰ ਆਪਣੇ ਨਾਲ਼ ਮੁਖ਼ਾਤਿਬ ਹੋਣ ਦਾ ਮੌਕਾ ਨਹੀਂ ਦਿੰਦਾ। ਅਸੀਂ ਅੱਜ ਦੇ ਜ਼ਮਾਨੇ ਦੇ ਲੋਕ, ਇੱਕੋ ਧਰਤੀ ਉੱਤੇ ਰਹਿੰਦੇ ਹੋਏ ਵੀ ਆਪਣੇ ਆਲ਼ੇ-ਦੁਆਲ਼ੇ ਵੱਖੋ-ਵੱਖਰੇ ਟਾਪੂ ਸਿਰਜੀ ਫਿਰਦੇ ਹਾਂ। ਜਦੋਂ ਅਸੀਂ ਕਿਤੇ ਜਾਂਦੇ ਹਾਂ ਜਾਂ ਸਫ਼ਰ ਕਰਦੇ ਹਾਂ, ਸਾਡਾ ਟਾਪੂ ਸਾਡੇ ਨਾਲ਼ ਹੀ ਜਾਂਦਾ ਹੈ। ਕਿਤੇ ਜਾ ਕੇ, ਰਹਿਣ ਲਈ ਮਿਲੇ ਕਮਰੇ ਜਾਂ ਰਿਹਾਇਸ਼ ਅੰਦਰ, ਅਸੀਂ ਬਾਅਦ ਵਿਚ ਵੜਦੇ ਹਾਂ, ਸਾਡਾ ਟਾਪੂ ਪਹਿਲਾਂ ਵੜਦਾ ਹੈ। ਇਸ ਤਰ੍ਹਾਂ, ਅਸੀਂ ਇਕ ਸੰਸਾਰ ਅੰਦਰ ਨਹੀਂ ਵਿਚਰਦੇ, ਸਗੋਂ ਸਾਡੇ ਆਪੋ-ਆਪਣੇ ਟਾਪੂ ਇਸ ਸੰਸਾਰ ਅੰਦਰ ਵਿਚਰਦੇ ਹਨ।
ਸਾਡੇ ਦੁਆਲੇ ਇਹ ਟਾਪੂ, ਸਾਡਾ ਜਨਮ ਹੋਣ ਮਗਰੋਂ ਨਹੀਂ ਬਣਦੇ, ਸਗੋਂ ਇਹ ਤਾਂ ਸਾਡੇ ਜਨਮ ਤੋਂ ਪਹਿਲਾਂ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ ਕਿਉਂ ਕਿ ਕਿਸੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਉਸ ਦੀ (ਬਣਨ ਵਾਲ਼ੀ) ਮਾਂ ਜਾਂ ਤਾਂ ਆਪਣੇ ਸੈੱਲ ਫੋਨ ਉੱਤੇ 'ਸਰਫਿੰਗ' ਕਰ ਰਹੀ ਹੁੰਦੀ ਹੈ ਜਾਂ ਬੱਚੇ ਨੂੰ ਜਨਮ ਦੇਣ ਦੇ ਸਬੰਧ ਵਿਚ 'ਯੂਟਿਊਬ' ਤੋਂ ਕੋਈ ਮੂਵੀ ਦੇਖ ਰਹੀ ਹੁੰਦੀ ਹੈ ਤੇ ਉਸ ਦੀ ਕੁੱਖ ਵਿਚ ਜੰਮਣ ਲਈ ਤਿਆਰ ਪਿਆ ਬੱਚਾ, ਆਪਣੇ ਨਾੜੂ ਰਾਹੀਂ, ਦੇਖੀ ਜਾ ਰਹੀ ਉਸ ਮੂਵੀ ਨਾਲ਼ ਜੁੜਿਆ ਹੁੰਦਾ ਹੈ। ਜਦੋਂ ਉਹ ਬੱਚਾ ਜਨਮ ਲੈਂਦਾ ਹੈ ਤਾਂ ਉਹ ਉੱਨਾ ਚਿਰ ਭਵੱਤਰਿਆ ਜਿਹਾ ਹੀ ਰਹਿੰਦਾ ਹੈ, ਜਿੰਨਾ ਚਿਰ ਉਹ ਆਪਣੇ ਟਾਪੂ ਅੰਦਰ ਸਹਿਜ ਜਿਹਾ ਮਹਿਸੂਸ ਕਰਨਾ ਨਹੀਂ ਸ਼ੁਰੂ ਕਰ ਲੈਂਦਾ। ਉਸ ਨੂੰ ਕੁੱਖੋਂ ਬਾਹਰ ਆਉਣ ਸਾਰ, ਮਾਂ ਦੇ ਦੁੱਧ ਦੀ ਉੱਨੀ ਤਲਬ ਨਹੀਂ ਹੁੰਦੀ, ਜਿੰਨੀ 'ਵਾਈ-ਫਾਈ' ਦੀਆਂ ਤਰੰਗਾਂ ਨਾਲ਼ ਜੁੜਨ ਦੀ ਲੋੜ ਮਹਿਸੂਸ ਹੁੰਦੀ ਹੈ।
ਮੇਰੀ ਪਾਠਕਾਂ ਵਾਲੀ ਸਰਕਾਰ! ਤੁਸੀਂ ਇਹ ਸਤਰਾਂ ਪੜ੍ਹਦਿਆਂ ਦੰਗ ਨਾ ਰਹਿ ਜਾਣਾ ਕਿ ਅੱਜ ਦੇ ਇਸ ਕਾਲਮ ਦਾ ਰੰਗ ਕਿਹੋ ਜਿਹਾ ਹੈ। ਸੋ, ਇਸ ਵਾਰ ਕਾਲਮ ਦਾ ਰੰਗ ਬਚਕਾਨਾ ਜਿਹਾ ਵੀ ਲੱਗੇ ਤਾਂ ਬਰਦਾਸ਼ਤ ਕਰ ਲੈਣਾ। ਅਸਲ ਵਿਚ ਜੋ ਕੁੱਝ ਦੱਸਣ ਲਈ ਆਧਾਰ ਬਣਾਉਣ ਖ਼ਾਤਰ ਇਹ ਸਭ ਕੁੱਝ ਲਿਖਣਾ ਪਿਆ ਹੈ, ਉਹ ਇਕ ਖ਼ਬਰ ਹੈ। ਸੋ ਕੁੱਝ ਹੋਰ ਅਰਜ਼ ਕਰਨ ਤੋਂ ਪਹਿਲਾਂ, ਨਵੀਂ ਦਿੱਲੀ ਤੋਂ ਆਈ, ਇਹ ਫੀਚਰ ਨੁਮਾ ਖ਼ਬਰ ਹੀ ਨਾ ਪੜ੍ਹ ਲਈ ਜਾਵੇ? ਇਸ ਖਬਰ ਵਿਚ ਏਦਾਂ ਲਿਖਿਆ ਹੋਇਆ ਹੈ:
"ਉਸ ਨੇ ਜਦੋਂ ਪਹਿਲੀ ਵਾਰ ਫੋਨ ਫੜਿਆ ਤਾਂ ਉਹ ਅਜੇ ਅਬੋਧ ਬੱਚਾ ਹੀ ਸੀ। ਉਸ ਦੀ ਮਾਂ ਨੇ ਉਸ ਨੂੰ ਕੁੱਝ ਖੁਆਉਣ ਖ਼ਾਤਰ ਉਸ ਦਾ ਧਿਆਨ ਹੋਧਰੇ ਪਾਉਣ ਲਈ ਹੀ ਫੋਨ ਫੜਾਇਆ ਸੀ। ਜਦੋਂ ਉਹ ਚਾਰ ਸਾਲਾਂ ਦਾ ਹੋ ਗਿਆ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਇਕ ਫੋਨ ਲੈ ਦਿੱਤਾ ਕਿਉਂ ਕਿ ਉਦੋਂ ਤਕ ਫੋਨ ਉਸ ਦਾ 'ਮਨ ਭਾਉਂਦਾ ਖਿਡਾਉਣਾ' ਬਣ ਚੁੱਕਾ ਸੀ। ਹਰਿਆਣੇ ਦੇ ਇਕ ਸ਼ਹਿਰ ਵਿਚ ਜੰਮੇ-ਪਲੇ ਇਸ ਮੁੰਡੇ ਨੇ ਨੌਂ ਸਾਲਾਂ ਦੀ ਉਮਰੇ ਆਪਣਾ ਸਰੀਰ ਚਾਕੂ ਮਾਰ-ਮਾਰ ਜ਼ਖ਼ਮੀ ਕਰ ਲਿਆ ਕਿਉਂ ਕਿ ਉਸ ਦੇ ਮਾਪਿਆਂ ਨੇ ਤੁਹਫੇ ਵਜੋਂ ਦਿੱਤਾ ਹੋਇਆ ਉਹ ਫੋਨ ਉਸ ਤੋਂ ਵਾਪਸ ਲੈ ਲਿਆ ਸੀ। ਚੌਥੀ ਜਮਾਤ ਵਿਚ ਪੜ੍ਹਦੇ ਇਸ ਬੱਚੇ ਨੂੰ ਇਲਾਜ ਖ਼ਾਤਰ ਦਿੱਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਉਸ ਨੇ ਆਪਣੀ ਇਕ ਬਾਂਹ, ਕੂਹਣੀ ਤੋਂ ਅੱਗਿਓਂ ਬਹੁਤ ਬੁਰੀ ਤਰ੍ਹਾਂ ਵੱਢੀ ਹੋਈ ਸੀ। ਇਹ ਵਾਰਦਾਤ ਉਸ ਨੇ ਰਸੋਈ ਵਿਚ ਰੱਖੇ ਹੋਏ ਚਾਕੂਆਂ ਵਿਚੋਂ ਇਕ ਦੀ ਵਰਤੋਂ ਕਰ ਕੇ ਕੀਤੀ ਸੀ। ਪਹਿਲਾਂ ਉਸ ਦਾ ਇਲਾਜ ਇਕ ਜਨਰਲ ਸਰਜਨ ਨੇ ਕੀਤਾ, ਪਰ ਜਦੋਂ ਇਸ ਵਾਰਦਾਤ ਦੀ ਜਾਂਚ ਡੂੰਘਾਈ ਨਾਲ਼ ਕੀਤੀ ਗਈ ਤਾਂ ਡਾਕਟਰਾਂ ਨੇ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਦੇ 'ਕਨਸੱਲਟੈਂਟ ਸਾਈਕੈਟਰਿਸਟ' ਡਾ. ਰਾਜੀਵ ਮਹਿਤਾ ਕੋਲ ਭੇਜ ਦਿੱਤਾ। ਡਾ. ਮਹਿਤਾ ਦਾ ਕਹਿਣ ਹੈ, 'ਮੋਬਾਈਲ ਫੋਨ ਉੱਪਰ ਨਿਰਭਰ ਹੋਣ ਦਾ ਇਹ ਸਭ ਤੋਂ ਛੋਟੀ ਉਮਰ ਦਾ ਕੇਸ ਹੈ।' ਇਸ ਡਾਕਟਰ ਦਾ ਹੀ ਕਹਿਣ ਹੈ ਕਿ ਪਹਿਲਾਂ ਤਾਂ ਇਸ ਬੱਚੇ ਦੇ ਮਾਪਿਆਂ ਨੇ ਆਪਣਾ 'ਸਮਾਂ ਬਚਾਉਣ' ਲਈ ਉਸ ਨੂੰ ਫੋਨ ਫੜਾ ਦਿੱਤਾ। ਦੋਵੇਂ ਹੀ ਮਾਪੇ ਕੰੰੰੰਮ ਕਰਦੇ ਹਨ। ਬਾਪ ਵਪਾਰੀ ਹੈ ਤੇ ਮਾਂ ਲੈਕਚਰਰ ਹੈ। ਉਨ੍ਹਾਂ ਦੋਹਾਂ ਕੋਲ ਹੀ ਬੱਚੇ ਲਈ ਬਹੁਤਾ ਸਮਾਂ ਨਹੀਂ ਸੀ।ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਬੱਚਾ ਅਜੇ ਬਹੁਤ ਛੋਟਾ ਸੀ ਤਾਂ ਉਸ ਨੂੰ ਮਨ ਪ੍ਰਚਾਵਾ ਕਰਨ ਲਈ ਫੋਨ ਫੜਾ ਦਿੱਤਾ ਜਾਂਦਾ ਸੀ। ਹੌਲੀ-ਹੌਲ਼ੀ ਬੱਚਾ ਉਸ ਫੋਨ ਨਾਲ਼ ਖੇਡਣ ਦਾ ਆਦੀ ਹੋ ਗਿਆ। ਉਹ ਬੱਚਾ, ਖਾਣਾ ਵੀ ਉਦੋਂ ਹੀ ਖਾਂਦਾ, ਜਦੋਂ ਉਸ ਦੇ ਹੱਥ ਵਿਚ ਫੋਨ ਫੜਾਇਆ ਹੋਇਆ ਹੁੰਦਾ।
