ਸ਼ਬਦੰਗਲ-23


ਕਰਟਨ ਰੇਜ਼ਰ


ਬੜੀਆਂ ਗੁੰਜਾਇਸ਼ਾਂ ਦਿਸਣਗੀਆਂ ਪੰਜਾਬ ਭਵਨ ਸਰੀ ਵਿਚ
 ਹੋਣ ਵਾਲ਼ੇ
 ਪੰਜਾਬੀ ਸਾਹਿਤ ਅਤੇ ਸਭਿਆਚਾਰ ਸੰਮੇਲਨ ਵਿਚ


=================================


ਹੁਣ ਤਕ ਪੰਜਾਬੀ ਸਾਹਿਤ ਅਤੇ ਸਭਿਆਚਾਰ ਬਾਰੇ ਜਿੰਨੀਆਂ ਵੀ ਕਾਨਫ਼ਰੰਸਾਂ ਜਾਂ ਸੰਮੇਲਨਾਂ ਵਿਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ, ਉਨ੍ਹਾਂ ਵਿਚ ਬਹੁਤਾ ਕਰ ਕੇ ਇਹੋ ਗੱਲ ਸਾਹਮਣੇ ਆਈ ਹੈ ਕਿ ਉਹ ਕਾਨਫ਼ਰੰਸਾਂ ਕਰਾਉਂਦੇ ਦਿਸਦੇ ਬੰਦੇ ਹੋਰ ਹੁੰਦੇ ਹਨ ਜਦ ਕਿ ਅਸਲ ਵਿਚ ਉਨ੍ਹਾਂ ਦੇ ਰੂਹਿ-ਰਵਾਂ ਹੋਰ ਬੰਦੇ ਹੁੰਦੇ ਹਨ। ਬਹੁਤੀ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਬਹੁਤੀਆਂ ਕਾਨਫ਼ਰੰਸਾਂ ਕਰਾਉਣ ਵਾਲ਼ੇ ਗੁੱਝੇ ਬੰਦਿਆਂ ਦਾ ਸਾਹਿਤ ਅਤੇ ਸਭਿਆਚਾਰ ਨਾਲ਼ ਕੋਈ ਲੈਣ-ਦੇਣ ਨਹੀਂ ਹੁੰਦਾ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਸੰਸਥਾਵਾਂ ਨੂੰ ਉਹ ਕਾਨਫ਼ਰੰਸਾਂ ਕਰਾਉਣ ਲਈ ਜ਼ਿੰਮੇਵਾਰ ਦਰਸਾਇਆ ਹੋਇਆ ਹੁੰਦਾ ਸੀ, ਉਨ੍ਹਾਂ ਦੇ ਨਾਂ ਹੀ ਵਰਤੇ ਗਏ ਹੁੰਦੇ ਸਨ, ਅਸਲ ਵਿਚ ਸਾਰੀਆਂ ਕਾਰਵਾਈਆਂ ਦੀ ਡੋਰ ਕਿਸੇ ਵਪਾਰਕ ਅਦਾਰੇ ਦੇ, ਸ਼ੀਸ਼ ਮਹੱਲ ਵਰਗੇ ਦਫ਼ਤਰ ਵਿਚ ਬੈਠੇ ਕਿਸੇ ਇਕ ਬੰਦੇ ਦੇ ਹੱਥ ਹੀ ਹੁੰਦੀ ਸੀ। ਕਈ ਕਾਨਫ਼ਰੰਸਾਂ ਵਿਚ ਇਹੋ ਜਿਹੇ ਬੰਦਿਆਂ ਨੂੰ ਸਾਹਿਤ ਅਤੇ ਸਭਿਆਚਾਰ ਦੇ ਦਰਦੀਆਂ ਵਜੋਂ ਦਿਖਾਉਣ ਦੇ ਸੁਚੇਤ ਹੀਲੇ ਕੀਤੇ ਜਾਂਦੇ ਵੀ ਸਾਫ਼-ਸਾਫ਼ ਦਿਸਦੇ ਰਹੇ ਹਨ।
