'ਬੇਬੇ, ਦੇਖੀਂ ਕਿਤੇ ਮੈਨੂੰ ਸੰਤ ਬਣਾਉਣ ਨਾ ਤੁਰ ਪਈਂ!'
`````````````````````````````````````````````````````````````
ਪਿਛਲੇ ਦਿਨੀਂ ਰੱਬ ਦੀ ਜਿਹੜੀ ਖੇਹ, 'ਰੱਬ ਦਾ ਰੂਪ' ਕਹਾਉਂਦੇ, 'ਰੱਬ ਦੇ ਬੰਦਿਆਂ' ਨੇ ਉਡਾਈ ਹੈ, ਉਸ ਦਾ ਖ਼ਿਆਲ ਕਰਦਿਆਂ, ਮਨ ਵਿਚ ਵਾਰ-ਵਾਰ ਇਹ ਖ਼ਿਆਲ ਵੀ ਆਉਂਦਾ ਰਿਹਾ ਕਿ ਇਹ ਸਭ ਕੁੱਝ ਹੋ ਜਾਣ ਮਗਰੋਂ ਵੀ ਰੱਬ ਕਿਹੜੇ ਦੁੱਖੋਂ ਲੁਕਿਆ ਬੈਠਾ ਹੈ। ਹੁਣ ਤਾਂ ਉਸ ਨੂੰ ਧਰਤੀ 'ਤੇ ਆ ਕੇ, ਉਸ ਦੇ ਦਰਸ਼ਨਾਂ ਲਈ ਤਰਲੋ-ਮੱਛੀ ਹੋਈ ਜਾ ਰਹੇ ਲੋਕਾਂ ਨੂੰ ਦਰਸ਼ਨ ਦੇ ਹੀ ਦੇਣੇ ਚਾਹੀਦੇ ਹਨ, ਆਪਣਾ 'ਸਰੂਪ' ਦਿਖਾ ਹੀ ਦੇਣਾ ਚਾਹੀਦਾ ਹੈ ਤਾਂ ਕਿ ਉਸ ਦੇ ਨਾਂ 'ਤੇ ਠੱਗੀਆਂ ਮਾਰਨ ਦੇ ਰੁਝਾਨ ਨੂੰ ਠੱਲ੍ਹ ਪੈ ਜਾਵੇ। ਕਦੇ ਮੁਰਾਰੀ ਬਾਪੂ, ਕਦੇ ਗੁਰਮੀਤ ਰਾਮ ਰਹੀਮ ਸਿਹੁੰ ਤੇ ਹੁਣ ਆਹ ਫਲਾਹਾਰੀ ਮਹਾਰਾਜ! ਇਹ 'ਦੈਵੀ ਠੱਗ' ਠੱਗੀਆਂ ਵੀ ਮਾਰੀ ਜਾ ਰਹੇ ਹਨ ਤੇ ਮਾਰੀ ਵੀ ਰੱਬ ਦੇ ਨਾਂ 'ਤੇ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਰੱਬ ਦੇ ਸੁਆਂਗਾਂ ਵਿਚ ਉਹ-ਉਹ 'ਕੌਤਕ' ਕਰ ਕੇ ਦਿਖਾਏ ਕਿ ਰਹੇ ਰੱਬ ਦਾ ਨਾਂ! ਇਸ ਮੁਹਾਜ਼ 'ਤੇ ਨਿੱਤ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਹੁਣ ਰੱਬ ਦੇ ਨਾਂ 'ਤੇ ਠੱਗੀ ਮਾਰਨ ਦਾ ਸੱਜਰਾ ਇਤਿਹਾਸ ਰਚਿਆ ਹੈ, ਸੱਠੇ-ਸੱਤਰੇ ਮਹਾਰਾਜ (ਕੁੱਝ ਖ਼ਬਰਾਂ ਵਿਚ 'ਬਾਬਾ ਜੀ' ਦੀ ਉਮਰ 60 