ਧੰਨ ਓਏ 'ਸੁਪਰ ਸਿੰਹਾਂ' ਤੂੰ ਤੇ ਧੰਨ ਤੇਰੀਆਂ 'ਸੁਪਰੀਆਂ'!
ਹਾਲ ਹੀ ਵਿਚ ਰਿਲੀਜ਼ ਹੋਈ ਇਕ ਪੰਜਾਬੀ ਫ਼ਿਲਮ 'ਸੁਪਰ ਸਿੰਘ', ਮੈਂ ਕਿਸੇ ਸਿਨੇਮਾ ਹਾਲ ਵਿਚ ਜਾਣ ਤੋਂ ਬਗ਼ੈਰ ਹੀ ਕਿਤੇ ਦੇਖ ਲਈ ਹੈ।ਕਿਸੇ ਸਿਨੇਮਾ ਘਰ ਵਿਚ ਜਾਣ ਤੋਂ ਬਗ਼ੈਰ ਹੀ ਇਹ ਫ਼ਿਲਮ ਦੇਖ ਕੇ ਮੈਂ ਖ਼ੁਸ਼ ਹਾਂ ਕਿ ਮੈਂ ਆਪਣੇ ਵੀਹ ਡਾਲਰ (ਬੱਤੇ ਤੇ ਖਿੱਲਾਂ ਦੇ ਖ਼ਰਚੇ ਸਮੇਤ) ਬਚਾ ਲਏ ਹਨ।
ਇਹ ਸਤਰਾਂ ਲਿਖਣ ਦੌਰਾਨ ਹੀ ਪਤਾ ਲੱਗਿਆ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਹ ਫ਼ਿਲਮ ਬਣਾਉਣ ਵਾਲ਼ਿਆਂ ਨੇ ਇਹ ਫ਼ਿਲਮ ਬਣਾਉਂਦਿਆਂ ਕੀ-ਕੀ ਚੰਦ ਚੜ੍ਹਾਏ ਹੋਏ ਹਨ। ਇਸ ਸਬੰਧ ਵਿਚ ਕੁੱਝ ਹੋਰ ਲਿਖਣ ਤੋਂ ਪਹਿਲਾਂ ਦੱਸ ਦੇਣਾ ਠੀਕ ਰਹੇਗਾ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ, ਜੋ ਇਸ ਫ਼ਿਲਮ ਦੇ ਪ੍ਰੋਡਿਊਸਰਾਂ ਵਿਚ ਵੀ ਸ਼ਾਮਲ ਹਨ ਅਤੇ ਮੁੱਖ ਅਦਾਕਾਰ ਦਲਜੀਤ ਸਿੰਘ ਨੇ ਇਹ ਫ਼ਿਲਮ ਬਣਾਉਣ ਲੱਗਿਆਂ ਜਿਸ ਚੀਜ਼ (ਕੇਸਾਂ) ਨੂੰ ਮੁੱਖ ਅਧਾਰ ਬਣਾਉਣਾ ਚਾਹਿਆ ਹੈ, ਉਹ ਅਸਲ ਵਿਚ ਇਨ੍ਹਾਂ ਦੋਹਾਂ ਕੋਲ ਹੀ ਹੈ ਨਹੀਂ ਹਨ।
ਖ਼ਬਰਾਂ ਆਈਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪਿਛਲੇ ਦਿਨੀਂ ਆਈਆਂ ਬਹੁਤ ਸਾਰੀਆਂ ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਇਸ ਫ਼ਿਲਮ ਵਿਚ ਬਹੁਤ ਕੁੱਝ ਸਿੱਖੀ ਦੀਆਂ ਰਵਾਇਤਾਂ ਅਤੇ ਰਹੁ-ਰੀਤਾਂ ਦੇ ਖ਼ਿਲਾਫ਼ ਖ਼ਿਲਾਫ਼ ਦਿਖਾਇਆ ਗਿਆ ਹੈ। ਇਨ੍ਹਾਂ ਸ਼ਿਕਾਇਤਾਂ ਵੱਲ ਧਿਆਨ ਦਿੰਦਿਆਂ ਪ੍ਰੋ. ਬਡੂੰਗਰ ਨੇ ਇਕ ਕਮੇਟੀ ਬਣਾ ਕੇ ਹੁਕਮ ਦਿੱਤਾ ਹੈ ਕਿ ਉਹ ਕਮੇਟੀ ਇਹ ਫ਼ਿਲਮ ਦੇਖ ਕੇ, ਇਸ ਬਾਰੇ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦੇਵੇ। ਉਨ੍ਹਾਂ ਨੇ ਕਿਹਾ ਹੈ ਕਿ ਸ਼ਿਕਾਇਤਾਂ ਕਰਨ ਵਾਲ਼ਿਆਂ ਨੇ ਇਸ ਫ਼ਿਲਮ ਦੇ ਇਕ ਸੀਨ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਇਕ ਮਿਜ਼ਾਈਲ ਦਰਬਾਰ ਸਾਹਿਬ ਵੱਲ ਦਾਗ਼ੀ ਹੋਈ ਦਿਖਾਈ ਗਈ ਹੈ, ਜਿਸ ਨੂੰ 'ਸੁਪਰ ਸਿੰਘ' ਦਰਬਾਰ ਸਾਹਿਬ ਉੱਪਰ ਡਿੱਗਣ ਤੋਂ ਮੋੜਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਫ਼ਿਲਮ ਬਣਾਉਣ ਵਾਲ਼ਿਆਂ ਵੱਲੋਂ ਦਸਤਾਰ ਦੀ ਬੇਅਦਬੀ ਕਰਨ ਸਬੰਧੀ ਵੀ ਕੁੱਝ ਦ੍ਰਿਸ਼ ਦਿਖਾਏ ਗਏ ਹਨ। ਪ੍ਰੋ. ਬਡੂੰਗਰ ਨੇ ਇਹ ਵੀ ਕਿਹਾ ਹੈ, "ਜੇ ਕੋਈ ਫ਼ਿਲਮਸਾਜ਼ ਦਰਸ਼ਕਾਂ ਨੂੰ ਸਿੱਖੀ ਬਾਰੇ ਕੁੱਝ ਦੱਸਣਾ ਵੀ ਚਾਹੇ ਤਾਂ ਉਸ ਨੂੰ ਚਾਹੀਦਾ ਹੈ ਕਿ ਫ਼ਿਲਮ ਬਣਾਉਣ ਤੋਂ ਪਹਿਲਾਂ ਆਪਣੀ ਸਕਰਿਪਟ, ਸ਼੍ਰੋਮਣੀ ਕਮੇਟੀ ਤੋਂ ਪਾਸ ਕਰਾਏ। ਅਜਿਹੀ ਕੋਈ ਵੀ ਫ਼ਿਲਮ, ਸਕਰਿਪਟ ਪਾਸ ਕਰਾਏ ਬਗ਼ੈਰ ਰਿਲੀਜ਼ ਨਾ ਕੀਤੀ ਜਾਵੇ। ਕਿਸੇ ਨੂੰ ਵੀ ਆਪਣੇ ਵਪਾਰਕ ਮੰਤਵਾਂ ਦੀ ਪੂਰਤੀ ਲਈ ਸਿੱਖਾਂ ਦੇ ਜਜ਼ਬਾਤ ਨਾਲ਼ ਖੇਡਣ ਨਹੀਂ ਦਿੱਤਾ ਜਾਵੇਗਾ।"
