ਸ਼ਬਦੰਗਲ-21


             ਫਾਹੇ ਦਾ ਫੰਦਾ ਜਾਂ ਕੋਈ ਗੋਲੀ ਇਕ ਬਾਰੂਦ ਦੀ,                ਕੀ ਇਹੋ ਸਾਡੇ ਇਸ਼ਕ ਦਾ ਇਨਾਮ ਹੈ?

****************************************
     ਲੱਗਦਾ ਹੈ ਕਿ ਤਕਰੀਬਨ ਹਰ ਪੱਤਰਕਾਰ, ਵਾਰਤਕ ਵਿਚ ਲਿਖਣ ਵਾਲ਼ਾ ਸ਼ਾਇਰ ਹੁੰਦਾ ਹੈ ਅਤੇ ਹਰ ਸ਼ਾਇਰ, ਸ਼ਾਇਰੀ ਵਿਚ ਲਿਖਣ ਵਾਲ਼ਾ ਪੱਤਰਕਾਰ ਹੁੰਦਾ ਹੈ। ਮੈਂ ਵੀ ਪੱਤਰਕਾਰ ਦੇ ਭੇਸ ਵਿਚ ਇਕ ਸ਼ਾਇਰ ਹੀ ਹਾਂ। ਇਸ ਦਾ ਸਬੂਤ ਹੈ, ਪੱਤਰਕਾਰੀ ਦਾ ਧੰਦਾ ਅਪਣਾਉਣ ਦੌਰਾਨ ਹੀ ਲਿਖੀ ਹੋਈ ਇਕ ਗ਼ਜ਼ਲ ਦਾ ਇਹ ਸ਼ਿਅਰ:


        ਫਾਹੇ ਦਾ ਫੰਦਾ ਜਾਂ ਕੋਈ, ਗੋਲ਼ੀ ਇਕ ਬਾਰੂਦ ਦੀ, 

        ਕੀ ਇਹੋ ਸਾਡੇ, ਇਸ਼ਕ ਦਾ ਇਨਾਮ ਹੈ? 

    ਇਸ ਸਾਲ 5 ਸਤੰਬਰ ਨੂੰ 54 ਕੁ ਸਾਲਾਂ ਦੀ ਉਮਰ ਵਿਚ ਗੋਲ਼ੀਆਂ ਮਾਰ ਕੇ ਮਾਰ ਸੁੱਟੀ ਗਈ ਪੱਤਰਕਾਰਾ ਗੌਰੀ ਲੰਕੇਸ਼ ਇਸ ਵੇਲ਼ੇ ਬੁੱਤਸਾਜ਼ ਮਨਜੀਤ ਸਿੰਘ ਗਿੱਲ ਦੇ ਕਲਾਵਾਨ ਹੱਥੋਂ ਬੁੱਤ ਵਜੋਂ ਰੂਪਮਾਨ ਹੋ ਗਈ ਹੈ। 29 ਜਨਵਰੀ, 1962 ਨੂੰ ਬੰਗਲੌਰ ਵਿਖੇ ਸ਼ਾਇਰ-ਪੱਤਰਕਾਰ ਪੀ. ਲੰਕੇਸ਼ ਦੇ ਘਰ ਜੰਮੀ ਇਸ ਬੀਬੀ ਨੂੰ ਪੱਤਰਕਾਰੀ ਵਿਰਸੇ ਮਿਲੀ ਸੀ। ਆਪਣੇ ਬਾਪ ਦੀ ਮੌਤ ਹੋ ਜਾਣ ਮਗਰੋਂ ਗੌਰੀ ਨੇ ਉਨ੍ਹਾਂ ਦੇ, ਕੰਨ੍ਹੜ ਭਾਸ਼ਾ ਵਿਚ ਛਪਦੇ ਹਫ਼ਤਾਵਾਰੀ ਪਰਚੇ 'ਲੰਕੇਸ਼ ਪੱਤਰਿਕੇ' ਦੇ ਸੰਪਾਦਨ ਦੀ ਜ਼ਿੰਮੇਵਾਰੀ ਸੰਭਾਲੀ। ਕੁੱਝ ਸਮੇਂ ਬਾਅਦ ਹੀ ਉਸ ਨੇ 'ਗੌਰੀ ਲੰਕੇਸ਼ ਪੱਤਰਿਕੇ' ਨਾਂ ਦਾ ਹਫ਼ਤਾਵਾਰੀ ਪਰਚਾ ਕੱਢਣਾ ਸ਼ੁਰੂ ਕਰ ਦਿੱਤਾ। ਗੌਰੀ ਪਿਛਲੇ ਕੁੱਝ ਅਰਸੇ ਤੋਂ ਸੱਜੇ ਪੱਖੀ ਹਿੰਦੂ ਅੱਤਵਾਦ ਦੀ ਆਲੋਚਨਾ ਕਰਨ ਦੀ ਵਜ੍ਹਾ ਨਾਲ਼ ਇਸ ਧਿਰ ਦੀਆਂ ਅੱਖਾਂ ਵਿਚ ਰੜਕ ਰਹੀ ਸੀ। 5 ਸਤੰਬਰ ਨੂੰ (ਇਸੇ ਹੀ ਮਹੀਨੇ) ਬੰਗਲੌਰ ਦੇ ਰਾਜਾਰਾਜੇਸ਼ਵਰੀ ਨਗਰ ਇਲਾਕੇ ਵਿਚ ਉਸ ਦੇ ਘਰ ਅੱਗੇ ਕੁੱਝ ਲੋਕਾਂ ਨੇ ਉਸ ਨੂੰ ਗੋਲ਼ੀਆਂ ਮਾਰ ਕੇ ਮਾਰ ਸੁੱਟਿਆ। 

   ਗੌਰੀ ਲੰਕੇਸ਼, ਨੇ ਬੰਗਲੌਰ ਵਿਚ ਹੀ 'ਦ ਟਾਈਮਜ਼ ਆਫ ਇੰਡੀਆ' ਨਾਲ਼ ਪੱਤਰਕਾਰ ਵਜੋਂ ਆਪਣੀ ਜ਼ਿੰਦਗ਼ੀ ਸ਼ੁਰੂ ਕੀਤੀ। ਫਿਰ ਉਹ ਆਪਣੇ ਪਤੀ ਚਿਦਾਨੰਦ ਰਾਜਘੱਟਾ ਨਾਲ਼ ਦਿੱਲੀ ਚਲੀ ਗਈ। ਜਲਦੀ ਹੀ ਉਹ ਬੰਗਲੌਰ ਪਰਤ ਆਈ, ਜਿੱਥੇ ਉਸ ਨੇ ਨੌਂ ਸਾਲ 'ਸੰਡੇ ਮੈਗਜ਼ੀਨ' ਲਈ ਕੰਮ ਕੀਤਾ। ਸੰਨ 2000 ਵਿਚ ਆਪਣੇ ਬਾਪ ਦੀ ਮੌਤ ਵੇਲ਼ੇ ਉਹ, ਦਿੱਲੀ ਦੇ ਇਕ ਤੇਲਗੂ ਟੀ ਵੀ ਚੈਨਲ ਲਈ ਕੰਮ ਕਰ ਰਹੀ ਸੀ। ਉਸ ਵੇਲ਼ੇ ਤਕ ਉਹ 16 ਸਾਲਾ ਤਜਰਬਾਕਾਰ ਪੱਤਰਕਾਰ ਬਣ ਚੁੱਕੀ ਸੀ। ਗੌਰੀ ਦਾ ਖ਼ਿਆਲ ਸੀ ਕਿ 'ਹਿੰਦੂਵਾਦ' ਕੋਈ ਧਰਮ ਨਹੀਂ ਹੈ, ਸਗੋਂ 'ਦਰਜਾਵਾਰ ਚੌਧਰ' ਹੀ ਹੈ, ਜਿਸ ਅਧੀਨ ਔਰਤਾਂ 'ਦੂਜੇ ਦਰਜੇ ਦੀਆਂ ਜੀਵ' ਬਣ ਕੇ ਰਹਿ ਗਈਆਂ ਹਨ। ਗੌਰੀ ਨੇ ਪ੍ਰਕਾਸ਼ ਬੇਲਾਵੜੀ ਜਿਹੇ ਆਪਣੇ ਦੋਸਤ ਨਾਲ਼ 25 ਸਾਲ ਪੁਰਾਣੀ ਦੋਸਤੀ ਤੋੜ ਲਈ ਸੀ ਕਿਉਂ ਕਿ 2014 ਦੀ ਆਮ ਚੋਣਾਂ ਵੇਲ਼ੇ ਉਹ, ਭਾਰਤੀ ਜਨਤਾ ਪਾਰਟੀ ਦਾ ਮੀਡੀਆ ਸਲਾਹਕਾਰ ਬਣ ਗਿਆ ਸੀ। ਨਵੰਬਰ, 2014 ਵਿਚ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਗੌਰੀ ਨੂੰ, ਨਕਸਲੀਆਂ ਨੂੰ ਹਥਿਆਰ ਸੁੱਟ ਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਖ਼ਾਤਰ ਪ੍ਰੇਰਨ ਵਾਲ਼ੀ ਕਮੇਟੀ ਵਿਚ ਸ਼ਾਮਲ ਕਰ ਲਿਆ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਹ ਦੋਸ਼ ਲਾ ਦਿੱਤਾ ਕਿ ਗੌਰੀ ਨਕਸਲੀਆਂ ਦੀ ਹਮਦਰਦ ਹੈ, ਜਿਸ ਕਰ ਕੇ ਉਸ ਨੂੰ ਇਸ ਕਮੇਟੀ ਵਿਚੋਂ ਕੱਢ ਦਿੱਤਾ ਜਾਵੇ. ਪਰ ਮੁੱਖ ਮੰਤਰੀ ਸਿੱਦਾਰਾਮੱਈਆ ਨੇ ਇਹ ਮੰਗ ਨਕਾਰ ਦਿੱਤੀ ਸੀ।
   ਗੌਰੀ ਜਾਤ-ਪਾਤ ਦੇ ਖ਼ਿਲਾਫ਼ ਸੀ। 2015 ਵਿਚ ਬ੍ਰਾਹਮਣਾਂ ਨੇ ਉਸ ਦੇ ਖ਼ਿਲਾਫ਼ ਇਹ ਦੋਸ਼ ਲਾਇਆ ਸੀ ਕਿ ਉਸ ਨੇ ਸ਼੍ਰਾਵਨਾਬੇਲਾਗੋਲਾ ਵਿਖੇ ਹੋਏ '81ਵੇਂ ਕੰਨ੍ਹੜ ਸਾਹਿਤ ਸੰਮੇਲਨ' ਵਿਚ ਨਾਵਲਕਾਰ ਐੱਸ ਐੱਲ ਭਾਈਰੱਪਾ ਅਤੇ ਬ੍ਰਾਹਮਣਵਾਦ ਦੀ ਆਲੋਚਨਾ ਕੀਤੀ ਹੈ। ਇਸ ਕਾਨਫ਼ਰੰਸ ਵਿਚ ਗੌਰੀ ਨੇ ਇਹ ਕਿਹਾ ਸੀ ਕਿ ਸੱਜੇ ਪੱਖੀ ਹਿੰਦੂ ਜਥੇਬੰਦੀਆਂ ਨੇ ਨੀਵੀਂ ਜਾਤ ਨਾਲ਼ ਸਬੰਧਤ ਲੇਖਕ ਪੇਰੂਮਲ ਮੁਰੂਗਨ ਦੀ ਆਲੋਚਨਾ ਕੀਤੀ ਸੀ ਕਿਉਂ ਕਿ ਉਨ੍ਹਾਂ ਨੇ ਇਕ ਬੇਔਲਾਦ ਹਿੰਦੂ ਜੋੜੇ ਵੱਲੋਂ ਬੱਚੇ ਹਾਸਲ ਕਰਨ ਖ਼ਾਤਰ ਆਪਸੀ ਸਹਿਮਤੀ ਨਾਲ਼, ਬੱਚੇ ਦੀ ਚਾਹਵਾਨ ਔਰਤ ਨੂੰ ਕਿਸੇ ਓਪਰੇ ਬੰਦੇ ਨਾਲ਼ ਹਮਬਿਸਤਰ ਹੁੰਦੇ ਦੱਸਿਆ ਸੀ। ਫਿਰ ਗੌਰੀ ਨੇ ਇਹ ਨੁਕਤਾ ਉਠਾਇਆ ਸੀ ਕਿ ਬ੍ਰਾਹਮਣ ਨਾਵਲਕਾਰ ਐੱਸ ਐੱਲ ਭਾਈਰੱਪਾ ਨੇ ਵੀ 'ਮਹਾਭਾਰਤ' ਦੇ ਆਧਾਰ 'ਤੇ ਲਿਖੇ ਨਾਵਲ 'ਪਰਵ' ਵਿਚ 'ਨਿਯੋਗਯਾ' ਦੇ ਅਭਿਆਸ ਅਧੀਨ ਪਰਾਏ ਮਰਦ ਨਾਲ਼ ਜਿਨਸੀ ਸਬੰਧ ਬਣਾਏ ਗਏ ਦੱਸੇ ਸਨ। ਫਿਰ ਗੌਰੀ ਨੇ ਸਪੱਸ਼ਟ ਕੀਤਾ ਸੀ ਕਿ ਉਸ ਨੇ ਇਨ੍ਹਾਂ ਦੋਹਾਂ ਨਾਵਲਕਾਰਾਂ ਦੀ ਹਮਾਇਤ ਕੀਤੀ ਸੀ, ਪਰ ਹਿੰਦੂ ਜਥੇਬੰਦੀਆਂ, ਭਾਈਰੱਪਾ ਨੂੰ ਛੱਡ ਕੇ, ਪੇਰੂਮਲ ਮੁਰੂਗਨ ਦੇ ਹੀ ਮਗਰ ਕਿਉਂ ਪਈਆਂ ਹੋਈਆਂ ਸਨ? 19 ਫਰਵਰੀ, 2015 ਨੂੰ 'ਹਸਨ ਜ਼ਿਲਾ ਬ੍ਰਾਹਮਣ ਸਭਾ' ਨੇ ਗੌਰੀ ਲੰਕੇਸ਼ ਦੇ ਖ਼ਿਲਾਫ਼ ਇਕ ਰੈਲੀ ਕਰ ਕੇ, ਉਸ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।
    23 ਜਨਵਰੀ, 2008 ਨੂੰ ਗੌਰੀ ਨੇ ਆਪਣੇ ਪਰਚੇ ਵਿਚ ਇਕ ਲੇਖ ਛਾਪਿਆ, ਜਿਸ ਵਿਚ ਉਸ ਨੇ ਪ੍ਰਹਲਾਦ ਜੋਸ਼ੀ, ਉਮੇਸ਼ ਦੁਸ਼ੀ, ਸ਼ਿਵਾਨੰਦ ਭੱਟ ਅਤੇ ਵੈਂਕਟੇਸ਼ ਮਿਸਤਰੀ ਵਰਗੇ ਭਾਰਤੀ ਜਨਤਾ ਪਾਰਟੀ ਲੀਡਰਾਂ ਦੀ ਆਲੋਚਨਾ ਕੀਤੀ ਹੋਈ ਸੀ। ਇਸ ਲੇਖ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਮਗਰਲੇ ਤਿੰਨ ਆਗੂਆਂ ਨੇ ਇਕ ਜੌਹਰੀ ਤੋਂ ਇਕ ਲੱਖ ਰੁਪਏ ਭੋਟੇ ਹਨ। ਉਸ ਜੌਹਰੀ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਜੋਸ਼ੀ ਤੋਂ ਇਨਸਾਫ਼ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇ ਜੋਸ਼ੀ ਨੇ ਉਸ ਦੀ ਮਦਦ ਨਾ ਕੀਤੀ ਤਾਂ ਉਹ ਪੁਲਸ ਤਕ ਪਹੁੰਚ ਕਰੇਗਾ। ਗੌਰੀ ਨੇ ਬਾਅਦ ਵਿਚ ਇਹ ਦਾਅਵਾ ਕੀਤਾ ਸੀ ਕਿ ਇਹ ਲੇਖ, ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲ਼ੀ ਜਾਣਕਾਰੀ ਉੱਤੇ ਆਧਾਰਤ ਸੀ। ਇਹ ਲੇਖ ਲਿਖਣ 'ਤੇ ਗੌਰੀ ਦੇ ਖ਼ਿਲਾਫ਼ ਮਾਣ-ਹਾਨੀ ਦੇ ਦੋ ਕੇਸ ਜੋਸ਼ੀ ਅਤੇ ਦੁਸ਼ੀ ਨੇ ਦਰਜ ਕਰਾਏ। ਗੌਰੀ ਨੇ ਉਦੋਂ ਕਿਹਾ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂ ਕਿ ਇਹ ਦੋਸ਼ ਹੋਰ ਪਰਚਿਆਂ ਵਿਚ ਵੀ ਛਪੇ ਸਨ, ਪਰ ਕੇਸ ਉਸ ਦੇ ਖ਼ਿਲਾਫ਼ ਹੀ ਬਣਾਇਆ ਗਿਆ ਸੀ। ਕਿੰਨਾ ਹੀ ਚਿਰ ਸੁਣਵਾਈ ਅਧੀਨ ਰੱਖੇ ਗਏ ਇਸ ਕੇਸ ਵਿਚ, ਗੌਰੀ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਸ ਦੀ ਗ਼੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਪੁਲਸ ਨੇ ਉਸ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕੀਤਾ। ਫਿਰ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਪਰ ਉਸ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਗਿਆ।
   ਪੰਜ ਸਾਲ ਦੇ ਵਿਆਹੁਤਾ ਜੀਵਨ ਮਗਰੋਂ ਗੌਰੀ ਅਤੇ ਚਿਦਾਨੰਦ ਰਾਜਘੱਟਾ ਦਾ ਆਪਸ ਵਿਚ ਤਲਾਕ ਹੋ ਗਿਆ। ਗੌਰੀ ਦੀ ਕੋਈ ਔਲਾਦ ਨਹੀਂ ਸੀ, ਪਰ ਉਹ ਜਿਗਨੇਸ਼ ਮੇਵਾਨੀ, ਕਨੰ੍ਹਈਆ ਕੁਮਾਰ, ਉਮਰ ਖ਼ਾਲਿਦ ਅਤੇ ਸ਼ੀਲਾ ਰਸ਼ੀਦ ਸ਼ੋਰਾ ਨੂੰ ਆਪਣੇ ਮੁਤਬੰਨੇ ਸਮਝਦੀ ਸੀ। 5 ਸਤੰਬਰ, 2017 ਨੂੰ ਬੰਗਲੌਰ ਵਿਚ ਰਾਜਾ ਰਾਜੇਸ਼ਵਰੀ ਨਗਰ ਵਿਖੇ ਗੌਰੀ ਦੇ ਘਰ ਅੱਗੇ, ਰਾਤੀਂ 8 ਵਜੇ ਤਿੰਨ ਅਣਪਛਾਣੇ ਬੰਦਿਆਂ ਨੇ ਉਸ ਨੂੰ 7 ਗੋਲੀਆਂ ਮਾਰ ਕੇ, ਮਾਰ ਸੁੱਟਿਆ। ਉਸ ਨੂੰ ਗੋਲੀਆਂ ਉਦੋਂ ਮਾਰੀਆਂ ਗਈਆਂ, ਜਦੋਂ ਉਹ ਆਪਣੇ ਦਫ਼ਤਰੋਂ ਆ ਕੇ, ਆਪਣੇ ਘਰ ਦੇ ਬਾਹਰਲੇ ਬੂਹੇ ਦਾ ਜੰਦਰਾ ਖੋਲ੍ਹ ਰਹੀ ਸੀ।

