ਸ਼ਬਦੰਗਲ-16

ਅੱਗ ਲੱਗੀ ਗੁਰਾਈਂ ਧੂੰਆਂ ਨਿੱਕਲਿਆ ਬੋਪਾਰਾਈਂ
**************************************
ਕਿਸੇ ਜ਼ਮਾਨੇ ਵਿਚ ਇਸ ਕਾਲਮਨਵੀਸ ਨੇ ਹੀ ਲਿਖਿਆ ਸੀ ਕਿ ਕਈ ਵਾਰ ਅਖ਼ਬਾਰ ਉਹ ਖ਼ਬਰਾਂ ਵੀ ਦੇ ਦਿਆ ਕਰਦੇ ਹਨ, ਜੋ ਉਨ੍ਹਾਂ ਵਿਚ ਛਪੀਆਂ ਨਹੀਂ ਹੁੰਦੀਆਂ। ਹੁਣ ਵੀ ਓਦਾਂ ਦੀ ਹੀ ਗੱਲ ਹੋਈ 'ਲੱਗਦੀ' ਹੈ। ਉਦੋਂ ਮਾਮਲਾ ਹੋਰ ਸੀ, ਐਤਕੀਂ ਤਾਂ ਮਾਮਲਾ ਬਾਹਲ਼ਾ ਹੀ ਵੱਖਰਾ ਹੈ। ਲੱਗਦੈ ਗੱਲ ਦੱਸਣ ਦਾ ਜੁਗਾੜ ਸੂਤ ਜਿਹਾ ਨਹੀਂ ਆ ਰਿਹਾ, ਇਸ ਲਈ ਕਿਸੇ ਹੋਰ ਤਰ੍ਹਾਂ ਸ਼ੁਰੂ ਕਰ ਕੇ ਦੇਖਦੇ ਹਾਂ। ਕਈ ਫ਼ਿਲਮਾਂ ਵੀ ਆਪਣੀ ਅਸਲ ਕਹਾਣੀ ਦੀ ਥਾਂ, ਹੋਰ ਹੀ ਕਹਾਣੀ ਪਾ ਜਾਂਦੀਆਂ ਹਨ। ਜੇ ਭਲਾ ਮਧੁਰ ਭੰਡਾਰਕਰ 'ਇੰਦੂ ਸਰਕਾਰ' ਨਾਂ ਦੀ ਫ਼ਿਲਮ ਨਾ ਬਣਾਉਂਦਾ ਤਾਂ ਕਿੱਥੇ ਪਤਾ ਲੱਗਣਾ ਸੀ ਕਿ ਇੰਦਰਾ ਗਾਂਧੀ ਦਾ 'ਸਾਹਿਬਜ਼ਾਦਾ' ਸੰਜੇ ਗਾਂਧੀ ਵੀ ਜਮਾ ਹੀ ਆਪਣੇ ਨਾਨੇ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਗਿਆ ਹੈ। ਤੁਸੀਂ ਕਹੋਗੇ "ਨਾ ਹੁਣ ਸੰਜੇ ਗਾਂਧੀ ਰਿਹਾ, ਨਾ ਉਸ ਦਾ ਨਾਨਾ! ਇਹ ਸਾਡਾ ਕਾਲਮਨਵੀਸ ਹੋ ਗਿਆ ਮਸਤਾਨਾ, ਜਿਹੜਾ ਸੰਜੇ ਗਾਂਧੀ ਨੂੰ ਆਪਣੇ ਨਾਨੇ 'ਤੇ ਗਿਆ ਹੋਣ ਦੀ ਗੱਲ ਏਦਾਂ ਕਰ ਰਿਹਾ ਹੈ, ਜਿੱਦਾਂ ਸੰਜੇ ਗਾਂਧੀ ਹਾਲੇ ਕੱਲ੍ਹ ਜੰਮਿਆ ਹੋਵੇ।"
