ਸ਼ਬਦੰਗਲ-17

ਪੱਤਰਕਾਰੀ ਵਿਚ ਇਕ ਤਰ੍ਹਾਂ ਨਾਲ਼ ਕਮਾਲ
ਹੀ ਕਰ ਗਈ ਇਹ 'ਅੱਗ ਦੀ ਨਾਲ਼' 
*********************************
ਇਹ ਸਿਰਲੇਖ ਸ਼ਾਇਦ ਕੁੱਝ ਵਿਆਖਿਆ ਮੰਗਦਾ ਹੈ। ਤੇਤੀ ਸਾਲਾਂ ਦੀ ਉਮਰ ਵਿਚ ਹੀ ਪੱਤਰਕਾਰੀ ਦੇ ਪਿੜ ਵਿਚ 'ਰਾਣਾ ਅਯੂਬ-ਰਾਣਾ ਅਯੂਬ' ਕਰਾ ਗਈ ਬੀਬੀ ਰਾਣਾ ਅਯੂਬ ਨੂੰ ਫਰਾਟੇਦਾਰ ਢੰਗ ਨਾਲ਼ ਬੋਲਣ ਅਤੇ ਤਿੱਖਾ ਲਿਖਣ ਦੀ ਵਜ੍ਹਾ ਨਾਲ਼ ਅੰਗਰੇਜ਼ੀ ਵਿਚ 'ਫਾਇਰਬਰੈਂਡ ਰਿਪੋਰਟਰ' ਕਿਹਾ ਜਾਂਦਾ ਹੈ ਤੇ ਅਸੀਂ ਉਸ ਦਾ ਇਹ ਲਕਬ, ਪੰਜਾਬੀ ਵਿਚ ਉਲਥਾਉਂਦਿਆਂ 'ਅੱਗ ਦੀ ਨਾਲ਼' ਕਰ ਦਿੱਤਾ ਹੈ। ਰਾਣਾ ਅਯੂਬ ਪਿਛਲੇ ਦਿਨੀਂ ਕੈਨੇਡਾ ਦਾ ਦੌਰਾ ਕਰਨ ਆਈ ਹੋਈ ਸੀ ਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਅਸੀਂ ਉਸ ਨੂੰ ਲੱਭ ਕੇ, ਉਸ ਨਾਲ਼ ਕੁੱਝ ਗੱਲਾਂ-ਬਾਤਾਂ ਕੀਤੀਆਂ। 
ਉਹ, ਆਪਣੀ ਕਿਤਾਬ ਗੁਜਰਾਤ ਫਾਈਲਜ਼-ਅਨੌਟਮੀ ਔਫ ਏ ਕਵਰ ਅੱਪ ਨਾਲ਼ ਪੱਤਰਕਾਰੀ ਜਗਤ ਵਿਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ। ਸਾਨੂੰ ਇਹ ਵੀ ਜਾਨਣਾ ਬਣਦਾ ਹੈ ਕਿ ਉਸ ਦੀ ਇਸ ਕਿਤਾਬ ਬਾਰੇ ਲੋਕ, ਖ਼ਾਸ ਤੌਰ 'ਤੇ ਜਾਣੇ-ਪਛਾਣੇ ਲੋਕ ਅਤੇ ਅਖ਼ਬਾਰ ਕੀ ਕਹਿੰਦੇ ਹਨ। ਇਸ ਕਿਤਾਬ ਬਾਰੇ ਫ਼ਿਲਮ ਅਦਾਕਾਰ ਨਸੀਰੂਦੀਨ ਸ਼ਾਹ ਦਾ ਕਹਿਣ ਹੈ, "…ਜਦੋਂ ਇਹ ਰਿਪੋਟਟਿੰਗ ਹਕੀਕੀ ਸਾਬਤ ਹੋ ਗਈ ਤਾਂ ਕੁੱਝ ਬਹੁਤ ਹੀ ਸਖ਼ਤ ਸੁਆਲਾਂ ਦੇ ਜੁਆਬ ਤਲਬ ਕਰਨ ਦਾ ਵੇਲ਼ਾ ਆ ਜਾਣਾ ਹੈ।" 