ਸਾਲ ਛਪੀ ਹੈ ਤੇ ਕੁੱਝ ਵਿਚ 70 ਸਾਲ ਛਪੀ ਹੋਈ ਹੈ) ਕੌਸ਼ਲੇਂਦਰ ਪ੍ਰਾਪੰਨਾਚਾਰੀਆ ਯਾਨੀ ਫਲਾਹਾਰੀ ਮਹਾਰਾਜ ਨੇ। ਇਸ 'ਮਹਾਰਾਜ' ਨੂੰ ਇਕ ਬੀਬੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਸੀਖਾਂ ਪਿੱਛੇ ਡੱਕਿਆ ਗਿਆ ਹੈ।
ਅਖ਼ਬਾਰਾਂ ਵਿਚ ਛਪੀਆਂ ਤੇ ਜੈਪੁਰ ਤੋਂ ਆਈਆਂ ਹੋਈਆਂ ਖ਼ਬਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਆਪੇ ਹੀ ਬਣੇ ਹੋਏ 'ਰੱਬ' (ਦੇ ਬੰਦੇ) ਦੇ ਸਿਰ ਇਹ ਦੋਸ਼ ਲੱਗਿਆ ਹੋਇਆ ਹੈ ਕਿ ਇਸ ਨੇ ਵਕਾਲਤ ਦੀ ਪੜ੍ਹਾਈ ਕਰਦੀ ਇਕ, 21 ਸਾਲਾ ਕੁੜੀ ਦੀ ਪੱਤ ਲੁੱਟ ਲਈ ਹੈ। ਛੱਤੀਸਗੜ੍ਹ ਦੀ ਇਸ ਬੀਬੀ ਨੇ ਦੋਸ਼ ਲਗਾਇਆ ਹੋਇਆ ਹੈ ਕਿ ਅਲਵਰ ਵਿਚ ਰਹਿਣ ਵਾਲ਼ੇ ਇਸ 'ਸੰਤ ਮਹਾਰਾਜ' ਨੇ ਕੋਈ ਸ਼ਿਲਾ ਕਰਦਿਆਂ ਇਸ ਬੀਬੀ ਨੂੰ ਆਪਣੀ ਜੀਭ ਚੱਟਣ ਲਈ ਕਿਹਾ ਤੇ ਫਿਰ ਉਸ ਦੀ ਪਾਣ-ਪੱਤ ਲੁੱਟ ਲਈ।ਇਸ ਬੀਬੀ ਨੇ ਪੁਲਸ ਕੋਲ ਦਰਜ ਕਰਾਈ ਹੋਈ ਆਪਣੀ ਰਿਪੋਰਟ ਵਿਚ ਏਦਾਂ ਲਿਖਾਇਆ ਹੋਇਆ ਹੈ, "ਇਸ 'ਮਹਾਰਾਜ' ਨੇ ਮੈਨੂੰ ਕਿਹਾ, 'ਮੈਂ ਆਪਣੀ ਜੀਭ ਉੱਤੇ ਸ਼ਹਿਦ ਨਾਲ਼ "ਓਮ" ਲਿਖ ਰਿਹਾ ਹਾਂ ਤੇ ਤੈਨੂੰ ਉਹ "ਓਮ" ਚੱਟਣਾ ਪਏਗਾ। ਮੈਂ ਬਹੁਤ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਗਿਆਨ ਦਿੱਤਾ ਹੋਇਆ ਹੈ।'
