ਉਸ ਨੇ ਅਧਿਆਪਕਾ ਵਜੋਂ ਨੌਕਰੀ ਛੱਡ ਕੇ
ਕਿਤਾਬਾਂ ਦੀ ਬਗੀਚੀ ਲਗਾ ਲਈ
**********************************
ਜਹਾਨ ਭਰ ਵਿਚ ਇਹੋ ਜਿਹੇ ਲੋਕਾਂ ਦਾ ਕੋਈ ਘਾਟਾ ਨਹੀਂ ਹੈ, ਜਿਹੜੇ ਪੜ੍ਹਾਈ-ਲਿਖਾਈ ਕਰਨ ਦਾ ਮਕਸਦ ਕੋਈ 'ਚੰਗੀ' ਨੌਕਰੀ ਜਾਂ ਕੋਈ ਚੰਗਾ ਰਿਸ਼ਤਾ ਹਾਸਲ ਕਰਨਾ ਹੀ ਸਮਝਦੇ ਹਨ। ਸਿਆਣੇ ਕਹਿੰਦੇ ਨੇ ਕਿ ਕਿਸੇ ਚੰਗੀ ਚੀਜ਼ ਦੀ ਖ਼ੁਸ਼ਬੂ ਦੀ ਭਾਲ ਨਹੀਂ ਕਰਨੀ ਪੈਂਦੀ, ਉਹ ਆਪ ਹੀ ਤਲਬਗ਼ਾਰਾਂ ਕੋਲ ਪਹੁੰਚ ਜਾਂਦੀ ਹੈ। ਇਲਮ ਜਾਂ ਵਿੱਦਿਆ ਦੀ ਮਹਿਕ ਵੀ ਆਪ ਹੀ ਆ ਜਾਇਆ ਕਰਦੀ ਹੈ। ਚੰਗੇ ਇਲਮ ਨੂੰ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਹੁੰਦੀ। ਐਵੇਂ ਤਾਂ ਨਹੀਂ ਰਾਜੇ-ਮਹਾਰਾਜੇ, ਮਹਿਲਾਂ ਵਿਚ ਰਹਿੰਦੇ ਆਪਣੇ ਰਾਜਕੁਮਾਰਾਂ ਨੂੰ ਜੰਗਲਾਂ ਵਿਚ ਰਿਸ਼ੀਆਂ-ਮੁਨੀਆਂ ਦੇ ਆਸ਼ਰਮਾਂ ਤੋਂ ਸਿੱਖਿਆ-ਦੀਖਿਆ ਲੈਣ ਭੇਜਿਆ ਕਰਦੇ ਹੁੰਦੇ ਸਨ। ਉਨ੍ਹਾਂ ਨੇ ਆਪਣੇ ਰਾਜਕੁਮਾਰਾਂ ਨੂੰ ਸਿੱਖਿਆ-ਦੀਖਿਆ ਦੇਣ ਖ਼ਾਤਰ ਰਿਸ਼ੀਆਂ-ਮੁਨੀਆਂ ਨੂੰ ਕਦੇ ਆਪਣੇ ਮਹਿਲੀਂ ਆਉਣ ਦੀ ਜ਼ਹਿਮਤ ਨਹੀਂ ਦਿੱਤੀ ਸੀ ਕਿਉਂ ਕਿ ਪਿਆਸੇ ਨੂੰ ਹੀ ਚੱਲ ਕੇ ਖੂਹ ਕੋਲ ਆਉਣਾ ਪੈਂਦਾ ਹੈ, ਖੂਹ ਕਦੇ ਨਹੀਂ ਤੁਰਦੇ।
ਜਮੀਮਾ ਮਾਰਾਕ ਨਾਂ ਦੀ ਇਕ ਅਧਿਆਪਕਾ ਨੇ ਭਾਰਤ ਦੇ ਮੇਘਾਲਿਆ ਸੂਬੇ ਦੀਆਂ ਗਾਰੋ ਪਹਾੜੀਆਂ ਵਿਚ ਆਪਣੇ ਪਤੀ ਜੇਮਜ਼ ਮੋਮਿਨ ਦੀ ਸਹਾਇਤਾ ਨਾਲ਼ ਇਕ ਲਾਇਬ੍ਰੇਰੀ ਬਣਵਾਈ ਹੈ, ਜਿਸ ਵਿਚ ਉਸ ਨੇ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਦੇ ਪ੍ਰਬੰਧ ਕੀਤੇ ਹਨ। ਗਾਰੋ ਪਹਾੜੀਆਂ ਦੇ ਵਿਚਾਲ਼ੇ ਸਥਾਪਤ ਕੀਤੀ ਹੋਈ ਇਸ ਲਾਇਬ੍ਰੇਰੀ ਨੂੰ 'ਦ ਹੰਡਰਡ ਸਟੋਰੀ ਹਾਊਸ' ਕਿਹਾ ਜਾਂਦਾ ਹੈ। ਇੱਥੇ ਆਉਣ ਵਾਲ਼ੇ ਬਹੁਤੇ ਲੋਕਾਂ ਵਿਚ ਵੱਡੀ ਗਿਣਤੀ ਵਿਚ 5 ਤੋਂ 15 ਸਾਲਾਂ ਦੀ ਉਮਰ ਦੇ ਬੱਚੇ ਹੀ ਹੁੰਦੇ ਹਨ। ਇਹ ਲਾਇਬ੍ਰੇਰੀ, ਪੂਰਬੀ ਮੇਘਾਲਿਆ ਦੇ ਟੂਰਾ ਦਿਹਾਤੀ ਇਲਾਕੇ ਵਿਚ ਪੈਂਦੀ ਹੈ।
ਇੱਥੇ ਇਹ ਦੱਸਣਾ ਵੀ ਠੀਕ ਰਹੇਗਾ ਕਿ 'ਗਾਰੋ ਪਹਾੜੀਆਂ', ਭਾਰਤ-ਬੰਗਲਾਦੇਸ਼ ਸਰਹੱਦ ਤੋਂ ਤਕਰੀਬਨ ਅੱਠ ਘੰਟੇ ਦੇ ਸੜਕੀ ਸਫ਼ਰ ਜਿੰਨੇ ਫਾਸਲੇ 'ਤੇ ਸਥਿਤ ਹਨ। ਇਹ ਪਹਾੜੀਆਂ ਬਾਗ਼ੀ ਗਾਰੋ ਕਬਾਇਲੀਆਂ ਦੀਆਂ ਬਾਗ਼ੀਆਨਾ ਵਾਰਦਾਤਾਂ ਦਾ ਕੇਂਦਰ ਹਨ। ਗਾਰੋ ਕਬਾਇਲੀ, ਆਪਣੀ ਵੱਖਰੇ ਇਲਾਕੇ ਖ਼ਾਤਰ ਭਾਰਤ ਸਰਕਾਰ ਨਾਲ਼ ਲੜਦੇ ਰਹਿੰਦੇ ਹਨ। ਇਸ ਇਲਾਕੇ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ ਕਿਉਂ ਕਿ ਉਨ੍ਹਾਂ ਨੂੰ ਆਪਣੇ ਬੱਚੇ ਅਗਵਾ ਕੀਤੇ ਜਾਣ ਦਾ ਖ਼ਦਸ਼ਾ ਰਹਿੰਦਾ ਹੈ।
ਗੜਬੜ ਦੇ ਸ਼ਿਕਾਰ ਇਸ ਇਲਾਕੇ ਦੇ ਬੱਚਿਆਂ ਨੂੰ ਵਿੱਦਿਆ ਦੇ ਚਾਨਣ ਤੋਂ ਵਾਂਝੇ ਨਾ ਰਹਿਣ ਦੇਣ ਲਈ ਅਧਿਆਪਕ ਜੋੜੀ ਜਮੀਮਾ ਮਾਰਾਕ ਅਤੇ ਜੇਮਜ਼ ਮੋਮਿਨ ਨੇ ਆਪਣੇ ਘਰ 'ਦ ਹੰਡਰਡ ਸਟੋਰੀ ਹਾਊਸ' ਦੀ ਸਿਖ਼ਰਲੀ ਮੰਜ਼ਿਲ ਉੱਤੇ ਇਕ ਰਮਣੀਕ ਜਿਹੀ ਲਾਇਬ੍ਰੇਰੀ ਬਣਾ ਦਿੱਤੀ ਹੈ। ਇਹ ਇਕ ਲਾਇਬ੍ਰੇਰੀ ਹੀ ਨਹੀਂ ਹੈ, ਬੱਚਿਆਂ ਲਈ ਇਕ ਵੱਖਰਾ ਹੀ ਸੰਸਾਰ ਵੀ ਹੈ।