ਸਰੀ ਦੇ ਪੰਜਾਬ ਭਵਨ ਵਿਚ 7 ਅਤੇ 8 ਅਕਤੂਬਰ (2017) ਨੂੰ ਕਰਾਏ ਜਾ ਰਹੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਸੰਮੇਲਨ (ਉੱਤਰੀ ਅਮਰੀਕਾ) ਦੀਆਂ ਕਈ ਗੱਲਾਂ, ਪਿਛਲੀਆਂ ਕਾਨਫ਼ਰੰਸਾਂ ਤੋਂ ਅਲੱਗ ਹੋਣ ਦੀਆਂ ਸੰਭਾਵਨਾਵਾਂ ਹਨ। ਇਹ ਸੰਮੇਲਨ ਕਿਸੇ ਇਕ ਸਾਹਿਤ ਸਭਾ ਜਾਂ ਸਾਹਿਤਕ ਸੰਸਥਾ ਵੱਲੋਂ ਨਹੀਂ ਕਰਾਇਆ ਜਾ ਰਿਹਾ, ਪਰ ਵੈਨਕੂਵਰ ਅਤੇ ਲੋਅਰ ਮੇਨਲੈਂਡ ਦੀ ਇਹੋ ਜਿਹੀ ਸ਼ਾਇਦ ਹੀ ਕੋਈ ਸਾਹਿਤਕ ਜਾਂ ਸਭਿਆਚਾਰਕ ਸੰਸਥਾ ਹੋਵੇਗੀ, ਜਿਸ ਨੇ ਇਹ ਸੰਮੇਲਨ ਕਰਾਉਣ ਵਿਚ 'ਸਹਿਯੋਗ' ਨਾ ਦਿੱਤਾ ਹੋਵੇ। ਕਿਰਪਾ ਕਰ ਕੇ ਇੱਥੇ 'ਸਹਿਯੋਗ' ਸ਼ਬਦ ਦੇ ਉੱਤੇ ਪਾਏ ਹੋਏ ਕੌਮਿਆਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਕਿਉਂ ਕਿ ਇਸ 'ਸਹਿਯੋਗ' ਦਾ ਅਰਥ 'ਪੈਸੇ-ਟਕੇ ਵਾਲ਼ਾ ਸਹਿਯੋਗ' ਨਾ ਸਮਝਦਿਆਂ 'ਵਿਚਾਰਕ ਸਹਿਯੋਗ' ਹੀ ਸਮਝਿਆ ਜਾਵੇ। ਇਕ ਤਰ੍ਹਾਂ ਨਾਲ਼ ਸਾਰੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ, 'ਪੰਜਾਬ ਭਵਨ' ਨਾਂ ਦੇ ਮੰਚ ਉੱਤੇ ਇਕੱਠੀਆਂ ਕਰਨ ਦਾ ਅਹਿਮ ਕਾਰਜ ਤਾਂ ਇਹ ਸੰਮੇਲਨ, ਇਸ ਨੂੰ ਕਰਾਏ ਜਾਣ ਤੋਂ ਵੀ ਪਹਿਲਾਂ ਹੀ ਕਰ ਗਿਆ ਹੈ। 