"ਇਹ ਕਹਿ ਕੇ ਉਸ ਨੇ ਮੈਨੂੰ ਫੜ ਲਿਆ...।" ਇਸ ਰਿਪੋਰਟ ਵਿਚ ਇਸ ਕੁੜੀ ਨੇ ਸਾਫ-ਸਾਫ ਲਿਖਾਇਆ ਹੋਇਆ ਹੈ ਕਿ ਫਿਰ ਉਸ 'ਸੰਤ ਬਾਬੇ' ਨੇ ਉਸ ਦੀ ਇੱਜ਼ਤ ਲੁੱਟ ਲਈ। ਇਸ ਸ਼ਿਕਾਇਤ ਅਨੁਸਾਰ, 7 ਅਗੱਸਤ ਨੂੰ ਇਹ ਬੀਬੀ, ਅਲਵਰ ਵਿਚ ਇਸ ਬਾਬੇ ਦੇ ਆਸ਼ਰਮ ਗਈ। ਇਹ ਕੁੜੀ ਉਸੇ ਹੀ ਦਿਨ ਘਰ ਮੁੜਨਾ ਚਾਹੁੰਦੀ ਸੀ, 'ਫਲਾਹਾਰੀ ਮਹਾਰਾਜ' ਨੇ ਉਸ ਨੂੰ ਉਹ ਰਾਤ, ਆਪਣੇ ਆਸ਼ਰਮ ਵਿਚ 'ਚੌਂਕੀ ਭਰਨ' ਖ਼ਾਤਰ ਬਿਤਾਉਣ ਲਈ ਕਿਹਾ।
ਇਸ ਬੀਬੀ ਨੇ ਆਪਣੀ ਸ਼ਿਕਾਇਤ ਵਿਚ ਏਦਾਂ ਲਿਖਾਇਆ ਹੋਇਆ ਹੈ, "ਰਾਤੀਂ ਸਾਢੇ ਸੱਤ ਕੁ ਵਜੇ ਬਾਬੇ ਨੇ ਮੈਨੂੰ ਆਪਣੇ ਕਮਰੇ ਵਿਚ ਸੱਦਿਆ। ਜਦੋਂ ਉਸ ਦੇ ਸਾਰੇ ਚੇਲੇ ਚਲੇ ਗਏ ਤਾਂ ਉਸ ਨੇ ਕਮਰੇ ਦਾ ਬੂਹਾ ਅੰਦਰੋਂ ਬੰਦ ਕਰ ਲਿਆ ਤੇ ਉਹ ਆਪਣੇ ਬਿਸਤਰੇ ਉੱਤੇ ਬੈਠ ਗਿਆ।" ਇਸ ਤੋਂ ਮਗਰੋਂ ਉਸ 'ਬਾਬੇ' ਨੇ ਉਸ ਕੁੜੀ ਦੀ ਇੱਜ਼ਤ ਰੋਲ਼ ਸੁੱਟੀ। ਉਸ ਕੁੜੀ ਨੇ ਏਦਾਂ ਵੀ ਲਿਖਾਇਆ ਹੋਇਆ ਹੈ, "ਮੈਨੂੰ ਪਤਾ ਨਹੀਂ ਕੀ ਹੋ ਗਿਆ ਕਿ ਮੈਂ ਉਸ ਵੱਲੋਂ ਆਪਣੇ ਨਾਲ਼ ਕੁਕਰਮ ਕਰਨ ਦੌਰਾਨ ਉਸ ਦਾ ਵਿਰੋਧ ਕਰਨ ਜੋਗੀ ਵੀ ਨਹੀਂ ਰਹੀ ਸਾਂ। ਉਹ ਕਹਿ ਰਿਹਾ ਸੀ ਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ 'ਆਈ ਏ ਐੱਸ', 'ਆਈ ਪੀ ਐੱਸ' ਪਾਸ ਕਰਾਇਆ ਹੈ ਤੇ ਕਈਆਂ ਨੂੰ 'ਐੱਮ ਐੱਲ ਏ' ਪਾਸ ਕਰਾਇਆ ਹੋਇਆ ਹੈ, ਨਾ ਸੱਚ, ਬਣਵਾਇਆ ਹੋਇਆ ਹੈ। ਉਸ ਨੇ ਕਿਹਾ, 'ਮੈਂ ਤੈਨੂੰ ਜੱਜ ਬਣਾ ਦਿਆਂਗਾ, ਪਰ ਇਸ ਦੇ ਵੱਟੇ ਤੂੰ ਮੈਨੂੰ ਕੀ ਦਏਂਗੀ?' ਫਿਰ ਉਸ ਨੇ ਮੈਨੂੰ ਬਿਸਤਰੇ ਉੱਤੇ ਲੰਮੀ ਪਾ ਲਿਆ ਤੇ ਮੈਨੂੰ ਕਿਹਾ ਕਿ ਉਹ ਇਹ ਸਭ ਕੁੱਝ, ਈਸ਼ਵਰ ਵੱਲੋਂ ਮਿਲੀਆਂ ਹੋਈਆਂ ਹਦਾਇਤਾਂ ਅਨੁਸਾਰ ਹੀ ਕਰ ਰਿਹਾ ਹੈ।"
