ਸ਼ਬਦੰਗਲ-15



ਅਖੇ 'ਜੀ ਮਲਕਾ ਤਾਂ ਭਿੱਟੀ ਗਈ!'
***************************
ਬਰਤਾਨੀਆ ਦਾ ਸ਼ਾਹੀ ਘਰਾਣਾ, ਮਹਿਲੀਂ ਵਸਦਾ ਹੋਣ 'ਤੇ ਵੀ ਆਮ ਲੋਕਾਂ ਵੱਲੋਂ ਪੜ੍ਹ-ਪੁੜ੍ਹ ਕੇ ਹੇਠਾਂ ਵਿਛਾ ਲਏ ਜਾਂਦੇ ਅਖ਼ਬਾਰਾਂ ਵਿਚ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ। ਹੋਰ ਮੁਲਕਾਂ ਦੀ ਤਾਂ ਗੱਲ ਹੀ ਹੋਰ ਹੈ, ਬਰਤਾਨੀਆ ਅੰਦਰ ਵੀ ਬਰਤਾਨਵੀ ਰਾਜਾਸ਼ਾਹੀ/ ਰਾਣੀਸ਼ਾਹੀ ਦੇ ਖ਼ਿਲਾਫ਼ ਸੁਰ ਹੀ ਨਹੀਂ ਚੁੱਕੇ ਜਾਂਦੇ, ਸਗੋਂ ਇਸ ਦਾ ਜਥੇਬੰਦਕ ਵਿਰੋਧ ਵੀ ਕੀਤਾ ਜਾਂਦਾ ਹੈ ਤੇ ਇਸ ਤਰਜ਼ ਦਾ ਵਿਰੋਧ ਕਰਨ ਵਾਲ਼ਿਆਂ ਨੂੰ 'ਰੀਪਬਲਿਕਨਜ਼' ਕਿਹਾ ਜਾਂਦਾ ਹੈ। ਇਹ ਲੋਕ, ਬਰਤਾਨੀਆ ਵਿਚ ਰਾਜਾਸ਼ਾਹੀ ਦੀ ਥਾਂ, 'ਰੀਪਬਲਿਕ' ਯਾਨੀ 'ਗਣਰਾਜ' ਸਥਾਪਤ ਕਰਨਾ ਚਾਹੁੰਦੇ ਹਨ। ਭਾਵੇਂ ਬਰਤਾਨੀਆ ਵਿਚ ਆਮ ਹੀ ਕਿਹਾ ਜਾਂਦਾ ਹੈ, "ਇੰਗਲੈਂਡ ਦਾ ਰਾਜਾ ਗ਼ਲਤੀ ਨਹੀਂ ਕਰ ਸਕਦਾ," ਪਰ ਨਾਲ਼ ਹੀ ਇਹ ਵੀ ਮੰਨਿਆ ਜਾਂਦਾ ਹੈ, "ਮਨੁੱਖ ਗ਼ਲਤੀ ਦਾ ਪੁਤਲਾ ਹੈ।" ਇਹ ਦੋਵੇਂ ਗੱਲਾਂ ਸਹੀ ਮੰਨ ਲਈਆਂ ਜਾਣ ਤਾਂ ਇਸ ਦਾ ਅਰਥ ਇਹ ਨਿੱਕਲਦਾ ਹੈ, "ਬਰਤਾਨੀਆ ਦਾ ਰਾਜਾ ਮਨੁੱਖ ਨਹੀਂ ਹੈ!" 