ਇਸ ਸੰਮੇਲਨ ਬਾਰੇ ਇਕ ਹੋਰ ਗੱਲ ਸਪੱਸ਼ਟ ਕਰਨੀ ਵੀ ਬਹੁਤ ਲਾਜ਼ਮੀ ਹੈ ਕਿ ਇਹ ਸਮਾਗਮ ਆਲਮੀ ਜਾਂ ਕੌਮਾਂਤਰੀ ਨਹੀਂ ਹੈ ਤੇ ਇਸ ਨੂੰ ਹਾਲੇ ਉੱਤਰੀ ਅਮਰੀਕਾ ਤਕ ਹੀ ਸੀਮਤ ਰੱਖਿਆ ਗਿਆ ਹੈ। ਇਸ ਵਿਚ ਗੱਲਾਂ-ਬਾਤਾਂ ਪੰਜਾਬ ਦੇ ਸਭਿਆਚਾਰ ਅਤੇ ਪੰਜਾਬ ਦੀ ਬੋਲੀ ਦੀਆਂ ਹੀ ਹੋਣੀਆਂ ਹਨ ਤਾਂ ਇਸ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ਼ ਸਬੰਧਤ ਸ਼ਖ਼ਸੀਅਤਾਂ ਦੀ ਹਾਜ਼ਰੀ ਵੀ ਹੋਣੀ ਚਾਹੀਦੀ ਸੀ। ਇਹ ਘਾਟ ਮਿਟਾਉਣ ਦਾ ਹੀਲਾ ਕਰਦਿਆਂ, ਪੰਜਾਬ ਤੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ, ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਸੁਰਜੀਤ ਪਾਤਰ, ਗੁਰਭਜਨ ਗਿੱਲ ਖ਼ਾਸ ਮਹਿਮਾਨ ਵਜੋਂ ਤੇ ਸਾਹਿਤ ਅਕੈਡਮੀ, ਦਿੱਲੀ ਦੇ ਸਕੱਤਰ ਗੁਰਭੇਜ ਗੁਰਾਇਆ ਦੇ ਵੀ ਖ਼ਾਸ ਮਹਿਮਾਨ ਵਜੋਂ ਹੀ ਆਉਣ ਦੀਆਂ ਖ਼ਬਰਾਂ ਪੱਕੀਆਂ ਹਨ। ਇਹ ਲੇਖ ਛਪਣ ਲਈ ਭੇਜਿਆ ਹੀ ਜਾਣ ਲੱਗਿਆ ਸੀ ਕਿ ਵਜ੍ਹਾ ਭਾਵੇਂ ਕੋਈ ਵੀ ਰਹੀ ਹੋਵੇ, ਗੁਰਭੇਜ ਗੁਰਾਇਆ ਦਾ ਆਉਣਾ ਅਜੇ ਕੱਚਾ-ਪੱਕਾ ਜਿਹਾ ਹੀ ਹੋ ਗਿਆ ਹੈ। ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਤੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਵੀ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਕੈਨੇਡਾ ਪੁੱਜ ਚੁੱਕੇ ਹਨ। ਜੀ. ਜੀ. ਐੱਨ. ਖ਼ਾਲਸਾ ਕਾਲਜ, ਲੁਧਿਆਣਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਰਬਜੀਤ ਸਿੰਘ ਵੀ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਆ ਰਹੇ ਹਨ।
