ਸ਼ਬਦੰਗਲ-26


ਭੁੱਖੇ ਢਿੱਡ ਨਾ ਹਾਕ ਵੀ ਵੱਜਦੀ, ਰੱਜਿਆ ਹੀ ਡਾਹੇ ਢੁੱਚਰਾਂ
 ********************************************* 
'ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ' ਅਤੇ 'ਜਿਸ ਦੀ ਕੋਠੀ ਦਾਣੇ, ਉਸ ਦੇ ਕਮਲ਼ੇ ਵੀ ਸਿਆਣੇ'। ਦੋ ਵੱਖ-ਵੱਖ ਵਰਗਾਂ ਦੀ ਨੁਮਾਇੰਦਗ਼ੀ ਕਰਦੀਆਂ ਇਨ੍ਹਾਂ ਦੋ ਅਖਾਣਾਂ ਵਿਚਾਲ਼ੇ ਵੀ ਬਹੁਤ ਗੂੜ੍ਹੀ ਤੇ ਨੇੜਲੀ ਸਾਂਝ ਹੈ ਤੇ ਉਹ ਸਾਂਝ ਹੈ 'ਭੁੱਖ' ਦੀ। ਇਨ੍ਹਾਂ ਦੋਹਾਂ ਅਖਾਣਾਂ ਦੀ ਜਨਣੀ ਯਾਨੀ ਜਨਮ ਦਾਤੀ ਹੈ 'ਭੁੱਖ'! ਕਹਿੰਦੇ ਨੇ ਭੁੱਖ ਵੀ ਦੋ ਕਿਸਮਾਂ ਦੀ ਹੁੰਦੀ ਹੈ। ਇਕ ਭੁੱਖ ਹੈ ਪੇਟ ਦੀ, ਦੂਜੀ ਭੁੱਖ ਹੈ ਪੇਟ ਤੋਂ ਹੇਠ ਦੀ। ਕਹਿਣ ਦੀ ਇਜਾਜ਼ਤ ਹੋਵੇ ਤਾਂ ਦੱਸ ਦਿਆਂ ਕਿ ਇਕ ਤੀਜੀ ਕਿਸਮ ਦੀ ਭੁੱਖ ਵੀ ਹੈ, ਜੋ ਪਹਿਲਾਂ ਦੱਸੀਆਂ ਦੋਵੇਂ ਭੁੱਖਾਂ ਮਿਟ ਜਾਣ ਮਗਰੋਂ ਲੱਗਦੀ ਹੈ ਤੇ ਲੱਗਦੀ ਵੀ ਨਾ ਪੇਟ ਨੂੰ ਹੈ, ਨਾ ਪੇਟ ਦੇ ਹੇਠ ਨੂੰ ਹੈ। ਇਹ ਲੱਗਦੀ ਹੈ ਸਿਰ ਨੂੰ ਤੇ ਉਹ ਵੀ ਉਦੋਂ, ਜਦੋਂ ਪੇਟ ਦੀ ਅਤੇ ਉਸ ਦੇ ਹੇਠ ਦੀ ਭੁੱਖ ਮਾਰਨ ਦਾ ਬਹੁਤ ਹੀ ਪੱਕਾ ਪ੍ਰਬੰਧ ਹੋ ਚੁੱਕਾ ਹੋਵੇ। ਸ਼ਾਇਦ ਪੇਟ ਦੀ ਤੇ ਉਸ ਤੋਂ ਹੇਠ ਦੀ ਭੁੱਖ ਇੰਨੀ ਖ਼ਤਰਨਾਕ ਨਹੀਂ ਹੁੰਦੀ! ਸਿਰ ਨੂੰ ਲੱਗੀ ਭੁੱਖ ਅਸਲ ਵਿਚ ਮਨੁੱਖ ਦੀ ਨੀਅਤ ਨੂੰ ਲੱਗਦੀ ਹੈ, ਜਿਸ ਕਰ ਕੇ ਇਹ ਬਹੁਤ ਹੀ ਖ਼ਤਰਨਾਕ ਹੁੰਦੀ ਹੈ। ਇਹ ਵੀ ਸਿਆਣਿਆਂ ਦਾ ਹੀ ਕਹਿਣ ਹੈ ਕਿ ਪੇਟ ਦੀ ਭੁੱਖ ਤਾਂ ਮਿਟ ਜਾਂਦੀ ਹੈ, ਨੀਅਤ ਦੀ ਭੁੱਖ ਨਹੀਂ ਮਿਟਦੀ। ਅਰਦਾਸ ਹੈ ਕਿ ਕਿਸੇ ਦੇ ਸਿਰ 'ਤੇ ਭੁੱਖ ਸਵਾਰ ਨਾ ਹੋਵੇ ਤੇ ਭੁੱਖ ਨਾਲ਼ ਕਿਸੇ ਦੀ ਨੀਅਤ ਖੁਆਰ ਨਾ ਹੋਵੇ।
ਮੇਰੀ ਪਾਠਕਾਂ ਵਾਲ਼ੀ ਸਰਕਾਰ ਸੋਚਣ ਲੱਗ ਪਈ ਹੋਣੀ ਹੈ ਕਿ ਉਨ੍ਹਾਂ ਦੇ ਕਾਲਮਨਵੀਸ ਨੇ ਇਹ ਕੀ 'ਭੁੱਖਨਾਮਾ' ਜਿਹਾ ਸ਼ੁਰੂ ਕਰ ਲਿਆ!
ਚਲੋ, ਗੱਲ ਬਦਲ ਲੈਂਦੇ ਹਾਂ। ਜਦੋਂ ਸਾਡਾ ਦੇਸ਼, ਜਿਸ ਨੂੰ ਅਸੀਂ ਉਹ ਪਿਆਰ ਕਰਦੇ ਹਾਂ, ਜਿਸ ਨੂੰ 'ਦੇਸ਼-ਪਿਆਰ' ਕਿਹਾ ਜਾਂਦਾ ਹੈ, ਸਾਨੂੰ ਪਿਆਰ ਕਰਨੋਂ ਹਟ ਗਿਆ ਲੱਗਣ ਲੱਗਦਾ ਹੈ ਅਤੇ ਇਹ ਵੀ ਲੱਗਦਾ ਹੈ ਕਿ ਇਸ ਦੇਸ਼ ਨੂੰ ਹੁਣ ਸਾਡੀ ਲੋੜ ਨਹੀਂ ਰਹੀ ਤਾਂ ਇਸ ਦਾ ਸਿੱਧਾ ਹੀ ਇਹ ਮਤਲਬ ਹੁੰਦਾ ਹੈ ਕਿ ਚਲੋ, ਆਪਣੀਆਂ ਮੁਢਲੀਆਂ ਭੁੱਖਾਂ ਮਾਰਨ ਦਾ ਪ੍ਰਬੰਧ ਕਰਨ ਲਈ 'ਆਪਣੇ ਦੇਸ਼' ਵਿਚੋਂ ਬਾਹਰ ਨਿੱਕਲੀਏ, ਉਸ ਦੇਸ਼ ਨੂੰ ਛੱਡ ਦੇਈਏ, ਜਿਸ ਨੇ ਸਾਨੂੰ ਵੋਟ ਹਾਸਲ ਕਰਨ ਮਗਰੋਂ ਵਾਧੂ ਹੀ ਸਮਝ ਲਿਆ ਹੈ। ਦੇਸ਼ ਵਿਚੋਂ ਨਿੱਕਲ ਕੇ ਜਦੋਂ ਸਾਨੂੰ ਸਾਫ-ਸੁਥਰੀ ਹਵਾ ਦਾ ਪਹਿਲਾ ਬੁੱਲਾ ਮਿਲਦਾ ਹੈ, ਸਾਫ-ਸੁਥਰੀ ਫ਼ਿਜ਼ਾ ਵਿਚ, ਆਪਣੇ ਮੁਲਕ ਵਿਚ ਤਰਸ-ਤਰਸ ਕੇ ਮਿਲਦੀ ਦਿਹਾੜੀ ਤੋਂ ਕਈ ਗੁਣਾ ਵੱਧ ਦਿਹਾੜੀ 'ਤੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ, ਜਦੋਂ ਜੇਬ ਵਿਚ ਪਲਾਸਟਿਕ ਦੇ ਕਰਾਰੇ ਜਿਹੇ ਨੋਟਾਂ ਦੀ 'ਕਰਰਰ...ਕਰਰਰ' ਅਤੇ ਭਾਰੇ-ਭਾਰੇ ਡਾਲਰਾਂ ਦੀ 'ਛਣਨ...ਛਣਨ' ਸੁਣਾਈ ਦੇਣ ਲੱਗਦੀ ਹੈ ਤਾਂ ਪੇਟ ਦੀ ਭੁੱਖ ਅਤੇ ਪੇਟ ਤੋਂ ਹੇਠ ਦੀ ਭੁੱਖ ਦਾ ਤਾਂ ਭੋਗ ਹੀ ਪੈ ਜਾਂਦਾ ਹੈ। ਫਿਰ ਲੱਗਦੀ ਹੈ ਸਿਰ ਨੂੰ ਭੁੱਖ ਯਾਨੀ ਨੀਅਤ ਨੂੰ ਭੁੱਖ!
ਥੋੜ੍ਹਾ ਜਿਹਾ ਚਾਨਣ ਇਸ ਭੁੱਖ 'ਤੇ ਵੀ ਪਾਇਆ ਜਾਣਾ ਬਣਦਾ ਹੈ। ਬੰਦੇ ਨੂੰ ਪਹਿਲਾਂ ਦੱਸੀਆਂ ਦੋ ਭੁੱਖਾਂ ਮਾਰ ਕੇ ਮਾੜੀ ਜਿਹੀ ਸੁਰਤ ਆਉਣ ਦੇ ਨਾਲ਼ ਹੀ ਇਹ ਖ਼ਿਆਲ ਵੀ ਆ ਜਾਂਦਾ ਹੈ: "ਹੁਣ ਜਦੋਂ ਜੇਬਾਂ ਵਿਚ 'ਕਰਰ...ਕਰਰ' ਵੀ ਪੂਰੀ ਹੁੰਦੀ ਹੈ ਤੇ 'ਛਣਨ...ਛਣਨ' ਵੀ ਘੱਟ ਨਹੀਂ ਹੁੰਦੀ ਹੈ, ਆਪਣੀ ਮਾੜੀ-ਮੋਟੀ ਪੁੱਛ-ਪ੍ਰਤੀਤ ਵੀ ਹੋਣੀ ਬਣਦੀ ਹੈ। ਆਪਣਾ ਸਰਕਾਰੇ-ਦਰਬਾਰੇ ਵੀ ਮਾੜਾ-ਮੋਟਾ ਦਖ਼ਲ ਹੋਣਾ ਬਣਦਾ ਹੈ। ਐੱਨੇ ਰੇੜੂਏ ਵੱਜਦੇ ਆ, ਐੱਨੇ ਟੀਵੀ ਚੈਨਲ ਖ਼ਬਰਾਂ ਸੁੱਟੀ ਜਾਂਦੇ ਆ, ਐੱਨੀਆਂ ਅਖ਼ਬਾਰਾਂ ਛਪੀ ਜਾਂਦੀਆਂ ਆ, ਆਪਣਾ ਕਿਤੇ ਨਾਂ-ਭੋਗ ਹੀ ਨਹੀਂ!" 