ਜੰਮਣ ਤੋਂ ਚੇਤੇ ਆਇਐ ਪਈ ਸੰਜੇ ਗਾਂਧੀ ਦੇ ਘਰ ਇਕ ਧੀ ਜੰਮ ਪਈ ਦੱਸੀ ਜਾਂਦੀ ਹੈ, ਪਰ ਉਸ ਦੀ ਮਾਂ, ਸੰਜੇ ਗਾਂਧੀ ਦੀ ਘਰ ਵਾਲ਼ੀ ਯਾਨੀ ਮੇਨਕਾ ਗਾਂਧੀ ਨਹੀਂ ਹੈ। ਸੰਜੇ ਗਾਂਧੀ ਦੀ ਇਹ ਧੀ ਸੁੱਖ ਨਾਲ਼ 48 ਸਾਲਾਂ ਦੀ ਹੈ ਇਸ ਵੇਲ਼ੇ। ਇਹ ਪੜ੍ਹ ਕੇ ਮੇਰੀ ਪਾਠਕਾਂ ਵਾਲ਼ੀ ਸਰਕਾਰ ਇਹ ਫ਼ਰਮਾ ਸਕਦੀ ਹੈ ਕਿ ਸੰਜੇ ਗਾਂਧੀ ਦੀ ਮੌਤ ਤੋਂ 37 ਸਾਲ ਬਾਅਦ ਉਸ ਦੇ ਘਰ ਧੀ ਕਿੱਦਾਂ ਜੰਮ ਸਕਦੀ ਹੈ ਭਲਾ! ਭਲੇ ਲੋਕੋ! ਜੇ ਧੀ ਇਸ ਵੇਲ਼ੇ ੪੮ ਸਾਲਾਂ ਦੀ ਹੈ ਤਾਂ ਯਕੀਨਨ ਉਹ ੪੮ ਸਾਲ ਪਹਿਲਾਂ ਹੀ ਜੰਮੀ ਹੋਵੇਗੀ। ਜੇ ਕੋਈ ਆਪਣੇ ਨਵਜੰਮੇ ਬੱਚੇ/ ਬੱਚੀ ਨੂੰ ਭੜੋਲੇ ਵਿਚ ਪਾ ਕੇ ਰੱਖਣ ਦੇ ਅੰਦਾਜ਼ ਵਿਚ ਲੁਕਾ ਲਵੇ ਤੇ ਉਸ ਦੇ ਜੰਮਣ ਦੀ ਖ਼ਬਰ ਕੰਨੋਂ-ਕੰਨ ਨਾ ਹੋਣ ਦੇਵੇ ਤਾਂ ਉਸ ਦੇ ਜੰਮੀ ਹੋਣ ਦੀ ਖ਼ਬਰ ਜੱਗ ਜ਼ਾਹਰ ਹੋਣ 'ਤੇ ਹੀ ਲੋਕ ਇਹੋ ਕਹਿਣਗੇ ਕਿ ਫਲਾਣੇ ਦੇ ਘਰ ਧੀ ਜੰਮੀ ਹੈ। 
ਜੰਮਣ ਤੋਂ 48 ਸਾਲ ਬਾਅਦ ਇਸ ਧੀ ਦੇ ਜੱਗ-ਜ਼ਾਹਰ ਹੋਣ ਦਾ ਕੌਤਕ ਕਿੱਥੇ ਹੋਣਾ ਸੀ, ਜੇ ਮਧੁਰ ਭੰਡਾਰਕਰ ਨੇ 1975 ਵਿਚ, ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ ਐਮਰਜੈਂਸੀ ਲਾਉਣ ਦੇ ਸਬੰਧ ਵਿਚ ਫ਼ਿਲਮ ਬਣਾ ਕੇ ਰਿਲੀਜ਼ ਨਾ ਕੀਤੀ ਹੁੰਦੀ। ਦੱਸੀ ਨਾ, ਫ਼ਿਲਮ ਨੇ ਆਪਣੀ ਕਹਾਣੀ ਦੀ ਥਾਂ, ਹੋਰ ਹੀ ਕਹਾਣੀ? 