ਗੁਸਤਾਖ਼ੀ ਮੁਆਫ਼! ਸਾਡਾ ਕਿਸੇ ਰਾਜੇ/ ਰਾਣੀ ਦਾ ਤਾਂ ਕੀ, ਉਨ੍ਹਾਂ ਦੇ ਵਜ਼ੀਰ ਤਕ ਦਾ ਦਿਲ ਵੀ ਦੁਖਾਉਣ ਦਾ ਕੋਈ ਇਰਾਦਾ ਨਹੀਂ ਹੈ। ਅਸੀਂ ਤਾਂ ਦੋ ਅਖਾਉਤਾਂ ਯਾਨੀ 'ਯੂਨੀਵਰਸਲ ਟਰੂਥਜ਼' ਯਾਨੀ 'ਸਰਬਵਿਆਪਕ ਸੱਚਾਈਆਂ' ਦੀ ਤੁਲਨਾ ਹੀ ਕੀਤੀ ਹੈ।
ਬਰਤਾਨੀਆ ਵਿਚ 'ਰੀਪਬਲੀਕਨਿਜ਼ਮ' ਯਾਨੀ 'ਗਣਰਾਜਵਾਦ' ਦੇ ਮੁਦੱਈ ਇਹ ਚਾਹੁੰਦੇ ਹਨ ਕਿ ਮੁਲਕ ਦੇ ਮੁਖੀ ਬਾਰੇ ਕੋਈ ਸਹਿਮਤੀ ਕਰਨ ਦੀ ਥਾਂ, ਉਸ ਦੀ ਚੋਣ ਕੀਤੀ ਜਾਵੇ। ਰਾਜਾਸ਼ਾਹੀ ਦਾ ਵਿਰੋਧ ਕਰਨ ਵਾਲ਼ੇ ਟੋਲੇ ਨੂੰ 'ਰੀਪਬਲੀਕਨ ਪਾਰਟੀ' ਵੀ ਕਿਹਾ ਜਾਂਦਾ ਹੈ। ਪਿਛਲੀਆਂ ਕੁੱਝ ਸਦੀਆਂ ਦੌਰਾਨ ਸਮੇਂ-ਸਮੇਂ ਬਰਤਾਨੀਆ ਵਿਚ ਰਾਜਾਸ਼ਾਹੀ ਖ਼ਤਮ ਕਰ ਕੇ ਗਣਰਾਜ ਸਥਾਪਤ ਕਰਨ ਲਈ ਲਹਿਰਾਂ ਚਲਾਈਆਂ ਜਾਂਦੀਆਂ ਰਹੀਆਂ ਹਨ। ੧੮ਵੀਂ ਸਦੀ ਦੇ ਅੰਤ ਤੋਂ 19ਵੀਂ ਸਦੀ ਦੀ ਸ਼ੁਰੂਆਤ ਤਕ ਦਾ ਸਮਾਂ ਇਹੋ ਜਿਹਾ ਸੀ, ਜਦੋਂ ਰਾਜਾਸ਼ਾਹੀ ਦੇ ਵਿਰੋਧੀਆਂ ਦੀ ਕਾਫੀ ਚੜ੍ਹਤ ਸੀ।
1923 ਵਿਚ ਲੇਬਰ ਪਾਰਟੀ ਦੀ ਸਾਲਾਨਾ ਕਾਨਫ਼ਰੰਸ ਵਿਚ ਅਰਨੈਸਟ ਥਰਟਲ ਤੇ ਐਮਰਿਸ ਹਿਊਜ ਨੇ ਦੋ ਮਤੇ ਪੇਸ਼ ਕੀਤੇ, ਜਿਨ੍ਹਾਂ ਦੀ ਭਰਪੂਰ ਹਮਾਇਤ ਕੀਤੀ ਗਈ। ਕੁੱਝ ਕਾਰਨਾਂ ਕਰ ਕੇ ਉਹ ਮਤੇ ਪਾਸ ਨਾ ਹੋਏ। ਇਨ੍ਹਾਂ ਵਿਚੋਂ ਪਹਿਲਾ ਮਤਾ ਇਹ ਸੀ ਕਿ 'ਸ਼ਾਹੀ ਖ਼ਾਨਦਾਨ ਨੂੰ ਬਰਤਾਨਵੀ ਸੰਵਿਧਾਨ ਲਈ ਲੋੜੀਂਦੀ ਧਿਰ ਨਾ ਸਮਝਿਆ ਜਾਵੇ'। ਦੂਜਾ ਮਤਾ ਇਹ ਸੀ ਕਿ 'ਬਰਤਾਨਵੀ ਸੰਵਿਧਾਨ ਵਿਚੋਂ ਪਿਤਾ-ਪੁਰਖ਼ੀ ਅਸੂਲ ਖ਼ਤਮ ਕੀਤਾ ਜਾਵੇ।' 1991 ਵਿਚ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਟੌਨੀ ਬੈੱਨ ਨੇ 'ਕਾਮਨਵੈਲਥ ਔਫ ਬ੍ਰਿਟੇਨ ਬਿੱਲ' ਪੇਸ਼ ਕੀਤਾ, ਜਿਸ ਰਾਹੀਂ 'ਯੂਨਾਈਟਿਡ ਕਿੰਗਡਮ' ਨੂੰ 'ਡੈਮੋਕ੍ਰੈਟਿਕ, ਫੈਡਰਲ ਐਂਡ ਸੈਕੂਲਰ ਕਾਮਨਵੈਲਥ ਔਫ ਬ੍ਰਿਟੇਨ' ਵਿਚ ਬਦਲਣ 'ਤੇ ਜ਼ੋਰ ਦਿੰਦਿਆਂ ਇਹ ਸਿਫ਼ਾਰਸ਼ ਵੀ ਕੀਤੀ ਗਈ ਕਿ ਇਸ ਦਾ ਰਾਸ਼ਟਰਪਤੀ ਚੁਣਿਆ ਜਾਇਆ ਕਰੇ। ਟੌਨੀ ਬੈੱਨ ਵੱਲੋਂ ਇਹ ਮਤਾ ਵਾਰ-ਵਾਰ ਪੜ੍ਹ ਕੇ ਸੁਣਾਉਣ ਦੇ ਬਾਵਜੂਦ ਕਿਸੇ ਨੇ ਵੀ ਨਾ ਗੌਲ਼ਿਆ।
21ਵੀਂ ਸਦੀ ਦੇ ਸ਼ੁਰੂ ਵਿਚ 70 ਫੀ ਸਦੀ ਬਰਤਾਨਵੀਆਂ ਨੇ ਰਾਜਾਸ਼ਾਹੀ ਬਰਕਰਾਰ ਰੱਖਣ ਦੀ ਹਮਾਇਤ ਕੀਤੀ, ਪਰ 2005 ਵਿਚ ਸ਼ਹਿਜ਼ਾਦਾ ਚਾਰਲਸ ਵੱਲੋਂ ਕੈਮਿਲਾ ਪਾਰਕਰ ਬਾਊਲਜ਼ ਨਾਲ਼ ਵਿਆਹ ਕਰਾਉਣ ਸਮੇਂ ਰਾਜਾਸ਼ਾਹੀ ਦੀ ਹਮਾਇਤ ਵੀ ਘਟੀ ਤੇ ਬੇਕਦਰੀ ਵੀ ਵਧੀ। ਇਸ ਤਰ੍ਹਾਂ, ਸਮੇਂ-ਸਮੇਂ ਬਰਤਾਨੀਆ ਵਿਚ 'ਰਾਜਾਸ਼ਾਹੀ ਰਹੇ' ਅਤੇ 'ਰਾਜਾਸ਼ਾਹੀ ਜਾਵੇ' ਦੇ ਨਾਅਰੇ ਲੱਗਦੇ ਹੀ ਰਹੇ ਅਤੇ ਰਹਿੰਦੇ ਹਨ, ਪਰ ਰਾਜਾਸ਼ਾਹੀ ਦਾ 'ਪਰਨਾਲ਼ਾ ਉੱਥੇ ਦਾ ਉੱਥੇ ਹੈ'।
ਇਸ ਦੌਰਾਨ ਹੀ ਰਾਜਾਸ਼ਾਹੀ ਦੇ ਤੌਰ-ਤਰੀਕਿਆਂ ਅਤੇ ਰਵਾਇਤਾਂ ਦੀ ਹਮਾਇਤ ਜਾਂ ਵਿਰੋਧ ਵੀ ਹੁੰਦੇ ਰਹੇ ਹਨ। ਜੇ ਪਿਛਲੇ ਦਿਨੀਂ, ਬਰਤਾਨਵੀ ਰਾਜਾਸ਼ਾਹੀ ਦੀਆਂ ਰਵਾਇਤਾਂ ਦੀ ਲਪੇਟ ਵਿਚ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨਾ ਆਏ ਹੁੰਦੇ ਤਾਂ ਸ਼ਾਇਦ ਇਹ ਲੇਖ ਲਿਖਣ ਦੀ ਲੋੜ ਨਾ ਪੈਂਦੀ। ਹੋਇਆ ਇਹ ਕਿ ਪਿਛਲੇ ਮਹੀਨੇ (ਜੁਲਾਈ) ਦੀ 19 ਤਾਰੀਖ਼ ਨੂੰ ਸੈਂਟਰਲ ਲੰਡਨ ਵਿਚ ਟਰਾਫਾਲਗਰ ਸੁਕੇਅਰ ਨੇੜੇ ਕੈਨੇਡਾ ਹਾਊਸ ਵਿਖੇ, ਕੈਨੇਡਾ ਦੀ 150 ਵੀ ਵਰ੍ਹੇ ਗੰਢ ਮਨਾਉਣ ਦੇ ਸਬੰਧ ਵਿਚ ਕਰਾਏ ਗਏ ਇਕ ਸਮਾਗਮ ਵਿਚ ਸ਼ਿਰਕਤ ਕਰ ਕੇ, ਪੌੜੀਆਂ ਉੱਤਰਦੀ 91 ਸਾਲਾ ਮਲਕਾ ਅਲਿਜ਼ਬੈੱਥ ਦੋਇਮ ਦੀ ਖੱਬੀ ਕੂਹਣੀ ਨੂੰ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਆਪਣਾ ਸੱਜਾ ਹੱਥ ਪਾ ਲਿਆ।
ਕੈਨੇਡਾ ਦੇ ਗਵਰਨਰ ਜਨਰਲ ਵੱਲੋਂ ਮਲਕਾ ਦੀ ਕੂਹਣੀ ਨੂੰ ਹੱਥ ਪਾਉਣ ਦੀ ਦੇਰ ਸੀ ਕਿ ਉੱਥੇ ਹਾਜ਼ਰ ਸ਼ਾਹੀ ਅਹਿਲਕਾਰਾਂ ਦੇ ਹੱਥ ਉਨ੍ਹਾਂ ਦੇ ਕਾਲਜਿਆਂ ਨੂੰ ਪੈ ਗਏ ਕਿਉਂ ਕਿ ਸ਼ਾਹੀ ਸ਼ਿਸ਼ਟਾਚਾਰ ਵਿਚ ਬਹੁਤ ਵੱਡੀ ਖੁਨਾਮੀ ਹੋ ਗਈ ਸੀ। ਖੁਨਾਮੀ ਇਹ ਨਹੀਂ ਸੀ ਕਿ ਮਲਕਾ ਦੀ 'ਖੱਬੀ ਕੂਹਣੀ' ਨੂੰ ਗਵਰਨਰ ਜਨਰਲ ਨੇ 'ਸੱਜਾ ਹੱਥ' ਕਿਉਂ ਪਾਇਆ। ਖੁਨਾਮੀ ਤਾਂ ਇਹ ਸੀ ਕਿ ਮਲਕਾ ਅਲਿਜ਼ਬੈੱਥ ਨੂੰ ਕਿਸੇ ਨੇ ਭਿੱਟ ਲਿਆ ਸੀ ਤੇ ਭਿੱਟਣ ਵਾਲ਼ਾ ਕੈਨੇਡਾ ਦਾ ਗਵਰਨਰ ਜਨਰਲ ਸੀ। ਗਵਰਨਰ ਜਨਰਲ ਨੇ ਤਾਂ ਮਲਕਾ ਨੁੰ 'ਰੈੱਡ ਕਾਰਪੈੱਟ' ਵਾਲ਼ੀਆਂ ਪੌੜੀਆਂ ਤੋਂ ਪਹੁੜਨੋਂ ਬਚਾਉਣ ਲਈ, ਉਸ ਦੀ ਖੱਬੀ ਕੂਹਣੀ ਆਪਣੇ ਸੱਜੇ ਹੱਥ ਨਾਲ਼ ਫੜ ਲਈ ਸੀ। 
ਇੱਥੇ ਇਹ ਦੱਸ ਦੇਣਾ ਹੀ ਠੀਕ ਰਹੇਗਾ ਕਿ ਸ਼ਾਹੀ ਤੌਰ-ਤਰੀਕਿਆਂ ਅਤੇ ਰਵਾਇਤਾਂ ਅਨੁਸਾਰ, ਮਲਕਾ ਨੂੰ ਮਿਲਣ-ਗਿਲਣ ਵਾਲ਼ੇ ਅਧਿਕਾਰੀਆਂ ਵੱਲੋਂ ਮਲਕਾ ਨੂੰ ਛੁਹਣ ਦੀ ਸਖ਼ਤ ਮਨਾਹੀ ਹੈ। 'ਡੇਲੀ ਮੇਲ' ਵਿਚ ਛਪੀ ਇਕ ਖ਼ਬਰ ਅਨੁਸਾਰ, ਇਹ ਰਵਾਇਤ ਜਾਂ ਮਨਾਹੀ ਕਈ ਵਾਰ ਤੋੜੀ ਜਾ ਚੁੱਕੀ ਹੈ। ਇਕ ਵਾਰ (2009 ਵਿਚ) ਤਾਂ ਇਹ ਮਨਾਹੀ, ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਦੀ ਪਤਨੀ ਮਿਛੇਲ ਓਬਾਮਾ ਹੱਥੋਂ ਵੀ ਟੁੱਟ ਚੁੱਕੀ ਹੈ। ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ 'ਸੀ ਬੀ ਸੀ ਨਿਊਜ਼' ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦਿਆਂ ਏਦਾਂ ਕਿਹਾ ਸੀ, "ਮੈਨੂੰ 'ਪ੍ਰੋਟੋਕੋਲ' ਦੇ ਅਸੂਲਾਂ ਦਾ ਪੂਰਾ ਅਹਿਸਾਸ ਸੀ। ਮੈਨੂੰ ਤਾਂ ਇਹੋ ਚਿੰਤਾ ਸੀ ਕਿ ਉਹ (ਮਲਕਾ) ਕਿਤੇ ਪੌੜੀਆਂ ਤੋਂ ਪਹੁੜ ਨਾ ਜਾਣ। 'ਕੈਨੇਡਾ ਹਾਊਸ' ਵੱਲੋਂ 'ਟਰਾਫਾਲਗਰ ਸੁਕੇਅਰ' ਵੱਲ ਨੂੰ ਉਤਰਾਈ ਰਤਾ ਕੁ ਔਖੀ ਜਿਹੀ ਵੀ ਹੈ। ਉੱਪਰੋਂ ਪੌੜੀ ਉੱਤੇ ਕਾਰਪੈੱਟ ਵਿਛਾਇਆ ਹੋਇਆ ਸੀ, ਜਿਸ ਤੋਂ ਤਿਲ੍ਹਕਣ ਦਾ ਖ਼ਦਸ਼ਾ ਵੀ ਸੀ। ਮੈਂ ਸੋਚਿਆ ਕਿ ਮਲਕਾ ਨੂੰ ਪਹੁੜ ਕੇ ਡਿੱਗਣੋਂ ਬਚਾਉਣ ਲਈ ਸ਼ਾਇਦ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਿਚ ਕੋਈ ਹਰਜ ਨਹੀਂ!" 
ਇਹ ਗੱਲ ਬਰਤਾਨੀਆ ਦੇ ਇਕ ਅਖ਼ਬਾਰ ਨੇ ਹੀ ਉਛਾਲੀ ਹੈ ਜਦੋਂ ਕਿ ਨਿੱਕੀ-ਨਿੱਕੀ ਗੱਲ ਬਹੁਤੀ ਉਛਾਲਣ ਲਈ 'ਬਦਨਾਮ' ਸੋਸ਼ਲ ਮੀਡੀਆ ਨੇ ਇਸ ਦਾ 'ਨਾਂ-ਭੋਗ' ਵੀ ਨਹੀਂ ਪਾਇਆ। 'ਡੇਲੀ ਮੇਲ' ਨੇ ਆਪਣੀ ਖ਼ਬਰ ਵਿਚ ਡੇਵਿਡ ਜੌਹਨਸਟਨ ਨੂੰ 'ਰਾਇਲ ਪ੍ਰੋਟੋਕੋਲ' ਦੀ ਉਲੰਘਣਾ ਕਰਨ ਲਈ ਕਸੂਰਵਾਰ ਠਹਿਰਾਇਆ ਹੈ। ਸੋਸ਼ਲ ਮੀਡੀਆ ਦੇ ਖਿਲਾੜੀਆਂ ਨੇ ਇਸ ਗੱਲ ਨੂੰ ਤੁੱਖਣਾ ਨਹੀਂ ਦਿੱਤੀ। ਉਨ੍ਹਾਂ ਵਿਚੋਂ ਕੁੱਝ ਨੇ ਆਪਣੀਆਂ ਟਿੱਪਣੀਆਂ ਵਿਚ ਇਹ ਕਿਹਾ ਹੋਇਆ ਹੈ ਕਿ ਇਸ ਨੂੰ 'ਸਕੈਂਡਲ' ਬਣਾਉਣ ਦੀ ਥਾਂ, ਮਲਕਾ ਨੂੰ ਚਾਹੀਦਾ ਹੈ ਕਿ ਉਹ ਗਵਰਨਰ ਜਨਰਲ ਡੇਵਿਡ ਜੌਹਨਸਟਨ ਦਾ ਸ਼ੁਕਰ ਗੁਜ਼ਾਰੇ ਕਿਉਂ ਕਿ ਉਨ੍ਹਾਂ ਨੇ ਉਸ ਦੀ ਮਦਦ ਹੀ ਕੀਤੀ ਹੈ।
ਇਕ 'ਟਵਿੱਟਰੀ' ਦਾ ਕਹਿਣ ਹੈ, "ਗਵਰਨਰ ਜਨਰਲ ਨੇ ਇਕ ਬਿਰਧ ਔਰਤ ਨੂੰ ਡਿੱਗਣੋਂ ਬਚਾ ਕੇ ਉਸ ਦੀ ਮਦਦ ਹੀ ਕੀਤੀ ਹੈ।"
ਕਿਸੇ ਹੋਰ ਦਾ ਕਹਿਣ ਹੈ, "ਸੁਰਖ਼ੀ ਤਾਂ ਇਹ ਬਣਦੀ ਸੀ-'ਗਵਰਨਰ ਜਨਰਲ ਕੈਨੇਡੀਅਨ ਜੈਂਟਲਮੈਨ ਵਜੋਂ ਪੇਸ਼ ਆਏ'।" 
ਸੋਸ਼ਲ ਮੀਡੀਆ ਵਰਤਣ ਵਾਲ਼ੇ ਕਈਆਂ ਦਾ ਖ਼ਿਆਲ ਹੈ ਕਿ ਜੇ ਜੌਹਨਸਟਨ ਦੇ ਨਾਲ਼ ਹੁੰਦਿਆਂ ਮਲਕਾ ਪਹੁੜ ਕੇ ਡਿੱਗ ਜਾਂਦੀ ਤਾਂ ਇਹ ਰੌਲ਼ਾ ਬਹੁਤਾ ਪੈਣਾ ਸੀ ਕਿ ਮਲਕਾ ਨੂੰ ਕਿਸੇ ਨੇ ਡਿੱਗਣੋਂ ਨਹੀਂ ਬਚਾਇਆ।
ਇੱਥੇ ਇਹ ਵੀ ਕਿਤੇ ਦੱਸਣੋਂ ਨਾ ਰਹਿ ਜਾਵੇ ਕਿ 'ਬਕਿੰਘਮ ਪੈਲੇਸ' ਦੀ ਵੈੱਬਸਾਈਟ ਵਿਚ ਸ਼ਾਹੀ ਪਰਿਵਾਰ ਦੇ ਕਿਸੇ ਜੀਅ ਦਾ ਸੁਆਗਤ ਕਰਨ ਸਬੰਧੀ ਦਰਜ ਹਦਾਇਤਾਂ ਵਿਚ ਇਹ ਲਿਖਿਆ ਹੋਇਆ ਹੈ, "ਮਲਕਾ ਨੂੰ ਜਾਂ ਸ਼ਾਹੀ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣ ਆਉਣ ਵਾਲਿਆਂ ਨੂੰ ਵਤੀਰੇ ਸਬੰਧੀ ਕੋਈ ਜੀ ਹਜ਼ੂਰੀ ਜ਼ਾਬਤਾ ਅਖ਼ਤਿਆਰ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਮੌਕੇ ਰਵਾਇਤੀ ਵਤੀਰਾ ਅਪਣਾਉਣ ਨੂੰ ਤਰਜੀਹ ਦਿੰਦੇ ਹਨ।" 
ਮਲਕਾ ਨਾਲ਼ ਜਾਂ ਸ਼ਾਹੀ ਪਰਿਵਾਰ ਦੇ ਕਿਸੇ ਜੀਅ ਨਾਲ਼ ਹੱਥ ਮਿਲਾਉਣ ਮਗਰੋਂ ਕਿਸੇ ਨੂੰ ਉਨ੍ਹਾਂ ਨੂੰ ਛੁਹਣ ਜਾਂ ਹੱਥ ਲਾਉਣ ਸਬੰਧੀ ਕੋਈ ਹਦਾਇਤ ਨਹੀਂ ਹੈ ਅਤੇ ਆਮ ਤੌਰ 'ਤੇ ਇਹ ਸਮਝ ਲਿਆ ਜਾਂਦਾ ਹੈ ਕਿ ਮੁਲਾਕਾਤੀ ਆਪ ਹੀ ਇਹੋ ਜਿਹੀ ਹਰਕਤ ਕਰਨੋਂ ਬਾਜ਼ ਆਉਣਗੇ। ਮਲਕਾ ਦੇ ਕਿਸੇ ਅੰਗ ਨੂੰ ਛੁਹਣ ਦੀ ਖੁਨਾਮੀ ਗਵਰਨਰ ਜਨਰਲ ਡੇਵਿਡ ਜੌਹਨਸਟਨ ਤੋਂ ਹੀ ਹੋਈ ਹੋਵੇ, ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈ। ਜਿੱਦਾਂ ਕਿ ਦੱਸਿਆ ਜਾ ਚੁੱਕਾ ਹੈ ਕਿ 2009 ਵਿਚ ਮਿਛੇਲ ਓਬਾਮਾ ਨੇ ਆਪਣੇ ਪਤੀ ਬਰਾਕ ਓਬਾਮਾ ਨਾਲ਼ 'ਜੀ20 ਸਿਖ਼ਰ ਵਾਰਤਾ' ਵਿਚ ਸ਼ਾਮਲ ਹੋਣ ਲਈ ਆਉਣ ਸਮੇਂ, ਬਕਿੰਘਮ ਪੈਲੇਸ ਵਿਚ ਕਰਾਏ ਗਏ ਇਕ ਸੁਆਗਤੀ ਸਮਾਰੋਹ ਵਿਚ, ਉਸ ਵੇਲ਼ੇ ਮਲਕਾ ਦਾ ਕਲਾਵਾ ਭਰ ਲਿਆ ਸੀ, ਜਦੋਂ ਮਲਕਾ ਨੇ ਆਪਣਾ ਹੱਥ ਉਸ ਦੀ ਪਿੱਠ 'ਤੇ ਰੱਖ ਦਿੱਤਾ ਸੀ। ਬਕਿੰਗਮ ਪੈਲੇਸ ਨੇ ਉਸ ਵੇਲ਼ੇ ਇਸ 'ਛੁਹਾ-ਛਹਾਈ' ਨੂੰ 'ਆਪਸੀ ਪਿਆਰ ਅਤੇ ਪ੍ਰਸ਼ੰਸਾ ਦਾ ਤੁਰਤ-ਫ਼ੁਰਤ ਇਜ਼ਹਾਰ' ਕਰਾਰ ਦੇ ਕੇ ਗੱਲ ਆਈ-ਗਈ ਕਰ ਦਿੱਤੀ ਸੀ।
ਇਸ ਤੋਂ ਇਲਾਵਾ, 1992 ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਪੌਲ ਕੀਟਿੰਗ ਨੇ ਮਲਕਾ ਦੇ ਆਸਟ੍ਰੇਲੀਆ-ਦੌਰੇ ਦੌਰਾਨ, ਉਸ ਦੀ ਜਾਣ-ਪਛਾਣ ਕਰਾਉਣ ਵੇਲ਼ੇ ਉਸ ਦੇ ਲੱਕ ਦੁਆਲ਼ੇ ਬਾਂਹ ਪਾ ਲਈ ਸੀ। ਉਦੋਂ ਤੋਂ ਪੌਲ ਕੀਟਿੰਗ ਦੀ ਅੱਲ 'ਆਸਟ੍ਰੇਲੀਆ ਦਾ ਕਿਰਲਾ' ਪਈ ਰਹੀ ਹੈ। ਬਕਿੰਘਮ ਪੈਲੇਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗਵਰਨਰ ਜਨਰਲ ਵੱਲੋਂ ਆਪਣੇ ਹੱਥ ਨਾਲ਼ ਮਲਕਾ ਨੂੰ ਸਹਾਰਾ ਦੇਣ ਦੇ ਮਾਮਲੇ ਨਾਲ਼ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਵਿਚੋਂ ਹੀ ਇਕ ਅਧਿਕਾਰੀ ਦਾ ਕਹਿਣ ਹੈ, "ਇਹ ਕੋਈ ਮੁੱਦਾ ਹੀ ਨਹੀਂ ਹੈ। ਇਹ ਤਾਂ ਹਮਦਰਦੀ ਦਾ ਸੂਚਕ ਹੀ ਹੈ।" 
ਵਾਹ ਓਏ ਬਰਤਾਨਵੀਓ! ਆਪਣੀ ਬਿਰਧ ਮਲਕਾ ਦੀ ਪਾਣ-ਪੱਤ ਆਪੇ ਹੀ ਉਛਾਲ ਦਿੱਤੀ?#