ਜਮੀਮਾ, ਜੋ ਇਕ ਸਿਖਲਾਈਯਾਫ਼ਤਾ ਅਧਿਆਪਕਾ ਅਤੇ ਤਸਦੀਕਸ਼ੁਦਾ ਕੈਰੀਅਰ ਕੌਂਸਲਰ ਹੈ, ਨੇ ਬੱਚੇ ਪੜ੍ਹਾਉਣ ਦਾ ਕੰਮ 2006 ਵਿਚ ਸ਼ੁਰੂ ਕੀਤਾ ਸੀ। ਉਦੋਂ ਤੋਂ ਉਹ, ਅੰਗਰੇਜ਼ੀ ਦੀ ਅਧਿਆਪਕਾ ਹੋਣ ਦੇ ਨਾਤੇ ਬੱਚਿਆਂ ਨੂੰ ਮੁੱਢਲੀ ਵਿਆਕਰਣ ਸਿਖਾਉਣ ਦੇ ਹੀਲੇ ਕਰ-ਕਰ ਕੇ ਨਿਰਾਸ਼ ਹੋ ਚੁੱਕੀ ਸੀ। ਜਮੀਮਾ ਦੱਸਦੀ ਹੈ, "ਉਸ ਕੋਲੋਂ ਪੜ੍ਹਦੇ ਬੱਚਿਆਂ ਨੂੰ ਚੱਜ ਨਾਲ਼ ਪੜ੍ਹਨਾ ਵੀ ਨਹੀਂ ਆਉਂਦਾ ਹੁੰਦਾ ਸੀ।"
ਉਦੋਂ ਉਸ ਨੇ ਦੇਖਿਆ ਕਿ ਉਸ ਇਲਾਕੇ ਦੇ ਬਹੁਤ ਹੀ ਥੋੜ੍ਹੇ ਜਿਹੇ ਬੱਚੇ ਸਨ, ਜਿਹੜੇ ਮਾੜਾ-ਮੋਟਾ ਪੜ੍ਹ ਸਕਦੇ ਸਨ। ਉਨ੍ਹਾਂ ਦਿਨਾਂ ਦਾ ਚੇਤਾ ਕਰਦੀ ਜਮੀਮਾ ਕਹਿੰਦੀ ਹੈ, "ਉਸ ਵੇਲ਼ੇ ਇਸ ਸ਼ਹਿਰ ਵਿਚ ਚੰਗੀਆਂ ਲਾਇਬ੍ਰੇਰੀਆਂ ਵੀ ਨਹੀਂ ਸਨ। ਸਥਾਨਕ ਸਕੂਲਾਂ ਅੰਦਰਲੀਆਂ ਲਾਇਬ੍ਰੇਰੀਆਂ ਦਾ ਵੀ ਬੁਰਾ ਹਾਲ ਸੀ। ਜੇ ਤੁਸੀਂ ਕਿਸੇ ਲਾਇਬ੍ਰੇਰੀ ਵਿਚ ਜਾ ਹੀ ਵੜੋਂ ਤਾਂ ਉੱਥੇ ਬਾਬੇ ਆਦਮ ਦੇ ਵੇਲ਼ੇ ਦੀਆਂ ਕਿਤਾਬਾਂ ਪਈਆਂ ਲੱਭਦੀਆਂ। ਉਹ ਕਿਤਾਬਾਂ ਵੇਲ਼ਾ ਵਿਹਾਅ ਚੁੱਕੀਆਂ ਹੁੰਦੀਆਂ ਸਨ। ਬੱਚਿਆਂ ਦੀਆਂ ਕਿਤਾਬਾਂ ਦੇ ਸੈਕਸ਼ਨਾਂ ਵਿਚ ਪਈਆਂ ਉਹ ਕਿਤਾਬਾਂ ਕਿਤੇ 1970-80 ਦੀਆਂ ਛਪੀਆਂ ਹੁੰਦੀਆਂ ਸਨ।"
ਉਹ ਦੱਸਦੀ ਹੈ, "ਸਥਾਨਕ ਮਾਰਕੀਟ ਵਿਚੋਂ ਸਾਨੂੰ ਚੰਗੇ 'ਕਾਮਿਕਸ' ਨਹੀਂ ਮਿਲਦੇ ਸਨ। ਮੈਂ ਤੇ ਮੇਰੇ ਪਤੀ ਨੇ ਸੋਚ-ਵਿਚਾਰ ਕੇ ਫੈਸਲਾ ਕੀਤਾ ਕਿ ਅਸੀਂ ਆਪਣੇ ਭਤੀਜਿਆਂ ਅਤੇ ਭਤੀਜੀਆਂ ਨੂੰ ਉਨ੍ਹਾਂ ਦੇ ਜਨਮ ਦਿਨਾਂ ਮੌਕੇ ਕਿਤਾਬਾਂ ਹੀ ਤੁਹਫ਼ਿਆਂ ਵਜੋਂ ਦਿਆ ਕਰਾਂਗੇ, ਪਰ ਸਾਨੂੰ ਤੁਹਫ਼ਿਆਂ ਵਜੋਂ ਦੇਣ ਲਈ, ਬੱਚਿਆਂ ਵਾਲ਼ੀਆਂ ਚੰਗੀਆਂ ਕਿਤਾਬਾਂ ਹੀ ਨਹੀਂ ਲੱਭਦੀਆਂ ਸਨ। ਕਿਤਾਬਾਂ ਵੇਚਣ ਵਾਲ਼ਿਆਂ ਲਈ 'ਏਨਿਡ ਬਲਾਈਟਨ' ਇਕ ਬਹੁਤ ਹੀ ਓਪਰਾ ਜਿਹਾ ਨਾਂ ਸੀ।"
ਜਮੀਮਾ ਹੀ ਦੱਸਦੀ ਹੈ ਕਿ ਗਾਰੋ ਪਹਾੜੀਆਂ ਵਿਚ ਬਹੁਤੇ ਬੱਚੇ ਕਬਾਇਲੀ ਪਰਿਵਾਰਾਂ ਦੇ ਹਨ। ਉਸ ਦਾ ਕਹਿਣ ਹੈ, "ਕੁੱਝ ਬੱਚੇ ਅਸਾਮ ਅਤੇ ਬੰਗਾਲ ਦੇ ਵੀ ਹਨ। ਅੰਗਰੇਜ਼ੀ ਉਨ੍ਹਾਂ ਦੀ ਪਹਿਲੀ ਭਾਸ਼ਾ ਨਹੀਂ ਹੈ।" ਉਹ ਦੱਸਦੀ ਹੈ ਇਕ ਤਾਂ ਉਹ, ਓਦਾਂ ਹੀ ਬਹੁਤ ਸ਼ਰਮਾਕਲ ਹਨ, ਅੰਗਰੇਜ਼ੀ ਬੋਲਣ ਵੇਲ਼ੇ ਤਾਂ ਉਹ ਬਹੁਤੇ ਹੀ ਸੰਗਦੇ ਹਨ। ਓਦਾਂ ਇੱਧਰ ਦੋ-ਤਿੰਨ ਚੰਗੇ ਸਕੂਲ ਵੀ ਹੈਗੇ ਆ, ਜਿਨ੍ਹਾਂ ਵਿਚ ਚੰਗੀ ਅੰਗਰੇਜ਼ੀ ਬੋਲਣ ਵੱਲ ਬਹੁਤਾ ਧਿਆਨ ਦਿੱਤਾ ਜਾਂਦਾ ਹੈ। ਸਥਾਨਕ ਸਕੂਲਾਂ ਵਿਚ ਅੰਗਰੇਜ਼ੀ ਸਿਖਾਉਣ ਲਈ ਸਥਾਨਕ ਭਾਸ਼ਾ ਦਾ ਸਹਾਰਾ ਹੀ ਲਿਆ ਜਾਂਦਾ ਹੈ।
ਜਮੀਮਾ ਦਾ ਕਹਿਣ ਹੈ, "ਅਧਿਆਪਕ, ਅੰਗਰੇਜ਼ੀ ਦਾ ਇਕ ਫ਼ਿਕਰਾ ਬੋਲ ਕੇ ਉਸ ਦੀ ਵਿਆਖਿਆ ਗਾਰੋ ਭਾਸ਼ਾ ਵਿਚ ਕਰਦਾ ਹੈ। ਇਸੇ ਕਾਰਨ ਹੀ ਪੜ੍ਹਾਈ ਵਿਚ ਸੁਧਾਰ ਹੋਣ ਦੀ ਗੁੰਜਾਇਸ਼ ਨਹੀਂ ਹੈ। ਸੋ ਪੜ੍ਹਾਈ-ਲਿਖਾਈ ਦੀ ਇਹ ਹਾਲਤ ਹੈ। ਇਸੇ ਹੀ ਵਜ੍ਹਾ ਨਾਲ਼ ਅੰਗਰੇਜ਼ੀ ਬੋਲਣੀ ਅਸੰਭਵ ਤੋਂ ਵੀ ਅਗਲੀ ਗੱਲ ਹੋ ਜਾਂਦੀ ਹੈ।" ਜਮੀਮਾ ਦੇ ਕਿਤਾਬਾਂ ਪੜ੍ਹਨ ਦੇ ਸ਼ੌਕ ਅਤੇ ਮੋਹ ਨੇ ਉਛਾਲ਼ਾ ਮਾਰਿਆ ਤੇ ਉਸ ਨੇ ਪਿਛਲੇ ਸਾਲ (2016), 23 ਅਪ੍ਰੈਲ ਨੂੰ ਇਹ ਲਾਇਬ੍ਰੇਰੀ ਖੋਲ੍ਹ ਦਿੱਤੀ। ਉਸ ਨੇ ਇਸ ਲਾਇਬ੍ਰੇਰੀ ਦਾ ਨਾਂ 'ਦ ਹੰਡਰਡ ਸਟੋਰੀ ਹਾਊਸ' ਰੱਖਿਆ ਹੈ ਤੇ ਇਸ ਨਾਂ ਵਿਚ 'ਸਟੋਰੀ' ਦੇ ਸ਼ਬਦ-ਜੋੜ Storey (ਮੰਜ਼ਿਲ) ਵਾਂਗ ਨਹੀਂ, ਸਗੋਂ Story (ਕਹਾਣੀ) ਵਾਂਗ ਹਨ।
ਜਮੀਮਾ ਦਾ ਕਹਿਣ ਹੈ, "ਮੈਂ ਚਾਹੁੰਦੀ ਹਾਂ ਕਿ ਇੱਥੋਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਬਣਨ…ਜ਼ਰੂਰੀ ਨਹੀਂ ਕਿ ਉਹ ਕਹਾਣੀਆਂ ਕਿਤਾਬੀ ਹੀ ਹੋਣ। ਇਹ ਕਹਾਣੀਆਂ, ਸੰਗੀਤ ਰਾਹੀਂ, ਚਿੱਤਰਕਲਾ ਰਾਹੀਂ ਅਤੇ ਹੋਰ ਕਲਾਵਾਂ ਰਾਹੀਂ ਵੀ ਸੁਣਾਈਆਂ ਜਾ ਸਕਦੀਆਂ ਹਨ। ਇਸ ਦੀਆਂ ਕੁੱਝ ਨਿੱਜੀ ਕਹਾਣੀਆਂ ਵੀ ਬਣ ਸਕਦੀਆਂ ਹਨ ਕਿਉਂ ਕਿ ਅਸੀਂ ਇਸ ਥਾਂ ਨੂੰ 'ਕੌਂਸਲਿੰਗ ਸੈਂਟਰ' ਵਜੋਂ ਵੀ ਵਰਤਦੇ ਹਾਂ। ਸੋ ਇਹ ਥਾਂ, ਸੁਣਾਈਆਂ, ਸੁਣੀਆਂ ਅਤੇ ਅੱਗੇ ਵੰਡੀਆਂ ਜਾਣ ਵਾਲ਼ੀਆਂ ਕਹਾਣੀਆਂ ਨਾਲ਼ ਭਰੀ ਪਈ ਹੈ।"
ਜਮੀਮਾ ਦੇ ਮਾਪੇ ਵੀ ਅਧਿਆਪਕ ਰਹੇ ਹਨ ਤੇ ਉਨ੍ਹਾਂ ਨੇ 8 ਸਾਲ ਪੁਣੇ ਦੇ ਇਕ ਸਕੂਲ ਵਿਚ ਪੜ੍ਹਾਇਆ ਹੋਇਆ ਹੈ। ਜਮੀਮਾ ਨੇ ਪਹਿਲਾਂ ਪੁਣੇ ਦੇ ਇਕ ਸਕੂਲ ਵਿਚ, ਫਿਰ ਤਾਮਿਲਨਾਡੂ ਦੇ ਇਕ ਬੋਰਡਿੰਗ ਸਕੂਲ ਵਿਚ ਪੜ੍ਹਾਈ ਕੀਤੀ ਹੋਈ ਹੈ। ਫਿਰ ਉਨ੍ਹਾਂ ਦੇ ਪਰਿਵਾਰ ਨੇ ਗਾਰੋ ਪਹਾੜੀ ਇਲਾਕੇ ਵਿਚ ਵਸਣ ਦਾ ਫੈਸਲਾ ਕਰ ਲਿਆ। ਉਹ ਦੱਸਦੀ ਹੈ, "ਫਿਰ ਅਸੀਂ ਮਹਿਸੂਸ ਕੀਤਾ ਕਿ ਅਸੀਂ ਆਪਣੇ ਸੂਬੇ ਵਿਚ, ਸਿੱਖਿਆ ਸਬੰਧੀ ਆਪਣਾ ਅਨੁਭਵ ਵੰਡ ਸਕਦੇ ਹਾਂ ਤੇ ਕੁੱਝ ਭਲਾ ਕਰ ਸਕਦੇ ਹਾਂ।"