ਇਸ ਤੋਂ ਇਲਾਵਾ ਇਸ ਸਮਾਗਮ ਦਾ ਫੋਕੱਸ ਉੱਤਰੀ ਅਮਰੀਕਾ ਵੱਲ ਹੀ ਹੋਣ ਦੀ ਵਜ੍ਹਾ ਨਾਲ਼ ਬਹੁਤੇ ਮਹਿਮਾਨ ਉੱਤਰੀ ਅਮਰੀਕਾ ਤੋਂ ਹੀ ਆਉਣ ਦੇ ਆਸਾਰ ਹਨ। ਉੱਤਰੀ ਅਮਰੀਕਾ ਤੋਂ ਜਿਨ੍ਹਾਂ ਮਹਿਮਾਨਾਂ ਦੇ ਆਉਣ ਦੀਆਂ ਖ਼ਬਰਾਂ ਪੱਕੀਆਂ ਹਨ, ਉਨ੍ਹਾਂ ਵਿਚ ਹਰਜਿੰਦਰ ਕੰਗ, ਚਰਨਜੀਤ ਸਿੰਘ ਪੰਨੂ, ਰਾਜ ਲਾਲੀ, ਰਾਜਿੰਦਰ ਜੀਂਦ, ਸੰਤੋਖ ਮਿਨਹਾਸ, ਸੁਰਿੰਦਰ ਸੀਰਤ, ਮੁਹਿੰਦਰਦੀਪ ਗਰੇਵਾਲ, ਜਗਜੀਤ ਨੌਸ਼ਹਿਰਵੀ, ਗੁਲਸ਼ਨ ਦਿਆਲ, ਮਨਜੀਤ ਕੇ. ਗਿੱਲ, ਸੁਰਜੀਤ ਕੌਰ, ਨੀਲਮ ਸੈਣੀ, ਦਿਲਬਰ ਦਿਲ ਨਿੱਜਰ, ਮੁਹਿੰਦਰ ਸਿੰਘ ਘੱਗ, ਅਜਮੇਰ ਗੋਗੀ ਸੰਧੂ, ਇੰਦਰਜੀਤ ਸ. ਗਰੇਵਾਲ, ਬਲਿਹਾਰ ਸਿੰਘ ਲੇਹਲ ਅਤੇ ਜੰਗ ਬਹਾਦਰ ਸ਼ਾਮਲ ਹਨ।
ਟੋਰਾਂਟੋ ਤੋਂ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਆਉਣ ਵਾਲ਼ਿਆਂ ਵਿਚ ਪ੍ਰਿੰਸੀਪਲ ਸਰਵਣ ਸਿੰਘ, ਡਾਕਟਰ ਵਰਿਆਮ ਸੰਧੂ, ਭੂਪਿੰਦਰ ਦੂਲੇ, ਪਰਮਜੀਤ ਦਿਓਲ, ਕੁਲਜੀਤ ਸ. ਜੰਜੂਆ, ਕਮਲਜੀਤ ਨੱਤ, ਰਿੰਕੂ ਭਾਟੀਆ, ਗੁਰਮਿੰਦਰ ਆਹਲੂਵਾਲੀਆ (ਲਾਲੀ), ਗੁਰਮੀਤ ਪਨਾਗ ਅਤੇ ਕੁਲਵਿੰਦਰ ਖਹਿਰਾ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਪੱਕੀਆਂ ਹਨ।
ਕੈਲਗਰੀ ਤੋਂ ਆਉਣ ਵਾਲ਼ਿਆਂ ਦੇ ਸਬੰਧ ਵਿਚ ਆਈਆਂ ਮੁਢਲੀਆਂ ਖ਼ਬਰਾਂ ਅਨੁਸਾਰ, ਨਵ ਰੰਧਾਵਾ, ਸੁਰਿੰਦਰ ਗੀਤ, ਜਸਬੀਰ ਚਾਹਲ ਅਤੇ ਬਲਜਿੰਦਰ ਸੰਘਾ ਆ ਰਹੇ ਹਨ।