ਡਾ. ਮਹਿਤਾ ਦੱਸਦੇ ਹਨ ਕਿ ਕੁੱਝ ਖਾਣ-ਪੀਣ ਵੇਲ਼ੇ ਵੀ ਇਹ ਬੱਚਾ ਜਾਂ ਤਾਂ 'ਯੂਟਿਊਬ' ਦੇਖਦਾ ਹੁੰਦਾ ਸੀ ਜਾਂ ਫਿਰ ਕੋਈ ਵਿਡੀਓ ਗੇਮ ਖੇਡਦਾ ਹੁੰਦਾ ਸੀ। ਜਦੋਂ ਡਾਕਟਰ ਨੇ ਉਸ ਬੱਚੇ ਨੂੰ ਕੌਂਸਲਿੰਗ ਦੇਣੀ ਸ਼ੁਰੂ ਕੀਤੀ ਤਾਂ ਪਹਿਲਾਂ-ਪਹਿਲਾਂ ਉਹ ਚੁੱਪ ਕਰ ਕੇ ਬੈਠਾ ਰਹਿੰਦਾ ਤੇ ਕਹਿਣ 'ਤੇ ਵੀ ਕੁੱਝ ਨਾ ਬੋਲਦਾ। ਉਸ ਨੇ ਉਦੋਂ ਹੀ ਆਪਣੀ ਜ਼ੁਬਾਨ ਖੋਲ੍ਹੀ, ਜਦੋਂ ਉਸ ਨਾਲ਼ ਉਸ ਦੇ ਰਿਸ਼ਤਿਆਂ ਬਾਰੇ ਅਤੇ ਮੋਬਾਈਲ ਫੋਨ ਬਾਰੇ ਗੱਲ ਬਾਤ ਸ਼ੁਰੂ ਕੀਤੀ ਗਈ। ਬੱਚੇ ਨੇ ਦੱਸਿਆ ਕਿ ਉਸ ਨੂੰ ਬਾਹਰ ਜਾ ਕੇ ਖੇਡਣ ਨਾਲ਼ੋਂ ਮੋਬਾਈਲ ਨਾਲ਼ ਖੇਡਣਾ ਵਧੇਰੇ ਪਸੰਦ ਹੈ।
ਵੱਖਰੇ ਤੌਰ 'ਤੇ ਕੌਂਸਲਿੰਗ ਦੇਣ ਦੌਰਾਨ ਮਾਪਿਆਂ ਨੇ ਮੰਨਿਆ ਕਿ ਉਨ੍ਹਾਂ ਦੋਹਾਂ ਵਿਚੋਂ ਕਿਸੇ ਨੇ ਵੀ ਕਦੇ ਆਪਣੇ ਬੱਚੇ ਨੂੰ ਖੇਡਣ ਖ਼ਾਤਰ ਬਾਹਰ ਜਾਣ ਲਈ ਨਹੀਂ ਕਿਹਾ ਸੀ ਤੇ ਉਹ ਸਮਝਦੇ ਸਨ ਕਿ ਘਰੋਂ ਬਾਹਰ ਨਾ ਜਾ ਕੇ ਉਨ੍ਹਾਂ ਦਾ ਬੱਚਾ ਮਾੜੀ ਸੰਗਤ ਤੋਂ ਬਚਿਆ ਰਹੇਗਾ। ਸਾਲ ਕੁ ਭਰ ਪਹਿਲਾਂ ਉਨ੍ਹਾਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਦਾ ਬੱਚਾ ਫੋਨ ਖੋਹ ਲਏ ਜਾਣ ਮਗਰੋਂ ਬਹੁਤ ਖਿਝਦਾ ਹੈ ਤੇ ਗੁੱਸੇ ਵਿਚ ਆ ਜਾਂਦਾ ਹੈ। ਡਾ. ਮਹਿਤਾ ਦੱਸਦੇ ਹਨ ਕਿ ਫਿਰ ਬੱਚੇ ਦੇ ਸਿਰ ਵਿਚ ਲਗਾਤਾਰ ਦਰਦ ਰਹਿਣ ਲੱਗਿਆ, ਜਿਸ ਦੀ ਵਜ੍ਹਾ, ਉਸ ਦੀ ਨਜ਼ਰ ਦਾ ਘੱਟ ਹੋਣਾ ਸਮਝਿਆ ਜਾਂਦਾ ਰਿਹਾ। ਫਿਰ ਉਸ ਦੇ ਐਨਕਾਂ ਲੁਆ ਦਿੱਤੀਆਂ ਗਈਆਂ।