'ਸੱਚਾ ਸੌਦਾ' ਡੇਰੇ ਦੇ 'ਝੂਠੇ ਮੁਖੀ' ਦਾ 'ਪੂਰਾ ਸੱਚ' ਬੇਨਕਾਬ
******************************
ਕੋਈ ਪੰਦਰਾਂ ਕੁ ਸਾਲ ਪਹਿਲਾਂ, ਆਪਣੇ-ਆਪ ਨੂੰ ਰੱਬ ਦੱਸਦੇ ਇਕ ਵਿਅਕਤੀ ਨੇ ਆਪਣੀਆਂ ਦੋ ਚੇਲੀਆਂ ਨੂੰ ਆਪਣੀ 'ਗੁਫ਼ਾ' ਅੰਦਰ ਸੱਦ ਕੇ ਨਾ ਸਿਰਫ਼ ਉਨ੍ਹਾਂ ਦੀ ਪੱਤ ਲੁੱਟੀ ਸੀ, ਸਗੋਂ ਉਨ੍ਹਾਂ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਉਸ ਗੁਫ਼ਾ ਤੋਂ ਬਾਹਰ ਜਾ ਕੇ, ਇਸ ਘਟਨਾ ਬਾਰੇ ਕਿਸੇ ਨੂੰ ਕੁੱਝ ਦੱਸਿਆ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਮੰਦੀ ਘਟਨਾ ਤੋਂ ਬਾਅਦ ਉਹ 'ਰੱਬ' ਬੇਖ਼ੌਫ਼ ਦਨਦਨਉਂਦਾ ਰਿਹਾ ਤੇ ਮੁਲਕ ਅਤੇ ਸੂਬਿਆਂ ਦੇ ਹਾਕਮ ਤੇ ਹੁਕਮਰਾਨ ਉਸ ਦਾ ਪਾਣੀ ਭਰਦੇ ਰਹੇ। 'ਗੁਰਮੀਤ ਰਾਮ ਰਹੀਮ ਸਿੰਘ' ਕਹਾਉਂਦੇ ਇਸ ਰੱਬ ਨੇ ਆਪਣੀ 'ਦੈਵੀ ਤਾਕਤ' ਨਾਲ਼ 15 ਸਾਲ ਇਨਸਾਫ਼ ਦੀ ਪੇਸ਼ ਨਾ ਜਾਣ ਦਿੱਤੀ। ਇਸ 'ਰੱਬ' ਨੇ ਆਪਣੀਆਂ ਇਨ੍ਹਾਂ ਚੇਲੀਆਂ ਦੀ ਪਾਣ-ਪੱਤ ਸਿਰਸਾ ਵਿਖੇ 'ਡੇਰਾ ਸੱਚਾ ਸੌਦਾ' ਵਿਚ ਲੁੱਟੀ ਸੀ।
ਇਸ ਕੋਲੋਂ ਆਪਣੀ ਇੱਜ਼ਤ ਲੁਟਾ ਬੈਠਣ ਵਾਲ਼ੀਆਂ ਇਹ ਦੋ ਬੀਬੀਆਂ ਹੀ ਹੋਣ, ਅਜਿਹੀ ਗੱਲ ਨਹੀਂ ਹੈ। ਇਹੋ ਜਿਹੀਆਂ ਬੀਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਇਸ ਸਬੰਧ ਵਿਚ ਇਨਸਾਫ਼ ਦੀ ਲੜਾਈ ਲੜਨ ਵਾਲ਼ੀਆਂ ਦੋ ਹੀ ਹਨ। ਇਸ ਡੇਰੇ ਵਿਚ ਰਹਿ ਕੇ ਆਪਣੇ 'ਇਸ਼ਟ' ਦੇ ਹੁਕਮਾਂ ਮੁਤਾਬਕ ਸੇਵਾ ਕਰਦੀਆਂ ਇਨ੍ਹਾਂ 'ਸੇਵਾਦਾਰਨੀਆਂ' ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਖ਼ਿਲਾਫ਼ ਇਕ ਕੇਸ, 2002 ਵਿਚ ਦਰਜ ਕਰਾਇਆ ਸੀ। ਇਹ ਕੇਸ ਪਹਿਲਾਂ ਤਾਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਿਚਾਰ ਗੋਚਰੇ ਕੀਤਾ ਗਿਆ, ਪਰ ਬਾਅਦ ਵਿਚ ਕੇਂਦਰੀ ਜਾਂਚ ਬਿਊਰੋ ਯਾਨੀ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ।ਇਸ ਤਫ਼ਤੀਸ਼ੀ ਏਜੰਸੀ ਨੇ ਲੰਬੀ-ਚੌੜੀ ਜਾਂਚ ਕਰਨ ਮਗਰੋਂ ਮੁਲਜ਼ਮ ਦੇ ਖ਼ਿਲਾਫ਼ ਨਾ ਸਿਰਫ਼ ਠੋਸ ਸਬੂਤ ਇਕੱਠੇ ਕੀਤੇ, ਸਗੋਂ ਆਪਣੀ ਜਾਨ ਬਚਾਉਂਦੀਆਂ ਲੁਕਦੀਆਂ ਫਿਰਦੀਆਂ ਉਹ ਸੇਵਾਦਾਰਨੀਆਂ ਵੀ ਲੱਭ ਲਈਆਂ। ਫਿਰ ਇਕ ਮੈਜਿਸਟਰੇਟ ਦੇ ਸਾਹਮਣੇ ਭਾਰਤੀ ਦੰਡਾਵਲੀ ਦੀ ਦਫ਼ਾ 164 ਅਧੀਨ, ਉਨ੍ਹਾਂ ਸੇਵਾਦਾਰਨੀਆਂ ਦੇ ਬਿਆਨ ਰਿਕਾਰਡ ਕੀਤੇ ਗਏ ਤਾਂ ਕਿ ਲੋੜ ਪੈਣ 'ਤੇ ਉਹ ਬਿਆਨ ਸਬੂਤ ਵਜੋਂ ਵਰਤੇ ਜਾ ਸਕਣ। ਕਿਸੇ ਵੇਲ਼ੇ ਇਸ 'ਰੱਬ ਜੀ' ਦੇ ਨੇੜ-ਸਹਿਯੋਗੀ ਅਤੇ ਡਰਾਈਵਰ ਰਹੇ ਖੱਟਾ ਸਿੰਘ ਨਾਂ ਦੇ ਇਕ ਵਿਅਕਤੀ ਨੂੰ 'ਡੇਰਾ ਸੱਚਾ ਸੌਦਾ' ਦੇ 'ਝੂਠੇ ਮੁਖੀ' ਗੁਰਮੀਤ ਰਾਮ ਰਹੀਮ ਸਿੰਘ ਦੇ ਖ਼ਿਲਾਫ਼ ਗਵਾਹ ਬਣਾਇਆ ਗਿਆ।
ਸ਼ਾਇਦ ਇਹ ਮਾਮਲਾ ਵੀ, ਪਹਿਲਾਂ ਦੇ ਮਾਮਲਿਆਂ ਵਾਂਗ ਦੱਬਿਆ ਹੀ ਰਹਿ ਜਾਂਦਾ, ਜੇ ਡੇਰੇ ਦੇ ਪੈਰੋਕਾਰਾਂ ਵੱਲੋਂ ਡੇਰੇ ਦੇ ਮੁਖੀ ਦੇ ਹੁਕਮ ਨਾਲ਼ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਨਾ ਕਰ ਦਿੱਤਾ ਹੁੰਦਾ। 2002 ਦੇ ਜੁਲਾਈ ਮਹੀਨੇ ਇਸ ਵਿਅਕਤੀ ਨੂੰ ਮਾਰ ਸੁੱਟੇ ਜਾਣ ਦੀ ਵਜ੍ਹਾ ਇਹ ਦੱਸੀ ਜਾਂਦੀ ਰਹੀ ਕਿ ਡੇਰੇ ਵਿਚ ਹੁੰਦੇ ਗ਼ਲਤ ਕੰਮਾਂ ਬਾਰੇ ਉਸ ਵੇਲ਼ੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਇਕ ਗੁਪਤ ਚਿੱਠੀ ਭੇਜਣ ਪਿੱਛੇ ਉਸ ਦਾ ਹੱਥ ਸੀ। ਉਸ ਚਿੱਠੀ ਵਿਚ, ਡੇਰੇ ਵਿਚ ਰਹਿੰਦੀਆਂ 'ਸੇਵਾਦਾਰਨੀਆਂ' ਦੀ ਇੱਜ਼ਤ ਨੂੰ ਡੇਰਾ ਮੁਖੀ ਵੱਲੋਂ ਹੱਥ ਪਾਉਣ ਦੇ ਦੋਸ਼ ਵੀ ਲਾਏ ਹੋਏ ਸਨ।
ਇਸ ਚਿੱਠੀ ਵਿਚ ਇਹ ਵੀ ਲਿਖਿਆ ਹੋਇਆ ਸੀ ਕਿ ਇਕ ਸੇਵਾਦਾਰਨੀ ਨੇ ਇਹ ਕਿਹਾ ਹੋਇਆ ਹੈ ਕਿ ਇਕ ਰਾਤ ਉਸ ਨੂੰ ਡੇਰੇ ਦੇ ਮੁਖੀ ਦੇ ਕਮਰੇ ਅੰਦਰ ਜਾਣ ਲਈ ਕਿਹਾ ਗਿਆ। ਇਸ ਚਿੱਠੀ ਵਿਚ ਹੀ ਦਰਜ ਕੀਤਾ ਹੋਇਆ ਸੀ ਕਿ ਜਦੋਂ ਉਹ ਸੇਵਾਦਾਰਨੀ, ਡੇਰਾ-ਮੁਖੀ ਦੇ ਕਮਰੇ ਵਿਚ ਗਈ ਤਾਂ ਉਹ ਆਪਣੇ ਬਿਸਤਰੇ ਉੱਤੇ ਬੈਠਾ ਹੋਇਆ ਸੀ ਤੇ ਟੀਵੀ ਉੱਤੇ ਇਕ ਅਸ਼ਲੀਲ ਫ਼ਿਲਮ ਚੱਲ ਰਹੀ ਸੀ। ਬਿਸਤਰੇ ਦੇ ਨਾਲ਼ ਹੀ ਇਕ ਰਿਵਾਲਵਰ ਪਿਆ ਸੀ। ਡੇਰੇ ਦੇ ਮੁਖੀ ਨੇ ਉਸ ਸੇਵਾਦਾਰਨੀ ਨਾਲ਼ ਜਿਸਮਾਨੀ ਧੱਕਾ ਕੀਤਾ ਤੇ ਇਹ ਸਿਲਸਿਲਾ ਅਗਲੇ ਤਿੰਨ ਸਾਲ ਜਾਰੀ ਰਿਹਾ। ਸੇਵਾਦਾਰਨੀ ਨੇ ਇਹ ਵੀ ਦੱਸਿਆ 30-35 ਹੋਰ ਔਰਤਾਂ ਵੀ ਇਸ ਧੱਕੇ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਸਨ।
ਲੰਘੀ 25 ਅਗੱਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਖ਼ਿਲਾਫ਼ ਹੁਕਮ ਦੀ ਤਾਰੀਖ਼ ਪੈਣ ਦੌਰਾਨ ਪੰਜਾਬ ਪੁਲਸ ਨੂੰ ਇਹ ਇਤਲਾਹਾਂ ਮਿਲਦੀਆਂ ਰਹੀਆਂ ਸਨ ਕਿ ਇਸ ਡੇਰੇ ਦੇ 'ਨਾਮ ਚਰਚਾ ਘਰਾਂ' ਵਿਚ ਪੈਟਰੋਲ, ਡੀਜ਼ਲ ਅਤੇ ਹਥਿਆਰ ਇਕੱਠੇ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਸਨ ਤਾਂ ਕਿ ਅਦਾਲਤ ਵੱਲੋਂ ਫੈਸਲਾ, ਡੇਰਾ ਮੁਖੀ ਦੇ ਖ਼ਿਲਾਫ਼ ਸੁਣਾਏ ਜਾਣ ਦੀ ਸੂਰਤ ਵਿਚ ਹਿੰਸਕ ਕਾਰਵਾਈਆਂ ਕੀਤੀਆਂ ਜਾ ਸਕਣ।ਇਕ ਆਮ ਆਦਮੀ ਵਿਰੁੱਧ ਸਬੂਤ ਇਕੱਠੇ ਕਰਨਾ ਹੀ ਕੋਈ ਸੌਖਾ ਕੰਮ ਨਹੀਂ ਹੁੰਦਾ, ਕਿਸੇ 'ਸ਼ਕਤੀਸ਼ਾਲੀ ਅਤੇ ਕਮੀਨੇ' ਅਤੇ 'ਰੱਬ ਸਦਾਉਂਦੇ' ਬੰਦੇ ਦੇ ਖ਼ਿਲਾਫ਼ ਸਬੂਤ ਇਕੱਠੇ ਕਰਨਾ ਤਾਂ ਹੋਰ ਵੀ ਔਖਾ ਹੁੰਦਾ ਹੈ ਕਿਉਂ ਕਿ ਉਹ ਆਪਣੀ ਤਾਕਤ, ਸਬੂਤ ਖ਼ੁਰਦ-ਬੁਰਦ ਕਰਨ ਵਿਚ ਹੀ ਲਗਾ ਸਕਦਾ ਹੈ। ਇਸ ਤਾਕਤਵਰ 'ਇਨਸਾਂ' ਨੇ ਵੀ ਆਪਣੇ ਖ਼ਿਲਾਫ਼ ਦਾਇਰ ਕੀਤੀ ਹੋਈ ਚਾਰਜ-ਸ਼ੀਟ ਵਿਚ ਅਦਲਾ-ਬਦਲੀਆਂ ਕਰਾਉਣ ਲਈ ਅੱਡੀਆਂ ਤਕ ਜ਼ੋਰ ਲਾਇਆ।
ਪੰਜਾਬ-ਹਰਿਆਣਾ ਹਾਈ ਕੋਰਟ ਨੇ ਉਸ ਅਗਿਆਤ ਚਿੱਠੀ ਦਾ ਨੋਟਿਸ ਲਿਆ, ਜਿਸ ਵਿਚ ਡੇਰਾ-ਮੁਖੀ ਵੱਲੋਂ ਸੇਵਾਦਾਰਨੀਆਂ ਨਾਲ਼ ਜਿਨਸੀ ਧੱਕਾ ਕੀਤੇ ਜਾਣ ਦੇ ਦੋਸ਼ ਲਗਾਏ ਹੋਏ ਸਨ। ਮਈ, 2002 ਵਿਚ ਹਾਈਕੋਰਟ ਨੇ ਇਸ ਚਿੱਠੀ ਦੇ ਆਧਾਰ 'ਤੇ ਜ਼ਿਲਾ ਸਿਰਸਾ ਦੇ ਜ਼ਿਲਾ ਤੇ ਸੈਸ਼ਨਜ਼ ਜੱਜ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰੇ। ਜੱਜ ਨੇ ਦੇਖਿਆ ਕਿ 'ਰੱਬ ਨਾਲ਼ ਮੱਥਾ ਲਾਉਣ ਲਈ' ਕੋਈ ਵੀ ਤਿਆਰ ਨਹੀਂ ਸੀ ਤੇ ਉਸ ਤੋਂ ਡਰਦਾ ਮਾਰਿਆ ਨਾ ਕੋਈ ਸੀ ਬੋਲਦਾ, ਨਾ ਹੀ ਕੁੰਡਾ ਖੋਲਦਾ। ਜੱਜ ਨੇ ਸਿਫ਼ਾਰਸ਼ ਕੀਤੀ ਕਿ ਜੇ ਕਿਸੇ ਕੇਂਦਰੀ ਤਫ਼ਤੀਸ਼ੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਤਾਂ ਕਾਫੀ ਕੁੱਝ ਬਾਹਰ ਆ ਸਕਦਾ ਹੈ। ਇਸ ਤਰ੍ਹਾਂ ਹਾਈ ਕੋਰਟ ਦੇ ਕਹਿਣ 'ਤੇ ਸੀ ਬੀ ਆਈ ਨੇ 12 ਦਸੰਬਰ, 2002 ਨੂੰ ਇਸ ਸਬੰਧ ਵਿਚ ਕੇਸ ਦਰਜ ਕਰ ਲਿਆ।
