'ਊੜਾ ਡਾਟ ਰੂ' ਨੇ ਰੂਸੀ ਅਧਿਕਾਰੀਆਂ ਨੂੰ 'ਊੜਾ-ਐੜਾ' ਪੜ੍ਹਨੇ ਪਾਇਆ
*********************************************************
ਸਾਡੇ ਸਿਆਣੇ-ਬਿਆਣੇ ਬੰਦੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੂੰ ਬਹੁਤੀ ਸੰਜੀਦਗੀ ਨਾਲ਼ ਨਹੀਂ ਸਮਝਦੇ ਤੇ ਇਨ੍ਹਾਂ ਇਲੈਕਟਰਾਨਿਕੀ ਨੇਮਤਾਂ ਨੂੰ 'ਬੱਚਿਆਂ ਦੀ ਖੇਡਾਂ' ਹੀ ਸਮਝਦੇ ਹਨ। ਆਮ ਤੌਰ 'ਤੇ ਕੰਪਿਊਟਰ ਉੱਤੇ ਕੰਮ ਕਰਦੇ ਬੱਚੇ, ਸਾਡੇ ਸਿਆਣਿਆਂ ਨੂੰ ਵਿਡੀਓ ਖੇਡਾਂ ਖੇਡਦੇ ਹੀ ਜਾਪਦੇ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਕੰਪਿਊਟਰ ਚਲਾਉਣਾ ਕੋਈ ਕੰਮ ਨਹੀਂ, ਸਗੋਂ 'ਟੈਮ ਪਾਸ ਕਰਨਾ' ਹੀ ਹੈ। ਸਾਡੇ ਵਿਚੋਂ ਬਹੁਤੇ ਤਾਂ ਇਹ ਸਮਝਦੇ ਹਨ ਕਿ ਕੰਪਿਊਟਰ ਜਾਂ ਇੰਟਰਨੈੱਟ, ਖ਼ਬਰਾਂ ਦੇ ਸਬੰਧ ਵਿਚ ਅਖ਼ਬਾਰਾਂ ਜਿੰਨਾ ਘਰ ਪੂਰਾ ਨਹੀਂ ਕਰਦੇ ਜਦੋਂ ਕਿ ਇਹ ਦੱਸਣਾ ਬਹੁਤ ਹੀ ਟਿਕਾਣੇ ਸਿਰ ਹੋਵੇਗਾ ਕਿ ਖ਼ਬਰਾਂ ਦੇਣ ਦੇ ਸਾਧਨ ਯਾਨੀ ਅਖ਼ਬਾਰ, ਰੇਡੀਓ ਅਤੇ ਟੈਲੀਵਿਜਨ ਵੀ ਹੁਣ ਇੰਟਰਨੈੱਟ ਨੂੰ ਹੀ ਖ਼ਬਰਾਂ ਦਾ ਸਹੀ ਵਸੀਲਾ ਸਮਝਣ ਲੱਗ ਪਏ ਹਨ। ਕਿਸੇ ਵੀ ਖ਼ਬਰ ਦੀ ਪ੍ਰਮਾਣਕਤਾ ਸਭ ਤੋਂ ਪਹਿਲਾਂ ਇੰਟਰਨੈੱਟ ਰਾਹੀਂ ਪਰਖ਼ੀ-ਪੜਤਾਲ਼ੀ ਜਾਂਦੀ ਹੈ।