ਫੇਰ ਇਸ ਭੁੱਖ ਦੀ ਪੂਰਤੀ ਕਰਾਉਣ ਖ਼ਾਤਰ, ਇਨ੍ਹਾਂ ਪ੍ਰਸਾਰਣ ਸਾਧਨਾਂ ਦੇ ਕਰਤਿਆਂ-ਧਰਤਿਆਂ ਨਾਲ਼ ਸਾਂਝਾਂ ਪਾਉਣ ਲਈ ਡੋਰਾਂ ਵਧਾਈਆਂ ਜਾਂਦੀਆਂ ਹਨ। ਕਿੰਨੇ-ਕਿੰਨੇ ਡਾਲਰ ਜੇਬਾਂ ਬਦਲ ਜਾਂਦੇ ਹਨ ਤਾਂ ਜਾ ਕੇ ਕਿਤੇ ਇਸ ਤੀਜੀ ਭੁੱਖ ਦੀ ਪੂਰਤੀ ਦੇ ਢੰਗ-ਢਕੋਰੇ ਲੱਭਦੇ ਹਨ। ਜਿਹੋ ਜਿਹਾ ਮਸਾਲਾ, ਉਹੋ ਜਿਹਾ ਉਸ ਦਾ ਸੁਆਦ ਅਤੇ ਤਾਸੀਰ! ਜਿੰਨੀ-ਜਿੰਨੀ ਇਹ ਭੁੱਖ ਤੇਜ਼ ਅਤੇ ਤੀਬਰ ਹੁੰਦੀ ਹੈ, ਉਸ ਦੀ ਪੂਰਤੀ ਦਾ ਸਾਧਨ ਵੀ ਉੱਨਾ ਹੀ ਮਹਿੰਗਾ ਮਿਲਦਾ ਹੈ। ਇਹੋ ਜਿਹੀ ਭੁੱਖ ਦੇ ਸ਼ਿਕਾਰ ਲੋਕ, ਲੋਕਾਈ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲੋਕਾਂ ਵੱਲੋਂ ਬੋਲੇ ਹੋਏ ਚੰਗੇ ਤੋਂ ਚੰਗੇ ਸ਼ਬਦਾਂ ਦੇ ਵੀ ਮੰਦੇ ਤੋਂ ਮੰਦੇ ਅਰਥ ਕੱਢਦੇ ਹਨ।
ਅਸਲ ਵਿਚ, ਮੋਹ ਅਧੀਨ ਬੋਲੇ ਜਾਂਦੇ ਖ਼ਰਵੇਂ ਸ਼ਬਦ ਵੀ ਨਜ਼ਰਅੰਦਾਜ਼ ਕੀਤੇ ਜਾ ਸਕਦੇ ਹਨ, ਬਸ਼ਰਤਿ ਕਿ ਉਨ੍ਹਾਂ ਦੇ ਅਰਥ ਅਤੇ ਭਾਵਨਾ ਸਹੀ ਹੋਵੇ। ਮਿਸਾਲ ਦੇ ਤੌਰ 'ਤੇ ਜੇ ਕੋਈ ਅੱਕੀ ਹੋਈ ਮਾਂ ਆਪਣੇ ਬੱਚੇ ਨੂੰ 'ਮਰ ਜਾਣਿਆ', 'ਨਾ ਰਹਿਣਿਆ' ਕਹਿ ਦਿੰਦੀ ਹੈ ਜਾਂ ਕੋਈ ਹੋਰ ਬੋਲ-ਕਬੋਲ ਕਰ ਜਾਂਦੀ ਹੈ ਤਾਂ ਇਸ ਦਾ ਇਹ ਅਰਥ ਮੂਲ਼ੋਂ ਨਹੀਂ ਬਣਦਾ ਕਿ ਉਹ ਆਪਣੇ ਬੱਚੇ ਨੂੰ ਪਿਆਰ ਨਹੀਂ ਕਰਦੀ ਜਾਂ ਆਪਣੇ ਬੱਚੇ ਨੂੰ ਜੀਉਂਦਾ ਨਹੀਂ ਦੇਖਣਾ ਚਾਹੁੰਦੀ। ਇਹ ਇਕ ਮਿਸਾਲ ਹੈ ਤੇ ਇਹੋ ਜਿਹੀਆਂ ਸੈਂਕੜੇ ਮਿਸਾਲਾਂ ਅਸੀਂ ਆਪਣੀ ਜ਼ਿੰਦਗ਼ੀ ਵਿਚ ਨਿੱਤ ਸਾਹਮਣੇ ਆਉਂਦੀਆਂ ਦੇਖ ਸਕਦੇ ਹਾਂ।