ਇਸ ਸ਼ਿਕਾਇਤ ਵਿਚ ਏਦਾਂ ਵੀ ਲਿਖਿਆ ਹੋਇਆ ਹੈ, "ਉਸ ਨੇ ਮੈਨੂੰ ਕਿਹਾ, 'ਤੇਰਾ ਕੋਈ ਭਰਾ ਨਹੀਂ ਹੈ ਅਤੇ ਤੇਰੀ ਮਾਂ ਹੁਣ ਬਹੁਤ ਬੁੱਢੀ ਹੋ ਚੁੱਕੀ ਹੈ...ਮੈਂ ਤੈਨੂੰ ਇਕ ਪੁੱਤਰ ਦੇ ਸਕਦਾ ਹਾਂ, ਬਸ਼ਰਤਿ ਕਿ ਤੂੰ ਵਿਆਹ ਕਰਾਉਣ ਮਗਰੋਂ ਆਪਣੇ ਪਤੀ ਨਾਲ਼ ਸੁਹਾਗਰਾਤ ਮਨਾਉਣ ਤੋਂ ਪਹਿਲ਼ਾਂ ਮੇਰੇ ਨਾਲ਼ ਹਮਬਿਸਤਰ ਹੋਣ ਦਾ ਵਾਅਦਾ ਕਰੇਂ।"
ਇਹ ਬੀਬੀ ਦੱਸਦੀ ਹੈ ਕਿ ਇਸ ਸਾਧ ਨੇ ਉਸ ਨੂੰ ਜੁਆਨ ਮੁੰਡਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਕਿਉਂ ਕਿ ਜੁਆਨ ਕੁੜੀਆਂ ਨੂੰ ਵਰਗਲਾਉਣਾ ਬਹੁਤ ਸੌਖਾ ਹੁੰਦਾ ਹੈ। ਉਸ ਬੀਬੀ ਦਾ ਹੀ ਕਹਿਣ ਹੈ ਕਿ ਜਦੋਂ ਇਸ ਸਾਧ ਨੂੰ ਉਸ ਨੂੰ ਫੜਿਆ ਹੋਇਆ ਸੀ, ਕਮਰੇ ਦੇ ਦਰਵਾਜ਼ਾ ਖੜਕਿਆ ਸੀ। "ਉਸ ਨੇ ਕਾਹਲ਼ੀ ਨਾਲ਼ ਆਪਣੇ ਕੱਪੜੇ ਠੀਕ ਕੀਤੇ ਅਤੇ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਕਿਸੇ ਨੂੰ ਕੁੱਝ ਦੱਸਿਆ ਤਾਂ ਮੈਨੂੰ ਇਸ ਦੇ ਬਹੁਤ ਖ਼ੌਫ਼ਨਾਕ ਨਤੀਜੇ ਭੁਗਤਣੇ ਪੈ ਸਕਦੇ ਹਨ," ਇਹ ਵੀ ਸ਼ਿਕਾਇਤ ਵਿਚ ਦਰਜ ਹੈ। ਅਗਲੇ ਦਿਨ ਸਵੇਰੇ ਉਸ ਦਾ ਇਕ ਚੇਲਾ ਉਸ ਬੀਬੀ ਨੂੰ ਰੇਲਵੇ ਸਟੇਸ਼ਨ ਉੱਤੇ ਛੱਡ ਗਿਆ।