ਇੱਥੇ ਇਹ ਦੱਸਣਾ ਵੀ ਸਹੀ ਰਹੇਗਾ ਕਿ ਇਸ ਸੰਮੇਲਨ ਦੇ ਉਦਘਾਟਨੀ ਸ਼ਬਦ, ਸਰੀ ਦੇ ਪ੍ਰਸਿੱਧ ਵਿਦਵਾਨ ਡਾਕਟਰ ਸਾਧੂ ਸਿੰਘ ਵੱਲੋਂ ਬੋਲੇ ਜਾਣਗੇ। ਕਵਿੰਦਰ ਚਾਂਦ ਵੱਲੋਂ ਲਿਖੀ ਹੋਈ ਕਵਿਤਾ ਉੱਤੇ ਆਧਾਰਤ ਕੋਰੀਓਗ੍ਰਾਫ਼ੀ 'ਗੁੱਡੀਆਂ' ਦੀ, 'ਗੁਰਦੀਪ ਆਰਟਸ', ਸਰੀ ਵੱਲੋਂ ਕੀਤੀ ਜਾਣ ਵਾਲ਼ੀ ਪੇਸ਼ਕਾਰੀ ਵੀ ਇਸ ਕਾਨਫ਼ਰੰਸ ਲਈ ਖਿੱਚ ਦੀ ਇਕ ਖ਼ਾਸ ਵਜ੍ਹਾ ਹੋਵੇਗੀ।
ਇਸ ਕਾਨਫ਼ਰੰਸ ਦੇ ਪ੍ਰੋਗਰਾਮਾਂ ਦੀ ਤਰਤੀਬ ਸਬੰਧੀ ਮਿਲੀ ਮੋਟੀ-ਮੋਟੀ ਜਾਣਕਾਰੀ ਅਨੁਸਾਰ, 7 ਅਕਤੂਬਰ ਨੂੰ ਪੰਜਾਬ ਭਵਨ ਯਾਨੀ 15453 ਫਰੇਜ਼ਰ ਹਾਈਵੇ, ਸਰੀ ਬੀ ਸੀ ਵਿਖੇ ਸਵੇਰੇ 8.30 ਵਜੇ ਰਜਿਸਟਰੇਸ਼ਨ ਅਤੇ ਚਾਹ-ਪਾਣੀ ਦੇ ਨਾਲ਼-ਨਾਲ਼ ਅਤੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਬਣਾਏ ਹੋਏ ਚਿੱਤਰਾਂ ਦੀ ਪ੍ਰਦਰਸ਼ਨੀ ਦੇ ਉਦਘਾਟਨ ਨਾਲ਼, ਇਹ ਸਮਾਗਮ ਸ਼ੁਰੂ ਹੋ ਜਾਵੇਗਾ। 9.30 ਵਜੇ ਸਮਾਗਮ ਦੇ ਉਦਘਾਟਨ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਇਸ ਮੌਕੇ ਦੇ ਪ੍ਰਧਾਨਗੀ ਮੰਡਲ ਵਿਚ ਸੁਰਜੀਤ ਪਾਤਰ, ਗੁਰਭਜਨ ਗਿੱਲ ਅਤੇ ਸੁੱਖੀ ਬਾਠ ਸ਼ਾਮਲ ਹੋਣਗੇ। ਉਦਘਾਟਨੀ ਸ਼ਬਦ ਡਾ. ਸਾਧੂ ਸਿੰਘ ਵੱਲੋਂ ਕਹੇ ਜਾਣਗੇ। ਉਦਘਾਟਨੀ ਭਾਸ਼ਨ ਸੁਰਜੀਤ ਪਾਤਰ ਕਰਨਗੇ ਜਦੋਂ ਕਿ ਸੁਆਗਤੀ ਭਾਸ਼ਨ ਸੁੱਖੀ ਬਾਠ ਕਰਨਗੇ। ਇਸ ਮੌਕੇ 'ਤੇ ਗੁਰਭਜਨ ਗਿੱਲ ਵੀ ਕੁੱਝ ਨਾ ਕੁੱਝ ਤਾਂ ਜ਼ਰੂਰ ਹੀ ਕਹਿਣਗੇ।