ਇਹ ਲਾਇਬ੍ਰੇਰੀ ਸਥਾਪਤ ਕਰਨ ਦੇ ਰਾਹ ਵਿਚ ਕਈ ਰੁਕਾਵਟਾਂ ਵੀ ਪਈਆਂ, ਪਰ ਜਮੀਮਾ ਤੇ ਜੇਮਜ਼ ਅਡੋਲ ਰਹੇ। ਉਨ੍ਹਾਂ ਕੋਲ ਲਾਇਬ੍ਰੇਰੀ ਲਈ ਲੋੜੀਂਦੀ ਜ਼ਮੀਨ ਨਹੀਂ ਸੀ। ਜਮੀਮਾ ਅਤੇ ਉਸ ਦਾ ਪਤੀ ਜੇਮਜ਼ ਦੋਵੇਂ ਹੀ ਅਧਿਆਪਕ ਰਹੇ ਹਨ। ਜੇਮਜ਼ ਹਿਸਾਬ ਅਤੇ ਵਿਗਿਆਨ ਦਾ ਅਧਿਆਪਕ ਹੈ। aਨ੍ਹਾਂ ਕੋਲ ਕੋਈ ਥਾਂ ਕਿਰਾਏ 'ਤੇ ਲੈਣ ਜੋਗੀ ਸਮਰੱਥਾ ਨਹੀਂ ਸੀ। ਫਿਰ ਉਨ੍ਹਾਂ ਨੇ ਆਪਣੇ ਘਰ ਦੀ ਛੱਤ ਸੁਆਰ ਕੇ ਉਸ ਉੱਤੇ ਕੁੱਝ ਰੱਦੋ-ਬਦਲਾਂ ਕੀਤੀਆਂ ਤੇ ਉੱਥੇ ਲਾਇਬ੍ਰੇਰੀ ਬਣਾ ਦਿੱਤੀ। ਇਹ ਯੋਜਨਾ ਸਿਰੇ ਚੜ੍ਹਾਉਣ ਲਈ ਉਨ੍ਹਾਂ ਨੇ ਕਰਜ਼ਾ ਵੀ ਲਿਆ। ਉਹ, ਹਰ ਮਹੀਨੇ ਆਪਣੀਆਂ ਤਨਖ਼ਾਹਾਂ ਵਿਚੋਂ ਕੁੱਝ ਰਕਮ ਕੱਢ ਕੇ ਇਸ ਲਾਇਬ੍ਰੇਰੀ ਵਿਚ ਲਾਉਂਦੇ ਰਹੇ। ਇਹ ਲਾਇਬ੍ਰੇਰੀ ਚਾਲੂ ਹੋਣ ਵਿਚ ਚਾਰ ਮਹੀਨੇ ਲੱਗ ਗਏ।
ਲਾਇਬ੍ਰੇਰੀ ਚਾਲੂ ਹੋਣ ਤੋਂ ਇਕ ਸਾਲ ਮਗਰੋਂ ਜਮੀਮਾ ਦੇ ਆਤਮਵਿਸ਼ਵਾਸ ਨੇ ਉਛਾਲ਼ਾ ਮਾਰਿਆ ਤੇ ਉਸ ਨੇ ਸਕੂਲ ਦੀ ਨੌਕਰੀ ਛੱਡ ਦਿੱਤੀ। ਉਹ ਆਪਣਾ ਸਾਰਾ ਸਮਾਂ ਲਾਇਬ੍ਰੇਰੀ ਵੱਲ ਲਾਉਣ ਲੱਗ ਪਈ। ਹੁਣ ਇਸ ਲਾਇਬ੍ਰੇਰੀ ਵਿਚ 65 ਵਿਦਿਆਰਥੀਆਂ ਨੇ ਆਪਣੇ ਨਾਂ ਲੁਆ ਲਏ ਹਨ ਅਤੇ 15-20 ਵਿਦਿਆਰਥੀ ਨਿਯਮਤ ਰੂਪ ਵਿਚ ਇੱਥੇ ਹਾਜ਼ਰੀ ਭਰਦੇ ਹਨ।