'ਸੁਪਰ ਸਿੰਘ' ਨੂੰ ਬਹੁਤ ਹੀ ਕਾਮਯਾਬ ਫ਼ਿਲਮ ਕਰਾਰ ਦੇਣ ਵਾਲ਼ੇ ਕੁੱਝ ਲੋਕ, ਇਸ ਫ਼ਿਲਮ ਦਾ ਮੁਕਾਬਲਾ, ਇਸ ਦੇ ਨਾਲ਼ ਹੀ ਦਿਖਾਈ ਜਾਣੀ ਸ਼ੁਰੂ ਕੀਤੀ ਗਈ ਇਕ ਹਿੰਦੀ ਫ਼ਿਲਮ 'ਬੈਂਕ ਚੋਰ' ਨਾਲ਼ ਕਰ-ਕਰ ਕੇ ਹੀ ਬਾਗ਼ੋ-ਬਾਗ਼ ਹੋਈ ਜਾ ਰਹੇ ਹਨ। ਇਨ੍ਹਾਂ ਹੀ ਲੋਕਾਂ ਦਾ ਕਹਿਣ ਹੈ ਕਿ 'ਸੁਪਰ ਸਿੰਘ' ਨੇ ਰਿਲੀਜ਼ ਹੋਣ ਦੇ ਪਹਿਲੇ ਦੋ ਦਿਨਾਂ ਵਿਚ ਹੀ ੩.੮੫ ਕਰੋੜ ਰੁਪਏ ਕਮਾ ਲਏ ਹਨ। ਹਿੰਦੀ ਫ਼ਿਲਮਾਂ ਨੂੰ ਕਮਾਈ ਦੇ ਪੱਖ ਤੋਂ ਪੜਚੋਲਣ ਵਾਲ਼ਾ ਤਰੁਣ ਆਦਰਸ਼ ਵੀ ਕਹਿੰਦਾ ਹੈ ਕਿ 'ਸੁਪਰ ਸਿੰਘ' ਨੇ ਦੋ ਦਿਨਾਂ ਵਿਚ ੩.੮੫ ਕਰੋੜ ਰੁਪਏ ਕਮਾ ਲਏ ਹਨ ਜਦੋਂ ਕਿ 'ਬੈਂਕ ਚੋਰ' ਨੇ ਪਹਿਲੇ ਦਿਨ ੧.੪੦ ਕਰੋੜ ਰੁਪਏ ਕਮਾਏ ਹਨ।
'ਸੁਪਰ ਸਿੰਘ' ਨੂੰ ਬਹੁਤ ਵਧੀਆ ਫ਼ਿਲਮ ਦੱਸਣ ਵਾਲ਼ੇ ਲੋਕ ਭੁੱਲ ਗਏ ਹਨ ਕਿ ਅਨੁਰਾਗ ਸਿੰਘ ਨੇ ਇਸ ਵਾਰ ਲੋਕਾਂ ਨੂੰ ਹਸਾਉਣ ਲਈ ਸਿੱਖੀ ਦਾ ਮਖ਼ੌਲ ਉਡਾਇਆ ਹੈ।ਕਿਸੇ ਵੀ ਫ਼ਿਲਮ ਦੇ ਮੁਲਾਂਕਣ ਦਾ ਮੁੱਖ ਆਧਾਰ, ਉਸ ਦੀ ਕਹਾਣੀ ਅਤੇ ਪਟਕਥਾ ਹੁੰਦੀ ਹੈ। ਸੋ, ਕਹਾਣੀ ਤੋਂ ਗੱਲ ਸ਼ੁਰੂ ਕਰਦੇ ਹਾਂ।