ਬਿਜ਼ਨੈੱਸ ਸਟੈਂਡਰਡ ਵਿਚ ਆਈ ਏ ਐੱਨ ਐੱਸ ਵੱਲੋਂ ਕੀਤੀ ਗਈ, ਇਸ ਕਿਤਾਬ ਦੀ ਸਮੀਖਿਆ ਵਿਚ ਏਦਾਂ ਕਿਹਾ ਹੋਇਆ ਹੈ, "ਖੋਜੀ ਪੱਤਰਕਾਰੀ ਵਿਚ ਇਹ ਕਿਤਾਬ ਸਿਰੇ ਦੀ ਰਚਨਾ ਹੈ। ਰਾਣਾ ਅਯੂਬ ਆਪਣਾ ਕੰਮ ਕਰਦਿਆਂ ਬਹੁਤ ਜ਼ਿਆਦਾ ਖ਼ਤਰੇ ਸਹੇੜਨ ਦੀ ਵਜ੍ਹਾ ਨਾਲ਼ ਸਲਾਮੀ ਦੀ ਹੱਕਦਾਰ ਹੈ।…ਜੇ ਹੌਸਲੇ ਭਰੀ ਪੱਤਰਕਾਰੀ ਲਈ 'ਪੁਲਿਤਜ਼ਰ' ਵਾਲ਼ੇ ਕੋਈ ਇਨਾਮ ਦਿੰਦੇ ਹੋਣ ਤਾਂ ਉਹ ਇਨਾਮ ਇਸ ਕਿਤਾਬ ਦੀ ਲੇਖਕਾ ਨੂੰ ਹੀ ਮਿਲੇਗਾ।"
ਹਿੰਦੁਸਤਾਨ ਟਾਈਮਜ਼ ਅਨੁਸਾਰ, "ਅਯੂਬ ਬਹੁਤ ਸਪੱਸ਼ਟ ਹੈ ਤੇ ਉਸ ਦੇ ਮਨ ਵਿਚ, ਕਸੂਰਵਾਰਾਂ ਨੂੰ ਬੇਨਕਾਬ ਕਰਨ, ਸੱਤਾਧਾਰੀਆਂ ਅਤੇ ਕਾਤਲਾਂ ਨੂੰ ਆਪਸ ਵਿਚ ਜੋੜਦੀਆਂ ਗੁੱਝੀਆਂ ਤਾਰਾਂ ਨੰਗੀਆਂ ਕਰਨ ਦੀ ਤੀਬਰ ਇੱਛਾ ਹੈ।" 
ਦ ਹਿੰਦੂ ਮੁਤਾਬਕ, "…ਇਹ ਕਿਤਾਬ ਅਫ਼ਸਰਸ਼ਾਹੀ ਅਤੇ ਪੁਲੀਸ, ਜਿਨ੍ਹਾਂ ਨੂੰ ਉਹ ਆਪਸ ਵਿਚ ਘਿਉ-ਖਿਚੜੀ ਹੋਏ ਰਹੇ, ਚੁੱਪ-ਚਾਪ ਢੰਗ ਨਾਲ਼ ਘਾਤਕ ਕਾਰਵਾਈਆਂ ਕਰਦੇ ਰਹੇ ਅਤੇ ਲਾਕਾਨੂੰਨੀ ਦੀਆਂ ਨੀਤੀਆਂ ਨੂੰ ਵਿਚਾਰਧਾਰਕ ਪੱਖ ਤੋਂ ਜਾਇਜ਼ ਦੱਸਦੇ ਰਹੇ ਦਿਖਾਉਂਦੀ ਹੈ, ਦੇ ਕਿਰਦਾਰਾਂ ਵੱਲ ਉਂਗਲ ਉਠਾਉਣ ਦਾ ਹੀਲਾ ਕਰਦੀ ਹੈ।…"
ਐੱਨ ਡੀ ਟੀ ਵੀ ਦੇ ਰਵੀਸ਼ ਕੁਮਾਰ ਦਾ ਕਹਿਣ ਹੈ, "ਇਹ ਕਿਤਾਬ, ਪੱਤਰਕਾਰੀ ਦੇ ਕਾਲਜਾਂ ਵਿਚ, ਖ਼ਾਸ ਤੌਰ 'ਤੇ ਪੱਤਰਕਾਰ ਬਣਨਾ ਤਾਂਘਦੀਆਂ ਔਰਤਾਂ ਲਈ ਪੜ੍ਹਨੀ ਲਾਜ਼ਮੀ ਕਰਾਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਰਾਣਾ ਅਯੂਬ ਵੱਲੋਂ ਇਸ ਕਿਤਾਬ ਵਿਚ ਅਤੇ ਆਪਣੀ ਜ਼ਿੰਦਗੀ ਵਿਚ ਦਰਸਾਈ ਗਈ, ਹੌਸਲੇ ਭਰੀ ਪੱਤਰਕਾਰੀ ਅਤੇ ਮਿਸਾਲੀ ਇਮਾਨਦਾਰੀ ਸਬੰਧੀ ਨੋਟਸ ਬਣਾ ਸਕਣ।"