ਲਓ ਸੁਣ ਲਓ ਪਹਿਲਾਂ, ਫ਼ਿਲਮ ਵੱਲੋਂ ਸੁਣਾਈ ਗਈ ਇਹ ਕਹਾਣੀ! ਆਪਣੇ-ਆਪ ਨੂੰ ਸੰਜੇ ਗਾਂਧੀ ਦੀ ਧੀ ਦੱਸਦੀ ਪ੍ਰਿਯਾ ਸਿੰਘ ਪੌਲ ਉਰਫ਼ 'ਪ੍ਰਿਯਾਦਰਸ਼ਨੀ' ਨੇ ਫ਼ਿਲਮ 'ਇੰਦੂ ਸਰਕਾਰ' ਰਿਲੀਜ਼ ਹੋਣ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਦਾ 'ਡੀ ਐੱਨ ਏ' ਟੈਸਟ ਕਰਾਇਆ ਜਾਵੇ ਤਾਂ ਕਿ ਇਹ ਸਾਬਤ ਹੋ ਸਕੇ ਕਿ ਉਹ ਸੰਜੇ ਗਾਂਧੀ ਦੀ ਹੀ ਧੀ ਹੈ। ਇੱਥੇ ਯਾਦ ਕਰਾਉਣਾ ਵੀ ਠੀਕ ਹੀ ਰਹੇਗਾ ਕਿ ਸੰਜੇ ਗਾਂਧੀ, 1980 ਦੇ ਜੂਨ ਮਹੀਨੇ ਦੌਰਾਨ ਹੋਏ ਇਕ ਹਵਾਈ ਹਾਦਸੇ ਵਿਚ ਮਾਰਿਆ ਗਿਆ ਸੀ। ਇਸ ਪ੍ਰੈੱਸ ਕਾਨਫ਼ਰੰਸ ਵਿਚ ਪ੍ਰਿਯਾ ਸਿੰਘ ਪੌਲ ਨੇ ਦੱਸਿਆ ਕਿ ਜੰਮਣ ਮਗਰੋਂ ਉਸ ਨੂੰ ਕਿਸੇ ਨੇ ਗੋਦ ਲੈ ਲਿਆ ਸੀ। ਉਸ ਨੇ ਸੰਜੇ ਗਾਂਧੀ ਵਰਗੇ ਵਿਅਕਤੀ ਦੇ ਮੁੱਢ ਦੀ ਪਛਾਣ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਇਹ ਕਿਹਾ ਸੀ, "ਇੰਨਾ ਸਮਾਂ ਬਿਤਾਉਣ ਮਗਰੋਂ ਮੇਰੇ ਅੰਦਰ ਇਹ ਹਿੰਮਤ ਆਈ ਕਿ ਮੈਂ ਆਪਣੇ ਮੁੱਢ ਦੀ ਤਲਾਸ਼ ਕਰਾਂ। ਮੈਂ ਇਹ ਤਲਾਸ਼, ਕਿਸੇ ਤੋਂ ਵੀ ਕੋਈ ਮਦਦ ਲੈਣ ਬਗ਼ੈਰ ਇਕ ਆਮ ਵਿਅਕਤੀ ਵਾਂਗ ਕਰਨਾ ਚਾਹੁੰਦੀ ਹਾਂ।" ਇਸ ਬੀਬੀ ਨੇ ਬਹੁਤ ਹੀ ਸਪੱਸ਼ਟ ਢੰਗ ਨਾਲ਼ ਇਹ ਵੀ ਕਿਹਾ ਕਿ ਉਸ ਨੂੰ ਆਪਣੇ ਮਾਪਿਆਂ ਦੀ ਤਲਾਸ਼ ਕਰਨ ਦੀ ਅਤੇ ਆਪਣੀ ਪਛਾਣ ਸਾਬਤ ਕਰਨ ਦੀ ਤਲਬ ਜਿਹੀ ਹੀ ਹੈ। ਉਹ ਇਸ ਢੰਗ ਨਾਲ਼ ਆਪਣੇ ਪਰਿਵਾਰ ਦੀ ਵਿਰਾਸਤ ਅਤੇ ਜਾਇਦਾਦ ਵਿਚੋਂ ਹਿੱਸਾ ਲੈਣ ਜਾਂ ਕੋਈ ਹੋਰ ਲਾਹਾ ਲੈਣ ਦੀ ਚਾਹਵਾਨ ਨਹੀਂ ਹੈ।
ਉਸ ਨੇ ਦੱਸਿਆ ਕਿ ਉਹ, ਉਸ ਨੂੰ ਕਿਸੇ ਦੀ ਗੋਦ ਦੇਣ ਦੇ ਸਬੰਧ ਵਿਚ ਨਿਯਮਾਂ ਦੀ ਉਲੰਘਣਾ ਕਰਨ ਅਤੇ ਉਸ ਦੀ ਪਛਾਣ ਲੁਕਾਉਣ ਦੇ ਸਬੰਧ ਵਿਚ 'ਸ਼ਿਸ਼ੂ ਭਵਨ' ਅਤੇ 'ਨਿਰਮਲ ਛਾਇਆ' ਨਾਂ ਦੇ ਦੋ ਆਸ਼ਰਮਾਂ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਾ ਚੁੱਕੀ ਹੈ। ਇਸ ਪ੍ਰੈੱਸ ਕਾਨਫ਼ਰੰਸ ਵਿਚ ਪ੍ਰਿਯਾ ਸਿੰਘ ਪੌਲ ਨਾਲ਼ ਮੰਚ ਉੱਤੇ ਬੈਠੇ ਸੁਸ਼ੀਲ ਗੋਸੁਆਮੀ ਮਹਾਰਾਜ ਨੇ ਵੀ ਇਸ ਬੀਬੀ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ, "ਮੈਂ ਸੰਜੇ ਜੀ ਦੇ ਬਹੁਤ ਨੇੜੇ ਸਾਂ ਅਤੇ ਮੈਂ ਪ੍ਰਿਯਾ ਅੰਦਰ ਉਨ੍ਹਾਂ ਦੇ ਬਹੁਤ ਸਾਰੇ ਗੁਣ ਦੇਖੇ ਹਨ। ਉਸ ਅੰਦਰ ਉਹੋ ਜਿਹੀ ਹੀ ਚੰਗਿਆੜੀ ਹੈ, ਮੈਨੂੰ ਉਸ ਵਿਚੋਂ ਸੰਜੇ ਦੇ ਦਰਸ਼ਨ ਹੁੰਦੇ ਹਨ ਤੇ ਉਸ ਨੂੰ ਦੇਖ ਕੇ ਸੰਜੇ ਦੀ ਯਾਦ ਆਉਂਦੀ ਹੈ।" ਇਸ 72 ਸਾਲਾ ਵਿਅਕਤੀ ਨੇ ਇਸ ਤਰਜ਼ ਦਾ ਹੀ ਇਕ ਹਲਫ਼ੀਆ ਬਿਆਨ ਵੀ ਦਿੱਤਾ ਹੋਇਆ ਹੈ। ਇਸੇ ਹੀ ਬਿਆਨ ਵਿਚ ਉਨ੍ਹਾਂ ਨੇ ਇਹ ਵੀ ਦਰਜ ਕੀਤਾ ਹੋਇਆ ਹੈ ਕਿ ਉਸ ਨੂੰ ਉਦੋਂ ਤੋਂ ਹੀ ਇਸ ਸਭ ਕੁੱਝ ਬਾਰੇ ਪਤਾ ਹੈ, ਜਦੋਂ ਮੇਨਕਾ ਗਾਂਧੀ ਨਾਲ਼ ਵਿਆਹੇ ਜਾਣ ਤੋਂ ਪਹਿਲਾਂ ਸੰਜੇ ਗਾਂਧੀ ਤੋਂ ਇਕ ਬੱਚੀ ਹੋਈ ਸੀ ਅਤੇ ਉਹ ਕਿਸੇ ਪਰਿਵਾਰ ਨੂੰ ਗੋਦ ਦੇ ਦਿੱਤੀ ਗਈ ਸੀ।
ਪ੍ਰਿਯਾ ਸਿੰਘ ਪੌਲ ਉਰਫ਼ 'ਪ੍ਰਿਯਾਦਰਸ਼ਨੀ' ਦਾ ਕਹਿਣ ਹੈ ਕਿ ਇਕ ਫ਼ਿਲਮ ਵਿਚ ਉਸ ਦੇ ਬਾਪ ਸੰਜੇ ਗਾਂਧੀ ਨੂੰ 'ਮਾੜੇ ਬੰਦੇ' ਵਜੋਂ ਦਿਖਾਏ ਜਾਣ ਤੋਂ ਹੀ ਉਹ, ਇਹ ਪ੍ਰੈੱਸ ਕਾਨਫ਼ਰੰਸ ਕਰਨ ਲਈ ਮਜਬੂਰ ਹੋਈ ਹੈ। ਉਸ ਨੇ ਇਸ ਫ਼ਿਲਮ (ਇੰਦੂ ਸਰਕਾਰ) ਵਿਚ ਸੰਜੇ ਗਾਂਧੀ ਦਾ ਕਿਰਦਾਰ ਮਾੜਾ ਦਿਖਾਉਣ ਵਿਰੁੱਧ ਰੋਸ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਉਸ ਦੀਆਂ ਯਾਦਾਂ ਵਿਚ ਵਸਿਆ ਸੰਜੇ ਗਾਂਧੀ, ਉਸ ਤਰ੍ਹਾਂ ਦਾ ਨਹੀਂ ਹੈ, ਜਿਸ ਤਰ੍ਹਾਂ ਦਾ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ। ਉਹ ਦੱਸ ਚੁੱਕੀ ਹੈ ਕਿ ਉਸ ਨੇ ਫ਼ਿਲਮ 'ਇੰਦੂ ਸਰਕਾਰ' ਰਿਲੀਜ਼ ਹੋਣ ਤੋਂ ਪਹਿਲਾਂ ਇਸ ਦੇ ਨਿਰਦੇਸ਼ਕ ਮਧੁਰ ਭੰਡਾਰਕਰ, ਨਿਰਮਾਤਾ ਭਾਰਤ ਸ਼ਾਹ, ਸੂਚਨਾ ਤੇ ਪ੍ਰਸਾਰਣ ਮੰਤਰੀ ਵੈਂਕਈਆ ਨਾਇਡੂ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੂੰ ਇਕ-ਇਕ ਕਾਨੂੰਨੀ ਨੋਟਿਸ ਵੀ ਭਿਜਵਾਇਆ ਸੀ, ਜਿਸ ਇਹ ਕਿਹਾ ਹੋਇਆ ਸੀ ਕਿ ਉਸ ਦੇ ਬਾਪ ਸੰਜੇ ਗਾਂਧੀ ਅਤੇ ਦਾਦੀ ਇੰਦਰਾ ਗਾਂਧੀ ਦੇ ਕਿਰਦਾਰ, ਇਤਿਹਾਸਕ ਪੱਖੋਂ ਗ਼ਲਤ ਤੇ ਮਾੜੇ ਦਿਖਾਏ ਹੋਏ ਹਨ। ਉਸ ਨੇ ਕਿਹਾ ਕਿ ਉਸ ਨੇ ਇਹ ਦਾਅਵਾ, ਇਸ ਫ਼ਿਲਮ ਦਾ ਟ੍ਰੇਲਰ ਦੇਖਣ ਮਗਰੋਂ ਕੀਤਾ ਹੈ।
ਇਸ ਦੇ ਨਾਲ਼ ਹੀ ਇਹ ਵੀ ਜਾਣ ਲਓ ਕਿ ਸੰਜੇ ਗਾਂਧੀ ਦੀ 'ਅਸਲੀ ਵਿਧਵਾ' ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਵਰੁਣ ਗਾਂਧੀ ਨੇ ਪ੍ਰਿਯਾ ਸਿੰਘ ਪੌਲ ਦੇ ਇਸ ਦਾਅਵੇ ਬਾਰੇ ਕੁੱਝ ਵੀ ਨਹੀਂ ਕਿਹਾ।
ਆਖ਼ਰ ਇਹ ਬੀਬੀ ਹੈ ਕੌਣ! ਉਹ ਆਪ ਹੀ ਦੱਸਦੀ ਹੈ ਕਿ ਸ਼ੀਲਾ ਸਿੰਘ ਪੌਲ ਅਤੇ ਬਲਵੰਤ ਪੌਲ ਨੇ 1968 ਵਿਚ ਉਸ ਦਾ ਜਨਮ ਹੋਣ ਤੋਂ ਮਗਰੋਂ, 1974 ਵਿਚ ਉਸ ਨੂੰ ਗੋਦ ਲੈ ਲਿਆ ਸੀ। ਉਸ ਨੂੰ ਗੋਦ ਦੇਣ ਦੀ ਵਜ੍ਹਾ ਇਹ ਸੀ ਕਿ ਉਸ ਦਾ ਬਾਪ ਉਸ ਵੇਲ਼ੇ ਸਿਆਸਤ ਵਿਚ ਸੀ ਤੇ ਉਸ ਦੀ ਮਾਂ ਛੋਟੀ ਉਮਰ ਦੀ ਹੋਣ ਕਰ ਕੇ, ਉਸ ਦੀ ਸੰਭਾਲ ਨਹੀਂ ਕਰ ਸਕਦੀ ਸੀ। ਇਸ ਕਰ ਕੇ ਕੁੱਝ ਸਮੇਂ ਲਈ ਬੱਚੀ ਨੂੰ ਕਿਸੇ ਹੋਰ ਦੀ ਸਪੁਰਦਗੀ ਵਿਚ ਰੱਖਣ ਦੀ ਜਾਂ ਗੋਦ ਦੇਣ ਦੀ ਲੋੜ ਸੀ। ਉਸ ਵੱਲੋਂ ਸੁਰਤ ਸੰਭਾਲਣ ਮਗਰੋਂ ਉਸ ਨੂੰ ਦੱਸਿਆ ਗਿਆ ਕਿ ਉਹ ਸੰਜੇ ਗਾਂਧੀ ਦੀ ਧੀ ਹੈ। ਉਹ ਕਹਿੰਦੀ ਹੈ ਕਿ ਉਹ ਵੱਡੀ ਹੋਣ ਮਗਰੋਂ, ਇਕ ਵਾਰ ਸੰਜੇ ਗਾਂਧੀ ਨੂੰ ਮਿਲੀ ਵੀ ਸੀ। 
ਇਸ ਬੀਬੀ ਨੇ 'ਇੰਦੂ ਸਰਕਾਰ' ਦੇ ਨਿਰਦੇਸ਼ਕ ਮਧੁਰ ਭੰਡਾਰਕਰ ਦਾ ਕਥਨ ਦੁਹਰਾਉਂਦਿਆਂ ਕਿਹਾ ਹੈ, "ਇਸ ਫ਼ਿਲਮ ਵਿਚ 70 ਫੀ ਸਦੀ ਕਲਪਨਾ ਅਤੇ 30 ਫੀ ਸਦੀ ਹਕੀਕਤ ਹੈ। ਜੇ ਮੇਰੇ ਬਾਪ ਜਾਂ ਦਾਦੀ ਵੱਲ ਕੋਈ ਉਂਗਲ ਚੁੱਕੇਗਾ ਤਾਂ ਮੈਂ ਚੁੱਪ ਕਰ ਕੇ ਨਹੀਂ ਬੈਠ ਸਕਾਂਗੀ। ਮੈਂ ਸ਼ਰਮਸਾਰ ਨਹੀਂ ਹਾਂ, ਨਾ ਹੀ ਮੈਂ ਡਰਦੀ ਹਾਂ। ਮੈਨੂੰ ਸੱਤਾ, ਦੌਲਤ ਜਾਂ ਜਾਇਦਾਦ ਦੀ ਭੁੱਖ ਨਹੀਂ ਹੈ, ਮੈਂ ਤਾਂ ਆਪਣੀ ਪਛਾਣ ਕਾਇਮ ਕਰਨਾ ਅਤੇ ਆਪਣੇ ਪਰਿਵਾਰ ਨੂੰ ਬਦਨਾਮੀ ਤੋਂ ਬਚਾਉਣਾ ਚਾਹੁੰਦੀ ਹਾਂ।"
ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਇੰਦਰ ਕੁਮਾਰ ਗੁਜਰਾਲ ਦੀ ਭੈਣ ਵਿਮਲਾ ਗੁਜਰਾਲ ਨੇ ਉਸ (ਪ੍ਰਿਯਾ ਸਿੰਘ ਪੌਲ) ਨੂੰ 2010 ਵਿਚ ਇਹ ਦੱਸਿਆ ਸੀ ਕਿ ਸੰਜੇ ਗਾਂਧੀ ਹੀ ਉਸ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਹੈ ਤੇ ਉਸ ਦਾ ਬਾਪ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਗੋਦ ਲੈਣ ਵਾਲੀ ਮਾਂ ਦੇ ਮਰ ਜਾਣ ਮਗਰੋਂ ਉਸ ਨੇ ਆਪਣੀਆਂ ਜੜ੍ਹਾਂ ਤਲਾਸ਼ਣੀਆਂ ਸ਼ੁਰੂ ਕੀਤੀਆਂ ਸਨ।