ਕੁੱਝ ਹਫ਼ਤੇ ਚੁੱਪ ਰਹਿਣ ਮਗਰੋਂ ਉਸ ਕੁੜੀ ਨੇ ਆਪਣੇ ਮਾਪਿਆਂ ਨੂੰ ਇਸ ਘਟਨਾ ਬਾਰੇ ਦੱਸਿਆ ਤੇ ਉਨ੍ਹਾਂ ਨੇ ਇਹ ਸ਼ਿਕਾਇਤ ਦਰਜ ਕਰਾਈ। ਇਸ ਤੋਂ ਪਹਿਲਾਂ ਅਗੱਸਤ ਵਿਚ ਹੀ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀਆਂ ਦੋ ਸੇਵਾਦਾਰਨੀਆਂ ਦੀ ਪੱਤ ਲੁੱਟਣ ਦੇ ਦੋਸ਼ ਅਧੀਨ ਕੈਦ ਦੀ ਸਜ਼ਾ ਹੋਈ ਸੀ। ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਮਥਰਾ ਜ਼ਿਲੇ ਦੇ ਇਕ ਆਸ਼ਰਮ ਵਿਚ ਪੱਛਮੀ ਬੰਗਾਲ ਤੋਂ ਆਈ ਹੋਈ ਇਕ, ਮਾਨਸਕ ਪੱਖੋਂ ਅਪਾਹਜ ਔਰਤ ਨਾਲ਼ ਧੱਕਾ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਅਧੀਨ ਮੋਹਨ ਗੋਵਿੰਦ ਦਾਸ ਨਾਂ ਦੇ ਇਕ ਸਾਧੂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਇਹ ਬਾਬਾ, ਜਿਹੜਾ 'ਫਲਾਹਾਰੀ ਮਹਾਰਾਜ' ਵਜੋਂ 'ਮਸ਼ਹੂਰ' ਹੈ, ਦੇਸ਼-ਵਿਦੇਸ਼ ਵਿਚ ਹਜ਼ਾਰਾਂ ਲੋਕਾਂ ਦਾ 'ਗੁਰੂ' ਹੈ। ਇਸ ਦੀ ਹਵਸ ਦੀ ਸ਼ਿਕਾਰ ਹੋਈ ਕੁੜੀ ਦਾ ਪਰਿਵਾਰ ਵੀ ਕਈ ਸਾਲ ਇਸ ਬਾਬੇ ਦਾ ਚੇਲਾ ਹੀ ਨਹੀਂ ਰਿਹਾ, ਸਗੋਂ ਬਾਬੇ ਦੇ ਆਸ਼ਰਮ ਵਿਚ ਮੋਟਾ ਚੜ੍ਹਾਵਾ ਚੜ੍ਹਾਉਂਦਾ ਰਿਹਾ ਹੈ। ਪਤਾ ਲੱਗਿਆ ਹੈ ਕਿ ਇਸ ਕੁੜੀ ਨਾਲ਼ ਇਹ ਕਾਰਾ ਕਰਨ ਮਗਰੋਂ ਇਹ ਬਾਬਾ, ਬਿਮਾਰ ਹੋਣ ਦਾ ਮਕਰ ਕਰਦਿਆਂ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋ ਗਿਆ ਤੇ ਉੱਥੋਂ ਹੀ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਫਿਰ ਉਸ ਦਾ ਡਾਕਟਰੀ ਮੁਆਇਨਾ ਕਰਾ ਕੇ ਉਸ ਨੂੰ ਅਲਵਰ ਦੇ ਅਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਦਿੱਤਾ ਹੋਇਆ ਹੈ। ਇਸ ਕੁੜੀ ਨਾਲ਼ ਬਾਬੇ ਵੱਲੋਂ ਇਹ ਕਾਂਡ, 7 ਅਗੱਸਤ ਨੂੰ ਰੱਖੜੀ ਵਾਲ਼ੇ ਦਿਨ ਕੀਤਾ ਗਿਆ।