ਉਸ ਦੀ ਨਜ਼ਰ ਦਾ ਨੁਕਸ ਹੋਰ ਵਧਣੋਂ ਰੋਕਣ ਲਈ ਉਸ ਦੇ ਮਾਪਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਬੱਚੇ ਨੂੰ ਫੋਨ, ਲੈਪਟੌਪ ਅਤੇ ਟੈਲੀਵਿਜਨ ਵਰਗੀਆਂ ਹੋਰ ਸਕਰੀਨਜ਼ ਤੋਂ ਦੂਰ ਹੀ ਰੱਖਣ, ਪਰ ਤਦ ਤਕ ਉਸ ਬੱਚੇ ਦੀ ਆਦਤ, ਫੋਨ ਉੱਤੇ ਨਿਰਭਰ ਰਹਿਣ ਵਿਚ ਬਦਲ ਗਈ ਸੀ। ਉਸ ਤੋਂ ਫੋਨ ਲੈ ਲੈਣ ਨਾਲ਼ ਉਹ ਜ਼ਿੱਦ ਕਰਨ ਲੱਗਦਾ ਅਤੇ ਗੁੱਸੇ ਵਿਚ ਆ ਜਾਂਦਾ। ਜੇ ਉਸ ਨੂੰ ਫੋਨ ਨਾ ਦਿੱਤਾ ਜਾਂਦਾ ਤਾਂ ਉਹ ਆਪਣਾ ਸਿਰ ਕੰਧ ਵਿਚ ਮਾਰਨ ਲੱਗ ਪੈਂਦਾ। ਆਖ਼ਰ ਵਿਚ ਉਸ ਨੇ ਆਪਣੀ ਜ਼ਿੱਦ ਪੁਗਾਉਣ ਲਈ, ਰਸੋਈ ਵਿਚੋਂ ਚਾਕੂ ਲੈ ਕੇ ਆਪਣੇ-ਆਪ ਨੂੰ ਵੱਢਣਾ-ਟੁੱਕਣਾ ਸ਼ੁਰੂ ਕਰ ਦਿੱਤਾ। ਡਾ. ਮਹਿਤਾ ਦਾ ਕਹਿਣ ਹੈ ਕਿ ਜਿੱਦਾਂ ਕੋਈ ਬੰਦਾ ਨਸ਼ੇ ਦਾ ਆਦੀ ਹੋ ਜਾਂਦਾ ਹੈ, ਬਿਲਕੁਲ ਉਸੇ ਹੀ ਤਰ੍ਹਾਂ ਇਹ ਬੱਚਾ, ਫੋਨ ਦਾ ਆਦੀ ਹੋ ਚੁੱਕਾ ਹੈ। ਨਸ਼ੇ ਦੀ ਤਲਬ ਲੱਗਣ ਵਾਂਗ ਹੀ ਇਸ ਬੱਚੇ ਨੂੰ ਫੋਨ ਦੀ ਤਲਬ ਲੱਗਦੀ ਹੈ।"
###
ਇਹ ਖ਼ਬਰ ਪੜ੍ਹ/ ਸੁਣ ਕੇ ਸਾਡੇ ਵਿਚੋਂ ਬਹੁਤ ਸਾਰੇ ਲੋਕ ਇਲੈਕਟਰਾਨਿਕ ਤਕਨਾਲੋਜੀ ਨੂੰ ਦੋਸ਼ ਦੇਣ ਲੱਗ ਪੈਣਗੇ ਜਦੋਂ ਕਿ ਇਹ ਸਰਾਸਰ ਗ਼ਲਤ ਹੋਵੇਗਾ।