   ਦੇਸ਼ ਭਰ ਵਿਚ ਪੱਤਰਕਾਰਾਂ ਨੇ ਇਹ ਕਤਲ ਕੀਤੇ ਜਾਣ ਦੀ ਨਿਖੇਧੀ ਕੀਤੀ ਤੇ 6 ਸਤੰਬਰ ਨੂੰ ਗੌਰੀ ਦਾ ਕਫ਼ਨ-ਦਫ਼ਨ ਸਰਕਾਰੀ ਸਨਮਾਨਾਂ ਨਾਲ਼ ਕੀਤਾ ਗਿਆ। ਗੌਰੀ ਮਾਰੀ ਗਈ, ਗੌਰੀ ਦਫ਼ਨਾ ਦਿੱਤੀ ਗਈ, ਪਰ ਉਸ ਨੂੰ ਮਾਰੇ ਜਾਣ ਸਾਰ ਹੀ ਲੱਗਣੇ ਸ਼ੁਰੂ ਹੋ ਗਏ, ਉਸ ਨੂੰ ਮਾਰੇ ਜਾਣ ਸਬੰਧੀ ਅਨੁਮਾਨ, ਅੰਦਾਜ਼ੇ ਅਤੇ ਕਿਆਸ। ਕੁੱਝ ਅਨੁਮਾਨਾਂ ਅਨੁਸਾਰ, ਉਸ ਨੂੰ ਮਾਰ-ਮੁਕਾਉਣ ਵਾਲ਼ੇ ਨਕਸਲੀ ਸਨ। ਨੂਰ ਸ਼੍ਰੀਧਰ ਉਰਫ਼ ਨੂਰ ਜ਼ੁਲਿਫ਼ਕਾਰ, ਜਿਹੜਾ ਉਨ੍ਹਾਂ 9 ਸਾਬਕਾ ਨਕਸਲੀਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ 2013 ਵਿਚ ਮੁੱਖ-ਧਾਰਾ ਵੱਲ ਮੋੜਿਆ ਗਿਆ ਸੀ, ਦਾ ਕਹਿਣ ਹੈ, "ਮੈਂ ਆਪਣੀ ਨਵੀਂ ਸਿਆਸੀ ਜ਼ਿੰਦਗੀ ਲਈ ਗੌਰੀ ਲੰਕੇਸ਼ ਦਾ ਦੇਣਦਾਰ ਹਾਂ। ਜਦੋਂ ਅਸੀਂ ਮੁੱਖ-ਧਾਰਾ ਵੱਲ ਮੁੜਨ ਦਾ ਫੈਸਲਾ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਦਾ ਰਾਜ ਸੀ। ਉਸ ਵੇਲ਼ੇ ਅਸੀਂ ਮੁੜ ਨਾ ਸਕੇ। ਅਸੀਂ ਕਾਂਗਰਸ ਦੇ ਰਾਜ ਵੇਲ਼ੇ ਮੁੱਖ-ਧਾਰਾ ਵੱਲ ਮੁੜੇ। 'ਸੰਘ' ਵਾਲ਼ੇ ਨਕਸਲੀਆਂ ਨੂੰ ਮੁੱਖ-ਧਾਰਾ ਵਿਚ ਲਿਆਉਣ ਦੇ ਖ਼ਿਲਾਫ਼ ਸਨ, ਜਿਸ ਦੀ ਵਜ੍ਹਾ ਨਾਲ਼ ਇਹ ਗੱਲ ਉਡਾਈ ਜਾ ਰਹੀ ਹੈ ਕਿ ਗੌਰੀ ਨੂੰ ਨਕਸਲੀਆਂ ਨੇ ਮਾਰਿਆ ਹੋ ਸਕਦਾ ਹੈ।"