ਇਸ ਫ਼ਿਲਮ ਦੇ ਹੀਰੋ 'ਸੱਜਣ ਸਿੰਘ ਉਰਫ਼ ਸੈਮ ਉਰਫ਼ ਸੁਪਰ ਸਿੰਘ' ਯਾਨੀ ਦਿਲਜੀਤ ਦੁਸਾਂਝ ਨੂੰ ਨਿਰਦੇਸ਼ਕ ਅਨੁਰਾਗ ਸਿੰਘ ਨੇ ਇਸ ਫ਼ਿਲਮ ਵਿਚ ਵੀ 'ਜੱਟ ਤੇ ਜੂਲੀਅਟ' ਦੇ ਚੱਕਰ ਵਿਚੋਂ ਨਹੀਂ ਨਿੱਕਲਣ ਦਿੱਤਾ। ਸੱਚਾਈ ਇਹ ਵੀ ਹੈ ਕਿ ਦਿਲਜੀਤ ਆਪ ਵੀ ਨਹੀਂ ਚਾਹੁੰਦਾ ਕਿ ਕੋਈ ਨਿਰਦੇਸ਼ਕ ਉਸ ਨੂੰ ਇਸ ਗੇੜ ਵਿਚੋਂ ਕੱਢੇ। ਉਸ ਨੂੰ ਇਹੋ ਜਿਹੇ ਖੁੱਲ਼ੇ ਜਿਹੇ ਕਿਰਦਾਰ ਵਿਚ ਰੱਖ ਕੇ ਨਿਰਦੇਸ਼ਕ ਨੇ ਉਸ ਨੂੰ ਨਿਰਦੇਸ਼ਨ ਦੇਣ ਦਾ ਯੱਭ ਹੀ ਮੁਕਾ ਦਿੱਤਾ ਹੈ। ਇਸ ਫ਼ਿਲਮ ਦੇ ਹੀਰੋ ਨੂੰ 'ਸੁਪਰ ਸ਼ਕਤੀ' ਹਾਸਲ ਹੋਣ ਕਰ ਕੇ 'ਸੁਪਰ ਹੀਰੋ' ਕਿਹਾ ਗਿਆ ਹੈ। 'ਸੁਪਰ ਹੀਰੋ' ਦਾ ਅਰਥ ਇਹ ਹੈ ਕਿ ਇਹ ਹੀਰੋ ਉੱਡ ਵੀ ਸਕਦਾ ਹੈ ਅਤੇ ਲੋਕਾਂ ਨੂੰ ਚੁੱਕ-ਚੁੱਕ ਕੇ ਹਵਾ ਵਿਚ ਉਡਾ ਵੀ ਸਕਦਾ ਹੈ। ਇਸ ਦੇ ਨਾਲ਼ ਹੀ ਮੌਕਾ ਮਿਲਣ'ਤੇ ਇਹ ਹੀਰੋ, 'ਜੱਟ ਤੇ ਜੂਲੀਅਟ' ਦੇ ਹੀਰੋ ਵਾਲ਼ੀ 'ਟਪੂਸੀਮਾਰ ਲਤੀਫ਼ਾਗਿਰੀ' ਅਤੇ 'ਕਚੀਚੀਆਂ ਆਲ਼ਾ ਪਿਆਰ' ਵੀ ਕਰਦਾ ਹੈ। ਇਸ ਫ਼ਿਲਮ ਵਿਚ ਉਸ ਨੂੰ ਇਹ ਮੌਕਾ ਦੋਹਰਾ ਮਿਲਦਾ ਹੈ ਕਿਉਂ ਕਿ ਉਸ ਨਾਲ਼ ਗੋਰੀ ਅਦਾਕਾਰਾ ਅਲੈਗਜ਼ੈਂਡਰਾ ਬੈਂਡੀਅਨ (ਕੈਥੀ) ਵੀ ਹੈ ਅਤੇ ਪੰਜਾਬਣ ਅਦਾਕਾਰਾ ਸੋਨਮ ਬਾਜਵਾ (ਟਵਿੰਕਲ) ਵੀ ਹੈ। ਇਸ ਫ਼ਿਲਮ ਵਿਚ ਦਿਖਾਏ ਗਏ 'ਸਪੈਸ਼ਲ ਇਫੈਕਟਸ' ਵੀ ਲਤੀਫ਼ਿਆਂ ਵਰਗੇ ਹੀ ਹਨ। ਇਹ ਕਚੀਚੀਆਂ ਵਾਲ਼ਾ ਪਿਆਰ ਅਤੇ ਘੜੀ-ਮੁੜੀ ਬੋਲਿਆ ਜਾਂਦਾ ਇਹ ਡਾਇਆਲਾਗ "ਤੂੰ ਤਾਂ ਹੁਣੇ ਇੰਨਾ ਸਿਆਣਾ ਏਂ, ਵੱਡਾ ਹੋ ਕੇ ਕੀ ਕਰੇਂਗਾ" ਕਿੰਨਾ ਹੀ ਚਿਰ ਤਾਂ ਦਰਸ਼ਕਾਂ ਨੂੰ ਇਹ ਵੀ ਪਤਾ ਨਹੀਂ ਲੱਗਣ ਦਿੰਦੇ ਕਿ ਦੋ-ਦੋ ਲੇਖਕ {ਧੀਰਜ ਰਤਨ ਅਤੇ ਅਨੁਰਾਗ ਸਿੰਘ} ਹੋਣ 'ਤੇ ਵੀ ਇਸ ਫ਼ਿਲਮ ਵਿਚ ਢੰਗ ਦੀ ਇਕ ਵੀ ਕਹਾਣੀ ਨਹੀਂ ਹੈ।
ਜਿਹੜੀ ਗੱਲ ਕਹਾਣੀ ਵਜੋਂ ਵਰਤੀ ਗਈ ਹੈ, ਉਹ ਇਸ ਤਰ੍ਹਾਂ ਹੈ ਕਿ 'ਭੋਲ਼ਾ' ਦੀ ਥਾਂ 'ਭੋਲਾ' ਉਚਾਰਦੀ ਤੇ ਮੂਲ਼ੋਂ ਹੀ ਇਕ ਦੇਸੀ ਜਿਹੀ ਔਰਤ ਨਾ ਲੱਗਦੀ, ਇਕ ਨੀਮ ਸ਼ਹਿਰਨ ਜਿਹੀ ਔਰਤ (ਨਵਨਿੰਦਰਾ ਬਹਿਲ) ਆਪਣੇ ਮੌਂਟਰੀਅਲ (ਕੈਨੇਡਾ) ਗਏ ਹੋਏ ਪੁੱਤਰ 'ਸੱਜਣ ਸਿੰਘ' ਲਈ ਆਰਗੈਂਡੀ ਦੀਆਂ ਕੁੱਝ ਪੱਗਾਂ ਖ਼ਰੀਦਦੀ ਹੈ, ਜਿਨ੍ਹਾਂ ਵਿਚੋਂ (ਪਤਾ ਨਹੀਂ ਕਿਉਂ) ਉਹ ਇਕੋ ਹੀ (ਕੇਸਰੀ) ਦਸਤਾਰ ਨੂੰ 'ਸੰਤਾਂ' (ਪਵਨ ਮਲਹੋਤਰਾ) ਦਾ 'ਹੱਥ ਲੁਆਉਂਦੀ ਹੈ। ਜਦੋਂ ਸੱਜਣ ਸਿੰਘ ਉਰਫ਼ ਸੈਮ ਉਹ ਕੇਸਰੀ ਪੱਗ ਬੰਨ੍ਹ ਕੇ ਸੰਤਾਂ ਵੱਲੋਂ ਦਿੱਤਾ ਹੋਇਆ ਇਕ 'ਖ਼ਾਸ ਜੂਸ' ਪੀ ਕੇ ਘਰੋਂ ਨਿੱਕਲਦਾ ਹੈ ਤਾਂ ਉਸ ਦਾ ਜਿਸਮ ਲੋਹੇ ਵਰਗਾ ਪੱਕਾ ਹੋ ਜਾਂਦਾ ਹੈ। ਹਫ਼ਤਾ ਭਰ ਉਹ ਇਹ ਜਾਨਣ ਵਿਚ ਹੀ ਲਾ ਦਿੰਦਾ ਹੈ ਕਿ ਉਸ ਦੇ ਲੋਹ-ਪੁਰਸ਼ ਬਣਨ ਦੀ ਵਜ੍ਹਾ ਕੇਸਰੀ ਰੰਗ ਦੀ ਪੱਗ ਹੈ। ਇਸ ਤਰ੍ਹਾਂ ਦਰਸ਼ਕ ਇਹ ਸੋਚਣ ਲਈ ਵੀ ਮਜਬੂਰ ਹੋ ਜਾਂਦੇ ਹਨ ਕਿ ਸੰਤਾਂ ਵੱਲੋਂ ਦਿੱਤੇ ਹੋਏ ਉਸ 'ਖ਼ਾਸ ਜੂਸ' ਵਿਚ ਕਿਹੜੀ ਕਰਾਮਾਤ ਹੋਈ। ਸੱਚਾਈ ਇਹ ਹੈ ਕਿ ਇਹ ਫ਼ਿਲਮ ਬਣਾਉਣ ਵਾਲ਼ਿਆਂ ਵਿਚ ਹੀ ਕੋਈ ਕਰਾਮਾਤ ਨਹੀਂ ਸੀ ਤਾਂ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ 'ਸੁਪਰ ਸਿੰਘ' ਦੀਆਂ 'ਸੁਪਰੀਆਂ' ਦੇ ਮਾਮਲੇ ਵਿਚ 'ਕੇਸਰੀ ਪੱਗ' ਅਤੇ 'ਖ਼ਾਸ ਜੂਸ' ਵਿਚ ਉਲਝਾਈ ਰੱਖਿਆ।
ਉਹ ਕੇਸਰੀ ਪੱਗ ਬੰਨ੍ਹ ਕੇ 'ਸੁਪਰ ਸਿੰਘ' ਵੱਲੋਂ ਫੁਟਬਾਲ ਨੂੰ ਕਿੱਕ ਮਾਰ ਕੇ ਕਿਸੇ ਹੋਰ ਹੀ ਗ੍ਰਹਿ ਉੱਤੇ ਪਹੁੰਚਾ ਦੇਣ ਅਤੇ ਕਈ-ਕਈ ਫੁੱਟੇ ਨੀਗਰੋ ਹਬਸ਼ੀਆਂ ਨੂੰ ਚੁੱਕ-ਚੁੱਕ ਹਵਾ ਵਿਚ ਉਛਾਲਣ ਦੀਆਂ ਖ਼ਬਰਾਂ ਭਾਰਤ ਸਮੇਤ ਜਹਾਨ ਭਰ ਵਿਚ ਪਹੁੰਚ ਜਾਂਦੀਆਂ ਹਨ ਤੇ ਉਸ 'ਕਰਾਮਾਤੀ ਪੱਗ' ਭਾਲ ਕੇ, ਉਸ ਨੂੰ ਗ਼ਲਤ ਕੰਮਾਂ ਲਈ ਵਰਤਣ ਖ਼ਾਤਰ ਕੁੱਝ ਬੰਦੇ ਭਾਰਤ ਤੋਂ ਕੈਨੇਡਾ ਪਹੁੰਚ ਜਾਂਦੇ ਹਨ। ਫਿਰ ਸ਼ੁਰੂ ਹੋ ਜਾਂਦੀ ਹੈ, ਉਹ ਪੱਗ ਦੁਬਾਰਾ ਉਨ੍ਹਾਂ ਸੰਤਾਂ ਕੋਲ ਪਹੁੰਚਾਉਣ ਦੀ ਦੌੜ, ਜਿਨ੍ਹਾਂ ਦੇ 'ਕਰ-ਕਮਲਾਂ ਦੀ ਛੁਹ' ਨਾਲ਼ ਉਹ ਕਰਾਮਾਤੀ ਬਣੀ ਹੁੰਦੀ ਹੈ।
ਇੱਥੇ ਵੀ ਫ਼ਿਲਮ ਨਹੀਂ ਮੁੱਕਦੀ। ਸੰਤ ਆਪ ਉਹ ਪੱਗ, ਉਸ ਦੀ ਗ਼ਲਤ ਵਰਤੋਂ ਕਰਨ ਵਾਲ਼ਿਆਂ ਨੂੰ ਦੇ ਦਿੰਦੇ ਹਨ ਤਾਂ ਪਤਾ ਲੱਗਦਾ ਹੈ ਕਿ ਉਹ ਸੰਤ ਵੀ ਅਸਲ ਵਿਚ ਮਾੜੇ ਕੰਮ ਕਰਨ ਵਾਲ਼ਿਆਂ ਦੇ ਕਿਸੇ ਗ੍ਰੋਹ ਦਾ ਸਰਗਣਾ ਹੀ ਹੈ। 'ਕਹਾਣੀ' (ਜੇ ਮੰਨ ਲਈਏ) ਵਿਚ ਇੱਥੋਂ ਉਹ ਮੋੜ ਆਉਂਦਾ ਹੈ, ਜਿਸ ਵਿਚ ਉਸ 'ਪਾਖੰਡੀ ਸੰਤ' ਵੱਲੋਂ 'ਦਰਬਾਰ ਸਾਹਿਬ' ਨੂੰ ਅਤੇ 'ਅਕਾਲ ਤਖ਼ਤ ਸਾਹਿਬ' ਨੂੰ ਮਿਜ਼ਾਈਲਾਂ ਨਾਲ਼ ਉਡਾਏ ਜਾਣ ਖ਼ਾਤਰ ਬਣਾਈ ਹੋਈ ਯੋਜਨਾ ਬੇਨਕਾਬ ਹੁੰਦੀ ਹੈ। ਇਸ ਤੋਂ ਬਾਅਦ ਉਹ 'ਕਰਾਮਾਤੀ ਸਿੰਘ' ਯਾਨੀ 'ਸੁਪਰ ਸਿੰਘ' ਉੜ ਕੇ, ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਦਾਗ਼ੀ ਹੋਈ ਮਿਜ਼ਾਈਲ ਉੱਤੇ ਸਵਾਰ ਹੋ ਕੇ ਉਸ ਦਾ ਮੂੰਹ ਮੋੜ ਕੇ ਪਤਾ ਨਹੀਂ ਕਿੱਧਰ ਕਰ ਦਿੰਦਾ ਹੈ।
ਗੱਲ, ਇਸ ਫ਼ਿਲਮ ਵਾਂਗ ਹੀ ਲਮਕ ਜਿਹੀ ਗਈ ਲੱਗਦੀ ਹੈ, ਜਿਸ ਕਰ ਕੇ ਹੁਣ ਮੁਕਾ ਹੀ ਦੇਣੀ ਚਾਹੁੰਦਾ ਹਾਂ ਕਿ ਇਸ ਫ਼ਿਲਮ ਵਿਚ ਹੀ ਇਹ ਖੁਲਾਸਾ ਵੀ ਕੀਤਾ ਗਿਆ ਕਿ ਅੱਜ-ਕੱਲ਼੍ਹ ਬੰਨ੍ਹੀਆਂ ਜਾਂਦੀਆਂ 'ਆਰਗੈਂਡੀ' ਦੀਆਂ ਦਸਤਾਰਾਂ, ਗੁਰੂ ਗੋਬਿੰਦ ਸਿੰਘ ਦੇ ਜ਼ਮਾਨੇ ਵਿਚ ਵੀ ਹੁੰਦੀਆਂ ਸਨ ਕਿਉਂ ਕਿ ਇਸ ਫ਼ਿਲਮ ਵਿਚ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਦਸਤਾਰ, ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀਂ ਕਿਸੇ ਸੇਵਾਦਾਰ ਨੂੰ 'ਬਖ਼ਸ਼ੀ' ਹੋਈ ਸੀ। ਇਸ ਫ਼ਿਲਮ ਵਿਚ ਕੀਤੀਆਂ ਤਕਨੀਕੀ ਗ਼ਲਤੀਆਂ, ਇਸ ਦੇ ਮੇਕਰਾਂ ਨੂੰ ਮੁਆਫ਼!#