ਇਸ ਤਕਨਾਲੋਜੀ ਦੇ ਇਕ ਮਾਹਰ ਦਾ ਕਹਿਣ ਹੈ ਕਿ ਇਹ ਤਕਨਾਲੋਜੀ ਮਨੁੱਖ ਲਈ ਹੈ, ਨਾ ਕਿ ਮਨੁੱਖ ਇਸ ਤਕਨਾਲੋਜੀ ਲਈ ਹੈ। ਜੇ ਮਾਪੇ ਆਪਣੇ ਬੱਚਿਆਂ ਨੂੰ ਸੀਮਤ ਸਮੇਂ ਤਕ ਇਹ ਤਕਨਾਲੋਜੀ ਵਰਤ ਲੈਣ ਦੇਣ ਅਤੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਤਾਂ ਇਸ ਦੇ ਨਤੀਜੇ ਬਹੁਤ ਵਧੀਆ ਨਿੱਕਲਣਗੇ। ਤਕਨਾਲੋਜੀ ਦੀ ਦੁਰਵਰਤੋਂ ਨੂੰ ਭੰਡਦਿਆਂ ਉਸ ਮਾਹਰ ਨੇ ਕਿਹਾ, "ਤੁਸੀਂ ਅੱਗ ਬਾਲ਼ ਕੇ ਆਪਣਾ ਚੁੱਲ੍ਹਾ ਤਪਾ ਸਕਦੇ ਹੋ, ਪਰ ਉਸੇ ਹੀ ਅੱਗ ਨਾਲ਼ ਤੁਸੀਂ ਆਪਣਾ ਘਰ ਵੀ ਫੂਕ ਸਕਦੇ ਹੋ। ਇਸ ਮਾਮਲੇ ਵਿਚ ਬੱਚਾ 'ਯੂਟਿਊਬ' ਉੱਤੇ ਸੰਗੀਤਕ ਵਿਡੀਓ ਦੇਖਣ ਵਿਚ ਦਿਲਚਸਪੀ ਲੈਂਦਾ ਸੀ ਤਾਂ ਉਸ ਦੇ ਮਾਪੇ ਇਸ ਗੱਲ ਵੱਲ ਧਿਆਨ ਦਿੰਦਿਆਂ, ਉਸ ਨੂੰ ਨਾਚ-ਗਾਣਾ ਸਿਖਾਉਣ ਲਈ ਕਿਸੇ ਸਕੂਲ ਭੇਜ ਸਕਦੇ ਸਨ।"
ਇਹ ਬੱਚਾ ਆਪਣੇ-ਆਪ ਨੂੰ ਜ਼ਖ਼ਮੀ ਨਾ ਕਰਦਾ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਣਾ ਸੀ ਕਿ ਇਸ ਬੱਚੇ ਨੂੰ 'ਫੋਨ ਦਾ ਨਸ਼ਾ' ਲੱਗ ਗਿਆ ਹੈ ਜਾਂ ਇਹ ਬੱਚਾ 'ਫੋਨ ਉੱਤੇ ਨਿਰਭਰਤਾ' ਦਾ ਆਦੀ ਹੋ ਗਿਆ ਹੈ। ਅੱਜ ਸੜਕ ਪਾਰ ਕਰਦੇ, ਵਡੇਰੀ ਉਮਰ ਦੇ ਬੱਚਿਆਂ ਨੂੰ ਵੀ ਫੋਨ ਤੋਂ ਨਜ਼ਰਾਂ ਨਾ ਹਟਾਉਂਦਿਆਂ ਅਤੇ ਸਾਹਮਣੇ ਦੇਖੇ ਬਗ਼ੈਰ ਤੁਰਦਿਆਂ ਦੇਖ ਕੇ ਮਨ ਨੂੰ ਹੌਲ ਜਿਹਾ ਪੈਂਦਾ ਹੈ ਕਿ ਸਾਡੀ ਅਗਲੀ ਨਸਲ ਕਿੱਧਰ ਜਾ ਰਹੀ ਹੈ! ਸਾਨੂੰ ਆਪਣੀ ਨਵੀਂ ਨਸਲ ਦੇ ਮਨ ਵਿਚ ਗਿਆਨ ਦੀ ਕੋਈ ਕਣੀ ਪੈਂਦੀ ਕਰਨ ਖ਼ਾਤਰ, ਉਸ ਦੇ ਹੱਥ ਵੀ ਖਾਲੀ ਕਰਨੇ ਪੈਣਗੇ ਤੇ ਉਸ ਦਾ ਸਿਰ ਵੀ ਖਾਲੀ ਕਰਨਾ ਪਵੇਗਾ। ਤੁਹਾਡਾ ਕੀ ਖ਼ਿਆਲ ਹੈ?#