   ਅਦਾਕਾਰ ਪ੍ਰਕਾਸ਼ ਬੇਲਾਵੜੀ, ਜੋ 25 ਕੁ ਸਾਲ ਗੌਰੀ ਦਾ ਦੋਸਤ ਰਿਹਾ, ਦੱਸਦਾ ਹੈ, "2014 ਵਿਚ ਮੈਂ ਨਰਿੰਦਰ ਮੋਦੀ ਦਾ ਹਮਾਇਤੀ ਹੋਣ ਦਾ ਐਲਾਨ ਕਰ ਦਿੱਤਾ ਤਾਂ ਗੌਰੀ ਨੇ ਮੈਨੂੰ ਫੋਨ ਕੀਤਾ ਤੇ ਉਹ ਚੀਕਦੀ ਹੋਈ ਬੋਲੀ, 'ਤੇਰੇ ਅੰਦਰਲਾ ਕਮੀਨਾ ਬਾਹਮਣ ਜਾਗ ਪਿਆ ਹੈ।' ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਹੀ ਬੇਇੱਜ਼ਤ ਹੋਇਆ ਮਹਿਸੂਸ ਕੀਤਾ ਤੇ ਮੈਂ ਬਚਕਾਨੇ ਜਿਹੇ ਅੰਦਾਜ਼ ਉਸ ਨੂੰ 'ਫੇਸਬੁੱਕ' ਵਿਚੋਂ 'ਅਨਫਰੈਂਡ' ਕਰ ਦਿੱਤਾ। ਸਮਾਂ ਪਾ ਕੇ ਮੈਂ ਉਸ ਨੂੰ ਫਿਰ ਦੋਸਤਾਂ ਵਿਚ ਰਲ਼ਾ ਲਿਆ, ਪਰ ਫਿਰ ਵੀ ਅਸੀਂ ਇਕ-ਦੂਜੇ ਦੇ ਪੰਨਿਆਂ ਤੋਂ ਦੂਰ ਹੀ ਰਹੇ। ਛੇ ਕੁ ਮਹੀਨੇ ਮਗਰੋਂ ਅਸੀਂ ਇਕ ਦੋਸਤ ਦੇ ਘਰ ਮਿਲੇ ਤੇ ਉੱਥੇ ਸਾਡੇ ਦੋਹਾਂ ਦੇ ਹੋਰ ਦੋਸਤ ਵੀ ਸਨ। ਮੈਂ ਉਸ ਵੇਲ਼ੇ ਗੌਰੀ ਵਿਚ ਕੋਈ ਵੀ ਫ਼ਰਕ ਮਹਿਸੂਸ ਨਾ ਕੀਤਾ। ਇਉਂ ਲੱਗਦਾ ਸੀ ਕਿ ਮਿੱਤਰਤਾ ਵਿਚ ਵਿਚਾਰਧਾਰਾਵਾਂ ਦਾ ਕੋਈ ਅਸਰ ਨਹੀਂ ਹੁੰਦਾ।" 
    ਪੱਤਰਕਾਰ ਸ਼੍ਰੀਨਿਵਾਸ ਰਾਜੂ ਦਾ ਕਹਿਣ ਹੈ, "ਉਹ ਗੱਲ-ਬਾਤ ਕਰਨ ਦੌਰਾਨ ਜੰਗੀ ਪੱਧਰ 'ਤੇ ਚਲੀ ਜਾਂਦੀ ਹੁੰਦੀ ਸੀ। ਪਰ ਫਿਰ ਉਹ ਅਚਾਨਕ ਹੀ ਗੀਅਰ ਬਦਲਦਿਆਂ ਬਹੁਤ ਹੀ ਜਜ਼ਬਾਤੀ ਹੋ ਜਾਇਆ ਕਰਦੀ ਸੀ। ਗੱਲ-ਬਾਤ ਦੌਰਾਨ ਗੌਰੀ ਦੇ ਜਜ਼ਬਾਤ ਵਿਚ ਉਤਰਾਅ-ਚੜ੍ਹਾਅ ਆਉਣਾ ਲਾਜ਼ਮੀ ਸੀ। ਕਦੇ-ਕਦੇ ਉਹ ਇਹ ਵੀ ਕਹਿ ਦਿੰਦੀ, 'ਆਪਾਂ ਪਹਿਲਾਂ ਲੜ ਲੈਂਦੇ ਹਾਂ, ਬਾਕੀ ਸਭ ਕੁੱਝ ਬਾਅਦ ਵਿਚ ਸਹੀ!' ਮੇਰੇ ਲਈ ਤਾਂ ਗੌਰੀ ਏਦਾਂ ਦੀ ਹੀ ਸੀ।"