ਸੰਨ 2005 ਵਿਚ ਇਹ ਤਫ਼ਤੀਸ਼ੀ ਏਜੰਸੀ, ਡੇਰੇ ਵਿਚ ਰਹਿੰਦੇ ਲੋਕਾਂ ਦੀ ਇਕ ਸੂਚੀ ਹਾਸਲ ਕਰਨ ਵਿਚ ਕਾਮਯਾਬ ਹੋ ਗਈ, ਜਿਸ ਤੋਂ ਪਤਾ ਲੱਗਿਆ ਕਿ 53 ਸੇਵਾਦਾਰਨੀਆਂ, ਕੁੜੀਆਂ ਦੇ ਹੌਸਟਲ ਵਿਚ ਰਹਿੰਦੀਆਂ ਹਨ, 80 ਕੁੜੀਆਂ ਡੇਰਾ ਸੱਚਾ ਸੌਦਾ ਦੇ ਸਿਰਸਾ ਆਸ਼ਰਮ ਵਿਚ ਰਹਿੰਦੀਆਂ ਹਨ ਜਦੋਂ ਕਿ ੨੪ ਕੁੜੀਆਂ ਡੇਰਾ ਛੱਡ ਗਈਆਂ ਹਨ। ਸੀ ਬੀ ਆਈ ਨੇ 130 ਕੁੜੀਆਂ ਨਾਲ਼ ਸੰਪਰਕ ਕੀਤਾ, ਪਰ ਉਨ੍ਹਾਂ ਕੁੜੀਆਂ ਨੇ 'ਡਰ ਦੇ ਮਾਹੌਲ ਦੀ ਵਜ੍ਹਾ ਨਾਲ਼ ਅਤੇ ਬਾਬਾ ਗੁਰਮੀਤ ਸਿੰਘ ਦੇ ਜਿਸਮਾਨੀ, ਮਾਨਸਕ ਅਤੇ ਰੂਹਾਨੀ ਕਬਜ਼ੇ ਦੇ ਕਾਰਨ ਇਸ ਜਾਂਚ ਵਿਚ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ। 1997 ਅਤੇ 2002 ਦੇ ਵਿਚਾਲ਼ੇ ਡੇਰਾ ਛੱਡ ਚੁੱਕੀਆਂ 24 ਸੇਵਾਦਾਰਨੀਆਂ ਵਿਚੋਂ 20 ਜਣੀਆਂ ਲੱਭ ਲਈਆਂ ਗਈਆਂ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਦੇ ਵਿਆਹ ਹੋ ਚੁੱਕੇ ਸਨ ਤੇ ਉਹ ਮਾੜੇ ਨਤੀਜਿਆਂ ਦੇ ਡਰੋਂ ਸੱਚ ਬੋਲਣੋਂ ਜੁਆਬ ਦੇ ਗਈਆਂ।
ਸੀ ਬੀ ਆਈ ਨੇ ਆਸ਼ਰਮ ਛੱਡ ਗਈਆਂ 18 ਕੁੜੀਆਂ ਤੋਂ ਪੁੱਛ-ਪੜਤਾਲ ਕੀਤੀ। ਇਨ੍ਹਾਂ ਵਿਚੋਂ ਕੁੱਝ ਕੁੜੀਆਂ ਨੇ ਇਹ ਕਿਹਾ ਕਿ ਡੇਰੇ ਦਾ ਮੁਖੀ, ਉਸ ਦੀ ਮੈਨੇਜਮੈਂਟ ਅਤੇ ਪੈਰੋਕਾਰ 'ਬਹੁਤ ਹੀ ਖ਼ਤਰਨਾਕ ਲੋਕ' ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੇ ਉਨ੍ਹਾਂ ਬਾਰੇ ਕੁੱਝ ਵੀ ਦੱਸਿਆ ਤਾਂ ਉਹ, ਉਨ੍ਹਾਂ ਨੂੰ ਜਾਨੋਂ ਮਾਰ ਦੇਣਗੇ। 2006 ਦੇ ਮਈ ਅਤੇ ਜੁਲਾਈ ਮਹੀਨਿਆਂ ਵਿਚਾਲ਼ੇ ਸੀ ਬੀ ਆਈ ਨੇ ਉਨ੍ਹਾਂ ਕੁੜੀਆਂ ਵਿਚੋਂ ਦੋ ਜਣੀਆਂ ਨੂੰ ਸਾਰੀ ਜਾਣਕਾਰੀ ਉਗਲਣ ਲਈ ਰਾਜ਼ੀ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਡੇਰੇ ਦੇ ਕਮਰਿਆਂ ਵਿਚ ਕੀ-ਕੀ ਹੁੰਦਾ ਰਹਿੰਦਾ ਹੈ। ਇਨ੍ਹਾਂ ਕੁੜੀਆਂ ਵੱਲੋਂ ਦੱਸਣ ਮੁਤਾਬਕ, ਉੱਥੇ ਨਵਾਂ ਡੇਰਾ ਤੇ ਪੁਰਾਣਾ ਡੇਰਾ ਨਾਂ ਦੀਆਂ ਦੋ ਇਮਾਰਤਾਂ ਸਨ। ਇਕ ਡੇਰੇ ਵਿਚ ਡੇਰੇ ਦੇ ਮੁਖੀ ਦੀ ਵੱਖਰੀ ਰਿਹਾਇਸ਼ ਹੈ, ਜਿਸ ਨੂੰ 'ਗੁਫ਼ਾ' ਕਿਹਾ ਜਾਂਦਾ ਹੈ। ਪੁਰਾਣੇ ਡੇਰੇ ਵਿਚ 'ਗੁਫ਼ਾ' ਦੇ ਤਿੰਨ ਦਰਵਾਜ਼ੇ ਸਨ, ਜਿਨ੍ਹਾਂ ਵਿਚੋਂ ਦੋ ਦਰਵਾਜ਼ੇ ਗੁਫ਼ਾ ਵੱਲ ਖੁੱਲ੍ਹਦੇ ਸਨ ਜਦੋਂ ਕਿ ਤੀਜਾ ਦਰਵਾਜ਼ਾ ਕੁੜੀਆਂ ਦੇ ਹੌਸਟਲ ਵੱਲ ਖੁੱਲ੍ਹਦਾ ਸੀ। ਇਹ ਸਾਰਾ ਵੇਰਵਾ ਚਾਰਜ-ਸ਼ੀਟ ਵਿਚ ਦਰਜ ਹੈ। ਸ਼ਾਮੀਂ ੮ ਵਜੇ ਤੋਂ ਅੱਧੀ ਰਾਤ ਤਕ ਤੇ ਅੱਧੀ ਰਾਤ ਤੋਂ ਤੜਕੇ 4 ਵਜੇ ਤਕ ਸੇਵਾਦਾਰਨੀਆਂ ਵਾਰੀ ਸਿਰ ਇਸ ਦਰਵਾਜ਼ੇ ਉੱਤੇ ਪਹਿਰਾ ਦਿੰਦੀਆਂ ਹੁੰਦੀਆਂ ਸਨ।
ਕਿਹਾ ਜਾਂਦਾ ਹੈ ਕਿ ਡੇਰੇ ਦਾ ਮੁਖੀ, ਸਾਧਵੀਆਂ ਨੂੰ ਆਪਣੀ ਗੁਫ਼ਾ ਵਿਚ ਸੱਦਿਆ ਕਰਦਾ ਸੀ ਤੇ ਫਿਰ ਉਨ੍ਹਾਂ ਨਾਲ਼ ਜਬਰ-ਜਨਾਹ ਕਰਦਾ ਹੁੰਦਾ ਸੀ। ਆਪਣੀ ਕਹਾਣੀ ਸੁਣਾਉਂਦਿਆਂ, ਜਬਰ ਦੀ ਸ਼ਿਕਾਰ ਹੋਈ ਇਕ ਕੁੜੀ ਨੇ ਦੱਸਿਆ ਕਿ ਇਕ ਰਾਤ ਰਾਮ ਰਹੀਮ ਨੇ ਉਸ ਨੂੰ ਗੁਫ਼ਾ ਅੰਦਰ ਸੱਦਿਆ। ਚਾਰਜ-ਸ਼ੀਟ ਮੁਤਾਬਕ, ਉਸ ਬੀਬੀ ਨੇ ਇਸ ਤਰ੍ਹਾਂ ਬਿਆਨ ਦਿੱਤਾ, "ਬਾਬੇ ਨੇ ਮੈਨੂੰ ਆਪਣੇ ਨੇੜੇ ਬਿਸਤਰੇ ਉੱਤੇ ਬੈਠਣ ਲਈ ਕਿਹਾ। ਮੈਂ ਝਿਜਕ ਗਈ ਤੇ ਫ਼ਰਸ਼ ਉੱਤੇ ਬੈਠਣ ਲੱਗੀ, ਮਹਾਰਾਜ ਨੇ ਮੈਨੂੰ ਬਿਸਤਰੇ ਉੱਤੇ ਬੈਠਣ ਲਈ ਕਿਹਾ। ਆਖ਼ਰਕਾਰ ਮੈਂ ਮਹਾਰਾਜ ਦੇ ਲਾਗੇ ਹੀ ਬਿਸਤਰੇ ਉੱਤੇ ਬੈਠ ਗਈ। ਮਹਾਰਾਜ ਨੇ ਮੈਨੂੰ ਡੇਰੇ ਵਿਚ ਮੇਰੀ ਜ਼ਿੰਦਗ਼ੀ ਬਾਰੇ ਅਤੇ ਇੱਥੋਂ ਦੇ ਰਹਿਣ-ਸਹਿਣ ਬਾਰੇ ਪੁੱਛਿਆ। ਇਸ ਤੋਂ ਮਗਰੋਂ ਉਸ ਨੇ ਮੇਰਾ ਪਿੰਡਾ ਪਲੋਸਣਾ ਸ਼ੁਰੂ ਕਰ ਦਿੱਤਾ।" ਫਿਰ ਉਸ ਦੀ ਪੱਤ ਲੁੱਟ ਲਈ ਗਈ।
ਸੀ ਬੀ ਆਈ ਦਾ ਕਹਿਣ ਹੈ ਕਿ ਹਿੰਦੀ ਅਖ਼ਬਾਰ 'ਪੂਰਾ ਸੱਚ', ਜਿਸ ਵਿਚ ਡੇਰਾ-ਮੁਖੀ ਦੇ ਕੁਕਰਮਾਂ ਦੇ ਵੇਰਵੇ ਭਰੀ ਗੁਪਤ ਚਿੱਠੀ ਛਾਪੀ ਗਈ ਸੀ, ਦੇ ਐਡੀਟਰ ਰਾਮ ਚੰਦਰ 'ਛਤਰਪਤੀ' ਦੇ ਕਤਲ ਦੀ ਤਫ਼ਤੀਸ਼ ਦੌਰਾਨ ਅਤੇ ਡੇਰੇ ਦੇ ਇਕ ਸਾਬਕਾ ਪੈਰੋਕਾਰ ਦੇ ਬਿਆਨ ਵਿਚੋਂ ਵੀ ਡੇਰਾ-ਮੁਖੀ ਵੱਲੋਂ ਜਬਰ-ਜਨਾਹ ਕਰਨ ਦੀਆਂ ਵਾਰਦਾਤਾਂ ਕਰਨ ਸਬੰਧੀ ਕਈ ਦ੍ਰਿਸ਼ਟਾਂਤ ਮਿਲੇ ਸਨ। ਇਸ ਸਾਬਕਾ ਪੈਰੋਕਾਰ ਨੂੰ ਡੇਰਾ-ਮੁਖੀ ਦੇ ਹੁਕਮ 'ਤੇ ਗੋਲੀਆਂ ਮਾਰ ਕੇ ਮਾਰ ਸੁੱਟਿਆ ਗਿਆ ਸੀ ਕਿਉਂ ਕਿ ਸਰਕਾਰ ਨੂੰ ਲਿਖੀ ਗਈ ਗੁਪਤ ਚਿੱਠੀ ਉਸ ਵੱਲੋਂ ਹੀ ਭੇਜੀ ਜਾਣ ਦਾ ਸ਼ੱਕ ਪੈ ਗਿਆ ਸੀ।
ਤੀਹਾਂ-ਪੈਂਤੀਆਂ ਵਰ੍ਹਿਆਂ ਦੀ ਉਮਰ ਦੀ 'ਹਨੀਪ੍ਰੀਤ', ਜਿਸ ਦਾ ਅਸਲੀ ਨਾਂ 'ਪਿੰਕੀ' ਯਾਨੀ 'ਪ੍ਰਿਯੰਕਾ ਤਨੇਜਾ' ਹੈ ਤੇ ਜੋ ਡੇਰਾ-ਮੁਖੀ ਨਾਲ ਹੈਲੀਕਾਪਟਰ ਵਿਚ ਬੈਠ ਕੇ ਰੋਹਤਕ ਜੇਲ੍ਹ ਤਕ ਜਾਣ ਮਗਰੋਂ ਲਾਪਤਾ ਹੋ ਗਈ ਹੈ, ਡੇਰਾ-ਮੁਖੀ ਦੀ ਗੋਦ ਲਈ ਹੋਈ ਧੀ ਹੀ ਨਹੀਂ ਦੱਸੀ ਜਾਂਦੀ ਸਗੋਂ ਉਸ ਨਾਲ਼ ਫ਼ਿਲਮਾਂ ਦੀ ਨਾਇਕਾ ਵੀ ਬਣਦੀ ਰਹੀ ਹੈ। ਉਹ ਡੇਰਾ-ਮੁਖੀ ਨੂੰ ਆਪਣਾ 'ਪਿਤਾ' ਦੱਸਦੀ ਰਹੀ ਹੈ, ਜਦੋਂ ਕਿ ਡੇਰਾ ਮੁਖੀ ਆਪਣੇ-ਆਪ ਨੂੰ ਉਸ ਦਾ 'ਪੀਆ' ਦੱਸਦਾ ਰਿਹਾ ਹੈ। ਡੇਰੇ ਦੇ ਸਾਧੂ ਰਹੇ ਗੁਰਦਾਸ ਸਿੰਘ ਤੂਰ ਦਾ ਕਹਿਣ ਹੈ ਕਿ 'ਹਨੀਪ੍ਰੀਤ' ਦੇ ਪਤੀ ਰਹਿ ਚੁੱਕੇ ਵਿਸ਼ਵਾਸ ਗੁਪਤਾ ਨੇ ਕਿਹਾ ਹੋਇਆ ਹੈ ਕਿ ਉਸ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਹਮਬਿਸਤਰ ਹੁੰਦਿਆਂ ਆਪਣੀਂ ਅੱਖੀਂ ਦੇਖਿਆ ਹੋਇਆ ਹੈ ਤੇ ਉਨ੍ਹਾਂ ਦੋਹਾਂ ਦੇ ਆਪਸ ਵਿਚ ਨਜਾਇਜ਼ ਸਬੰਧ ਹਨ। ਹੋਰ ਤਾਂ ਹੋਰ ਰਾਮ ਰਹੀਮ ਨੇ ਕਿਹਾ ਸੀ ਕਿ ਉਸ ਨੂੰ, ਹਨੀਪ੍ਰੀਤ ਨੂੰ ਜੇਲ੍ਹ ਵਿਚ ਆਪਣੇ ਨਾਲ਼ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਭ ਕੁੱਝ ਖ਼ਬਰਾਂ ਦੇ ਰੂਪ ਵਿਚ ਨਸ਼ਰ ਹੋ ਚੁੱਕਾ ਹੈ। ਇਸ ਮਾਮਲੇ ਵਿਚ ਸਭ ਤੋਂ ਵੱਧ ਅਫ਼ਸੋਸ ਇਸ ਗੱਲ ਦਾ ਹੈ ਕਿ ਇਕ ਆਮ ਜਿਹੇ ਬੰਦੇ ਨੇ ਰੱਬ ਹੋਣ ਦਾ ਪਾਖੰਡ ਕਰ ਕੇ ਲੋਕਾਂ ਨੂੰ ਤਾਂ ਮੂਰਖ਼ ਬਣਾਇਆ ਹੀ ਬਣਾਇਆ, ਰੱਬ ਦੇ ਵਜੂਦ ਨੂੰ ਵੀ ਵੰਗਾਰਿਆ। ਇਸ ਜਾਅਲੀ ਰੱਬ ਤੋਂ 'ਮਾਲ' ਛਕਦੇ ਰਹੇ, ਬਹੁਤ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਦੇ ਮੂੰਹਾਂ ਨੂੰ ਲੱਗੇ ਜੰਦਰੇ ਕਦੋਂ ਖੁੱਲ੍ਹਣਗੇ? ਮੋਟਾ ਮਾਲ ਖਾਂਦੇ ਰਹੇ ਇਹ ਮੂੰਹ ਹੋਰ ਕਿੰਨਾ ਕੁ ਚਿਰ 'ਸ਼ਰਮਾਂਦੇ' ਰਹਿਣਗੇ?#