ਇਸ ਕੁੜੀ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਲਿਖਾਇਆ ਹੋਇਆ ਹੈ ਕਿ ਉਹ ਦਿੱਲੀ ਵਿਚ ਇਕ ਸੀਨੀਅਰ ਵਕੀਲ ਦੀ ਨਿਗਰਾਨੀ ਵਿਚ ਵਕਾਲਤ ਦਾ ਕੰਮ ਸਿੱਖ ਰਹੀ ਹੈ ਤੇ ਉਸ ਨੂੰ ਇਸ ਵਕੀਲ ਤੋਂ ਕੰਮ ਸਿੱਖਣ ਦਾ ਮੌਕਾ ਵੀ ਵੀ ਇਸ ਬਾਬੇ ਦੀ ਸਿਫ਼ਾਰਿਸ਼ ਨਾਲ਼ ਹੀ ਮਿਲਿਆ ਸੀ। ਉਸ ਨੂੰ ਵਜ਼ੀਫ਼ੇ ਦੀ ਪਹਿਲੀ ਕਿਸ਼ਤ ਵਜੋਂ ਤਿੰਨ ਹਜ਼ਾਰ ਰੁਪਏ ਮਿਲੇ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਕਿਹਾ ਕਿ ਉਹ ਇਹ ਰਕਮ ਸ਼ੁਕਰਾਨੇ ਵਜੋਂ ਫਲਾਹਾਰੀ ਮਹਾਰਾਜ ਦੇ ਆਸ਼ਰਮ ਵਿਚ ਚੜ੍ਹਾ ਆਵੇ। ਫਿਰ ਉਹ, ਰੱਖੜੀ ਦੇ ਦਿਨ ਅਲਵਰ ਵਿਖੇ ਬਾਬੇ ਦੇ ਆਸ਼ਰਮ ਗਈ।ਉੱਥੇ ਬਾਬੇ ਨੇ ਉਸ ਨੂੰ ਚੰਦ ਗ੍ਰਹਿਣ ਲੱਗਿਆ ਹੋਣ ਕਰ ਕੇ, ਉਹ ਰਾਤ ਉੱਥੇ ਹੀ ਬਿਤਾਉਣ ਲਈ ਕਿਹਾ। ਰਾਤ ਨੂੰ ਉਸ ਆਸ਼ਰਮ ਵਿਚ ਉਸ ਕੁੜੀ ਨਾਲ਼ ਜੋ ਕੁੱਝ ਹੋਇਆ, ਹੁਣ ਉਹ ਕਿਸੇ ਤੋਂ ਗੁੱਝਾ ਨਹੀਂ ਹੈ।
ਬਾਬੇ ਦੀ ਹਵਸ ਦੀ ਸ਼ਿਕਾਰ ਹੋਈ ਕੁੜੀ ਨੇ ਦੱਸਿਆ ਕਿ ਉਸ ਨੂੰ ਇਸ ਬਾਬੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਦਾ ਹੌਸਲਾ, ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀਆਂ ਚੇਲੀਆਂ ਦੀ ਪੱਤ ਲੁੱਟਣ ਦੇ ਮਾਮਲੇ ਵਿਚ ਸਜ਼ਾ ਹੋਣ ਤੋਂ ਮਿਲਿਆ। ਉਸ ਨੇ 11 ਸਤੰਬਰ ਨੂੰ ਆਪਣੇ ਸ਼ਹਿਰ ਬਿਲਾਸ ਪੁਰ (ਛੱਤੀਸਗੜ੍ਹ) ਵਿਖੇ ਇਹ ਰਿਪੋਰਟ ਦਰਜ ਕਰਾਈ ਸੀ। ਉੱਥੋਂ ਅਦਾਲਤ ਦੇ ਹੁਕਮ ਨਾਲ਼ ਤਫ਼ਤੀਸ਼ੀ ਅਧਿਕਾਰੀ, ਅਲਵਰ ਗਿਆ।