ਹੁਣ ਜ਼ਿਕਰ ਕਰਦੇ ਹਾਂ ਉਨ੍ਹਾਂ ਬੋਲਾਂ ਦਾ, ਜੋ ਇਹ ਸਤਰਾਂ ਲਿਖਣ ਦੀ ਵਜ੍ਹਾ ਬਣੇ ਹਨ। ਪਿਛਲੇ ਦਿਨੀਂ ਦੀਵਾਲੀ ਦੇ ਮੌਕੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਰਹਿੰਦੇ ਭਾਰਤੀਆਂ ਨੂੰ 'ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ' ਦਿੰਦਿਆਂ 'ਟਵਿੱਟਰ' ਰਾਹੀਂ ਦਿੱਤੇ ਆਪਣੇ ਸੁਨੇਹੇ ਵਿਚ 'ਦੀਵਾਲੀ ਮੁਬਾਰਕ' ਲਿਖ ਦਿੱਤਾ ਤਾਂ ਉੱਪਰ ਦੱਸੀ ਤੀਜੀ ਭੁੱਖ ਦੇ ਸ਼ਿਕਾਰ ਲੋਕਾਂ ਨੇ ਚਰਚਾ ਵਿਚ ਰਹਿਣ ਦਾ ਜੁਗਾੜ ਕਰਦਿਆਂ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਗਈਆਂ 'ਸ਼ੁੱਭ ਇੱਛਾਵਾਂ' ਨੂੰ 'ਅਸ਼ੁੱਭ ਇੱਛਾਵਾਂ' ਬਣਾ ਸੁੱਟਿਆ। ਇਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਵੱਲੋਂ ਜ਼ਾਹਰ ਕੀਤੀ ਇਕ ਚੰਗੀ ਭਾਵਨਾ ਦਾ ਜਲੂਸ ਕੱਢਣ ਦਾ ਹੀਲਾ ਕਰਦਿਆਂ ਇਹ ਕਿਹਾ ਕਿ ਸ਼ਬਦ 'ਮੁਬਾਰਕ' ਇਕ ਖ਼ਾਸ ਫ਼ਿਰਕੇ ਵਾਲਿਆਂ ਨੂੰ 'ਹਜ਼ਮ' ਨਹੀਂ ਹੁੰਦਾ ਕਿਉਂ ਕਿ ਇਹ ਸ਼ਬਦ ਅਰਬੀ ਭਾਸ਼ਾ ਦਾ ਹੈ ਅਤੇ ਮੁਸਲਮਾਨਾਂ ਵੱਲੋਂ ਵਰਤਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਵੱਲੋਂ 'ਟਵਿੱਟਰ' ਰਾਹੀਂ ਅੰਗਰੇਜ਼ੀ ਵਿਚ ਦਿੱਤੇ ਹੋਏ ਆਪਣੇ ਸੁਨੇਹੇ ਵਿਚ ਵਿਚ ਕੁੱਝ ਇਸ ਤਰ੍ਹਾਂ ਕਿਹਾ ਹੋਇਆ ਹੈ, " 'ਦੀਵਾਲੀ ਮੁਬਾਰਕ!' ਅਸੀਂ ਅੱਜ ਰਾਤੀਂ ਔਟਵਾ ਵਿਚ ਦੀਵਾਲੀ ਮਨਾ ਰਹੇ ਹਾਂ।