ਪੱਤਰਕਾਰੀ ਵਿਚ ਵੀ ਚੌਧਰੀ ਹੀ ਸੀ ਬਿਲਗੇ ਦੇ ਚੌਧਰੀਆਂ ਦਾ 'ਕੁੱਕੀ' ਉਰਫ਼ 'ਕੇ ਜੇ ਸਿੰਘ'
*********************************************
ਹਫ਼ਤਾ ਕੁ ਹੀ ਹੋਇਆ ਹੈ, ਗੌਰੀ ਲੰਕੇਸ਼ ਦਾ ਕਲਮੀ ਕਫ਼ਨ-ਦਫ਼ਨ ਕੀਤਾ ਸੀ ਤੇ ਹੱਥ-ਪੈਰ ਵੀ ਨਹੀਂ ਧੋਤੇ ਸਨ ਕਿ ਇਹ ਖ਼ਬਰ ਆ ਗਈ ਕਿ ਮੁਹਾਲੀ ਵਿਚ ਸੀਨੀਅਰ ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ 92 ਸਾਲਾ ਮਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਕਿਸੇ ਨੇ ਕੋਹ-ਕੋਹ ਕੇ ਮਾਰ ਸੁੱਟਿਆ ਹੈ। ਇਹ ਖ਼ਬਰ ਪੜ੍ਹ ਕੇ ਮੇਰੀਆਂ ਅੱਖਾਂ ਅੱਗੇ ਕੇ ਜੇ ਸਿੰਘ ਦੀ ਮਾਤਾ ਗੁਰਚਰਨ ਕੌਰ ਦਾ ਦੇਵੀਆਂ ਵਰਗਾ ਉਹ ਚਿਹਰਾ ਇੰਨ-ਬਿੰਨ ਆ ਗਿਆ, ਜੋ ਹਾਲੇ ਪਿਛਲੇ ਹੀ ਸਾਲ, ਮੈਂ ਉਨ੍ਹਾਂ ਦੇ ਉਸ ਘਰ ਜਾ ਕੇ ਦੇਖਿਆ ਸੀ, ਜਿਹੜਾ ਉਨ੍ਹਾਂ ਦਾ ਬਚਾਅ ਕਰਨ ਵਿਚ ਨਾਕਾਮ ਰਿਹਾ ਹੈ। ਮੀਂਹ-ਹਨ੍ਹੇਰੀਆਂ ਤੋਂ ਹੀ ਬਚਾ ਸਕਦੇ ਹਨ ਘਰ, ਆਹ ਜਿਹੜਾ ਤੂਫ਼ਾਨ ਇਨ੍ਹੀਂ ਦਿਨੀ ਮੇਰੇ ਵਤਨ ਵਿਚ ਆਇਆ ਹੋਇਆ ਹੈ, ਉਸ ਤੋਂ ਕੋਈ ਵੀ ਘਰ ਨਹੀਂ ਬਚਾ ਸਕੇਗਾ। ਮੈਂ ਉਸ ਮਾਂ ਦੇ ਪੈਰੀਂ ਹੱਥ ਲਾਏ ਸਨ, ਜਿਸ ਦੀ ਸੇਵਾ ਕਰਨ ਲਈ, ਕੇ ਜੇ ਸਿੰਘ ਨੇ ਹੁਣ ਸਭ ਕੰਮਾਂ-ਕਾਰਾਂ ਨੂੰ ਹੀ ਜੁਆਬ ਨਹੀਂ ਦੇ ਦਿੱਤਾ ਸੀ, ਸਗੋਂ ਬਹੁਤਾ ਘਰੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ ਸੀ।
ਮੈਂ ਦੇਖਿਆ, ਮਾਤਾ ਦੇ ਕਿੰਨੇ ਹੀ ਸਾਰੇ ਗਹਿਣੇ ਪਾਏ ਹੋਏ ਸਨ ਤੇ ਮੈਥੋਂ ਕਹਿਣੋਂ ਨਾ ਰਹਿ ਹੋਇਆ, "ਯਾਰ, ਮਾਤਾ ਤਾਂ ਪੂਰੀ ਰਾਣੀ ਲੱਗਦੀ ਹੈ।" ਫਿਰ ਉਹ ਕਿੰਨਾ ਹੀ ਚਿਰ ਆਪਣੀ ਮਾਂ ਦੇ 'ਦੈਵੀ ਹੁਸਨ' ਦੀਆਂ ਗੱਲਾਂ ਕਰਦਾ ਰਿਹਾ। ਫੇਰ ਕਹਿੰਦਾ, "ਮੈਂ ਹਰ ਕਿਸੇ ਨੂੰ ਆਪਣੀ ਮਾਂ ਨਾਲ਼ ਮਿਲਣਾ 'ਅਲਾਓ' ਨਹੀਂ ਕਰਦਾ, ਇਹ ਤਾਂ ਬਾਬਾ ਜੀ ਤੁਸੀਂ ਹੀ ਹੋ, ਜਿਹੜੇ ਕੈਨੇਡਾ ਤੋਂ ਵੀ ਹਰ ਵਾਰ 'ਮਾਮਾ' ਦਾ ਹਾਲ ਪੁੱਛਦੇ ਰਹਿੰਦੇ ਹੋ। ਫੇਰ ਅਸੀਂ ਕਿੰਨਾ ਹੀ ਚਿਰ ਉਸ ਦੇ ਸਟੱਡੀ ਰੂਮ ਵਿਚ ਬੈਠੇ ਗੱਲਾਂ ਕਰਦੇ ਰਹੇ।
"ਮੈਂ ਚਾਹ ਬਣਾਉਣ ਵਿਚ ਵਕਤ ਖ਼ਰਾਬ ਨਹੀਂ ਕਰਨਾ ਚਾਹੁੰਦਾ, ਫ਼ਿਲਹਾਲ ਇਨ੍ਹਾਂ ਬਿਸਕੁਟਾਂ ਦਾ ਟੇਸਟ ਦੱਸੋ। ਇਹ, ਪੈਰਿਸ ਤੋਂ ਆਇਆ ਕੋਈ ਦੋਸਤ ਦੇ ਗਿਆ ਸੀ। ਮੈਂ ਇਹ ਡੱਬਾ ਹੁਣੇ ਖੋਲ੍ਹਿਆ ਏ।" ਇਹ ਕਹਿ ਕੇ ਉਸ ਨੇ ਹੋਰ ਬਹੁਤ ਸੁਹਣਾ ਤੇ ਨਵੇਕਲਾ ਜਿਹਾ ਖਾਣ (ਪੀਣ ਦਾ ਨਹੀਂ) ਦਾ ਸਾਮਾਨ ਮੇਰੇ ਅੱਗੇ ਲਿਆ ਰੱਖਿਆ। ਉਹ ਨਹੀਂ ਰਿਹਾ, ਸਾਡੇ ਦੋਹਾਂ ਦੇ ਸਾਂਝੇ ਦੋਸਤਾਂ ਦੇ ਅਫ਼ਸੋਸ ਗੁੰਨ੍ਹੇਂ ਸੁਨੇਹੇ ਆ ਰਹੇ ਹਨ। ਮੈਂ ਉਸ ਬਾਰੇ ਚਾਰ ਕੁ ਗੱਲਾਂ ਆਪਣੇ ਨਿੱਜੀ ਅਨੁਭਵ ਦੇ ਆਧਾਰ 'ਤੇ ਕਰਨੀਆਂ ਚਾਹਾਂਗਾ।
ਉਹ ਹੁਣ ਘਰ ਰਹਿੰਦਾ ਸੀ, ਪਰ ਉਸ ਨੇ ਆਪਣੇ ਕੰਪਿਊਟਰ ਰਾਹੀਂ, ਪਤਾ ਨਹੀਂ ਕਿੰਨੀਆਂ ਸੂਚਨਾ ਸੇਵਾਵਾਂ ਦੇ ਨੱਕੇ ਆਪਣੇ ਘਰ ਵੱਲ਼ ਮੋੜੇ ਹੋਏ ਸਨ। ਮੈਂ ਇਹ ਕਾਲਮ ਸ਼ੁਰੂ ਕਰਨ ਮਗਰੋਂ ਹੀ ਉਸ ਨੂੰ ਦੱਸਿਆ ਸੀ, ਪਰ ਹੁਣ ਲੱਗਦਾ ਸੀ ਕਿ ਉਸ ਨੂੰ ਮੇਰਾ ਕਾਲਮ ਇੰਨਾ ਜ਼ਿਆਦਾ ਪਸੰਦ ਆ ਚੁੱਕਾ ਸੀ ਕਿ ਉਸ ਨੇ ਇਸ ਨੂੰ ਪਾਲ਼ਣ ਤੇ ਚਮਕਾਉਣ ਦੀ ਜ਼ਿੰਮੇਵਾਰੀ ਆਪੇ ਹੀ ਲੈ ਲਈ ਸੀ। ਉਹ ਇਕ ਪਾਸੇ 'ਵਟਸਐਪ' ਉੱਤੇ ਕੁੱਝ ਭੇਜ ਰਿਹਾ ਹੁੰਦਾ, ਇਕ ਪਾਸੇ ਫੋਨ 'ਤੇ ਮੈਨੂੰ ਕੁੱਝ ਦੱਸ ਰਿਹਾ ਹੁੰਦਾ ਤੇ ਨਾਲ਼ ਹੀ 'ਮੈਸੈਂਜਰ' ਉੱਤੇ ਕੁੱਝ ਪੇਸਟ ਕਰ ਰਿਹਾ ਹੁੰਦਾ। ਉਸ ਦਾ 'ਸਰਚ' ਕੀਤਾ ਹੋਇਆ ਸਾਰਾ 'ਮਾਲ' ਮੈਨੂੰ ਪੜ੍ਹਨਾ ਵੀ ਔਖਾ ਹੋ ਜਾਂਦਾ। ਉਸੇ ਨੇ ਹੀ ਮੈਨੂੰ ਦੱਸਿਆ ਸੀ ਕਿ ਕੈਨੇਡਾ ਵਿਚ ਇਕ ਸ਼ਹਿਰ ਹੈ, ਜਿਸ ਦੀ ਅਬਾਦੀ ਚਾਰ ਜੀਅ ਹੀ ਹਨ।
"ਇਹ ਸ਼ਹਿਰ ਲੱਭੋ ਤੇ 'ਸ਼ਬਦੰਗਲ' ਵਿਚ ਸਜਾ ਦਿਓ," ਉਸ ਨੇ ਫੋਨ 'ਤੇ ਕਿਹਾ ਸੀ। ਉਹ ਜੇ ਹੁੰਦਾ ਤਾਂ ਮੈਂ ਉਸ ਨੂੰ ਇਹ ਪੁੱਛਦਾ, "ਮੈਂ ਤੇਰੀਆਂ ਫ਼ਰਮਾਇਸ਼ਾਂ ਪੂਰੀਆਂ ਕਰਾਂ ਕਿ ਤੇਰੇ ਤੇ ਤੇਰੇ ਵਰਗੇ ਹੀ ਹੋਰਨਾਂ ਦੇ ਸੋਗਨਾਮੇਂ ਲਿਖਾਂ?" ਸੱਚੀਂ, ਉਸ ਵੱਲੋਂ ਸੁਝਾਏ ਹੋਏ ਕਈ ਲੇਖ ਮੈਂ ਹਾਲੇ ਲਿਖਣੇ ਸਨ ਕਿ 'ਤੁਮਹੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ...'। ਹੁਣ ਮੈਨੂੰ ਪੱਤਰਕਾਰੀ ਦੇ ਮਾਹਰਾਨਾ ਸੁਝਾਅ ਕੌਣ ਦਿਆ ਕਰੇਗਾ? ਉਹ ਇਹੋ ਜਿਹਾ ਬੰਦਾ ਸੀ ਕਿ ਜਿਸ ਵੱਲੋਂ ਕੀਤੀ ਹੋਈ ਤਾਰੀਫ਼, ਸਾਰੇ ਜਹਾਨ ਵੱਲੋਂ ਕੀਤੀ ਹੋਈ ਲੱਗਦੀ ਹੁੰਦੀ ਸੀ ਤੇ ਉਸ ਵੱਲੋਂ ਕੀਤੀ ਹੋਈ ਆਲੋਚਨਾ ਕਿਸੇ ਨੂੰ ਖੜ੍ਹੇ-ਖੜੋਤੇ ਵੀ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਦਰਸ਼ਨ ਕਰਾ ਸਕਦੀ ਸੀ। ਮੈਨੂੰ ਖ਼ੁਸ਼ੀ ਹੈ ਕਿ ਉਸ ਦੀ ਤੇ ਮੇਰੀ ਦੋਸਤੀ ਦਾ ਆਧਾਰ ਪੱਤਰਕਾਰੀ ਤੇ ਲਿਖਣ ਸਬੰਧੀ ਕਲਾ ਹੀ ਸੀ। ਓਦਾਂ ਅਹੁਦੇ ਦੇ ਪੱਖ ਤੋਂ ਉਹ ਮੇਰੇ ਨਾਲ਼ੋਂ ਕਈ ਕੁਰਸੀਆਂ ਉੱਚਾ ਸੀ। ਅਸੀਂ ਆਪਣੇ ਕਸਬ ਦੇ ਆਧਾਰ 'ਤੇ ਹੀ ਇਕ-ਦੂਜੇ ਨੂੰ ਹਾਸਲ ਕਰ ਸਕੇ ਸਾਂ।
ਮੇਰੀ ਈਮੇਲ ਆਈ ਡੀ 'ਬਾਬਾਬੈਕਸ' ਤੋਂ ਸ਼ੁਰੂ ਹੁੰਦੀ ਹੈ, ਜਿਸ ਕਰ ਕੇ ਉਹ ਹਮੇਸ਼ਾ ਮੈਨੂੰ ਛੇੜਖਾਨੀ ਜਿਹੀ ਨਾਲ਼, 'ਬਾਬਾ ਬੈਕਸ ਜੀ' ਕਹਿ ਕੇ ਹੀ ਬੁਲਾਉਂਦਾ ਹੁੰਦਾ ਸੀ। ਕੈਨੇਡਾ ਵਿਚ ਸਾਡੇ ਸ਼ਹਿਰ ਦੇ ਗੁਆਂਢ ਵਿਚ ਕੇ ਜੇ ਸਿੰਘ ਦੇ ਮਾਸੀ ਜੀ ਰਹਿੰਦੇ ਹਨ। "ਮਾਸੀ ਨੂੰ ਕਹੋ ਕਿ ਉਹ ਫੋਨ ਰੱਖੇ, ਅਸੀਂ ਫੋਨ ਕਰ ਰਹੇ ਹਾਂ, ਪਰ ਉਨ੍ਹਾਂ ਦਾ ਫੋਨ ਬਿੱਜ਼ੀ ਆ ਰਿਹਾ ਹੈ," ਕੇ ਜੇ ਸਿੰਘ ਨੇ ਇਕ ਦਿਨ ਫੋਨ 'ਤੇ ਮੈਨੂੰ ਕਿਹਾ। ਮੈਂ ਚੰਗੀ ਤਰ੍ਹਾਂ ਹੈਰਾਨ ਵੀ ਨਹੀਂ ਹੋ ਸਕਿਆ ਸਾਂ ਕਿ ਉਸ ਨੇ ਕਿਹਾ, "ਐਬਸਫੋਰਡ ਰਹਿੰਦੇ ਆ।" ਮੈਂ ਇਹ ਪੁੱਛਣ ਹੀ ਲੱਗਾ ਸਾਂ, "ਉਨ੍ਹਾਂ ਦੇ ਘਰ ਜਾ ਕੇ ਕਹਿ ਆਵਾਂ?" ਕਿ ਕੇ ਜੇ ਸਿੰਘ ਨੇ ਕਿਹਾ, "ਪੈੱਨ-ਪੇਪਰ ਚੁੱਕੋ ਬਾਬਾ ਜੀ ਤੇ ਉਨ੍ਹਾਂ ਦਾ ਫੋਨ ਨੰਬਰ ਲਿਖੋ।" ਉਨ੍ਹਾਂ ਦੀ ਮਾਸੀ ਦੇ ਘਰ ਫੋਨ ਕੀਤਾ ਤਾਂ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ 'ਕਰਨ ਜੀਤ' ਤੋਂ 'ਕੇ ਜੇ' ਬਣੇ ਇਸ ਬੰਦੇ ਨੂੰ ਘਰ ਵਿਚ 'ਕੁੱਕੀ' ਕਹਿ ਕੇ ਬੁਲਾਇਆ ਜਾਂਦਾ ਹੈ। ਉਸ ਦਿਨ ਤੋਂ ਬਾਅਦ ਮੈਂ ਵੀ ਮਖ਼ੌਲ ਨਾਲ਼ ਉਸ ਨੂੰ, ਉਸ ਦੀ ਮਾਸੀ ਦੀ ਨੂੰਹ ਦੀ ਰੀਸੇ 'ਕੁੱਕੀ ਭਾਅ ਜੀ' ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਕਦੇ ਵੀ ਇਸ ਦਾ ਬੁਰਾ ਨਹੀਂ ਮਨਾਇਆ ਸੀ।
ਸਾਡੀ ਦੋਸਤੀ ਦਾ ਮੁੱਢ ਵੱਜਿਆ ਇਸ ਗੱਲ ਤੋਂ ਕਿ ਉਹ, ਮੇਰੇ ਪਿੰਡ ਮੁਆਈ ਦੇ ਗੁਆਂਢ ਵਿਚ ਵਸਦੇ ਵੱਡੇ ਪਿੰਡ ਬਿਲਗੇ ਦਾ ਜੱਦੀ ਵਾਸੀ ਸੀ। ਮੈਂ ਉਸ ਨੂੰ ਕਦੇ 'ਸੰਘੇੜਾ ਸਾਹਬ' ਕਦੇ 'ਚੌਧਰੀ ਸਾਹਬ' ਕਹਿਣਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਸਾਡੇ ਪਿੰਡਾਂ ਦਾ ਆਪਸੀ ਗੁਆਂਢ ਮੱਥਾ ਹੈ। ਉਹ, ਉਸ ਵੇਲ਼ੇ 'ਦ ਟ੍ਰਿਬਿਊਨ' ਵਿਚ 'ਚੀਫ ਨਿਊਜ਼ ਐਡੀਟਰ' ਸੀ ਤੇ ਮੈਂ 'ਪੰਜਾਬੀ ਟ੍ਰਿਬਿਊਨ' ਵਿਚ 'ਸੀਨੀਅਰ ਸਬ ਐਡੀਟਰ' ਸਾਂ। ਮੇਰੀ ਡਿਊਟੀ 'ਸਟਾਪ ਪ੍ਰੈੱਸ' ਉੱਤੇ ਹੋਣ ਦੀ ਵਜ੍ਹਾ ਨਾਲ਼, ਮੈਂ ਸ਼ਾਮ ਨੂੰ ਜਾਂ ਦੁਪਹਿਰੋਂ ਮਗਰੋਂ ਡਿਊਟੀ ਉੱਤੇ ਜਾਂਦਾ ਹੁੰਦਾ ਸਾਂ। ਮੈਂ ਕਾਫੀ ਸਮਾਂ ਅਗੇਤਾ ਦਫ਼ਤਰ ਪਹੁੰਚ ਜਾਣ ਕਰ ਕੇ, ਅਕਸਰ ਹੀ ਇਹ ਵਾਧੂ ਸਮਾਂ ਬਿਤਾਉਣ ਖ਼ਾਤਰ ਕੇ ਜੇ ਸਿੰਘ ਦੇ ਕੈਬਿਨ ਵਿਚ ਚਲੇ ਜਾਂਦਾ। ਮੇਰੇ ਅੰਦਰ ਜਾਣ ਸਾਰ ਉਸ ਦਾ ਹੱਥ ਕਾਲ ਬੈੱਲ ਵਜਾਉਣ ਲੱਗ ਜਾਂਦਾ। ਬੈੱਲ ਵਜਾ ਕੇ ਉਸ ਨੇ ਹੱਥ ਮਿਲਾਉਣਾ ਤੇ ਤਦ ਤਕ ਆ ਚੁੱਕੇ ਮੈਸੈਂਜਰ ਨੂੰ ਮੇਰੇ ਵੱਲ ਇਸ਼ਾਰਾ ਕਰ ਕੇ ਕਹਿਣਾ, "ਇਨ੍ਹਾਂ ਨੂੰ ਜਾਣਦੇ ਹੋ?" ਫਿਰ ਜੁਆਬ ਉਡੀਕੇ ਬਗ਼ੈਰ ਹੀ ਬੜੇ ਨਖ਼ਰੇ ਜਿਹੇ ਨਾਲ਼ ਕਹਿਣਾ, "ਇਹ 'ਬਾਬਾਬੈਕਸ' ਨੇ, ਇਹ ਮੇਰੇ ਪਿੰਡ ਤੋਂ ਹਨ, ਇਨ੍ਹਾਂ ਨੂੰ ਵਧੀਆ ਜਿਹੀ ਚਾਹ ਪਿਆਉਣੀ ਹੈ।" ਮੈਸੈਂਜਰ ਆਰਡਰ ਲੈ ਕੇ ਚਲਿਆ ਜਾਂਦਾ ਤਾਂ ਉਸ ਨੇ ਆਪਣੇ ਮੇਜ਼ ਦੇ ਦਰਾਜ਼ ਵਿਚੋਂ ਵਧੀਆ ਜਿਹੀ ਕੁਆਲਿਟੀ ਦੇ ਬਿਸਕੁਟਾਂ ਦਾ ਪੈਕਿਟ ਖੋਲ੍ਹ ਕੇ ਮੇਜ਼ ਉੱਤੇ ਰੱਖਦਿਆਂ ਕਹਿਣਾ, "ਜਦ ਤਕ ਚਾਹ ਆਉਂਦੀ ਹੈ, ਇਨ੍ਹਾਂ ਦਾ ਟੇਸਟ ਕਰਦਿਆਂ ਚਾਹ ਦੀ ਉਡੀਕ ਕਰੋ।"
ਚਾਹ ਪੀਂਦਿਆਂ ਕੁੱਝ ਲਤੀਫ਼ੇ ਵਟਾਉਣੇ-ਸੁਣਾਉਣੇ, ਅਖ਼ਬਾਰ ਦੇ ਕੁੱਝ ਹੈੱਡਿੰਗਜ਼, ਕੁੱਝ ਕਮੀਆਂ-ਖ਼ਾਮੀਆਂ ਦੀਆਂ ਗੱਲਾਂ ਕਰਨੀਆਂ। ਹੈੱਡਿੰਗਜ਼ ਤੋਂ ਚੇਤਾ ਆ ਗਿਆ, ਕੇ ਜੇ ਸਿੰਘ ਨੂੰ ਕਿਸੇ ਵੀ ਖ਼ਬਰ ਨੂੰ ਬਹੁਤ ਹੀ 'ਕੈਚੀ' ਅਤੇ 'ਖ਼ਾਸ' ਅਰਥ ਦੇਣ ਵਾਲ਼ਾ ਸਿਰਲੇਖ ਦੇਣ ਵਿਚ ਬੜੀ ਮੁਹਾਰਤ ਸੀ। ਜਦੋਂ ਕੈਨੇਡਾ ਵਿਚ ਜਸਟਿਨ ਟਰੂਡੋ ਦੀ ਸਰਕਾਰ ਬਣੀ ਤਾਂ ਕੇਜੇ ਸਿੰਘ ਨੇ ਮੈਨੂੰ ਭੇਜੇ ਲਿਖਤੀ ਸਨੇਹੇ ਵਿਚ ਏਦਾਂ ਲਿਖਿਆ, "ਜੇ ਆਪਾਂ ਇਸ ਵੇਲ਼ੇ ਕਿਸੇ ਅਖ਼ਬਾਰ ਵਿਚ ਕੰਮ ਕਰਦੇ ਹੁੰਦੇ ਤਾਂ ਆਪਾਂ 'ਟਰੂਡੋ' ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ 'ਤੇ ਇਹ ਹੈੱਡਲਾਈਨ ਦੇਣੀ ਸੀ:
'ਜਸਟ-ਇਨ-ਟਰੂਡੋ'
ਉਹ ਅਖ਼ਬਾਰ ਦਾ ਮੁੱਖ ਪੰਨਾ ਬਣਾਉਣ ਵਿਚ ਖ਼ਾਸ ਤੌਰ 'ਤੇ ਮਾਹਰ ਤਾਂ ਸੀ ਹੀ, ਉਸ ਨੂੰ ਪੰਨੇ ਬਣਾਉਣ ਵੇਲ਼ੇ ਚਾਅ ਵੀ ਬਹੁਤ ਚੜ੍ਹਿਆ ਹੁੰਦਾ ਸੀ। ਉਹ ਇਕ 'ਡੰਮੀ ਜਿਹਾ' ਪੇਜ ਬਣਾ ਕੇ ਉਸ ਦਾ ਪ੍ਰਿੰਟ ਆਊਟ ਆਪਣੇ ਨਾਲ਼ ਪੇਜ ਮੇਕਿੰਗ ਵਿਭਾਗ ਵਿਚ ਲੈ ਜਾਂਦਾ ਹੁੰਦਾ ਸੀ ਤੇ ਪੇਜ ਬਣਾਉਣ ਵਾਲ਼ੇ ਨੂੰ ਉਹ ਪ੍ਰਿੰਟ ਆਊਟ ਦੇ ਕੇ, ਉਸ ਦਾ ਕੰਮ ਹੋਰ ਵੀ ਸੌਖਾ ਕਰ ਦਿੰਦਾ ਹੁੰਦਾ ਸੀ। ਕੰਮ ਕਰਨ ਦੇ ਇਸ ਚਾਅ ਨੇ ਉਸ ਨੂੰ ਪੂਰੇ ਅਖ਼ਬਾਰੀ ਅਮਲੇ ਵਿਚ ਬਹੁਤ ਜ਼ਿਆਦਾ ਮਾਣ-ਤਾਣ ਵੀ ਦੁਆਇਆ ਸੀ। ਮੈਂ ਉਸ ਬਾਰੇ ਲਿਖਦਿਆਂ ਅਤੇ ਗੱਲਾਂ ਕਰਦਿਆਂ ਕਈ ਘੰਟੇ ਬਿਤਾ ਸਕਦਾ ਹਾਂ, ਪਰ...।
ਮੈਨੂੰ ਹੌਲ਼ੀ-ਹੌਲ਼ੀ ਪਤਾ ਲੱਗਿਆ ਸੀ ਕਿ ਉਹ ਪੱਛਮੀ ਸੰਗੀਤ ਸੁਣਨ ਦਾ ਸ਼ੌਕੀਨ ਸੀ, ਪਰ ਉਸ ਨੇ ਇਹ ਸ਼ੌਕ, ਆਪਣੇ ਕਿੱਤੇ ਉੱਤੇ ਸਵਾਰ ਨਹੀਂ ਹੋਣ ਦਿੱਤਾ ਸੀ। ਉਸ ਦੇ ਕਤਲ ਦੀ ਖ਼ਬਰ ਜਿਉਂ-ਜਿਉਂ ਫੈਲੀ, ਅਫ਼ਸੋਸ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ। 'ਇੰਡੀਅਨ ਐਕਸਪ੍ਰੈੱਸ, ਵਿਚ ਕੰਮ ਕਰਨ ਦੌਰਾਨ, ਸੰਪਾਦਨ-ਕਲਾ ਵਿਚ ਉਸ ਦੀ ਟੱਕਰ ਦੇ ਸੰਪਾਦਕ ਰਹੇ ਅਤੇ 'ਡੈਕਨ ਹੇਰਾਲਡ' ਦੇ ਸਾਬਕਾ ਐਡੀਟਰ ਏ ਵੀ ਐੱਸ ਨੰਬੂਦਰੀ ਨੇ ਉਸ ਬਾਰੇ ਏਦਾਂ ਲਿਖਿਆ, "ਬਹੁਤ ਔਖ ਮਹਿਸੂਸ ਕਰ ਰਿਹਾ ਹਾਂ।ਇਸ ਤਰ੍ਹਾਂ ਹੋ ਜਾਣ ਬਾਰੇ ਕੋਈ ਸੋਚ ਵੀ ਕਿੱਦਾਂ ਸਕਦਾ ਏ? ਸਭ ਤੋਂ ਭਿਆਨਕ ਗੱਲ ਤਾਂ ਇਹ ਹੈ ਕਿ ਉਸ ਨੇ ਇਸ ਸਭ ਕੁੱਝ ਨਾਲ਼ ਸਿੱਝਿਆ ਕਿੱਦਾਂ ਹੋਵੇਗਾ! ਰੱਬ ਤੇਰੀ ਰੂਹ ਨੂੰ ਸ਼ਾਂਤ ਰੱਖੇ ਭਰਾਵਾ!!"