    ਗੌਰੀ ਦੇ ਕਤਲ ਤੋਂ ਬਾਅਦ ਕਰਨਾਟਕ ਵਿਚ 18 ਲੇਖਕਾਂ ਅਤੇ ਸਿਆਸੀ ਕਾਰਕੁਨਾਂ ਨੂੰ ਪੁਲਸ ਸੁਰੱਖਿਆ ਦਿੱਤੀ ਜਾ ਚੁੱਕੀ ਹੈ ਕਿਉਂ ਕਿ ਸਮਝਿਆ ਜਾ ਰਿਹਾ ਹੈ ਕਿ ਕਾਤਲ ਕੁੱਝ ਹੋਰਨਾਂ ਨੂੰ ਵੀ ਨਿਸ਼ਾਨਾ ਬਣਾਉਣਗੇ। ਇਸ ਤੋਂ ਪਹਿਲਾਂ ਹਿੰਦੂਤਵ ਦੇ ਆਲੋਚਕਾਂ ਨਰਿੰਦਰ ਦਭੋਲਕਰ, ਜਿਨ੍ਹਾਂ ਨੂੰ ਅਗਸਤ, 2013 ਵਿਚ ਕਤਲ ਕੀਤਾ ਗਿਆ ਸੀ, ਗੋਬਿੰਦ ਪਨਸਾਰੇ, ਜਿਨ੍ਹਾਂ ਨੂੰ ਫਰਵਰੀ, 2015 ਵਿਚ ਮਾਰ ਸੁੱਟਿਆ ਗਿਆ ਸੀ ਅਤੇ ਐੱਮ ਐੱਮ ਕਲਬੁਰਗੀ, ਜਿਨ੍ਹਾਂ ਨੂੰ ਅਗਸਤ 2015 ਵਿਚ ਮਾਰ ਦਿੱਤਾ ਗਿਆ ਸੀ, ਦੇ ਕਤਲਾਂ ਅਤੇ ਗੌਰੀ ਦੇ ਕਤਲ ਵਿਚਾਲ਼ੇ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਗੌਰੀ ਦੇ ਕਤਲ ਨੂੰ ਇਨ੍ਹਾਂ ਕਤਲਾਂ ਨਾਲ਼ੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ ਕਿਉਂ ਕਿ ਇਹ ਕਤਲ ਕੇਸ ਵੀ ਕਿਸੇ ਸਿਰੇ ਨਹੀਂ ਲਗਾਏ ਜਾ ਸਕੇ।

    ਉੱਪਰ ਦਰਜ ਵੇਰਵੇ ਤੋਂ ਗੌਰੀ ਨੂੰ 'ਖੁੱਲ੍ਹ ਕੇ ਬੋਲਣ ਵਾਲ਼ੀ, ਸਿੱਧੀ-ਸਪੱਸ਼ਟ ਗੱਲ ਕਰਨ ਵਾਲ਼ੀ' ਕਿਹਾ ਜਾ ਸਕਦਾ ਹੈ। ਉਸ ਨੂੰ ਮਾਰੇ ਜਾਣ ਦੀ ਵਜ੍ਹਾ ਉਸ ਵੱਲੋਂ ਬੋਲੇ ਜਾਂਦੇ ਬੋਲ ਸਨ। ਅਖੇ 'ਤੂੰ ਬੋਲਦਾ ਕਿਉਂ ਨਹੀਂ?' ਬੋਲਣਾ ਤਾਂ ਕਿਸੇ ਵਿਅਕਤੀ ਦੇ ਜੀਂਦੇ ਹੋਣ ਦਾ ਸਬੂਤ ਹੈ। ਜੇ ਉਸ ਦਾ ਬੋਲਣਾ ਹੀ ਬੰਦ ਕਰ ਦਿੱਤਾ, ਜੇ ਉਸ ਦੀ ਜ਼ੁਬਾਨ ਹੀ ਬੰਦ ਕਰ ਦਿੱਤੀ ਤਾਂ ਉਸ ਦਾ ਜੀਣਾ ਹੀ ਕੀ ਹੋਇਆ। ਕਿਸੇ ਦਾ ਗਲ਼ਾ ਦਬਾਉਣ ਨਾਲ਼ ਉਸ ਦੀ ਜ਼ੁਬਾਨ ਬੰਦ ਹੋ ਸਕਦੀ ਹੈ, ਉਸ ਵੱਲੋਂ ਬੋਲੇ ਹੋਏ ਬੋਲ ਨਹੀਂ ਮਿਟਾਏ ਜਾ ਸਕਦੇ। ਗੌਰੀ ਦੀ ਜ਼ੁਬਾਨੋਂ ਨਿੱਕਲੇ ਬੋਲ ਹਾਲੇ ਵੀ ਕੂਕਦੇ ਹਨ ਤੇ ਕੂਕਦੇ ਹੀ ਰਹਿਣਗੇ।#