ਅਖ਼ਬਾਰ ਡੀ ਐੱਨ ਏ ਲਿਖਦਾ ਹੈ, "ਗੁਜਰਾਤ ਫਾਈਲਜ਼…ਇਕ ਦਲੇਰਾਨਾ ਕਿਤਾਬ ਹੈ। ਜਦੋਂ ਬਹੁਤ ਸਾਰੇ ਲੋਕ, ਨਿਜ਼ਾਮ ਬਾਰੇ ਸੱਚ ਬੋਲਣੋਂ ਟਲਦੇ ਹੋਣ, ਅਯੂਬ ਨੇ ਮੁਹਾਵਰਤਨ 'ਸਾਨ੍ਹ ਦੇ ਸਿੰਗਾਂ ਨੂੰ ਹੱਥ ਪਾਏ' ਹਨ।" ਇਸ ਤਰ੍ਹਾਂ ਬਹੁਤ ਸਾਰੇ ਲੋਕਾਂ/ ਅਖ਼ਬਾਰਾਂ ਨੇ ਰਾਣਾ ਅਯੂਬ ਦੀ ਇਸ ਕਿਤਾਬ ਦੀ ਪ੍ਰਸ਼ੰਸਾ ਕੀਤੀ ਹੈ। ਕੁੱਝ ਹਲਕਿਆਂ ਵੱਲੋਂ ਇਹ ਕਿਤਾਬ ਭੰਡੀ ਨਾ ਗਈ ਹੋਵੇ, ਇਹੋ ਜਿਹੀ ਗੱਲ ਵੀ ਨਹੀਂ ਹੈ। ਹੁਣ ਇਹ ਜਾਨਣਾ/ ਦੱਸਣਾ ਵੀ ਬਣਦਾ ਹੈ ਕਿ ਇਸ ਕਿਤਾਬ ਵਿਚ ਹੈ ਕੀ!
ਸੰਨ 2002 ਦੌਰਾਨ ਗੁਜਰਾਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਵੇਲ਼ੇ ਕੀਤੇ ਗਏ, ਮੁਸਲਮਾਨਾਂ ਦੇ ਕਤਲੇਆਮ ਵਿਚ ਪੁਲੀਸ ਦੀ ਨੰਗੀ-ਚਿੱਟੀ ਸ਼ਮੂਲੀਅਤ ਦਾ ਵੇਰਵਾ ਦਰਜ ਕੀਤਾ ਹੋਇਆ ਹੈ, ਰਾਣਾ ਅਯੂਬ ਨੇ ਇਸ ਕਿਤਾਬ ਵਿਚ। ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਰਾਣਾ ਅਯੂਬ ਨੇ ਅਮਰੀਕਾ ਦੇ ਇਕ ਫ਼ਿਲਮ ਇੰਸਟੀਚਿਊਟ ਵਿਚ ਸਿਖਲਾਈ ਲੈਂਦੀ ਦੱਸੀ ਗਈ, ਮੈਥਲੀ ਤਿਆਗੀ ਨਾਂ ਦੀ ਉਸ ਫ਼ਿਲਮਸਾਜ਼ ਦਾ ਭੇਸ ਵਟਾਇਆ ਸੀ, ਜਿਹੜੀ ਰਾਸ਼ਟਰੀਯ ਸਵਯਮ ਸੇਵਕ ਸੰਘ ਦੀ ਹਮਾਇਤਣ ਸੀ। ਇਹ ਫ਼ਿਲਮਸਾਜ਼ ਆਪਣੇ ਲਿਬਾਸ ਵਿਚ ਕਈ ਮਾਈਕਰੋਫੋਨ ਅਤੇ ਗੁੱਝੇ ਕੈਮਰੇ ਲੁਕੋ ਕੇ ਲੋਕਾਂ ਦੇ ਇਕੱਠਾਂ ਵਿਚ ਫਿਰਦੀ ਰਹਿੰਦੀ ਸੀ। ਇਹ 'ਗੁੱਝੀ ਮਾਰ' ਮਾਰਨ ਵੇਲ਼ੇ ਰਾਣਾ ਅਯੂਬ ਇਹੋ ਜਿਹੀ ਪੱਤਰਕਾਰੀ ਲਈ ਜਾਣੇ ਜਾਂਦੇ ਪਰਚੇ 'ਤਹਿਲਕਾ' ਲਈ ਕੰਮ ਕਰਦੀ ਸੀ। ਇਸੇ ਹੀ ਰੂਪ ਵਿਚ ਰਾਣਾ ਅਯੂਬ, ਨਰਿੰਦਰ ਮੋਦੀ ਨੂੰ ਵੀ ਮਿਲੀ ਸੀ।
ਸੰਨ 2002 ਦੌਰਾਨ ਗੁਜਰਾਤ ਵਿਚ, ਤਿੰਨ ਦਿਨਾਂ ਅੰਦਰ ਹੀ ਤਕਰੀਬਨ 3000 ਮੁਸਲਮਾਨ ਮਾਰ ਸੁੱਟੇ ਗਏ ਸਨ ਤੇ ਇਹ ਕਤਲੇਆਮ ਰੋਕਣ ਲਈ ਪੁਲੀਸ ਨੇ ਕੋਈ ਹੀਲਾ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਇਕ ਰੇਲ ਗੱਡੀ ਨੂੰ ਅੱਗ ਲੱਗਣ ਨਾਲ਼ 50 ਹਿੰਦੂ ਸੜ ਗਏ ਸਨ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਗੱਡੀ ਨੂੰ ਅੱਗ, ਮੁਸਲਮਾਨ ਦਸ਼ਿਤਗ਼ਰਦਾਂ ਨੇ ਲਾਈ ਸੀ। ਉਂਜ ਇਹ ਦੋਸ਼ ਕਦੇ ਵੀ ਸਿੱਧ ਨਹੀਂ ਕੀਤਾ ਜਾ ਸਕਿਆ ਸੀ। ਰਾਣਾ ਅਯੂਬ ਦੇ ਕਹਿਣ ਅਨੁਸਾਰ, ਪੁਲਸ ਨੇ ਮੁਸਲਮਾਨਾਂ ਨੂੰ ਜਾਅਲੀ ਪੁਲਸ ਮੁਕਾਬਲੇ ਬਣਾ ਕੇ ਮਾਰਿਆ ਤੇ ਬਾਅਦ ਵਿਚ ਉਨ੍ਹਾਂ ਨੂੰ 'ਜਹਾਦੀ ਅੱਤਵਾਦੀ' ਕਰਾਰ ਦਿੱਤਾ। ਰਾਣਾ ਅਯੂਬ ਆਪ ਮੁਸਲਮਾਨਣੀ ਹੈ, ਪਰ ਉਸ ਨੇ ਇਨ੍ਹਾਂ ਕਤਲਾਂ ਅਤੇ ਕਾਤਲਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਹਿੰਦੂ ਦਹਿਸ਼ਤਗ਼ਰਦ ਦਾ ਰੂਪ ਅਖ਼ਤਿਆਰ ਕੀਤਾ ਸੀ, ਜਿਸ ਕਰ ਕੇ ਉਸ ਨੂੰ ਇਹ ਕੰਮ ਕਰਨ ਵਿਚ ਦੋਹਰਾ ਖ਼ਤਰਾ ਸੀ।