ਇਸ ਤੋਂ ਇਲਾਵਾ, ਰਫ਼ਤਾਰ ਦੇ ਮਾਮਲੇ ਵਿਚ ਅਖ਼ਬਾਰ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੋਂ ਬਹੁਤ ਪਿੱਛੇ ਹਨ। ਅਖ਼ਬਾਰ ਵਿਚ ਹੁਣ ਛਪਣੀ ਆਈ ਖ਼ਬਰ ਤਕਰੀਬਨ ਦਸ ਹੱਥਾਂ ਵਿਚੋਂ ਲੰਘ ਕੇ ਛਪਦੀ ਹੈ ਤੇ ਫਿਰ ਅਖ਼ਬਾਰ ਵਿਚ ਛਪ ਕੇ ਪਾਠਕਾਂ ਤਕ ਪਹੁੰਚਣ ਲਈ ਸੈਂਕੜੇ ਮੀਲ ਫ਼ਾਸਲਾ ਤੈਅ ਕਰਦੀ ਹੈ ਜਦੋਂ ਕਿ ਇੰਟਰਨੈੱਟ ਉੱਤੇ ਪਾਈ ਜਾਂਦੀ ਕੋਈ ਸੂਚਨਾ ਫੌਰੀ ਤੌਰ 'ਤੇ, ਨਵੀਂ ਸੂਚਨਾ ਦੇ ਤਲਬਗ਼ਾਰ ਦੇ ਮਨ ਦੇ ਬੂਹੇ ਦੀ ਘੰਟੀ ਖੜਕਾ ਦਿੰਦੀ ਹੈ। ਫਿਰ ਅਖ਼ਬਾਰ ਵਿਚ ਜੋ ਛਪ ਗਿਆ, ਸੋ ਛਪ ਗਿਆ। ਸੂਚਨਾ ਛਪ ਜਾਣ ਮਗਰੋਂ ਕੀ ਹੋਇਆ, ਉਹ ਅਗਲੇ ਦਿਨ ਦੇ ਅਖ਼ਬਾਰ ਵਿਚ ਹੀ ਛਪਦਾ ਹੈ ਜਦੋਂ ਕਿ ਕੰਪਿਊਟਰ ਜਾਂ ਸੋਸ਼ਲ ਮੀਡੀਆ ਉੱਤੇ ਨਾ ਸਿਰਫ਼ ਪਲ-ਪਲ ਦੀ ਖ਼ਬਰ ਜੋੜੀ ਜਾ ਸਕਦੀ ਹੈ, ਸਗੋਂ ਸਾਰੀ ਦੀ ਸਾਰੀ ਖ਼ਬਰ ਨਾਲ਼ੋ-ਨਾਲ਼ ਨਵਿਆਈ ਵੀ ਜਾ ਸਕਦੀ ਹੈ।
ਇਹ ਲੇਖ ਲਿਖਣ ਦਾ ਅਸਲ ਮਕਸਦ ਅਖ਼ਬਾਰ ਅਤੇ ਇੰਟਰਨੈੱਟ ਦਾ ਆਪਸੀ ਮੁਕਾਬਲਾ ਜਾਂ ਇਨ੍ਹਾਂ ਦੀ ਆਪਸੀ ਤੁਲਨਾ ਕਰਨਾ-ਕਰਾਉਣਾ ਨਹੀਂ ਹੈ। ਅਸੀਂ ਤਾਂ ਇਹ ਦੱਸਣ ਦਾ ਹੀਲਾ ਕਰਨ ਲੱਗੇ ਹਾਂ ਕਿ ਲੋਕਾਂ ਦੇ ਦੁੱਖਾਂ-ਤਕਲੀਫ਼ਾਂ ਨਾਲ਼ ਭਰੇ ਅਖ਼ਬਾਰ ਅਗਲੇ ਹੀ ਦਿਨ ਸੌਦਾ-ਪੱਤਾ ਲਪੇਟਣ ਦਾ ਸਾਧਨ ਬਣ ਜਾਂਦੇ ਹਨ ਜਦੋਂ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ, ਲੋਕਾਂ ਦੇ ਦੁੱਖਾਂ-ਤਕਲੀਫ਼ਾਂ ਦਾ ਨਿਬੇੜਾ ਕਰਾਉਣ ਲਈ ਮੋਰਚਾ ਜਿਹਾ ਹੀ ਲਾ ਲੈਂਦੇ ਹਨ। ਲੋਕਾਂ ਦੀ, ਅਖ਼ਬਾਰ ਪੜ੍ਹਨ ਦੀ ਆਦਤ ਅਤੇ ਪੜ੍ਹਾਈ ਦਾ ਸਮਾਂ ਵੀ, ਪਹਿਲਾਂ ਨਾਲ਼ੋਂ ਕਿਤੇ ਘਟ ਗਏ ਹਨ। ਸੰਸਾਰ ਭਰ ਵਿਚ 2010 ਤੋਂ 2014 ਵਿਚਾਲ਼ੇ ਲੋਕਾਂ ਵੱਲੋਂ ਅਖ਼ਬਾਰ ਪੜ੍ਹਨ ਵਿਚ ਬਿਤਾਇਆ ਜਾਂਦਾ ਔਸਤ ਸਮਾਂ 25% ਘਟਿਆ ਹੈ, ਪਰ ਬਰਤਾਨੀਆ ਵਿਚ ਇਨ੍ਹਾਂ ਸਾਲਾਂ ਦੌਰਾਨ ਇਹ ਸਮਾਂ ਮਸਾਂ 3% ਘਟਿਆ ਹੈ।
ਅਜੇ ਪਿੱਛੇ ਜਿਹੇ, ਜਹਾਨ ਭਰ ਵਿਚ ਲੋਕ ਔਸਤਨ 16.3 ਮਿੰਟ ਲਈ ਅਖ਼ਬਾਰ ਪੜ੍ਹਿਆ ਕਰਦੇ ਸਨ, ਪਰ 2010 ਵਿਚ ਅਖ਼ਬਾਰ ਪੜ੍ਹਨ ਦਾ ਔਸਤਨ ਸਮਾਂ, ਰੋਜ਼ਾਨਾ 25.6% ਤੋਂ ਘਟ ਕੇ 21.9 ਮਿੰਟ ਰੋਜ਼ਾਨਾ ਹੋ ਗਿਆ ਸੀ। ਇਸ ਸਾਲ ਇਹ ਸਮਾਂ, ਸੰਸਾਰ ਪੱਧਰ 'ਤੇ 35% ਘਟਦਿਆਂ 14.1 ਮਿੰਟ ਹੀ ਰਹਿ ਗਿਆ ਹੈ। ਇਹ ਜਾਣਕਾਰੀ ਮਨਘੜਤ ਨਹੀਂ ਹੈ। ਇਹ ਜਾਣਕਾਰੀ 'ਮੀਡੀਆ ਖ਼ਪਤ' ਦੇ ਸਬੰਧ ਵਿਚ 'ਜ਼ੀਨਿਥਔਪਟੀਮੀਡੀਆ' ਦੀ ਇਕ ਰਿਪੋਰਟ ਤੋਂ ਮਿਲੀ ਹੈ। ਬਰਤਾਨੀਆ ਮੁਕਾਬਲਤਨ ਅਖ਼ਬਾਰ-ਪ੍ਰੇਮੀ ਦੇਸ਼ ਸਾਬਤ ਹੋਇਆ ਹੈ ਕਿਉਂ ਕਿ 2010 ਤੋਂ 2014 ਤਕ ਇਸ ਮੁਲਕ ਦੇ ਲੋਕਾਂ ਵੱਲੋਂ ਅਖ਼ਬਾਰ ਪੜ੍ਹਨ ਖ਼ਾਤਰ ਲਾਇਆ ਜਾਂਦਾ ਔਸਤਨ ਸਮਾਂ 3% ਹੀ ਘਟਿਆ ਹੈ ਯਾਨੀ ਪਹਿਲਾਂ ਲੋਕ 19.2 ਮਿੰਟ ਅਖ਼ਬਾਰ ਪੜ੍ਹਿਆ ਕਰਦੇ ਸਨ ਜਦੋਂ ਕਿ ਬਾਅਦ ਵਿਚ ਉਹ 18.6 ਮਿੰਟ ਅਖ਼ਬਾਰ ਪੜ੍ਹਨ ਲੱਗ ਪਏ। ਇਸ ਸਾਲ ਯਾਨੀ 2017 ਵਿਚ ਲੋਕ ਅਖ਼ਬਾਰ ਪੜ੍ਹਨ ਵਿਚ ਹਰ ਰੋਜ਼ 18.2 ਮਿੰਟ ਹੀ ਲਗਾਉਂਦੇ ਹਨ ਯਾਨੀ ਇਹ ਸਮਾਂ ਹੋਰ ਘਟ ਕੇ 5.4% ਹੀ ਰਹਿ ਗਿਆ ਹੈ।