ਅਲਵਰ ਵਿਚ ਪੁਲਸ ਨੇ ਇਸ ਕੁੜੀ ਦਾ ਬਿਆਨ ਲਿਆ ਤੇ ਉਸ ਨੂੰ ਉਸ ਆਸ਼ਰਮ ਅੰਦਰ ਲਿਜਾ ਕੇ ਉਸ ਕਮਰੇ ਦੀ ਸ਼ਿਨਾਖ਼ਤ ਕਰਾਈ, ਜਿਸ ਵਿਚ ਇਹ ਕਾਂਡ ਹੋਇਆ ਸੀ। ਉਸ ਤੋਂ ਬਾਬੇ ਦੇ ਉਸ ਚੇਲੇ ਦੀ ਸ਼ਿਨਾਖ਼ਤ ਵੀ ਕਰਾਈ ਗਈ, ਜਿਹੜਾ ਉਸ ਨੂੰ ਅਲਵਰ ਦੇ ਸਟੇਸ਼ਨ ਉੱਤੇ ਛੱਡ ਕੇ ਗਿਆ ਸੀ। ਪੁਲਸ ਨੇ ਇਸ ਬਾਬੇ ਦੇ ਉਸ ਕਮਰੇ ਨੂੰ ਜੰਦਰਾ ਲਾ ਕੇ ਉਸ ਉੱਤੇ ਮੁਹਰ-ਛਾਪ ਲਾ ਦਿੱਤੀ ਹੈ, ਜਿਸ ਵਿਚ ਉਸ ਨੇ ਇਸ ਕੁੜੀ ਨਾਲ਼ ਕੁਕਰਮ ਕੀਤਾ ਸੀ। ਪੁਲਸ ਨੂੰ ਬਾਬੇ ਦੇ ਆਸ਼ਰਮ ਅੱਗੇ ਇਕੱਠੇ ਹੋ ਕੇ, ਉਸ ਦੇ ਹੱਕ ਵਿਚ ਨਾਅਰੇ ਲਾਉਂਦੇ, ਉਸ ਦੇ ਸ਼ਰਧਾਲੂਆਂ ਨਾਲ਼ ਸਿੱਝਣ ਵਿਚ ਵੀ ਕਾਫੀ ਔਖਿਆਈ ਹੋਈ।
ਜਿਨ੍ਹਾਂ ਭੱਦਰ ਪੁਰਸ਼ਾਂ ਨਾਲ਼ ਇਸ ਬਾਬੇ ਦੀਆਂ ਤਸਵੀਰਾਂ ਇੱਥੇ ਛਾਪੀਆਂ ਗਈਆਂ ਹਨ, ਕੀ ਉਨ੍ਹਾਂ ਨੂੰ 'ਬਾਬਾ ਜੀ' ਦੀ ਇਸ ਕਰਤੂਤ ਬਾਰੇ ਸੁਣ ਕੇ ਥੋੜ੍ਹੀ ਜਿਹੀ ਵੀ ਸ਼ਰਮ ਆਈ ਹੈ ਕਿ ਨਹੀਂ? ਮੈਨੂੰ ਤਾਂ ਲੱਗਦਾ ਹੈ ਕਿ ਜਿਸ ਤੇਜ਼ੀ ਨਾਲ਼ ਇਨ੍ਹਾਂ ਮਹਾਰਾਜਾਂ ਦਾ ਹੀਜ-ਪਿਆਜ਼ ਨੰਗਾ ਹੋ ਰਿਹਾ ਹੈ, ਉਸ ਨਾਲ਼, ਕੱਲ-ਪਰਸੋਂ ਜਨਮ ਲੈਣ ਵਾਲ਼ੇ ਬੱਚੇ ਆਪਣੀਆਂ ਮਾਵਾਂ ਨੂੰ ਇਹ ਕਹਿੰਦੇ ਸੁਣੇ ਜਾ ਸਕਣਗੇ: "ਬੇਬੇ, ਦੇਖੀਂ ਕਿਤੇ ਮੈਨੂੰ ਸੰਤ ਬਣਾਉਣ ਨਾ ਤੁਰ ਪਈਂ!"#