ਕਾਨਫ਼ਰੰਸ ਦੀਆਂ ਉਦਘਾਟਨੀ ਰਸਮਾਂ ਮਗਰੋਂ ਪਹਿਲਾ ਸੈਸ਼ਨ ਚਲਾਇਆ ਜਾਵੇਗਾ, ਜਿਸ ਦਾ ਵਿਸ਼ਾ 'ਉੱਤਰੀ ਅਮਰੀਕਾ ਵਿਚ ਨਵੀਂ ਪੀੜ੍ਹੀ ਦੇ ਸਰੋਕਾਰ ਤੇ ਸਮੱਸਿਆਵਾਂ' ਹੋਵੇਗਾ। ਇਸ ਸਬੰਧ ਵਿਚ ਪਰਚੇ ਪੜ੍ਹਨਗੇ ਜੈਕ ਖੋਸਾ ਅਤੇ ਬਲਤੇਜ ਢਿੱਲੋਂ। ਇਸ ਦੌਰਾਨ ਕੁੱਝ ਸਮੇਂ ਲਈ ਸਨਮਾਨ ਸਮਾਗਮ ਵੀ ਕੀਤਾ ਜਾਵੇਗਾ। ਇਸ ਇਜਲਾਸ ਦਾ ਦੂਜਾ ਵਿਸ਼ਾ ਹੋਵੇਗਾ 'ਉੱਤਰੀ ਅਮਰੀਕਾ ਵਿਚ ਪੰਜਾਬੀ ਸਾਹਿਤ, ਸੰਗੀਤ, ਮਨੋਰੰਜਨ ਦੀ ਸਥਿੱਤੀ ਤੇ ਸਥਾਨ', ਜਿਸ ਬਾਰੇ ਪਰਚੇ ਪੜ੍ਹਨਗੇ ਵਰਿਆਮ ਸੰਧੂ, ਰਵਿੰਦਰ ਰਵੀ, ਕੁਲਵਿੰਦਰ ਖਹਿਰਾ ਅਤੇ ਭੁਪਿੰਦਰ ਦੂਲੇ। ਦੁਪਹਿਰ ਦੀ ਰੋਟੀ ਖਾਣ ਮਗਰੋਂ ਸ਼ੁਰੂ ਹੋਣ ਵਾਲ਼ਾ ਦੂਜਾ ਇਜਲਾਸ, ਗੁਰਦੀਪ ਭੁੱਲਰ ਦੇ ਨਿਰਦੇਸ਼ਨ ਵਿੱਚ ਉਸ ਦੀ ਨਾਟਕ ਟੋਲੀ ਵੱਲੋਂ ਕਵਿੰਦਰ ਚਾਂਦ ਦੀ ਲਿਖੀ ਹੋਈ ਇਕ ਕਵਿਤਾ ਦੇ ਆਧਾਰ ਉੱਤੇ 'ਗੁੱਡੀਆਂ' ਸਿਰਲੇਖ ਹੇਠ ਇਕ ਕੋਰੀਓਗ੍ਰਾਫ਼ੀ ਪੇਸ਼ ਕਰਨ ਨਾਲ਼ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਪੜ੍ਹੇ ਜਾਣ ਵਾਲ਼ੇ ਪਰਚਿਆਂ ਦਾ ਵਿਸ਼ਾ ਹੋਵੇਗਾ 'ਉੱਤਰੀ ਅਮਰੀਕਾ ਵਿਚ ਪੰਜਾਬੀਆਂ ਦਾ ਬੁਢਾਪਾ, ਵਿਹਾਰ ਅਤੇ ਵਰਤਾਰਾ', ਜਿਸ ਬਾਰੇ ਪਰਚੇ ਪੜ੍ਹਨਗੇ ਅਮਰੀਕ ਪਲਾਹੀ, ਜਰਨੈਲ ਸੇਖਾ ਅਤੇ ਸੁਰਿੰਦਰ ਪਾਲ ਕੌਰ ਬਰਾੜ।
ਇਸ ਤੋਂ ਮਗਰੋਂ ਇਕ ਸਨਮਾਨ ਸਮਾਗਮ ਹੋਵੇਗਾ, ਜੋ ਖ਼ਤਮ ਹੋਣ ਸਾਰ ਹੀ ਕਵੀ ਦਰਬਾਰ ਵਿਚ ਵਟ ਜਾਵੇਗਾ। ਸਾਹਿਤ, ਸੰਗੀਤ ਅਤੇ ਸਨਮਾਨਾਂ ਵਿਚ ਗੁੰਨ੍ਹਿਆ ਇਹ ਪ੍ਰੋਗਰਾਮ ਰਾਤੀਂ 7 ਵਜੇ ਖ਼ਤਮ ਹੋ ਜਾਵੇਗਾ ਤੇ ਇਸ ਦੇ ਨਾਲ਼ ਹੀ ਸੰਗੀਤਮਈ ਢੰਗ ਨਾਲ਼ ਸ਼ੁਰੂ ਹੋ ਜਾਵੇਗਾ ਰਾਤ ਦਾ ਖਾਣਾ।