ਅਖ਼ਬਾਰ ਪੜ੍ਹਨ ਦੀ ਆਦਤ ਘਟਣ ਦੇ ਮੁਕਾਬਲੇ ਲੋਕਾਂ ਦੀ, ਇੰਟਰਨੈੱਟ ਦੇਖਣ ਦੀ ਆਦਤ ਵਧੀ ਹੈ। 'ਜ਼ੈਨਿਥਆਪਟੀਮੀਡੀਆ' ਵਿਚ ਭਵਿੱਖਵਾਣੀਆਂ ਕਰਨ ਵਾਲ਼ੇ ਵਿਭਾਗ ਦੇ ਮੁਖੀ ਜੋਨਾਥਨ ਬਰਨਾਰਡ ਦਾ ਇਹ ਕਹਿਣ ਹੈ, "ਭਾਵੇਂ ਪਾਠਕਾਂ ਦੀ ਗਿਣਤੀ ਘਟਣ ਨਾਲ਼ ਅਖ਼ਬਾਰਾਂ ਦੇ ਪ੍ਰਕਾਸ਼ਨ ਦਾ ਰੁਝਾਨ ਘਟਿਆ ਹੈ, ਪਰ ਮੋਬਾਈਲ ਫੋਨ, ਟੈਬਲੈੱਟ ਅਤੇ ਡੈਸਕਟਾਪ ਉੱਤੇ ਖ਼ਬਰਾਂ ਪੜ੍ਹਨ ਦਾ ਰੁਝਾਨ ਵਧਣ ਦੀ ਵਜ੍ਹਾ ਨਾਲ਼ ਇਹ ਯੰਤਰ ਵਧੇਰੇ ਵਰਤੇ ਜਾਣ ਲੱਗ ਪਏ ਹਨ।" ਇਸ ਤਰ੍ਹਾਂ, ਬਰਤਾਨੀਆ ਵਿਚ ਖ਼ਬਰਾਂ ਜਾਨਣ ਖ਼ਾਤਰ ਇੰਟਰਨੈੱਟ ਦੀ ਵਰਤੋਂ ਨਾਟਕੀ ਢੰਗ ਨਾਲ਼ ਵਧੀ ਹੈ। ਸੋ, ਬਰਤਾਨੀਆ ਵਿਚ, ਸਾਲ 2010 ਅਤੇ 2014 ਦੇ ਵਿਚਾਲ਼ੇ ਇੰਟਰਨੈੱਟ ਦੇਖਣ ਦਾ ਸਮਾਂ 55% ਵਧਣ ਨਾਲ਼ ਇਹ ਸਮਾਂ 82 ਮਿੰਟਾਂ ਤੋਂ 2 ਘੰਟੇ, 7 ਮਿੰਟ ਹੋ ਗਿਆ ਹੈ। ਇਸੇ ਹੀ ਸਾਲ ਦੌਰਾਨ ਬਰਤਾਨੀਆ ਵਿਚ ਇਹ ਸਮਾਂ ਤਕਰੀਬਨ 3 ਘੰਟੇ ਹੋ ਜਾਣ ਦੀ ਉਮੀਦ ਹੈ।
ਇਹ ਲੇਖ ਨਾ ਤਾਂ ਅਖ਼ਬਾਰਾਂ ਬਾਰੇ ਹੈ, ਨਾ ਬਰਤਾਨੀਆ ਵਿਚ ਅਖ਼ਬਾਰਾਂ ਬਾਰੇ ਹੈ। ਇਸ ਦੇ ਲਿਖਣ ਦੀ ਅਸਲ ਵਜ੍ਹਾ ਹੀ ਕੁੱਝ ਹੋਰ ਹੈ। ਉਸ ਵਜ੍ਹਾ ਵੱਲ ਗ਼ੌਰ ਕਰਦਿਆਂ ਦੱਸਣਾ ਪੈਣਾ ਹੈ ਕਿ ਰੂਸ ਦੇ ਚੌਥੇ ਵੱਡੇ ਸ਼ਹਿਰ ਯੈਕਤੇਰੀਨਬੁਰਗ ਵਿਚ ਸੜਕਾਂ ਦੀ ਹਾਲਤ ਬਹੁਤੀ ਹੀ ਖਰਾਬ ਰਹਿੰਦੀ ਹੈ। ਇਸ ਸ਼ਹਿਰ ਦੀ ਵੈੱਬਸਾਈਟ 'ਊੜਾ ਡਾਟ ਰੂ', ਉੱਤੇ ਇਸ ਸ਼ਹਿਰ ਵਿਚ ਜ਼ਿੰਦਗ਼ੀ ਬਾਰੇ ਲੇਖ ਲਿਖੇ ਜਾਂਦੇ ਰਹਿੰਦੇ ਹਨ ਜਾਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਇਹ ਸਾਈਟ ਚਲਾਉਣ ਵਾਲ਼ਿਆਂ ਨੇ ਫ਼ੈਸਲਾ ਕੀਤਾ ਕਿ ਇਸ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਾਰੇ ਅਧਿਕਾਰੀਆਂ ਦਾ ਧਿਆਨ ਖਿੱਚ ਕੇ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਾਉਣਾ ਉਨ੍ਹਾਂ ਦਾ ਫ਼ਰਜ਼ ਹੈ। ਸਮੱਸਿਆ ਇਹ ਵੀ ਸੀ ਕਿ ਸਥਾਨਕ ਅਖ਼ਬਾਰਾਂ ਵਿਚ ਕਈ ਵਾਰ ਖ਼ਬਰਾਂ ਛਪਵਾਉਣ ਨਾਲ਼ ਵੀ ਸਿਆਸਤਦਾਨਾਂ ਦੇ ਸਿਰਾਂ ਵਿਚ ਜੂੰ ਵੀ ਨਹੀਂ ਤੁਰੀ ਸੀ।
ਇਸ ਸ਼ਹਿਰ ਦੇ ਕੁੱਝ ਮੁਹਤਬਰ ਲੋਕਾਂ ਨੇ ਸਿਟੀ ਸੈਂਟਰ ਦੀ ਇਕ ਸੜਕ ਵਿਚ ਪਏ ਹੋਏ ਤਿੰਨ ਟੋਇਆਂ ਨੂੰ ਕੁੱਝ ਸਿਆਸਤਦਾਨਾਂ ਦੇ ਅਕਸਾਂ ਨਾਲ਼ ਜੋੜ ਦਿੱਤਾ। ਉਨ੍ਹਾਂ ਨੇ ਇਨ੍ਹਾਂ ਟੋਇਆਂ ਦੇ ਦੁਆਲ਼ੇ ਗਵਰਨਰ, ਮੇਅਰ ਅਤੇ ਵਾਈਸ ਮੇਅਰ ਦੇ ਚਿਹਰੇ ਪੇਂਟ ਕਰ ਦਿੱਤੇ। ਇਨ੍ਹਾਂ ਚਿੱਤਰਾਂ ਦੇ ਨਾਲ਼ ਹੀ ਲਿਖਾ ਦਿੱਤੇ ਗਏ ਇਨ੍ਹਾਂ ਅਧਿਕਾਰੀਆਂ ਵੱਲੋਂ ਇਸ ਸਬੰਧ ਵਿਚ ਕੀਤੇ ਹੋਏ ਵਾਅਦੇ। ਇਹ ਪੇਂਟਿੰਗਜ਼ ਕਰਨ ਮਗਰੋਂ ਏਦਾਂ ਲੱਗਦਾ ਸੀ ਕਿ ਉਹ ਟੋਏ ਨਹੀਂ ਹਨ, ਸਗੋਂ ਗਵਰਨਰ, ਮੇਅਰ ਅਤੇ ਵਾਈਸ ਮੇਅਰ ਦੇ 'ਅੱਡੇ ਹੋਏ ਮੂੰਹ' ਹਨ। ਇਨ੍ਹਾਂ ਟੋਇਆਂ ਨੂੰ ਇਨ੍ਹਾਂ ਅਧਿਕਾਰੀਆਂ ਦੇ ਚਿਹਰਿਆਂ ਦੇ ਵੱਡੇ ਕਾਰਟੂਨਜ਼ ਦਾ ਰੂਪ ਦੇਣ ਦੀ ਖ਼ਬਰ ਨੇ ਤਾਂ ਤਰਥੱਲੀ ਹੀ ਮਚਾ ਦਿੱਤੀ। ਇਸ ਤਿੱਖੀ ਕਾਰਵਾਈ ਦਾ ਇਹ ਅਸਰ ਹੋਇਆ ਕਿ ਸਬੰਧਤ ਅਧਿਕਾਰੀਆਂ ਦੀਆਂ ਪੂਛਾਂ ਨੂੰ ਅੱਗ ਲੱਗ ਗਈ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਫ਼ੌਰੀ ਕਾਰਵਾਈ ਕਰਦਿਆਂ, ਉਨ੍ਹਾਂ ਟੋਇਆਂ ਦੁਆਲੇ ਚਿੱਤਰੇ ਹੋਏ, ਅਧਿਕਾਰੀਆਂ ਦੇ ਚਿਹਰਿਆਂ ਉੱਤੇ ਰੰਗ ਫਿਰਵਾ ਕੇ ਉਹ ਚਿੱਤਰ ਮਿਟਵਾ ਦਿੱਤੇ। ਇਸ ਦੇ ਜੁਆਬ ਵਿਚ ਲੋਕਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਟੋਇਆਂ ਦੇ ਨੇੜੇ ਹੀ 'ਤਸਵੀਰਾਂ ਮਿਟਾਉਣ ਨਾਲ਼ ਕੰਮ ਨਿੱਬੜ ਗਿਆ ਨਾ ਸਮਝ ਲਿਆ ਜਾਵੇ' ਲਿਖਾ ਦਿੱਤਾ। ਇਹ ਕੰਮ ਕਰਨ ਲਈ ਰੰਗ ਦੇ ਤਿੰਨ ਡੱਬੇ ਅਤੇ ੨੪ ਘੰਟੇ ਹੀ ਲੱਗੇ ਤੇ ਅਗਲੀ ਸਵੇਰ ਇਹ ਟੋਏ ਪੂਰ ਕੇ ਸੜਕ ਪੱਧਰੀ ਕਰ ਦਿੱਤੀ ਗਈ ਸੀ।
ਹੁਣ ਜੇ ਸੜਕਾਂ ਦੀ ਗੱਲ ਤੁਰ ਹੀ ਪਈ ਹੈ ਤਾਂ ਇਹ ਵੀ ਦੱਸ ਦੇਈਏ ਕਿ ਰੂਸ ਵਿਚ ਸੜਕਾਂ ਦੀ ਖਰਾਬੀ ਦੂਰ ਕਰਨ ਦੇ ਰਾਹ ਵਿਚ ਮੁੱਖ ਅੜਿੱਕਾ ਮੌਸਮ ਦੀ ਵਧੀਕੀ ਵੀ ਹੈ। ਸਾਲ ਦੇ ਇਕ ਸਮੇਂ ਇਹੋ ਜਿਹਾ ਮੌਸਮ ਵੀ ਆਉਂਦਾ ਹੈ, ਜੋ ਸੜਕਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹੈ। ਹਾਲ ਹੀ ਵਿਚ 'ਵਰਲਡ ਇਕਾਨੋਮਿਕ ਫੋਰਮ' ਨੇ ਆਪਣੀ 2011-2012 ਦੀ 'ਗਲੋਬਲ ਕੰਪੀਟੀਟਿਵਨੈੱਸ ਰਿਪੋਰਟ' ਵਿਚ ਰੂਸ ਦੀਆਂ ਸੜਕਾਂ ਨੂੰ 139 ਵਿਚੋਂ 125ਵਾਂ ਸਥਾਨ ਦਿੱਤਾ ਸੀ। ਇਹ ਰਿਪੋਰਟ ਦੇਖ ਕੇ ਕੋਈ ਇਹ ਸਮਝ ਸਕਦਾ ਹੈ ਕਿ ਰੂਸੀਆਂ ਨੇ ਇਸ ਕੰਮ ਵੱਲ ਪਿੱਠ ਕੀਤੀ ਹੋਈ ਹੈ। ਇੱਥੇ ਇਹ ਦੱਸਣਾ ਵੀ ਬਹੁਤ ਹੀ ਢੁੱਕਵਾਂ ਹੈ ਕਿ ਕੈਨੇਡਾ ਵਿਚ ਵੀ ਸੜਕਾਂ ਮੌਸਮ ਦੀ ਕਰੋਪੀ ਦੀਆਂ ਸ਼ਿਕਾਰ ਹੁੰਦੀਆਂ ਹਨ, ਪਰ ਕੈਨੇਡਾ ਸਰਕਾਰ ਇਸ ਸਬੰਧ ਵਿਚ ਲੋਕਾਂ ਨੂੰ ਉਲਾਂਭਾ ਦੇਣ ਦਾ ਮੌਕਾ ਨਹੀਂ ਦਿੰਦੀ।
ਯੈਕਤੇਰੀਨਬੁਰਗ ਸ਼ਹਿਰ ਦੇ ਲੋਕਾਂ ਵੱਲੋਂ ਵਿੱਢੀ ਹੋਈ ਮੁਹਿੰਮ (ਰੂ) ਅਧੀਨ ਖੇਤਰੀ ਇੰਟਰਨੈੱਟ ਖ਼ਬਰ ਏਜੈਂਸੀ 'ਊੜਾ ਡਾਟ ਰੂ' ਨੇ 'ਅਧਿਕਾਰੀਆਂ ਨੂੰ ਕੰਮ ਕਰਨ ਲਗਾਓ' ਦਾ ਨਾਅਰਾ ਬੁਲੰਦ ਕੀਤਾ ਹੋਇਆ ਹੈ। ਇਸ ਨਾਅਰੇ ਨੂੰ ਅਮਲੀ ਜਾਮਾ ਪੁਆਉਣ ਦਾ ਹੀਲਾ ਕਰਦਿਆਂ ਲੋਕਾਂ ਨੇ ਸੜਕ ਵਿਚ ਪਏ ਹੋਏ ਟੋਇਆਂ ਨੂੰ ਅਧਿਕਾਰੀਆਂ ਦੇ ਅੱਡੇ ਹੋਏ ਮੂੰਹਾਂ ਦਾ ਰੂਪ ਦੇ ਦਿੱਤਾ ਤਾਂ ਲੋਕਾਂ ਦਾ ਇਹ ਮਸਲਾ ਰਾਤੋ-ਰਾਤ ਹੱਲ ਹੋ ਗਿਆ। ਇੱਥੇ ਧਿਆਨ ਦੇਣ ਯੋਗ ਇਕ ਗੱਲ ਇਹ ਵੀ ਹੈ ਕਿ ਲੋਕਾਂ ਦੇ ਅੰਦੋਲਨ ਦੀ ਸ਼ਕਲ ਕਿਹੋ ਜਿਹੀ ਵੀ ਹੋਵੇ, ਅਸਲ ਗੱਲ ਤਾਂ ਉਸ ਅੰਦੋਲਨ ਨਾਲ਼ ਹੋਣ ਵਾਲ਼ੇ ਅਸਰ ਦੇ ਕਬੂਲੇ ਜਾਣ ਦੀ ਹੱਦ ਹੈ।