#ਹੈਪੀ ਦੀਵਾਲੀ!" ਇਸ ਸੁਨੇਹੇ ਦੇ ਨਾਲ਼ ਹੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸ਼ੇਰਵਾਨੀ ਪਾ ਕੇ, ਇਕ ਮੋਮਬੱਤੀ ਜਗਾਉਣ ਦੀ ਇਕ ਤਸਵੀਰ ਵੀ ਨਸ਼ਰ ਕੀਤੀ ਗਈ ਸੀ। ਇਹ ਸੁਨੇਹਾ ਨਸ਼ਰ ਹੋਣ ਦੀ ਦੇਰ ਸੀ ਕਿ ਭਾਰਤੀਆਂ ਵਿਚੋਂ ਤੀਜੀ ਭੁੱਖ ਦੇ ਸ਼ਿਕਾਰ ਲੋਕਾਂ ਨੇ 'ਸਰ੍ਹੋਂ ਦੇ ਦਾਣੇ ਦਾ ਪਹਾੜ' ਅਤੇ 'ਖੰਭਾਂ ਦੀਆਂ ਡਾਰਾਂ' ਬਣਾਉਂਦਿਆਂ ਸ਼ਬਦਾਂ ਨੂੰ ਅਹਿਮੀਅਤ ਦੇ ਦਿੱਤੀ ਅਤੇ ਉਨ੍ਹਾਂ ਸ਼ਬਦਾਂ ਦੇ ਅਰਥ, ਛੱਜ ਵਿਚ ਪਾ ਕੇ ਛੱਟ ਦਿੱਤੇ। ਇਨ੍ਹਾਂ ਲੋਕਾਂ ਵੱਲੋਂ ਕੀਤਾ ਗਿਆ ਮੁੱਖ ਇਤਰਾਜ਼ ਇਹੋ ਸੀ ਕਿ 'ਮੁਬਾਰਕ' ਸ਼ਬਦ ਮੁਸਲਮਾਨਾਂ ਦਾ ਹੈ ਤੇ ਇਹ ਅਰਬੀ ਭਾਸ਼ਾ ਦਾ ਹੈ। ਇਸ ਨਾਲ਼ ਹਿੰਦੂਆਂ ਦਾ ਕੋਈ ਲੈਣ-ਦੇਣ ਨਹੀਂ ਹੈ। 'ਸੀਟੀਵੀ ਨਿਊਜ਼' ਵੱਲੋਂ ਇਸ ਸਬੰਧ ਵਿਚ ਜਾਰੀ ਕੀਤੀ ਗਈ ਖ਼ਬਰ ਅਨੁਸਾਰ, 'ਦ ਚੱਕਰਾ' ਨਾਂ ਦੇ ਇਕ ਅਦਾਰੇ ਨੇ ਆਪਣੇ 'ਟਵੀਟ' ਵਿਚ ਏਦਾਂ ਕਿਹਾ ਹੋਇਆ ਹੈ, "ਸਾਡੀ ਕੈਨੇਡੀਅਨ ਟੀਮ ਦੇ ਬਹੁਤ ਸਾਰੇ ਮੈਂਬਰਾਂ ਨੂੰ ਤੁਹਾਡੀ (ਜਸਟਿਨ ਟਰੂਡੋ ਦੀ) ਭਾਸ਼ਾ ਤੋਂ ਬਹੁਤ ਨਿਰਾਸ਼ਾ ਹੋਈ ਹੈ। ਭਾਵੇਂ ਕਿਸੇ ਵੀ ਰੂਪ ਵਿਚ ਸ਼ੁਭ ਕਾਮਨਾਵਾਂ ਦੇਣ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਤੁਹਾਨੂੰ ਸ਼ਬਦਾਂ ਦੀ ਚੋਣ ਕਰਨ ਲਈ ਹੋਰ ਖੋਜ ਕਰ ਲੈਣੀ ਚਾਹੀਦੀ ਸੀ। ਅਸੀਂ ਸ਼ੁੱਭ ਇੱਛਾਵਾਂ ਦਿੰਦਿਆਂ 'ਮੁਬਾਰਕ' ਸ਼ਬਦ ਦੀ ਵਰਤੋਂ ਨਹੀਂ ਕਰਦੇ।" 
'ਫੇਲੀਸ਼ੀਆ' ਨਾਂ ਦੀ ਇਕ ਬੀਬੀ ਨੇ ਆਪਣੇ 'ਟਵੀਟ' ਵਿਚ ਏਦਾਂ ਕਿਹਾ ਹੋਇਆ ਹੈ, " 'ਮੁਬਾਰਕ' ਸ਼ਬਦ ਹਿੰਦੂਆਂ ਲਈ ਢੱਕਵਾਂ ਨਹੀਂ ਹੈ।" 