ਗੜਬੜ ਦੇ ਸ਼ਿਕਾਰ ਰਹਿੰਦੇ ਇਸ ਇਲਾਕੇ ਵਿਚ ਵਿੱਦਿਆ ਦੀ ਜੋਤ ਜਗਾਈ ਬੈਠੀ ਜਮੀਮਾ ਦਾ ਕਹਿਣ ਹੈ, "ਇਕ ਅਧਿਆਪਕਾ ਦੇ ਤੌਰ 'ਤੇ ਮੈਨੂੰ ਯਕੀਨ ਹੈ ਕਿ ਪੜ੍ਹਨ ਦੀ ਆਦਤ, ਡਿੱਗ ਰਹੇ ਅਕਾਦਮਿਕ ਮਿਆਰ ਵਿਚ ਸੁਧਾਰ ਕਰੇਗੀ। ਇਸ ਆਦਤ ਨਾਲ਼ ਬੱਚਿਆਂ ਦੇ ਮਨਾਂ ਅੰਦਰ ਹਾਂ-ਪੱਖੀ ਸੋਚ ਨੂੰ ਉਤਸ਼ਾਹ ਮਿਲੇਗਾ। ਬਾਅਦ ਵਿਚ ਇਹ ਬੱਚੇ, ਜੁਆਨ ਹੋ ਕੇ ਜਹਾਨ ਦੇ ਇਸ ਹਿੱਸੇ ਵਿਚ ਚੰਗੀਆਂ ਸਰਗ਼ਰਮੀਆਂ ਕਰਦਿਆਂ ਅਮਨ ਦੇ ਅਲੰਬਰਦਾਰ ਬਣਨਗੇ।"
ਇਸ ਲਾਇਬ੍ਰੇਰੀ ਵਿਚ ਪੜ੍ਹਨ ਲਈ ਬੱਚਿਆਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਪੈਂਦਾ। ਜੇ ਉਨ੍ਹਾਂ ਨੇ ਕਿਤਾਬਾਂ ਕਢਾ ਕੇ ਘਰ ਲਿਜਾਣੀਆਂ ਹੋਣ ਤਾਂ ਉਨ੍ਹਾਂ ਨੂੰ ਉਮਰ ਭਰ ਲਈ ਮੈਂਬਰ ਬਣੇ ਰਹਿਣ ਖ਼ਾਤਰ ਇਕ ਵਾਰ 200 ਰੁਪਏ ਦੇਣੇ ਪੈਂਦੇ ਹਨ। ਹਰ ਸਨਿੱਚਰਵਾਰ ਬੱਚਿਆਂ ਨੂੰ ਬਿਸਕੁਟ ਅਤੇ ਰਸ ਛਕਾਇਆ ਜਾਂਦਾ ਹੈ। ਜਮੀਮਾ ਦੱਸਦੀ ਹੈ, "ਜਦੋਂ ਮਾਪੇ ਆਪਣੇ ਕੱਪੜੇ ਧੋਣ ਲਈ ਦਰਿਆ 'ਤੇ ਜਾਂਦੇ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਘਰ ਛੱਡ ਜਾਂਦੇ ਹਨ। ਜਦੋਂ ਉਹ ਬੱਚੇ ਇੱਥੇ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਉਹ ਥਾਂ ਹੈ, ਜਿੱਥੇ ਉਹ ਆਪਣੇ-ਆਪ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਜਿੱਥੇ ਦਿਨ ਵਧੀਆ ਲੰਘਦਾ ਹੈ। ਸਾਡੇ ਕੋਲ ਜਿੰਨੇ ਕੁ ਪੈਸੇ ਹੋਣ, ਉਨ੍ਹਾਂ ਦੇ ਹਿਸਾਬ ਨਾਲ਼ ਅਸੀਂ ਉਨ੍ਹਾਂ ਨੂੰ ਕੁੱਝ ਨਾ ਕੁੱਝ ਖੁਆ ਦਿੰਦੇ ਹਾਂ।" ਜਮੀਮਾ ਨੇ ਆਪਣੇ ਦੋਸਤਾਂ ਅਤੇ ਹੋਰ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੇ ਪੜ੍ਹਨ ਵਾਲ਼ੀਆਂ ਕਿਤਾਬਾਂ ਇਸ ਲਾਇਬ੍ਰੇਰੀ ਨੂੰ ਦਾਨ ਕਰਨ। ਹੁਣ ਇਸ ਲਾਇਬ੍ਰੇਰੀ ਵਿਚ 800 ਦੇ ਕਰੀਬ ਕਿਤਾਬਾਂ ਹਨ।