ਕਿਸੇ ਜ਼ਮਾਨੇ ਵਿਚ ਕਿਸੇ ਅਦਾਰੇ ਦੇ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਹੜਤਾਲ ਕਰਨਾ ਹੀ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਸਮਝਿਆ ਜਾਂਦਾ ਸੀ। ਹੁਣ ਹਰ ਰੋਜ਼ 36 ਹੜਤਾਲਾਂ ਹੁੰਦੀਆਂ ਹਨ, ਜਿਨ੍ਹਾਂ ਵੱਲ ਹਾਕਮ ਅਤੇ ਹੁਕਮਰਾਨ ਧਿਆਨ ਹੀ ਨਹੀਂ ਦਿੰਦੇ। ਅਸੀਂ ਹੁਣ ਇਹ ਲੇਖ ਰੂਸ ਵੱਲੋਂ ਭਾਰਤ ਵੱਲ ਮੋੜ ਲਿਆ ਹੈ। ਕਹਿੰਦੇ ਹਨ ਕਿ ਰੂਸ ਦੇ ਉਨ੍ਹਾਂ ਅਧਿਕਾਰੀਆਂ ਨੇ 'ਟੋਇਆਂ ਨੂੰ ਉਨ੍ਹਾਂ ਦੇ ਮੂੰਹਾਂ ਦਾ ਰੂਪ ਦੇਣ' ਦਾ ਇਹ ਅਮਲ ਬਹੁਤ ਉਸਾਰੂ ਢੰਗ ਨਾਲ਼ ਕਬੂਲ ਕੇ ਉਸ ਵੱਲ ਤੁਰੰਤ ਧਿਆਨ ਦਿੱਤਾ ਹੈ, ਜਿਸ ਦੇ ਚੰਗੇ ਨਤੀਜੇ ਸਭ ਦੇ ਸਾਹਮਣੇ ਹਨ।
ਸਮਾਜ ਸ਼ਾਸਤਰੀ, ਪ੍ਰਚਾਰ ਜਾਂ ਅੰਦੋਲਨ ਦੇ ਇਸ ਢੰਗ ਦਾ ਅਸਰ ਦੇਖਦਿਆਂ, ਇਸ ਨੂੰ ਸਾਰੇ ਜਹਾਨ ਵਿਚ ਲਾਗੂ ਕੀਤੇ ਜਾਣ ਦੀ ਗੁੰਜਾਇਸ਼ ਦੇਖ ਰਹੇ ਹਨ। ਭਾਰਤ ਵਿਚ ਸਿਆਸੀ ਆਗੂ ਅਤੇ ਉੱਚ ਅਧਿਕਾਰੀ, ਆਪਣੇ ਚਿਹਰੇ ਫਲੈਕਸ ਦੇ ਬੋਰਡਾਂ ਉੱਤੇ ਛਪੇ ਦੇਖ ਕੇ ਤਾਂ ਬੜੇ ਖ਼ੁਸ਼ ਹੁੰਦੇ ਰਹਿੰਦੇ ਹਨ, ਸੜਕਾਂ ਉੱਤੇ ਪਏ ਹੋਏ ਟੋਇਆਂ ਨੂੰ ਜਾਂ ਹੋਰ ਮਸਲਿਆਂ ਨੂੰ ਆਪਣੇ 'ਅੱਡੇ ਹੋਏ ਮੂੰਹ' ਬਣੇ ਦੇਖਣਾ ਉਨ੍ਹਾਂ ਨੂੰ ਕਿਹੋ ਜਿਹਾ ਲੱਗੇਗਾ, ਇਹ ਦੇਖਣਾ ਅਜੇ ਬਾਕੀ ਹੈ।#