'ਸ਼ੰਕਰਾ' ਨਾਂ ਦੇ ਇਕ ਸੱਜਣ ਨੇ ਏਦਾਂ ਕਿਹਾ ਹੋਇਆ ਹੈ, "ਅਸੀਂ ਅਰਬੀ ਲੋਕ ਨਹੀਂ ਹਾਂ। ਤੁਹਾਡਾ ਸ਼ੁਕਰੀਆ ਸ਼੍ਰੀਮਾਨ ਜੀ, ਪਰ 'ਦੀਵਾਲੀ ਮੁਬਾਰਕ' ਸਹੀ ਨਹੀਂ ਹੈ....ਸ਼ੁੱਭ ਇਛਾਵਾਂ ਦੇਣ ਦਾ ਇਹ ਢੰਗ ਗ਼ਲਤ ਹੈ।"
ਕੁੱਝ ਲੋਕਾਂ ਨੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦਾ ਬਚਾਅ ਵੀ ਕੀਤਾ ਤੇ ਕਿਹਾ ਕਿ ਭਾਰਤ ਦੇ ਕੁੱਝ ਹਿੱਸਿਆਂ ਵਿਚ ਅਰਬੀ ਤੇ ਉਰਦੂ ਬੋਲਣ ਵਾਲ਼ੇ ਲੋਕ ਵੀ ਰਹਿੰਦੇ ਹਨ ਤੇ ਉੱਥੇ 'ਦੀਵਾਲੀ ਮੁਬਾਰਕ' ਆਮ ਕਿਹਾ ਜਾਂਦਾ ਹੈ। ਭਾਰਤ ਵਿਚ 'ਮੁਬਾਰਕ' ਦਾ ਅਰਥ 'ਸ਼ੁੱਭ' ਹੀ ਸਮਝਿਆ ਜਾਂਦਾ ਹੈ ਅਤੇ 'ਸ਼ੁੱਭ' ਦਾ ਮਤਲਬ 'ਚੰਗਾ' ਅਤੇ 'ਸ਼ਗਨਾਂ ਭਰਿਆ' ਹੀ ਹੈ।
ਇਸ ਦੌਰਾਨ, ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਪਿਛਲੇ ਸਮਿਆਂ ਦੌਰਾਨ ਹੋਰ ਬਹੁਤ ਸਾਰੇ ਸਿਆਸਤਦਾਨਾਂ ਨੇ ਏਦਾਂ ਹੀ ਸ਼ੁੱਭ ਇੱਛਾਵਾਂ ਦਿੱਤੀਆਂ ਹੋਈਆਂ ਹਨ। ਸ਼੍ਰੀ ਟਰੂਡੋ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਵਾਲ਼ੇ ਪਹਿਲੇ ਵਿਅਕਤੀ ਨਹੀਂ ਹਨ। ੨੦੧੩ ਵਿਚ ਤਤਕਾਲੀ ਮੈਂਬਰ ਪਾਰਲੀਮੈਂਟ ਅਤੇ ਰਾਸ਼ਟਰੀ ਰੱਖਿਆ ਮੰਤਰੀ ਜੇਸਨ ਕੈਨੀ ਨੇ ਫਰਾਂਸੀਸੀ ਭਾਸ਼ਾ ਵਿਚ ਇਹੋ ਸੁਨੇਹਾ 'ਟਵੀਟ' ਕੀਤਾ ਸੀ। ੨੦੧੫ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ 'ਗੁਜਰਾਤ-ਸਾਲ ਮੁਬਾਰਕ' ਕਿਹਾ ਸੀ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਟਰੂਡੋ ਨੇ ੧੯ ਅਕਤੂਬਰ ਦੇ ਦਿਨ ਸਵੇਰੇ, ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭ ਇੱਛਾਵਾਂ ਦੇਣ ਲਈ ਆਪਣਾ ਇਕ ਵਿਡੀਓ 'ਟਵੀਟ' ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ 'ਦੀਵਾਲੀ ਮੁਬਾਰਕ' ਸ਼ਬਦ ਦੁਹਰਾਉਣ ਤੋਂ ਗੁਰੇਜ਼ ਕੀਤਾ ਹੋਇਆ ਸੀ। ਇਸ ਵਿਡੀਓ ਵਿਚ ਉਨ੍ਹਾਂ ਨੇ ਏਦਾਂ ਕਿਹਾ ਹੋਇਆ ਹੈ, "ਸੋਫੀ ਤੇ ਮੈਂ ਚਾਹੁੰਦੇ ਹਾਂ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾ ਰਹੇ ਲੋਕ ਖ਼ੁਸ਼ੀਆਂ ਤੇ ਖੇੜੇ ਮਾਨਣ।"
ਗੱਲ ਕਿਤੇ ਤਾਂ ਮੁਕਾਉਣੀ ਹੀ ਪਊ! ਜਿਨ੍ਹਾਂ ਨੂੰ 'ਮੁਬਾਰਕ' ਸ਼ਬਦ ਵਿਚ ਕੀੜੇ ਪਏ ਦਿਸਦੇ ਹਨ, ਉਨ੍ਹਾਂ ਨੂੰ ਹਰ ਰੋਜ਼ 'ਆਈ ਲਵ ਯੂ' ਕਹਿਣਾ ਕਿਉਂ ਚੰਗਾ ਲੱਗਦਾ ਏ? ਇਹ ਸ਼ਬਦ ਵੀ ਕਿਸੇ ਭਾਰਤੀ ਧਰਮ ਨਾਲ਼ ਸਬੰਧਤ ਨਹੀਂ ਹਨ। ਜਿਨ੍ਹਾਂ ਨੂੰ 'ਮੁਬਾਰਕ' ਚੁੱਭਦਾ ਹੈ, ਉਨ੍ਹਾਂ ਆਪਣੇ ਬੱਚਿਆਂ ਵੱਲੋਂ 'ਮੰਮੀ', 'ਮੌਮ' ਜਾਂ 'ਮਾਅਮਾ' ਕਹਾਉਣ 'ਤੇ ਚਾਅ ਕਿਉਂ ਚੜ੍ਹਦਾ ਹੈ? ਜੇ ਸ਼ਬਦ ਹੀ ਸਭ ਕੁੱਝ ਤੈਅ ਕਰਦੇ ਹਨ ਤਾਂ ਗੁੰਗੇ ਲੋਕ ਆਪਣੇ ਪਿਆਰ, ਸ਼ਰਧਾ ਅਤੇ ਅਕੀਦੇ ਦਾ ਇਜ਼ਹਾਰ ਕਿਸ ਤਰ੍ਹਾਂ ਕਰਦੇ ਹਨ? ਇਸ ਤਰ੍ਹਾਂ ਦਾ ਤੰਗਦਿਲੀ ਭਰਿਆ ਭਾਸ਼ਾਵਾਦ ਤੀਜੀ ਭੁੱਖ ਵਾਲ਼ਿਆਂ ਨੂੰ ਹੀ ਮੁਬਾਰਕ, ਅਸੀਂ ਤਾਂ ਜਸਟਿਨ ਟਰੂਡੋ ਦੀ ਇਸ 'ਮੁਬਾਰਕ' ਦਾ ਜੁਆਬ 'ਖ਼ੈਰ ਮੁਬਾਰਕ' ਕਹਿ ਕੇ ਦਿੰਦੇ ਹਾਂ ਕਿਉਂ ਕਿ ਸਾਡੇ ਢਿੱਡ ਨੂੰ ਭੁੱਖ ਲੱਗਦੀ ਹੈ, ਪਰ ਸਾਡੀ ਨੀਅਤ ਭੁੱਖੀ ਨਹੀਂ ਹੈ।#