ਨਿਰੂਪਮਾ ਦੱਤ ਨੇ ਇਹ ਵੇਰਵੇ ਦਿੰਦਿਆਂ ਅੱਗੇ ਲਿਖਿਆ ਹੈ, "ਮੇਰੇ ਵੱਲੋਂ ੧੯੭੭ ਵਿਚ, ਚੰਡੀਗੜ੍ਹ 'ਚ 'ਇੰਡੀਅਨ ਐਕਸਪ੍ਰੈੱਸ' ਵਿਚ 'ਟਰੇਨੀ ਸਬ ਐਡੀਟਰ' ਵਜੋਂ ਕੰਮ ਸ਼ੁਰੂ ਕਰਨਾ ਸ਼ੁਰੂ ਕਰਨ ਤੋਂ ਕੁੱਝ ਹੀ ਮਹੀਨਿਆਂ ਮਗਰੋਂ ਕੇ ਜੇ ਅਤੇ ਨੰਬੂਦਰੀ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਦਿੱਲੀ ਵਿਚ 'ਦ ਵੀਕ' ਦੇ ਸੀਨੀਅਰ ਐਡੀਟਰ ਵਿਜਯਾ ਨੇ ਲਿਖਿਆ ਕਿ ਉਨ੍ਹੀਂ ਦਿਨੀਂ ਕੇ ਜੇ ਸਿੰਘ ਬਹੁਤ ਹੀ ਸਭਿਅਕ ਅਤੇ ਸਿਆਣਾ ਜਿਹਾ ਲੱਗਦਾ ਹੁੰਦਾ ਸੀ। ਸ਼ੁਰੂ ਤੋਂ ਹੀ ਕੇ ਜੇ ਬਹੁਤ ਹੀ ਚੁੱਪ ਜਿਹਾ ਤੇ ਮਿੱਠ ਬੋਲੜਾ ਸੀ, ਜਿਹੜਾ ਆਪਣੇ ਕੰਮ ਨਾਲ਼ ਕੰਮ ਰੱਖਦਾ ਹੁੰਦਾ ਸੀ। ਇਹੋ ਜਿਹੇ ਬੰਦੇ ਨੂੰ ਕਤਲ ਕਰਨ ਬਾਰੇ ਸੋਚਿਆ ਵੀ ਕਿੱਦਾਂ ਜਾ ਸਕਦੈ!"
ਕੇ ਜੇ ਸਿੰਘ ਨੇ 63-64 ਸਾਲਾਂ ਦਾ ਹੋ ਕੇ ਵੀ ਵਿਆਹ ਨਹੀਂ ਕਰਾਇਆ ਸੀ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਉਸ ਨੂੰ ਵਿਆਹ ਬਾਰੇ ਕੋਈ ਇਲਮ ਹੀ ਨਹੀਂ ਸੀ। ਇਕ ਵਾਰ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਬਹੁਤ ਸਾਰੇ ਰਿਸ਼ਤੇ ਆਏ, ਪਰ ਇਹੋ ਜਿਹਾ ਕੋਈ ਰਿਸ਼ਤਾ ਨਾ ਆਇਆ, ਜਿਹੜਾ ਉਸ ਦੇ ਯਤ-ਸਤ ਨੂੰ ਲੀਰੋ-ਲੀਰ ਕਰ ਸੁੱਟਦਾ। ਓਦਾਂ ਉਸ ਨੇ ਇਸ਼ਕ ਦਾ ਆਨੰਦ ਜ਼ਰੂਰ ਮਾਣਿਆ ਹੋਇਆ ਸੀ। ਉਹ ਸਾਥ ਤੋਂ ਵਾਂਝਾ ਰਹਿ ਕੇ ਵੀ ਹੱਸਣ-ਹਸਾਉਣ ਵਾਲ਼ਾ ਬੰਦਾ ਸੀ। ਉਸ ਦੇ ਸਾਥ ਵਿਚ ਕਿਸੇ ਦੇ 'ਬੋਰ' ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਉਸ ਨੇ 'ਟਾਈਮਜ਼ ਆਫ ਇੰਡੀਆ' ਵਿਚ ਨਿਊਜ਼ ਐਡੀਟਰ ਵਜੋਂ ਅਤੇ 'ਦ ਟ੍ਰਿਬਿਊਨ' ਵਿਚ ਚੀਫ ਨਿਊਜ਼ ਐਡੀਟਰ ਵਜੋਂ ਕੰਮ ਕੀਤਾ ਹੋਇਆ ਸੀ, ਪਰ ਨਿਰੂਪਮਾ ਦੱਤ ਦੇ ਕਹਿਣ ਮੁਤਾਬਕ, ਉਸ ਵੱਲੋਂ 'ਇੰਡੀਅਨ ਐਕਸਪ੍ਰੈੱਸ' ਵਿਚ ਬਿਤਾਇਆ ਹੋਇਆ ਸਮਾਂ ਉਸ ਦਾ ਹਾਸਲ ਸੀ।
ਇਹੋ ਜਿਹਾ ਤਜਰਬਾਕਾਰ ਅਤੇ ਸਰਬਪੱਖੀ ਸੰਪਾਦਕ ਬਣਨ ਲਈ ਸ਼ਾਇਦ ਕਈ ਸਦੀਆਂ ਵੀ ਘੱਟ ਹੀ ਹੋਣ।#