ਅਗਲੇ ਦਿਨ (8 ਅਕਤੂਬਰ ਨੂੰ) ਨਾਦ ਫਾਊਂਡੇਸ਼ਨ ਦੇ ਕਲਾਕਾਰਾਂ ਵੱਲੋਂ ਛੇੜੀਆਂ ਹੋਈਆਂ, ਸੁਗਮ ਸੰਗੀਤ ਦੀਆਂ ਤਰਬਾਂ ਭਰੇ ਮਾਹੌਲ ਵਿਚ ਨਾਸ਼ਤਾ ਕਰਦਿਆਂ ਹੀ, ਪਹਿਲੇ ਸੈਸ਼ਨ ਵਿਚ ਵਿਚਾਰ ਗੋਚਰੇ ਚੌਥਾ ਵਿਸ਼ਾ ਹੋਵੇਗਾ 'ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਆਮਦ, ਸਥਾਪਤੀ ਤੇ ਸਮਾਜਕ ਸਰੋਕਾਰ'। ਇਸ ਵਿਸ਼ੇ ਉੱਤੇ ਲਿਖੇ ਪਰਚੇ ਪੜ੍ਹਨਗੇ ਸਾਧੂ ਬਿਨਿੰਗ, ਚਰਨਜੀਤ ਸਿੰਘ ਪੰਨੂ, ਰਘਬੀਰ ਸਿੰਘ ਸਿਰਜਣਾ ਅਤੇ ਪ੍ਰੋ. ਕਸ਼ਮੀਰਾ ਸਿੰਘ। ਕੁੱਝ ਸਮੇਂ ਲਈ ਵਿਚਾਰ-ਵਟਾਂਦਰੇ ਦਾ ਪਿੜ, ਫਿਰ ਸਨਮਾਨ ਸਮਾਗਮ ਵਿਚ ਵਟ ਜਾਵੇਗਾ।
ਪੰਜਵਾਂ ਵਿਸ਼ਾ ਹੋਵੇਗਾ 'ਉੱਤਰੀ ਅਮਰੀਕਾ ਵਿਚ ਖੇਡ ਸਭਿਆਚਾਰ ਅਤੇ ਪੱਤਰਕਾਰੀ' ਜਿਸ ਬਾਰੇ ਪਰਚੇ ਪੜ੍ਹਨਗੇ ਪ੍ਰਿੰਸੀਪਲ ਸਰਵਣ ਸਿੰਘ, ਪਿਆਰਾ ਸਿੰਘ ਕੁੱਦੋਵਾਲ ਅਤੇ ਗੁਰਵਿੰਦਰ ਸਿੰਘ ਧਾਲੀਵਾਲ। ਪਰਚੇ ਪੜ੍ਹੇ ਜਾਣ ਤੋਂ ਮਗਰੋਂ, ਕੁੱਝ ਸ਼ਖ਼ਸੀਅਤਾਂ ਦਾ ਮਾਣ-ਤਾਣ ਕੀਤਾ ਜਾਵੇਗਾ। ਇਸ ਮਗਰੋਂ ਦੁਪਹਿਰ ਦੀ ਰੋਟੀ ਪ੍ਰੋਸੀ ਜਾਵੇਗੀ। ਰੋਟੀ ਖੁਆਉਣ ਅਤੇ ਖਾਣ ਮਗਰੋਂ 'ਵਿਸ਼ੇਸ਼ ਸਨਮਾਨ ਸਮਾਗਮ' ਅਤੇ 'ਕਿਤਾਬ ਰਿਲੀਜ਼ ਸਮਾਗਮ' ਕੀਤੇ ਜਾਣਗੇ। ਕਵੀ ਗੁਰਸ਼ਰਨ ਰਾਮਪੁਰੀ ਨੂੰ, ਉਨ੍ਹਾਂ ਦੀ ਉਮਰ ਭਰ ਦੀ ਕਾਵਿਕ ਕਾਰਗ਼ੁਜ਼ਾਰੀ ਦੇ ਸਬੰਧ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾਵੇਗਾ। ਫਿਰ ਗੁਰਭਜਨ ਗਿੱਲ ਦੀ ਕਾਵਿ ਕਿਤਾਬ 'ਰਾਵੀ' ਕੈਨੇਡਾ ਦੇ ਪਾਠਕਾਂ ਦੇ ਅਰਪਣ ਕੀਤੀ ਜਾਵੇਗੀ (ਕਿਉਂ ਕਿ ਭਾਰਤ ਦੇ ਪਾਠਕ ਤਾਂ ਇਹ ਕਿਤਾਬ ਪੜ੍ਹ ਵੀ ਚੁੱਕੇ ਹਨ)। ਇਸ ਤੋਂ ਬਾਅਦ ਇੰਦਰਜੀਤ ਧਾਮੀ ਪਰਿਵਾਰ ਵੱਲੋਂ ਕਵਿੰਦਰ ਚਾਂਦ ਨੂੰ 'ਸ. ਅਰਦਮਨ ਸਿੰਘ ਦਿਲਬਰ ਨੂਰਪੁਰੀ ਸਨਮਾਨ' ਦੇ ਕੇ ਸਨਮਾਨਿਆ ਜਾਵੇਗਾ। ਸਨਮਾਨੀਆਂ ਸ਼ਖ਼ਸੀਅਤਾਂ ਬਾਰੇ ਤਕਰੀਰਾਂ, ਪ੍ਰਧਾਨਗੀ ਭਾਸ਼ਨ ਤੋਂ ਮਗਰੋਂ ਕਵੀ ਦਰਬਾਰ ਤੇ ਸਨਮਾਨਾਂ ਤੋਂ ਬਾਅਦ ਸੰਗੀਤ ਦੀਆਂ ਛਹਿਬਰਾਂ ਹੇਠ ਰਾਤ ਦਾ ਪ੍ਰੀਤੀ ਭੋਜ ਹੋਵੇਗਾ।
ਹਰ ਕਾਨਫ਼ਰੰਸ ਵਿਚ ਕੁੱਝ ਗੱਲਾਂ ਨਵੀਆਂ ਹੁੰਦੀਆਂ ਹਨ ਤੇ ਕੁੱਝ ਪੁਰਾਣੀਆਂ ਹੀ ਤੱਤੀਆਂ ਕਰ ਕੇ ਪ੍ਰੋਸ ਦਿੱਤੀਆਂ ਜਾਂਦੀਆਂ ਹਨ। ਹਰ ਵਾਰ ਕੁੱਝ ਵਾਅਦੇ ਕੀਤੇ ਜਾਂਦੇ ਹਨ, ਜੋ ਵਫ਼ਾ ਨਹੀਂ ਕੀਤੇ ਜਾਂਦੇ। ਇਸ ਕਾਨਫ਼ਰੰਸ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਵੀ ਇਕ ਵਾਅਦਾ ਕੀਤਾ ਹੈ ਕਿ ਅਗਲੀ ਵਾਰ ਹੋਣ ਵਾਲ਼ੀ ਕਾਨਫ਼ਰੰਸ, ਆਸਟਰੇਲੀਆ ਅਤੇ ਯੂਰਪ 'ਤੇ ਆਧਾਰਤ ਹੋਵੇਗੀ ਤੇ ਉਸ ਤੋਂ ਅਗਲੀ ਵਾਰ ਕਰਾਈ ਜਾਣ ਵਾਲੀ ਕਾਨਫ਼ਰੰਸ 'ਆਲਮੀ ਕਾਨਫ਼ਰੰਸ' ਹੋਵੇਗੀ। ਇਸ ਕਾਨਫ਼ਰੰਸ ਦੇ ਪ੍ਰਬੰਧਕਾਂ ਨੇ ਵੀ ਸਾਹਿਤ ਅਤੇ ਸਭਿਆਚਾਰ ਦਾ ਫ਼ਿਕਰ ਕੀਤਾ ਦਰਸਾਇਆ ਹੈ ਤੇ ਇਸ ਸਬੰਧ ਵਿਚ ਕਿਸੇ ਕੋਲੋਂ ਆਨਾ ਨਹੀਂ ਲਿਆ, ਪਰ ਪੱਲਿਓਂ ਲੱਖ ਦੇ ਕਰੀਬ ਡਾਲਰ ਲਗਾਇਆ ਹੈ। ਪਤਾ ਤਾਂ ਕਾਨਫ਼ਰੰਸ ਦੇ ਮਗਰੋਂ ਹੀ ਲੱਗਣਾ ਹੈ ਕਿ ਬੁਲਬੁਲ ਹੀ ਦਿਖਾਈ ਹੈ ਕਿ ਚੱਕੀਰਾਹਾ ਹੀ ਕੱਢ ਦਿਖਾਇਆ ਹੈ।#