ਫ਼ਿਲਮ 'ਇੰਦੂ ਸਰਕਾਰ' ਪ੍ਰਿਯਾ ਸਿੰਘ ਪੌਲ ਨੂੰ ਦਿਖਾਏ ਬਗ਼ੈਰ ਰਿਲੀਜ਼ ਨਾ ਕਰ ਦੇਣ ਸਬੰਧੀ ਨੋਟਿਸ ਦਾ ਜੁਆਬ ਦਿੰਦਿਆਂ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਇਹ ਫ਼ਰਮਾਇਆ ਸੀ, "ਸਾਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ ਕਿ ਵਰੁਣ ਗਾਂਧੀ ਤੋਂ ਇਲਾਵਾ ਵੀ ਸੰਜੇ ਗਾਂਧੀ ਦੀ ਕੋਈ ਔਲਾਦ ਹੈ। ਇਸ ਨੋਟਿਸ ਵਿਚ ਇਹ ਕਿਹਾ ਹੋਇਆ ਹੈ ਕਿ ਮਿੱਸ ਪ੍ਰਿਯਾ ਸਿੰਘ ਪਾਲ, ਸ਼੍ਰੀ ਸੰਜੇ ਗਾਂਧੀ ਦੀ 'ਸਕੀ ਧੀ' ਹੈ। ਸਾਨੂੰ ਯਕੀਨ ਨਹੀਂ ਹੈ ਕਿ 'ਗਾਂਧੀ ਪਰਿਵਾਰ' ਨੂੰ ਆਪਣੇ ਇਸ 'ਨਵੇਂ ਜੀਅ' ਬਾਰੇ ਕੋਈ ਇਲਮ ਹੈ। ਹੁਣ ਜਿੰਨਾ ਚਿਰ ਗਾਂਧੀ ਪਰਿਵਾਰ ਉਸ ਨੂੰ ਆਪਣੇ ਜੀਅ ਵਜੋਂ ਨਹੀਂ ਕਬੂਲਦਾ, ਅਸੀਂ 'ਇੰਦੂ ਸਰਕਾਰ' ਉੱਤੇ ਕੀਤੇ ਗਏ ਇਤਰਾਜ਼ਾਂ ਬਾਰੇ ਕੋਈ ਕਾਰਵਾਈ ਨਹੀਂ ਕਰ ਸਕਦੇ।"
ਹੋਈ ਨਾ ਉਹੀ ਗੱਲ, ਅਖੇ 'ਅੱਗ ਲੱਗੀ ਗੁਰਾਈਂ, ਧੂੰਆਂ ਨਿੱਕਲਿਆ ਬੋਪਾਰਾਈਂ'! ਮਧੁਰ ਭੰਡਾਰਕਰ ਨੇ ਫ਼ਿਲਮ 'ਇੰਦੂ ਸਰਕਾਰ' ਬਣਾਈ ਸੀ, 1975 ਵਿਚ ਲਗਾਈ ਐਂਮਰਜੈਂਸੀ ਦੇ ਸਬੰਧ ਵਿਚ, ਪਰ ਉਸ ਵਿਚੋਂ ਨਿੱਕਲ ਆਈ, ਸੰਜੇ ਗਾਂਧੀ ਦੀ ਨਜਾਇਜ਼ ਔਲਾਦ 'ਪ੍ਰਿਯਾ ਸਿੰਘ ਪੌਲ'। ਪ੍ਰਿਯਾ ਵੱਲੋਂ ਇਸ ਫ਼ਿਲਮ ਉੱਤੇ ਇਤਰਾਜ਼ ਕਰਨ ਦੀ ਅਸਲ ਵਜ੍ਹਾ ਤਾਂ ਇਹੋ ਲੱਗਦੀ ਹੈ ਕਿ ਮਧੁਰ ਭੰਡਾਰਕਰ ਨੇ ਸੰਜੇ ਗਾਂਧੀ ਦਾ 23 ਸਾਲ ਦੀ ਉਮਰ ਵਿਚ, ਇਸ ਬੀਬੀ ਦਾ 'ਨਜਾਇਜ਼ ਬਾਪ' ਬਣਨਾ ਕਿਉਂ ਨਜ਼ਰਅੰਦਾਜ਼ ਕੀਤਾ ਤੇ ਆਪਣੀ ਫਿਲਮ ਵਿਚ 'ਗਾਂਧੀ ਪਰਿਵਾਰ ਦੇ ਇਸ ਨਜਾਇਜ਼ ਅੰਗ' ਦਾ ਨਾਂ-ਭੋਗ ਕਿਉਂ ਨਹੀਂ ਪਾਇਆ! #