ਇੰਨੇ ਖ਼ਤਰਿਆਂ ਨਾਲ਼ ਖੇਡ ਕੇ, ਸ਼ੇਰ ਦੇ ਘੁਰਨੇ ਵਿਚੋਂ ਮਾਸ ਕੱਢ ਲਿਆਉਣ ਦੀ ਤਰਜ਼ 'ਤੇ ਹਾਸਲ ਕੀਤੀ ਜਾਣਕਾਰੀ ਦੇ ਆਧਾਰ 'ਤੇ ਲਿਖੀਆਂ, ਰਾਣਾ ਅਯੂਬ ਦੀਆਂ ਰਿਪੋਰਟਾਂ, ਤਹਿਲਕਾ ਵਾਲ਼ਿਆਂ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ 'ਇਹ ਰਿਪੋਰਟਾਂ ਲੋੜੀਂਦੇ ਸੰਪਾਦਕੀ ਮਿਆਰਾਂ ਨਾਲ਼ੋਂ ਊਣੀਆਂ ਹਨ।' ਰਾਣਾ ਅਯੂਬ ਇਹ ਰਿਪੋਰਟਾਂ ਨਾ ਛਾਪਣ ਦੀ ਵਜ੍ਹਾ, ਤਹਿਲਕਾ ਵਾਲ਼ਿਆਂ ਦਾ ਡਰ ਜਾਣਾ ਹੀ ਦੱਸਦੀ ਹੈ। ਦੂਜੇ ਪਾਸੇ ਤਹਿਲਕਾ ਦੇ ਤਤਕਾਲੀ ਮੁੱਖ ਸੰਪਾਦਕ ਤਰੁਣ ਤੇਜਪਾਲ ਦਾ ਕਹਿਣ ਹੈ ਕਿ ਉਨ੍ਹਾਂ ਨੇ ਇਹ ਰਿਪੋਰਟਾਂ ਨਾ ਛਾਪਣ ਦਾ ਫੈਸਲਾ ਕਿਸੇ ਤੋਂ ਡਰ ਕੇ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ, "ਅਜਿਹਾ ਕਹਿਣਾ ਸਹੀ ਨਹੀਂ ਹੈ। ਅਸੀਂ ਇਹ ਰਿਪੋਰਟਾਂ ਇਸ ਲਈ ਨਹੀਂ ਛਾਪੀਆਂ ਸਨ ਕਿਉਂ ਕਿ ਇਹ ਅਧੂਰੀਆਂ ਸਨ। ਇਨ੍ਹਾਂ ਵਿਚ ਕੁੱਝ ਹੈ ਹੀ ਨਹੀਂ ਸੀ। ਨਾਲ਼ੇ 2010-11 ਵਿਚ ਤਾਂ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਨਹੀਂ ਸੀ। ਇਸ ਲਈ ਇਸ ਸਬੰਧੀ ਕਰਨ ਵਾਲ਼ੀ ਗੱਲ ਹੀ ਕਿਹੜੀ ਹੈ?" ਉਨ੍ਹਾਂ ਨੇ ਇਹ ਵੀ ਕਿਹਾ, "ਉਸ ਦੀ ਸਟੋਰੀ ਵਿਚ ਛੱਤੀ ਛੇਕ ਸਨ। ਅਸੀਂ ਉਸ ਨੂੰ ਕਿਹਾ ਕਿ ਉਹ, ਇਹ ਛੇਕ ਭਰ ਕੇ ਲਿਆਵੇ, ਪਰ ਇਸ ਤਰ੍ਹਾਂ ਨਾ ਹੋਇਆ।…ਰਾਣਾ ਨੂੰ ਮੂੰਹੋਂ ਮੰਗੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਉਸ ਦੀ ਸਟੋਰੀ ਛਾਪੀ ਨਾ ਜਾਣ ਮਗਰੋਂ ਵੀ ਉਹ ਤਹਿਲਕਾ ਵਿਚ ਕੰਮ ਕਰਦੀ ਰਹੀ। ਉਸ ਵੇਲ਼ੇ ਤਾਂ ਉਸ ਲਈ ਜਾਂ ਸਾਡੇ ਲਈ ਇਹ ਕੋਈ ਮੁੱਦਾ ਹੀ ਨਹੀਂ ਸੀ। ਅਸੀਂ ਤਾਂ ਇਨ੍ਹਾਂ ਤਫ਼ਤੀਸ਼ੀ ਰਿਪੋਰਟਾਂ ਦੀ ਵਜ੍ਹਾ ਨਾਲ਼, ਸਾਡੇ ਕੰਮ ਵਿਚ ਸਰਮਾਇਆ ਲਾਉਣ ਵਾਲ਼ੇ ਬੰਦੇ ਵੀ ਗੁਆਏ ਹੋਏ ਹਨ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ, ਸਾਡੇ ਉੱਤੇ ਇਹ ਦੋਸ਼ ਕਿਉਂ ਲਾਉਂਦੀ ਹੈ।"
ਤਹਿਲਕਾ ਦੀ ਮੈਨੇਜਿੰਗ ਐਡੀਟਰ ਰਹੀ ਸ਼ੋਮਾ ਚੌਧਰੀ ਦਾ ਕਹਿਣ ਹੈ, "…ਰਾਣਾ ਵੱਲੋਂ ਗੁਜਰਾਤ ਵਿਚ ਕੀਤੇ ਸਟਿੰਗ ਆਪ੍ਰੇਸ਼ਨ ਦੀ ਰਿਪੋਰਟ ਤਹਿਲਕਾ ਵਿਚ ਨਾ ਛਾਪਣ ਦੀ ਵਜ੍ਹਾ, ਇਹ ਰਿਪੋਰਟ ਲੋੜੀਂਦੇ ਸੰਪਾਦਕੀ ਮਿਆਰਾਂ ਨਾਲ਼ ਸਾਂਵੀਂ ਨਾ ਹੋਣਾ ਹੀ ਸੀ। ਇਸ ਸਟੋਰੀ ਦੇ ਕੁੱਝ ਹਿੱਸੇ ਬਹੁਤ ਵਧੀਆ ਸਨ, ਪਰ ਉਸ ਵਿਚ ਬਹੁਤ ਸਾਰੀਆਂ ਖਾਮੀਆਂ ਸਨ ਅਤੇ ਉਸ ਵੱਲੋਂ ਅਪਣਾਏ ਗਏ ਢੰਗ ਵਿਚ ਵੀ ਬਹੁਤ ਨੁਕਸ ਸਨ। ਉਸ ਵੱਲੋਂ ਇਹ ਕਿਹਾ ਜਾਣਾ ਕਿ ਉਸ ਨੂੰ ਗਿੰਨੀ ਪਿੱਗ (ਪ੍ਰਯੋਗਸ਼ਾਲਾ ਵਿਚ ਵਰਤੇ ਜਾਂਦੇ ਖ਼ਾਸ ਨਸਲ ਦੇ ਚਿੱਟੇ ਚੂਹੇ) ਵਜੋਂ ਵਰਤਿਆ ਗਿਆ ਹੈ ਅਤੇ ਉਸ ਦੀ ਖੋਜ ਰਿਪੋਰਟ ਸਿਆਸੀ ਦਬਾਅ ਕਾਰਨ ਨਹੀਂ ਛਾਪੀ ਗਈ, ਨਿਰਾ ਝੂਠ ਹੈ।"
ਸੁਚਿੱਤਰਾ ਵਿਜਯਨ ਨਾਂ ਦੀ ਇਕ ਸਮੀਖਿਅਕ ਨੇ ਇਸ ਕਿਤਾਬ ਨੂੰ ਅਧੂਰੀ ਕਿਤਾਬ ਕਰਾਰ ਦਿੰਦਿਆਂ, ਏਦਾਂ ਲਿਖਿਆ ਹੋਇਆ ਹੈ, "ਰਾਣਾ ਅਯੂਬ ਦੀ 'ਗੁਜਰਾਤ ਫਾਈਲਜ਼' ਕੁੱਝ ਅਹਿਮ ਸੁਆਲ ਉਠਾਉਂਦੀ ਹੈ, ਜਿਨ੍ਹਾਂ ਬਾਰੇ ਹੋਰ ਤਫ਼ਤੀਸ਼ ਕਰਨ, ਸਮਝਣ ਅਤੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਇਸ ਕਿਤਾਬ ਵਿਚ, ਗੁਜਰਾਤ ਵਿਚ 2007 ਦੌਰਾਨ 'ਐਂਟੀ-ਟੈਰਰਿਜ਼ਮ ਸਕੁਐਡ' ਦੇ ਡਾਇਰੈਕਟਰ ਜਨਰਲ ਰਾਜਨ ਪ੍ਰਿਯਦਰਸ਼ੀ ਨੂੰ ਇਹ ਕਹਿੰਦੇ ਪੇਸ਼ ਕੀਤਾ ਗਿਆ ਹੈ, "…ਅਮਿਤ ਸ਼ਾਹ ਨੇ ਕਦੇ ਵੀ ਮਨੁੱਖੀ ਹੱਕਾਂ ਵਿਚ ਵਿਸ਼ਵਾਸ ਨਹੀਂ ਰੱਖਿਆ। ਉਹ ਸਾਨੂੰ ਕਿਹਾ ਕਰਦੇ ਸਨ ਕਿ ਮੈਨੂੰ ਇਨ੍ਹਾਂ ਮਨੁੱਖੀ ਅਧਿਕਾਰ ਕਮਿਸ਼ਨਾਂ ਵਿਚ ਭੋਰਾ ਵੀ ਵਿਸ਼ਵਾਸ ਨਹੀਂ ਹੈ। ਹੁਣ ਦੇਖ ਲਓ, ਅਦਾਲਤਾਂ ਨੇ ਵੀ ਉਸ ਦੀ ਜ਼ਮਾਨਤ ਕਰ ਦਿੱਤੀ ਹੈ।"
ਇਸ ਕਿਤਾਬ ਦੇ ਅੰਤ ਵਿਚ ਮਹਾਰਾਸ਼ਟਰ ਪੁਲਸ ਦੇ ਅਫ਼ਸਰ ਦਯਾ ਨਾਇਕ ਨੂੰ ਇਹ ਕਹਿੰਦਿਆਂ ਦਰਜ ਕੀਤਾ ਗਿਆ ਹੈ, "ਦੇਸ਼ ਵਿਚ ਸਭ ਤੋਂ ਵੱਡਾ ਸਿਆਸੀ ਕਤਲ, ਗੁਜਰਾਤ ਵਿਚ ਮੋਦੀ ਦੇ ਸਖ਼ਤ ਵਿਰੋਧੀ ਹਰੇਨ ਪਾਂਡਯਾ ਦਾ ਹੋਇਆ ਹੈ।" ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰੇਨ ਪਾਂਡਯਾ ਨੂੰ 2003 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਦੇ ਸਾਰੇ ਮੁਲਜ਼ਮ ਗੁਜਰਾਤ ਹਾਈਕੋਰਟ ਨੇ ਅੱਠ ਸਾਲ ਬਾਅਦ ਛੱਡ ਦਿੱਤੇ ਸਨ ਤੇ ਅਦਾਲਤ ਨੇ ਕਿਹਾ ਸੀ ਕਿ 'ਸੀ ਬੀ ਆਈ' ਨੇ ਆਪਣੀ ਤਫ਼ਤੀਸ਼ ਦੀ ਜਾਨ ਆਪ ਹੀ ਕੱਢੀ ਹੋਈ ਸੀ।
ਇਸੇ ਹੀ ਕਿਤਾਬ ਵਿਚ ਦਰਜ ਹੈ ਕਿ ਪਾਂਡਯਾ ਦੇ ਕਤਲ ਦਾ ਮੁੱਖ ਤਫ਼ਤੀਸ਼ੀ ਅਧਿਕਾਰੀ, ਰਾਣਾ ਅਯੂਬ ਨੂੰ ਇਹ ਕਹਿੰਦਾ ਹੈ, "ਤੁਹਾਨੂੰ ਪਤੈ ਪਈ ਹਰੇਨ ਪਾਂਡਯਾ ਕੇਸ ਇਕ ਜੁਆਲਮੁਖੀ ਵਰਗਾ ਹੈ। ਜਦੋਂ ਇਕ ਵਾਰ ਸੱਚਾਈ ਸਾਹਮਣੇ ਆ ਗਈ, ਮੋਦੀ ਦੀ ਛੁੱਟੀ ਹੋ ਜਾਣੀ ਹੈ। ਉਹ ਘਰ ਨਹੀਂ, ਜੇਲ੍ਹ ਜਾਊਗਾ। ਉਹ ਸੀਖਾਂ ਪਿੱਛੇ ਹੋਊਗਾ।" ਇਸ ਗੱਲ-ਬਾਤ ਤੋਂ ਬਾਅਦ ਇਹ ਚੈਪਟਰ ਅਚਾਨਕ ਹੀ ਖ਼ਤਮ ਹੋ ਜਾਂਦਾ ਹੈ ਤੇ ਬਹੁਤ ਸਾਰੇ ਸੁਆਲ ਲਮਕਦੇ ਛੱਡ ਜਾਂਦਾ ਹੈ। ਤੇਰਾਂ ਸਾਲ ਮਗਰੋਂ ਵੀ ਪਾਂਡਯਾ ਪਰਿਵਾਰ ਇਨਸਾਫ਼ ਭਾਲ਼ ਰਿਹਾ ਹੈ।
ਨਿਊ ਯਾਰਕ ਵਿਚ ਰਹਿੰਦੀ ਵਕੀਲ, ਸਿਆਸੀ ਵਿਸ਼ਲੇਸ਼ਕ ਅਤੇ ਲੇਖਕਾ ਸੁਚਿੱਤਰਾ ਵਿਜਯਨ, ਰਾਣਾ ਅਯੂਬ ਦੀ ਇਸ ਕਿਤਾਬ ਬਾਰੇ ਗੱਲ ਏਦਾਂ ਮੁਕਾਉਂਦੀ ਹੈ ਕਿ ਰਾਣਾ ਅਯੂਬ ਦੀ ਕਿਤਾਬ, ਗੁਜਰਾਤ ਸਬੰਧੀ ਫਾਈਲਾਂ ਦੀ ਜਾਂਚ ਦਾ ਹੀਲਾ ਤਾਂ ਮੰਨੀ ਜਾ ਸਕਦੀ ਹੈ, ਪਰ ਇਹ ਕਿਤਾਬ ਅਧੂਰੀ ਹੈ। ਇਸ ਨੂੰ ਇਕ ਸਿਆਣੇ ਐਡੀਟਰ ਦੀ ਲੋੜ ਹੈ, ਜੋ ਇਸ ਦੇ ਵੇਰਵੇ ਦੁਬਾਰਾ ਵਿਚਾਰ ਸਕੇ, ਇਸ ਦਾ ਹੁਲੀਆ ਸੁਆਰ ਸਕੇ ਅਤੇ ਇਸ ਵਿਚ ਦਰਜ ਦਲੀਲਾਂ ਦੇ ਦੰਦ ਤਿੱਖੇ ਕਰ ਸਕੇ। 
ਦੂਜੇ ਪਾਸੇ ਇੰਡੀਅਨ ਆਊਟਲੁਕ ਨੇ ਇਹ ਰਿਪੋਰਟਾਂ, ਜਹਾਨ ਭਰ ਦੀਆਂ 20 ਮਹਾਨ 'ਸਟੋਰੀਜ਼' ਵਿਚ ਸ਼ਾਮਲ ਕੀਤੀਆਂ ਹੋਈਆਂ ਹਨ। ਰਾਣਾ ਅਯੂਬ ਦੀ ਇਹ ਕਿਤਾਬ ਕੋਈ ਪ੍ਰਕਾਸ਼ਕ ਛਾਪਣ ਲਈ ਰਾਜ਼ੀ ਨਾ ਹੋਇਆ ਤਾਂ ਉਸ ਨੇ ਇਹ ਕਿਤਾਬ ਆਪ ਪ੍ਰਕਾਸ਼ਤ ਕੀਤੀ। ਪਾਠਕ ਇਹ ਕਿਤਾਬ ਖਰੀਦਣ ਲਈ ਖੁੱਲ੍ਹ ਕੇ ਸਾਹਮਣੇ ਆਏ ਤੇ ਇਸ ਕਿਤਾਬ ਦੇ ਕਈ ਐਡੀਸ਼ਨ ਤੱਤੇ ਪਕੋੜਿਆਂ ਵਾਂਗ ਵਿਕ ਗਏ। ਉਸ ਨੇ ਆਪਣੀ ਕਿਤਾਬ ਬਾਰੇ ਫੈਸਲਾ ਕਰਨ ਦਾ ਹੱਕ ਪਾਠਕਾਂ ਨੂੰ ਦੇ ਦਿੱਤਾ ਹੈ। ਪਾਠਕ, ਖ਼ਲਕ ਹੁੰਦੇ ਹਨ ਤੇ ਖ਼ਲਕ ਕਿਸੇ ਪਾਸੇ ਨੂੰ ਵੀ ਟੁੱਟ ਕੇ ਪੈ ਜਾਵੇ ਤਾਂ ਉਹ ਹੇਠਲੀ ਉੱਪਰ ਲਿਆ ਸਕਦੀ ਹੈ।#