ਇਸ ਲਾਇਬ੍ਰੇਰੀ ਵਿਚ ਬੱਚੇ ਪੜ੍ਹਨ ਤਕ ਹੀ ਸੀਮਤ ਨਹੀਂ ਰਹਿੰਦੇ। ਉਹ ਹੋਰ ਕਈ ਸਰਗ਼ਰਮੀਆਂ ਵੀ ਕਰਦੇ ਹਨ, ਜਿੱਦਾਂ ਕਹਾਣੀਆਂ ਸੁਣਾਉਣਾ, ਵਿਅਕਤੀਤਵ ਦੇ ਵਿਕਾਸ ਲਈ ਤੇ ਸੰਚਾਰ ਸਬੰਧੀ ਹੁਨਰ ਸਿੱਖਣ ਦੇ ਨਾਲ਼-ਨਾਲ਼ ਜ਼ਿੰਦਗ਼ੀ ਵਿਚ ਕੁੱਝ ਬਣਨ ਸਬੰਧੀ ਸਲਾਹ-ਮਸ਼ਵਰੇ ਕਰਨ ਖ਼ਾਤਰ ਵਰਕਸ਼ਾਪਾਂ ਲਾਉਣਾ। ਜਮੀਮਾ ਦਾ ਕਹਿਣ ਹੈ, "ਬਹੁਤੇ ਬੱਚਿਆਂ ਨੂੰ ਕੁਦਰਤੀ ਹੀ ਪੜ੍ਹਨ ਦੀ ਆਦਤ ਨਹੀਂ ਹੁੰਦੀ। ਉਨ੍ਹਾਂ ਨੂੰ 'ਡਿਜੀਟਲ' ਢੰਗਾਂ ਨਾਲ਼ ਜੋੜਿਆ ਜਾਂਦਾ ਹੈ। ਇਨ੍ਹਾਂ ਢੰਗਾਂ ਨਾਲ਼ ਜੁੜ ਕੇ ਉਹ ਨਿਯਮਤ ਪਾਠਕ ਬਣ ਜਾਂਦੇ ਹਨ। ਫਿਰ ਅਜਿਹੇ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਵਿਚ ਦਿਲਚਸਪੀ ਲੈਣ ਲੱਗ ਪੈਂਦੇ ਹਨ। ਜਿਹੜੇ ਬੱਚੇ ਕਿਸੇ ਖ਼ਾਸ ਲੜੀ ਵਿਚ ਦਿਲਚਸਪੀ ਲੈਣ ਲੱਗਦੇ ਹਨ, ਉਨ੍ਹਾਂ ਦੇ ਮਾਪੇ ਸਾਨੂੰ ਕੁੱਝ ਰਕਮ ਦੇ ਕੇ ਉਸ ਲੜੀ ਦੀਆਂ ਹੋਰ ਕਿਤਾਬਾਂ ਮੰਗਵਾਉਣ ਲਈ ਕਹਿ ਦਿੰਦੇ ਹਨ।"
ਅਧਿਆਪਕ ਵਜੋਂ ਬੱਝਵੀ ਤਨਖ਼ਾਹ ਵਾਲ਼ੀ ਨੌਕਰੀ ਛੱਡ ਕੇ, ਕਿਤਾਬਾਂ ਦੀ ਇਹ ਬਗੀਚੀ ਲਗਾਉਣ ਲਈ ਜਮੀਮਾ ਨੂੰ ਕਦੇ ਵੀ ਕੋਈ ਪਛਤਾਵਾ ਨਹੀਂ ਹੋਇਆ। ਸਾਨੂੰ ਜਮੀਮਾ ਅਤੇ ਜੇਮਜ਼ ਦੇ ਇਸ ਉੱਦਮ ਤੋਂ ਕੋਈ ਪ੍ਰ੍ਰੇਰਨਾ ਤਾਂ ਲੈਣੀ ਬਣਦੀ ਹੀ ਹੈ। ਕਿ ਨਹੀਂ?#
